ਸਾਡਾ ਉਮਰਾਈ ਚੋਰ ਨਹੀਂ ਹੋ ਸਕਦਾ!

ਗੁਰਬਚਨ ਸਿੰਘ ਭੁੱਲਰ
ਉਮਰਾਓ ਸਿੰਘ ਮੇਰੇ ਬਾਪੂ ਜੀ ਦਾ ਮਾਸੜ ਭਾਵ ਮੇਰੇ ਦਾਦੇ ਦਾ ਸਾਂਢੂ ਸੀ। ਪਿੰਡ ਉਹਦਾ ਸਾਡੇ ਬਠਿੰਡਾ ਜ਼ਿਲੇ ਵਿਚ ਹੀ ਗੁਮਟੀ ਕਲਾਂ ਸੀ। ਉਦੋਂ ਸਾਡੇ ਪਿੰਡਾਂ ਵਿਚ ਪੂਰਾ ਨਾਂ ਲੈਣ ਦਾ ਰਿਵਾਜ ਘੱਟ ਹੀ ਸੀ। ਲੋਕ ਉਹਦਾ ਨਾਂ ਉਮਰਾਈ ਲੈਂਦੇ ਜੋ ਉਹਦੇ ਵੱਡੀ ਉਮਰ ਨੂੰ ਪਹੁੰਚਣ ਨਾਲ ਹੌਲ਼ੀ ਹੌਲ਼ੀ ‘ਉਮਰਾਈ ਬੁੜ੍ਹਾ’ ਹੋ ਗਿਆ। ਮੈਨੂੰ ਉਹਦੇ ਦਰਸ਼ਨ ਕਰਨ ਦਾ ਸੁਭਾਗ ਨਾ ਮਿਲਿਆ ਕਿਉਂਕਿ ਉਹ ਮੇਰੀ ਸੁਰਤ ਤੋਂ ਪਹਿਲਾਂ ਹੀ ਚਲਾਣਾ ਕਰ ਗਿਆ ਸੀ।

ਸਾਡੀ ਅੰਬੋ, ਮੇਰੇ ਬਾਪੂ ਜੀ ਦੀ ਮਾਸੀ ਕਿਸ਼ਨੋ ਨੇ ਬਹੁਤ ਲੰਮੀ ਉਮਰ ਭੋਗੀ। ਉਹਦਾ ਸਵਰਗਵਾਸ ਤਾਂ ਮੇਰੀ ਜਵਾਨੀ ਵੇਲੇ, ਮੇਰੇ ਵਿਆਹ ਤੋਂ ਮਗਰੋਂ 1967 ਵਿਚ ਜਾ ਕੇ ਹੋਇਆ। ਅੰਬੋ ਸਾਨੂੰ ਬਾਬੇ ਉਮਰਾਈ ਦੀਆਂ ਗੱਲਾਂ ਸੁਣਾਉਂਦੀ ਜਾਂ ਫੇਰ ਉਹਦੀਆਂ ਗੱਲਾਂ ਮੇਰੇ ਬਾਪੂ ਜੀ ਸੁਣਾਉਂਦੇ ਕਿਉਂਕਿ ਉਨ੍ਹਾਂ ਦੇ ਬਚਪਨ ਦੇ ਕਈ ਸਾਲ ਗੁਮਟੀ ਬੀਤੇ ਸਨ। ਉਹ ਦੋ ਸਾਲ ਦੇ ਵੀ ਨਹੀਂ ਸਨ ਹੋਏ ਕਿ ਮੇਰੇ ਚਾਚਾ ਜੀ ਦਾ ਜਨਮ ਹੋ ਗਿਆ। ਅੰਬੋ ਕਿਸ਼ਨੋ ਆਪਣੀ ਭੈਣ ਨੂੰ ਕਹਿਣ ਲੱਗੀ, ਇਕੱਠੇ ਦੋ ਕਿਵੇਂ ਪਾਲ਼ੇਂਗੀ, ਵੱਡੇ ਨੂੰ ਮੈਂ ਲੈ ਜਾਨੀ ਆਂ। ਜਦੋਂ ਉਹ ਥੋੜ੍ਹਾ ਜਿਹਾ ਸੰਭਲਿਆ, ਬਾਬਾ ਉਮਰਾਈ ਉਹਨੂੰ ਆਪਣੇ ਨਾਲ ਖੇਤ ਲੈ ਜਾਂਦਾ। ਇਉਂ ਉਹਨੇ ਬਾਬੇ ਨੂੰ ਬਹੁਤ ਨੇੜਿਉਂ ਦੇਖਿਆ ਹੋਇਆ ਸੀ ਅਤੇ ਉਹਦੇ ਮਨ ਉਤੇ ਕੱਚੀ ਉਮਰ ਵਿਚ ਲੱਗੀ ਹੋਈ ਬਾਬੇ ਦੀ ਸ਼ਖ਼ਸੀਅਤ ਦੀ ਛਾਪ ਬੜੀ ਡੂੰਘੀ ਸੀ।
ਬਾਬਾ ਉਮਰਾਈ ਬੜਾ ਜ਼ੋਰਾਵਰ-ਜਰਵਾਣਾ ਬੰਦਾ ਸੀ, ਮਹਾਂ-ਮਾਨਵ! ਉਚਾ-ਲੰਮਾ ਕੱਦ, ਨਰੋਈ-ਨਿੱਗਰ ਦੇਹ ਅਤੇ ਭਾਰੀ-ਗੌਰੀ ਕਾਇਆ ਅਤੇ ਠਰੰ੍ਹਮੇ ਵਾਲਾ ਸ਼ਾਂਤ-ਸਹਿਜ ਸੁਭਾਅ। ਪਾਣੀ ਦੀ ਥਾਂ ਉਹ ਲੱਸੀ ਤੇ ਦੁੱਧ ਦੀ ਥਾਂ ਘਿਓ ਪੀਂਦਾ। ਜੁੱਤਿਆਂ ਬਾਰੇ ਉਨ੍ਹਾਂ ਪੀੜ੍ਹੀਆਂ ਦੇ ਕਿਸਾਨਾਂ ਦਾ ਮੱਤ ਸੀ ਕਿ ਉਹ ਕੰਮ ਕਰਦਿਆਂ ਪਾਏ ਟੁੱਟ ਜਾਂਦੇ ਹਨ। ਇਸ ਕਰਕੇ ਜੁੱਤੇ ਅਜਿਹੇ ਕੰਮਾਂ ਵਿਚ ਹੀ ਪਾਏ ਜਾਂਦੇ, ਉਹ ਵੀ ਪੁਰਾਣੇ ਖੌਂਸੜੇ, ਜਿਨ੍ਹਾਂ ਵਿਚ ਉਹ ਕੰਡਿਆਂ ਵਗ਼ੈਰਾ ਕਰਕੇ ਪਾਉਣੇ ਜ਼ਰੂਰੀ ਹੋ ਜਾਂਦੇ। ਜਾਂ ਫੇਰ ਉਹ ਬਹੁਤੀ ਗਰਮੀ ਜਾਂ ਸਰਦੀ ਵਿਚ ਮਚਦੇ ਜਾਂ ਠਰਦੇ ਪੈਰਾਂ ਕਰਕੇ ਪਾਏ ਜਾਂਦੇ ਸਨ। ਨਵੇਂ ਜੁੱਤੇ ਬਹੁਤੇ ਲੋਕ ਕਿਸੇ ਵਿਆਹ-ਸਾਹੇ ਜਾਂ ਹੋਰ ਆਉਣ-ਜਾਣ ਵੇਲ਼ੇ ਹੀ ਬਣਵਾਉਂਦੇ। ਜੇ ਬਾਬੇ ਨਾਲ ਖੇਤ ਗਏ ਮੇਰੇ ਬਾਪੂ ਜੀ ਦੇ ਨੰਗੇ ਪੈਰ ਵਿਚ ਕੰਡਾ ਚੁਭ ਜਾਂਦਾ, ਕੁਦਰਤੀ ਸੀ ਕਿ ਉਹ ਚੀਕ ਮਾਰਦਾ ਤੇ ਕੰਡਾ ਲੱਭਣ-ਕੱਢਣ ਲਈ ਪੈਰ ਫੜ ਕੇ ਬੈਠ ਜਾਂਦਾ। ਬਾਬਾ ਉਹਦਾ ਸਿਰ ਪਲੋਸ ਕੇ ਪੁਚਕਾਰਦਾ, “ਪੁੱਤ, ਮਰਦ ਨਿੱਕੀਆਂ ਨਿੱਕੀਆਂ ਗੱਲਾਂ ‘ਤੇ ਨਹੀਂ ਰੋਂਦੇ! ਨਾਲੇ ਕੰਡਾ ਕੱਢਣ ਦੀ ਲੋੜ ਨਹੀਂ ਹੁੰਦੀ। ਪੈਰ ਨੂੰ ਧਰਤੀ ਉਤੇ ਮਲ਼ ਦੇਈਏ। ਕੰਡਾ ਆਪੇ ਵਿਚੇ ਟੁੱਟ ਜਾਂਦਾ ਐ ਤੇ ਇਉਂ ਪੈਰ ਅਗਾਂਹ ਵਾਸਤੇ ਪੱਕੇ ਹੋ ਜਾਂਦੇ ਐ।”
ਇਥੇ ਬਾਬੇ ਦੇ ਆਪਣੇ ਪੈਰਾਂ ਦਾ ਇਕ ਕਿੱਸਾ ਵੀ ਸੁਣ ਲਵੋ। ਸਾਡੇ ਪਿੰਡ ਦੇ ਜੁੱਤੇ ਮਸ਼ਹੂਰ ਸਨ। ਇਕ ਵਾਰ ਬਾਬਾ ਉਮਰਾਈ ਆਇਆ ਤਾਂ ਮੇਰੇ ਦਾਦੇ ਨੂੰ ਕਹਿਣ ਲੱਗਿਆ, “ਭਾਈ ਜੀਤ ਸਿਆਂ, ਮੇਰੇ ਜੋੜਿਆਂ ਦਾ ਮੇਚ ਹੀ ਦੇ ਆਈਏ।” ਸਾਡੇ ਪਿੰਡ ਰਵੀਦਾਸੀਆਂ ਤੇ ਮਜ਼੍ਹਬੀਆਂ ਦੇ ਵਿਹੜੇ ਨਾਲੋ-ਨਾਲ ਹਨ ਜਿਨ੍ਹਾਂ ਦੇ ਮੂਹਰੇ ਦੋ ਬਹੁਤ ਵੱਡੇ ਵੱਡੇ ਪੁਰਾਣੇ ਫੈਲਵੇਂ ਬਿਰਛ, ਇਕ ਨਿੰਮ ਤੇ ਇਕ ਪਿੱਪਲ ਸਨ। ਜਿਵੇਂ ਬੀਤੇ ਦਾ ਹੋਰ ਬਹੁਤ ਕੁਝ ਨਸ਼ਟ ਹੋ ਰਿਹਾ ਹੈ, ਉਹ ਪਿੱਪਲ ਤੇ ਨਿੰਮ ਵੀ ਕੁਝ ਸਮਾਂ ਪਹਿਲਾਂ ਵੱਢ ਦਿੱਤੇ ਗਏ। ਘਰ ਭੀੜੇ ਹੋਣ ਕਰਕੇ ਬਹੁਤ ਲੋਕ ਗਰਮੀਆਂ ਵਿਚ ਦੁਪਹਿਰ ਵੇਲੇ ਉਨ੍ਹਾਂ ਹੇਠ ਆ ਬੈਠਦੇ। ਜਿਸ ਵਿਰਲੇ-ਟਾਂਵੇਂ ਦੇ ਘਰ ਕੋਈ ਪਸੂ ਹੁੰਦਾ, ਉਹ ਵੀ ਉਥੇ ਲਿਆ ਬੰਨ੍ਹਦਾ। ਕਈ ਰਵੀਦਾਸੀਏ ਆਪਣੀ ਪਥਰੀ ਤੇ ਹੋਰ ਸਭ ਸੰਦ-ਵਲ਼ੇਵਾ ਲਿਆ ਕੇ ਖੁੱਲ੍ਹੇ ਥਾਂ ਪਿੱਪਲ ਹੇਠ ਆ ਬੈਠਦੇ। ਸਾਡੇ ਟੱਬਰ ਦੇ ਜੁੱਤੇ ਸਿਉਣ ਵਾਲਾ ਜੱਗਰ ਵੀ ਉਥੇ ਹੀ ਬੈਠਦਾ।
ਕੱਪੜੇ ਸਿਉਣ ਜਾਂ ਜੁੱਤੇ ਸਿਉਣ ਜਿਹੇ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਵਾਰਾ ਨਹੀਂ ਸੀ ਖਾਂਦਾ ਕਿ ਹਰ ਆਏ ਬੰਦੇ ਨਾਲ ਆਪਣਾ ਕੰਮ ਛੱਡ ਕੇ ਗੱਲਾਂ ਕਰਨ ਲੱਗ ਜਾਣ। ਉਨ੍ਹਾਂ ਸਭ ਨੂੰ ਇਹ ਅਭਿਆਸ ਹੋ ਜਾਂਦਾ ਕਿ ਆਉਂਦੇ ਬੰਦੇ ਦੀ ਪੈੜਚਾਲ ਸੁਣ ਕੇ ਉਹਨੂੰ ਦੇਖ ਲੈਂਦੇ ਕਿ ਕੌਣ ਹੈ, ਫ਼ਤਿਹ ਬੁਲਾਉਂਦੇ ਅਤੇ ਨੀਵੀਂ ਪਾ ਕੇ ਆਪਣਾ ਕੰਮ ਕਰਨ ਲਗਦੇ ਤੇ ਨਾਲ ਨਾਲ ਗੱਲਾਂ ਵੀ ਕਰੀਂ ਜਾਂਦੇ। ਜੱਗਰ ਨੇ ਵੀ ਸਰਸਰੀ ਦੇਖਿਆ, ਜੀਤ ਸਿਉਂ ਕਿਸੇ ਨੂੰ ਨਾਲ ਲਈਂ ਆਉਂਦਾ ਹੈ ਤੇ ਉਹ ਨੀਵੀਂ ਪਾ ਕੇ ਆਪਣੇ ਕੰਮ ਲੱਗ ਗਿਆ।
ਜਦੋਂ ਉਹਨੇ ਪੁੱਛਿਆ, “ਕਿਵੇਂ ਦਰਸ਼ਨ ਦਿੱਤੇ?” ਮੇਰੇ ਦਾਦੇ ਨੇ ਕਿਹਾ, “ਇਹ ਮੇਰਾ ਸਾਂਢੂ ਹੈ ਗੁਮਟੀ ਤੋਂ। ਤੇਰੇ ਸਿਉਂਤੇ ਸਾਡੇ ਟੱਬਰ ਦੇ ਜੋੜੇ ਇਹਨੂੰ ਬੜੇ ਪਸਿੰਦ ਨੇ। ਇਹਦਾ ਮੇਚ ਦੇਣ ਆਏ ਹਾਂ।” ਜੱਗਰ ਨੇ ਪਥਰੀ ਤੋਂ ਚੀਜ਼ਾਂ ਇਧਰ-ਉਧਰ ਕੀਤੀਆਂ ਤੇ ਬਾਬੇ ਨੂੰ ਪੈਰ ਰੱਖਣ ਲਈ ਕਿਹਾ। ਉਹਨੇ ਆਪਣਾ ਪੂਰਾ ਹੱਥ ਲੰਮਾ ਤੇ ਪੰਸੇਰੀ ਪੱਕਾ ਪੈਰ ਪਥਰੀ ਉਤੇ ਰੱਖਿਆ ਤਾਂ ਹੈਰਾਨ ਹੋਏ ਜੱਗਰ ਨੇ ਨਜ਼ਰਾਂ ਉਹਦੇ ਪੈਰਾਂ ਤੋਂ ਹੌਲ਼ੀ ਹੌਲ਼ੀ ਉਹਦੇ ਚਿਹਰੇ ਤੱਕ ਚੁੱਕੀਆਂ ਤੇ ਕਿਹਾ, “ਠੀਕ ਐ, ਸਰਦਾਰ ਜੀਤ ਸਿਆਂ, ਆਬਦੇ ਸਾਂਢੂ ਨੂੰ ਲੈ ਜਾ। ਮੈਂ ਤੈਨੂੰ ਸੁਨੇਹਾ ਭੇਜ ਦੇਊਂ।” ਮੇਰੇ ਦਾਦੇ ਨੇ ਹੈਰਾਨ ਹੋ ਕੇ ਕਿਹਾ, “ਜੱਗਰਾ, ਤੂੰ ਜੋੜੇ ਕਿਵੇਂ ਸਿਉਂ ਦੇਵੇਂਗਾ, ਉਂਗਲਾਂ ਨਾਲ ਇਹਦਾ ਮੇਚਾ ਤਾਂ ਤੂੰ ਲਿਆ ਨਹੀਂ!”
ਜੱਗਰ ਠਰ੍ਹੰਮੇ ਨਾਲ ਬੋਲਿਆ, “ਗੱਲ ਇਹ ਐ, ਜੀਤ ਸਿਆਂ, ਇਹਦੇ ਜੁੱਤਿਆਂ ਜਿੰਨਾ ਚਮੜਾ ਮੇਰੇ ਕੋਲ ਅਜੇ ਹੈ ਨਹੀਂ। ਹੁਣ ਦਾ ਲਿਆ ਮੇਚਾ ਮੇਰੇ ਚੇਤੇ ਨਹੀਂ ਰਹਿਣਾ। ਜਦੋਂ ਪਿੰਡ ਵਿਚ ਕਿਸੇ ਦਾ ਬੋਤਾ ਮਰਿਆ, ਮੈਂ ਤੈਨੂੰ ਸੁਨੇਹਾ ਭੇਜ ਕੇ ਇਹਦਾ ਮੇਚਾ ਵੀ ਲੈ ਲਊਂ ਤੇ ਜੁੱਤੇ ਵੀ ਸਿਉਂ ਦੇਊਂ। ਇਹਦੇ ਜੁੱਤੇ ਨੂੰ ਤਾਂ ਪੂਰੇ ਬੋਤੇ ਦਾ ਚੰਮ ਲੱਗੂ!” ਉਹਦੀ ਗੱਲ ਸੁਣ ਕੇ ਮੇਰੇ ਦੋਵਾਂ ਬਾਬਿਆਂ ਸਮੇਤ ਨੇੜੇ-ਤੇੜੇ ਦੇ ਸਭ ਲੋਕਾਂ ਦਾ ਹਾਸਾ ਨਿੱਕਲ ਗਿਆ।
ਇਕ ਵਾਰ ਬਾਬਾ ਆਇਆ। ਉਹਨੇ ਆਬਦੇ ਸਾਂਢੂ, ਮੇਰੇ ਦਾਦੇ ਨੂੰ ਕਿਸੇ ਪਰਿਵਾਰਕ ਕੰਮ ਕਿਸੇ ਪਿੰਡ ਲੈ ਕੇ ਜਾਣਾ ਸੀ। ਮੇਰਾ ਦਾਦਾ ਕਹਿੰਦਾ, “ਭਾਈ ਉਮਰਾ ਸਿਆਂ, ਪੰਜ-ਸੱਤ ਦਿਨ ਠਹਿਰ ਕੇ ਚੱਲਾਂਗੇ। ਸੀਰੀ ਵੀ ਗਿਆ ਹੋਇਆ ਐ। ਘਰੇ ਪਸੂਆਂ ਨੂੰ ਪੱਠੇ-ਦੱਥੇ ਦੀ ਮੁਸ਼ਕਿਲ ਹੋ ਜਾਊ। ਖੇਤੋਂ ਹਰਾ ਕੌਣ ਲੈ ਕੇ ਆਊ! ਮੈਨੂੰ ਅੱਜ ਵਿਹਲ ਨਹੀਂ ਜੋ ਖੇਤੋਂ ਦੋ-ਤਿੰਨ ਦਿਨਾਂ ਦੇ ਹਰੇ ਪੱਠੇ ਲੈ ਆਵਾਂ।” ਸਰ੍ਹੋਂ ਦੀ ਰੁੱਤ ਸੀ। ਬਾਬੇ ਨੇ ਖੇਤ ਬਾਰੇ ਪੁੱਛਿਆ ਤੇ ਕਿਹਾ, “ਤੂੰ ਕੰਮ ਕਰ, ਮੈਂ ਜਾ ਕੇ ਸਰ੍ਹੋਂ ਲੈ ਆਉਂਦਾ ਹਾਂ।” ਉਹਨੇ ਦੋੜਾ ਲਿਆ ਤੇ ਉਤੋਂ ਵਾਧਾ ਇਹ ਕਿ ਉਹਦੀਆਂ ਚਾਰੇ ਕੰਨੀਆਂ ਨੂੰ ਲੰਮੀਆਂ ਰੱਸੀਆਂ ਬੰਨ੍ਹ ਲਈਆਂ। ਵਾਹਿਗੁਰੂ ਦਾ ਨਾਂ ਲੈ ਕੇ ਉਹ ਕਣਕ ਦੇ ਖੇਤ ਵਿਚੋਂ ਕਮਲ਼ੀ ਸਰ੍ਹੋਂ ਹੱਥਾਂ ਨਾਲ ਖਿੱਚ ਖਿੱਚ ਕੇ ਦੋੜੇ ਉਤੇ ਢੇਰ ਲਾਉਣ ਲੱਗਿਆ। (ਕਣਕ ਦੇ ਖੇਤ ਵਿਚ ਬਿਨਾਂ ਕਿਸੇ ਤਰਤੀਬ ਤੋਂ ਬੀ ਦਾ ਛਿੱਟਾ ਦੇ ਕੇ ਬੀਜੀ ਹੋਈ ਸਰੋਂ੍ਹ ਨੂੰ ਕਮਲ਼ੀ ਸਰੋਂ੍ਹ ਆਖਦੇ ਸਨ।) ਉਹਨੇ ਇਧਰ-ਉਧਰ ਖੇਤਾਂ ਵਿਚ ਕੰਮ ਕਰਦੇ ਦੋ-ਤਿੰਨ ਬੰਦੇ ਬੁਲਾਏ ਤੇ ਪੰਡ ਬੰਨਵ੍ਹਾ ਕੇ ਸਿਰ ਉਤੇ ਰਖਵਾ ਲਈ। ਬਾਹਰੋਂ ਮੁੜੇ ਮੇਰੇ ਦਾਦੇ ਨੇ ਵਿਹੜੇ ਵਿਚ ਪਿਆ ਸਰ੍ਹੋਂ ਦਾ ਢੇਰ ਦੇਖ ਕੇ ਮੱਥੇ ਉਤੇ ਹੱਥ ਮਾਰਿਆ, “ਓ ਭਾਈ ਉਮਰਾ ਸਿਆਂ, ਇਹ ਕੀ ਕੀਤਾ, ਸਾਰਾ ਖੇਤ ਪੱਟ ਲਿਆਇਆ!” ਬਾਬਾ ਸਹਿਜ ਨਾਲ ਬੋਲਿਆ, “ਮੈਂ ਸੋਚਿਆ, ਮੇਰੇ ਨਾਲ ਗਏ ਨੂੰ ਤੈਨੂੰ ਪਿੱਛੇ ਪੱਠਿਆਂ ਦਾ ਫ਼ਿਕਰ ਨਾ ਰਹੇ!”
ਪੰਜ ਕਲਿਆਣਾਂ ਵਿਚੋਂ ਕਲਿਆਣ ਲੌਢਾ-ਘਰ ਮੇਰੀਆਂ ਦੋ ਭੂਆ ਵਿਆਹੀਆਂ ਹੋਈਆਂ ਸਨ। ਗੁਮਟੀ ਤੇ ਕਲਿਆਣਾਂ ਦਾ ਚਾਰ ਕੁ ਕੋਹ ਦਾ ਫ਼ਰਕ ਹੈ। ਵਿਚਾਲੇ, ਲਗਭਗ ਅੱਧ ਵਿਚ ਦਿਆਲਪੁਰਾ ਮਿਰਜ਼ੇ ਕਾ ਪਿੰਡ ਆਉਂਦਾ ਹੈ। ਇਕ ਵਾਰ ਬਾਬਾ ਉਮਰਾਈ ਕਲਿਆਣੀਂ ਮਿਲਣ ਗਿਆ। ਅੱਗੇ ਉਹ ਸਣ ਦੇ ਰੱਸੇ-ਲਾਸਾਂ ਵੱਟਣ ਲੱਗੇ ਹੋਏ ਸਨ। ਮੁੜਦਾ ਹੋਇਆ ਬਾਬਾ ਇਕ ਲਾਸ ਲੈ ਆਇਆ। ਜਦੋਂ ਉਹ ਦਿਆਲਪੁਰਾ ਲੰਘਿਆ, ਸੂਰਜ ਦਾ ਛਿਪਣ-ਵੇਲ਼ਾ ਹੋ ਗਿਆ। ਘਰੇ ਪੱਠੇ ਲਿਆਉਣ ਵਾਲੇ ਸਨ ਤੇ ਉਹਦਾ ਖੇਤ ਗੁਮਟੀ ਦੇ ਦੂਜੇ ਪਾਸੇ ਖਾਸਾ ਦੂਰ ਸੀ। ਜੇ ਉਹ ਘਰ ਨਾ ਵੀ ਰੁਕੇ, ਖੇਤ ਜਾਂਦਿਆਂ ਪੂਰਾ ਹਨੇਰਾ ਹੋ ਜਾਣਾ ਸੀ। ਉਹਨੇ ਇਧਰ-ਉਧਰ ਨਜ਼ਰ ਮਾਰੀ। ਨੇੜੇ ਹੀ ਇਕ ਵਾਹੇ ਹੋਏ ਖੇਤ ਵਿਚ ਕਿਸੇ ਕਿਸਾਨ ਨੇ ਛੱਲੀਆਂ ਤੋੜ ਕੇ ਮੱਕੀ ਦੇ ਟਾਂਡਿਆਂ ਦੀ ਛੌਰੀ ਲਾਈ ਹੋਈ ਸੀ। ਬਾਬੇ ਨੇ ਪੂਰੀ ਛੌਰੀ ਦੇ ਉਤੋਂ ਦੀ ਲਾਸ ਵਲ਼ੀ ਅਤੇ ਖਿੱਚ ਖਿੱਚ ਕੇ, ਕਸ ਕਸ ਕੇ ਸਾਰੇ ਟਾਂਡੇ ਬੰਨ੍ਹ ਲਏ। ਉਹਨੇ ਕੋਡਾ ਹੋ ਕੇ ਸਿਰ ਲਾਇਆ ਅਤੇ ਜ਼ੋਰ ਦਾ ਹੰਭਲਾ ਮਾਰ ਕੇ ਇਕੱਲੇ ਨੇ ਹੀ ਪੰਡ ਸਿਰ ਉਤੇ ਰੱਖ ਲਈ।
ਅਗਲੇ ਦਿਨ ਮਾਲਕ ਖੇਤ ਪਹੁੰਚਿਆ ਤਾਂ ਹੈਰਾਨ-ਪਰੇਸ਼ਾਨ! ਇਹ ਕੋਈ ਚੋਰ ਕਿਥੋਂ ਆ ਗਿਆ। ਉਸ ਜ਼ਮਾਨੇ ਵਿਚ ਖੇਤਾਂ ਵਿਚੋਂ ਚੋਰੀਆਂ ਨਹੀਂ ਸਨ ਹੁੰਦੀਆਂ। ਉਹਦੀ ਹੈਰਾਨੀ ਤੇ ਪਰੇਸ਼ਾਨੀ ਦੀ ਉਦੋਂ ਤਾਂ ਕੋਈ ਹੱਦ ਹੀ ਨਾ ਰਹੀ ਜਦੋਂ ਉਹਨੇ ਸੱਜਰੇ ਵਾਹੇ ਹੋਏ ਖੇਤ ਵਿਚ ਛੌਰੀ ਵਾਲੀ ਥਾਂ ਦੇ ਆਲੇ-ਦੁਆਲੇ ਘੁੰਮ ਘੁੰਮ ਕੇ ਦੇਖਿਆ। ਨਾ ਕਿਸੇ ਗੱਡੇ ਦੀ ਲੀਹ ਸੀ ਤੇ ਨਾ ਕਿਸੇ ਬੋਤੇ ਦੀ ਪੈੜ। ਬੱਸ ਬੰਦੇ ਦੀ ਪੈੜ ਸੀ, ਉਹ ਵੀ ਇਕੋ। ਨਾ ਬਹੁਤੇ ਬੰਦੇ ਆਏ ਤੇ ਨਾ ਇਕ ਬੰਦੇ ਨੇ ਬਹੁਤੇ ਗੇੜੇ ਲਾਏ! ਉਹ ਹੈਰਾਨ-ਪਰੇਸ਼ਾਨ ਹੋਇਆ, ਇਕ ਬੰਦਾ ਇਕੋ ਵਾਰ ਵਿਚ ਟਾਂਡਿਆਂ ਦੀ ਪੂਰੀ ਛੌਰੀ ਕਿਵੇਂ ਚੁੱਕ ਸਕਦਾ ਹੈ! ਉਹ ਪਿੰਡੋਂ ਪੈੜ ਕੱਢਣ ਵਾਲਾ ਖੋਜੀ ਬੁਲਾ ਲਿਆਇਆ। ਖੋਜੀ ਪੈੜ ਨਪਦਾ ਨਪਦਾ ਗੁਮਟੀ ਤਾਂ ਜਾ ਪਹੁੰਚਿਆ ਪਰ ਪਿੰਡ ਦੀ ਫਿਰਨੀ ਵਿਚ ਜਾ ਕੇ ਪੈੜ ਲੋਕਾਂ ਦੀ ਸਵੇਰ ਦੀ ਆਵਾਜਾਈ ਦੀਆਂ ਅਣਗਿਣਤ ਪੈੜਾਂ ਵਿਚ ਗੁਆਚ ਗਈ।
ਕਿਸਾਨ ਸੱਥ ਵਿਚ ਜਾ ਪਹੁੰਚਿਆ। ਉਥੇ ਬੈਠੇ ਲੋਕਾਂ ਵਿਚ ਸਬੱਬ ਨਾਲ ਉਮਰਾਈ ਵੀ ਬੈਠਾ ਸੀ। ਕਿਸਾਨ ਨੇ ਫ਼ਤਿਹ ਬੁਲਾ ਕੇ ਕਿਹਾ, “ਪੰਚਾਇਤੇ ਮੈਂ ਦਿਆਲਪੁਰੇ ਤੋਂ ਆਇਆ ਹਾਂ। ਇਹ ਮੇਰੇ ਨਾਲ ਪੈੜ-ਕੱਢ ਖੋਜੀ ਹੈ। ਇਹਨੂੰ ਤਾਂ ਸ਼ਾਇਦ ਤੁਸੀਂ ਜਾਣਦੇ ਵੀ ਹੋਵੋਂਗੇ। ਮੇਰੇ ਹੋ ਗਈ ਚੋਰੀ ਤੇ ਪੈੜ ਥੋਡੇ ਪਿੰਡ ਆ ਕੇ ਫਿਰਨੀ ਦੀਆਂ ਪੈੜਾਂ ਵਿਚ ਗੁਆਚ ਗਈ।” ਨਾਲ ਹੀ ਉਹਨੇ ਸਾਰਾ ਮਾਜਰਾ ਕਹਿ ਸੁਣਾਇਆ ਅਤੇ ਬੋਲਿਆ, “ਪੰਚਾਇਤੇ, ਮੈਂ ਟਾਂਡੇ ਮੁੜਵਾਉਣ ਨਹੀਂ ਆਇਆ, ਚੋਰ ਦੇ ਦਰਸ਼ਨ ਕਰਨ ਆਇਆ ਹਾਂ!” ਲੋਕ ਸਾਰਾ ਕਿੱਸਾ ਸੁਣ ਕੇ ਸਮਝ ਗਏ ਅਤੇ ਮੁਸਕੜੀਏਂ ਹਸਦੇ ਟੇਢੀ ਨਜ਼ਰ ਨਾਲ ਉਮਰਾਈ ਵੱਲ ਦੇਖਣ ਲੱਗੇ।
ਏਨੇ ਨੂੰ ਉਹ ਆਪ ਹੀ ਖੜ੍ਹਾ ਹੋ ਗਿਆ ਤੇ ਕਹਿੰਦਾ, “ਓ ਭਾਈ, ਐਵੇਂ ਮੈਨੂੰ ਚੋਰ ਚੋਰ ਨਾ ਕਹੀਂ ਜਾ। ਮੈਂ ਕਦੇ ਕੋਈ ਚੋਰੀ-ਚਾਰੀ ਨਹੀਂ ਕੀਤੀ। ਕਲਿਆਣੀਂ ਰਿਸ਼ਤੇਦਾਰੀ ਵਿਚ ਮਿਲਣ ਗਏ ਨੂੰ ਮੈਨੂੰ ਕੁਵੇਲਾ ਹੋ ਗਿਆ। ਘਰੇ ਪੱਠੇ ਹੈ ਨਹੀਂ ਸੀ। ਪਿੰਡ ਵਾਲਿਆਂ ਤੋਂ ਪੁੱਛ ਲੈ, ਮੇਰਾ ਖੇਤ ਪਿੰਡ ਦੇ ਦੂਜੇ ਪਾਸੇ ਐ। ਮੈਂ ਪਸੂਆਂ ਖ਼ਾਤਰ ਰਾਹ ਵਿਚੋਂ ਭਰੀ ਟਾਂਡੇ ਜ਼ਰੂਰ ਇਕ ਖੇਤ ਵਿਚੋਂ ਬੰਨ੍ਹ ਲਿਆਇਆਂ।” ਕਿਸਾਨ ਹੈਰਾਨ ਹੋਇਆ, “ਬੱਸ ਭਰੀ ਟਾਂਡੇ? ਓ ਭਾਈ, ਤੂੰ ਮੇਰਾ ਸਾਰਾ ਖੇਤ ਚੱਕ ਲਿਆਇਐਂ। ਉਤੋਂ ਆਖਦੈ, ਭਰੀ ਟਾਂਡੇ!” ਪਿੰਡ ਵਾਲੇ ਹੱਸੇ, “ਬਈ ਗੱਲ ਸੁਣ। ਸਾਡਾ ਉਮਰਾਈ ਹੋਰ ਕੁਛ ਹੋਵੇ, ਚੋਰ ਨਹੀਂ ਹੋ ਸਕਦਾ।”
ਕਿਸਾਨ ਨੇ ਜੇਬ ਵਿਚੋਂ ਪੰਜ ਰੁਪਈਏ ਕੱਢੇ ਤੇ ਉਮਰਾਈ ਦੇ ਮੋਢੇ ਉਤੇ ਹੱਥ ਰੱਖ ਕੇ ਕਹਿੰਦਾ, “ਲੈ ਬਈ ਜੁਆਨਾਂ, ਘਿਓ ਖਾ ਲਈਂ। ਜਿਉਂਦਾ-ਵਸਦਾ ਰਹਿ!” ਉਹ ਪੈਸੇ ਫੜਦਾ ਝਿਜਕੇ। ਲੋਕ ਬੋਲੇ, “ਲੈ ਲੈ, ਭਲਿਆ ਲੋਕਾ, ਫੜ ਲੈ, ਸੰਗ ਨਾ। ਖ਼ੁਸ਼ ਹੋ ਕੇ ਤੈਨੂੰ ਘਿਓ ਵਾਸਤੇ ਦਿੰਦਾ ਹੈ।” ਇਹ ਇਨਾਮ ਕਿੰਨਾ ਵੱਡਾ ਸੀ, ਨਵੀਆਂ ਪੀੜ੍ਹੀਆਂ ਨੂੰ ਅੰਦਾਜ਼ਾ ਤੱਕ ਨਹੀਂ ਹੋ ਸਕਦਾ। ਉਸ ਜ਼ਮਾਨੇ ਦੇ ਰੁਪਈਏ ਦੀ ਕਦਰ-ਕੀਮਤ ਸੁਣ ਕੇ ਉਹ ਜ਼ਰੂਰ ਹੈਰਾਨ ਹੋਣਗੇ। ਉਨ੍ਹਾਂ ਵੇਲ਼ਿਆਂ ਵਿਚ, ਸੰਭਵ ਹੈ, ਘਰ ਦਾ ਕੁੰਦਨ ਵਰਗਾ ਖਰਾ ਘਿਓ ਇਕ ਰੁਪਈਏ ਦਾ ਪੰਸੇਰੀ ਹੀ ਆਉਂਦਾ ਹੋਵੇ। ਰੁਪਈਏ ਦਾ ਸਵਾ ਸੇਰ ਘਿਓ ਵਿਕਦਾ ਤਾਂ ਬਚਪਨ ਵਿਚ ਮੈਂ ਦੇਖਿਆ ਹੋਇਆ ਹੈ!