ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਲਈ ਵਹੀਰਾਂ

ਪਟਿਆਲਾ: ਇਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਖਾਲਸਾਈ ਜਾਹੋ-ਜਲਾਲ ਨਾਲ ਅਰੰਭ ਹੋਈ ਗੁਰੂ ਸਾਹਿਬਾਨ ਦੀਆਂ ਦੁਰਲੱਭ ਨਿਸ਼ਾਨੀਆਂ ਦੀ ਪਵਿੱਤਰ ਯਾਤਰਾ ਨੂੰ ਪੰਜਾਬ ਭਰ ਵਿਚ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਯਾਤਰਾ 15 ਦਿਨ ਪੂਰੇ ਪੰਜਾਬ ਵਿਚੋਂ ਲੰਘੇਗੀ, ਜਿਥੇ ਸੰਗਤ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੇਗੀ।

ਇਸ ਯਾਤਰਾ ਦਾ ਪ੍ਰਬੰਧ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਉਤੇ ਕੀਤਾ ਗਿਆ ਹੈ।
ਇਹ ਯਾਤਰਾ ਪਟਿਆਲਾ ਤੋਂ ਆਰੰਭ ਹੋ ਕੇ ਨਾਭਾ, ਭਵਾਨੀਗੜ੍ਹ ਤੇ ਸੰਗਰੂਰ ਰਾਹੀਂ ਜਾਏਗੀ ਤੇ ਇਸ ਦਾ ਪਹਿਲਾ ਪੜਾਅ ਬਰਨਾਲਾ ਹੋਵੇਗਾ। 20 ਮਈ ਨੂੰ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪਨ ਹੋਵੇਗੀ। ਇਨ੍ਹਾਂ ਦੁਰਲੱਭ ਨਿਸ਼ਾਨੀਆਂ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ 46 ਇੰਚ ਲੰਬੀ ਕਿਰਪਾਨ ਤੇ 22 ਇੰਚ ਲੰਮਾ ਕੋਰੜਾ ਸ਼ਾਮਲ ਹੈ। ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਕ ਸਿਰੀ ਸਾਹਿਬ ਹੈ। ਦਸਵੇਂ ਪਾਤਸ਼ਾਹ ਨਾਲ ਸਬੰਧਤ 10 ਨਿਸ਼ਾਨੀਆਂ ਇਸ ਯਾਤਰਾ ਦੀ ਸ਼ੋਭਾ ਵਧਾਉਣਗੀਆਂ। ਇਨ੍ਹਾਂ ਵਿਚ ਤਿੰਨ ਕਿਰਪਾਨਾਂ, ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, 20 ਇੰਚ ਲੰਮਾ ਲੋਹੇ ਦਾ ਤੀਰ, ਸਾਢੇ ਤਿੰਨ ਇੰਚ ਲੰਬੀ ਸਿਰੀ ਸਾਹਿਬ, ਲੱਕੜ ਦੇ ਦਸਤੇ ਵਾਲਾ 30 ਇੰਚ ਲੰਮਾ ਬਰਛਾ ਤੇ ਪੰਜ ਤੀਰ ਸ਼ਾਮਲ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਬਾਣੀ ਵੀ ਪਾਵਨ ਨਿਸ਼ਾਨੀਆਂ ਵਿਚ ਸ਼ਾਮਲ ਹੈ। ਯਾਤਰਾ ਦੀ ਸ਼ੁਰੂਆਤ ਮੌਕੇ ਕਰਵਾਏ ਗਏ ਸਮਾਗਮ ਵਿਚ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਹ ਪਵਿੱਤਰ ਯਾਤਰਾ ਵੀ ਸਿੱਖ ਵਿਰਸੇ ਦੇ ਪ੍ਰਚਾਰ ਤੇ ਪ੍ਰਸਾਰ ਦੀ ਲੜੀ ਦਾ ਹੀ ਇਕ ਹਿੱਸਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਯਾਤਰਾ ਨੂੰ ਰਾਜਸਥਾਨ, ਹਰਿਆਣਾ ਤੇ ਦਿੱਲੀ ਵਿਚ ਵੀ ਲਿਜਾਇਆ ਜਾਵੇ ਤਾਂ ਕਿ ਉਥੋਂ ਦੀ ਸੰਗਤ ਵੀ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਸਕੇ।
______________________________
ਤੋਸ਼ੇਖਾਨੇ ਵਾਲੀਆਂ ਨਿਸ਼ਾਨੀਆਂ ਬਾਰੇ ਕੋਈ ਯੋਜਨਾ ਨਹੀਂ
ਅੰਮ੍ਰਿਤਸਰ: ਗੁਰੂ ਸਾਹਿਬਾਨ ਦੇ ਸ਼ਸਤਰਾਂ ਤੇ ਵਸਤਰਾਂ ਸਮੇਤ ਹੋਰ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਧਾਰਮਿਕ ਦਰਸ਼ਨ ਯਾਤਰਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖਾਨਾ ਦੇ ਅਮੁੱਲੇ ਖਜ਼ਾਨੇ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਦੀ ਯੋਜਨਾ ਫਿਲਹਾਲ ਲਟਕਦੀ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਵਿਚ ਗੁਰੂ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਨਾਲ ਸਬੰਧਤ ਕਈ ਅਹਿਮ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ, ਜਿਨ੍ਹਾਂ ਦੇ ਦਰਸ਼ਨ ਸਿੱਖ ਸੰਗਤਾਂ ਨੂੰ ਸਾਲ ਵਿਚ ਸਿਰਫ ਛੇ ਵਾਰ ਛੇ ਗੁਰਪੁਰਬਾਂ ਮੌਕੇ ਲਾਏ ਜਾਣ ਵਾਲੇ ਜਲੌਅ ਸਮੇਂ ਹੀ ਹੁੰਦੇ ਹਨ। ਇਹ ਜਲੌਅ ਛੇ ਗੁਰਪੁਰਬਾਂ ਸਮੇਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਵਿਖੇ ਅਤੇ ਗੁਰਦੁਆਰਾ ਸ੍ਰੀ ਅਟਲ ਰਾਏ ਵਿਖੇ ਲਾਏ ਜਾਂਦੇ ਹਨ। ਇਹ ਜਲੌਅ ਵੀ ਕੁਝ ਘੰਟਿਆਂ ਲਈ ਲਗਦਾ ਹੈ, ਜਿਸ ਦੌਰਾਨ ਤੋਸ਼ੇਖਾਨੇ ਵਿਚ ਰੱਖਿਆ ਅਹਿਮ ਖਜ਼ਾਨਾ ਸੰਗਤਾਂ ਦੇ ਦਰਸ਼ਨਾਂ ਲਈ ਤਿੰਨ ਥਾਵਾਂ ਉਤੇ ਸੁਸ਼ੋਭਿਤ ਕੀਤਾ ਜਾਂਦਾ ਹੈ। ਸੰਗਤਾਂ ਦੀ ਭਾਰੀ ਮੰਗ ਹੈ ਕਿ ਤੋਸ਼ੇਖਾਨੇ ਵਿਚ ਰੱਖੀਆਂ ਇਨ੍ਹਾਂ ਅਹਿਮ ਨਿਸ਼ਾਨੀਆਂ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਕਰਾਏ ਜਾਣ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਇਹ ਯੋਜਨਾ ਠੰਢੇ ਬਸਤੇ ਵਿਚ ਨਹੀਂ ਸਗੋਂ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਯੋਜਨਾ ਉਤੇ ਵਿਚਾਰ ਕੀਤਾ ਜਾ ਰਿਹਾ ਹੈ।
_______________________________
ਹਰਿਆਣਾ ਤੇ ਰਾਜਸਥਾਨ ਦੀ ਸੰਗਤ ਵੀ ਕਰ ਸਕੇਗੀ ਦਰਸ਼ਨ
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਕਿ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਲਈ ਪਟਿਆਲਾ ਤੋਂ ਆਰੰਭ ਹੋਏ ਦਰਸ਼ਨ ਦੀਦਾਰ ਨਗਰ ਕੀਰਤਨ ਦੀ ਸ੍ਰੀ ਆਨੰਦਪੁਰ ਸਾਹਿਬ ਦੀ 350 ਸਾਲਾ ਸਤਾਬਦੀ ਉਤੇ ਪਹੁੰਚ ਹੋਣ ਮਗਰੋਂ ਇਸ ਨੂੰ ਅਗਲੇ ਪੜਾਅ ਵਜੋਂ ਹਰਿਆਣਾ ਤੇ ਰਾਜਸਥਾਨ ਦੀ ਸੰਗਤ ਲਈ ਵੀ ਰਵਾਨਾ ਕੀਤਾ ਜਾਵੇਗਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਬੁੱਢਾ ਦਲ ਦੇ ਇਤਿਹਾਸ ‘ਤੇ ਚਾਨਣਾ ਪਾਇਆ ਤੇ ਸੰਗਤ ਨੂੰ ਆਨੰਦਪੁਰ ਸਾਹਿਬ ਦੇ 350 ਸਾਲਾ ਸਤਾਬਦੀ ਜਸ਼ਨਾਂ ਵਿਚ ਵਧ ਚੜ੍ਹ ਕੇ ਪੁੱਜਣ ਦਾ ਸੱਦਾ ਦਿੱਤਾ।