ਬਲਜੀਤ ਬਾਸੀ
ਪੰਜਾਬੀ ਤੇ ਕਈ ਹੋਰ ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਨਾਲ ਪਿਛੇਤਰ ਅਤੇ ਸੰਬੋਧਕ ਵਜੋਂ Ḕਵਾਲਾ/ਵਾਲḔ ਸ਼ਬਦਾਂ ਦੀ ਅਕਸਰ ਵਰਤੋਂ ਹੁੰਦੀ ਹੈ। ਕਿਹੜਾ ਸ਼ਬਦ ਹੈ ਜਿਸ ਪਿਛੇ ਲੱਗ ਕੇ ਇਹ ਉਸ ਦੀ ਸ਼ਾਨ ਨਹੀਂ ਵਧਾ ਦਿੰਦਾ। ਫਿਰ ਸ਼ਬਦ ਦੀ ਹਰ ਸ਼੍ਰੇਣੀ ਯਾਨਿ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸਬੰਧਕ, ਯੋਜਕ ਵਿਸਮਕ ਪਿਛੇ ਇਸ ਨੂੰ ਸਫਲਤਾ ਪੂਰਬਕ ਲਾਇਆ ਜਾ ਸਕਦਾ ਹੈ। ਹੋਰ ਤਾਂ ਹੋਰ ਪੂਰੇ ਵਾਕੰਸ਼, ਉਕਤੀ ਸ਼ਾਇਦ ਵਾਕ ਪਿਛੇ ਵੀ ਇਸ ਨੂੰ ਅੜੁੰਗਿਆ ਜਾ ਸਕਦਾ ਹੈ। ਇਹ ਤਾਂ ਸਮਝੋ ਇਕ ਅਜਿਹਾ ਬਹੁ-ਉਪਯੋਗੀ ਸ਼ਬਦ ਹੈ ਜਿਸ ਨੂੰ ਆਲੂ ਵਾਂਗ ਕਿਤੇ ਵੀ ਵਰਤਿਆ ਜਾ ਸਕਦਾ ਹੈ।
ਇਸ ਤਰ੍ਹਾਂ ਇਸ ਨੇ ਸਾਡੀ ਭਾਸ਼ਾਈ ਸਮਰਥਾ ਨੂੰ ਖੂਬ ਬਲ ਬਖਸ਼ਿਆ ਹੈ। ਪਿਛੇਤਰ ਵਜੋਂ ਇਹ ਆਮ ਤੌਰ ‘ਤੇ ਸਬੰਧਤ, ਚਾਲਕ, ਮਾਲਕ, ਵੇਚਕ, ਅਧਿਕਾਰੀ, ਧਾਰਕ, ਰੱਖਣ ਵਾਲਾ ਜਿਹੇ ਅਰਥ ਦਿੰਦਾ ਹੈ। ਚਲੋ ਥੋੜੀਆਂ ਮਿਸਾਲਾਂ ਦੇਖ ਲਈਏ: ਟਾਂਗੇ ਵਾਲਾ, ਚਾਹ ਵਾਲਾ, ਹੱਟੀ ਵਾਲਾ, ਦੁੱਧ ਵਾਲਾ, ਬਾਬਾ ਟਾਹਲੀ ਵਾਲਾ, ਡੱਗੀ ਵਾਲਾ, ਸਬਜ਼ੀ ਵਾਲਾ ਆਦਿ। ਇਹ ਗੱਲ ਲੋਕਾਂ ਦੇ ਦਿਮਾਗ ਵਿਚ ਹੁੰਦੀ ਹੈ ਕਿ ਕਿਸ ਥਾਂ ḔਵਾਲਾḔ ਕੀ ਅਰਥ ਰਖਦਾ ਹੈ। Ḕਰਿਕਸ਼ਾ ਵਾਲਾḔ ਰਿਕਸ਼ਾ ਚਾਲਕ ਹੈ, ਰਿਕਸ਼ਾ ਵੇਚਣ ਵਾਲੇ ਨੂੰ ਰਿਕਸ਼ਾ ਵਾਲਾ ਨਹੀਂ ਕਿਹਾ ਜਾਵੇਗਾ; ਤੇਲ ਵਾਲਾ ਤੇਲ ਵੇਚਦਾ ਹੈ, ਰੇੜ੍ਹੀ ਵਾਲਾ ਰੇੜ੍ਹੀ ਨਹੀਂ ਵੇਚਦਾ। ਨਾਲ ਵਾਲਾ ਗੁਆਂਢੀ ਹੈ। ਗਾਂਧੀਗਿਰੀ ਫਿਲਮ ਵਿਚ ਸੰਜੇ ਦੱਤ ਇਕ ਸੰਵਾਦ ਵਿਚ ਮਹਾਤਮਾ ਗਾਂਧੀ ਨੂੰ Ḕਨੋਟ ਵਾਲਾḔ ਕਹਿੰਦਾ ਹੈ ਕਿਉਂਕਿ ਨੋਟ ਉਤੇ ਗਾਂਧੀ ਦੀ ਤਸਵੀਰ ਹੁੰਦੀ ਹੈ। ਕਿਸੇ ਵੇਲੇ ਪੈਸੇ ਦੀ ਹੀ ਬੜੀ ਕੀਮਤ ਹੁੰਦੀ ਸੀ, ਅੱਜ ਕਲ੍ਹ ਪੈਸਾ ਤਾਂ ਕੀ ਰੁਪਏ ਦੀ ਵੀ ਏਨੀ ਮਿੱਟੀ ਪਲੀਤ ਹੋ ਗਈ ਹੈ ਕਿ ਦੇਖਣ ਨੂੰ ਨਹੀਂ ਮਿਲਦੇ। ਪੈਸੇ ਦੀ ਕਦਰ ਵੇਲੇ ਅਮੀਰ ਆਦਮੀ ਲਈ ਸ਼ਬਦ ਬਣਿਆ, ਪੈਸੇ ਵਾਲਾ। Ḕਆਨੇ ਵਾਲਾ ਥਾਂḔ ਸ਼ਾਇਦ ਹੱਟੀ ਹੁੰਦੀ ਹੈ ਜਿਥੇ ਹੱਟੀਵਾਲਾ ਘੜੀ ਮੁੜੀ ਆਨੇ ਵਸੂਲ ਕਰਨ ਲਈ ਆਉਂਦਾ ਹੈ, ਮੁਹਾਵਰਾ ਵੀ ਹੈ, ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ। ਅਦਬੀ ਵਰਤੋਂ ਦੇ ਨਮੂਨੇ ਦੇਖਣੇ ਹੋਣ ਤਾਂ ਹਾਜ਼ਰ ਹਨ, ਹਜੂਰੇ ਵਾਲਾ, ਜਨਾਬੇ ਵਾਲਾ। ḔਵਾਲਾḔ ਸ਼ਬਦ ਥਾਂਵਾਂ, ਨਗਰਾਂ, ਸ਼ਹਿਰਾਂ, ਪਿੰਡਾਂ ਆਦਿ ਦੇ ਨਾਂਵਾਂ ਅੱਗੇ ਆਮ ਹੀ ਲਗਦਾ ਹੈ: ਜਲਿਆਂਵਾਲਾ ਬਾਗ, ਝੰਡਿਆਂਵਾਲਾ ਚੌਕ, ਹੁਸੈਨੀਵਾਲਾ, ਗੁੱਜਰਾਂਵਾਲਾ, ਪਿਪਲਾਂਵਾਲਾ, ਗੜਦੀਵਾਲਾ, ਨਿਹਾਲ ਸਿੰਘ ਵਾਲਾ, ਮਹਿਮਾ ਸਿੰਘ ਵਾਲਾ, ਮੀਰ ਖਾਂ ਵਾਲਾ, ਗੰਡਾ ਸਿੰਘ ਵਾਲਾ। ਬੁਲੇ ਸ਼ਾਹ ਨੇ ਵੀ ਵਾਲਾ ਦੀ ਵਰਤੋਂ ਕੀਤੀ ਹੈ।
ਕਿਥੇ ਤਖਤ ਸੁਲੇਮਾਂ ਵਾਲਾ,
ਵਿਚ ਹਵਾ ਉਡਦਾ ਸੀ ਬਾਲਾ,
ਉਹ ਵੀ ਕਾਦਰ ਆਪ ਸੰਭਾਲਾ ਕੋਈ,
ਜਿੰਦਗ਼ੀ ਦਾ ਇਤਬਾਰ ਨਹੀਂ।
ਉਠ ਜਾਗ ਘੁਰਾੜੇ ਮਾਰ ਨਹੀਂ।
Ḕਘਰ ਵਾਲਾḔ ਸਮਾਸ ਦਾ ਸਿੱਧਾ ਅਰਥ ਤਾਂ ਘਰ ਦਾ ਮਾਲਿਕ ਹੀ ਲਿਆ ਜਾਵੇਗਾ ਪਰ ਇਸ ਦਾ ਵਿਸਤ੍ਰਿਤ ਅਰਥ ਪਤੀ ਹੋ ਗਿਆ ਹੈ। Ḕਘਰ ਵਾਲੇḔ ਘਰ ਦੇ ਜੀਅ ਹਨ, “ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ।” ਇਸੇ ਤਰ੍ਹਾਂ ਘਰ ਵਾਲੀ ਪਤਨੀ ਨੂੰ ਕਹਿੰਦੇ ਹਨ। ਕਿਸੇ ਨਗਰ ਆਦਿ ਦਾ ਵਸਨੀਕ ਵੀ ਆਪਣੇ ਨਗਰ ਦਾ ਨਾਂ ਆਪਣੇ ਨਾਂ ਅੱਗੇ ਲਾ ਲੈਂਦਾ ਹੈ ਜਿਵੇਂ ਕਾਬਲੀਵਾਲਾ, ਦੇਵ ਥਰੀਕੇ ਵਾਲਾ। ਸੰਤਾਂ ਦੀ ਤਾਂ ਸ਼ਨਾਖਤ ਹੀ ਵਾਲੇ ਦੀ ਸਹਾਇਤਾ ਨਾਲ ਹੁੰਦੀ ਹੈ। ਮਸਲਨ ਭਿੰਡਰਾਂਵਾਲਾ, ਬਿਆਸ ਵਾਲਾ, ਪਿਹੋਵੇ ਵਾਲਾ, ਦਿੱਲੀ ਵਾਲਾ। ਸ਼ਰਧਾ ਨਾਲ ਲੋਕ ਇਨ੍ਹਾਂ ਦਾ ਬਹੁਵਚਨ ਬਣਾ ਲੈਂਦੇ ਹਨ ਜਿਵੇਂ ਸੰਤ ਭਿੰਡਰਾਂਵਾਲੇ, ਕਲੇਰਾਂ ਵਾਲੇ ਸੰਤ। ਇਸ ਮੰਤਰ ਵਿਚ ਤਾਂ ਮਾਤਾ ਦੇਵੀ ਦੀ ਵਿਸ਼ੇਸ਼ਤਾ ਵੀ ਸ਼ਹਿਰ ਦੇ ਨਾਂ ਤੋਂ ਉਘਾੜੀ ਗਈ ਹੈ, “ਹੇ ਕਾਲੀ ਕਲਕੱਤੇ ਵਾਲੀ, ਤੇਰਾ ਵਾਰ ਨਾ ਜਾਏ ਖਾਲੀ।” ਪਾਰਸੀਆਂ ਨੇ ਇਸ ਸ਼ਬਦ ਦਾ ਖੂਬ ਲਾਭ ਉਠਾਇਆ ਹੈ। ਉਨ੍ਹਾਂ ਦੇ ਨਾਂ ਅੱਗੇ ਇਹ ਪਿਛੇਤਰ ਅਕਸਰ ਉਨ੍ਹਾਂ ਦੇ ਧੰਦੇ ਜਾਂ ਨਗਰ ਆਦਿ ਦਾ ਸੂਚਕ ਹੁੰਦਾ ਹੈ ਜਿਵੇਂ ਦਾਰੂਵਾਲਾ (ਦਾਰੂ ਵੇਚਣ ਵਾਲਾ), ਬਾਲਟੀਵਾਲਾ, ਚਾਂਦੀਵਾਲਾ, ਸੋਨੇਵਾਲਾ, ਮਿਠਾਈਵਾਲਾ, ਅਮਰੋਲੀਵਾਲਾ ਆਦਿ। ਹੋਰ ਤਾਂ ਹੋਰ ਇਕ ਪਾਰਸੀ ਉਪ ਨਾਂ ਕੰਟੀਨਵਾਲਾ ਵੀ ਹੈ। ਟੋਪੀਵਾਲਾ ਦਾ ਆਮ ਅਰਥ ਤਾਂ ਟੋਪੀ ਪਹਿਨਣ ਵਾਲਾ ਹੀ ਲਿਆ ਜਾਵੇਗਾ ਪਰ ਅੰਗਰੇਜ਼ੀ ਰਾਜ ਸਮੇਂ ਇਸ ਦਾ ਅਰਥ ਅੰਗਰੇਜ਼ ਜਾਂ ਕੋਈ ਯੂਰਪੀਨ ਹੁੰਦਾ ਸੀ, ਭਾਵੇਂ ਉਹ ਟੋਪੀ (ਹੈਟ) ਪਹਿਨਦਾ ਹੋਵੇ ਜਾਂ ਨਾ। ਇਹ ਸ਼ਬਦ ਪਹਿਲਾਂ ਪਹਿਲਾਂ ਪੁਰਤਗੀਜ਼ਾਂ ਲਈ ਵਰਤਿਆ ਜਾਂਦਾ ਸੀ। ਇਕ ਇਤਲਾਹ ਅਨੁਸਾਰ 18ਵੀਂ ਦੇ ਅਖੀਰ ਅਤੇ 19ਵੀਂ ਸਦੀ ਦੇ ਸ਼ੁਰੂ ਵਿਚ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਟੋਪੀਵਾਲਾ ਯੂਰਪੀਆਂ ਲਈ ਅਤੇ ਪਗੜੀਵਾਲਾ ਦੇਸੀ ਬੰਦਿਆਂ ਲਈ ਵਰਤੇ ਜਾਂਦੇ ਪਦ ਸਨ।
ਉਪਰਲੀ ਛੱਤ ‘ਤੇ ਰਹਿਣ ਵਾਲੇ ਨੂੰ Ḕਉਪਰ ਵਾਲਾḔ ਕਿਹਾ ਜਾ ਸਕਦਾ ਹੈ ਪਰ ਆਮ ਬੋਲਚਾਲ ਵਿਚ Ḕਉਪਰ ਵਾਲਾḔ ਪਰਮਾਤਮਾ ਹੈ, ਉਹ ਨੀਲੀ ਛਤਰੀ ਵਾਲਾ ਵੀ ਹੈ। ਜਵਾਲਾ ਦੇਵੀ ਮਾਤਾ ਕਿਹੜੀ ਘਟ ਹੈ, ਇਹ ਆਪਣੇ ਸ਼ਰਧਾਲੂਆਂ ਤੋਂ Ḕਹੇ ਜੋਤਾਂ ਵਾਲੀ ਮਾਤਾḔ ਕਹਾਉਂਦੀ ਹੈ। ਇਸ ਲਿਹਾਜ ਨਾਲ Ḕਮੁਰਲੀ ਵਾਲਾḔ ਵੀ ਪਿਛੇ ਨਹੀਂ। ਭਾਵਵਾਚਕ ਸੰਗਿਆਵਾਂ ਦੇ ਨਾਲ ਵੀ ਵਾਲਾ ਦੀ ਕਾਫੀ ਮੀਯਾ ਮਿਲਦੀ ਹੈ ਜਿਵੇਂ ਪਿਆਰ ਵਾਲਾ, ਮਤਵਾਲਾ, ਰਖਵਾਲਾ, “ਕਲ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ” (ਗੁਰੂ ਨਾਨਕ ਦੇਵ) ਪੰਜਾਬੀ ਵਿਚ ਆਮ ਤੌਰ ‘ਤੇ ਵਿਸ਼ੇਸ਼ਣ ਨਾਲ ਲੱਗਾ ḔਵਾਲਾḔ ਅਟਪਟਾ ਜਿਹਾ ਲਗਦਾ ਹੈ ਪਰ ਹਿੰਦੀ ਦੀ ਰੀਸੇ ਕਈ ਸ਼ਹਿਰੀ ਲੋਕ ਇਸ ਦੀ ਇਸ ਤਰ੍ਹਾਂ ਦੀ ਵਰਤੋਂ ਕਰ ਲੈਂਦੇ ਹਨ ਜਿਵੇਂ ਲਾਲ ਵਾਲਾ, ਬੜੇ ਵਾਲਾ, ਛੋਟੇ ਵਾਲਾ, ਐਹ ਵਾਲਾ, ਅਹੁ ਵਾਲਾ ਆਦਿ। ਇਸ ਪਿਛੇਤਰ ਦਾ ਸਭ ਤੋਂ ਵਧ ਪ੍ਰਯੋਗ ਕਿਰਿਆਵੀ ਨਾਂਵਾਂ ਦੇ ਪਿਛੇ ਹੁੰਦਾ ਹੈ, ਜਿਵੇਂ ਹਸਾਉਣ ਵਾਲਾ, ਮੰਗਣ ਵਾਲਾ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ। ਕਿਰਿਆ ਦੇ ਨਾਲ ਲੱਗ ਕੇ ਭਵਿਖਬੋਧਕ ਅਰਥ ਵੀ ਦੇਣ ਲਗਦਾ ਹੈ: Ḕਪੜ੍ਹਨੇ ਵਾਲਾḔ, Ḕਦੇਣ ਵਾਲਾḔ, Ḕਹੋਣ ਵਾਲਾḔ ਆਦਿ। ਇਕ ਕੋਸ਼ ਵਿਚ ਬੈੜ ਸ਼ਬਦ ਦਾ ਇੰਦਰਾਜ ਇਸ ਤਰ੍ਹਾਂ ਦਿੱਤਾ ਗਿਆ ਹੈ, “ਬੈੜ (ਨਾਂ, ਪੁ) ਮਾਲ੍ਹ ਵਿਚ ਜੜੀਆਂ/ਬੱਧੀਆਂ ਮਿੱਟੀ ਜਾਂ ਟੀਨ ਦੀਆਂ ਪਾਣੀ ਵਾਲੀਆਂ ਟਿੰਡਾਂ ਨੂੰ ਹਲਟ ਦੇ ਢਾਂਚੇ ਦੁਆਰਾ ਖੂਹ ਦੇ ਡੂੰਘੇ ਪਾਣੀ ਵਿਚੋਂ ਉਤੇ ਲਿਆਉਣ ਵਾਲਾ ਲੱਕੜ ਜਾਂ ਲੋਹੇ ਦਾ ਵੱਡਾ ਗੋਲ ਚੱਕਰ।” ਗੁਰਬਾਣੀ ਵਿਚ ਵੀ ਇਹ ਪਿਛੇਤਰ ਮਿਲਦਾ ਹੈ, “ਕਰੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ” (ਗੁਰੂ ਅਮਰ ਦਾਸ); “ਆਖਣ ਵਾਲਾ ਕਿਆ ਵੇਚਾਰਾ” ਅਤੇ “ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ” (ਗੁਰੂ ਨਾਨਕ ਦੇਵ)।
ਕਈ ਸੂਰਤਾਂ ਵਿਚ ਵਾਲਾ ਨੇ ਆਲਾ ਦਾ ਰੂਪ ਅਖਤਿਆਰ ਕਰ ਲਿਆ ਹੈ ਜਿਵੇਂ ਜੰਡਿਆਲਾ (ਜੰਡ ਦੇ ਰੁੱਖ ਵਾਲਾ), ਬਡਾਲਾ (ਬੋਹੜ ਦੇ ਰੁਖ ਵਾਲਾ), ਖਡਿਆਲਾ। ਵਾਲਾ ਦਾ ਸੁੰਗੜਿਆ ਰੂਪ ḔਵਾਲḔ ਹੈ ਜੋ ਕਈ ਨਾਂਵਾਂ ਥਾਂਵਾਂ ਵਿਚ ਦੇਖਣ ਨੂੰ ਮਿਲਦਾ ਹੈ ਜਿਵੇਂ ਦੇਸਵਾਲ, ਕੰਗਣੀਵਾਲ, ਰੂਪੋਵਾਲ, ਪੁਰੇਵਾਲ, ਸਾਹੀਵਾਲ ਆਦਿ। ਦੁਆਬੇ ਵਿਚ ਬਟਾਈ ‘ਤੇ ਜ਼ਮੀਨ ਕਾਸ਼ਤ ਦੀ ਰੀਤ ਨੂੰ ਭੌਲੀ ਕਿਹਾ ਜਾਂਦਾ ਹੈ। ਭੌਲੀ ਬਣਿਆ ਹੈ ਭਾਈਵਾਲੀ ਤੋਂ। ਬਟਾਈਦਾਰ ਨੂੰ ਭੌਲੀਦਾਰ (ਭਾਈਵਾਲੀਦਾਰ) ਕਹਿੰਦੇ ਹਨ। ਹੈ ਨਾ ਅਜੀਬ ਸਥਿਤੀ ਹੈ, ḔਵਾਲੀḔ ਤੇ ḔਦਾਰḔ ਦੋ ਇਕੋ ਜਿਹੇ ਅਰਥਾਂ ਵਾਲੇ ਪਿਛੇਤਰ ਇਕੱਠੇ ਆ ਗਏ ਹਨ। ਸਾਂਝੀਵਾਲ ਵੀ ਇਹੋ ਜਿਹਾ ਸ਼ਬਦ ਹੀ ਹੈ ਪਰ ਇਸ ਨੇ ਰੂਪ ਨਹੀਂ ਵਟਾਇਆ। ਵਿਚੋਲਾ ਸ਼ਬਦ ਵੀ Ḕਵਿਚ ਵਾਲਾḔ ਦਾ ਵਿਗੜਿਆ ਰੂਪ ਹੈ।
ḔਵਾਲਾḔ ਪਿਛੇਤਰ ਤਾਂ ਅੰਗਰੇਜ਼ਾਂ ਦੇ ਰਾਜ ਸਮੇਂ ਕੁਝ ਇਕ ਅੰਗਰੇਜ਼ੀ ਸ਼ਬਦਾਂ ਪਿਛੇ ਵੀ ਲਾਇਆ ਜਾਣ ਲੱਗਾ। 1856 ਵਿਚ ਲਾਗੂ ਕੀਤੇ ਗਏ ਸਿਵਿਲ ਸਰਵਿਸ ਦੀ ਤਿਆਰੀ ਕਰ ਰਹੇ ਉਮੀਦਵਾਰ ਨੂੰ Ḕਕੰਪੀਟੀਸ਼ਨ ਵਾਲਾḔ ਕਿਹਾ ਜਾਂਦਾ ਸੀ। ਬੁਕ ਵਾਲਾ ਤੇ ਟਿਕਟ ਵਾਲਾ ਹੋਰ ਉਦਾਹਰਣਾਂ ਹਨ। ਅੱਜ ਕਲ੍ਹ ਭਾਰਤੀ ਅੰਗਰੇਜ਼ੀ ਵਿਚ ਬੰਗਲੌਰ ਨੂੰ “ਆਈ-ਟੀ ਵਾਲਾ” (ੀ।ਠ। ੱਅਲਲਅਹਅਸ) ਸ਼ਹਿਰ ਕਿਹਾ ਜਾਂਦਾ ਹੈ ਕਿਉਂਕਿ ਇਥੇ ਸੂਚਨਾ ਤਕਨਾਲੋਜੀ ਨਾਲ ਸਬੰਧਤ ਬਹੁਤ ਕੰਮ ਹੁੰਦਾ ਹੈ। ਅਮਰੀਕਾ ਵਿਚ Ḕਰਿਪਬਲੀਕਨ ਵਾਲਾḔ ਉਕਤੀ ਮੇਰੇ ਦੇਖਣ ਵਿਚ ਆਈ ਹੈ। 1965 ਵਿਚ ਜੇਮਜ਼ ਇਸਮਾਈਲ ਮਰਚੈਂਟ ਨੇ ਰੁਥ ਪਰਾਵਰ ਝਬਵਾਲਾ (ਲੇਖਿਕਾ ਦੇ ਨਾਂ ਵਿਚ ਵੀ ਵਾਲਾ ਆਉਂਦਾ ਹੈ) ਦੇ ਨਾਵਲ “ਸ਼ੇਕਸਪੀਅਰਵਾਲਾ” ਦੇ ਆਧਾਰ ‘ਤੇ ਇਸੇ ਨਾਂ ਦੀ ਇਕ ਫਿਲਮ ਬਣਾਈ ਸੀ। ਨਾਵਲ ਵਿਚ ਇਕ ਪਰਿਵਾਰ ਵਾਲੇ ਆਪਣੀ ਨਾਟ ਮੰਡਲੀ ਬਣਾ ਕੇ ਪਿੰਡ ਪਿੰਡ ਜਾ ਕੇ ਸ਼ੇਕਸਪੀਅਰ ਦੇ ਨਾਟਕ ਖੇਡਦੇ ਹੁੰਦੇ ਹਨ।
ਗੱਲ ਕੀ, ਅਸੀਂ ਕਹਿ ਸਕਦੇ ਹਾਂ ਕਿ ਇਹ ਸ਼ਬਦ ਬਹੁਤ ਹੀ ਖੁਲ੍ਹੇ ਦਿਲ ਵਾਲਾ, ਮਿਲਣਸਾਰ ਤੇ ਸਭ ਸ਼ਬਦਾਂ ਦਾ ਸੰਗੀ ਸਾਥੀ ਹੈ। ਕਈ ਸ੍ਰੋਤਾਂ ਅਨੁਸਾਰ ਇਹ ਅਰਬੀ ਸ਼ਬਦ ḔਵਾਲੀḔ (ਵਾਲੀ ਵਰਸ) ‘ਤੇ ਆਧਾਰਤ ਹੈ ਜਿਸ ਦਾ ਅਰਥ ਵੀ ਮਾਲਕ ਸੁਆਮੀ ਹੁੰਦਾ ਹੈ ਪਰ ਇਹ ਸੰਜੋਗ ਦੀ ਗੱਲ ਹੈ ਕਿ ਇਸ ਦੀ ਧੁਨੀ ਅਤੇ ਕੁਝ ਹੱਦ ਤੱਕ ਅਰਥ ਇਸ ਅਰਬੀ ਅਸਲੇ ਵਾਲੇ ਸ਼ਬਦ ਨਾਲ ਮਿਲਦੇ ਹਨ। ਦਰਅਸਲ ਇਹ ਸ਼ਬਦ ਸੰਸਕ੍ਰਿਤ ḔਪਾਲḔ ਉਤੇ ਆਧਾਰਤ ਹੈ। ਪਾਲ ਸ਼ਬਦ ਵਿਚ ਪਾਲਣ, ਰੱਖਿਆ ਕਰਨ ਆਦਿ ਦੇ ਭਾਵ ਹਨ। ਅਸੀਂ ਇਕ ਮਿਸਾਲ ਤੋਂ ਇਹ ਘੁੰਡੀ ਸਮਝ ਸਕਦੇ ਹਾਂ। ਗੋਪਾਲ ਦਾ ਅਰਥ ਹੈ, ਗਊਆਂ ਨੂੰ ਪਾਲਣ ਵਾਲਾ। ਇਸ ਸ਼ਬਦ ਦੀ ḔਪḔ ਧੁਨੀ ਬਦਲ ਕੇ ḔਵḔ ਵਿਚ ਵਟ ਗਈ ਤੇ ਸ਼ਬਦ ਬਣ ਗਿਆ ਗਵਾਲ ਜਿਸ ਦੇ ਅਰਥ ਗੁਪਾਲ ਜਿਹੇ ਹੀ ਹਨ। ਗੌਰਤਲਬ ਹੈ ਕਿ ਮੱਝਾਂ ਪਾਲਣ ਵਾਲੇ ਲਈ ਮਹੀਪਾਲ ਸ਼ਬਦ ਮਹੀਂਵਾਲ ਬਣ ਗਿਆ ਅਤੇ ਬੱਕਰਪਾਲ ਤੋਂ ਬੱਕਰਵਾਲ। ਫਾਰਸੀ ਵਿਚ ḔਪਾਇਦਨḔ ਦਾ ਅਰਥ ਹੁੰਦਾ ਹੈ, ਕਾਇਮ ਰਹਿਣਾ, ਦ੍ਰਿੜ ਰਹਿਣਾ, ਕਿਸੇ ਵੱਲ ਇਕ ਟੱਕ ਦੇਖਣਾ ਆਦਿ। ਮਧਵਰਤੀ ਫਾਰਸੀ ਵਿਚ ਪਾਇ ਦਾ ਅਰਥ ਰਾਖੀ ਕਰਨਾ, ਪਾਲਣਾ ਆਦਿ ਹੁੰਦਾ ਸੀ ਜੋ ਅੱਗੋਂ ਪੁਰਾਣੀ ਫਾਰਸੀ ḔਪਾḔ ਤੋਂ ਬਣਿਆ, ਜਿਸ ਦਾ ਅਰਥ ਰੱਖਿਆ ਕਰਨਾ, ਪਾਲਣਾ ਹੁੰਦਾ ਹੈ। ਪਾਏਦਾਰ ਸ਼ਬਦ ਇਸੇ ਤੋਂ ਬਣਿਆ। ਇਸ ਸ਼ਬਦ ਦੇ ਸੁਜਾਤੀ ਸ਼ਬਦ ਹਿੰਦ-ਯੂਰਪੀ ਭਾਸ਼ਾਵਾਂ ਵਿਚ ਮਿਲਦੇ ਹਨ। ਭਾਸ਼ਾ ਵਿਗਿਆਨੀਆਂ ਨੇ ਇਸ ਦਾ ਭਾਰੋਪੀ ਮੂਲ ḔਪਰḔ (ਪeਰ-) ਦੱਸਿਆ ਹੈ ਜਿਸ ਦਾ ਅਰਥ ਹੈ ਪਾਰ ਲੰਘਾਉਣਾ, ਅੱਗੇ ਲਿਜਾਣਾ, ਅਗਵਾਈ ਕਰਨਾ। ਚਰਚਿਤ ਸ਼ਬਦਾਂ ਦੇ ਪ੍ਰਸੰਗ ਵਿਚ ਇਸ ਦੀ ਵਿਆਖਿਆ ਲੰਮੀ ਚੌੜੀ ਗੱਲ ਹੈ, ਇਸ ਲਈ ਇਸ ਨੂੰ ਕਦੀ ਬਾਅਦ ਵਿਚ ਛੇੜਾਂਗੇ।