ਪੰਜਾਬ ਸਰਕਾਰ ਨੂੰ ਵਿਸਰ ਗਏ ਵਿਰਾਸਤੀ ਸ਼ਹਿਰ

ਚੰਡੀਗੜ੍ਹ: ਫੰਡਾਂ ਦੀ ਘਾਟ ਤੇ ਪੰਜਾਬ ਸਰਕਾਰ ਦੀ ਬੇਰੁਖੀ ਕਾਰਨ ਸੂਬੇ ਵਿਚ ਇਤਿਹਾਸਕ ਮਹੱਤਵ ਵਾਲੇ ਸੈਂਕੜੇ ਸਥਾਨ, ਪੁਰਾਤਨ ਲਿਖ਼ਤਾਂ, ਰਿਕਾਰਡ, ਅਜਾਇਬਘਰ ਤੇ ਸੱਭਿਆਚਾਰਕ ਤੇ ਵਿਰਾਸਤੀ ਨਿਸ਼ਾਨੀਆਂ ਅਲੋਪ ਹੋਣ ਦੀ ਕਗ਼ਾਰ ਉਤੇ ਹਨ। ਸਰਕਾਰ ਦੀ ਇਸ ਪਾਸੇ ਬੇਰੁਖ਼ੀ ਕਾਰਨ ਪੁਰਾਤਨ ਲਿਖਤਾਂ, ਰਿਕਾਰਡ ਤੇ ਹੋਰ ਪੁਰਾਤੱਤਵੀ ਨਿਸ਼ਾਨੀਆਂ ਅਲੋਪ ਹੋ ਰਹੀਆਂ ਹਨ ਤੇ ਇਤਿਹਾਸਕ ਖੋਜ ਤੇ ਸਾਹਿਤਕ ਕਾਰਜਾਂ ਵਿਚ ਵੀ ਖੜੋਤ ਆ ਚੁੱਕੀ ਹੈ।

ਪੰਜਾਬ ਦੇ ਅਜਾਇਬਘਰਾਂ ਦੇ ਰੱਖ-ਰਖਾਅ ਤੇ ਵਿਕਾਸ ਲਈ ਪਿਛਲੇ ਪੰਜ ਸਾਲਾਂ ਦੌਰਾਨ ਕੋਈ ਵੀ ਫੰਡ ਜਾਰੀ ਨਹੀਂ ਹੋ ਸਕਿਆ। ਪੰਜਾਬ ਵਿਚ ਭਾਵੇਂ ਸੈਂਕੜੇ ਵਿਰਾਸਤੀ ਧਰੋਹਰਾਂ ਮੌਜੂਦ ਹਨ ਪਰ ਸਰਕਾਰ ਵੱਲੋਂ ਸਿਰਫ 10 ਅਜਾਇਬਘਰਾਂ ਨੂੰ ਹੀ ਸਾਂਭ-ਸੰਭਾਲ ਤੇ ਵਿਕਾਸ ਪੱਖੋਂ ਆਪਣੇ ਅਧਿਕਾਰ ਖੇਤਰ ਵਿਚ ਰੱਖਿਆ ਹੋਇਆ ਹੈ। ਇਨ੍ਹਾਂ ਵਿਚੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਅਜਾਇਬਘਰ, ਕਿਲ੍ਹਾ ਮੁਬਾਰਕ ਪਟਿਆਲਾ ਸਥਿਤ ਸ਼ੀਸ਼ ਮਹਿਲ ਗੈਲਰੀ, ਪੁਰਾਤੱਤਵ ਅਜਾਇਬਘਰ ਸੰਘੋਲ ਤੇ ਫ਼ਿਰੋਜ਼ਸ਼ਾਹ ਸਥਿਤ ਐਂਗਲੋ ਸਿੱਖ ਵਾਰ ਮੈਮੋਰੀਅਲ ਅਜਾਇਬਘਰ ਲਈ ਪਿਛਲੇ ਪੰਜ ਸਾਲਾਂ ਦੌਰਾਨ ਕੇਂਦਰ ਸਰਕਾਰ ਨੇ 15æ79 ਕਰੋੜ ਰੁਪਏ ਜਾਰੀ ਕੀਤੇ ਜਦੋਂਕਿ ਪੰਜਾਬ ਸਰਕਾਰ ਨੇ ਧੇਲਾ ਵੀ ਨਹੀਂ ਖ਼ਰਚਿਆ।
ਅੰਮ੍ਰਿਤਸਰ ਸਥਿਤ ਮਹਾਰਾਜਾ ਰਣਜੀਤ ਸਿੰਘ ਅਜਾਇਬਘਰ ਤੇ ਬਨਾਸਰ ਬਾਗ਼ ਅਜਾਇਬਘਰ ਸੰਗਰੂਰ ਸਮੇਤ ਦੂਜੇ ਅਜਾਇਬਘਰਾਂ ਦੀ ਹਾਲਤ ਫੰਡਾਂ ਦੀ ਘਾਟ ਕਾਰਨ ਨਿੱਘਰਦੀ ਜਾ ਰਹੀ ਹੈ। ਕਈ ਮਹੱਤਵਪੂਰਨ ਦੁਰਲਭ ਲਿਖ਼ਤਾਂ ਤੇ ਰਿਕਾਰਡ ਵਾਲੀ ਪਟਿਆਲਾ ਆਰਕਾਈਵਜ਼ ਦੀ ਤਾਂ ਹੋਂਦ ਹੀ ਗੁਆਚ ਗਈ ਜਾਪਦੀ ਹੈ। ਸਭਿਆਚਾਰ, ਅਜਾਇਬਘਰਾਂ ਤੇ ਪੁਰਾਤੱਤਵ ਰਿਕਾਰਡ ਦੇ ਰੱਖ-ਰਖਾਉ, ਸਾਂਭ-ਸੰਭਾਲ ਤੇ ਵਿਕਾਸ ਲਈ ਬਾਕਾਇਦਾ ਇਕ ਵੱਖਰਾ ਵਿਭਾਗ ਮੌਜੂਦ ਹੈ ਪਰ ਸੂਬੇ ਦੇ ਭਾਸ਼ਾ ਵਿਭਾਗ ਵਾਂਗ ਇਹ ਵੀ ਆਖ਼ਰੀ ਸਾਹਾਂ ਉੱਤੇ ਆਇਆ ਜਾਪਦਾ ਹੈ। ਇਨ੍ਹਾਂ ਵਿਭਾਗਾਂ ਲਈ ਸਰਕਾਰ ਸਿਰਫ਼ ਉਨਾ ਕੁ ਹੀ ਬਜਟ ਅਲਾਟ ਕਰਦੀ ਹੈ ਜਿੰਨੇ ਕੁ ਨਾਲ ਇਨ੍ਹਾਂ ਦੇ ਮੁੱਠੀ ਭਰ ਸਟਾਫ਼ ਨੂੰ ਤਨਖ਼ਾਹਾਂ ਮਿਲਦੀਆਂ ਰਹਿਣ ਤੇ ਵਿਭਾਗਾਂ ਦੀ ਹੋਂਦ ਬਚੀ ਰਹਿ ਸਕੇ। ਇਹੀ ਕਾਰਨ ਹੈ ਕਿ ਸੂਬੇ ਵਿਚ ਨਾ ਤਾਂ ਸਾਹਿਤ ਤੇ ਭਾਸ਼ਾਵਾਂ ਦਾ ਵਿਕਾਸ ਹੋ ਰਿਹਾ ਹੈ ਤੇ ਨਾ ਹੀ ਅਜਾਇਬਘਰਾਂ ਤੇ ਪੁਰਾਤੱਤਵੀ ਧਰੋਹਰਾਂ ਦੀ ਸਾਂਭ-ਸੰਭਾਲ ਹੋ ਰਹੀ ਹੈ। ਸਰਕਾਰ ਵੱਲੋਂ ਇਸ ਵਿੱਤੀ ਸਾਲ ਲਈ ਜਾਰੀ ਕੀਤੀ ਗਈ ਆਬਕਾਰੀ ਨੀਤੀ ਵਿਚ ਸ਼ਰਾਬ ਉੱਤੇ ਸਭਿਆਚਾਰਕ ਕਾਰਜਾਂ ਲਈ ਪੰਜ ਰੁਪਏ ਪ੍ਰਤੀ ਪਰੂਫ਼ ਲਿਟਰ ਵਾਧੂ ਲਾਇਸੈਂਸ ਫ਼ੀਸ ਲਗਾਈ ਗਈ ਹੈ ਜਿਸ ਤੋਂ ਸਾਲ ਦੌਰਾਨ 100 ਕਰੋੜ ਰੁਪਏ ਇੱਕਠੇ ਹੋਣ ਦਾ ਅਨੁਮਾਨ ਹੈ ਪਰ ਬਜਟ ਵਿਚ ਇਨ੍ਹਾਂ ਕਾਰਜਾਂ ਲਈ ਵਿਸ਼ੇਸ਼ ਫੰਡ ਦਾ ਕੋਈ ਉਪਬੰਧ ਨਹੀਂ ਕੀਤਾ ਗਿਆ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਕਰਤਾਰਪੁਰ, ਹੁਸ਼ਿਆਰਪੁਰ, ਸੁਨਾਮ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੇ ਕਿਲ੍ਹਾ ਰਾਏਪੁਰ ਵਿਖੇ ਮਹਾਨ ਸ਼ਖ਼ਸੀਅਤਾਂ ਦੀ ਯਾਦ ਵਿਚ ਸਮਾਰਕ ਬਣਾਉਣ ਦਾ ਐਲਾਨ ਜ਼ਰੂਰ ਕੀਤਾ ਪਰ ਫੰਡਾਂ ਦੀ ਤਫ਼ਸੀਲ ਨਹੀਂ ਦੱਸੀ। ਸੂਬੇ ਦੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਹਾਲੇ ਤੱਕ ਕੋਈ ਸਭਿਆਚਾਰਕ ਨੀਤੀ ਤੈਅ ਨਹੀਂ ਕੀਤੀ ਗਈ ਜਿਸ ਕਰਕੇ ਅਸੱਭਿਅਕ ਗਾਇਕੀ ਸਿਖ਼ਰਾਂ ਛੋਹ ਰਹੀ ਹੈ ਤੇ ਨਿੱਤ ਨਵੇਂ ਵਿਵਾਦ ਉੱਠ ਰਹੇ ਹਨ।
______________________________
ਬਾਦਲ ਵਲੋਂ ਜੰਗ-ਏ-ਆਜ਼ਾਦੀ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ਉਤੇ ਜ਼ੋਰ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਨੇੜੇ ਕਰਤਾਰਪੁਰ ਵਿਖੇ ‘ਜੰਗ-ਏ-ਆਜ਼ਾਦੀ’ ਪ੍ਰਾਜੈਕਟ ਦਾ ਚੱਲ ਰਿਹਾ ਕੰਮ ਤੈਅ ਸਮੇਂ ਵਿਚ ਮੁਕੰਮਲ ਕਰਨ ਦੀ ਜ਼ਰੂਰਤ ਉਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਅਜਿਹੇ ਪ੍ਰੋਜੈਕਟਾਂ ਲਈ ਫ਼ੰਡਾਂ ਦੀ ਕੋਈ ਵੀ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ 18 ਮਹੀਨਿਆਂ ਦੇ ਅੰਦਰ-ਅੰਦਰ ਲਾਜ਼ਮੀ ਤੌਰ ਉਤੇ ਮੁਕੰਮਲ ਹੋ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯਾਦਗਾਰ ਦੀ ਦੇਸ਼ ਦੇ ਲੋਕਾਂ ਖ਼ਾਸ ਕਰ ਪੰਜਾਬੀਆਂ ਲਈ ਉੱਚ ਦਰਜੇ ਦੀ ਇਤਿਹਾਸਕ ਮਹੱਤਤਾ ਹੈ ਜਿਸ ਕਰਕੇ ਕੌਮੀ ਆਜ਼ਾਦੀ ਸੰਘਰਸ਼ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਸਥਾਪਤ ਕੀਤਾ ਜਾ ਰਿਹਾ ਹੈ। ਸ਼ ਬਾਦਲ ਨੇ ਕਿਹਾ ਕਿ ਇਹ ਯਾਦਗਾਰ ਲਾਜ਼ਮੀ ਤੌਰ ਉਤੇ ਨੌਜਵਾਨਾਂ ਵਿਚ ਰਾਸ਼ਟਰਵਾਦ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗੀ।