ਸਲਮਾਨ ਖਾਨ: ਨਾਇਕ ਕਿ ਖਲਨਾਇਕ?

ਮੁੰਬਈ: ਇਸ ਹਫਤੇ ਸਮੁੱਚੇ ਭਾਰਤੀ ਮੀਡੀਆ ਵਿਚ ਸਲਮਾਨ ਖਾਨ ਕੇਸ ਦੀ ਖੂਬ ਚਰਚਾ ਰਹੀ। ਇਸ ਕੇਸ ਦੇ ਸਿਲਸਿਲੇ ਵਿਚ ਸਲਮਾਨ ਖਾਨ ਨੂੰ ਬਹੁਤ ਜ਼ਿਆਦਾ ਕਵਰੇਜ ਦੇਣ ਕਰ ਕੇ ਭਾਵੇਂ ਮੀਡੀਆ ਦੇ ਇਕ ਹਿੱਸੇ ਦੀ ਬੜੀ ਤਿੱਖੀ ਆਲੋਚਨਾ ਵੀ ਹੋਈ ਹੈ, ਪਰ ਮੀਡੀਆ ਦੇ ਇਕ ਹਿੱਸੇ ਨੇ ਇਸ ਕੇਸ ਨਾਲ ਜੁੜੇ ਕਈ ਅਹਿਮ ਪੱਖ ਉਭਾਰਨ ਦਾ ਯਤਨ ਵੀ ਕੀਤਾ ਹੈ।

ਇਸ ਯਤਨ ਕਰ ਕੇ ਹੀ ਇਸ ਕੇਸ ਦੀ ਤਹਿ ਵਿਚ ਪਏ ਕੁਝ ਤੱਥ ਅਤੇ ਪੱਖ ਉਭਰ ਕੇ ਸਭ ਦੇ ਸਾਹਮਣੇ ਆ ਸਕੇ ਹਨ। ਇਹ ਕੇਸ ਪੂਰੇ 13 ਸਾਲ ਚੱਲਿਆ ਅਤੇ ਸਲਮਾਨ ਖਾਨ ਨੂੰ ਪੰਜ ਸਾਲ ਕੈਦ ਦੀ ਸਜ਼ਾ ਹੋਈ।
ਯਾਦ ਰਹੇ ਕਿ ਫਿਲਮ ਅਦਾਕਾਰ ਸਲਮਾਨ ਖਾਨ ਨੇ 2002 ਵਿਚ ਆਪਣੀ ਕਾਰ ਫੁੱਟਪਾਥ ਉਤੇ ਚੜ੍ਹਾ ਦਿੱਤੀ ਸੀ, ਸਿੱਟੇ ਵਜੋਂ ਉਥੇ ਸੁੱਤੇ ਪਏ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ ਅਤੇ ਚਾਰ ਜ਼ਖਮੀ ਹੋ ਗਏ ਸਨ। 13 ਸਾਲ ਬਾਅਦ ਆਏ ਫੈਸਲੇ ਤੋਂ ਬਾਅਦ ਹਾਈ ਕੋਰਟ ਨੇ ਸਿਰਫ ਦੋ ਘੰਟੇ ਵਿਚ ਸਲਮਾਨ ਨੂੰ ਆਰਜ਼ੀ ਜ਼ਮਾਨਤ ਦੇ ਦਿੱਤੀ। ਸਲਮਾਨ ਨੂੰ ਇਕ ਮਿੰਟ ਵੀ ਜੇਲ੍ਹ ਅੰਦਰ ਨਹੀਂ ਜਾਣਾ ਪਿਆ। ਹੁਣ ਸਮੁੱਚੇ ਮੀਡੀਆ ਵਿਚ ਅਦਾਲਤਾਂ ਅਤੇ ਜੱਜਾਂ ਦੇ ਕਾਰ ਅਤੇ ਵਿਹਾਰ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਵੱਡੀ ਗੱਲ ਹੈ ਕਿ ਸੈਸ਼ਨ ਕੋਰਟ ਦੇ ਜੱਜ ਡੀæਡਬਲਿਊæ ਦੇਸ਼ਪਾਂਡੇ ਨੇ ਮਿਸਾਲ ਕਾਇਮ ਕਰਦਿਆਂ ਸਲਮਾਨ ਖਾਨ ਦੇ ਵਕੀਲਾਂ ਵੱਲੋਂ ਵਰਤਿਆ ਹਰ ਹੱਥਕੰਡਾ ਫੇਲ੍ਹ ਕਰ ਦਿੱਤਾ ਅਤੇ ਉਸ ਨੂੰ ਸਜ਼ਾ ਸੁਣਾ ਦਿੱਤੀ। ਫੈਸਲੇ ਮੁਤਾਬਕ, ਸਲਮਾਨ ਖਾਨ ਗੈਰ-ਇਰਾਦਤਨ ਕਤਲ ਦਾ ਦੋਸ਼ੀ ਹੈ, ਘਟਨਾ ਵੇਲੇ ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਕੋਲ ਲਾਇਸੈਂਸ ਵੀ ਨਹੀਂ ਸੀ। ਉਂਝ, ਜੱਜ ਤੋਂ ਇਕ ਅਣਗਹਿਲੀ ਜ਼ਰੂਰ ਹੋ ਗਈ। ਸੁਪਰੀਮ ਕੋਰਟ ਦੀ ਹਦਾਇਤ ਹੈ ਅਤੇ ਹੁਣ ਤੱਕ ਇਹੀ ਹੁੰਦਾ ਆਇਆ ਹੈ ਕਿ ਜਿਸ ਦਿਨ ਸਬੰਧਤ ਬੰਦੇ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਸਜ਼ਾ ਉਸ ਦਿਨ ਨਹੀਂ ਸੁਣਾਈ ਜਾਂਦੀ। ਨਤੀਜੇ ਵਜੋਂ ਬੰਦੇ ਨੂੰ ਇਕ ਵਾਰ ਤਾਂ ਜੇਲ੍ਹ ਜਾਣਾ ਹੀ ਪੈਂਦਾ ਹੈ। ਇਸ ਕੇਸ ਵਿਚ ਜੱਜ ਦੇਸ਼ਪਾਂਡੇ ਨੇ ਜਿਸ ਦਿਨ ਉਸ ਨੂੰ ਦੋਸ਼ੀ ਠਹਿਰਾਇਆ, ਉਸੇ ਦਿਨ ਸਜ਼ਾ ਵੀ ਸੁਣਾ ਦਿੱਤੀ ਅਤੇ ਸਲਮਾਨ ਖਾਨ ਦੇ ਵਕੀਲਾਂ ਨੇ ਹਾਈ ਕੋਰਟ ਵਿਚ ਇਹ ਦਲੀਲ ਦੇ ਕੇ, ਕਿ ਉਨ੍ਹਾਂ ਨੂੰ ਫੈਸਲੇ ਦੀ ਪੂਰੀ ਕਾਪੀ ਨਹੀਂ ਮਿਲੀ, ਸਿਰਫ ਅਗਲੇ ਦੋ ਸਫੇ ਹੀ ਮਿਲੇ ਹਨ, ਸਿਰਫ ਦੋ ਘੰਟੇ ਵਿਚ ਹੀ ਆਰਜ਼ੀ ਜ਼ਮਾਨਤ ਲੈ ਲਈ। ਅਸਲ ਵਿਚ ਸਲਮਾਨ ਦੇ ਵਕੀਲਾਂ ਨੇ ਇੰਨੀ ਜ਼ਿਆਦਾ ਤਿਆਰੀ ਕੀਤੀ ਹੋਈ ਸੀ ਕਿ ਆਰਜ਼ੀ ਜ਼ਮਾਨਤ ਖਤਮ ਹੋਣ ਤੋਂ ਬਾਅਦ ਜੇ ਹਾਈਕੋਰਟ ਉਸ ਨੂੰ ਪੱਕੀ ਜ਼ਮਾਨਤ ਨਾ ਦਿੰਦੀ ਤਾਂ ਐਡਵੋਕੇਟ ਹਰਸ਼ ਸਾਲਵੇ ਸਲਮਾਨ ਵੱਲੋਂ ਸੁਪਰੀਮ ਕੋਰਟ ਵਿਚ ਅਰਜ਼ੀ ਪਾਉਣ ਲਈ ਪਹਿਲਾਂ ਹੀ ਦਿੱਲੀ ਪੁੱਜਿਆ ਹੋਇਆ ਸੀ।
___________________________________
ਪੈਸੇ ਦਾ ਜ਼ੋਰ ਅਤੇ ਇਨਸਾਫ
ਮੁੰਬਈ: ਇਸ ਕੇਸ ਨੇ ਇਹ ਚਰਚਾ ਜ਼ੋਰ-ਸ਼ੋਰ ਨਾਲ ਛੇੜ ਦਿੱਤੀ ਕਿ ਪੈਸੇ ਦੇ ਜ਼ੋਰ ਨਾਲ ਇਨਸਾਫ, ਅਦਾਲਤਾਂ ਅਤੇ ਜੱਜ ਵੀ ਖਰੀਦੇ ਜਾ ਸਕਦੇ ਹਨ। ਸਲਮਾਨ ਖਾਨ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਵਿਚ ਇਹ ਵੀ ਦਰਜ ਕਰਵਾਇਆ ਕਿ ਸਲਮਾਨ ਖਾਨ ਹੁਣ ਲੋਕ ਭਲਾਈ ਦੇ ਬਹੁਤ ਸਾਰੇ ਕੰਮ ਕਰ ਰਿਹਾ ਹੈ, ਪਰ ਘਟਨਾ ਵਿਚ ਮਾਰੇ ਗਏ ਸ਼ਖਸ ਨੂਰ-ਉਲ੍ਹਾ ਮਹਿਬੂਬ ਸ਼ਰੀਫ ਦੇ ਮੁੰਡੇ ਫਿਰੋਜ਼ ਸ਼ਰੀਫ (ਜੋ ਹੁਣ 25 ਸਾਲਾਂ ਦਾ ਹੈ) ਨੇ ਦੱਸਿਆ ਕਿ ਅੱਬਾ ਦੀ ਮੌਤ ਤੋਂ ਬਾਅਦ ਉਸ ਨੂੰ ਮਜ਼ਦੂਰੀ ਕਰਨ ਪਈ, ਸਿੱਟੇ ਵਜੋਂ ਪੜ੍ਹਾਈ ਛੁੱਟ ਗਈ। ਉਸ ਦੀ ਮਾਂ ਬੇਗਮ ਜਹਾਂ ਨੂੰ ਲੋਕਾਂ ਦੇ ਘਰੀਂ ਭਾਂਡੇ ਮਾਂਜਣੇ ਅਤੇ ਪੋਚੇ ਲਾਉਣੇ ਪਏ। ਪੈਸੇ ਪੱਖੋਂ ਬਹੁਤ ਔਖੀ ਹੋਈ ਬੇਗਮ ਜਹਾਂ ਇਕ ਵਾਰ ਮਦਦ ਲਈ ਸਲਮਾਨ ਖਾਨ ਦੇ ਘਰ ਤੱਕ ਵੀ ਚਲੀ ਗਈ ਸੀ, ਪਰ ਸੁਰੱਖਿਆ ਗਾਰਦ ਨੇ ਉਸ ਨੂੰ ਗਾਲ੍ਹਾਂ ਕੱਢ ਕੇ ਭਜਾ ਦਿੱਤਾ। ਬੇਗਮ ਜਹਾਂ ਕਹਿੰਦੀ ਹੈ- “ਲੋਕ ਕਹਿੰਦੇ ਹਨ ਕਿ ਸਲਮਾਨ ਬੜੇ ਦਿਲ ਵਾਲਾ ਹੈ, ਪਰ ਸਾਡੀ ਗੱਲ ਤਾਂ ਉਹਨੇ ਇਕ ਵਾਰ ਵੀ ਨਹੀਂ ਸੁਣੀ।” ਸਲਮਾਨ ਉਤੇ ਇਹ ਇਲਜ਼ਾਮ ਵੀ ਲਗਦਾ ਹੈ ਕਿ ਉਹਨੇ ਲੋਕ ਭਲਾਈ ਦੇ ਕੰਮ ਅਦਾਲਤ ਤੋਂ ਲਾਹਾ ਲੈਣ ਲਈ ਹੀ ਸ਼ੁਰੂ ਕੀਤੇ ਸਨ। ਨਹੀਂ ਤਾਂ ਉਸ ਨੂੰ ਪਤਾ ਹੀ ਸੀ ਕਿ ਬੇਗਮ ਜਹਾਂ ਅਤੇ ਹਾਦਸੇ ਵਿਚ ਫੱਟੜ ਹੋਏ ਚਾਰ ਜਣਿਆਂ ਦੇ ਪਰਿਵਾਰ ਔਖ ਵਿਚੋਂ ਲੰਘ ਰਹੇ ਹਨ, ਪਰ ਉਸ ਨੇ 13 ਸਾਲਾਂ ਵਿਚ ਇਕ ਵਾਰ ਵੀ ਇਨ੍ਹਾਂ ਦੀ ਸਾਰ ਨਹੀਂ ਲਈ।
______________________________________
ਅਸਲੀ ਗਵਾਹ ਰਵਿੰਦਰ ਦੀ ਕਹਾਣੀ
ਮੁੰਬਈ: ਘਟਨਾ ਹੋਣ ਤੋਂ ਬਾਅਦ ਸਲਮਾਨ ਖਾਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਉਥੋਂ ਭੱਜ ਨਿਕਲਿਆ। ਮਗਰੋਂ ਵਕੀਲਾਂ ਨੇ ਇਹ ਸਾਬਤ ਕਰਨ ਦਾ ਯਤਨ ਵੀ ਕੀਤਾ ਕਿ ਨੂਰ-ਉਲ੍ਹਾ ਦੀ ਮੌਤ ਉਸ ਵੇਲੇ ਹੋਈ ਜਦੋਂ ਕਰੇਨ ਹਾਦਸਾਗ੍ਰਸਤ ਕਾਰ ਨੂੰ ਲਾਂਭੇ ਕਰ ਰਹੀ ਸੀ ਅਤੇ ਹੁੱਕ ਵਿਚੋਂ ਨਿਕਲਣ ਕਾਰਨ ਕਾਰ ਇਨ੍ਹਾਂ ਬੰਦਿਆਂ ਉਤੇ ਡਿੱਗ ਪਈ। ਕਾਰ ਨਾ ਚਲਾਉਣ ਬਾਰੇ ਤਾਂ ਐਨ ਅਖੀਰ ਵਿਚ ਆ ਕੇ ਅਸ਼ੋਕ ਸਿੰਘ ਨਾਂ ਦੇ ਬੰਦੇ ਨੂੰ ਖੜ੍ਹਾ ਕਰ ਦਿੱਤਾ ਗਿਆ ਜਿਸ ਨੇ ਦਾਅਵਾ ਕੀਤਾ ਕਿ ਕਾਰ ਉਹ ਖੁਦ ਚਲਾ ਰਿਹਾ ਸੀ; ਹਾਲਾਂਕਿ ਉਸ ਕਾਰ ਵਿਚ ਬੈਠੇ ਸਲਮਾਨ ਦੇ ਸੁਰੱਖਿਆ ਗਾਰਡ ਰਵਿੰਦਰ ਪਾਟਿਲ ਨੇ ਬਿਆਨ ਦਿੱਤਾ ਸੀ ਕਿ ਉਹਨੇ ਸਲਮਾਨ ਨੂੰ ਕਾਰ ਹੌਲੀ ਚਲਾਉਣ ਲਈ ਕਿਹਾ ਸੀ, ਪਰ ਨਸ਼ੇ ਵਿਚ ਧੁੱਤ ਸਲਮਾਨ ਨਹੀਂ ਮੰਨਿਆ। ਰਵਿੰਦਰ ਨੇ ਅਦਾਲਤ ਵਿਚ ਜਿਹੜੀਆਂ ਗੱਲਾਂ ਰੱਖੀਆਂ, ਉਹ ਇਕ-ਇਕ ਕਰ ਕੇ ਸੱਚੀਆਂ ਸਾਬਤ ਹੋਈਆਂ। ਫਿਰ ਅਚਾਨਕ ਰਵਿੰਦਰ ਜੋ ਪੁਲਿਸ ਦਾ ਮੁਲਾਜ਼ਮ ਸੀ, ਅਦਾਲਤ ਵਿਚ ਆਉਣ ਤੋਂ ਹਟ ਗਿਆ, ਫਿਰ ਮੁੰਬਈ ਸ਼ਹਿਰ ਵਿਚੋਂ ਗਾਇਬ ਹੋ ਗਿਆ, ਫਿਰ ਉਸ ਦੀ ਨੌਕਰੀ ਵੀ ਛੁੱਟ ਗਈ। ਆਖਰ ਉਹ ਮਾਨਸਿਕ ਰੋਗੀ ਹੋ ਗਿਆ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗਾ। ਆਖਰਕਾਰ ਕਿਸੇ ਸਰਕਾਰੀ ਹਸਪਤਾਲ ਵਿਚ ਰੁਲਦਾ ਦਮ ਤੋੜ ਗਿਆ।