ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ

-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ਐਤਵਾਰ 15 ਦਸੰਬਰ ਦੀ ਸ਼ਾਮ ਨੂੰ ਇਕ ਸਕੂਲ ਦੀ ਪ੍ਰਾਈਵੇਟ ਬੱਸ ਵਿਚ ਇਕ ਨੌਜਵਾਨ ਲੜਕੀ ਨਾਲ ਛੇ ਵਹਿਸ਼ੀ ਦਰਿੰਦਿਆਂ ਨੇ ਬਲਾਤਕਾਰ ਕਰ ਕੇ  ਉਸ ਨੂੰ ਚਲਦੀ ਬੱਸ ਵਿਚੋਂ ਥੱਲੇ ਸੁੱਟ ਦਿੱਤਾ। ਇਸ ਵੇਲੇ ਦਿੱਲੀ ਵਿਚ ਤਹਿਲਕਾ ਮਚਿਆ ਪਿਆ ਹੈ। ਰਾਜ ਸਭਾ ਅਤੇ ਲੋਕ ਸਭਾ ਵਿਚ ਇਸ ਘਿਨਾਉਣੇ ਜ਼ੁਲਮ ਨੂੰ ਲੈ ਕੇ ਦੁਹਾਈ ਪੈ ਰਹੀ ਹੈ। ਹਜ਼ਾਰਾਂ ਦੀ ਤਾਦਾਦ ਵਿਚ ਲੋਕ ਇਨਸਾਫ਼ ਲਈ ਬੈਨਰ ਚੁੱਕੀ ਸੜਕਾਂ ‘ਤੇ ਆ ਗਏ ਹਨ ਅਤੇ ਦੇਸ਼ ਭਰ ਵਿਚੋਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਲੋਕ ਦੁਹਾਈ ਪਾ ਰਹੇ ਹਨ। ਪੈਰਾ ਮੈਡੀਕਲ ਦੀ ਪੜ੍ਹਾਈ ਕਰ ਰਹੀ ਇਹ ਲੜਕੀ ਅਤੇ ਉਸ ਦਾ ਇੰਜੀਨੀਅਰ ਦੋਸਤ ਲੜਕਾ-ਦੋਵੇਂ ਫਿਲਮ ਦੇਖ ਕੇ ਨਿਕਲੇ ਅਤੇ ਮੁਨੀਰਕਾ ਤੋਂ ਦਵਾਰਕਾ ਜਾਣ ਵਾਲੀ ਬੱਸ ਦੀ ਅੱਡੇ ਵਿਚ ਖੜ੍ਹੇ ਉਡੀਕ ਕਰ ਰਹੇ ਸਨ ਕਿ ਇਕ ਪ੍ਰਾਈਵੇਟ ਬੱਸ ਆ ਕੇ ਰੁਕੀ ਅਤੇ ਉਨ੍ਹਾਂ ਦੋਵਾਂ ਨੂੰ ਬੱਸ ਵਿਚ ਚੜ੍ਹਨ ਲਈ ਆਵਾਜ਼ ਦਿੱਤੀ ਕਿ ਬੱਸ ਦਵਾਰਕਾ ਜਾ ਰਹੀ ਹੈ। ਉਹ ਦੋਵੇਂ ਬੱਸ ਵਿਚ ਸਵਾਰ ਹੋ ਗਏ ਅਤੇ ਵਹਿਸ਼ੀਪੁਣੇ ਦੀ ਕਹਾਣੀ ਸ਼ੁਰੂ ਹੋ ਗਈ।
ਕਿਸੇ ਪ੍ਰਾਈਵੇਟ ਕੰਪਨੀ ਦੀ ਇਹ ਬੱਸ ਜੋ ਨੋਇਡਾ ਦੇ ਇਕ ਨਾਮਵਰ ਸਕੂਲ ਦੇ ਬੱਚਿਆਂ ਨੂੰ ਹਰ ਰੋਜ਼ ਘਰਾਂ ਤੋਂ ਚੁਕਦੀ ਤੇ ਫਿਰ ਘਰੀਂ ਛੱਡ ਕੇ ਆਉਂਦੀ ਹੈ। ਬੱਸ ਦੇ 33 ਸਾਲਾ ਡਰਾਈਵਰ ਰਾਮ ਸਿੰਘ ਤੇ ਉਹਦੇ ਭਰਾ ਮੁਕੇਸ਼ ਨੇ ਐਤਵਾਰ ਦੀ ਸ਼ਾਮ ਆਪਣੇ ਚਾਰ ਦੋਸਤਾਂ ਨਾਲ ਬੱਸ ਨੂੰ ਲੰਮੀ ਡਰਾਈਵ ‘ਤੇ ਲੈ ਕੇ ਜਾਣ, ਖਾਣ-ਪੀਣ ਤੇ ਮਨੋਰੰਜਨ ਦਾ ਪ੍ਰੋਗਰਾਮ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਰਾਮ ਸਿੰਘ ਤੇ ਉਹਦਾ ਭਰਾ ਮੁਕੇਸ਼ ਤਕੜੇ ਨਸ਼ੇੜੀ ਹਨ। ਰਾਮ ਸਿੰਘ ਤੇ ਉਹਦੇ ਚਾਰ ਸਾਥੀ ਤਾਂ ਬੱਸ ਵਿਚ ਸ਼ਰਾਬ ਪੀ ਰਹੇ ਸਨ ਤੇ ਉਹ ਦਾ ਭਰਾ ਮੁਕੇਸ਼ ਬੱਸ ਚਲਾ ਰਿਹਾ ਸੀ। ਬੱਸ ਦੇ ਸ਼ੀਸ਼ੇ ਕਾਲੇ ਸਨ ਅਤੇ ਭਾਰੀ ਭਰਕਮ ਪਰਦੇ ਵੀ ਲੱਗੇ ਹੋਏ ਸਨ। ਬੱਸ ਦਿੱਲੀ ਦੀਆਂ ਸੜਕਾਂ ‘ਤੇ ਦੌੜਦੀ ਉਸ ਇਲਾਕੇ ਵਿਚ ਜਾ ਵੜੀ, ਜਿਥੇ ਬਦਕਿਸਮਤ ਲੜਕੀ ਤੇ ਉਸ ਦਾ ਦੋਸਤ ਦਵਾਰਕਾ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ। ਸ਼ਰਾਬੀ ਰਾਮ ਸਿੰਘ ਤੇ ਉਹਦੇ ਸਾਥੀਆਂ ਨੇ ਉਨ੍ਹਾਂ ਨੂੰ ਆਵਾਜ਼ ਦੇ ਕੇ ਬੱਸ ਵਿਚ ਬਿਠਾ ਲਿਆ ਤੇ ਉਨ੍ਹਾਂ ਕੋਲੋਂ ਦਸ-ਦਸ ਰੁਪਏ ਕਿਰਾਇਆ ਵੀ ਵਸੂਲ ਕਰ ਲਿਆ। ਉਪਰੰਤ ਚੰਦ ਮਿੰਟਾਂ ਵਿਚ ਹੀ ਵਹਿਸ਼ੀ ਗੁੰਡਿਆਂ ਨੇ ਦੋਵਾਂ ਨੂੰ ਲੋਹੇ ਦੀਆਂ ਰਾਡਾਂ ਨਾਲ ਮਾਰਿਆ ਕੁਟਿਆ ਤੇ ਫਿਰ ਉਸ ਲੜਕੇ ਨੂੰ ਬੰਨ੍ਹ ਕੇ ਲੜਕੀ ਨਾਲ ਬਲਾਤਕਾਰ ਕੀਤਾ। ਜਦ ਪਾਪੀਆਂ ਦਾ ਮਨ ਭਰ ਗਿਆ ਤਾਂ ਦੱਖਣੀ ਦਿੱਲੀ ਦੇ ਮਹੀਪਾਲਪੁਰ ਨੇੜੇ ਵਸੰਤ ਵਿਹਾਰ ਦੇ ਇਲਾਕੇ ਵਿਚ ਗੁੰਡੇ ਚਲਦੀ ਬੱਸ ਵਿਚੋਂ ਦੋਵਾਂ ਨੂੰ ਥੱਲੇ ਸੁੱਟ ਕੇ ਦੌੜ ਗਏ, ਉਥੇ ਫਿਰਦੇ ਕੁਝ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਆ ਕੇ ਅੱਧ-ਮਰੀ ਲੜਕੀ ਤੇ ਲੜਕੇ ਨੂੰ ਸਫਦਰਗੰਜ ਹਸਪਤਾਲ ਪਹੁੰਚਾਇਆ, ਜਿਥੇ ਬਦਕਿਸਮਤ ਲੜਕੀ ਦੇ ਪੰਜ ਅਪ੍ਰੇਸ਼ਨ ਹੋ ਚੁੱਕੇ ਹਨ ਅਤੇ ਉਸ ਦੀ ਹਾਲਤ ਅਤਿ ਚਿੰਤਾਜਨਕ ਹੈ।
ਦੋਸ਼ੀ ਡਰਾਈਵਰ ਰਾਮ ਸਿੰਘ, ਉਹਦਾ ਭਰਾ ਮੁਕੇਸ਼, ਦੋ ਦੋਸਤ-ਪਵਨ ਅਤੇ ਵਿਨਯ ਚਾਰੇ ਫੜੇ ਜਾ ਚੁੱਕੇ ਹਨ ਅਤੇ ਦੋ ਦੋਸ਼ੀ ਅਜੇ ਫਰਾਰ ਹਨ। ਫੜੇ ਗਏ ਬਲਾਤਕਾਰੀਆਂ ਵਿਚੋਂ ਵਿਨਯ ਨਾਮ ਦਾ ਵਹਿਸ਼ੀ ਆਖ ਰਿਹਾ ਹੈ, ਮੈਂ ਦੋਸ਼ੀ ਹਾਂ ਮੈਨੂੰ ਫਾਂਸੀ ਦਿਉ ਤੇ ਬਾਕੀ ਵੀ ਆਪਣਾ ਗੁਨਾਹ ਮੰਨੀ ਬੈਠੇ ਹਨ। ਉਧਰ ਹਿੰਦੋਸਤਾਨ ਦਾ ਬੱਚਾ-ਬੱਚਾ ਆਖ ਰਿਹਾ ਹੈ ਕਿ ਬਿਨਾਂ ਕਿਸੇ ਇੰਤਜ਼ਾਰ ਤੇ ਜਾਂਚ ਦੇ ਇਨ੍ਹਾਂ ਨੂੰ ਜਲਦੀ ਤੋਂ ਵੀ ਪਹਿਲਾਂ ਫਾਂਸੀ ‘ਤੇ ਲਟਕਾ ਦਿੱਤਾ ਜਾਣਾ ਚਾਹੀਦਾ ਹੈ।
ਅੱਜ ਜਿਸ ਤਰ੍ਹਾਂ ਦੇ ਆਸਾਰ ਹਿੰਦੋਸਤਾਨ ਜਾਂ ਪੰਜਾਬ ਵਿਚ ਬਣ ਰਹੇ ਹਨ ਅਤੇ ਬਲਾਤਕਾਰ ਦੇ ਕੇਸਾਂ ਦੇ ਜੋ ਅੰਕੜੇ ਵਿਖਾਏ ਜਾ ਰਹੇ ਹਨ, ਇਹ ਸਰਕਾਰ ਲਈ ਸੋਚਣ ਦਾ ਸਮਾਂ ਨਹੀਂ ਹੈ, ਕੁਝ ਕਰਨ ਦਾ ਵੇਲਾ ਹੈ। ਬੰਦਾ ਵਹਿਸ਼ੀ ਹੁੰਦਾ ਜਾ ਰਿਹਾ ਹੈ ਕਿਉਂਕਿ ਸਾਡਾ ਕਾਨੂੰਨ ਅਤਿ ਕਮਜ਼ੋਰ ਤੇ ਕੀੜੀ ਦੀ ਤੋਰ ਤੁਰਨ ਵਾਲਾ ਹੈ। ਅੱਜ ਬਲਾਤਕਾਰੀ ਇਹ ਪਹਿਲਾਂ ਸੋਚਦਾ ਹੈ, ‘ਜੋ ਮਰਜ਼ੀ ਕਰ ਲਵੋ ਕਾਨੂੰਨ ਕੋਲੋਂ ਕੁਝ ਵੀ ਨਹੀਂ ਹੋਣਾ’ ਤੇ ਜਦੋਂ ਬੰਦਾ ਇੰਜ ਸੋਚੇਗਾ ਤਾਂ ਕਿਉਂ ਨਾ ਸ਼ਰ੍ਹੇਆਮ ਔਰਤਾਂ, ਜਵਾਨ ਕੁੜੀਆਂ ਤੇ ਦੋ-ਦੋ ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਹੋਣਗੇ? ਜਦੋਂ ਤੱਕ ਸਮਾਜ ਵਿਚ ਵਿਚਰ ਰਹੇ ਪਸ਼ੂ ਬਿਰਤੀ ਵਾਲੇ ਬੰਦਿਆਂ ਦੇ ਗਲਾਂ ਵਿਚ ਫਾਂਸੀ ਦੇ ਰੱਸੇ ਪੈਣ ਦਾ ਡਰ ਸਾਹਮਣੇ ਨਹੀਂ ਹੈ, ਵਹਿਸ਼ੀ ਬੰਦਿਆਂ ਨੂੰ ਮੌਤ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਬਲਾਤਕਾਰ ਹੱਟ ਹੀ ਨਹੀਂ ਸਕਦੇ।
ਅੱਜ ਦੇਸ਼ ਦੇ ਹਰ ਵਰਗ ਨੇ ਅੱਗੇ ਹੋ ਕੇ ਉਸ ਪੀੜ੍ਹਤ ਦੀ ਪੀੜ ਨੂੰ ਮਹਿਸੂਸ ਕੀਤਾ ਹੈ, ਕਿਉਂਕਿ ਧੀਆਂ-ਧੀਆਂ ਹਨ, ਦੇਸ਼ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਆਪਣੇ ਬਿਆਨ ਵਿਚ ਆਖਿਆ ਹੈ ਕਿ ਬਲਾਤਕਾਰਾਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਤੇਜ਼ੀ ਨਾਲ ਅੱਗੇ ਆਉਣਾ ਚਾਹੀਦਾ ਹੈ ਤੇ ਇਹੋ ਜਿਹੇ ਕੇਸਾਂ ਨੂੰ ਮਹੀਨਿਆਂ ਵਿਚ ਨਹੀਂ, ਦਿਨਾਂ ਵਿਚ ਹੀ ਨਿਪਟਾ ਕੇ ਸਜ਼ਾਵਾਂ ਦਿੱਤੀਆਂ ਜਾਣ। ਜਿਵੇਂ ਦੇਸ਼ ਦੇ ਸਾਰੇ ਬਲਾਤਕਾਰੀ ਘਰਾਂ ‘ਚੋਂ ਬਾਹਰ ਨਿਕਲ ਆਏ ਹਨ, 90-90 ਸਾਲ ਦੀਆਂ ਬਜ਼ੁਰਗ ਔਰਤਾਂ ਤੋਂ ਲੈ ਕੇ ਦੋ-ਦੋ ਸਾਲ ਦੀਆਂ ਨਿੱਕੀਆਂ-ਨਿੱਕੀਆਂ ਗੁਡੀਆਂ ਦੇ ਬਲਤਕਾਰ ਹੋ ਰਹੇ ਹਨ, ਕਿਤੇ ਬਾਪ ਆਪਣੀ ਧੀ ਦਾ, ਕਿਤੇ ਸਕਾ ਚਾਚਾ ਆਪਣੀ ਮਸੂਮ ਧੀ ਦਾ, ਕਿਤੇ ਸਹੁਰਾ ਆਪਣੀ ਨੂੰਹ ਦਾ ਬਲਾਤਕਾਰ ਕਰ ਰਿਹਾ ਹੈ ਤੇ ਕਿਤੇ ਗੁਆਂਢੀ ਹੀ ਮੌਕਾ ਵੇਖ ਕੇ ਗੁਆਂਢੀਆਂ ਦੇ ਘਰ ਜਾ ਵੜਦਾ ਹੈ। ਇਸ ਵੇਲੇ ਸਰਕਾਰ ਦੀ ਪਹਿਲੀ ਡਿਊਟੀ ਹੈ ਕਿ ਦੇਸ਼ ਦੇ ਕਾਨੂੰਨ ਅਤੇ ਪੁਲਿਸ ਦੋਵਾਂ ‘ਤੇ ਸਖ਼ਤੀ ਨਾਲ ਇਹ ਚੀਜ਼ ਲਾਗੂ ਕੀਤੀ ਜਾਵੇ ਕਿ ਉਹ ਫੌਰਨ ਕਾਰਵਾਈ ਕਰਨ, ਅਦਾਲਤਾਂ ਬਲਾਤਕਾਰ ਦੇ ਕੇਸਾਂ ਵਿਚ ‘ਫਾਸਟ ਟਰੈਕ ਕੋਰਟ’ ਦੇ ਤਰੀਕੇ ਫੈਸਲੇ ਲੈਣ ਤੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਲੁਟੇ-ਪੁਟੇ ਗਏ ਲੋਕਾਂ ਨੂੰ ਇਨਸਾਫ ਦੇਵੇ।
ਪੰਜਾਬ ਦੇ ਨੰਨ੍ਹੀਆਂ ਛਾਂਵਾਂ ਵਾਲੇ ਬੀਬੀ ਜੀ ਤੁਹਾਡੇ ਆਪਣੇ ਪੇਕਾ ਇਲਾਕੇ ਦੀ ਰੋਬਨਜੀਤ ਵੀ ਤੁਹਾਡੇ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ, ਸ਼ਰੂਤੀ ਵੀ ਆਪਣੀ ਬਰਬਾਦੀ ਦੇ ਵੈਣ ਪਾ ਰਹੀ ਹੈ, ਮੇਰੀ ਲੁਟੇ ਹੋਏ ਲੋਕਾਂ ਨੂੰ ਬੇਨਤੀ ਹੈ ਕਿ ਰੱਬ ਦਾ ਵਾਸਤਾ ਮੰਤਰੀਆਂ ਨੂੰ ਆਪਣੇ ਘਰੀਂ ਵੜਨ ਨਾ ਦੇਵੋ ਤੇ ਇਨ੍ਹਾਂ ਦੇ ਦਿੱਤੇ ਹੋਏ ਰੁਤਬੇ, ਅਹੁਦੇ ਅਤੇ ਨੌਕਰੀਆਂ ਫਟਾ-ਫਟ ਆਪਣੀਆਂ ਝੋਲੀਆਂ ਵਿਚ ਨਾ ਪਵਾਓ, ਜ਼ਰਾ ਕੁ ਸਬਰ ਤਾਂ ਕਰੋ, ਸਾਰੀ ਦੁਨੀਆਂ ਤੁਹਾਡੇ ਹੱਕਾਂ ਲਈ ਲੜਨ ਨੂੰ ਤਿਆਰ ਖੜ੍ਹੀ ਹੈ, ਜੋ ਲੋਕ ਭੁੱਖੇ-ਭਾਣੇ ਤੁਹਾਡੇ ਲਈ ਲੜ ਰਹੇ ਹਨ, ਤੁਹਾਡੇ ਲਈ ਇਨਸਾਫ਼ ਮੰਗ ਰਹੇ ਹਨ, ਉਨ੍ਹਾਂ ਦਾ ਡੱਟ ਕੇ ਸਾਥ ਦਿਉ। ਇਨ੍ਹਾਂ ਮੀਣੇ-ਮਸੰਦਾਂ ਮੰਤਰੀਆਂ ਦੀਆਂ ਲਛੇਦਾਰ ਗੱਲਾਂ ਤੇ ਮਗਰਮੱਛ ਦੇ ਅਥਰੂ ਤੇ ਖੋਖਣਾਂ ਵੱਲ ਨਾ ਵੇਖੋ, ਤੁਹਾਡੇ ਲਈ ਸੜਕਾਂ ‘ਤੇ ਬੈਠੇ ਜੋ ਲੋਕ ਹਨ, ਉਨ੍ਹਾਂ ਦਾ ਸਾਥ ਦਿਉ, ਪੀੜਤ ਧੀਆਂ ਦੇ ਮਾਪੇ ਵੀ ਸਬਰ ਤੋਂ ਕੰਮ ਲੈਣ ਤੇ ਸਰਕਾਰ ਕੋਲੋਂ ਅਹੁਦੇ ਤੇ ਮੁਆਵਜ਼ੇ ਲੈਣ ਲਈ ਉਤਾਵਲਾਪਨ ਨਾ ਦਿਖਾਉਣ ਤੇ ਨਿਆਂ ਮੰਗ ਰਹੀਆਂ ਜਥੇਬੰਦੀਆਂ ਨਾਲ ਡਟਕੇ ਖਲੋਣ।

Be the first to comment

Leave a Reply

Your email address will not be published.