ਦਲਜੀਤ ਅਮੀ
ਫੋਨ: 91-97811-21873
ਮੌਜੂਦਾ ਪੰਜਾਬੀ ਘਰਾਂ ਵਿਚ ਜਦੋਂ ਅਮਰੀਕਾ, ਯੂਰਪ ਜਾਂ ਆਸਟਰੇਲੀਆ ਦੇ ਪੱਕੇ ਵੀਜ਼ੇ ਦਾ ਬੰਦੋਬਸਤ ਹੋ ਜਾਵੇ ਤਾਂ ਨੇੜਲੇ ਰਿਸ਼ਤੇਦਾਰਾਂ ਤੋਂ ਲੁਕੋ ਕੇ ਰੱਖਿਆ ਜਾਂਦਾ ਹੈ। ਭਾਨੀ, ਈਰਖਾ ਅਤੇ ਤੋਹਮਤਾਂ ਤੋਂ ਬਚਣ ਦੇ ਇਸ ਤਰੱਦਦ ਪਿੱਛੇ ਮਿਸਾਲਾਂ ਬਹੁਤ ਹਨ। ਜੇ ਅਜਿਹੇ ਮੌਕੇ ਕੋਈ ਵੀਜ਼ਾ ਲੈਣ ਤੋਂ ਇਨਕਾਰ ਕਰ ਦੇਵੇ ਤਾਂ ਹੇਠਲੀ ਉਤੇ ਆ ਜਾਂਦੀ ਹੈ।
ਇਸ ਤੋਂ ਬਾਅਦ ਹਰ ਰਿਸ਼ਤੇਦਾਰ ਅਤੇ ਸੰਗੀ-ਸਨੇਹੀ ਨੂੰ ਸਮਝਾਉਣ ਲਈ ਸੱਦਿਆ ਜਾਂਦਾ ਹੈ। ਦਲੀਲਾਂ ਦਿੱਤੀਆਂ ਜਾਂਦੀਆਂ ਹਨ: ਸਵਰਗ ਨੂੰ ਠੋਕਰ ਨਹੀਂ ਮਾਰਨੀ ਚਾਹੀਦੀ, ਕਿਉਂਕਿ ਇਹ ਕਰਮਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ। ਸਵਰਗ ਜਾ ਕੇ ਹੋਰਾਂ ਦੀ ਬਾਂਹ ਫੜ ਕੇ ਭਵਜਲ਼ ਪਾਰ ਕਰਵਾਉਣ ਦਾ ਪੁੰਨ ਤਾਂ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਚਲੋ ਜੇ ਰਹਿਣਾ ਨਹੀਂ ਤਾਂ ਇਕ ਵਾਰ ਜਾ ਕੇ ਦੇਖਣ ਵਿਚ ਕੀ ਹਰਜ ਹੈ। ਵੀਜ਼ਾ ਪੱਕਾ ਕਰਵਾ ਕੇ ਜਾਂ ਨਾਗਰਿਕ ਬਣ ਕੇ ਜਾਂ ਕੁਝ ਕਮਾਈ ਕਰ ਕੇ ਵਾਪਸ ਆ ਜਾਇਓ। ਇਕ ਪਾਸੇ ਵਿਦੇਸ਼ ਜਾਣ ਦੀ ਲਲ੍ਹਕ ਹੈ ਅਤੇ ਦੂਜੇ ਪਾਸੇ ਵਿਦੇਸ਼ ਭੇਜਣ ਦਾ ਧੂਮ-ਧੜੱਕਾ ਹੈ। ਕੱਚੇ, ਵੱਟੇ, ਕਾਗ਼ਜ਼ੀ ਅਤੇ ਮੁੱਲ ਦੇ ਵਿਆਹਾਂ ਵਿਚ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਸਜ-ਧਜ ਕੇ ਨੱਚਦੇ-ਗਾਉਂਦੇ ਮੇਲ ਦੂਜੇ ਮੁਲਕਾਂ ਦੇ ਸਫ਼ਾਰਤਖ਼ਾਨਿਆਂ ਨੂੰ ਯਕੀਨ ਦਿਵਾਉਣ ਲੱਗੇ ਹੋਏ ਹਨ ਕਿ ਵਿਆਹ ਤਸੱਲੀਬਖ਼ਸ਼ ਹੈ। ਅਜਿਹੇ ਮੌਕੇ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਸਰਦੇ-ਪੁਜਦੇ ‘ਸੱਜਣਾਂ ਨਾਲ ਸ਼ੋਭਦੇ ਹਨ’ ਕਿਉਂਕਿ ਇਹ ਵਿਆਖਿਆਨ ਸਫ਼ਾਰਤਖ਼ਾਨਿਆਂ ਵਿਚ ‘ਭਰੋਸੇਯੋਗ’ ਜਾਪਦੇ ਹਨ।
ਇਨ੍ਹਾਂ ਵਿਆਹਾਂ ਦੀ ‘ਭਰੋਸੇਯੋਗਤਾ’ ਕਾਇਮ ਕਰਨ ਲਈ ਲਾਵਾਂ ਪੜ੍ਹਾਉਣ ਵਾਲਿਆਂ ਤੋਂ ਲੈ ਕੇ ਫੋਟੋਆਂ ਖਿੱਚਣ ਵਾਲਿਆਂ ਤੱਕ, ਸਭ ਸਚੇਤ ਰਹਿੰਦੇ ਹਨ। ਕਾਨੂੰਨੀ ਸਬੂਤ ਜਾਰੀ ਕਰਨ ਵੇਲੇ ਸ਼ਬਦ-ਜੋੜਾਂ ਅਤੇ ਗੋਤਾਂ ਨੂੰ ਦਰੁਸਤ ਰੱਖਣ ਦੀ ‘ਜ਼ਿੰਮੇਵਾਰੀ’ ਨਿਭਾਉਣ ਲਈ ਸਾਰੇ ਸਰਕਾਰੀ ਮਹਿਕਮੇ ਚੇਤਨ ਰਹਿੰਦੇ ਹਨ। ਸਫ਼ਾਰਤਖ਼ਾਨਿਆਂ ਨੂੰ ਯਕੀਨ ਦਿਵਾਉਣ ਲਈ ‘ਨਵੇਂ ਵਿਆਹੇ ਜੋੜਿਆਂ’ ਦੇ ਪਹਾੜਾਂ ਅਤੇ ਹੋਟਲਾਂ ਵਿਚ ਨੇੜਤਾ ਮਾਣਦਿਆਂ ਦੇ ਸਬੂਤ ਪੇਸ਼ ਕੀਤੇ ਜਾਂਦੇ ਹਨ। ਵਿਦੇਸ਼ਾਂ ਵਿਚ ਲਿਜਾਣ ਦੀ ਯੋਗਤਾ ਤੋਂ ਬਾਅਦ ਵਿਆਹ ਦੇ ਇਸ਼ਤਿਹਾਰਾਂ ਵਿਚ ‘ਜਾਤ-ਧਰਮ ਦਾ ਕੋਈ ਬੰਧਨ ਨਹੀਂ’ ਜੁੜ ਗਿਆ ਹੈ। ਇਹ ਵਾਧਾ ਪੰਜਾਬੀ ਸਮਾਜ ਵਿਚ ਜਾਤ ਦੀ ਪਕੜ ਢਿੱਲੀ ਨਹੀਂ ਕਰ ਸਕਿਆ, ਪਰ ਕਈ ਗ਼ਰੀਬ-ਗ਼ੁਰਬਿਆਂ ਦੇ ਸਾਕ ਸਰਦੇ-ਪੁੱਜਦਿਆਂ ਨਾਲ ਜੋੜਨ ਵਿਚ ਕਾਮਯਾਬ ਰਿਹਾ ਹੈ। ਜਦੋਂ ‘ਪੰਜਾਬੀਆਂ ਦੀ ਸ਼ਾਨ ਵੱਖਰੀ’ ਦੇ ਵੰਨ-ਸਵੰਨੇ ਗੀਤ ਗਾਉਂਦਾ ਪੰਜਾਬ ਸਿਰਤੋੜ ਤੋਂ ਅੱਗੇ ਜਾ ਕੇ ‘ਸਾਕ-ਤੋੜ’, ‘ਰਵਾਇਤ-ਤੋੜ’ ਅਤੇ ‘ਭਰੋਸਾ-ਤੋੜ’ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਇਨਕਾਰੀ ਨੂੰ ਛੇਕਿਆ ਜਾਣਾ ‘ਲਾਜ਼ਮੀ’ ਜਾਪਦਾ ਹੈ। ਇਸ ਲੇਖ ਵਿਚ ਉਨ੍ਹਾਂ ਦੁਹਾਗਣਾਂ ਦੀ ਗੱਲ ਨਹੀਂ ਕਰਨੀ ਹੈ ਜੋ ਮਾਪਿਆਂ ਦੇ ਕੀਤੇ ਸਾਕਾਂ ਰਾਹੀਂ ਸਹੇੜੇ ਲਾੜਿਆਂ ਦੇ ਵਿਦੇਸ਼ੋਂ ਪਰਤਣ ਦੀ ਉਡੀਕ ਵਿਚ ‘ਪਰਾਏ ਘਰਾਂ’ ਅੰਦਰ ਪਲ-ਪਲ ਮਰਦੀਆਂ ਹਨ।
ਜੇ ਇਨਕਾਰੀ ਕੁੜੀ ਹੋਵੇ ਤਾਂ ਸੁਆਲ ਹੋਰ ਅਹਿਮ ਹੋ ਜਾਂਦਾ ਹੈ। ਉਸ ਨੂੰ ਦੱਸਿਆ ਜਾਂਦਾ ਹੈ ਕਿ ਪੰਜਾਬ ਵਿਚ ਕੁੜੀਆਂ ਲਈ ਕੋਈ ਥਾਂ ਨਹੀਂ। ਜੇ ਕੁੱਖ ਵਿਚ ਕਤਲ ਹੋਣ ਤੋਂ ਬਚ ਗਈ ਤਾਂ ਦਹੇਜ ਲਈ ਫ਼ੂਕੀ ਜਾਵੇਗੀ। ਛੇੜਛਾੜ ਤਾਂ ਰੋਜ਼ ਦਾ ਮਸਲਾ ਹੈ। ਬਲਾਤਕਾਰ ਦਾ ਖ਼ਦਸ਼ਾ ਸਦਾ ਕਾਇਮ ਹੈ। ਨਾ ਘਰ ਵਿਚ ਕੋਈ ਕਦਰ ਹੈ ਅਤੇ ਨਾ ਸਮਾਜ ਵਿਚ। ਇਹ ਦਲੀਲ ਬਹੁਤ ਸਾਫ਼ ਹੈ ਕਿ ਜ਼ਿੰਦਗੀ ਦਾ ਸ਼ੁਕਰਾਨਾ ਕਰਨ ਲਈ ਵਿਦੇਸ਼ ਜਾਣਾ ਜ਼ਰੂਰੀ ਹੈ। ਕਿਸੇ ਦੇ ਮੁੰਡੇ ਨੂੰ ਵਿਆਹ ਕੇ ਸੱਤ ਸਮੁੰਦਰ ਪਾਰ ਲਿਜਾਣ ਦਾ ਸਬੱਬ ਬਣੇਗੀ। ਜੇ ‘ਉਦਮੀ’ ਹੋਵੇ ਤਾਂ ਆਪਣੇ ਪੱਕੇ ਵਿਆਹ ਤੋਂ ਪਹਿਲਾਂ ਇੱਕ-ਦੋ ਤਿਜ਼ਾਰਤੀ ਵਿਆਹ ਕਰਵਾ ਸਕਦੀ ਹੈ। ਜੇ ਮਾਪਿਆਂ ਨੇ ਪੜ੍ਹਾ-ਲਿਖਾ ਕੇ ਅਮਰੀਕਾ ਜਾਣ ਜੋਗੀ ਕੀਤੀ ਹੈ ਤਾਂ ਉਨ੍ਹਾਂ ਦੀ ਬੰਦ-ਖ਼ਲਾਸੀ ਧੀ ਦੀ ‘ਜ਼ਿੰਮੇਵਾਰੀ’ ਬਣਦੀ ਹੈ। ਕੈਨੇਡਾ ਵਿਚ ਪੰਜਾਬੀਆਂ ਦੀਆਂ ਕਿਰਤ-ਕਮਾਈਆਂ ਦਾ ਸ਼ਾਨਾਂਮੱਤਾ ਇਤਿਹਾਸ ਹੈ ਜਿਸ ਵਿਚ ਬਹੁਤ ਸਾਰੀਆਂ ਪ੍ਰਾਪਤੀਆਂ ਨਾਲ ਇਹ ਵੀ ਦਰਜ ਹੈ ਕਿ ‘ਇਹ ਵੀਜ਼ਾ ਲੈਣ ਲਈ ਸਕੇ ਭੈਣ-ਭਰਾਵਾਂ ਵਿਚ ਵਿਆਹ ਕਰਦੇ ਹਨ ਅਤੇ ਭਰੋਸੇਯੋਗਤਾ ਸਾਬਤ ਕਰਨ ਲਈ ਗਰਭਧਾਰਨ ਤੱਕ ਕੀਤੇ ਜਾਂਦੇ ਹਨ।’ ਇਹ ਕੈਨੇਡਾ ਵਿਚ ਚੋਣਾਂ ਜਿੱਤਣ ਵਾਲੇ ਪੰਜਾਬੀਆਂ ਦੀ ਹਾਜ਼ਰੀ ਵਿਚ ਸਾਬਕਾ ਇਮੀਗਰੇਸ਼ਨ ਅਤੇ ਸਿਟੀਜ਼ਨ ਮੰਤਰੀ ਡਿਆਨਾ ਫਿਨਲੇਅ ਦਾ ਬਿਆਨ ਹੈ। ਜੇ ਕੋਈ ਕੁੜੀ ਹਰ ਤਰ੍ਹਾਂ ਦੀ ਬੇਕਦਰੀ ਅਤੇ ਜ਼ਲਾਲਤ ਤੋਂ ਬਚ ਕੇ ਵਿਦੇਸ਼ ਜਾਣ ਦੇ ਯੋਗ ਹੋਈ ਹੈ ਤਾਂ ਉਸ ਤੋਂ ਸੂਈ ਦੇ ਨੱਕੇ ਵਿਚੋਂ ਨਿਕਲਣ ਦੀ ਤਵੱਕੋ ਤਾਂ ਕੀਤੀ ਜਾਵੇਗੀ। ਜਿੱਥੇ ਕੁੜੀਆਂ ਦੇ ਜੰਮਣ ਤੋਂ ਮਰਨ ਤੱਕ ਦੇ ਸਾਰੇ ਫ਼ੈਸਲੇ ਮਰਦਾਂ ਦੇ ਹੱਥ ਵਿਚ ਹੋਣ, ਉਥੇ ਵਿਦੇਸ਼ ਜਾਣ ਤੋਂ ਇਨਕਾਰ ਕਰ ਕੇ ‘ਬਾਪ ਦੀ ਇੱਜ਼ਤ ਰੋਲਣ’ ਅਤੇ ‘ਭਾਈਆਂ ਤੋਂ ਬੇਮੁੱਖ ਹੋਣ’ ਦੀ ਸਜ਼ਾ ਤਾਂ ਮਿਲੇਗੀ ਹੀ।
ਜੇ ਕੁੜੀ ਆਪਣੇ ਭਾਈ ਦੇ ਪੈਦਾ ਹੋਣ ਦੀ ਉਡੀਕ ਕਾਰਨ ਪੈਦਾ ਹੋਈ ਹੋਵੇ ਤਾਂ ਇਹ ਸੁਆਲ ਹੋਰ ਵੀ ਅਹਿਮ ਹੋ ਜਾਂਦਾ ਹੈ। ਪੰਜਾਬੀ ਮਾਪਿਆਂ ਨੇ ਮੁੰਡਿਆਂ ਦੀ ਉਡੀਕ ਵਿਚ ਕੁੜੀਆਂ ਜੰਮੀਆਂ ਹੋਣ ਅਤੇ ‘ਬਿਨਾਂ ਕਿਸੇ ਵਿਤਕਰੇ ਤੋਂ ਲਾਡਾਂ-ਪਿਆਰਾਂ ਨਾਲ ਮੁੰਡਿਆਂ ਵਾਂਗ ਪਾਲੀਆਂ ਹੋਣ’ ਤਾਂ ਹਰ ਕੁੜੀ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਨ੍ਹਾਂ ‘ਲਾਡਾਂ-ਪਿਆਰਾਂ’ ਅਤੇ ‘ਮੁੰਡਿਆਂ ਵਾਂਗ ਪਾਲਣ’ ਦੇ ਸਰਾਪ ਵਰਗੇ ਵਰਦਾਨ ਨੂੰ ਕੁੜੀਆਂ ਤੋਂ ਵੱਧ ਕੌਣ ਜਾਣਦਾ ਹੈ। ਉਨ੍ਹਾਂ ਨੂੰ ਯਾਦ ਕਰਵਾਉਣ ਲਈ ਬੋਲਣ ਦੀ ਲੋੜ ਨਹੀਂ ਪੈਂਦੀ ਕਿ ਉਨ੍ਹਾਂ ਨੂੰ ‘ਲਾਡ-ਪਿਆਰ’ ਨਾਲ ਪਾਲ ਕੇ ਅਤੇ ਪੜ੍ਹਣ-ਲਿਖਣ ਦੀਆਂ ਸਹੂਲਤਾਂ ਦੇ ਕੇ ‘ਜੱਗੋਂ-ਤੇਰਵਾਂ’ ਅਹਿਸਾਨ ਕੀਤਾ ਜਾ ਰਿਹਾ ਹੈ। ਜੇ ਕਿਸੇ ਕੁੜੀ ਨੇ ਵਿਦੇਸ਼ ਜਾਣ ਤੋਂ ਇਨਕਾਰ ਕੀਤਾ ਹੈ ਤਾਂ ਜ਼ਰੂਰ ‘ਉਸ ਨੇ ਮਾਪਿਆਂ ਦੀ ਪੱਤ ਦਾਅ ਉਤੇ ਲਗਾ ਕੇ’ ਆਪਣੀ ਮਰਜ਼ੀ ਦਾ ਮੁੰਡਾ ਭਾਲਿਆ ਹੋਵੇਗਾ। ਜੇ ਕੁੜੀ ਇਹ ਸਾਫ਼ ਕਰ ਦੇਵੇ ਕਿ ਇਸ ਇਨਕਾਰ ਦਾ ਕਾਰਨ ਕੋਈ ਮੁੰਡਾ ਨਹੀਂ ਤਾਂ ਕੀ ਹੋਵੇਗਾ? ਇਸ ਤੋਂ ਬਾਅਦ ਮਾਪੇ ‘ਸੁੱਖ ਦਾ ਸਾਹ’ ਲੈਂਦੇ ਹੋਏ ਸਮਝਾ ਸਕਦੇ ਹਨ ਕਿ ਜੇ ‘ਕੋਈ ਮੁੰਡਾ ਹੁੰਦਾ ਤਾਂ ਅਸੀਂ ਤੈਨੂੰ ਜੁਆਬ ਨਹੀਂ ਦੇਣਾ ਸੀ’ ਪਰ ਹੁਣ ਜ਼ਿਦ ਕਰਨਾ ਮੂਰਖ਼ਾਂ ਵਾਲਾ ਕੰਮ ਹੈ। ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ‘ਬਾਕੀ ਭੈਣ-ਭਰਾਵਾਂ ਅਤੇ ਮਾਪਿਆਂ ਨੇ ਤਾਂ ਵਿਦੇਸ਼ੀਂ ਚਲੇ ਜਾਣਾ ਹੈ’ ਤਾਂ ਇਕੱਲੀ ਕੁੜੀ ਪਿੱਛੇ ਕਿਵੇਂ ਰਹੇਗੀ? ਮਾਪਿਆਂ ਨੂੰ ‘ਬੱਚੇ ਪਾਲਣ’ ਤੋਂ ਬਾਅਦ ਆਪ ‘ਜ਼ਿੰਦਗੀ ਮਾਨਣ’ ਦਾ ਹੱਕ ਹੈ। ਜੇ ਕੁੜੀ ਇਕੱਲੀ ਰਹੇਗੀ ਤਾਂ ਮਾਪੇ ਨਾਲ ਟੰਗੇ ਜਾਣਗੇ। ਜੇ ਮੁੰਡਾ ਹੁੰਦਾ ਤਾਂ ਇਕੱਲਾ ਵੀ ਛੱਡਿਆ ਜਾ ਸਕਦਾ ਸੀ। ਇਕੱਲੇ ਛੱਡੇ ਮੁੰਡੇ ਦੀ ਕਹਾਣੀ ਦਾ ਨਾਮ ਸੁੱਖਾ ਕਾਹਲਵਾਂ ਵੀ ਤਾਂ ਹੋ ਸਕਦਾ ਹੈ!
ਇਕੱਲੀ ਕੁੜੀ ਨੂੰ ਛੱਡ ਕੇ ਜਾਣ ਦਾ ਸੁਆਲ ਸਿਰਫ਼ ਮਾਪਿਆਂ ਦਾ ਨਹੀਂ ਹੈ। ਇਨਕਾਰ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਮੱਤ ਦੇਣ ਲਈ ਬੁਲਾਇਆ ਜਾ ਸਕਦਾ ਹੈ। ਰਿਸ਼ਤੇਦਾਰ ਕੀ ਕਰ ਸਕਦੇ ਹਨ। ਮਾਪਿਆਂ ਦੀ ਦਲੀਲ ਨੂੰ ਵੱਖ-ਵੱਖ ਅੰਦਾਜ਼ ਵਿਚ ਸਮਝਾ ਸਕਦੇ ਹਨ। ਪਿਆਰ ਨਾਲ, ਗੁੱਸੇ ਨਾਲ, ਦਲੀਲ ਨਾਲ, ਰੋਅਬ ਨਾਲ, ਹੁਕਮ ਨਾਲ, ਧਮਕੀ ਨਾਲ ਜਾਂ ਜਿਵੇਂ ਵੀæææ ਜਿਸ ਦਾ ਜਿੰਨਾ ਹੱਥ ਪੈਂਦਾ ਹੋਵੇ। ਇਸ ਤੋਂ ਬਾਅਦ ਲਾਹਨਤਾਂ ਪਾ ਕੇ ਹੱਥ ਖੜ੍ਹੇ ਕਰ ਕੇ ਰਿਸ਼ਤੇਦਾਰ ਮਾਪਿਆਂ ਸਾਹਮਣੇ ਬੇਵਸੀ ਜ਼ਾਹਿਰ ਕਰ ਦੇਣਗੇ। ਜਾਂਦੀ ਵਾਰ ਕੋਈ ਅੱਥਰੂਆਂ ਭਰੀਆਂ ਅੱਖਾਂ ਨਾਲ ਕੁੜੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਇਹ ਬੋਲ ਕਹਿ ਸਕਦਾ/ਸਕਦੀ ਹੈ ਕਿ ‘ਸਾਡਾ ਫ਼ਰਜ਼ ਤਾਂ ਸਮਝਾਉਣਾ ਸੀ’ ਜਾਂ ‘ਸਾਡਾ ਕਿਹੜਾ ਜ਼ੋਰ ਚੱਲਦੈ’ ਜਾਂ ‘ਅਸੀਂ ਤਾਂ ਤੇਰੇ ਭਲੇ ਦੀ ਗੱਲ ਕਰਦੇ ਆਂ।’ ਇਸ ਤੋਂ ਬਾਅਦ ਬਾਪੂ ਤਾਂ ਰਿਸ਼ਤੇਦਾਰ ਨੂੰ ਇਹੋ ਕਹੇਗਾ ਕਿ ‘ਕੱਲ੍ਹ ਨੂੰ ਮੈਨੂੰ ‘ਲਾਂਭਾ ਨਾ ਦਿਓ, ਹੁਣੇ ਸਮਝਾ ਲਓ ਜੇ ਸਮਝਦੀ ਆ।’ ਇਨ੍ਹਾਂ ਹਾਲਾਤ ਵਿਚ ਆਖ਼ਰੀ ਉਪਰਾਲੇ ਵਜੋਂ ਸਿਰ ਜੋੜ ਕੇ ਬੈਠਾ ਕੁਨਬਾ ਕੁੜੀ ਨੂੰ ਇਹ ਸੁਆਲ ਕਰਦਾ ਹੈ, “ਤੂੰ ਕਰਨਾ ਕੀ ਹੈ?” ਕੁੜੀ ਦਾ ਜੁਆਬ ਇਕ ਸ਼ਬਦ ਵਿਚ ਹੈ, “ਇਨਕਲਾਬ।” ਇਸ ਤੋਂ ਬਾਅਦ ਕੁੜੀ ਨੂੰ ਕੁੱਟਿਆ ਜਾਂਦਾ ਹੈ। ਕਿਤਾਬਾਂ ਉਸ ਦੇ ਸਾਹਮਣੇ ਪਾੜ ਕੇ ਸੁੱਟੀਆਂ ਜਾਂਦੀਆਂ ਹਨ। ਕੰਧਾਂ ਉਤੇ ਲੱਗੇ ਪੋਸਟਰ ਪਾੜ ਕੇ ਪੈਰਾਂ ਥੱਲੇ ਮਧੋਲੇ ਜਾਂਦੇ ਹਨ। ਖ਼ੂਨ ਅਤੇ ਪਸੀਨੇ ਵਿਚ ਲੱਥਪੱਥ ਕੁੜੀ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰਨ ਮੌਕੇ ਐਲਾਨ ਕੀਤਾ ਜਾਂਦਾ ਹੈ, “ਤੇਰੇ ਸਿਰ ਵਿਚੋਂ ਭਗਤ ਸਿੰਘ ਕੱਢਣਾਂ।”
ਆਸਟਰੀਅਨ ਫਿਲਮ ‘ਟੂ ਹਾਵਜ਼’ ਦਾ ਦ੍ਰਿਸ਼ ਪੰਜਾਬੀ ਪਿਉ ਦੇ ਇਸ ਐਲਾਨ ਨੂੰ ਸਮੇਂ-ਸਥਾਨ ਦੀਆਂ ਹੱਦਾਂ ਤੋਂ ਪਾਰ ਕਰਾ ਦਿੰਦਾ ਹੈ। ਜੰਗੀ ਕੈਦੀਆਂ ਤੋਂ ਮੁਸ਼ੱਕਤੀ ਛਾਉਣੀਆਂ ਵਿਚ ਖੰਦਕਾਂ ਪੁੱਟਣ ਅਤੇ ਮੋਰਚੇ ਬਣਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਮੁਸ਼ੱਕਤੀ ਕੈਦੀਆਂ ਦੇ ਪਿੰਡੇ ਉਤੇ ਤਸ਼ਦੱਦ ਦੇ ਨੀਲਾਂ ਅਤੇ ਪੱਟੀਆਂ ਤੋਂ ਸੱਖਣੀ ਥਾਂ ਲੱਭਣੀ ਮੁਸ਼ਕਿਲ ਹੈ। ਇਸੇ ਦੌਰਾਨ ਕੈਮਰਾ ਬਦ ਤੋਂ ਬਦਤਰ ਵੱਲ ਜਾਂਦਾ ਹੈ। ਇੱਕ ਬੰਦੇ ਨੂੰ ਦਰਖ਼ਤ ਨਾਲ ਉਲਟਾ ਟੰਗਿਆ ਹੋਇਆ ਹੈ। ਤਸ਼ੱਦਦ ਮਾਹਰ ਐਲਾਨ ਕਰਦਾ ਹੈ, “ਇਸ ਦੇ ਸਿਰ ਵਿਚੋਂ ਕਮਿਉਨਿਜ਼ਮ ਕੱਢਣਾਂ।” ਪੰਜਾਬੀ ਪਿਉ ਦਾ ਹਿਟਲਰ ਦੇ ਪਿਆਦਿਆਂ ਨਾਲ ਕੀ ਰਿਸ਼ਤਾ ਹੈ ਭਲਾ?
ਪੰਜਾਬ ਵਿਚ ਤਕਰੀਬਨ ਹਰ ਜੀਅ ਦੇ ਕੰਨੀਂ ਇਹ ਐਲਾਨ ਗੁਰਦੁਆਰਿਆਂ ਵਿਚ ਹੁੰਦੀ ਅਰਦਾਸ ਰਾਹੀਂ ਪੈਂਦਾ ਹੈ। ਅਰਦਾਸ ਵਿਚ ਚਰਖੜੀਆਂ ਉਤੇ ਚੜ੍ਹਨ ਅਤੇ ਬੰਦ-ਬੰਦ ਕਟਵਾ ਕੇ ਅਕੀਦਾ ਨਿਭਾਉਣ ਦੀ ਰਵਾਇਤ ਨੂੰ ਨਿਵਾਇਆ ਜਾਂਦਾ ਹੈ। ਇਹੋ ਅਰਦਾਸ ਕੱਚੇ, ਕਾਗ਼ਜ਼ੀ, ਵੱਟੇ ਅਤੇ ਮੁੱਲ ਦੇ ਵਿਆਹਾਂ ਉਤੇ ਵੀ ਹੁੰਦੀ ਹੈ। ਕੋਈ ਵਿਰਲੀ ਹੀ ਆਪਣੇ ਅਕੀਦਿਆਂ ਨੂੰ ਰਸਮੀ ਯਾਦ ਕਰਨ ਦੀ ਥਾਂ ਨਿਭਾਉਣ ਦਾ ਫ਼ੈਸਲਾ ਕਰ ਸਕਦੀ ਹੈ। ਆਪਣੇ ਘਰ ਵਿਚ ਕੈਦ ਕੁੜੀ ਆਪਣੀਆਂ ਕਿਤਾਬਾਂ ਦੇ ਪੰਨੇ ਜੋੜ ਕੇ ਪੜ੍ਹ ਵੀ ਸਕਦੀ ਹੈ। ਫਟੀਆਂ ਤਸਵੀਰਾਂ ਦਾ ਅਕਸ ਕਿਸੇ ਦੇ ਦਿਲ ਵਿਚ ਜੁੜਿਆ ਵੀ ਰਹਿ ਸਕਦਾ ਹੈ।
ਉਪਰਲੀ ਕਹਾਣੀ ਸਾਡੇ ਸਮਿਆਂ ਦੀ ਨੁਮਾਇੰਦਗੀ ਕਰਨ ਲਈ ਸੁਣਾਈ ਜਾ ਸਕਦੀ ਹੈ। ਇਹ ਸੁਆਲ ਤਾਂ ਆਵੇਗਾ ਕਿ ਉਸ ਕੁੜੀ ਉਰਫ਼ ਇਨਕਲਾਬ ਕੌਰ ਦਾ ਕੀ ਬਣਿਆ? ਉਹ ਇਸ ਵੇਲੇ ਇਰਾਦਾ ਕਤਲ ਦੇ ਇਲਜ਼ਾਮ ਹੇਠ ਫ਼ਰੀਦਕੋਟ ਜੇਲ੍ਹ ਵਿਚ ਬੰਦ ਹੈ। ਇਰਾਦਾ ਕਤਲ ਦਾ ਮਸਲਾ ਸਿਰਫ਼ ਕਾਨੂੰਨ ਦੀ ਧਾਰਾ 307 ਨਹੀਂ ਹੈ। ਇਹ ਸਮਾਜ ਦੀ ਸਮਝ ਅਤੇ ਸਮਾਜਕ ਸੋਚ ਨਾਲ ਜੁੜਿਆ ਹੋਇਆ ਹੈ। ਪੰਜਾਬੀਆਂ ਲਈ ਜਿਉਣਾ ਵਿਦੇਸ਼ ਜਾਣ ਅਤੇ ਮਰਨਾ ਪੰਜਾਬ ਵਿਚ ਰਹਿਣ ਨਾਲ ਜੁੜਿਆ ਜਾਪਦਾ ਹੈ। ਇਨ੍ਹਾਂ ਹਾਲਾਤ ਵਿਚ ਇਨਕਲਾਬ ਕੌਰ ਨੇ ‘ਜ਼ਿੰਦਗੀ’ ਨੂੰ ਧੱਕਾ ਮਾਰਿਆ ਹੈ। ‘ਖ਼ੁਦਕੁਸ਼ੀ ਕਰਨ’ ਦਾ ਨਾ-ਕਾਮਯਾਬ ਉਪਰਾਲਾ ਇਰਾਦਾ ਕਤਲ ਹੀ ਤਾਂ ਹੁੰਦਾ ਹੈ। ਕੁਝ ਦਿਨ ਪਹਿਲਾਂ ਤੱਕ ਖ਼ੁਦਕੁਸ਼ੀ ਦੇ ਨਾ-ਕਾਮਯਾਬ ਉਪਰਾਲੇ ਖ਼ਿਲਾਫ਼ ਧਾਰਾ 309 ਤਹਿਤ ਕਾਰਵਾਈ ਕੀਤੀ ਜਾਂਦੀ ਸੀ। ਮਾਮਲਾ ਤਾਂ ਉਹੋ ਹੈ ਪਰ ਕਾਨੂੰਨ ਆਪਣੀ ਕਾਰਵਾਈ ਵੱਖਰੀ ਧਾਰਾ ਹੇਠ ਕਰਦਾ ਹੈ। ਜੇ ਪੰਜਾਬ ਵਿਚ ਕੋਈ ਕਿਸੇ ਨੂੰ ਵਿਦੇਸ਼ ਜਾਣ ਤੋਂ ਰੋਕਦਾ ਹੈ ਤਾਂ ਇਸ ਨੂੰ ‘ਸਵਰਗ’ ਦੀ ਥਾਂ ‘ਨਰਕ’ ਵਿਚ ਧੱਕਣ ਦਾ ਜੁਰਮ ਮੰਨਿਆ ਜਾ ਸਕਦਾ ਹੈ। ਜਦੋਂ ਨਿਜ਼ਾਮ ਬੰਦੇ ਨੂੰ ਸੀਲ ਸ਼ਹਿਰੀ ਬਣਾਉਣ ਦੇ ਕਾਰਖ਼ਾਨੇ ਚਲਾ ਰਿਹਾ ਹੋਵੇ ਤਾਂ ਇਨਕਲਾਬ ਕੌਰ ਹੋਣ ਦਾ ਮਤਲਬ ‘ਦੇਸ਼ ਧਰੋਹ’ ਹੀ ਤਾਂ ਹੈ। ਸਮਾਜਕ ਨਿਜ਼ਾਮ ਤੋਂ ਬਾਅਦ ਸਿਆਸੀ ਨਿਜ਼ਾਮ ਉਤੇ ਸੁਆਲ ਕਰਨਾ ਘੱਟੋ-ਘੱਟ ਇਰਾਦਾ ਕਤਲ ਤਾਂ ਬਣਦਾ ਹੀ ਹੈ। ਜੇ ਮੁੰਡੇ ਦੀ ਉਡੀਕ ਵਿਚ ਪੈਦਾ ਹੋਈ ਕੁੜੀ ਇਨਕਲਾਬ ਕਰਨ ਲਈ ਵਿਦੇਸ਼ ਜਾਣ ਤੋਂ ਇਨਕਾਰ ਕਰੇਗੀ ਤਾਂ ਇਸ ਨਾਲ ਨਿਜ਼ਾਮ ਦੀ ਹਰ ਚੂਲ਼ ਹਿੱਲਦੀ ਹੈ। ਵਿਦੇਸ਼ ਭੇਜਣ ਲਈ ਇੱਕ-ਜੁੱਟ ਸਮਾਜਕ, ਸਿਆਸੀ ਅਤੇ ਮਜ਼ਹਬੀ ਨਿਜ਼ਾਮ ਇਨਕਲਾਬ ਕੌਰ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸੇ ਲਈ ਉਹ ਜੇਲ੍ਹ ਵਿਚ ਬੰਦ ਹੈ। ਸਮਾਜਕ ਸੋਚ ਮੁਤਾਬਕ ਜੋ ਕਾਰਵਾਈ ਧਾਰਾ 309 ਤਹਿਤ ਹੋਣੀ ਚਾਹੀਦੀ ਸੀ, ਉਹ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਧਾਰਾ 307 ਤਹਿਤ ਕੀਤੀ ਜਾ ਰਹੀ ਹੈ।
ਮਾਪਿਆਂ ਨੇ ਕੁੜੀ ਦਾ ਨਾਮ ਇਨਕਲਾਬ ਕੌਰ ਨਹੀਂ ਰੱਖਿਆ। ਉਸ ਦਾ ਨਾਮ ਹਰਦੀਪ ਕੌਰ ਰੱਖਿਆ ਗਿਆ ਸੀ। ਕਮਰੇ ਵਿਚ ਬੰਦ ਕੀਤੀ ਹਰਦੀਪ ਦਾ ਮਾਪਿਆਂ ਨੇ ਪੂਰਾ ਧਿਆਨ ਰੱਖਿਆ ਸੀ। ਉਸ ਨੂੰ ਵੇਲੇ ਸਿਰ ਰੋਟੀ-ਪਾਣੀ ਦਿੱਤਾ ਜਾਂਦਾ ਸੀ ਅਤੇ ਕੁਝ ਦਿਨ ਬਾਅਦ ਕਮਰੇ ਤੋਂ ਬਾਹਰ ਜਾਣ ਲਈ ਸਮਾਂ ਦਿੱਤਾ ਜਾਂਦਾ ਸੀ। ਜਦੋਂ ਮਾਪਿਆਂ ਦਾ ‘ਭਰੋਸਾ ਬਹਾਲ’ ਹੋ ਗਿਆ ਤਾਂ ਇਨਕਲਾਬ ਕੌਰ ਨੂੰ ਮੌਕਾ ਮਿਲ ਗਿਆ। ਘਰੋਂ ਭੱਜੀ ਇਨਕਲਾਬ ਕੌਰ ਦੇ ਸਾਰੇ ਦਸਤਾਵੇਜ਼ ਕੁਝ ਦਿਨਾਂ ਬਾਅਦ ਉਸ ਤੱਕ ਪਹੁੰਚਾ ਦਿੱਤੇ ਗਏ। ਸੁਨੇਹਾ ਸਾਫ਼ ਸੀ ਕਿ ‘ਸਾਡੀ ਰਜ਼ਾ ਤੋਂ ਬਾਹਰ ਆਪਣਾ ਕੋਈ ਰਿਸ਼ਤਾ ਨਹੀਂ।’ ਇਹ ਸਮਾਜਕ ਨਿਜ਼ਾਮ ਦਾ ਐਲਾਨ ਹੈ ਜੋ ਸ਼ਰਤਾਂ ਉਤੇ ‘ਲਾਡ-ਪਿਆਰ’ ਅਤੇ ‘ਮੁੰਡਿਆਂ ਵਾਂਗ ਕੀਤੀ ਪਰਵਰਿਸ਼’ ਦਾ ਅਹਿਸਾਨ ਜਤਾਉਣਾ ਕਦੇ ਨਹੀਂ ਭੁੱਲਦਾ।
ਹਰਦੀਪ ਕੌਰ ਦੱਸਦੀ ਹੈ ਕਿ ਘਰ ਦੀ ਕੈਦ ਵਿਚ ਉਸ ਨੂੰ ਤਰਕਸ਼ੀਲ ਸਾਹਿਤ ਦਾ ਸਹਾਰਾ ਰਿਹਾ। ਉਸ ਨੇ ਸ਼ਰਧਾ ਦੇ ਘੇਰੇ ਵਿਚੋਂ ਨਿਕਲ ਕੇ ਦਲੀਲ ਨਾਲ ਸੁਆਲ ਕਰਨ ਸਿੱਖੇ। ਉਸ ਨੇ ਸਮਾਜ ਦੀ ਕਾਣੀ ਵੰਡ ਨੂੰ ਮਿਟਾਉਣਾ ਅਤੇ ਨਾਇਨਸਾਫ਼ੀ ਨੂੰ ਖ਼ਤਮ ਕਰਨਾ ਜ਼ਿੰਦਗੀ ਦਾ ਮਕਸਦ ਬਣਾ ਲਿਆ। ਵਿਦਿਆਰਥੀ ਜਦੋਂ ਸਰਕਾਰੀ ਅਦਾਰਿਆਂ ਵਿਚ ਪੜ੍ਹਾਈ ਨੂੰ ਆਪਣੀ ਪਹੁੰਚ ਵਿਚ ਲਿਆਉਣ ਦੀਆਂ ਮੰਗਾਂ ਕਰਦੇ ਹਨ ਤਾਂ ਇਨਕਲਾਬ ਕੌਰ ਸਰਗਰਮ ਭੂਮਿਕਾ ਨਿਭਾਉਂਦੀ ਹੈ। ਔਰਤਾਂ ਖ਼ਿਲਾਫ਼ ਗੀਤਾਂ ਅਤੇ ਫ਼ਿਲਮਾਂ ਰਾਹੀਂ ਹੁੰਦੇ ਹਿੰਸਕ ਪ੍ਰਚਾਰ ਦਾ ਵਿਰੋਧ ਕਰਨਾ ਉਸ ਦੀ ਸਿਆਸਤ ਦਾ ਹਿੱਸਾ ਹੈ। ਪਿੰਡਾਂ ਵਿਚ ਪੰਚਾਇਤੀ ਜ਼ਮੀਨਾਂ ਉਤੇ ਦਲਿਤਾਂ ਦੇ ਹਕੂਕ ਬਹਾਲ ਕਰਨ ਵਾਲੇ ਸੰਘਰਸ਼ਾਂ ਵਿਚ ਉਹ ਸ਼ਾਮਿਲ ਹੈ। ਸਮਾਜ ਨੂੰ ਦਰਦਮੰਦੀ ਅਤੇ ਇਨਸਾਫ਼ ਦੀਆਂ ਧਾਰਨਾਵਾਂ ਨਾਲ ਜੋੜਨਾ ਉਸ ਦੀ ਸਿਆਸਤ ਦਾ ਖ਼ਾਸਾ ਹੈ। ਇਸ ਰਾਹ ਉਤੇ ਤੁਰਦਿਆਂ ਨਿਜ਼ਾਮ ਦੀਆਂ ਵੱਖ-ਵੱਖ ਪਰਤਾਂ ਨਾਲ ਟਕਰਾਅ ਹੋਣਾ ਲਾਜ਼ਮੀ ਹੈ। ਜਦੋਂ ਮੋਗੇ ਵਿਚ ਔਰਬਿਟ ਬੱਸ ਵਿਚੋਂ ਧੱਕਾ ਦੇ ਕੇ ਨਾਬਾਲਗ਼ ਕੁੜੀ ਦਾ ਕਤਲ ਕੀਤਾ ਗਿਆ ਤਾਂ ਇਨਕਲਾਬ ਕੌਰ ਨੂੰ ਉਸ ਦੀ ਹੋਣੀ ‘ਰੱਬ ਦਾ ਭਾਣਾ’ ਨਹੀਂ ਜਾਪਦੀ ਸਗੋਂ ਇਹ ਨਿਜ਼ਾਮ ਦੀ ਸਿਆਸੀ ਹਿੰਸਾ ਦੇ ਕਰੂਰ ਪ੍ਰਗਟਾਵੇ ਵਜੋਂ ਸਮਝ ਆਉਂਦੀ ਹੈ। ਇਨਕਲਾਬ ਕੌਰ ਦੇ ‘ਘਰ ਵਾਲੇ ਬੰਦੀਖ਼ਾਨੇ’ ਤੋਂ ਮਕਤਲ ਵਿਚਲਾ ਫ਼ਾਸਲਾ ਤਕਰੀਬਨ ਪੰਦਰਾਂ ਕਿਲੋਮੀਟਰ ਹੈ। ਇਨਕਲਾਬ ਕੌਰ ਇਸ ਫ਼ਾਸਲੇ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਸਮਝਦੀ ਹੈ। ਉਹ ਇਸ ਫ਼ਾਸਲੇ ਦੇ ਚੱਪੇ-ਚੱਪੇ ਤੋਂ ਜਾਣੂ ਹੈ। ਉਸ ਨੂੰ ਕਿਤਾਬਾਂ ਪਾੜੇ ਜਾਣ ਵਾਲੇ ਕਮਰੇ ਅਤੇ ਮਕਤਲ ਦਾ ਸਮਾਜ ਸ਼ਾਸਤਰ ਤੇ ਸਿਆਸਤ ਸਮਝ ਆਉਂਦੀ ਹੈ। ਉਸ ਲਈ ਇਨ੍ਹਾਂ ਦੋਵਾਂ ਥਾਵਾਂ ਦੀ ਸਿਆਸਤ ਦੀ ਗੂੜ੍ਹੀ ਸਾਂਝ ਉਤੇ ਸੁਆਲ ਕਰਨਾ ਇਨਕਲਾਬ ਵੱਲ ਜਾਂਦਾ ਰਾਹ ਹੈ। ਜਦੋਂ ਉਹ ਕਤਲ ਦੇ ਮੁਲਜ਼ਮਾਂ ਦੇ ਨਾਲ ਬੱਸ ਦੇ ਮਾਲਕਾਂ ਦੀ ਹੈਂਕੜ ਅਤੇ ਸਰਕਾਰੀ ਸਰਪ੍ਰਸਤੀ ਦਾ ਰਿਸ਼ਤਾ ਬੇਪਰਦ ਕਰਦੀ ਹੈ ਤਾਂ ਨਿਜ਼ਾਮ ਆਪਣੇ ‘ਫ਼ਾਲਿਆਂ ਤੋਂ ਤਿੱਖੇ ਦੰਦ’ ਦਿਖਾਉਂਦਾ ਹੈ। ਇਕ ਪਾਸੇ ਮੁਆਵਜ਼ੇ ਅਤੇ ਵਾਅਦਿਆਂ ਦੀ ਸਿਆਸਤ ਹੁੰਦੀ ਹੈ ਅਤੇ ਦੂਜੇ ਪਾਸੇ ਕਾਤਲਾਂ ਦੀ ਸ਼ਨਾਖ਼ਤ ਕਰਨ ਵਾਲਿਆਂ ਨੂੰ ਸਿਆਸੀ ਕਹਿ ਕੇ ਰੱਦ ਕੀਤਾ ਜਾਂਦਾ ਹੈ। ਇਨਕਲਾਬ ਕੌਰ ਤਾਂ ਮੰਨਦੀ ਹੈ ਕਿ ਇਹ ਸਿਆਸੀ ਕਤਲ ਹੈ ਅਤੇ ਇਸ ਉਤੇ ਸੁਆਲ ਕਰਨਾ ਸਿਆਸਤ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ‘ਅਮਰੀਕਾ ਤੋਰਨ ਲਈ ਤਹੂ’ ਅਤੇ ‘ਮੁਆਵਜ਼ਾ ਲੈਣ ਵਾਲੇ’ ਬਾਪੂਆਂ ਵਿਚ ਕਿੰਨੀ ਸਾਂਝ ਹੈ। ਇਨ੍ਹਾਂ ‘ਬਾਪੂਆਂ’ ਦਾ ਪਸਾਰਾ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਹੈ।
ਜ਼ਿਲ੍ਹਾ ਮੋਗਾ ਦੇ ਪਿੰਡ ਕੋਟਲਾ ਮਿਹਰ ਸਿੰਘ ਤੋਂ ਬੇਦਖ਼ਲ ਕੀਤੀ ਗਈ ਹਰਦੀਪ ਕੌਰ ਨੂੰ ਉਸ ਦੇ ਸਾਥੀਆਂ ਸਮੇਤ ਇਰਾਦਾ ਕਤਲ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਉਸ ਨੂੰ ਇਹ ਵੀ ਸਾਫ਼ ਹੋ ਗਿਆ ਹੋਵੇਗਾ ਕਿ ਘਰ ਦੇ ਬੰਦੀਖ਼ਾਨਿਆਂ, ਮਕਤਲ ਅਤੇ ਜੇਲ੍ਹਾਂ ਦੀ ਆਪਸੀ ਸਾਂਝ ਕਿੰਨੀ ਪੀਡੀ ਹੈ। ਮੌਜੂਦਾ ਮਾਹੌਲ ਵਿਚ ਇਨਕਲਾਬ ਕੌਰ ਹੋਣ ਦੇ ਮਾਅਨੇ ਕੀ ਹਨ? ਇਹ ਸੁਆਲ ਸਿਰਫ਼ ਹਰਦੀਪ ਕੌਰ ਲਈ ਅਹਿਮ ਨਹੀਂ ਹੈ। ਇਹ ਪੰਜਾਬੀ ਕੁੜੀ ਵੱਲੋਂ ਮਾਪਿਆਂ ਦੀ ਬੇਗ਼ੈਰਤ ‘ਬੰਦਖ਼ਲਾਸੀ’ ਦੀ ਥਾਂ ਸਮਾਜ ਦੀ ਵਡੇਰੀ ਜ਼ਿੰਮੇਵਾਰੀ ਨਿਭਾਉਣ ਦਾ ਵਾਅਦਾ ਹੈ। ਇਹ ਪੰਜਾਬ ਦੀ ਪਛਾਣ ਅਤੇ ਨਿਜ਼ਾਮ ਦੇ ਗ਼ੈਰ-ਮਨੁੱਖੀ ਖ਼ਾਸੇ ਨੂੰ ਸਮਝਣ ਦਾ ਮਸਲਾ ਹੈ। ਜਦੋਂ ਕੋਈ ਆਪਣਿਆਂ ਦੇ ਬੇਗ਼ਾਨੇ ਹੋਣ ਦੇ ਨਾਲ-ਨਾਲ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਬਾਅਦ ਫਟੇ ਕਾਗ਼ਜ਼ਾਂ ਨੂੰ ਜੋੜ ਕੇ ਪੜ੍ਹਦੀ ਹੈ ਤਾਂ ਇਹ ਕਾਗ਼ਜ਼ ਭਗਤ ਸਿੰਘ ਦੀ ਕਿਤਾਬ ਹੋ ਨਿਬੜਦੇ ਹਨ। ਇਹ ਆਖ਼ਰੀ ਮੌਕੇ ਅਧ-ਪੜ੍ਹੀ ਛੱਡੀ ਭਗਤ ਸਿੰਘ ਦੀ ਕਿਤਾਬ ਦਾ ਅਗਲਾ ਵਰਕਾ ਪੜ੍ਹਨਾ ਹੈ। ਜਦੋਂ ਪੰਜਾਬੀ ਸਵਰਗ ਦੀ ਭਾਲ ਵਿਚ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹੋਣ ਤਾਂ ਇਨਕਲਾਬ ਕੌਰ ਹੋਣ ਦਾ ਮਤਲਬ ਬੋਤਾ ਸਿੰਘ-ਗਰਜਾ ਸਿੰਘ ਦੀ ਰੀਤ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਨਾ ਹੈ। ਸਮੇਂ ਦੀਆਂ ਵੱਡੀਆਂ ਤਾਕਤਾਂ ਦੇ ਮੂੰਹ-ਜ਼ੋਰ ਰੁਝਾਨ ਅੱਗੇ ਹਿੱਕ ਢਾਹ ਕੇ ਖੜ੍ਹੋ ਜਾਣਾ ਇਨ੍ਹਾਂ ਦੇ ਹਿੱਸੇ ਆਇਆ ਹੈ। ਬੇਦਖ਼ਲੀ ਤੋਂ ਬਾਅਦ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਨਾਲ ਜੋੜੀ ਰੱਖਣਾ ਪਿਤਾ-ਪੁਰਖ਼ੀ ਨਿਜ਼ਾਮ ਖ਼ਿਲਾਫ਼ ਨਾਬਰੀ ਹੈ। ਹਰਦੀਪ ਕੌਰ ਤੋਂ ਹਰਦੀਪ ਕੌਰ ਕੋਟਲਾ ਹੋ ਜਾਣਾ ਸਚੇਤ ਫ਼ੈਸਲਾ ਹੀ ਹੋ ਸਕਦਾ ਹੈ। ਹੁਣ ਤੱਕ ਅਹਿਸਾਨਾਂ ਨਾਲ ਕੁੜੀਆਂ ਪਾਲਣ ਵਾਲੇ ਸਮਾਜ ਨੂੰ ਸਿੱਧਾ ਮੁਖ਼ਾਤਬ ਹੋ ਕੇ ਇਹ ਕਹਿਣਾ ਇਨਕਲਾਬ ਕੌਰ ਦੇ ਹਿੱਸੇ ਆਇਆ ਹੈ ਕਿ ਆਪਣੀ ਰਜ਼ਾ ਵਿਚ ਮਾਣ-ਸਨਮਾਨ ਨਾਲ ਜਿਉਣਾ ਹਰ ਜੀਅ ਦਾ ਜਮਾਂਦਰੂ ਹੱਕ ਹੈ। ਉਹ ਘਰ ਦੇ ਬੰਦੀਖ਼ਾਨੇ ਵਿਚੋਂ ਦਲੀਲਾਂ ਦੀ ਬੋਲੀ ਸਿੱਖ ਕੇ ਤੁਰੀ ਹੈ। ਇਸ ਬੋਲੀ ਦਾ ਹਰ ਬੋਲ ਨਿਜ਼ਾਮ ਦੇ ਮਨੁੱਖ ਨੂੰ ਸੀਲ ਸ਼ਹਿਰੀ ਅਤੇ ਮੰਡੀ ਦੇ ਮਨੁੱਖ ਨੂੰ ਸੀਲ ਖ਼ਪਤਕਾਰ ਬਣਾਉਣ ਦੇ ਖ਼ਾਸੇ ਉਤੇ ਸੁਆਲ ਕਰਦਾ ਹੈ। ਇਹ ਸ਼ਰਧਾ ਦਾ ਹਰ ਰਿਸ਼ਤਾ ਰੱਦ ਕਰ ਕੇ ‘ਸਰਬਤ ਦੇ ਭਲੇ’ ਵਾਲੀ ਅਰਦਾਸ ਸਨਮੁੱਖ ਆਪਣੇ-ਆਪ ਨੂੰ ਸਰਬਤ ਦੇ ਹਿੱਸੇ ਵਜੋਂ ਪਛਾਣਨ ਦਾ ਉਪਰਾਲਾ ਹੈ।
ਜਦੋਂ ਇਨਕਲਾਬ ਕੌਰ ਨੇ ਅਮਰੀਕਾ ਜਾਣ ਤੋਂ ਇਨਕਾਰ ਕੀਤਾ ਸੀ ਤਾਂ ਇਸ ਦਾ ਮਤਲਬ ਪੰਜਾਬ ਦੀ ਜ਼ਿੰਦਗੀ ਨਾਲ ਇਕਰਾਰ ਕਰਨਾ ਸੀ। ਜਹਾਜ਼ੇ ਚੜ੍ਹਨ ਤੋਂ ਇਨਕਾਰ ਕਰਨ ਦਾ ਮਤਲਬ ਪੰਜਾਬ ਨੂੰ ਜਿਉਣਯੋਗ ਖ਼ਿੱਤਾ ਬਣਾਉਣ ਦਾ ਹੋਕਾ ਵੀ ਹੈ। ਇਹ ਇਕ ਪਾਸੇ ਸਵਰਗ ਲੱਭਣ ਲਈ ਪੰਜਾਬ ਤੋਂ ਬਾਹਰ ਜਾਣ ਤੋਂ ਇਨਕਾਰ ਕਰਨਾ ਹੈ ਅਤੇ ਦੂਜੇ ਪਾਸੇ ਪੰਜਾਬ ਨੂੰ ‘ਕੈਲੀਫੋਰਨੀਆ’ ਬਣਾਉਣ ਦੇ ਵਾਅਦਿਆਂ ਵਾਲੀਆਂ ਆਦਮਖ਼ੋਰ ਸਿਆਸਤ ਨੂੰ ਸਿੱਧਾ ਹੋ ਕੇ ਟੱਕਰਨਾ ਹੈ। ਇਸ ਇਨਕਾਰ ਨਾਲ ਇਹ ਦਾਅਵੇਦਾਰੀ ਮਜ਼ਬੂਤ ਹੁੰਦੀ ਹੈ ਕਿ ਪੰਜਾਬਣਾਂ ਮਰਦਾਂ ਦਾ ਯਰਗਮਾਲ ਨਹੀਂ ਹਨ। ਇਹ ਔਰਤ ਦੇ ਖ਼ੁਦਮੁਖ਼ਤਾਰ ਰੁਤਬੇ ਦਾ ਬੁਲੰਦ ਐਲਾਨ ਹੈ।
ਇਹ ਹੋ ਸਕਦਾ ਹੈ ਕਿ ਇਨਕਲਾਬ ਕੌਰ ਦੀ ਧਿਰ ਨੂੰ ਵੱਡੀ ਕਾਮਯਾਬੀ ਹਾਸਲ ਨਾ ਹੋਵੇ, ਪਰ ਉਨ੍ਹਾਂ ਨੇ ਪੰਜਾਬ ਵਿਚ ਗ਼ੈਰਤ ਦੀ ਫ਼ਸਲ ਬੀਜੀ ਹੈ। ਇਨਕਲਾਬ ਕੌਰ ਨੇ ਘਰ ਦੇ ਬੰਦੀਖ਼ਾਨੇ ਵਿਚ ਦਲੀਲ ਅਤੇ ਦਰਦਮੰਦੀ ਦੀ ਰੀਤ ਕਾਇਮ ਰੱਖੀ ਹੈ। ਨਤੀਜੇ ਵਜੋਂ ਉਹ ਇਸ ਰੀਤ ਦੀ ਸਿਆਸਤ ਦੀ ਲਗਾਤਾਰਤਾ ਕਾਇਮ ਰੱਖਣ ਵਾਲੀ ਕੜੀ ਬਣੀ ਹੈ। ਹਕੂਮਤ ਨੇ ਆਪਣੇ ਖ਼ਾਸੇ ਮੁਤਾਬਕ ਉਸ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਹ ਆਪਣੇ ਵਿਦਿਆਰਥੀ ਸਾਥੀਆਂ ਸਮੇਤ ਔਰਬਿਟ ਦੀ ਬੱਸ ਉਤੇ ਹਮਲੇ ਤੋਂ ਬਾਅਦ ਇਰਾਦਾ ਕਤਲ ਦੇ ਮਾਮਲੇ ਵਿਚ ਫੜੀ ਗਈ ਹੈ। ਇਤਿਹਾਸ ਕਦੇ ਉਸ ਦੇ ਕੰਮਾਂ ਨੂੰ ਮਨੁੱਖ ਦੀ ਗ਼ੈਰਤ ਬਹਾਲ ਰੱਖਣ ਅਤੇ ਪੰਜਾਬ ਨੂੰ ਜ਼ਿੰਦਗੀ ਦਾ ਵਰਦਾਨ ਦੇਣ ਵਾਲੇ ਉਪਰਾਲਿਆਂ ਵਜੋਂ ਦਰਜ ਕਰੇਗਾ। ਇਤਿਹਾਸ ਵਿਚ ਇਹ ਦਰਜ ਹੋਵੇਗਾ ਕਿ ਜਦੋਂ ‘ਨੰਨ੍ਹੀ ਛਾਂ’ ਹੁਕਮਰਾਨ ਧਿਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਤਾਂ ਇਨਕਲਾਬ ਕੌਰ ਨੇ ਆਪਣੀ ਜ਼ਿੰਦਗੀ ਦਾ ਮਕਸਦ ਇਕ ਸ਼ਬਦ ਵਿਚ ਬਿਆਨ ਕੀਤਾ ਸੀ। ਇਹ ਪੰਜਾਬ ਨੂੰ ਕੈਲੀਫੋਰਨੀਆ ਜਾਣ ਅਤੇ ਬਣਨ ਤੋਂ ਰੋਕ ਕੇ ਇਸ ਨੂੰ ਪ੍ਰੋæ ਪੂਰਨ ਸਿੰਘ, ਫਿਰੋਜ਼ਦੀਨ ਸ਼ਰਫ਼ ਅਤੇ ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਵਰਗੀ ਬੇਪਰਵਾਹੀ ਨਾਲ ਨਿਵਾਜਣ ਦਾ ਕਰਾਰ ਹੈ। ਪੰਜਾਬੀਆਂ ਦੇ ਇਸ ਨਾਬਰ ਖ਼ਾਸੇ ਦਾ ਐਲਾਨ ਕਬੀਰ ਨੇ ਕੀਤਾ ਹੈ, “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” ਜੇ ਹੁਕਮਰਾਨ ਨੂੰ ਕਬੀਰ ਦੇ ਇਨ੍ਹਾਂ ਬੋਲਾਂ ਵਿਚ ਇਰਾਦਾ ਕਤਲ ਦਿਖਾਈ ਦਿੰਦਾ ਹੈ ਤਾਂ ਉਹ ਆਪਣੀ ਰੀਤ ਦੇ ਸੱਚੇ ਪੈਰੋਕਾਰ ਹਨ। ਪ੍ਰੋæ ਪੂਰਨ ਸਿੰਘ ਨੇ ਸ਼ਾਇਦ ਇਨਕਲਾਬ ਕੌਰ ਅਤੇ ਉਸ ਦੇ ਸਾਥੀਆਂ ਬਾਰੇ ਹੀ ਲਿਖਿਆ ਸੀ, “ਆ ਵੀਰਾ ਰਾਂਝਿਆ! ਆ ਭੈਣੇ ਹੀਰੇ! ਸਾਨੂੰ ਛੋੜ ਨਾ ਜਾਓ, ਤੁਸਾਂ ਬਿਨ ਅਸੀਂ ਸੱਖਣੇ।”