ਨੇਪਾਲ ਦਾ ਖੂਨੀ ਮੇਲਾ ਤੇ ਕੁਦਰਤ ਦਾ ਕਹਿਰ

ਕਾਠਮੰਡੂ: ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਤਕਰੀਬਨ 100 ਮੀਲ ਦੂਰ ਬਰਿਆਰਪੁਰ (ਜ਼ਿਲ੍ਹਾ ਬਾਰਾ) ਦੇ ਗੱਦੀ ਮਾਈ ਮੰਦਰ ਵਿਚ ਹਰ 5 ਸਾਲ ਬਾਅਦ ਮੇਲਾ ਭਰਦਾ ਹੈ ਜਿਸ ਵਿਚ ਪਸ਼ੂਆਂ ਦੀ ਸਮੂਹਿਕ ਬਲੀ ਦਿੱਤੀ ਜਾਂਦੀ ਹੈ। ਬਰਿਆਰਪੁਰ ਭਾਰਤ-ਨੇਪਾਲ ਸਰਹੱਦ ਦੇ ਐਨ ਨੇੜੇ ਪੈਂਦਾ ਹੈ।

ਗੱਦੀ ਮਾਈ ਨੂੰ ਸ਼ਕਤੀ ਦੀ ਦੇਵੀ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਖੁਸ਼ ਕਰਨ ਲਈ ਇਹ ਬਲੀ ਦਿੱਤੀ ਜਾਂਦੀ ਹੈ। ਇਸ ਮੇਲੇ ਵਿਚ ਮੁੱਖ ਤੌਰ Ḕਤੇ ਤਾਂ ਭਾਵੇਂ ਨੇਪਾਲ ਦੇ ਮਧੇਸ਼ੀ ਲੋਕ ਹਿੱਸਾ ਲੈਂਦੇ ਹਨ, ਪਰ ਇਸ ਵਿਚ ਬਿਹਾਰ ਅਤੇ ਉਤਰ ਪ੍ਰਦੇਸ਼ ਤੋਂ ਲੋਕ ਵੀ ਪੁੱਜਦੇ ਹਨ। ਅੰਦਾਜ਼ਾ ਹੈ ਕਿ ਮੇਲੇ ਵਿਚ 2 ਲੱਖ ਸ਼ਰਧਾਲੂ ਆਉਂਦੇ ਹਨ। ਇਕ ਰਿਕਾਰਡ ਮੁਤਾਬਕ ਪਿਛਲੇ ਸਾਲ ਨਵੰਬਰ ਵਿਚ ਇਸ ਮੇਲੇ ਵਿਚ ਤਕਰੀਬਨ 5 ਲੱਖ ਪਸ਼ੂਆਂ ਦੀ ਬਲੀ ਚੜ੍ਹਾ ਦਿੱਤੀ ਗਈ। ਕਹਿੰਦੇ ਹਨ ਕਿ 2009 ਵਾਲੇ ਮੇਲੇ ਵਿਚ ਖਦਸ਼ਾ ਸੀ ਕਿ ਬਲੀ ਲਈ ਘੱਟ ਪਸ਼ੂ ਆ ਰਹੇ ਹਨ, ਇਸ ਲਈ ਰੇਡੀਓ ਉਤੇ ਕਿਸਾਨਾਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਪਸ਼ੂ ਲੈ ਕੇ ਮੇਲੇ ਵਿਚ ਅੱਪੜਨ।
ਪਸ਼ੂਆਂ ਦੇ ਅਧਿਕਾਰਾਂ ਖਾਤਰ ਲੜਨ ਵਾਲੀਆਂ ਸੰਸਥਾਵਾਂ ਨੇ ਇਸ ਕਤਲੇਆਮ ਨੂੰ ਬੰਦ ਕਰਨ ਲਈ ਮੁਹਿੰਮਾਂ ਚਲਾਈਆਂ, ਪਰ ਬਹੁਤੀ ਸਫਲਤਾ ਨਹੀਂ ਮਿਲੀ, ਕਿਉਂਕਿ ਪ੍ਰਸ਼ਾਸਨਿਕ ਪੱਧਰ Ḕਤੇ ਬਹੁਤੀ ਮਦਦ ਨਹੀਂ ਮਿਲ ਸਕੀ। ਉਂਝ ਐਤਕੀਂ ਭਿਅੰਕਰ ਭੂਚਾਲ ਆਉਣ ਕਾਰਨ ਕੁਝ ਲੋਕਾਂ ਨੇ ਭੂਚਾਲ ਨੂੰ ਪਸ਼ੂ ਬਲੀ ਦੀ ਕਰੋਪੀ ਨਾਲ ਜੋੜ ਕੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਕਈ ਲੋਕਾਂ ਦੇ ਦਿਲਾਂ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਭੂਚਾਲ ਵਾਲੀ ਸਜ਼ਾ ਉਨ੍ਹਾਂ ਨੂੰ ਪਸ਼ੂ ਬਲੀ ਦੇ ਪਾਪ ਕਰ ਕੇ ਮਿਲੀ ਹੈ।
________________________________________
æææ ਹੁਣ ਕਈ ਸਾਲ ਉਠ ਨਹੀਂ ਸਕੇਗਾ ਨੇਪਾਲ!
ਕਾਠਮੰਡੂ: ਭੂਚਾਲ ਦੀ ਮਾਰ ਕਾਰਨ ਬੁਰੀ ਤਰ੍ਹਾਂ ਝੰਬੇ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਅਜੇ ਹੁਣੇ ਜਿਹੇ ਹੀ ਬਿਆਨ ਆਇਆ ਹੈ ਕਿ ਮੁਲਕ ਨੂੰ ਭੂਚਾਲ ਦੀ ਮਾਰ ਤੋਂ ਉਠ ਖਲੋਣ ਲਈ ਘੱਟੋ-ਘੱਟ ਦੋ ਸਾਲ ਲੱਗ ਜਾਣੇ ਸਨ। ਯਾਦ ਰਹੇ ਕਿ 25 ਅਪਰੈਲ ਤੋਂ ਲੈ ਕੇ ਹੁਣ ਤੱਕ ਨੇਪਾਲ ਵਿਚ ਭੂਚਾਲ ਦੇ 70 ਤੋਂ ਵੱਧ ਛੋਟੇ-ਵੱਡੇ ਝਟਕੇ ਲੱਗ ਚੁੱਕੇ ਹਨ। 25 ਅਪਰੈਲ ਨੂੰ ਮੁਲਕ ਵਿਚ 7æ9 ਸ਼ਿੱਦਤ ਵਾਲਾ ਭੂਚਾਲ ਆਇਆ ਸੀ ਅਤੇ ਇਸ ਵਿਚ 8 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਜਿਹੜਾ ਮਾਲੀ ਨੁਕਸਾਨ ਹੋਇਆ ਹੈ, ਉਸ ਦਾ ਫਿਲਹਾਲ ਕੋਈ ਹਿਸਾਬ ਹੀ ਨਹੀਂ ਹੈ। ਲੱਖਾਂ ਲੋਕ ਘਰੋਂ ਬੇਘਰ ਹੋ ਗਏ ਹਨ। ਲਗਾਤਾਰ ਲੱਗ ਰਹੇ ਭੂਚਾਲ ਦੇ ਝਟਕਿਆਂ ਕਾਰਨ ਲੋਕ ਬਹੁਤ ਜ਼ਿਆਦਾ ਡਰੇ ਹੋਏ ਹਨ। ਭੂਚਾਲਾਂ ਦਾ ਇਹ ਸਿਲਸਿਲਾ ਅਜੇ ਖਤਮ ਨਹੀਂ ਹੋਇਆ ਹੈ। ਮੰਗਲਵਾਰ ਵਾਲੇ ਦਿਨ ਕਾਠਮੰਡੂ ਨੇੜੇ ਇਕ ਵਾਰ ਫਿਰ 7æ3 ਸ਼ਿੱਦਤ ਵਾਲਾ ਭੂਚਾਲ ਆ ਗਿਆ ਜਿਸ ਵਿਚ 100 ਦੇ ਕਰੀਬ ਜਾਨਾਂ ਚਲੇ ਜਾਣ ਦੀਆਂ ਖਬਰਾਂ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਨੇਪਾਲ ਦੀ ਆਰਥਿਕਤਾ ਵੀ ਲੜਖੜਾ ਗਈ ਹੈ। ਨੇਪਾਲ ਨੂੰ ਬਹੁਤੀ ਕਮਾਈ ਸੈਲਾਨੀਆਂ ਤੋਂ ਹੁੰਦੀ ਸੀ। ਭੂਚਾਲ ਕਾਰਨ ਸੈਰ-ਸਪਾਟਾ ਸਨਅਤ ਨੂੰ ਵੱਡੀ ਢਾਹ ਲੱਗੀ ਹੈ। ਸੰਸਾਰ ਦੀਆਂ ਕੁਝ ਸੰਥਾਵਾਂ ਨੇ ਭਾਵੇਂ ਇਸ ਔਖੀ ਘੜੀ ਵਿਚ ਨੇਪਾਲ ਦੀ ਮਦਦ ਕੀਤੀ ਹੈ, ਪਰ ਸੱਚਮੁੱਚ ਇਸ ਦੁਖਾਂਤ ਤੋਂ ਉਭਰਨ ਲਈ ਨੇਪਾਲ ਨੂੰ ਕਈ ਸਾਲ ਲੱਗ ਜਾਣਗੇ।