ਪ੍ਰੋæ ਐਚæਐਲ਼ ਕਪੂਰ
ਫੋਨ: 916-587-4002
ਗੌਤਮ ਬੁੱਧ ਦਾ ਜਨਮ 563 ਈਸਾ ਪੂਰਵ (ਬੀæਸੀæ) ਨੂੰ ਹੋਇਆ ਅਤੇ ਮੌਤ 483 ਬੀæਸੀæ ਵਿਚ ਹੋਈ। ਉਹ ਕੁੱਲ 80 ਸਾਲ ਦਾ ਜੀਵੇ। ਸ਼ਾਕਿਆ ਨਰੇਸ਼ ਸੁਧੋਦਨ ਦੇ ਘਰ ਜਨਮੇ ਰਾਜ ਕੁਮਾਰ ਸਿਧਾਰਥ, ਵਿਆਹ ਤੋਂ ਬਾਅਦ ਆਪਣੇ ਨਵ-ਜੰਮੇ ਪੁੱਤਰ ਰਾਹੁਲ ਅਤੇ ਪਤਨੀ ਯਸ਼ੋਧਰਾ ਨੂੰ ਤਿਆਗ ਕੇ, ਸੰਸਾਰ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਦੇ ਮਾਰਗ ਦੀ ਤਲਾਸ਼ ਲਈ, ਰਾਤ ਨੂੰ ਆਪਣਾ ਰਾਜ-ਭਾਗ ਛੱਡ ਕੇ ਚਲੇ ਗਏ।
ਕਈ ਸਾਲਾਂ ਦੀ ਕਠਿਨ ਤਪੱਸਿਆ ਉਪਰੰਤ ਬੋਧ ਗਯਾ (ਬਿਹਾਰ) ਵਿਚ ਬੋਧੀ ਦਰਖ਼ਤ ਥੱਲੇ, ਉਨ੍ਹਾਂ ਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਹੋਈ ਅਤੇ ਉਹ ਸਿਧਾਰਥ ਤੋਂ ‘ਬੁੱਧ’ ਬਣ ਗਏ।
ਗੌਤਮ ਬੁੱਧ ਦਾ ਜਨਮ ਸਥਾਨ ਸ਼ਾਕਿਆ ਗਣਰਾਜ ਦੀ ਤਤਕਾਲੀ ਰਾਜਧਾਨੀ ਕਪਲਵਸਤੂ ਦੇ ਨਜ਼ਦੀਕ ਲੁੰਬਨੀ (ਨੇਪਾਲ) ਵਿਚ ਹੋਇਆ। ਲੁੰਬਨੀ ਜੰਗਲ, ਨੇਪਾਲ ਦੇ ਤਰਾਈ ਖੇਤਰ ਵਿਚ ਕਪਲਵਸਤੂ ਤੇ ਦੇਵਦਹਿ ਦੇ ਵਿਚਕਾਰ, ਨੌਤਨਵਾਂ ਸਟੇਸ਼ਨ ਤੋਂ ਅੱਠ ਮੀਲ ਦੂਰ ਪੱਛਮ ਵਿਚ ਰੁਕਮਨ ਦੇਈ ਕੋਲ ਹੈ। ਕਪਲਵਸਤੂ ਦੀ ਮਹਾਰਾਣੀ ਮਾਇਆ ਦੇਵੀ ਦੇ ਆਪਣੇ ਸ਼ਹਿਰ ਦੇਵਦਹਿ ਜਾਂਦੇ ਸਮੇਂ ਰਸਤੇ ਵਿਚ ਪ੍ਰਸੂਤੀ ਪੀੜਾ ਹੋਈ ਅਤੇ ਉਥੇ ਹੀ ਉਨ੍ਹਾਂ ਬਾਲਕ ਗੌਤਮ ਨੂੰ ਜਨਮ ਦਿੱਤਾ। ਬੱਚੇ ਦਾ ਨਾਮ ਸਿਧਾਰਥ ਰੱਖਿਆ ਗਿਆ। ਪ੍ਰਚਲਿਤ ਕਥਾ ਅਨੁਸਾਰ ਸਿਧਾਰਥ ਦੀ ਮਾਤਾ ਮਾਇਆ ਦੇਵੀ ਜਿਹੜੀ ਕੋਲੀ ਵੰਸ਼ ਵਿਚੋਂ ਸੀ, ਦਾ ਦੇਹਾਂਤ ਸਿਧਾਰਥ ਦੇ ਜਨਮ ਤੋਂ ਸੱਤ ਦਿਨਾਂ ਬਾਅਦ ਹੋ ਗਿਆ।
ਸਿਧਾਰਥ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਮਾਸੀ ਤੇ ਰਾਜਾ ਸੁਧੋਦਨ ਦੀ ਦੂਜੀ ਰਾਣੀ ਪਾਜਾਪਤੀ ਨੇ ਕੀਤਾ। ਸਾਧੂ-ਸੰਤਾਂ ਨੇ ਇਸ ਬਾਲਕ ਬਾਰੇ ਜੋਤਿਸ਼ ਲਾਇਆ ਕਿ ਇਹ ਜਾਂ ਤਾਂ ਮਹਾਨ ਰਾਜਾ ਜਾਂ ਲੋਕ-ਮਾਰਗ ਦਰਸ਼ਕ, ਸਾਧੂ-ਸੰਤ ਬਣੇਗਾ।
ਸਿਧਾਰਥ ਦਾ ਮਨ ਬਚਪਨ ਤੋਂ ਹੀ ਬੜਾ ਕਰੁਣਾਮਈ ਤੇ ਦਇਆ ਦ੍ਰਿਸ਼ਟੀ ਵਾਲਾ ਸੀ। ਘੋੜ-ਦੌੜ ਵਿਚ ਜਦੋਂ ਘੋੜਿਆਂ ਦੇ ਮੂੰਹ ਵਿਚੋਂ ਝੱਗ ਨਿਕਲਣ ਲੱਗਦੀ ਤਾਂ ਸਿਧਾਰਥ ਉਨ੍ਹਾਂ ਨੂੰ ਥੱਕਿਆ ਜਾਣ ਕੇ ਉਥੇ ਹੀ ਰੋਕ ਦਿੰਦਾ ਤੇ ਜਿੱਤੀ ਬਾਜ਼ੀ ਹਾਰ ਜਾਂਦਾ। ਖੇਡਾਂ ਵਿਚ ਹਾਰ ਜਾਣਾ ਵੀ ਉਨ੍ਹਾਂ ਨੂੰ ਬਹੁਤ ਪਸੰਦ ਸੀ, ਕਿਉਂਕਿ ਕਿਸੇ ਨੂੰ ਹਰਾਉਣਾ ਤੇ ਦੁਖੀ ਦੇਖਣਾ ਉਨ੍ਹਾਂ ਨੂੰ ਤਕਲੀਫ਼ ਦਿੰਦਾ ਸੀ। ਸਿਧਾਰਥ ਦੇ ਚਚੇਰੇ ਭਰਾ ਨੇ ਇਕ ਵਾਰ ਹੰਸ ਨੂੰ ਤੀਰ ਨਾਲ ਜ਼ਖ਼ਮੀ ਕਰ ਦਿੱਤਾ ਅਤੇ ਸਿਧਾਰਥ ਨੇ ਉਸ ਜ਼ਖ਼ਮੀ ਹੰਸ ਦੇ ਪ੍ਰਾਣਾਂ ਦੀ ਖੁਦ ਰੱਖਿਆ ਕੀਤੀ।
ਸਿਧਾਰਥ ਨੇ ਵੇਦਾਂ ਤੇ ਉਪਨਿਸ਼ਦਾਂ ਦੀ ਸਿੱਖਿਆ ਦੇ ਨਾਲ-ਨਾਲ ਯੁੱਧ ਕਲਾ ਦੀ ਸਿੱਖਿਆ ਵੀ ਲਈ। ਇਸ ਤੋਂ ਇਲਾਵਾ ਕੁਸ਼ਤੀ, ਘੋੜ-ਦੌੜ, ਤੀਰ-ਅੰਦਾਜ਼ੀ ਤੇ ਰੱਥ ਹੱਕਣ ਵਿਚ ਵੀ ਉਹ ਬੜੇ ਨਿਪੁੰਨ ਸਨ। ਸੋਲਾਂ ਸਾਲ ਦੀ ਉਮਰ ਵਿਚ ਸਿਧਾਰਥ ਦਾ ਵਿਆਹ ਸ਼ੱਕ ਕੰਨਿਆ ਯਸ਼ੋਧਰਾ ਨਾਲ ਹੋ ਗਿਆ। ਆਪਣੇ ਪਿਤਾ ਵੱਲੋਂ ਬਣਾਏ ਆਲੀਸ਼ਾਨ ਮਹੱਲ ਵਿਚ ਉਹ ਆਪਣੀ ਪਤਨੀ ਨਾਲ ਰਹਿਣ ਲੱਗ ਪਏ। ਇਸ ਮਹੱਲ ਵਿਚ ਉਨ੍ਹਾਂ ਨੂੰ ਦੁਨੀਆਂ ਭਰ ਦੇ ਸੁੱਖ-ਆਰਾਮ ਪ੍ਰਾਪਤ ਸਨ ਤੇ ਇਥੇ ਹੀ ਉਨ੍ਹਾਂ ਦੇ ਘਰ ਪੁੱਤਰ ਰਾਹੁਲ ਨੇ ਜਨਮ ਲਿਆ। ਰਾਜਾ ਸੁਧੋਦਨ ਨੇ ਸਿਧਾਰਥ ਦੇ ਐਸ਼ੋ-ਆਰਾਮ ਲਈ ਤਿੰਨਾਂ ਰੁੱਤਾਂ ਮੁਤਾਬਕ ਤਿੰਨ ਮਹੱਲ ਬਣਵਾਏ। ਉਥੇ ਨੱਚਣ-ਗਾਉਣ ਤੇ ਹੋਰ ਕਈ ਪ੍ਰਕਾਰ ਦਾ ਮਨੋਰੰਜਨ ਦਾ ਪ੍ਰਬੰਧ ਵੀ ਕਰ ਦਿੱਤਾ ਪਰ ਇਹ ਸਭ ਚੀਜ਼ਾਂ ਸਿਧਾਰਥ ਨੂੰ ਸੰਸਾਰ ਨਾਲ ਬੰਨ੍ਹ ਕੇ ਨਾ ਰੱਖ ਸਕੀਆਂ।
ਬਸੰਤ ਰੁੱਤ ਦੇ ਦਿਨਾਂ ਵਿਚ ਸਿਧਾਰਥ ਇਕ ਦਿਨ ਬਗੀਚੇ ਵਿਚ ਸੈਰ ਲਈ ਨਿਕਲੇ। ਉਨ੍ਹਾਂ ਨੂੰ ਸੜਕ ਉਤੇ ਬੁੱਢਾ ਆਦਮੀ ਦਿਸਿਆ। ਉਸ ਦੇ ਦੰਦ ਟੁੱਟ ਚੁੱਕੇ ਸਨ, ਵਾਲ ਸਫੈਦ ਹੋ ਗਏ ਸਨ ਤੇ ਸਰੀਰ ਝੁਕਿਆ ਹੋਇਆ ਸੀ। ਉਹ ਹੱਥ ਵਿਚ ਲਾਠੀ ਫੜ ਕੇ ਹੌਲੀ-ਹੌਲੀ ਕੰਬਦਾ ਹੋਇਆ ਸੜਕ ਉਤੇ ਚੱਲ ਰਿਹਾ ਸੀ। ਦੂਜੀ ਵਾਰ ਜਦੋਂ ਉਹ ਫਿਰ ਸੈਰ ਲਈ ਬਗੀਚੇ ਵਿਚ ਨਿਕਲੇ ਤਾਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਰੋਗੀ ਆ ਗਿਆ। ਉਸ ਦਾ ਸਾਹ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ, ਸਰੀਰ ਬੜਾ ਢਿੱਲਾ ਜਿਹਾ ਲੱਗ ਰਿਹਾ ਸੀ। ਉਹ ਕਿਸੇ ਦੂਜੇ ਆਦਮੀ ਦੇ ਸਹਾਰੇ ਨਾਲ ਚੱਲ ਰਿਹਾ ਸੀ। ਤੀਜੀ ਵਾਰ ਉਨ੍ਹਾਂ ਮੁਰਦੇ ਨੂੰ ਸਸਕਾਰ ਲਈ ਲਿਜਾਂਦੇ ਦੇਖਿਆ। ਇਨ੍ਹਾਂ ਦ੍ਰਿਸ਼ਾਂ ਨੇ ਉਨ੍ਹਾਂ ਨੂੰ ਸੋਚਾਂ ਵਿਚ ਪਾ ਦਿੱਤਾ ਕਿ ਇਹ ਜਵਾਨੀ ਐਵੇਂ ਥੋੜ੍ਹੇ ਦਿਨਾਂ ਦੀ ਹੈ ਜੋ ਜਲਦੀ ਹੀ ਸੁੱਕ ਤੇ ਮੁੱਕ ਜਾਂਦੀ ਹੈ। ਅਜਿਹੀ ਜ਼ਿੰਦਗੀ ਦਾ ਕੀ ਕਰਨਾ? ਬੁਢਾਪਾ, ਬਿਮਾਰੀ ਤੇ ਮੌਤ, ਕੀ ਇਸੇ ਤਰ੍ਹਾਂ ਜੀਵਨ ਵਿਚ ਆਉਂਦੇ ਰਹਿਣਗੇ? ਚੌਥੀ ਵਾਰ ਸਿਧਾਰਥ ਜਦੋਂ ਸੈਰ ਕਰਨ ਲਈ ਗਿਆ ਤਾਂ ਉਸ ਨੂੰ ਸੰਨਿਆਸੀ ਦਿਖਾਈ ਦਿੱਤਾ ਜਿਹੜਾ ਚਿੰਤਾਵਾਂ ਤੇ ਕਾਮਨਾਵਾਂ ਤੋਂ ਮੁਕਤ ਤੇ ਪ੍ਰਸੰਨ-ਚਿੱਤ ਲਗਦਾ ਸੀ। ਇਸ ਸੰਨਿਆਸੀ ਨੇ ਸਿਧਾਰਥ ਨੂੰ ਆਕਰਸ਼ਿਤ ਕੀਤਾ।
ਪਤਨੀ ਯਸ਼ੋਧਰਾ, ਦੁੱਧ ਚੁੰਘਦੇ ਬੱਚੇ ਰਾਹੁਲ ਤੇ ਰਾਜ-ਭਾਗ ਦਾ ਮੋਹ ਛੱਡ ਕੇ ਸਿਧਾਰਥ ਤਪੱਸਿਆ ਲਈ ਘਰੋਂ ਨਿਕਲ ਪਏ ਅਤੇ ਰਾਜ ਗ੍ਰਹਿ ਪਹੁੰਚ ਗਏ, ਤੇ ਉਥੇ ਭਿਖਿਆ ਮੰਗਣੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਉਹ ਘੁੰਮਦੇ-ਘੁੰਮਦੇ ਅਲਾਰਾ ਕਾਲਾਮਾ ਤੇ ਉਦਾਕਾ ਰਾਮਪੁੱਤਾ ਪਾਸ ਪਹੁੰਚ ਗਏ। ਉਥੋਂ ਉਨ੍ਹਾਂ ਨੇ ਯੋਗ ਸਾਧਨਾ ਤੇ ਸਮਾਧੀ ਲਾਉਣੀ ਸਿੱਖੀ, ਪਰ ਤਸੱਲੀ ਨਾ ਹੋਈ। ਫਿਰ ਉਹ ਉਰਵੇਲਾ ਪਹੁੰਚੇ ਤੇ ਤਰ੍ਹਾਂ-ਤਰ੍ਹਾਂ ਦੀ ਤਪੱਸਿਆ ਕਰਨ ਲੱਗੇ। ਪਹਿਲਾਂ ਉਨ੍ਹਾਂ ਸਿਰਫ ਤਿਲ-ਚੌਲ ਖਾ ਕੇ ਤਪੱਸਿਆ ਸ਼ੁਰੂ ਕੀਤੀ, ਬਾਅਦ ਵਿਚ ਭੋਜਨ ਵੀ ਤਿਆਗ ਦਿੱਤਾ। ਸਰੀਰ ਸੁੱਕ ਕੇ ਤੀਲੇ ਵਾਂਗ ਹੋ ਗਿਆ। ਛੇ ਸਾਲ ਤਪੱਸਿਆ ਕਰਦਿਆਂ ਬੀਤ ਗਏ।
ਮੱਧ ਮਾਰਗ: ਇਕ ਦਿਨ ਕੁਝ ਔਰਤਾਂ ਕਿਸੇ ਨਗਰ ਤੋਂ ਵਾਪਸ ਆਉਂਦੀਆਂ ਉਧਰੋਂ ਲੰਘੀਆਂ। ਔਰਤਾਂ ਦਾ ਗੀਤ ਉਨ੍ਹਾਂ ਦੇ ਕੰਨਾਂ ਵਿਚ ਪਿਆ, ‘ਵੀਣਾ ਦੀਆਂ ਤਾਰਾਂ ਨੂੰ ਢਿੱਲਾ ਮੱਤ ਛੱਡੋ, ਢਿੱਲਾ ਛੱਡ ਦੇਣ ਨਾਲ ਸੁਰੀਲਾ ਸੁਰ ਨਹੀਂ ਨਿਕਲੇਗਾ, ਪਰ ਤਾਰਾਂ ਨੂੰ ਇਤਨਾ ਕੱਸੋ ਵੀ ਨਾ ਕਿ ਟੁੱਟ ਹੀ ਜਾਣ।’ ਇਹ ਗੱਲ ਸਿਧਾਰਥ ਨੂੰ ਬੜੀ ਚੰਗੀ ਲੱਗੀ। ਉਹ ਮੰਨ ਗਿਆ ਕਿ ਨਿਯਮਿਤ ਭੋਜਨ ਲੈਣ ਨਾਲ ਹੀ ਯੋਗ ਸਾਧਨਾ ਸਹੀ ਸਿੱਧ ਹੁੰਦੀ ਹੈ। ਕਿਸੇ ਵੀ ਗੱਲ ਦੀ ਅਤਿ ਚੰਗੀ ਨਹੀਂ ਹੁੰਦੀ। ਕਿਸੇ ਵੀ ਪ੍ਰਾਪਤੀ ਲਈ ਮੱਧ ਮਾਰਗ ਹੀ ਠੀਕ ਹੁੰਦਾ ਹੈ।
ਵਿਸਾਖੀ ਪੂਰਨਿਮਾ ਵਾਲੇ ਦਿਨ ਸਿਧਾਰਥ ਵਟ ਦੇ ਦਰੱਖ਼ਤ ਥੱਲੇ ਧਿਆਨ ਸਮਾਧੀ ਵਿਚ ਬੈਠੇ ਸਨ। ਨੇੜਲੇ ਪਿੰਡ ਵਿਚ ਸੁਜਾਤਾ ਨਾਂ ਦੀ ਇਕ ਇਸਤਰੀ ਦੇ ਘਰ ਪੁੱਤਰ ਨੇ ਜਨਮ ਲਿਆ। ਉਸ ਨੇ ਆਪਣੇ ਪੁੱਤਰ ਲਈ ਵਟ ਦਰਖਤ ਦੀ ਮਨੌਤ ਮੰਨੀ ਹੋਈ ਸੀ। ਉਹ ਆਪਣੀ ਮਨੌਤ ਪੂਰੀ ਕਰਨ ਸੋਨੇ ਦੇ ਥਾਲ ਵਿਚ ਗਾਂ ਦੇ ਦੁੱਧ ਦੀ ਖੀਰ ਲੈ ਕੇ ਆਈ। ਸਿਧਾਰਥ ਉਥੇ ਬੈਠਾ ਧਿਆਨ ਕਰ ਰਿਹਾ ਸੀ। ਇਸਤਰੀ ਨੂੰ ਲੱਗਾ ਕਿ ਦਰੱਖ਼ਤ ਦੇਵਤਾ ਉਸ ਦੀ ਪੂਜਾ ਲੈਣ ਲਈ ਸਰੀਰ ਧਾਰ ਕੇ ਬੈਠਾ ਹੈ। ਸੁਜਾਤਾ ਨੇ ਬੜੇ ਆਦਰ ਸਤਿਕਾਰ ਨਾਲ ਸਿਧਾਰਥ ਨੂੰ ਖੀਰ ਭੇਟ ਕੀਤੀ ਤੇ ਕਿਹਾ, ‘ਜਿਸ ਤਰ੍ਹਾਂ ਮੇਰੀ ਮਨੋਕਾਮਨਾ ਪੂਰੀ ਹੋਈ ਹੈ, ਉਸੇ ਤਰ੍ਹਾਂ ਤੁਹਾਡੀ ਵੀ ਮਨੋਕਾਮਨਾ ਪੂਰੀ ਹੋਵੇ।’ ਉਸ ਰਾਤ ਧਿਆਨ ਲਗਾਉਣ ਨਾਲ ਸਿਧਾਰਥ ਦੀ ਸਾਧਨਾ ਸਫ਼ਲ ਹੋਈ। ਉਸ ਨੂੰ ਸੱਚਾ ਬੋਧ ਪ੍ਰਾਪਤ ਹੋਇਆ। ਉਸੇ ਦਿਨ ਤੋਂ ਹੀ ਸਿਧਾਰਥ, ਬੁੱਧ ਬਣ ਗਏ। ਜਿਹੜੇ ਪਿੱਪਲ ਦੇ ਦਰਖਤ ਥੱਲੇ ਸਿਧਾਰਥ ਨੂੰ ਬੋਧ ਗਿਆਨ ਪ੍ਰਾਪਤ ਹੋਇਆ, ਉਸੇ ਦਿਨ ਤੋਂ ਉਸ ਦਰੱਖ਼ਤ ਨੂੰ ਬੁੱਧ ਦਾ ਦਰੱਖਤ ਕਿਹਾ ਜਾਣ ਲੱਗਾ। ਗਯਾ ਦੇ ਨੇੜੇ ਉਹ ਜਗ੍ਹਾ ਹੁਣ ਬੋਧ ਗਯਾ ਹੈ।
ਸਿਧਾਰਥ 80 ਸਾਲ ਦੀ ਉਮਰ ਤੱਕ ਆਪਣੇ ਧਰਮ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਦੀ ਥਾਂ, ਉਸ ਸਮੇਂ ਦੀ ਬੜੀ ਸਰਲ ਲੋਕ ਭਾਸ਼ਾ ‘ਪਾਲੀ’ ਵਿਚ ਕਰਦੇ ਰਹੇ। ਉਨ੍ਹਾਂ ਦੇ ਸਰਲ ਤੇ ਸਪਸ਼ਟ ਧਰਮ ਦੀ ਪ੍ਰਸਿੱਧੀ ਬੜੀ ਤੇਜ਼ੀ ਨਾਲ ਫੈਲਣ ਲੱਗੀ। ਤਕਰੀਬਨ ਚਾਰ ਹਫ਼ਤੇ ਬੋਧ ਦਰੱਖ਼ਤ ਥੱਲੇ ਰਹਿਣ ਤੇ ਆਪਣੇ ਧਰਮ ਦੇ ਸਰੂਪ ਦਾ ਚਿੰਤਨ ਕਰਨ ਪਿੱਛੋਂ ਉਹ ਬੁੱਧ ਧਰਮ ਦੇ ਪ੍ਰਚਾਰ ਲਈ ਨਿਕਲ ਪਏ। ਅੱਠਵੇਂ ਦਿਨ ਹੀ ਪੂਰਨਿਮਾ ਨੂੰ ਉਹ ਕਾਸ਼ੀ ਕੋਲ ਮ੍ਰਿਗਦਾਵ (ਹੁਣ ਸਾਰਨਾਥ) ਪਹੁੰਚ ਗਏ। ਉਥੋਂ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਧਰਮ ਦਾ ਉਪਦੇਸ਼ ਦਿੱਤਾ ਤੇ ਆਪਣੇ ਪਹਿਲੇ ਪੰਜ ਮਿੱਤਰਾਂ ਨੂੰ ਆਪਣੇ ਚੇਲੇ/ਭਿਖਸ਼ੂ ਬਣਾਇਆ। ਫਿਰ ਉਨ੍ਹਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਭੇਜ ਦਿੱਤਾ।
‘ਪਾਲ ਸਿਧਾਂਤ’ ਦੇ ਮਹਾਂ ਪਰ-ਨਿਰਵਾਣ ਸੂਤਰ ਅਨੁਸਾਰ 70 ਸਾਲ ਦੀ ਉਮਰ ਵਿਚ ਬੁੱਧ ਨੇ ਐਲਾਨ ਕੀਤਾ ਕਿ ਉਹ ਛੇਤੀ ਹੀ ਪਰ-ਨਿਰਵਾਣ ਲਈ ਰਵਾਨਾ ਹੋਣਗੇ। ਬੁੱਧ ਆਖਰੀ ਭੋਜਨ ਜਿਸ ਨੂੰ ਉਨ੍ਹਾਂ ਨੇ ਕੁੰਡਾ ਨਾਮਕ ਲੁਹਾਰ ਤੋਂ ਭੇਟ ਦੇ ਰੂਪ ਵਿਚ ਪ੍ਰਾਪਤ ਕੀਤਾ ਸੀ, ਖਾਣ ਨਾਲ ਗੰਭੀਰ ਬਿਮਾਰ ਹੋ ਗਏ। ਉਨ੍ਹਾਂ ਆਪਣੇ ਮੁੱਖ ਚੇਲੇ ਆਨੰਦ ਨੂੰ ਕਿਹਾ ਕਿ ਕੁੰਡਾ ਨੂੰ ਸਮਝਾਉਣ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ। ਉਸ ਦੇ ਭੋਜਨ ਵਿਚ ਕੋਈ ਨੁਕਸ ਨਹੀਂ ਸੀ, ਸਗੋਂ ਬਹੁਤ ਵਧੀਆ ਸੀ।
ਉਪਦੇਸ਼: ਮਹਾਤਮਾ ਬੁੱਧ ਨੇ ਲੋਕਾਂ ਨੂੰ ਮੱਧ ਮਾਰਗ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੁੱਖ, ਇਨ੍ਹਾਂ ਦੇ ਕਾਰਨ ਅਤੇ ਨਿਰਵਾਣ ਲਈ ਅਸ਼ਟਾਂਗ ਮਾਰਗ ਸਮਝਾਇਆ। ਉਨ੍ਹਾਂ ਅਹਿੰਸਾ ‘ਤੇ ਬਹੁਤ ਜ਼ੋਰ ਦਿੱਤਾ ਅਤੇ ਯੱਗ ਤੇ ਪਸ਼ੂ ਬਲੀ ਦੀ ਨਿੰਦਿਆ ਕੀਤੀ। ਬੁੱਧ ਦੇ ਉਪਦੇਸ਼ਾਂ ਦਾ ਸਾਰ ਇਸ ਤਰ੍ਹਾਂ ਹੈ:
ਧਰਮ ਕੀ ਹੈ: ਜੀਵਨ ਦੀ ਪਵਿੱਤਰਤਾ ਬਣਾਈ ਰੱਖਣਾ, ਜੀਵਨ ਵਿਚ ਪੂਰਨਤਾ ਤੇ ਨਿਰਵਾਣ ਪ੍ਰਾਪਤ ਕਰਨਾ, ਤ੍ਰਿਸ਼ਨਾ ਦਾ ਤਿਆਗ ਕਰਨਾ। ਕਰਮ ਨੂੰ ਮਾਨਵ ਦੇ ਨੈਤਿਕ ਸਥਾਨ ਦਾ ਆਧਾਰ ਮੰਨਣਾ।
ਅਧਰਮ ਕੀ ਹੈ: ਰੱਬ ਵਿਚ ਵਿਸ਼ਵਾਸ ਕਰਨਾ ਅਧਰਮ ਹੈ। ਆਤਮਾ ਵਿਚ ਵਿਸ਼ਵਾਸ ਕਰਨਾ, ਕਲਪਨਾ ਆਧਾਰਿਤ ਵਿਸ਼ਵਾਸ ਕਰਨਾ ਤੇ ਧਰਮ ਦੀਆਂ ਪੁਸਤਕਾਂ ਦਾ ਪਾਠ ਕਰਨਾ ਵੀ ਅਧਰਮ ਹਨ।
ਸ਼ੁੱਧ ਧਰਮ ਕੀ ਹੈ: ਜਿਹੜਾ ਧਰਮ ਪੱਕੇ ਇਰਾਦੇ ਵਿਚ ਵਾਧਾ ਕਰੇ, ਸਭ ਲਈ ਗਿਆਨ ਦੇ ਦੁਆਰ ਖੋਲ੍ਹੇ, ਇਹ ਦੱਸੇ ਕਿ ਕੇਵਲ ਵਿਦਵਾਨ ਹੋਣਾ ਹੀ ਕਾਫ਼ੀ ਨਹੀਂ ਹੈ, ਮਿੱਤਰਤਾ ਵਿਚ ਵਾਧਾ ਕਰੇ, ਸ਼ਾਲੀਨਤਾ ਵਿਚ ਵਾਧਾ ਕਰੇ ਅਤੇ ਪੱਕੇ ਇਰਾਦੇ ਦੇ ਨਾਲ-ਨਾਲ ਕਰੁਣਾ ਦਾ ਹੋਣਾ ਨਾ ਦੱਸੇ, ਇਹ ਦੱਸੇ ਕਿ ਕਰੁਣਾ ਨਾਲ ਵੀ ਅਧਿਕ ਮਿੱਤਰਤਾ ਦੀ ਜ਼ਰੂਰਤ ਹੈ, ਜਦੋਂ ਉਹ ਸਾਰੇ ਪ੍ਰਕਾਰ ਦੇ ਸਮਾਜਕ ਭੇਦ-ਭਾਵ ਮਿਟਾ ਦੇਵੇ, ਜਦੋਂ ਉਹ ਆਦਮੀ ਤੇ ਆਦਮੀ ਵਿਚ ਸਾਰੀਆਂ ਦੀਵਾਰਾਂ ਗਿਰਾ ਦੇਵੇ, ਜਦੋਂ ਉਹ ਇਹ ਕਹੇ ਕਿ ਆਦਮੀ ਦਾ ਮੁਲੰਕਣ ਜਨਮ ਤੋਂ ਨਹੀਂ, ਕਰਮ ਨਾਲ ਕੀਤਾ ਜਾਵੇ ਤੇ ਜਦੋਂ ਉਹ ਮਨੁੱਖ-ਮਨੁੱਖ ਵਿਚ ਸਮਾਨਤਾ ਦੇ ਭਾਵ ਵਿਚ ਵਾਧਾ ਕਰੇ।
ਬੁੱਧ ਧਰਮ ਦੀਆਂ ਸਿੱਖਿਆਵਾਂ ਨੂੰ ‘ਬੁੱਧਵਾਦ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਕਹਿੰਦੇ ਹਨ ਕਿ ਦੁਨੀਆਂ ਦੁੱਖਾਂ ਦਾ ਘਰ ਹੈ। ਇਹ ਉਹ ਦੁੱਖ ਹਨ ਜੋ ਇਨਸਾਨ ਆਪਣੇ ਅੰਦਰੋਂ ਮਹਿਸੂਸ ਕਰਦਾ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਨੂੰ ਆਪਣੀਆਂ ਖ਼ਾਹਿਸ਼ਾਂ ਉਤੇ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ। ਇਨ੍ਹਾਂ ਖ਼ਾਹਿਸ਼ਾਂ ‘ਤੇ ਕਾਬੂ ਪਾਉਣ ਲਈ ਮਨੁੱਖ ਨੂੰ ਚੰਗਿਆਈਆਂ ਨੂੰ ਅਪਨਾਉਣਾ ਚਾਹੀਦਾ ਹੈ ਤੇ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਨਾਲ ਸਾਡੇ ਅੰਦਰਲੇ ਤੇ ਬਾਹਰਲੇ ਸਾਰੇ ਦੁੱਖ ਖਤਮ ਹੋ ਜਾਣਗੇ ਅਤੇ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਸਾਨੂੰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਤੇ ਆਪਣੇ ਅੰਦਰ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ।
ਬੁੱਧ ਧਰਮ ‘ਰੱਬ ਦੀ ਹੋਂਦ ਹੈ ਜਾਂ ਨਹੀਂ’, ਇਸ ਵਿਚ ਵਿਸ਼ਵਾਸ ਨਹੀਂ ਕਰਦਾ। ਉਹ ਆਪਣੇ ਉਪਾਸ਼ਕਾਂ ਨੂੰ ਇਹੀ ਸਿੱਖਿਆ ਦਿੰਦੇ ਹਨ ਕਿ ਰੱਬ ਵੱਲ ਮੱਤ ਦੇਖੋ, ਇਸ ਨੂੰ ਦੇਖਣ ਜਾਂ ਅਪਨਾਉਣ ਵਿਚ ਆਪਣਾ ਸਮਾਂ ਬਰਬਾਦ ਮੱਤ ਕਰੋ। ਇਸ ਵੱਲ ਦੇਖਣ ਨਾਲ ਤੁਸੀਂ ਗਿਆਨਵਾਨ ਨਹੀਂ ਹੋ ਸਕਦੇ ਤੇ ਤੁਹਾਡੇ ਅੰਦਰ ਚਾਨਣ ਨਹੀਂ ਹੋ ਸਕਦਾ। ਰੱਬ ਸਾਰੇ ਸੰਸਾਰ ਉਤੇ ਕਾਬੂ ਰੱਖਦਾ ਹੈ ਤੇ ਸਭ ਜੀਵਾਂ ਦੀ ਮਦਦ ਕਰਦਾ ਹੈ, ਇਸ ਗੱਲ ਵੱਲ ਧਿਆਨ ਦੇਣ ਅਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ। ਮਨੁੱਖ ਆਪਣੇ ਕਸ਼ਟਾਂ ਤੋਂ ਛੁਟਕਾਰਾ ਤਾਂ ਹੀ ਪਾ ਸਕਦਾ ਹੈ, ਜੇ ਉਹ ਅੰਤਰ ਧਿਆਨ ਹੋ ਕੇ ਗਿਆਨਵਾਨ ਹੋਵੇ।
ਬੁੱਧ ਧਰਮ ਇਹ ਵੀ ਕਹਿੰਦਾ ਹੈ ਕਿ ਜੋ ਚੀਜ਼ ਸਾਨੂੰ ਸਥਾਈ ਨਜ਼ਰ ਆਉਂਦੀ ਹੈ, ਉਹ ਵੀ ਨਾਸ਼ਵਾਨ ਹੈ। ਜੋ ਪੁਰਸ਼ ਸਾਨੂੰ ਮਹਾਨ ਨਜ਼ਰ ਆਉਂਦਾ ਹੈ, ਉਸ ਦਾ ਵੀ ਪਤਨ ਹੁੰਦਾ ਹੈ। ਜਿਥੇ ਸੰਜੋਗ ਹੈ, ਉਥੇ ਵਿਨਾਸ਼ ਵੀ ਹੈ। ਇਸ ਸੰਸਾਰ ਵਿਚ ਜਿਥੇ ਜਨਮ ਹੈ, ਉਥੇ ਮਰਨ ਵੀ ਹੈ। ਅਜਿਹੇ ਯਥਾਰਥ ਨੂੰ ਜਾਨਣ ਲਈ ਅਤੇ ਆਪਣੇ ਕਸ਼ਟਾਂ ਦੇ ਨਿਵਾਰਨ ਲਈ ਮਹਾਤਮਾ ਬੁੱਧ ਨੇ ਬੁੱਧ ਧਰਮ ਦੀ ਸਥਾਪਨਾ ਕੀਤੀ ਜੋ ਅੱਜ ਸੰਸਾਰ ਦੇ ਮੁੱਖ ਧਰਮਾਂ ਵਿਚੋਂ ਇਕ ਹੈ।
ਬੁੱਧ ਧਰਮ ਦੀਆਂ ਸਿੱਖਿਆਵਾਂ ਦਾ ਵਰਣਨ, ਉਨ੍ਹਾਂ ਦੀਆਂ ਮੁੱਖ ਤਿੰਨ ਰਚਨਾਵਾਂ ਵਿਚ ਹੈ ਜਿਨ੍ਹਾਂ ਨੂੰ ‘ਪਿਟਕ’ ਭਾਵ ਗ੍ਰੰਥ ਕਿਹਾ ਜਾਂਦਾ ਹੈ। ਇਨ੍ਹਾਂ ਦੇ ਨਾਮ ਹਨ- ਵਿਨੇ ਪਿਟਕ, ਸੁੱਤ ਪਿਟਕ ਤੇ ਅਭਿਧੰਮ ਪਿਟਕ। ਇਹ ਪਾਲੀ ਭਾਸ਼ਾ ਵਿਚ ਹਨ।
ਬੁੱਧ ਧਰਮ ਸਭ ਜਾਤੀਆਂ ਤੇ ਪੰਥਾਂ ਲਈ ਖੁੱਲ੍ਹਾ ਹੈ। ਇਸ ਵਿਚ ਹਰ ਆਦਮੀ ਦਾ ਸਵਾਗਤ ਹੈ। ਬ੍ਰਾਹਮਣ ਹੋਵੇ ਜਾਂ ਚੰਡਾਲ, ਪਾਪੀ ਹੋਵੇ ਜਾਂ ਕੋਈ ਪੂਜਨੀਕ ਆਤਮਾ, ਗ੍ਰਹਿਸਥੀ ਹੋਵੇ ਜਾਂ ਬ੍ਰਹਮਚਾਰੀ, ਸਭ ਲਈ ਦਰਵਾਜ਼ਾ ਖੁੱਲ੍ਹਾ ਹੈ। ਇਸ ਧਰਮ ਵਿਚ ਜਾਤ-ਪਾਤ, ਊਚ-ਨੀਚ ਦਾ ਕੋਈ ਭੇਦ-ਭਾਵ ਨਹੀਂ ਹੈ। ਸਭ ਦਾ ਸਮਾਜਕ ਰੁਤਬਾ ਬਰਾਬਰ ਹੈ। ਇਸ ਤਰ੍ਹਾਂ ਦੇ ਪ੍ਰਚਾਰ ਨਾਲ ਬੁੱਧ ਧਰਮ ਵਿਚ ਭਿਖਸ਼ੂਆਂ ਦੀ ਗਿਣਤੀ ਵਧਣ ਲੱਗੀ। ਵੱਡੇ-ਵੱਡੇ ਰਾਜੇ ਮਹਾਰਾਜੇ ਵੀ ਚੇਲੇ ਬਣਨ ਲੱਗ ਪਏ। ਸੁਧੋਦਨ ਤੇ ਰਾਹੁਲ ਨੇ ਵੀ ਬੁੱਧ ਧਰਮ ਦੀ ਦੀਕਸ਼ਾ ਲਈ। ਬਾਅਦ ਵਿਚ ਲੋਕਾਂ ਦੇ ਕਹਿਣ ‘ਤੇ ਬੁੱਧ ਨੇ ਇਸਤਰੀਆਂ ਨੂੰ ਵੀ ਸੰਘ ਵਿਚ ਲੈਣ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਲੋਕ ਕਲਿਆਣ ਲਈ ਆਪਣੇ ਧਰਮ ਦਾ ਦੇਸ-ਵਿਦੇਸ਼ ਵਿਚ ਪ੍ਰਚਾਰ ਕਰਨ ਲਈ ਭਿਖਸ਼ੂ ਭੇਜੇ। ਅਸ਼ੋਕ ਸਮਰਾਟ ਵਰਗਿਆਂ ਨੇ ਵੀ ਬੁੱਧ ਧਰਮ ਦਾ ਵਿਦੇਸ਼ਾਂ ਵਿਚ ਪ੍ਰਚਾਰ ਕਰਨ ਲਈ ਅਹਿਮ ਭੂਮਿਕਾ ਨਿਭਾਈ। ਮੋਰੀਆ ਕਾਲ ਤੱਕ ਆਉਂਦਿਆਂ ਬੁੱਧ ਧਰਮ ਭਾਰਤ ਵਿਚੋਂ ਨਿਕਲ ਕੇ ਚੀਨ, ਜਾਪਾਨ, ਕੋਰੀਆ, ਮੰਗੋਲੀਆ, ਬਰਮਾ (ਹੁਣ ਮਿਆਂਮਾਰ), ਥਾਈਲੈਂਡ, ਸ੍ਰੀਲੰਕਾ ਆਦਿ ਵਿਚ ਫੈਲ ਚੁਕਾ ਸੀ।
ਹਿੰਦੂ ਧਰਮ ਬਨਾਮ ਬੁੱਧਵਾਦ: ਅਰੰਭ ਵਿਚ ਬੁੱਧ ਅਤੇ ਉਨ੍ਹਾਂ ਦੇ ਧਰਮ ਨੂੰ ਹਿੰਦੂ ਧਰਮ ਨੇ ਸਵੀਕਾਰ ਨਹੀਂ ਕੀਤਾ, ਪਰ ਬਾਅਦ ਵਿਚ ਹਿੰਦੂ ਧਰਮ ਨੇ ਬੁੱਧ ਨੂੰ ਵਿਸ਼ਨੂੰ ਦੇ ਅਵਤਾਰਾਂ ਵਿਚ ਸ਼ਾਮਲ ਕਰ ਲਿਆ। ਕੁਝ ਪੁਰਾਣਾਂ ਵਿਚ ਕਿਹਾ ਗਿਆ ਹੈ ਕਿ ਭਗਵਾਨ ਵਿਸ਼ਨੂੰ ਨੇ ਬੁੱਧ ਅਵਤਾਰ ਨੂੰ ਇਸ ਲਈ ਲਿਆ ਸੀ ਤਾਂ ਕਿ ਉਹ ‘ਝੂਠੇ ਉਪਦੇਸ਼’ ਫੈਲਾ ਕੇ ਅਸੁਰਾਂ ਨੂੰ ਸੱਚੇ ਵੈਦਿਕ ਧਰਮ ਤੋਂ ਦੂਰ ਰੱਖ ਸਕੇ ਅਤੇ ਸੁਰ (ਦੇਵਤੇ) ਉਨ੍ਹਾਂ ਉਤੇ ਜਿੱਤ ਪ੍ਰਾਪਤ ਕਰ ਸਕਣ; ਮਤਲਬ ਬੁੱਧ ਤਾਂ ਦੇਵਤਾ ਹੈ, ਪਰ ਉਨ੍ਹਾਂ ਦੇ ਉਪਦੇਸ਼ ਝੂਠੇ ਹਨ। ਇਹ ਬੁੱਧ ਦੇ ਵਿਸ਼ਵਾਸ ਤੋਂ ਐਨ ਉਲਟਾ ਹੈ। ਬੋਧੀ ਲੋਕ ਗੌਤਮ ਬੁੱਧ ਨੂੰ ਅਵਤਾਰ ਜਾਂ ਦੇਵਤਾ ਨਹੀਂ ਮੰਨਦੇ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਸੱਚ ਤੇ ਸਾਰਥਕ ਮੰਨਦੇ ਹਨ। ਕੁਝ ਹਿੰਦੂ ਲੇਖਕਾਂ ਤੇ ਵਿਦਵਾਨਾਂ ਨੇ ਮਗਰੋਂ ਇਸ ਬਾਰੇ ਕੁਝ-ਕੁਝ ਸਪਸ਼ਟ ਕੀਤਾ; ਜਿਵੇਂ ਜੈਦੇਵ ਨੇ ਕਿਹਾ ਕਿ ਬੁੱਧ ਵਿਸ਼ਨੂੰ ਦੇ ਅਵਤਾਰ ਤਾਂ ਹਨ, ਲੇਕਿਨ ਵਿਸ਼ਨੂੰ ਨੇ ਇਹ ਅਵਤਾਰ ਝੂਠ ਦਾ ਪ੍ਰਚਾਰ ਕਰਨ ਲਈ ਨਹੀਂ, ਬਲਕਿ ਕਰਮ-ਕਾਂਡਾਂ ਤੇ ਵੈਦਿਕ ਪਸ਼ੂ-ਬਲੀ ਰੋਕਣ ਲਈ ਧਾਰਿਆ।
ਇਉਂ ਵੱਖ-ਵੱਖ ਵਿਦਵਾਨਾਂ ਦੇ ਆਪੋ-ਆਪਣੇ ਮੱਤ ਰਹੇ ਹਨ, ਪਰ ਤੱਥਾਂ ਦੀ ਸੱਚਾਈ ਦਾ ਗਿਆਨ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਗੌਤਮ ਬੁੱਧ ਮਹਾਨ ਪੱਥ ਪ੍ਰਦਰਸ਼ਕ ਸਨ ਅਤੇ ਉਹ ਮਾਨਵ ਕਲਿਆਣ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਰਹੇ ਹਨ। ਇਸੇ ਕਰ ਕੇ ਉਨ੍ਹਾਂ ਆਪਣੇ ਚੇਲਿਆਂ ਨੂੰ ਇਹੀ ਕਿਹਾ ਕਿ ਉਹ ਆਪਣੇ ਦੀਪਕ, ਖੁਦ ਬਣਨ।
ਇਸਲਾਮ: ਮਿਰਜ਼ਾ ਤਾਹਿਰ ਅਹਿਮਦ ਨੇ ਆਪਣੀ ਕਿਤਾਬ ‘ਐਨ ਐਲੀਮੈਂਟਰੀ ਸਟੱਡੀ ਆਫ ਇਸਲਾਮ’ ਵਿਚ ਕਿਹਾ ਹੈ ਕਿ ਕੁਰਾਨ ਦੀ ਧੂਲ ਦਾ ਫਲ ਨਾਮਕ ਹਸਤੀ ਬੁੱਧ ਹੋ ਸਕਦਾ ਹੈ। ਅਹਿਮਦੀਆ ਜਮਾਤ ਨੇ ਬੁੱਧ ਨੂੰ ਨਬੀ ਦਾ ਰੂਪ ਮੰਨਿਆ ਹੈ।
ਅੱਜ ਦੇ ਵਿਗਿਆਨਕ ਯੁੱਗ ਵਿਚ ਬੁੱਧ ਧਰਮ ਦੀ ਸਾਰਥਕਤਾ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਵਿਚ ਊਚ-ਨੀਚ, ਜਾਤ-ਪਾਤ ਨਹੀਂ ਹੈ। ਇਹ ਤਾਂ ਸਗੋਂ ਜਾਤ-ਪਾਤ ਰਹਿਤ ਸਮਾਜ ਹੈ। ਇਸ ਵਿਚ ਸਮਾਜਕ ਬਰਾਬਰੀ ਦਾ ਰੁਤਬਾ, ਹਰ ਇਨਸਾਨ ਲਈ ਹੈ। ਇਹ ਮਾਨਵਵਾਦ ਦੀ ਗੱਲ ਕਰਦਾ ਹੈ ਤੇ ਆਪੇ ਬਣੇ ਰੱਬ ਅਖਵਾਉਣ ਵਾਲੇ ਬੰਦਿਆਂ ਦਾ ਵਿਰੋਧ ਕਰਦਾ ਹੈ। ਇਸ ਵਿਚ ਕਿਸੇ ਵੀ ਮਾਨਵ ਨੂੰ ਕਿਸ ਜਾਤੀ ਸੂਚਕ ਸ਼ਬਦ ਨਾਲ ਨਹੀਂ ਪੁਕਾਰਿਆ ਜਾਂਦਾ ਸਗੋਂ ਹਰ ਇਨਸਾਨ ਬੋਧੀ ਅਖਵਾਉਂਦਾ ਹੈ। ਡਾæ ਭੀਮ ਰਾਓ ਅੰਬੇਦਕਰ ਨੇ ਇਸ ਧਰਮ ਦੀਆਂ ਚੰਗਿਆਈਆਂ ਦੇਖ ਕੇ ਹੀ ਇਸ ਨੂੰ ਅਪਨਾਇਆ। ਜਿਨ੍ਹਾਂ ਧਰਮਾਂ ਵਿਚ ਮਾਨਵ ਲਈ ਸਮਾਜਕ ਬਰਾਬਰੀ ਦਾ ਰੁਤਬਾ ਨਹੀਂ ਅਤੇ ਊਚ-ਨੀਚ ਤੇ ਜਾਤ-ਪਾਤ ਦਾ ਬੋਲਬਾਲਾ ਹੈ, ਉਨ੍ਹਾਂ ਧਰਮਾਂ ਦੇ ਉਪਾਸ਼ਕਾਂ ਦੀ ਗਿਣਤੀ ਘਟ ਰਹੀ ਹੈ। ਇਸ ਲਈ ਹੁਣ ਬੁੱਧ ਧਰਮ ਤੋਂ ਸੇਧ ਲੈ ਕੇ, ਮਾਨਵਵਾਦ ਦਾ ਸਿਧਾਂਤ ਅਪਨਾਉਣ ਦੀ ਲੋੜ ਹੈ।