ਲੰਡਨ: ਬਰਤਾਨੀਆ ਦੀਆਂ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੇ ਸਪਸ਼ਟ ਬਹੁਮਤ ਹਾਸਲ ਕਰਕੇ ਸਿਆਸੀ ਵਿਸ਼ਲੇਸ਼ਕਾਂ, ਚੋਣ ਸਰਵੇਖਣਾਂ ਤੇ ਰਾਇਸ਼ੁਮਾਰੀਆਂ ਦੇ ਉਹ ਸਾਰੇ ਅੰਦਾਜ਼ੇ ਗ਼ਲਤ ਸਾਬਤ ਕਰ ਦਿੱਤੇ ਜਿਨ੍ਹਾਂ ਅਨੁਸਾਰ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਣ ਦੀਆਂ ਸੰਭਾਵਨਾਵਾਂ ਨਹੀਂ ਸਨ।
650 ਸੀਟਾਂ ਵਾਲੀ ਬਰਤਾਨਵੀ ਸੰਸਦ ਲਈ ਕੰਜ਼ਰਵੇਟਿਵ ਪਾਰਟੀ ਨੇ 330 ਸੀਟਾਂ ਜਿੱਤ ਕੇ ਜਿਥੇ ਸਪਸ਼ਟ ਬਹੁਮਤ ਹਾਸਲ ਕੀਤਾ, ਉਥੇ ਮੁੱਖ ਵਿਰੋਧੀ ਲੇਬਰ ਪਾਰਟੀ ਸਿਰਫ 232 ਸੀਟਾਂ ਹੀ ਪ੍ਰਾਪਤ ਕਰ ਸਕੀ ਹੈ।
ਗ਼ੌਰਤਲਬ ਹੈ ਕਿ 2010 ਦੀਆਂ ਚੋਣਾਂ ਸਮੇਂ ਇਸ ਨੂੰ 307 ਤੇ ਲੇਬਰ ਪਾਰਟੀ ਨੂੰ 270 ਸੀਟਾਂ ਮਿਲੀਆਂ ਸਨ। ਉਨ੍ਹਾਂ ਚੋਣਾਂ ਵਿਚ ਲਿਬਰਲ ਡੈਮੋਕਰੈਟਿਕ ਪਾਰਟੀ ਨੂੰ 57 ਸੀਟਾਂ ਮਿਲੀਆਂ ਸਨ ਤੇ ਕੰਜ਼ਰਵੇਟਿਵ ਪਾਰਟੀ ਨੇ ਇਸ ਨਾਲ ਰਲ਼ ਕੇ ਸਰਕਾਰ ਬਣਾਈ ਸੀ ਪਰ ਇਸ ਵਾਰ ਲਿਬਰਲ ਡੈਮੋਕਰੈਟਿਕ ਪਾਰਟੀ ਸਿਰਫ ਅੱਠ ਸੀਟਾਂ ਉਤੇ ਹੀ ਸਿਮਟ ਗਈ। ਪਿਛਲੇ ਸਾਲ ਵੱਖਰੇ ਸਕਾਟਲੈਂਡ ਦੇ ਮੁੱਦੇ ਉਤੇ ਕਰਵਾਈ ਗਈ ਰਾਇਸ਼ੁਮਾਰੀ ਵਿਚ ਹਾਰ ਖਾਣ ਵਾਲੀ ਸਕੌਟਿਸ਼ ਨੈਸ਼ਨਲ ਪਾਰਟੀ ਨੇ ਹੁਣ ਇਸ ਖਿੱਤੇ ਦੀਆਂ 59 ਸੀਟਾਂ ਵਿਚੋਂ 56 ਉਤੇ ਕਬਜ਼ਾ ਕਰਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਲੇਬਰ ਪਾਰਟੀ ਨੂੰ ਸਭ ਤੋਂ ਵੱਡਾ ਝਟਕਾ ਸਕਾਟਲੈਂਡ ਵਿੱਚ ਹੀ ਲੱਗਿਆ ਹੈ। ਇਥੋਂ ਉਸ ਨੇ 2010 ਦੀਆਂ ਚੋਣਾਂ ਵਿਚ 41 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਇਸ ਦੇ ਹੱਥ ਨਿਰਾਸ਼ਤਾ ਹੀ ਲੱਗੀ ਹੈ। ਸਕਾਟਲੈਂਡ ਤੋਂ ਇਲਾਵਾ ਲੇਬਰ ਪਾਰਟੀ ਇੰਗਲੈਂਡ ਵਿਚ ਵੀ ਆਪਣਾ ਆਧਾਰ ਮਜ਼ਬੂਤ ਕਰਨ ਵਿਚ ਸਫ਼ਲ ਨਹੀਂ ਹੋ ਸਕੀ। ਚੋਣ ਲੜ ਰਹੀਆਂ ਮੁੱਖ ਪਾਰਟੀਆਂ ਤੋਂ ਇਲਾਵਾ ਬਾਕੀ ਪਾਰਟੀਆਂ- ਡੈਮੋਕਰੈਟਿਕ ਯੂਨੀਨਿਸਟ ਨੂੰ ਅੱਠ, ਸਿਨਫੇਨ ਨੂੰ ਚਾਰ, ਵਾਲੇਸ ਤੇ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ ਨੂੰ 3-3, ਯੂਨੀਨਿਸਟ ਪਾਰਟੀ ਨੂੰ ਦੋ ਤੇ ਯੂæਕੇæ ਇੰਡੀਪੈਂਡੈਂਸ ਤੇ ਗਰੀਨ ਪਾਰਟੀ ਨੂੰ 1-1 ਸੀਟ ਹੀ ਮਿਲੀ ਹੈ।
ਬਰਤਾਨੀਆ ਦੀਆਂ ਚੋਣਾਂ ਵਿਚ ਉਥੋਂ ਦੇ ਮੂਲ ਬਾਸ਼ਿੰਦਿਆਂ ਤੋਂ ਇਲਾਵਾ ਪਰਵਾਸੀ ਵੋਟਰ ਵੀ ਕਾਫ਼ੀ ਪ੍ਰਭਾਵੀ ਹੁੰਦੇ ਹਨ। ਪਿਛਲੀ ਪਾਰਲੀਮੈਂਟ ਵਿਚ 11 ਸਿਆਹਫਾਮ ਤੇ 16 ਏਸ਼ਿਆਈ ਮੂਲ ਦੇ ਸੰਸਦ ਮੈਂਬਰ ਸਨ ਜਦੋਂ ਕਿ ਇਸ ਵਾਰ ਵੀ ਇਹ ਗਿਣਤੀ ਸੰਤੁਸ਼ਟੀਜਨਕ ਹੀ ਰਹੀ ਹੈ। ਉਂਝ ਏਸ਼ਿਆਈ ਔਰਤਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ। ਭਾਰਤੀ ਮੂਲ ਦੇ ਵੋਟਰ ਭਾਵੇਂ ਆਮ ਤੌਰ ‘ਤੇ ਲੇਬਰ ਪਾਰਟੀ ਨਾਲ ਰਹੇ ਹਨ ਪਰ 10 ਕੁ ਸਾਲਾਂ ਤੋਂ ਉਨ੍ਹਾਂ ਦਾ ਝੁਕਾਅ ਕੰਜ਼ਰਵੇਟਿਵ ਪਾਰਟੀ ਵੱਲ ਹੋਇਆ ਹੈ। ਇਸ ਪਾਰਟੀ ਨੇ ਪਹਿਲੀ ਵਾਰ ਉੱਤਰੀ ਆਇਰਲੈਂਡ ਤੋਂ ਸਿੱਖ ਆਗੂ ਅਮਨਦੀਪ ਸਿੰਘ ਭੋਗਲ ਨੂੰ ਉਮੀਦਵਾਰ ਬਣਾਇਆ,ਪਰ ਉਹ ਜਿੱਤ ਨਹੀਂ ਸਕਿਆ।
_________________________________________
ਭਾਰਤੀ ਮੂਲ ਦੇ 10 ਉਮੀਦਵਾਰ ਜੇਤੂ
ਬਰਤਾਨਵੀ ਚੋਣਾਂ ਵਿਚ ਭਾਰਤੀ ਮੂਲ ਦੇ ਰਿਕਾਰਡ 10 ਆਗੂ ਚੋਣ ਜਿੱਤਣ ਵਿਚ ਸਫਲ ਰਹੇ, ਜਿਨ੍ਹਾਂ ਵਿਚ ਦੋ ਪੰਜਾਬੀ ਸ਼ਾਮਲ ਹਨ। ਇਨ੍ਹਾਂ ਵਿਚੋਂ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੀ ਕਰੀਬੀ ਪ੍ਰੀਤੀ ਪਟੇਲ ਸਭ ਤੋਂ ਮੁੱਖ ਹੈ ਜੋ ਵਾਈਦਮ ਹਲਕੇ ਤੋਂ ਮੁੜ ਚੁਣੀ ਗਈ। ਉਸ ਨੂੰ ਮੰਤਰੀ ਵੀ ਬਣਾਇਆ ਗਿਆ ਹੈ। ਹਾਕਮ ਪਾਰਟੀ ਵੱਲੋਂ ਇਨਫੋਸਿਸ ਦੇ ਸਹਿ-ਬਾਨੀ ਨਰਾਇਣਾ ਮੂਰਤੀ ਦੇ ਜਵਾਈ ਰਿਸ਼ੀ ਸੂਨਕ (ਰਿਚਮੰਡ ਯੌਰਕਸ), ਅਲੋਕ ਸ਼ਰਮਾ (ਰੀਡਿੰਗ ਵੈਸਟ), ਸੈਲੇਸ਼ ਵਾਰਾ (ਕੈਂਬਰਿਜਸ਼ਾਇਰ ਨੌਰਥ-ਵੈਸਟ), ਸੁਏਲਾ ਫਰਨਾਂਡਿਜ਼ (ਫਰਹਾਮ) ਚੁਣੇ ਗਏ। ਲੇਬਰ ਪਾਰਟੀ ਵੱਲੋਂ ਕੀਥ ਵਾਜ਼ (ਲੈਸਟਰ ਈਸਟ), ਵਰੇਂਦਰ ਸ਼ਰਮਾ (ਈਲਿੰਗ ਸਾਊਥਾਲ), ਵਲੇਰੀ ਵਾਜ਼ (ਵੈਲਸਲ ਸਾਊਥ), ਸੀਮਾ ਮਲਹੋਤਰਾ (ਸਾਊਥ-ਵੈਸਟ ਲੰਡਨ) ਤੇ ਲਿਜ਼ਾ ਨੰਦੀ (ਵਿਗਾਨ) ਜੇਤੂ ਰਹੇ। ਬੀਬੀ ਮਲਹੋਤਰਾ ਤੇ ਵਰੇਂਦਰ ਸ਼ਰਮਾ ਜਲੰਧਰ ਨਾਲ ਸਬੰਧਤ ਹਨ। ਕੰਜ਼ਰਵੇਟਿਵ ਪਾਰਟੀ ਦੇ ਪੌਲ ਉਪਲ ਮਾਮੂਲੀ ਫ਼ਰਕ ਨਾਲ ਹਾਰ ਗਏ।
______________________________________________
ਵੱਖਰੇ ਸਕਾਟਲੈਂਡ ਹਮਾਇਤੀਆਂ ਦੇ ਹੌਸਲੇ ਬੁਲੰਦ
ਵੱਖਰੇ ਸਕਾਟਲੈਂਡ ਲਈ ਪਿਛਲੇ ਸਾਲ ਹੋਈ ਰਾਇਸ਼ੁਮਾਰੀ ਵਿਚ ਹਾਰ ਜਾਣ ਵਾਲੀ ਸਕੌਟਿਸ਼ ਨੈਸ਼ਨਲ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਨਾਲ ਇਹ ਮੁੱਦਾ ਮੁੜ ਉਭਰਨ ਦੀ ਸੰਭਾਵਨਾ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪਾਰਟੀ ਨੇ ਰਾਇਸ਼ੁਮਾਰੀ ਵਿਚ ਹਾਰ ਜਾਣ ਦੇ ਬਾਵਜੂਦ ਆਜ਼ਾਦੀ ਦੀ ਆਪਣੀ ਮੰਗ ਤੋਂ ਕਿਨਾਰਾਕਸ਼ੀ ਨਹੀਂ ਸੀ ਕੀਤੀ। ਹੁਣ ਇਸ ਖੇਤਰ ਦੀਆਂ 59 ਵਿਚੋਂ 56 ਸੀਟਾਂ ਉਤੇ ਕਾਬਜ਼ ਹੋਣ ਬਾਅਦ ਇਹ ਮੁੜ ਦੋ ਸਾਲਾਂ ਬਾਅਦ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕਰ ਸਕਦੀ ਹੈ। ਪਿਛਲੇ ਲੰਮੇ ਸਮੇਂ ਤੋਂ ਸਕਾਟਲੈਂਡ ਦੇ ਬਰਤਾਨੀਆ ਤੋਂ ਵੱਖ ਹੋਣ ਦੀ ਗੱਲ ਚਲਦੀ ਰਹੀ ਹੈ। ਪਿਛਲੇ ਸਾਲਾਂ ਵਿਚ ਇਸੇ ਮਸਲੇ ਨੂੰ ਲੈ ਕੇ ਸਕਾਟਲੈਂਡ ਵਿਚ ਰਾਇਸ਼ੁਮਾਰੀ ਵੀ ਕਰਵਾਈ ਗਈ ਸੀ, ਜਿਸ ਵਿਚ ਉਥੋਂ ਦੇ ਬਹੁਤੇ ਨਾਗਰਿਕਾਂ ਨੇ ਬਰਤਾਨੀਆ ਦਾ ਹਿੱਸਾ ਬਣੇ ਰਹਿਣ ਦੀ ਹਮਾਇਤ ਕੀਤੀ ਸੀ ਪਰ ਸਕੌਟਿਸ਼ ਨੈਸ਼ਨਲਿਸਟ ਪਾਰਟੀ ਹਮੇਸ਼ਾ ਸਕਾਟਲੈਂਡ ਦੀ ਆਜ਼ਾਦੀ ਦੀ ਗੱਲ ਕਰਦੀ ਰਹੀ ਹੈ। ਜੇਕਰ ਇਸ ਪਾਰਟੀ ਨੂੰ ਇਸ ਵਾਰ ਹੂੰਝਾ ਫੇਰੂ ਜਿੱਤ ਪ੍ਰਾਪਤ ਹੋਈ ਹੈ ਤਾਂ ਇਹ ਇਸ ਗੱਲ ਦੀ ਨਿਸ਼ਾਨੀ ਜ਼ਰੂਰ ਹੈ ਕਿ ਆਉਂਦੇ ਸਮੇਂ ਵਿਚ ਇਹ ਮਸਲਾ ਕਿਸੇ ਨਾ ਕਿਸੇ ਰੂਪ ਵਿਚ ਦੇਸ਼ ਸਾਹਮਣੇ ਬਣਿਆ ਰਹੇਗਾ।
_____________________________________________
ਵੀਹ ਵਰ੍ਹਿਆਂ ਦੀ ਵਿਦਿਆਰਥਣ ਬਣੀ ਸੰਸਦ ਮੈਂਬਰ
ਲੰਡਨ: ਸਕੌਟਿਸ਼ ਨੈਸ਼ਨਲ ਪਾਰਟੀ ਦੀ 20 ਵਰ੍ਹਿਆਂ ਦੀ ਵਿਦਿਆਰਥਣ ਮਹਾਰੀ ਬਲੈਕ ਬਰਤਾਨੀਆ ਦੇ 300 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਸੰਸਦ ਮੈਂਬਰ ਬਣੀ ਹੈ। ਉਸ ਨੇ ਲੇਬਰ ਪਾਰਟੀ ਦੇ ਉਮੀਦਵਾਰ ਡਗਲਸ ਅਲੈਗਜ਼ੈਂਡਰ (47) ਨੂੰ ਪੈਸਲੇ ਤੇ ਰੇਨਫਰੂਸ਼ਾਇਰ ਦੱਖਣੀ ਸੀਟ ਤੋਂ ਛੇ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਅਲੈਗਜ਼ੈਂਡਰ ਲੇਬਰ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਬੁਲਾਰੇ ਤੇ ਪ੍ਰਚਾਰ ਮੁਖੀ ਹਨ। ਲੇਬਰ ਪਾਰਟੀ ਦੇ ਸੀਨੀਅਰ ਆਗੂਆਂ ਵਿਚੋਂ ਇਕ ਮੰਨੇ ਜਾਂਦੇ ਅਲੈਗਜ਼ੈਂਡਰ ਦੀ ਅਜਿਹੀ ਨਮੋਸ਼ੀ ਭਰੀ ਹਾਰ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਖ਼ਤਮ ਕਰ ਸਕਦੀ ਹੈ।