ਪਰਸ਼ਿੰਦਰ ਸਿੰਘ
ਫੋਨ: 469-335-2263
ਵਿੱਦਿਆ ਨੂੰ ਜਿਨ੍ਹਾਂ ਘਰਾਂ ਨੇ ‘ਜੀ ਆਇਆਂ’ ਕਿਹਾ ਹੈ, ਉਨ੍ਹਾਂ ਦੇ ਘਰ ਚਾਨਣ ਨਾਲ ਭਰ ਗਏ। ਜਿਨ੍ਹਾਂ ਕੌਮਾਂ ਨੇ ਇਹ ਸੋਚ ਲਿਆ ਕੇ ਇਸ ਤੋਂ ਬਗੈਰ ਗੁਜ਼ਾਰਾ ਨਹੀਂ, ਇਸ ਨੂੰ ਅਪਨਾਉਣਾ ਹੀ ਪੈਣਾ ਹੈ, ਉਨ੍ਹਾਂ ਕੌਮਾਂ ਦੇ ਸਿਰ ਉਚੇ ਹੋਣ ਲੱਗ ਪਏ। ਜਿਨ੍ਹਾਂ ਦੇਸ਼ਾਂ ਨੇ ਇਸ ਨੂੰ ਬਹੁਤ ਪਹਿਲਾਂ ਹੀ ਗਲੇ ਨਾਲ ਲਾ ਲਿਆ, ਉਹ ਅੱਜ ਦੀ ਤਰੀਕ ਵਿਚ ਚੰਦਰਮਾ ਨੂੰ ਛੂਹ ਚੁੱਕੇ ਹਨ। ਇਸ ਤੋਂ ਅਗਲੇ ਗ੍ਰਹਿਆਂ ਤੱਕ ਵੀ ਉਨ੍ਹਾਂ ਦੀ ਪਹੁੰਚ ਹੈ।
ਕਹਾਣੀਕਾਰ ਪ੍ਰੇਮ ਗੋਰਖੀ ਨੇ ਕਿਤੇ ਲਿਖਿਆ ਏ ਕਿ ਦਲਬੀਰ ਚੇਤਨ ਨੂੰ ਸੁਪਨੇ ਵੇਖਣ ਦਾ ਬੜਾ ਖਬਤ ਸੀ; ਨਾਲ ਹੀ ਉਹ ਕਹਿੰਦਾ ਏ ਕਿ ਦਲਬੀਰ ਸਿਰਫ਼ ਸੁਪਨੇ ਵੇਖਦਾ ਹੀ ਨਹੀਂ, ਪੂਰੇ ਵੀ ਕਰਦਾ ਹੈ। ਇਸ ਦੀ ਹਾਮੀ ਮੈਂ ਵੀ ਭਰਦਾ ਹਾਂ। ਉਹਦੇ ਕੁਝ ਸੁਪਨੇ ਜੋ ਉਹਨੇ ਵੇਖੇ, ਉਹਨੂੰ ਉਸ ਪੂਰਾ ਵੀ ਕੀਤਾ। ਦਲਬੀਰ ਚੇਤਨ ਗਿਆਰਵੀਂ ਪਾਸ ਕਰ ਕੇ ਹੀ ਹਵਾਈ ਸੈਨਾ ਵਿਚ ਭਰਤੀ ਹੋ ਗਿਆ। ਅਸੀਂ ਤਿੰਨ ਭਰਾ ਤੇ ਇਕ ਭੈਣ ਹਾਂ। ਚੇਤਨ ਘਰ ਵਿਚੋਂ ਸਭ ਤੋਂ ਵੱਡਾ ਅਤੇ ਮੈਂ ਘਰ ਵਿਚ ਸਭ ਤੋਂ ਛੋਟਾ। ਸ਼ਾਇਦ ਵੱਡੇ ਦੇ ਸਿਰ ‘ਤੇ ਕੁਝ ਜ਼ਿਆਦਾ ਜ਼ਿੰਮੇਵਾਰੀ ਹੋਣ ਕਰ ਕੇ ਉਹ ਪੜ੍ਹਨਾ ਚਾਹੁੰਦਾ ਹੋਇਆ ਵੀ ਹੋਰ ਪੜ੍ਹ ਨਾ ਸਕਿਆ ਪਰ ਪੜ੍ਹਨ ਦੀ ਲਗਨ ਉਸ ਵਿਚ ਬਹੁਤ ਸੀ। ਸੈਨਾ ਦੀ ਨੌਕਰੀ ਕਰਦਿਆਂ ਹੀ ਕੁਝ ਸਾਲ ਬਾਅਦ ਉਹਨੇ ਦੁਬਾਰਾ ਪੜ੍ਹਨਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਉਹ ਪੰਜਾਬੀ ਦੀ ਐਮæਏæ ਕਰ ਗਿਆ। ਜਦ ਪੰਜਾਬੀ ਦੀ ਐਮæਏæ ਸ਼ੁਰੂ ਕੀਤੀ ਤਾਂ ਉਸ ਨੇ ਕਈਆਂ ਕੋਲੋਂ ਪੁੱਛ ਪੜਤਾਲ ਕੀਤੀ ਜਿਨ੍ਹਾਂ ਨੇ ਪੰਜਾਬੀ ਦੀ ਐਮæਏæ ਕੀਤੀ ਸੀ। ਉਹ ਇਹੀ ਦੱਸਦੇ ਸਨ ਕਿ ਇਸ ਇਮਤਿਹਾਨ ਵਿਚ ਲਿਖਣਾ ਬਹੁਤ ਪੈਂਦਾ, ਤੇ ਤੁਹਾਡੀ ਲਿਖਣ ਦੀ ਰਫ਼ਤਾਰ ਬਹੁਤ ਹੋਣੀ ਚਾਹੀਦੀ ਏ। ਫੌਜ ਵਿਚੋਂ ਉਹ ਇਮਤਿਹਾਨਾਂ ਦੇ ਨਜ਼ਦੀਕ ਘਰ ਆਉਂਦਾ ਤੇ ਇਮਤਿਹਾਨ ਦੇ ਕੇ ਵਾਪਸ ਚਲਾ ਜਾਂਦਾ। ਲਿਖਣ ਦੀ ਇਹੋ ਜਿਹੀ ਰਫ਼ਤਾਰ ਬਣਾਈ ਕਿ ਬਾਅਦ ਵਿਚ ਆਦਤ ਹੀ ਬਣ ਗਈ। ਉਹ ਜਿੱਥੇ ਵੀ ਬੈਠਦਾ, ਪੈਨ ਕੱਢ ਕੇ ਲਿਖਦਾ ਰਹਿੰਦਾ। ਕੋਈ ਅਖ਼ਬਾਰ, ਪੇਪਰ ਜਾਂ ਲਿਫ਼ਾਫ਼ਾ; ਜਿਥੇ ਵੀ ਉਹਨੂੰ ਜਗ੍ਹਾ ਮਿਲਦੀ, ਉਹ ਕਾਗ਼ਜ਼ ਨੂੰ ਬਖ਼ਸ਼ਦਾ ਨਾ। ਕੁਝ ਨਾ ਹੁੰਦਾ ਤਾਂ ਆਪਣੇ ਦਸਤਖ਼ਤ ਹੀ ਕਰੀ ਜਾਂਦਾ।
ਐਮæਏæ ਦੇ ਆਖ਼ਰੀ ਸਾਲ ਵਿਚ ਉਹ ਅੰਮ੍ਰਿਤਸਰ ਕਿਸੇ ਪ੍ਰੋਫੈਸਰ ਕੋਲ ਕੁਝ ਹਫਤੇ ਪੜ੍ਹਨ ਗਿਆ। ਆਖ਼ਰੀ ਦਿਨ ਜਦ ਚੇਤਨ ਨੇ ਵਿਦਾਇਗੀ ਲਈ ਹੱਥ ਜੋੜ ਕੇ ਕਿਹਾ ਕਿ ‘ਪ੍ਰੋਫੈਸਰ ਸਾਹਿਬ, ਮੈਂ ਤੁਹਾਡੀ ਕੀ ਸੇਵਾ ਕਰਾਂ’, ਤਾਂ ਪ੍ਰੋਫੈਸਰ ਨੇ ਚੇਤਨ ਦਾ ਮੋਢਾ ਥਾਪੜਦਿਆਂ ਕਿਹਾ ਕਿ ‘ਦਲਬੀਰ, ਤੂੰ ਥੋੜ੍ਹਾ ਬਹੁਤ ਲਿਖਦਾ ਵੀ ਏਂ, ਮੈਂ ਚਾਹੁੰਦਾਂ ਕਿ ਤੂੰ ਪੰਜਾਬੀ ਦਾ ਵਧੀਆ ਕਹਾਣੀਕਾਰ ਬਣੇ। ਮੈਨੂੰ ਤਾਂ ਜੋ ਆਉਂਦਾ ਸੀ, ਮੈਂ ਤੈਨੂੰ ਪੜ੍ਹਾ ਦਿੱਤਾ ਏ, ਪਰ ਇਕ ਗੱਲ ਯਾਦ ਰੱਖੀਂ-ਕਿਤੇ ਜ਼ਿੰਦਗੀ ਵਿਚ ਮੌਕਾ ਮਿਲਿਆ ਤਾਂ ਇਹ ਵਿਦਿਆ ਅੱਗੇ ਹੋਰਨਾਂ ਨੂੰ ਪੜ੍ਹਾ ਛੱਡੀਂ; ਬਸ ਇਹੀ ਮੇਰੀ ਸੇਵਾ ਏ।’
ਉਹਨੇ ਉਸਤਾਦ ਦੀ ਇਹ ਗੱਲ ਪੱਲੇ ਬੰਨ੍ਹ ਲਈ ਅਤੇ ਇਹੀ ਸੁਪਨਾ ਲੈਣ ਲੱਗਾ। 1977 ਦੇ ਸ਼ੁਰੂ ਵਿਚ ਉਹਨੇ ਆਪਣੇ ਪੰਦਰਾਂ ਸਾਲ ਹਵਾਈ ਸੈਨਾ ਦੇ ਪੂਰੇ ਕਰ ਲੈਣੇ ਸਨ। ਮੈਂ ਉਨ੍ਹਾਂ ਦਿਨਾਂ ਵਿਚ ਆਸਾਮ ਵਿਚ ਟਰਾਂਸਪੋਰਟ ਦੇ ਕੰਮ ਵਿਚ ਸੀ ਜਿਸ ਦਾ ਭਾਈਵਾਲ ਮੇਰੇ ਚਾਚੇ ਦਾ ਪੁੱਤ ਵੀ ਸੀ। ਉਹ ਘਰੋਂ ਵਾਪਸ ਆਇਆ ਤਾਂ ਕਹਿਣ ਲੱਗਾ, “ਪਰਿਵਾਰ ਤੈਨੂੰ ਯਾਦ ਕਰਦਾ ਏ। ਚੇਤਨ ਨੇ ਕਿਹਾ ਏ ਕਿ ਜਾ ਕੇ ਉਹਨੂੰ ਘਰ ਜ਼ਰੂਰ ਭੇਜੀ।” ਮੈਂ ਉਸੇ ਹੀ ਹਫ਼ਤੇ ਘਰ ਪਹੁੰਚ ਗਿਆ। ਚੇਤਨ ਨੇ ਆਖਰੀ ਤਿੰਨ ਸਾਲ ਪੰਜਾਬ ਵਿਚ ਹੀ ਗੁਜ਼ਾਰੇ ਆਦਮਪੁਰ ਹਵਾਈ ਅੱਡੇ ‘ਤੇ; ਔਰ ਉਥੋਂ ਹੀ ਉਹ ਸੇਵਾ ਮੁਕਤ ਹੋਇਆ। ਉਹ ਸ਼ੁੱਕਰਵਾਰ ਨੂੰ ਘਰ ਆ ਜਾਂਦਾ ਤੇ ਸੋਮਵਾਰ ਤੜਕੇ ਫਿਰ ਚਲਾ ਜਾਂਦਾ। ਐਤਕੀਂ ਹਫ਼ਤਾਵਾਰੀ ਘਰ ਪਹੁੰਚਣ ‘ਤੇ ਰਾਤੀਂ ਉਹਨੇ ਦੱਸਿਆ ਕਿ ਉਹ ਅਗਲੇ ਮਹੀਨੇ ਪੱਕੇ ਤੌਰ ਉਤੇ ਘਰ ਆ ਰਿਹਾ ਏ, ਤੇ ਇਸੇ ਕਰ ਕੇ ਸੁਨੇਹਾ ਭੇਜ ਕੇ ਤੈਨੂੰ ਸੱਦਿਆ ਏ। ਫਿਰ ਕਹਿਣ ਲੱਗਾ, “ਮੈਂ ਚਾਹੁੰਦਾਂ ਕਿ ਘਰ ਆ ਕੇ ਆਪਣੇ ਇਲਾਕੇ ਵਿਚ ਵਧੀਆ ਸਕੂਲ ਖੋਲ੍ਹਾਂ ਜਿਸ ਦੀ ਆਪਣੇ ਪਿੰਡਾਂ ਨੂੰ ਬੜੀ ਜ਼ਰੂਰਤ ਏ।” ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ। ਸਾਡਾ ਪਿੰਡ ਤਾਰਾਗੜ੍ਹ ਤਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦਾ ਹੈ, ਇਹ ਜੰਡਿਆਲਾ ਗੁਰੂ ਤੋਂ ਤਿੰਨ ਕਿਲੋਮੀਟਰ ਦੱਖਣ ਵੱਲ ਹੈ। ਸਾਡੇ ਪਿੰਡ ਨੂੰ ਮੇਨ ਸੜਕ ਨਹੀਂ ਪੈਂਦੀ। ਅਸੀਂ ਜੀæਟੀæ ਰੋਡ ਅਤੇ ਜੰਡਿਆਲੇ ਗੁਰੂ, ਖਡੂਰ ਸਾਹਿਬ ਜਾਣ ਵਾਲੀ ਸੜਕ ਦੇ ਵਿਚਕਾਰ ਪੈਂਦੇ ਹਾਂ। ਸੋ, ਸਾਡੀ ਸੋਚ ਇਹ ਸੀ ਕਿ ਸਕੂਲ ਮੇਨ ਸੜਕ ‘ਤੇ ਹੋਣਾ ਚਾਹੀਦਾ ਅਤੇ ਸਕੂਲ ਲਈ ਜਗ੍ਹਾ ਵੀ ਕਾਫ਼ੀ ਖੁੱਲ੍ਹੀ ਹੋਣੀ ਚਾਹੀਦੀ ਏ। ਸਾਡੇ ਪਿੰਡ ਦੇ ਨਾਲ ਦਾ ਗੁਆਂਢੀ ਪਿੰਡ ਧਾਰੜ ਹੈ, ਇਹ ਵੀ ਜੰਡਿਆਲੇ ਗੁਰੂ ਤੋਂ ਖਡੂਰ ਸਾਹਿਬ ਵਾਲੀ ਸੜਕ ‘ਤੇ ਹੈ ਅਤੇ ਉਸ ਪਿੰਡ ਦੀ ਹੱਦ ਵੀ ਸਾਡੀ ਜ਼ਮੀਨ ਨਾਲ ਲਗਦੀ ਏ।
ਅਸੀਂ ਬੈਠਿਆਂ ਨੇ ਹੀ ਇਹ ਸਲਾਹ ਕਰ ਲਈ ਕਿ ਪਿੰਡ ਧਾਰੜ ਹੀ ਸਕੂਲ ਲਈ ਢੁੱਕਵੀਂ ਜਗ੍ਹਾ ਹੈ ਅਤੇ ਉਸ ਦੇ ਲਾਗੇ 10-12 ਪਿੰਡ ਵੀ ਪੈਂਦੇ ਹਨ। ਹਰ ਹਫ਼ਤੇ ਚੇਤਨ ਘਰ ਆਉਂਦਾ ਤਾਂ ਪਹਿਲਾਂ ਇਹੀ ਸਵਾਲ ਹੁੰਦਾ ਕਿ ‘ਜਗ੍ਹਾ ਦੀ ਗੱਲ ਬਣੀ?’ ਮੈਂ ਅੱਗਿਉਂ ਹੱਸ ਕੇ ਕਹਿ ਛੱਡਦਾ, ‘ਜਦ ਤੂੰ ਆਪਣਾ ਫੌਜੀਆਂ ਵਾਲਾ ਟਰੰਕ ਤੇ ਬਿਸਤਰਾ ਲੈ ਕੇ ਆਏਂਗਾ, ਬਸ ਸਿੱਧਾ ਤੈਨੂੰ ਸਕੂਲੇ ਹੀ ਲੈ ਜਾਣਾਂ।’ ਧਾਰੜ ਪਿੰਡ ਦੇ ਕਈ ਸੱਜਣਾਂ ਨਾਲ ਮੇਰੀ ਜਾਣ-ਪਛਾਣ ਸੀ ਅਤੇ ਸਾਡੀ ਮਾਸੀ ਦੀ ਲੜਕੀ ਵੀ ਇਸੇ ਪਿੰਡ ਵਿਆਹੀ ਹੋਈ ਏ। ਵੈਸੇ ਵੀ ਭਾਈਏ ਨਾਲ ਯਾਰੀ-ਦੋਸਤੀ ਵਾਲਾ ਰਿਸ਼ਤਾ ਏ। ਉਹਨੂੰ ਮਿਲਣ ‘ਤੇ ਪਤਾ ਲੱਗਾ ਕਿ ਇਕ ਜਗ੍ਹਾ ਬਿਲਕੁਲ ਸੜਕ ਦੇ ਉਪਰ ਹੈ। ਵੱਡਾ ਸਾਰਾ ਲੋਹੇ ਦਾ ਗੇਟ ਲੱਗਾ ਹੋਇਆ ਹੈ। ਮਾਲਕ ਜਿਸ ਦਾ ਪਿੰਡ ਵਿਚ ਸ਼ਾਹ ਨਾਮ ਵੱਜਦਾ ਏ, ਉਹ ਆਪ ਤਾਂ ਇਥੇ ਨਹੀਂ ਰਹਿੰਦਾ, ਤੁਹਾਡੇ ਵਾਂਗ ਉਹ ਵੀ ਟਰੱਕਾਂ ਦਾ ਕੰਮ ਕਰਦਾ ਏ, ਉਹ ਅਤੇ ਉਹਦਾ ਸਾਰਾ ਪਰਿਵਾਰ ਬੰਬਈ ਹੀ ਰਹਿੰਦਾ ਏ ਪਰ ਉਹਦਾ ਭਰਾ ਇਸੇ ਹੀ ਪਿੰਡ ਵਿਚ ਹੈ। ਅਸੀਂ ਉਸ ਦੇ ਭਰਾ ਨੂੰ ਮਿਲੇ ਤਾਂ ਪਤਾ ਲੱਗਾ ਕਿ ਸ਼ਾਹ ਦੇ ਮੁੰਡੇ ਦਾ ਵਿਆਹ ਹੈ ਅਤੇ ਉਹ ਸਾਰਾ ਪਰਿਵਾਰ ਹੀ ਦੋ ਹਫ਼ਤਿਆਂ ਤੱਕ ਆ ਰਹੇ ਹਨ। ਸਾਨੂੰ ਉਸ ਨੇ ਜਗ੍ਹਾ ਵੀ ਵਿਖਾ ਦਿੱਤੀ। ਉਹ ਜਗ੍ਹਾ ਅੰਦਰੋਂ ਬਹੁਤ ਖੁੱਲ੍ਹੀ ਸੀ। ਸ਼ੁਰੂਆਤ ਵਿਚ ਸਕੂਲ ਲਈ ਬਹੁਤ ਵਧੀਆ ਸੀ ਅਤੇ ਉਹਨੇ ਸਾਨੂੰ ‘ਹਾਂ’ ਵੀ ਕਰ ਦਿੱਤੀ ਪਰ ਪੱਕੀ ਗੱਲ ਸ਼ਾਹ ਦੇ ਆਉਣ ‘ਤੇ ਹੋਣੀ ਸੀ।
ਪਤਾ ਨਹੀਂ ਵਿਆਹ ਵਾਲੇ ਮੁੰਡੇ ਨੂੰ ਵਿਆਹ ਵਾਲੇ ਦਿਨ ਦੀ ਕਿੰਨੀ ਕੁ ਉਡੀਕ ਹੋਵੇਗੀ ਪਰ ਸਾਨੂੰ ਉਸ ਤੋਂ ਵੀ ਜ਼ਿਆਦਾ ਸੀ। ਵਿਆਹ ਤੋਂ ਤਿੰਨ ਕੁ ਦਿਨ ਬਾਅਦ ਹੀ ਅਸੀਂ ਉਸ ਦੇ ਭਰਾ ਨੂੰ ਨਾਲ ਲੈ ਕੇ ਸ਼ਾਹ ਜੀ ਨੂੰ ਘਰੇ ਫਤਿਹ ਜਾ ਬੁਲਾਈ। ਸਾਰੀ ਗੱਲਬਾਤ ਹੋਈ ਤੇ ਸ਼ਾਹ ਨੇ ਜਗ੍ਹਾ ਲਈ ਹਾਂ ਕਰ ਦਿੱਤੀ। ਕਹਿਣ ਲੱਗਾ, “ਇਹ ਤਾਂ ਨੇਕੀ ਵਾਲਾ ਕੰਮ ਏ। ਅਸੀਂ ਤਾਂ ਇਥੇ ਉਸ ਤਰ੍ਹਾਂ ਨਹੀਂ ਆਉਂਦੇ। ਜੋ ਕੁਝ ਬਣਿਆ ਏ, ਢਾਹੁਣਾ ਨਹੀਂæææਜੇ ਲੋੜ ਹੋਵੇ ਤਾਂ ਤੁਸੀਂ ਹੋਰ ਵੀ ਕਮਰੇ ਬਣਾ ਲੈਣਾ।”
ਮੈਂ ਭਾਈਏ ਦੇ ਕੰਨ ‘ਚ ਫੂਕ ਮਾਰੀ ਕਿ ਇਹਦਾ ਹਿਸਾਬ ਵੀ ਸ਼ਾਹ ਜੀ ਨੂੰ ਪੁੱਛ ਲਏ। ਸ਼ਾਹ ਕਹਿਣ ਲੱਗਾ, “ਆਪਣੇ ਪਿੰਡਾਂ ਦੇ ਸੱਜਣ ਮਿੱਤਰ ਨੇ, ਨੇਕੀ ਦਾ ਕੰਮ ਕੋਈ ਕੋਈ ਕਰਦਾ। ਇਕ ਸਾਲ ਤੱਕ ਇਨ੍ਹਾਂ ਕੋਲੋਂ ਕੁਝ ਨਹੀਂ ਲੈਣਾ, ਬਾਅਦ ਵਿਚ ਆਹ ਕੁਝ ਮੇਰੇ ਭਰਾ ਨੂੰ ਦੇ ਦਿਆ ਕਰਿਉ।”
ਅਸੀਂ ਫਤਿਹ ਬੁਲਾ ਕੇ ਬਾਹਰ ਆ ਗਏ। ਬਾਹਰ ਆਉਂਦਿਆਂ ਹੀ ਚੇਤਨ ਨੇ ਮੈਨੂੰ ਤੇ ਭਾਈਏ ਨੂੰ ਜੱਫੀ ‘ਚ ਲੈ ਕੇ ਕਿਹਾ, “ਤੁਸੀਂ ਅੱਜ ਮੇਰਾ ਸੁਪਨਾ ਪੂਰਾ ਕਰ ਦਿੱਤਾ।” ਵੱਡੇ ਸਾਰੇ ਗੇਟ ‘ਤੇ ਜਦ ਅਸੀਂ ਝਾਤੀ ਮਾਰੀ ਤਾਂ ਦਸਮੇਸ਼ ਪਿਤਾ ਜੀ ਦੀ ਸੰਗਮਰਮਰ ਦੀ ਫੋਟੋ ਜੋ ਆਮ ਵੱਡੇ ਗੇਟਾਂ ਉਪਰ ਲਾਈਦੀ ਹੈ, ਲੱਗੀ ਹੋਈ ਸੀ। ਚੇਤਨ ਨੇ ਉਥੇ ਹੀ ਖੜ੍ਹੇ ਨੇ ਸਕੂਲ ਦਾ ਨਾਮ ਰੱਖ ਲਿਆ ਤੇ ਕਹਿਣ ਲੱਗਾ, “ਦਸਮੇਸ਼ ਪਿਤਾ ਜੀ ਦੀ ਫੋਟੋ ਥੱਲੇ ਆਪਾਂ ਬੋਰਡ ਲਗਾ ਦੇਵਾਂਗੇ” ਤੇ ਸਕੂਲ ਦਾ ਨਾਂ ਦਸਮੇਸ਼ ਪਬਲਿਕ ਸਕੂਲ ਹੋ ਗਿਆ। ਖੁਸ਼ੀ ਨਾਲ ਚੇਤਨ ਨੇ ਕਿਹਾ, “ਸ਼ਾਹ ਨੇ ਸ਼ਾਹਾਂ ਵਾਲੀ ਕਰ ਕੇ ਦਿਖਾਈ ਏ ਸਾਡੇ ਨਾਲ।”
ਜਗ੍ਹਾ ਦੀ ਸਮੱਸਿਆ ਹੱਲ ਹੋ ਗਈ ਸੀ। ਹੁਣ ਚੇਤਨ ਦੀ ਸਮੱਸਿਆ ਸ਼ੁਰੂ ਹੋ ਗਈ ਸੀ। ਸਕੂਲ ਦਾ ਪ੍ਰਿੰਸੀਪਲ ਜਾਂ ਵਧੀਆ ਅਧਿਆਪਕ ਕਿਸ ਤਰ੍ਹਾਂ ਬਣਿਆ ਜਾਏ? ਡਾਕਟਰ ਦੀ ਗਲਤੀ ਕਫ਼ਨ ਵਿਚ ਦਫ਼ਨ ਹੋ ਜਾਏ, ਇੰਜੀਨੀਅਰ ਦੀ ਕੁਤਾਹੀ ਸੀਮੈਂਟ ਬਜਰੀ ਵਿਚ ਰਲ ਜਾਂਦੀ ਹੈ। ਵਕੀਲ ਦੀ ਬੇਨਿਯਮੀ ਫਾਇਲਾਂ ਵਿਚ ਸਿਰ ਛੁਪਾ ਲੈਂਦੀ ਹੈ ਪਰ ਅਧਿਆਪਕ ਦੀ ਭੁੱਲ ਸਾਰੇ ਸਮਾਜ ਨੂੰ ਲੈ ਡੁੱਬਦੀ ਹੈ।
ਅਧਿਆਪਕ ਨੂੰ ਸਾਡੇ ਸਮਾਜ ਵਿਚ ‘ਗੁਰੂ’ ਵੀ ਕਿਹਾ ਜਾਂਦਾ ਹੈ। ਗੁਰੂ, ਰੱਬ ਦਾ ਭੇਜਿਆ ਪੈਗੰਬਰ ਹੁੰਦਾ ਹੈ ਜਿਸ ਦੇ ਹਿੱਸੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉਂਜ, ਅਧਿਆਪਕ ਵੀ ਸਮਾਜੀ ਜੀਵ ਹੈ। ਹੋਰਨਾਂ ਵਾਂਗ ਉਹ ਵੀ ਸਮਾਜ ਤੋਂ ਹੀ ਹਾਸਲ ਕਰਦਾ ਹੈ ਪਰ ਉਹਦੀ ਵੱਖਰੀ ਨੁਹਾਰ ਉਦੋਂ ਬਣਦੀ ਹੈ, ਜਦੋਂ ਉਹ ਆਪਣੇ ਤਜਰਬੇ ਨੂੰ, ਗ੍ਰਹਿਣ ਕੀਤੇ ਗਿਆਨ ਵਿਚ ਰਲਾ ਕੇ ਅੱਗੇ ਤੋਰਦਾ ਹੈ।
ਸਕੂਲ ਤਿਆਰ ਹੋ ਚੁੱਕਾ ਸੀ, ਲਾਗਲੇ ਲਾਗਲੇ ਪਿੰਡਾਂ ਵਿਚ ਮੈਂ ਆਪ ਜਾ ਕੇ ਇਸ਼ਤਿਹਾਰ ਲਾ ਆਇਆ ਸੀ ਅਤੇ ਟਾਂਗੇ ਉਤੇ ਸਪੀਕਰ ਰੱਖ ਕੇ ਸਕੂਲ ਦੀ ਮਸ਼ਹੂਰੀ ਵੀ ਕਰ ਆਇਆ ਸੀ। ਬਸ, ਪਹਿਲੇ ਮਹੀਨੇ ਹੀ ਚੇਤਨ ਦੀ ਆਸ ਤੋਂ ਜ਼ਿਆਦਾ ਬੱਚੇ ਦਾਖ਼ਲ ਹੋ ਗਏ। ਸਕੂਲ ਦੀਆਂ ਕੰਧਾਂ ਉਤੇ ਸਾਹਿਤਕ ਲਾਇਨਾਂ ਵਾਲੇ ਬੈਨਰ ਲਿਖੇ ਹੋਏ ਸਨ। ਇਕ ਦੋ ਤਾਂ ਮੈਨੂੰ ਅਜੇ ਵੀ ਯਾਦ ਨੇ, “ਹਮੇਸ਼ਾ ਚਮਕਣਾ, ਹਰ ਥਾਂ ਚਮਕਣਾ, ਇਹੋ ਸੂਰਜ ਦਾ ਉਦੇਸ਼ ਹੈ ਤੇ ਮੇਰਾ ਵੀ।” “ਮਿਹਨਤ ਕਰਨ ਵਾਲੇ ਹੱਥ ਪਾਠ ਕਰਨ ਵਾਲੇ ਬੁਲ੍ਹਾਂ ਨਾਲੋਂ ਵੀ ਪਵਿੱਤਰ ਹੁੰਦੇ ਹਨ।”
ਸਕੂਲ ਦੇ ਬੱਚਿਆਂ ਨੂੰ ਤੋਹਫੇ ਵਜੋਂ ਕਿਤਾਬਾਂ ਦਿੱਤੀਆਂ ਜਾਂਦੀਆਂ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਬਾਬੇ ਨਾਨਕ ਅਤੇ ਨਾਵਲਕਾਰ ਨਾਨਕ ਸਿੰਘ ਵਿਚ ਕੀ ਫਰਕ ਏ! ਜਸਬੀਰ ਭੁੱਲਰ ਲਿਖਦਾ ਏ ਕਿ ਚੇਤਨ ਦਾ ਸਕੂਲ ਸਿੱਖਿਆ ਤਾਂ ਵੰਡਦਾ ਹੀ ਹੈ, ਨਾਲ ਦੀ ਨਾਲ ਬੱਚਿਆਂ ਨੂੰ ਸਾਹਿਤਕ ਮੱਸ ਵੀ ਲਾਉਂਦਾ ਹੈ। ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੇ ਉਸ ਸਕੂਲ ਵਿਚ ਸਿਰਫ਼ ਚਰਨ ਹੀ ਨਹੀਂ ਪਾਏ, ਸਗੋਂ ਹਰ ਪ੍ਰੋਗਰਾਮ ‘ਤੇ ਪੁੱਜ ਕੇ ਬੱਚਿਆਂ ਨੂੰ ਇਨਾਮ ਆਪਣੇ ਹੱਥੀਂ ਦਿੱਤੇ।
1977 ਦਾ ਚੱਲਿਆ ਸਕੂਲ ਜਦੋਂ ਜਵਾਨੀ ਦੀ ਪੌੜੀ ਚੜ੍ਹਨ ਲੱਗਾ ਤਾਂ ਪੰਜਾਬ ‘ਤੇ ਛਾਈ ਕਾਲੀ ਹਨੇਰੇ ਨੇ ਉਹਨੂੰ ਵੀ ਕਾਲਾ ਕਰ ਦਿੱਤਾ। 1989 ਵਿਚ ਜਦ ਏæਕੇæ ਅਸਾਲਟਾਂ ਦਾ ਜ਼ੋਰ ਹੁੰਦਾ ਸੀ, ਉਸ ਸਕੁਲ ‘ਤੇ ਵੀ ਇਨ੍ਹਾਂ ਦਾ ਸਾਇਆ ਪਿਆ। ਏæਕੇæ ਅਸਾਲਟਾਂ ਦੀਆਂ ਬੜ੍ਹਕਾਂ ਨੇ ਸਕੂਲ ਦਾ ਦਰਵਾਜ਼ਾ ਬੰਦ ਕਰਵਾ ਦਿੱਤਾ। ਉਸ ਦਿਨ ਚੇਤਨ ਮੇਰੇ ਗਲ ਨਾਲ ਲੱਗ ਕੇ ਭੁੱਬਾਂ ਮਾਰ ਕੇ ਰੋਇਆ, “ਮੈਨੂੰ ਮਾਰ ਦਿੰਦੇ ਤਾਂ ਚੰਗਾ ਸੀ, ਪਰ ਮੇਰਾ ਸਕੂਲ਼ææ।”
ਸਕੂਲ ਬੰਦ ਹੋਣ ਦੀ ਕਹਾਣੀ ਪਾਠਕਾਂ ਨਾਲ ਕਦੀ ਫਿਰ ਸਾਂਝੀ ਕਰਾਂਗੇ। ਅੱਜ ਉਸ ਸ਼ਖ਼ਸੀਅਤ ਨੂੰ ਗਿਆਂ 10 ਸਾਲ ਹੋ ਗਏ ਹਨ। ਉਸ ਦਾ ਪਰਿਵਾਰ, ਦੋਸਤ ਅਤੇ ਪਾਠਕ ਉਸ ਨੂੰ ਯਾਦ ਕਰਦੇ ਹੀ ਰਹਿੰਦੇ ਹਨ। ਉਸ ਤੁਰ ਗਈ ਰੂਹ ਦਾ ਵੱਡਾ ਸੁਪਨਾ ਸਕੂਲ ਸੀ ਜੋ ਉਸ ਨੇ ਪੂਰਾ ਕੀਤਾ।
Leave a Reply