ਕਾਠਮੰਡੂ: ਤਿੰਨ ਹਫਤੇ ਪਹਿਲਾਂ ਭੂਚਾਲ ਨਾਲ ਹੋਈ ਤਬਾਹੀ ਵਿਚੋਂ ਉਭਰ ਰਹੇ ਨੇਪਾਲ ਉਤੇ ਕੁਦਰਤ ਮੁੜ ਕਹਿਰਵਾਨ ਹੋਈ ਹੈ। ਰਿਕਟਰ ਪੈਮਾਨੇ ਉਤੇ 7æ3 ਸ਼ਿੱਦਤ ਵਾਲੇ ਮੁੜ ਆਏ ਭੂਚਾਲ ਨੇ ਇਕ ਵਾਰ ਫਿਰ ਸਮੁੱਚੇ ਨੇਪਾਲ ਤੇ ਉਤਰੀ ਭਾਰਤ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਤਾਜ਼ਾ ਝਟਕਿਆਂ ਕਾਰਨ ਨੇਪਾਲ ਵਿਚ 80 ਅਤੇ ਭਾਰਤ ਵਿਚ 20 ਲੋਕਾਂ ਦੀ ਮੌਤ ਤੇ ਇਕ ਹਜ਼ਾਰ ਤੋਂ ਵੱਧ ਜ਼ਖ਼ਮੀ ਹੋ ਗਏ।
ਮਹਿਜ਼ ਤਿੰਨ ਹਫ਼ਤੇ ਪਹਿਲਾਂ 25 ਅਪਰੈਲ ਨੂੰ ਆਏ 7æ9 ਸ਼ਿੱਦਤ ਵਾਲੇ ਭੂਚਾਲ ਨੇ ਨੇਪਾਲ ਨੂੰ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਸੀ ਤੇ ਇਸ ਨੇ 8000 ਤੋਂ ਵੱਧ ਜਾਨਾਂ ਲੈ ਲਈਆਂ ਸਨ। ਇਸ ਪਿੱਛੋਂ ਮੁਲਕ ਵਿਚ ਲਗਾਤਾਰ ਭੂਚਾਲ ਦੇ ਹਲਕੇ ਤੋਂ ਦਰਮਿਆਨੇ ਝਟਕੇ ਆਉਣੇ ਜਾਰੀ ਹਨ। ਤਾਜ਼ਾ ਝਟਕਿਆਂ ਪਿੱਛੋਂ ਪਹਿਲਾਂ ਹੀ ਡਰੇ ਹੋਏ ਤੇ ਘਰੀਂ ਪਰਤਣ ਤੋਂ ਘਬਰਾ ਰਹੇ ਨੇਪਾਲੀਆਂ ਵਿਚ ਹੋਰ ਦਹਿਸ਼ਤ ਫੈਲ ਗਈ ਹੈ। ਭੂਚਾਲ ਦੀ ਸਭ ਤੋਂ ਵੱਧ ਮਾਰ ਦੋਲੱਖਾ ਤੇ ਸਿੰਧੂਪਾਲਚੌਕ ਜ਼ਿਲ੍ਹਿਆਂ ਨੂੰ ਪਈ, ਜਿਨ੍ਹਾਂ ਨੂੰ ਪਿਛਲੇ ਮਹੀਨੇ ਦੇ ਭੂਚਾਲ ਨੇ ਵੀ ਭਾਰੀ ਨੁਕਸਾਨ ਪਹੁੰਚਾਇਆ ਸੀ। ਪਿਛਲੇ ਮਹੀਨੇ ਦੇ ਭੂਚਾਲ ਤੋਂ ਬਾਅਦ ਆਏ ਝਟਕਿਆਂ ਦੀ ਕੁੱਲ ਗਿਣਤੀ 160 ਤੋਂ ਟੱਪ ਗਈ ਹੈ। ਨੇਪਾਲ ਦੇ ਕੌਮੀ ਐਮਰਜੈਂਸੀ ਅਪਰੇਸ਼ਨ ਕੇਂਦਰ ਨੇ ਇਕ ਬਿਆਨ ਵਿਚ ਦੱਸਿਆ ਕਿ ਸਭ ਤੋਂ ਵੱਧ ਪ੍ਰਭਾਵਿਤ ਦੋਵੇਂ ਜ਼ਿਲ੍ਹਿਆਂ ਲਈ ਫ਼ੌਰੀ ਸਹਾਇਤਾ ਭੇਜ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਦੇ ਅੱਠ ਹੈਲੀਕਾਪਟਰ ਵੀ ਹਾਲੇ ਨੇਪਾਲ ਵਿਚ ਤਾਇਨਾਤ ਹਨ ਜਿਨ੍ਹਾਂ ਨੇ ਭੂਚਾਲ ਤੋਂ ਫ਼ੌਰੀ ਬਾਅਦ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ।
ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਦਾ ਕਹਿਣਾ ਕਿ 12 ਮਈ ਨੂੰ ਦੁਪਹਿਰ 12æ35 ਵਜੇ ਆਏ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 83 ਕਿਲੋਮੀਟਰ ਦੂਰ ਮਾਊਂਟ ਐਵਰਸਟ ਨੇੜੇ 18æ5 ਕਿਲੋਮੀਟਰ ਜ਼ਮੀਨ ਦੇ ਹੇਠਾਂ ਸੀ। ਇਸ ਦੀ ਪਹਿਲਾਂ ਤੀਬਰਤਾ 7æ4 ਮਾਪੀ ਗਈ ਸੀ। ਨੇਪਾਲ ਦੇ ਇਕੋ ਇਕ ਤ੍ਰਿਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਭੂਚਾਲ ਕਾਰਨ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਤੇ ਕਾਠਮੰਡੂ ਨੂੰ ਜਾਣ ਵਾਲੀਆਂ ਉਡਾਣਾਂ ਨੂੰ ਹੋਰ ਥਾਂਵਾਂ ਉਤੇ ਭੇਜਿਆ ਗਿਆ। ਅਧਿਕਾਰੀਆਂ ਨੇ ਅਗਲੇ ਦੋ ਹਫਤੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਭੂਚਾਲ ਦੇ ਬਿਹਾਰ, ਪੱਛਮੀ ਬੰਗਾਲ, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਰਹਿਣ ਦੀ ਅਪੀਲ ਕੀਤੀ ਹੈ।
ਹੁਣ ਬਿਨਾਂ ਮੰਗੇ ਮਦਦ ਨਹੀਂ ਦੇਵੇਗਾ ਭਾਰਤ: ਨੇਪਾਲ ਵਿਚ ਤਾਜ਼ਾ ਤਬਾਹੀ ਪਿੱਛੋਂ ਭਾਰਤ ਨੇ ਕਿਹਾ ਹੈ ਕਿ ਗੁਆਂਢੀ ਦੇਸ਼ ਵੱਲੋਂ ਮਦਦ ਦੀ ਪੇਸ਼ਕਸ਼ ਬਿਨਾਂ ਕੋਈ ਵੀ ਭਾਰਤੀ ਟੀਮ ਉਥੋਂ ਦੇ ਪ੍ਰਸ਼ਾਸਨ ਦੀ ਮਦਦ ਲਈ ਨਹੀਂ ਜਾਵੇਗੀ। ਸਰਕਾਰ ਦੀ ਇਸ ਕਾਰਵਾਈ ਨੂੰ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿਉਂਕਿ 25 ਅਪਰੈਲ ਨੂੰ ਆਏ ਭੂਚਾਲ ਤੋਂ 10 ਦਿਨ ਪਿੱਛੋਂ ਨੇਪਾਲ ਨੇ ਭਾਰਤ ਦੀ ਕੌਮੀ ਬਿਪਤਾ ਨਿਪਟਾਊ ਟੀਮ (ਐਨæ ਡੀæਆਰæਐਫ਼) ਸਮੇਤ ਬਚਾਅ ਕਾਰਜਾਂ ਵਿਚ ਲੱਗੀਆਂ ਸਾਰੀਆਂ ਵਿਦੇਸ਼ੀ ਟੀਮਾਂ ਨੂੰ ਅਚਨਚੇਤ ਨੇਪਾਲ ਤੋਂ ਜਾਣ ਲਈ ਕਹਿ ਦਿੱਤਾ ਸੀ।