ਹਜ਼ਾਰਾਂ ਗੁਣਾਂ ਵਾਲਾ ਹਜ਼ਾਰਾ ਸਿੰਘ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਮੇਰਾ ਜਨਮ ਰੌਲ਼ਿਆਂ ਤੋਂ ਦਸ ਸਾਲ ਬਾਅਦ ਹੋਇਆ ਹੋਣ ਕਰ ਕੇ ਮੈਂ ਆਪ ਤਾਂ ਉਸ ਨੂੰ ਨਹੀਂ ਸੀ ਦੇਖਿਆ, ਪਰ ਪਿੰਡ ਦੇ ਬਜ਼ੁਰਗਾਂ ਦੀਆਂ ਸੱਥਾਂ ਵਿਚ ਅਕਬਰ-ਬੀਰਬਲ ਦੀਆਂ ਕਹਾਣੀਆਂ ਵਾਂਗ ਹਜ਼ਾਰਾ ਸਿੰਘ ਦੀਆਂ ਗੱਲਾਂ ਜ਼ਰੂਰ ਸੁਣੀਆਂ ਹੋਈਆਂ ਹਨ। ਲਾਗੇ-ਚਾਗੇ ਦੇ ਪਿੰਡਾਂ ਵਿਚ ਹੱਟੀ-ਭੱਠੀ ਉਤੇ ਜਦ ਕਦੇ ਹਜ਼ਾਰਾ ਸਿੰਘ ਦੀਆਂ ਸਿਫ਼ਤਾਂ ਹੋਣ ਲਗਦੀਆਂ ਤਾਂ ਬਜ਼ੁਰਗ ਚਸ਼ਮਦੀਦ ਗਵਾਹਾਂ ਵਾਂਗ ਆਪੋ-ਆਪਣਾ ਸੱਚ ਬਿਆਨ ਕਰਦੇ।

ਅਜਿਹੇ ਮੌਕਿਆਂ ਉਤੇ ਸੰਨ ਸੰਤਾਲੀ ਤੋਂ ਬਾਅਦ ਜਨਮੇ ਮੇਰੀ ਉਮਰ ਦੇ ਮੁੰਡੇ ਸਿਰਫ਼ ਸ੍ਰੋਤੇ ਬਣ ਕੇ ਦਿਲਚਸਪ ਤੇ ਕੰਨ-ਰਸ ਭਰਪੂਰ ਕਿੱਸੇ ਸੁਣਦੇ ਤਾਂ ਰਹਿੰਦੇ, ਪਰ ਸਿਵਾਏ ਹੁੰਗਾਰਾ ਭਰਨ ਦੇ ਹੋਰ ਕੋਈ ਕਿੰਤੂ-ਪ੍ਰੰਤੂ ਨਾ ਕਰਦੇ। ਇਸ ਤੋਂ ਇਲਾਵਾ ਸਾਨੂੰ ਆਪਣੇ ਪਿਤਾ ਜੀ ਪਾਸੋਂ ਵੀ ਹਜ਼ਾਰਾ ਸਿੰਘ ਬਾਰੇ ਕਾਫ਼ੀ ਮਸਾਲਾ ਸੁਣਨ ਨੂੰ ਮਿਲਦਾ ਰਹਿੰਦਾ ਸੀ।
ਉਸ ਬਾਰੇ ਪਹਿਲੋਂ ਕਈ ਵਾਰ ਸੁਣੀਆਂ ਗੱਲਾਂ ਦੁਬਾਰਾ ਸੁਣਨ ਵੇਲੇ ਨਵੀਆਂ ਹੀ ਲਗਦੀਆਂ। ਜਿਨ੍ਹਾਂ ਦਿਨਾਂ ਵਿਚ ਜਿਊਣੇ ਮੋੜ ਦਾ ਉਪੇਰਾ ਪਿੰਡ-ਪਿੰਡ ਵੱਜ ਰਿਹਾ ਸੀ, ਉਨ੍ਹੀਂ ਦਿਨੀਂ ਹਜ਼ਾਰਾ ਸਿੰਘ ਮੁੜ ਜਿਉਂਦਾ ਹੋ ਕੇ ਆਪਣੇ ਪਿੰਡ ਆ ਗਿਆ ਜਾਪਦਾ। ਪਿੰਡ ਦੇ ਸਿਆਣੇ ਹਜ਼ਾਰਾ ਸਿੰਘ ਨੂੰ ਆਪਣੇ ਇਲਾਕੇ ਦਾ ਜਿਊਣਾ ਮੌੜ ਹੀ ਮੰਨਣ ਲੱਗੇ। ਸੁਰਿੰਦਰ ਛਿੰਦੇ ਦੀ ਆਵਾਜ਼ ਵਿਚ ਉਹ ਰਿਕਾਰਡ ਵੱਜਦਾ ਕੰਨੀਂ ਪੈਂਦਾ ਤਾਂ ਇੱਧਰ ਮਲਕੜੇ ਜਿਹੇ ਕੋਈ ਬਾਪੂ ਕਹਾਣੀ ਛੇੜ ਲੈਂਦਾ: ਆਪਣੀ ਸੂਈਉ ਬੋਤੀ ਲੈ ਕੇ ਇਕ ਵਾਰ ਹਜ਼ਾਰਾ ਸਿੰਘ ਕਿਤੇ ਜਾ ਰਿਹਾ ਸੀ। ਰਾਹ ਵਿਚ ਕਿਸੇ ਪਿੰਡ ਵਿਚ ਕੁੜੀ ਦੀ ਜੰਞ ਉਤਰੀ ਹੋਈ ਸੀ। ਕਹਿੰਦੇ, ਕੜਾਹੇ ਵਿਚ ਬਰਾਤ ਲਈ ਚਾਹ ਧਰੀ ਹੋਈ ਸੀ। ਚਾਹ-ਪੱਤੀ ਕੜ੍ਹੀ ਜਾਵੇ ਪਰ ਦੁੱਧ ਕਿਤਿਓਂ ਮਿਲਿਆ ਨਾ। ਕੁੜੀ ਦੇ ਪਿਉ-ਚਾਚੇ-ਤਾਇਆਂ ਸਮੇਤ ਸਾਰਾ ਪਿੰਡ ‘ਪਾਣੀ ਵਿਚ ਮੁੱਠੀਆਂ ਵੱਟੇ’ ਕਿ ਹੁਣ ਕੀ ਕਰੀਏ! ਕੋਲੋਂ ਲੰਘਦੇ ਹਜ਼ਾਰਾ ਸਿੰਘ ਨੇ ਉਨ੍ਹਾਂ ਮੁਸਲਮਾਨ ਭਰਾਵਾਂ ਦੀ ਸਮੱਸਿਆ ਸੁਣ ਲਈ।
ਲਓ ਜੀ, ਕਹਿੰਦੇ ‘ਓਦਰੋ ਨਾ ਭਰਾਵੋ’ ਕਹਿ ਕੇ ਹਜ਼ਾਰਾ ਸਿੰਘ ਨੇ ਆਪਣੀ ਬੋਤੀ ਦੀ ਨਕੇਲ ਖਿੱਚੀ ਤੇ ਉਸ ਨੂੰ ਕੜਾਹੇ ਦੇ ਲਾਗੇ ਖੜ੍ਹਾ ਲਿਆ। ਉਹਦੇ ਥਣ ਫੜ ਕੇ ਉਹ ਉਨ੍ਹਾਂ ਚਿਰ ਧਾਰਾਂ ਮਾਰੀ ਗਿਆ, ਜਦ ਤੱਕ ਕੜਾਹੇ ਵਿਚ ਕੜ੍ਹਦੀ ਕਾਲੀ ਚਾਹ ਦੁੱਧ ਵਰਗੀ ਨਾ ਹੋ ਗਈ। ਇਹ ਗੱਲ ਸੁਣਾਉਣ ਵਾਲੇ ਊਠਣੀ ਦੇ ਦੁੱਧ ਦੀ ਇਹ ਵਿਸ਼ੇਸ਼ਤਾ ਦੱਸਣੀ ਕਦੇ ਨਾ ਭੁੱਲਦੇ ਕਿ ਉਹਦਾ ਦੁੱਧ ਐਨਾ ਸੰਘਣਾ ਹੁੰਦਾ ਹੈ ਕਿ ਉਸ ਨੂੰ ਉਬਾਲਣ ਵੇਲੇ ਸੱਤ ਵਾਰ ਮਲਾਈ ਲਾਹੀ ਜਾ ਸਕਦੀ ਹੈ; ਮਤਲਬ ਸੱਤ ਵਾਰ ਉਬਾਲੀ ਦਿੰਦਿਆਂ ਹਰ ਵਾਰ ਨਵੀਂ ਮਲਾਈ ਆਈ ਜਾਂਦੀ ਹੈ।
ਜਮਾਂਦਰੂ ਛੜਾ ਹਜ਼ਾਰਾ ਸਿੰਘ ਭਾਵੇਂ ਦੂਰ-ਦੂਰ ਤੱਕ ਲੁੱਟਾਂ-ਖੋਹਾਂ ਕਰਦਾ ਤੇ ਡਾਕੇ ਮਾਰਦਾ ਸੀ, ਪਰ ਉਸ ਦੀ ਗਰੀਬਾਂ ਪ੍ਰਤੀ ਰਹਿਮਦਿਲੀ ਦੀਆਂ ਕਹਾਣੀਆਂ ਵੀ ਆਪਣੀ ਥਾਈਂ ਮਸ਼ਹੂਰ ਸਨ। ਸਾਡੇ ਪਿੰਡ ਦੇ ਲਾਗਲੇ ਸ਼ਾਹਪੁਰ ਪੱਟੀ ਦੇ ਮਸ਼ਹੂਰ ਲੁਟੇਰੇ ਡੋਗਰ ਭਰਾ, ਦਰਿਆਉਂ ਪਾਰ ਪਿੰਡ ਹੇਡੋਂ ਦੇ ਕਿਸੇ ਗਰੀਬ ਪਰਿਵਾਰ ਦੀਆਂ ਸੂਣ ਵਾਲੀਆਂ ਦੋ ਝੋਟੀਆਂ ਚੋਰੀ ਖੋਲ੍ਹ ਲਿਆਏ। ਪੈੜਾਂ ਪਛਾਨਣ ਵਾਲੇ ਖੋਜੀ ਨੇ ਦੱਸਿਆ ਕਿ ਝੋਟੀਆਂ ਦਰਿਆ ਟੱਪਣ ਤੋਂ ਬਾਅਦ ਸ਼ਾਹਪੁਰ ਪਿੰਡ ਵੜੀਆਂ ਹਨ। ਸ਼ਾਹਪੁਰੀਏ ਡੋਗਰ ਭਰਾ ਇਲਾਕੇ ਭਰ ਵਿਚ ਮਾਰ-ਖੋਰੇ ਬਦਮਾਸ਼ ਗਿਣੇ ਜਾਂਦੇ ਸਨ। ਹੇਡੋਂ ਵਾਲੇ ਡੋਗਰਾਂ ਕੋਲ ਤਾਂ ਡਰਦੇ ਗਏ ਨਾ, ਪਰ ਉਹ ਆਪਣੀ ਫਰਿਆਦ ਲੈ ਕੇ ਹਜ਼ਾਰਾ ਸਿੰਘ ਕੋਲ ਆ ਪਹੁੰਚੇ।
ਹੱਥ ਜੋੜ ਕੇ ਉਨ੍ਹਾਂ ਹਜ਼ਾਰਾ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਨੇ ਘਰ ਪਾਲੀਆਂ ਦੋਵੇਂ ਝੋਟੀਆਂ ਵੇਚ ਕੇ ਧੀ ਵਿਆਹੁਣੀ ਸੀ, ਪਰ ਡੋਗਰਾਂ ਨੇ ਉਨ੍ਹਾਂ ਨਾਲ ਗਰੀਬ ਮਾਰ ਕਰ ਦਿੱਤੀ। ਹਜ਼ਾਰਾ ਸਿੰਘ ਨੇ ਹੇਡੋਂ ਵਾਲੇ ਦੁਖਿਆਰਿਆਂ ਨੂੰ ਹੌਂਸਲਾ ਦਿੰਦਿਆਂ ਦੱਸਿਆ ਕਿ ਸ਼ਾਹਪੁਰੀਏ ਡੋਗਰ ਮੈਨੂੰ ਵੀ ‘ਸਿਖੜਾ’ ਸੱਦਦੇ ਹਨ ਤੇ ਮੇਰੀ ਜਾਨ ਦੇ ਦੁਸ਼ਮਣ ਹਨ ਪਰ ਤੁਸੀਂ ਬੇਫਿਕਰ ਹੋ ਕੇ ਧੀ ਦਾ ਕਾਰਜ ਰਚਾਵੋ, ਮੈਂ ਜਾਣਾ ਮੇਰਾ ਕੰਮ ਜਾਣੇ, ਤੁਹਾਡੀਆਂ ਦੋਵੇਂ ਝੋਟੀਆਂ ਦਸਾਂ ਕੁ ਦਿਨਾਂ ਵਿਚ ਤੁਹਾਡੀ ਖੁਰਲੀ ‘ਤੇ ਖੜ੍ਹੀਆਂ ਹੋਣਗੀਆਂ।
ਕਹਿੰਦੇ ਨੇ ਹਜ਼ਾਰਾ ਸਿੰਘ ਡੋਗਰਾਂ ਨੂੰ ਜਾ ਕੇ ਕਹਿੰਦਾ, ਭਰਾਵੋ! ਧੰਦਾ ਮੈਂ ਵੀ ਤੁਹਾਡੇ ਵਾਲਾ ਈ ਕਰਦਾਂ, ਪਰ ਤੁਸੀਂ ਗਰੀਬ ਨੂੰ ਲੁੱਟ ਲਿਆਏ ਹੋ। ਹੰਕਾਰੇ ਹੋਏ ਡੋਗਰਾਂ ਨੇ ਉਹਦੀ ਗੱਲ ਮੰਨਣੀ ਤਾਂ ਕਿਤੇ ਦੂਰ ਰਹੀ, ਉਸ ਦੀ ਬੇਇਜ਼ਤੀ ਕਰ ਕੇ ਤੋਰਿਆ। ਖੁੰਧਕ ਖਾ ਕੇ ਹਜ਼ਾਰਾ ਸਿੰਘ ਤੀਜੀ-ਚੌਥੀ ਰਾਤ ਹੀ ਡੋਗਰਾਂ ਦੇ ਵਾੜੇ ਜਾ ਵੜਿਆ। ਕਿਵੇਂ ਉਸ ਨੇ ਬਗਲ ਦੀ ਕੰਧ ਟੱਪੀ ਤੇ ਕਿਵੇਂ ਕੁੱਤਿਆਂ ਅੱਗੇ ਮੀਟ ਸੁੱਟ ਕੇ ਉਨ੍ਹਾਂ ਨੂੰ ਚੁੱਪ ਕਰਾਇਆ, ਇਹ ਲੰਮੀ ਕਹਾਣੀ ਹੈ। ਬੱਸ, ਉਸ ਨੇ ਡੋਗਰਾਂ ਦੀ ਹੈਂਕੜ ਭੰਨ੍ਹਣ ਲਈ ਉਨ੍ਹਾਂ ਦੇ ਦੋ ਬਲਦ ਚੋਰੀ ਕਰ ਲਿਆਂਦੀ।
ਸੁਵਖਤੇ ਜਦ ਡੋਗਰਾਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਚੋਰਾਂ ‘ਤੇ ਮੋਰ ‘ਸਿਖੜੇ’ ਹਜ਼ਾਰਾ ਸਿੰਘ ਦੇ ਹੀ ਪਏ ਹਨ। ਡੋਗਰਾਂ ਨੂੰ ਹੱਥ ਬੰਨ੍ਹ ਕੇ ਹਜ਼ਾਰਾ ਸਿੰਘ ਦੀਆਂ ਮਿੰਨਤਾਂ ਕਰਦਿਆਂ ਮੇਰੇ ਬਾਪ ਨੇ ਦੇਖਿਆ ਹੋਇਆ ਸੀ। ਉਨ੍ਹਾਂ ਨੂੰ ਬਲਦਾਂ ਨਾਲੋਂ ਆਪਣੀ ਬੇਇਜ਼ਤੀ ਵੱਧ ਸਤਾ ਰਹੀ ਸੀ।
“ਹਜ਼ਾਰਾ ਸਿਆਂ, ਸਾਥੋਂ ਜੋ ਮਰਜ਼ੀ ਲੈ ਲੈ, ਪਰ ਸਾਡੇ ਬਲਦ ਮੋੜ ਦੇ।” ਡੋਗਰ ਵਾਰ-ਵਾਰ ਇਹੀ ਕਹੀ ਜਾਂਦੇ, ਪਰ ਹਜ਼ਾਰਾ ਸਿੰਘ ਅੱਗਿਓਂ ਵਾਰੀ ਦਾ ਵੱਟਾ ਲਾਹੁੰਦਿਆਂ ਮਖੌਲ ਵਜੋਂ ਕਹਿੰਦਾ, “ਓ ਮੀਆਂ ਜੀ, ਬਾਦਸ਼ਾਹੋ! ਐਸ ਇਲਾਕੇ ਵਿਚ ਕਿਹਦੀ ਜੁਰਅਤ ਪੈ ਗਈ ਤੁਹਾਡੇ ਪਸੂਆਂ ਦੀ ਵਾਅ ਵੱਲ ਦੇਖਣ ਦੀ? ਇਹ ਤਾਂ ਭਾਈ ਕੋਈ ਬਾਹਰਲਾ ਈ ਬੰਦਾ ‘ਹੱਥ ਫੇਰ’ ਗਿਆ ਤੁਹਾਡੇ ‘ਤੇ।”
ਅੜਿੱਕੇ ਆਏ ਦੁਸ਼ਮਣ ਨੂੰ ਜਦ ਹਜ਼ਾਰਾ ਸਿੰਘ ਨੇ ਜੀਅ ਭਰ ਕੇ ‘ਪਾਣੀਉਂ ਪਤਲਾ’ ਕਰ ਲਿਆ ਤੇ ਸ਼ਰਮਿੰਦੇ ਹੋਏ ਡੋਗਰ ਵਾਰ-ਵਾਰ ਹੱਥ ਜੋੜਨ ‘ਤੇ ਆ ਗਏ, ਤਦ ਹਜ਼ਾਰਾ ਸਿੰਘ ਮੁੱਛਾਂ ਵਿਚ ਖਚਰੀ ਹਾਸੀ ਹੱਸਦਿਆਂ ਬੋਲਿਆ, “ਐਓਂ ਕਰਦੇ ਆਂ ਫਿਰ! ਤੁਸੀਂ ਦੋਵੇਂ ਝੋਟੀਆਂ ਹੇਡੋਂ ਪਹੁੰਚਾ ਦਿਉ, ਤੇ ਮੁੜ ਕੇ ਆਉਂਦੇ ਹੋਏ ਆਪਣੇ ਬਲਦ ਮੇਰੇ ਕੋਲੋਂ ਲੈ ਜਾਇਉ।”
ਬਜ਼ੁਰਗ ਦੱਸਦੇ ਹੁੰਦੇ ਸਨ ਕਿ ਹੇਡੋਂ ਵਾਲਿਆਂ ਨੇ ਹਜ਼ਾਰਾਂ ਸਿੰਘ ਦਾ ਮਾਣ-ਤਾਣ ਕਰਦਿਆਂ ਉਸ ਨੂੰ ਆਪਣੀ ਧੀ ਦੇ ਵਿਆਹ ‘ਤੇ ਸੱਦਿਆ, ਤੇ ਉਹ ਉਥੇ ਬਣਦਾ-ਸਰਦਾ ਖਰਚਾ ਵੀ ਕਰ ਕੇ ਆਇਆ ਸੀ।
ਸੰਨ ਸੰਤਾਲੀ ਦੀ ਵੱਢ-ਟੁਕ ਤੋਂ ਛੇ ਮਹੀਨੇ ਪਹਿਲਾਂ ਜਦੋਂ ਹਿੰਦੂ-ਸਿੱਖਾਂ ਤੇ ਮੁਸਲਮਾਨਾਂ ਵਿਚ ਆਪਸੀ ਖਿੱਚੋਤਾਣ ਦਾ ਤਲਖ਼ ਮਾਹੌਲ ਬਣ ਰਿਹਾ ਸੀ, ਕਿਤੇ ਉਨ੍ਹਾਂ ਦਿਨਾਂ ਵਿਚ ਹਜ਼ਾਰਾ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਗੜ੍ਹਸ਼ੰਕਰ-ਨੰਗਲ ਰੋਡ ‘ਤੇ ਟਿੱਬਿਆਂ ਦੀ ਚੜ੍ਹਾਈ ਮੁੰਢ ‘ਲੁੱਟਣ ਨਾਕਾ’ ਲਾ ਕੇ ਬਹਿ ਗਿਆ। ਇਸ ਰਾਹ ਤੋਂ ਊਠਾਂ ‘ਤੇ ਸਾਮਾਨ ਲੱਦ ਕੇ ਵਪਾਰੀ ਲੰਘਦੇ ਹੁੰਦੇ ਸਨ। ਮੂੰਹ-ਹਨ੍ਹੇਰੇ ਉਨ੍ਹਾਂ ਤੁਰੇ ਜਾਂਦੇ ਇਕ ਵਪਾਰੀ ਨੂੰ ਪੋਲੀ ਜਿਹੀ ਲਾਠੀ ਮਾਰ ਕੇ ਸੁੱਟ ਲਿਆ। ਡਿਗਦੇ ਸਾਰ ਉਹਦੇ ਸਿਰ ‘ਤੇ ਪਾਇਆ ਕੁੱਲਾ ਲਹਿ ਗਿਆ ਤੇ ਉਹਦੇ ਵਿਚ ਲੁਕਾਇਆ ਟੂੰਮ-ਛੱਲਾ ਵੀ ਖਿਲਰ ਗਿਆ। ਡਿੱਗੇ ਪਏ ਵਪਾਰੀ ਨੇ ‘ਪੱਗਾਂ ਵਾਲੇ’ ਸਰਦਾਰ ਡਾਕੂ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, “ਓਏ ਸਰਦਾਰੋæææਹਿੰਦੂ ਭਾਈ ਆਂ! ਤੁਹਾਡਾ ਹਿੰਦੂ ਭਾਈ, ਨਾ ਮਾਰਿਓ!”
ਵਪਾਰੀ ਨੇ ਤਾਂ ‘ਹਿੰਦੂ ਭਾਈ’ ਹੋਣ ਦਾ ਰੌਲਾ ਇਸ ਕਰ ਕੇ ਪਾਇਆ ਕਿ ਇਹ ਸਿੱਖ ਮੈਨੂੰ ਆਪਣਾ ਜਾਣ ਕੇ ਲੁੱਟਣਗੇ ਨਹੀਂ, ਪਰ ‘ਹਜ਼ਾਰਾ ਸਿੰਘ ਐਂਡ ਕੰਪਨੀ’ ਨੇ ਉਹਦੇ ਮੂੰਹੋਂ ਨਿਕਲੀ ਗੱਲ ਨੂੰ ਝੂਠੀ ਤੇ ਉਹਦੇ ਸਿਰ ‘ਤੇ ਪਏ ਕੁੱਲੇ ਦੀ ‘ਗਵਾਹੀ’ ਨੂੰ ਹੀ ਸੱਚ ਮੰਨਿਆ। ਬਘਿਆੜ ਦੇ ਸਾਹਮਣੇ ਪਾਣੀ ਪੀ ਰਹੇ ਲੇਲੇ ਵਾਲੀ ਕਹਾਣੀ ਵਾਂਗ ਹਜ਼ਾਰਾ ਸਿੰਘ ਹੁਰਾਂ ‘ਓਏ ਮੁਸਲਮਾਨ ਹੋ ਕੇ ਝੂਠ ਮਾਰਦਾ ਐਂ?’ ਕਹਿ ਕੇ ਵਪਾਰੀ ਦਾ ਟੂੰਮ-ਛੱਲਾ ਆਪਣੇ ਖੀਸੇ ਵਿਚ ਪਾ ਲਿਆ।
ਕਈ ਸਾਲਾਂ ਬਾਅਦ ਇਸੇ ਇਲਾਕੇ ਵਿਚ ਟਿੱਬਿਆਂ ਵਿਚ ਵਸੇ ਪਿੰਡ ਸੰਤੋਖਗੜ੍ਹ ਵਿਚ ਮੈਂ ਬਰਾਤੇ ਗਿਆ। ਮੇਰੇ ਪਿੰਡ ਦਾ ਨਾਂ ਸੁਣ ਕੇ ਉਥੋਂ ਦੇ ਕੁਝ ਬਜ਼ੁਰਗਾਂ ਨੇ ਜੋ ਕਿਹਾ, ਰਤਾ ਠਹਿਰ ਕੇ ਦੱਸਦਾਂ।
ਇਹ ਅਟੱਲ ਸੱਚਾਈ ਹੈ ਕਿ ਡਾਕੇ-ਚੋਰੀਆਂ ਦੇ ਧੰਦੇ ਵਿਚ ਪਏ ਲੋਕ ਯਾਰੀਆਂ ਵਿਚ ਵੀ ਪੱਕੇ ਹੁੰਦੇ ਹਨ। ‘ਏਕ ਫੂਲ ਦੋ ਮਾਲੀ’ ਦੀ ਬਜਾਏ ਬਹੁਤੇ ਥਾਈਂ ਤੀਨ-ਤੀਨ ਜਾਂ ਚਾਰ-ਚਾਰ ‘ਮਾਲੀ’ ਵੀ ਬਣੇ ਹੁੰਦੇ ਸਨ। ਜ਼ਾਹਿਰ ਹੋਣ ‘ਤੇ ਮਾਲੀਆਂ ਦੀ ਖਹਿਬਾਜ਼ੀ ਸ਼ੁਰੂ ਹੋ ਜਾਂਦੀ। ਅਜਿਹੀ ਤਿੱਕੜੀ-ਚੌਕੜੀ ਵਿਚ ਫਸੇ ਹਜ਼ਾਰਾ ਸਿੰਘ ਨੂੰ ਇਕ ਰਾਤ ਉਹਦੇ ਦੋਸਤ ਆਪਣੇ ਨਾਲ ਲੈ ਗਏ। ਕਿਸੇ ਮਾਰ ‘ਤੇ ਤੂੜੀ ਦੇ ਕੁੱਪ ਕੋਲ ਛਹਿ ਲਾ ਕੇ ਬੈਠੇ ਕਿਸੇ ਜਣੇ ਨੇ ਹਜ਼ਾਰਾ ਸਿੰਘ ਦੀ ਪਿੱਠ ਵਿਚ ਬਰਛਾ ਖੋਭ ਦਿੱਤਾ। ਕੁੱਪ ਦੇ ਲਾਗ-ਪਾਸ ਦੇ ਘਰਾਂ, ਕੋਠਿਆਂ ਤੇ ਵਿਹੜਿਆਂ ਵਿਚ ਪਏ ਕਈ ਲੋਕਾਂ ਨੇ ਉਸ ਦੀ ਆਖਰੀ ਲੇਰ ਸੁਣੀ। ਉਸ ਨੇ ਕੂਕ ਮਾਰਦਿਆਂ ਆਪਣੇ ਭਤੀਜੇ ਦਾ ਨਾਂ ਲਿਆ, “ਓਹ ਕਰਮ ਸਿੰਆਂæææ।”
ਅਣਿਆਈ ਮੌਤੇ ਮਾਰ ਗਏ ‘ਕੱਲੇ-ਕਾਰੇ ਹਜ਼ਾਰਾ ਸਿੰਘ ਦਾ ਭਤੀਜਾ ਕਰਮ ਸਿੰਘ ਕੋਈ ਹੋਰ ਨਹੀਂ, ਸਗੋਂ ਮੇਰਾ ਬਾਪ ਹੀ ਸੀ। ਹਜ਼ਾਰਾ ਸਿੰਘ, ਮੇਰੇ ਬਾਬੇ ਦਾ ਭਰਾ ਜੋ ਭੰਗ ਦੇ ਭਾੜੇ ਜਾਨ ਗੁਆ ਕੇ ਕਤਲ ਦਾ ਮੁਕੱਦਮਾ ਸਾਡੇ ਗਲ ਪਾ ਗਿਆ। ਚਹੁੰ ਧੀਆਂ ਦੀ ਲੰਮੀ-ਚੌੜੀ ਕਬੀਲਦਾਰੀ ਵਾਲੇ ਮੇਰੇ ਬਾਪ ਨੇ ਆਪ ਚਾਚੇ ਦਾ ਇਹ ਮੁਕੱਦਮਾ ਕਿਵੇਂ ਲੜਿਆ, ਕਿਵੇਂ ਹਜ਼ਾਰਾ ਸਿੰਘ ਦੀ ਲਾਸ਼ ਪੋਸਟਮਾਰਟਮ ਵਾਸਤੇ ਗੱਡੇ ‘ਤੇ ਲੱਦ ਕੇ ਫਿਲੌਰ ਨੂੰ ਲੈ ਕੇ ਗਏ, ਉਸ ਵੇਲੇ ਦੇ ਮੁਸਲਮਾਨ ਪੁਲਸੀਆਂ ਨੇ ਕਿਵੇਂ ਸਾਡੇ ਪਿੰਡ ਦੇ ‘ਕੱਲੇ-‘ਕੱਲੇ ਬੰਦੇ ਦਾ ਨਿਰਦਈ ਕੁੱਟ-ਕੁਟਾਪਾ ਕੀਤਾ, ਕਿਨ੍ਹਾਂ ਹਾਲਾਤ ਵਿਚ ਮੇਰਾ ਬਾਪ ਰਾਹੋਂ ਤੋਂ ਰੇਲ ਦਾ ਡੱਬਾ ਫੜ ਕੇ ਜਲੰਧਰ ਕੇਸ ਦੀਆਂ ਤਰੀਕਾਂ ‘ਤੇ ਜਾਂਦਾ ਹੁੰਦਾ ਸੀ, ਉਨ੍ਹਾਂ ਦਿਨਾਂ ਵਿਚ ਕਿਵੇਂ ਸਾਡੇ ਰਿਸ਼ਤੇਦਾਰਾਂ ਨੇ ਸਾਥੋਂ ਮੂੰਹ ਮੋØੜਿਆ, ਇਹ ਸਾਰੀ ਕਹਾਣੀ ਲਿਖਣੀ ਹੋਵੇ ਤਾਂ ਵੱਡੀ ਕਿਤਾਬ ਬਣ ਸਕਦੀ ਹੈ। ਭਾਈਆ ਜੀ ਜਦ ਕਦੇ ਇਸ ਮੁਕੱਦਮੇ ਦੀਆਂ ਹੱਡ-ਬੀਤੀਆਂ ਸੁਣਾਉਂਦੇ, ਉਹ ਭਾਵੇਂ ਅਡੋਲ ਰਹਿ ਕੇ ਮੁਸੀਬਤਾਂ ਭਰੇ ਵੇਰਵੇ ਦਿੰਦੇ ਰਹਿੰਦੇ ਪਰ ਸਾਡੀਆਂ ਭੈਣ-ਭਰਾਵਾਂ ਦੀਆਂ ਅੱਖਾਂ ਜ਼ਰੂਰ ਗਿੱਲੀਆਂ ਹੋ ਜਾਂਦੀਆਂ। ਕਹਿੰਦੇ ਨੇ, ਉਸ ਮੁਕੱਦਮੇ ਵਿਚ ਸਾਡੇ ਵਕੀਲ ਸਨ ਸ਼ ਸਵਰਨ ਸਿੰਘ ਜੋ ਬਾਅਦ ਵਿਚ ਵਿਦੇਸ਼ ਮੰਤਰੀ ਬਣੇ। ਉਨ੍ਹਾਂ ਦੀ ਬਾਰੀਕ-ਬੀਨੀ ਸਦਕਾ ਹਜ਼ਾਰਾ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਹੋਈਆਂ।
ਆਖਰ ਵਿਚ ਗੜ੍ਹਸ਼ੰਕਰੋਂ ਨੰਗਲ ਵੱਲ ਜਾਂਦੀ ਸੜਕ ‘ਤੇ ਟਿੱਬਿਆਂ ਵਿਚ ਵਾਕਿਆ ਪਿੰਡ ਸੰਤੋਖਗੜ੍ਹ ਵਾਲੀ ਵਿਚਾਲੇ ਛੱਡੀ ਗੱਲ ਵੀ ਪੂਰੀ ਕਰ ਦਿਆਂ। ਉਸ ਪਿੰਡ ਵਿਚ ਮੈਂ ਕਿਸੇ ਦੋਸਤ ਦੀ ਬਰਾਤੇ ਗਿਆ ਹੋਇਆ ਸਾਂ। ਅਨੰਦ ਕਾਰਜ ਵੇਲੇ ਸਟੇਜ ਤੋਂ ਬੋਲਣ ਉਪਰੰਤ ਜਦ ਮੈਂ ਬਾਹਰ ਆਇਆ ਤਾਂ ਉਥੋਂ ਦੇ ਕੁਝ ਬਜ਼ੁਰਗ ਬਾਬੇ ਬੜੀ ਉਤਸੁਕਤਾ ਨਾਲ ਮੇਰੇ ਦੁਆਲੇ ਹੋ ਗਏ। ਪਹਾੜੀ ਲਹਿਜ਼ੇ ਵਾਲੀ ਪੰਜਾਬੀ ਵਿਚ ਉਨ੍ਹਾਂ ਮੈਨੂੰ ਪੁੱਛਿਆ, “ਮੱਲਾ, ਤੂੰ ਦੁਪਾਲਪੁਰੋਂ ਈ ਐਂ?”
ਮੇਰੀ ‘ਹਾਂ’ ਸੁਣ ਕੇ ਉਨ੍ਹਾਂ ਝੱਟ ਹਜ਼ਾਰਾ ਸਿੰਘ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਦੱਸਿਆ ਕਿ ਉਹ ਮੇਰਾ ਹੀ ਬਾਬਾ ਲੱਗਦਾ ਸੀ, ਤਾਂ ਉਨ੍ਹਾਂ ਦੀਆਂ ਅੱਖਾਂ ਚਮਕ ਉਠੀਆਂ। ਮੇਰੀ ਨੀਲੀ ਪੱਗ, ਖੁੱਲ੍ਹੀ ਦਾੜ੍ਹੀ ਤੇ ਗਾਤਰਾ ਦੇਖ ਕੇ ਉਨ੍ਹਾਂ ਸੋਚਿਆ ਹੋਵੇਗਾ ਕਿ ਹਜ਼ਾਰਾ ਸਿੰਘ ਦਾ ਪੋਤਾ ਤਾਂ ‘ਪੁੱਠੇ ਰਾਹ’ ਹੀ ਪਿਆ ਹੋਇਐ। ਕੁਝ ਅਜਿਹਾ ਚਿਤਵਦਿਆਂ ਉਨ੍ਹਾਂ ਮੇਰੇ ਬਾਬੇ ਦੀ ਵਡਿਆਈ ਵਜੋਂ ਕਿਹਾ, “ਹਜ਼ਾਰਾ ਸਿੰਹੁ ਕਿਹਨੇ ਬਣ ਜਾਣੈ ਜੀ!”
“ਭਾਈਆ, ਹੁਣ ਮੈਂ ਹਜ਼ਾਰਾ ਸਿੰਘ ਵਰਗਾ ਡਾਕੂ-ਲੁਟੇਰਾ ਤਾਂ ਬਣਨੋਂ ਰਿਹਾ।” ਮੈਂ ਮਖੌਲ ਕੀਤਾ।
“ਕਾਕਾ, ਉਹ ਤੁਹਾਡਾ ਵਡਾਰੂ ਸੀ, ਜੋ ਮਰਜ਼ੀ ਕਹਿ ਲੈ, ਪਰ ਭਾਈ ਹਜ਼ਾਰਾ ਸਿੰਹੁ ਵਿਚ ਹਜ਼ਾਰਾਂ ਗੁਣ ਥੇ।” ਲੰਮਾ ਸਾਹ ਲੈ ਕੇ ਇਕ ਬਜ਼ੁਰਗ ਨੇ ਮਾਨੋ ਸਾਡੇ ਵਡਾਰੂ ਨੂੰ ਸ਼ਰਧਾਂਜਲੀ ਭੇਟ ਕਰ ਦਿੱਤੀ।