ਚੰਡੀਗੜ੍ਹ: ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦਾ ਸਫਾਇਆ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਆਪਸੀ ਕਲੇਸ਼ ਵਿਚ ਉਲਝ ਗਈ ਹੈ। ਸੂਬੇ ਵਿਚ ਪਾਰਟੀ ਦੇ ਸੀਨੀਅਰ ਆਗੂ ਇਕ-ਦੂਜੇ ਨੂੰ ਠਿੱਬੀ ਲਾਉਣ ਵਿਚ ਰੁਝੇ ਹੋਏ ਹਨ। ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਦੇ ਮਾਮਲੇ ‘ਤੇ ਹਾਈਕਮਾਨ ਅਤੇ ਪੰਜਾਬ ਦੇ ਸੀਨੀਅਰ ਆਗੂਆਂ ਦਾ ਇਕ ਦਲ ਆਹਮੋ-ਸਾਹਮਣੇ ਆ ਗਿਆ ਹੈ।
ਹਾਈਕਮਾਨ ਨੇ ਜਿਥੇ ਸ਼ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਤੋਂ ਇਨਕਾਰ ਕੀਤਾ ਹੈ, ਉਥੇ ਪੰਜਾਬ ਇਕਾਈ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾæ ਦਲਜੀਤ ਸਿੰਘ ਨੇ ਕਿਹਾ ਹੈ ਕਿ ਛੋਟੇਪੁਰ ਨੂੰ ਹਟਾਉਣਾ ਹੁਣ ਤਕਰੀਬਨ ਤੈਅ ਹੈ।
ਡਾæ ਦਲਜੀਤ ਸਿੰਘ ਨੇ ਹਾਈਕਮਾਨ ਨੂੰ ਵੰਗਾਰਿਆ ਹੈ ਕਿ ਪਾਰਟੀ ਸੰਵਿਧਾਨ ਤਹਿਤ ਹਾਈਕਮਾਨ ਨੂੰ ਪੰਜਾਬ ਕਾਰਜਕਾਰਨੀ ਦਾ ਫੈਸਲਾ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਧਰ ਪਾਰਟੀ ਦੇ ਕੌਮੀ ਬੁਲਾਰੇ ਤੇ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਨੇ ਡਾæ ਦਲਜੀਤ ਸਿੰਘ ਨੂੰ ਅਜਿਹੀ ਕਾਰਵਾਈ ਦਾ ਕੋਈ ਹੱਕ ਨਾ ਹੋਣ ਦਾ ਦਾਅਵਾ ਕਰਦੇ ਹੋਏ ਅਨੁਸ਼ਾਸਨੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਇਸੇ ਦੌਰਾਨ ਡਾæ ਦਲਜੀਤ ਸਿੰਘ ਨੇ ਆਪਣੇ ਸਟੈਂਡ ਉਪਰ ਕਾਇਮ ਰਹਿੰਦਿਆਂ ਕਿਹਾ ਹੈ ਕਿ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੇ ਅੱਠ ਵਿਚੋਂ ਉਨ੍ਹਾਂ ਸਮੇਤ ਪੰਜ ਮੈਂਬਰਾਂ- ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ, ਪ੍ਰੋਫੈਸਰ ਸਾਧੂ ਸਿੰਘ, ਭਗਵੰਤ ਮਾਨ ਤੇ ਯਾਮਨੀ ਗੋਮਰ ਨੇ ਸ਼ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਹੁਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ ਛੋਟੇਪੁਰ ਨੂੰ ਅਹੁਦੇ ਤੋਂ ਖਾਰਜ ਕਰ ਕੇ ਹਾਈਕਮਾਨ ਨੂੰ ਮਹਿਜ਼ ਸੂਚਿਤ ਹੀ ਕੀਤਾ ਗਿਆ ਹੈ, ਨਾ ਕਿ ਅਗਲੀ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਫੈਸਲਾ 9 ਮਈ ਨੂੰ ਦਿੱਲੀ ਵਿਖੇ ਮੀਟਿੰਗ ਕਰ ਕੇ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਵਿਧਾਨਕ ਤੌਰ ਉਤੇ ਸ਼ ਛੋਟੇਪੁਰ ਨੂੰ ਅਹੁਦੇ ਤੋਂ ਲਾਹੁਣ ਦਾ ਕਾਰਜਕਾਰਨੀ ਕਮੇਟੀ ਨੂੰ ਪੂਰਨ ਅਧਿਕਾਰ ਹੈ। ਡਾæ ਦਲਜੀਤ ਸਿੰਘ ਨੇ ਦੁਹਰਾਇਆ ਕਿ ਹਾਈਕਮਾਨ ਨੂੰ ਪੰਜਾਬ ਕਾਰਜਕਾਰਨੀ ਦਾ ਫੈਸਲਾ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਫਿਰ ਵੀ ਜੇ ਹਾਈਕਮਾਨ ਸਿੱਧ ਕਰ ਦੇਵੇ ਕਿ ਸੰਵਿਧਾਨ ਮੁਤਾਬਕ ਉਹ ਫੈਸਲਾ ਰੱਦ ਕਰ ਸਕਦੀ ਹੈ, ਤਾਂ ਮੁਆਫ਼ੀ ਮੰਗ ਲਈ ਜਾਵੇਗੀ।
ਦੱਸਣਯੋਗ ਹੈ ਕਿ ‘ਆਪ’ ਦੀ ਕੇਂਦਰੀ ਲੀਡਰਸ਼ਿਪ ਵਿਚ ਪਹਿਲਾਂ ਹੀ ਕਲੇਸ਼ ਛਿੜਿਆ ਹੋਇਆ ਹੈ। ਪਾਰਟੀ ਦੇ ਸੀਨੀਅਰ ਆਗੂਆਂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਆਨੰਦ ਕੁਮਾਰ ਤੇ ਅਜੀਤ ਝਾਅ ਦੀ ਪਾਰਟੀ ਵਿਚੋਂ ਛੁੱਟੀ ਪਿੱਛੋਂ ਇਨ੍ਹਾਂ ‘ਬਾਗੀਆਂ’ ਦੇ ਹਮਾਇਤੀਆਂ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ। ਇਸੇ ਕਾਰਵਾਈ ਤਹਿਤ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾæ ਧਰਮਵੀਰ ਗਾਂਧੀ ਨੂੰ ਪਾਰਟੀ ਦੇ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕਰ ਕੇ ਇਹ ਅਹੁਦਾ ਸੰਗਰੂਰ ਹਲਕੇ ਦੇ ਲੋਕ ਸਭਾ ਮੈਂਬਰ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕੱਟੜ ਵਫਾਦਾਰ ਭਗਵੰਤ ਮਾਨ ਨੂੰ ਦੇ ਦਿੱਤਾ ਸੀ। ਡਾæ ਗਾਂਧੀ ਨੇ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ ਤੇ ਹੋਰਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਵਿਰੋਧ ਕੀਤਾ ਸੀ। ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਬਾਅਦ ਪੰਜਾਬ ਵਿਚ ਮਜ਼ਬੂਤ ਕਰਨ ਵਿਚ ਪਿਛਲੇ ਕਾਫੀ ਸਮੇਂ ਤੋਂ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਪਰ ਸਫਲਤਾ ਨਹੀਂ ਮਿਲ ਰਹੀ।
ਇਸੇ ਕਾਰਨ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉਤੇ ਗਾਜ ਡਿੱਗੀ ਹੈ ਤੇ ਸੂਬੇ ਦੀ ਕਾਰਜਕਾਰਨੀ ਤੋਂ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 6 ਅਪਰੈਲ ਨੂੰ ਮੁਹਾਲੀ ਵਿਚ ਪੰਜਾਬ ਇਕਾਈ ਦੀ ਬੈਠਕ ਜਿਸ ਵਿਚ ਸੰਜੇ ਸਿੰਘ ਵੀ ਮੌਜੂਦ ਸਨ, ਵਿਚ ਵੀ ਪਾਰਟੀ ਦੀ ਬੁਰੀ ਹਾਲਤ ਦੇ ਮੁੱਦੇ ਉਤੇ ਹੰਗਾਮਾ ਹੋਇਆ ਸੀ। ਬੈਠਕ ਵਿਚ ਸ਼ ਛੋਟੇਪੁਰ ਉਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਪਾਰਟੀ ਅੰਦਰ ਗੁੱਟਬਾਜ਼ੀ ਪੈਦਾ ਕਰਨ ਦੇ ਦੋਸ਼ ਲੱਗੇ ਸਨ।
ਉਧਰ, ਸ਼ ਛੋਟੇਪੁਰ ਨੇ ਡਾæ ਦਲਜੀਤ ਸਿੰਘ ਦੇ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਸੰਵਿਧਾਨ ਮੁਤਾਬਕ ਕਾਰਜਕਾਰਨੀ ਦੀਆਂ ਸਾਲ ਵਿਚ ਚਾਰ ਮੀਟਿੰਗਾਂ ਕਰਨੀਆਂ ਲਾਜ਼ਮੀ ਹਨ ਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਦੀ ਮੌਜੂਦਗੀ ਵਿਚ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ 7 ਰਾਜਾਂ ਦੇ ਕਨਵੀਨਰਾਂ ਦੀ ਸੱਦੀ ਮੀਟਿੰਗ ਵਿਚ ਸ਼ਾਮਲ ਸਨ ਤੇ ਉਥੇ ਉਨ੍ਹਾਂ ਨੂੰ ਹਟਾਉਣ ਦਾ ਕੋਈ ਮੁੱਦਾ ਨਹੀਂ ਸੀ।
____________________________________________
ਮਹਿੰਗੀ ਪਵੇਗੀ ਪੰਜਾਬ ਦੀ ਅਣਦੇਖੀ
ਲੋਕ ਸਭਾ ਚੋਣਾਂ ਵਿਚ ਪੰਜਾਬ ਹੀ ਇਕੋ-ਇਕ ਅਜਿਹਾ ਸੂਬਾ ਸੀ ਜਿਥੇ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਮਿਲੀਆਂ ਸਨ ਪਰ ‘ਆਪ’ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਬੁਰੀ ਤਰ੍ਹਾਂ ਆਪਸੀ ਕਲੇਸ਼ ਵਿਚ ਉਲਝ ਗਈ। ਪੰਜਾਬ ਵਿਚ ਪਾਰਟੀ ਦੀ ਅੱਠ ਮੈਂਬਰੀ ਕਾਰਜਕਾਰਨੀ ਕੰਮ ਕਰ ਰਹੀ ਹੈ ਜਦੋਂ ਕਿ ਪਾਰਟੀ ਨਿਯਮਾਂ ਮੁਤਾਬਕ 25 ਮੈਂਬਰ ਹੋਣੇ ਜ਼ਰੂਰੀ ਹਨ। ਪਿਛਲੇ ਇਕ ਸਾਲ ਤੋਂ ਸੂਬੇ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਕੰਮ ਲਟਕਿਆ ਹੋਇਆ ਹੈ। ਸੰਗਰੂਰ ਹਲਕੇ ਵਿਚ ‘ਆਪ’ ਦਾ ਚੰਗਾ ਆਧਾਰ ਹੋਣ ਦੇ ਬਾਵਜੂਦ ਹਾਲ ਹੀ ਵਿਚ ਹੋਈਆਂ ਧੂਰੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਹਿੱਸਾ ਨਾ ਲਿਆ। ਸੂਬੇ ਦੇ ਜ਼ਿਆਦਾਤਰ ਆਗੂ ਆਪਸ ਵਿਚ ਉਲਝੇ ਹੋਏ ਹਨ ਅਤੇ ਪਾਰਟੀ ਔਰਬਿਟ ਬੱਸ ਕਾਂਡ ਕਾਰਨ ਅਕਾਲੀ ਸਰਕਾਰ ਖਿਲਾਫ ਉਠੇ ਲੋਕ ਰੋਹ ਦਾ ਵੀ ਬਹੁਤਾ ਫਾਇਦਾ ਨਾ ਚੁੱਕ ਸਕੀ।