ਪ੍ਰਿੰæ ਸਰਵਣ ਸਿੰਘ
ਟੋਰਾਂਟੋ ਖੇਤਰ ਦਾ ਬਰੈਂਪਟਨ ਸ਼ਹਿਰ। ਇਸ ਸ਼ਹਿਰ ਵਿਚ ਪੰਜਾਬੀਆਂ ਦੀ ਵਸੋਂ ਸਭ ਤੋਂ ਵੱਧ ਹੈ। ਤਿੰਨ ਚਾਰ ਸਿੱਖ ਐਮæਪੀæ ਤੇ ਐਮæਪੀæਪੀæ ਇਸ ਇਲਾਕੇ ਵਿਚੋਂ ਕੈਨੇਡਾ ਤੇ ਓਂਟਾਰੀਓ ਦੀ ਪਾਰਲੀਮੈਂਟ ਲਈ ਚੁਣੇ ਜਾਂਦੇ ਹਨ। ਦੋ ਦਰਜਨ ਦੇ ਕਰੀਬ ਪੰਜਾਬੀ ਅਖ਼ਬਾਰ/ਰਸਾਲੇ ਤੇ ਤਿੰਨ ਦਰਜਨ ਤੋਂ ਵੱਧ ਪੰਜਾਬੀ ਰੇਡੀਓ/ਟੀæ ਵੀæ ਚਲਦੇ ਨੇ ਇਥੇ।
ਗੁਰਦਵਾਰੇ ਵੀ ਦਰਜਨਾਂ ਵਿਚ ਹਨ ਇਹ ਮਿੰਨੀ ਪੰਜਾਬ ਹੀ ਜਾਪਦੈ। ਪੰਜਾਬ ਦੀ ਨਿੱਕੀ ਵੱਡੀ ਖ਼ਬਰ ਇਥੇ ਛੱਜ ਵਾਂਗ ਛੱਟੀ ਜਾਂਦੀ ਹੈ ਪਰ ਆਪਣੇ ਸ਼ਹਿਰ ਦੀਆਂ ਉਹੋ ਜਿਹੀਆਂ ਖ਼ਬਰਾਂ ਦੀ ਓਨੀ ਪੁਣ-ਛਾਣ ਨਹੀਂ ਹੁੰਦੀ।
ਕੈਨੇਡਾ ਵਾਸੀਆਂ ਦੇ ਨਾਲ ਪੱਛਮੀ ਦੇਸ਼ਾਂ ਦੇ ਸਾਰੇ ਹੀ ਪੰਜਾਬੀ ਪਰਵਾਸੀਆਂ ਨੂੰ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਦੇ ਰਹਿਣਾ ਚਾਹੀਦੈ। ਉਹ ਜਿਥੇ ਵੱਸ ਰਹੇ ਹਨ, ਜਿਥੇ ਉਨ੍ਹਾਂ ਦੇ ਬੱਚੇ ਪਲ ਤੇ ਪੜ੍ਹ ਰਹੇ ਹਨ, ਜੁਆਨ ਹੋ ਰਹੇ ਹਨ, ਉਨ੍ਹਾਂ ਨੂੰ ਉਧਰ ਵੀ ਧਿਆਨ ਦੇਣਾ ਚਾਹੀਦੈ।
ਮੈਂ ਇਕ ਐਸੀ ਘਟਨਾ ਤੁਹਾਡੇ ਧਿਆਨ ਵਿਚ ਲਿਆ ਰਿਹਾਂ ਜੋ ਨਮੂਨੇ ਮਾਤਰ ਹੈ। ਜਾਪਦੈ ਇਹੋ ਜਿਹੀਆਂ ਘਟਨਾਵਾਂ ਹੋਰਨੀਂ ਥਾਂਈਂ ਵੀ ਹੁੰਦੀਆਂ ਹੋਣਗੀਆਂ ਪਰ ਇਧਰ ਸਾਡੇ ਲੋਕਾਂ ਨੇ ਅੱਖਾਂ ਮੀਟੀਆਂ ਹੋਈਆਂ ਹਨ। 6 ਮਈ ਦਾ ਦਿਨ ਸੀ ਤੇ ਸਮਾਂ ਸੀ ਬਾਅਦ ਦੁਪਹਿਰ 1-30 ਦਾ। ਧੁੱਪ ਖਿੜੀ ਹੋਈ ਸੀ, ਮੌਸਮ ਸੁਖਾਵਾਂ ਸੀ। ਮੈਂ ਇਕੱਲਾ ਘਰੇ ਲਿਖਣ ਪੜ੍ਹਨ ‘ਚ ਮਗਨ ਸਾਂ। ਸਾਡਾ ਘਰ ਬਰੈਂਪਟਨ ਦੇ ਚੜ੍ਹਦੇ ਪਾਸੇ ਹੈ ਜਿਸ ਦੇ ਪਿਛਵਾੜੇ ਟ੍ਰੇਲ ਹੈ। ਉਸ ਟ੍ਰੇਲ ਉਤੇ ਸਵੇਰੇ ਸ਼ਾਮ ਕਾਫੀ ਸੈਲਾਨੀ ਸੈਰ ਕਰਦੇ ਹਨ ਪਰ ਦਿਨ ਵੇਲੇ ਟਾਵੇਂ ਟਾਵੇਂ ਲੰਘਦੇ ਹਨ। ਨੇੜੇ ਤੇੜੇ ਦੋ ਤਿੰਨ ਸਕੂਲ ਹਨ ਜਿਸ ਕਰਕੇ ਵਿਦਿਆਰਥੀਆਂ ਦੀ ਆਵਾਜਾਈ ਰਹਿੰਦੀ ਹੈ। ਇਹ ਮੈਂ ਇਸ ਕਰਕੇ ਦੱਸ ਰਿਹਾਂ ਕਿ ਇਹ ਕੋਈ ਸੁੰਨ ਸਰਾਂ ਥਾਂ ਨਹੀਂ। ਇਸ ਜਗ੍ਹਾ ਚਿੱਟੇ ਦਿਨ ਬਲਾਤਕਾਰ ਵਰਗਾ ਜੁਰਮ ਹੋਣ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਪਰ ਜੋ ਕੁਝ ਮੈਂ ਵੇਖਿਆ ਇੰਜ ਲੱਗਾ ਜਿਵੇਂ ਜੰਗਲ ਦਾ ਰਾਜ ਹੋਵੇ।
ਮੈਂ ਜਦੋਂ ਕੰਪਿਊਟਰ ਉਤੇ ਲਿਖਦਾ-ਪੜ੍ਹਦਾ ਹਾਂ ਤਾਂ ਕਦੇ ਕਦੇ ਵਿਚੋਂ ਉਠ ਕੇ ਕਿਚਨ ਦੇ ਬਾਹਰਲੇ ਬਾਰ ਵਿਚੋਂ ਘਰ ਦੇ ਪਿਛਵਾੜੇ ਝਾਤੀ ਮਾਰ ਲੈਂਦਾ ਹਾਂ। ਝਾਤੀ ਮਾਰ ਕੇ ਸਕੂਨ ਮਿਲਦੈ। ਪਿਛਵਾੜੇ ਘਾਹ ਦਾ ਪਲਾਟ ਹੈ, ਟ੍ਰੇਲ ਹੈ, ਰੁੱਖ ਹਨ, ਨਾਲਾ ਹੈ, ਭੂਸਲੀਆਂ ਝਾੜੀਆਂ ਹਨ ਤੇ ਪੁੰਗਰ ਰਹੀ ਹਰਿਆਵਲ ਹੈ। ਇਹਨੀਂ ਦਿਨੀਂ ਵੇਸ ਵਟਾ ਰਹੀ ਪ੍ਰਕਿਰਤੀ ਨਜ਼ਰਾਂ ਨੂੰ ਤਾਜ਼ਗੀ ਬਖਸ਼ਣ ਲੱਗੀ ਹੈ। ਕਿਤੇ ਕਿਤੇ ਫੁੱਲ ਵੀ ਖਿੜਣ ਲੱਗੇ ਹਨ।
ਉਸ ਦਿਨ ਮੈਂ ਕੰਪਿਊਟਰ ਅੱਗੋਂ ਉਠਿਆ ਤੇ ਬਾਹਰ ਵੇਖਣ ਲੱਗਾ। ਨੇੜੇ ਹੀ ਅਜਬ ਨਜ਼ਾਰਾ ਵੇਖਿਆ। ਦੋ ਟੀਨਏਜ਼ਰ-ਇਕ ਮੁੰਡਾ ਤੇ ਇਕ ਕੁੜੀ ਟ੍ਰੇਲ ਉਤੇ ਉਲਝੇ ਪਏ ਸਨ। ਕੁੜੀ ਦੇ ਲੰਮੇ ਖੁੱਲ੍ਹੇ ਵਾਲ ਸਨ ਤੇ ਮੁੰਡੇ ਦੇ ਬੂਦਾਂ ਜਿਹੀਆਂ ਸਨ। ਕਪੜੇ ਲੰਡੇ ਤੇ ਘੁੱਟਵੇਂ। ਜਿਥੇ ਮੈਂ ਖੜ੍ਹਾ ਸਾਂ ਉਥੋਂ ਇਹ ਨਜ਼ਾਰਾ ਕੇਵਲ ਸੱਤਰ ਅੱਸੀ ਫੁੱਟ ਦੂਰ ਸੀ। ਮੈਂ ਬਾਰ ਦਾ ਜਾਲੀ ਵਾਲਾ ਦਰ ਵੀ ਪਾਸੇ ਹਟਾ ਲਿਆ ਤਾਂ ਕਿ ਸਾਹਮਣੇ ਖੜ੍ਹਾ ਦਿਸ ਸਕਾਂ ਤੇ ਉਹ ਸੰਭਲ ਜਾਣ। ਉਹ ਅੱਧੇ ਕੁ ਸੜਕ ਉਤੇ ਤੇ ਅੱਧੇ ਕੁ ਘਾਹ ਉਤੇ ਲਿਟੇ ਘੁਲ ਰਹੇ ਸਨ। ਕਦੇ ਇਕ ਹੇਠਾਂ ਕਦੇ ਦੂਜਾ। ਪਹਿਲੀ ਨਜ਼ਰੇ ਮੈਨੂੰ ਲੱਗਾ ਕਿ ਇਹ ਸਕੂਲ ਦੀ ਅੱਧੀ ਛੁੱਟੀ ਤੋਂ ਬਾਅਦ ਮੁੜ ਕੇ ਸਕੂਲ ਨਹੀਂ ਗਏ ਹੋਣਗੇ ਤੇ ਖਾਲੀ ਥਾਂ ਵੇਖ ਕੇ ਰਾਹ ਵਿਚ ਖਰਮਸਤੀ ਕਰਨ ਲੱਗ ਪਏ ਹੋਣਗੇ। ਪੱਛਮੀ ਸਮਾਜ ਵਿਚ ਇਸ ਤਰ੍ਹਾਂ ਦੀਆਂ ਕਾਮ ਕਲੋਲਾਂ ਆਮ ਦ੍ਰਿਸ਼ ਹਨ।
ਜਦੋਂ ਮੈਂ ਨੀਝ ਨਾਲ ਵੇਖਿਆ ਤਾਂ ਮੈਨੂੰ ਆਪਣਾ ਅੰਦਾਜ਼ਾ ਗ਼ਲਤ ਲੱਗਾ। ਉਹ ਖਰਮਸਤੀ ਨਹੀਂ ਸਨ ਕਰ ਰਹੇ ਸਗੋਂ ਇਹ ਖਿੱਚਾ-ਧੂਹੀ ਤੇ ਬਲਾਤਕਾਰ ਵਰਗਾ ਜੁਰਮ ਹੋਣ ਦਾ ਦ੍ਰਿਸ਼ ਸੀ। ਦੋਹਾਂ ‘ਚੋਂ ਕੋਈ ਗੋਰਾ/ਕਾਲਾ ਨਹੀਂ ਸੀ ਜਿਨ੍ਹਾਂ ਬਾਰੇ ਕਿਹਾ ਜਾਂਦੈ ਕਿ ਅਕਸਰ ਖੁੱਲ੍ਹੇ-ਆਮ ਅਸ਼ਲੀਲ ਹਰਕਤਾਂ ਕਰਨ ਲੱਗ ਪੈਂਦੇ ਹਨ। ਦੋਹਾਂ ਦਾ ਰੰਗ ਕਣਕਵੰਨਾ ਸੀ ਜਿਸ ਤੋਂ ਜਾਪਦਾ ਸੀ, ਉਹ ਹਿੰਦੋਸਤਾਨੀ ਹੋਣਗੇ ਜਾਂ ਪਾਕਿਸਤਾਨੀ। ਉਹ ਪੰਜਾਬੀ ਮਾਪਿਆਂ ਦੇ ਬੱਚੇ ਵੀ ਹੋ ਸਕਦੇ ਸਨ ਕਿਉਂਕਿ ਪੰਜਾਬੀ ਇਸ ਸ਼ਹਿਰ ਵਿਚ ਬਹੁਤੇ ਹਨ ਤੇ ਉਹ ਵੀ ਵਧੇਰੇ ਕਰ ਕੇ ਸਿੱਖ। ਲੜਕਾ ਲੜਕੀ ਨੂੰ ਢਾਹੀ ਪਿਆ ਸੀ ਤੇ ਲੜਕੀ ਹੇਠੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਟ੍ਰੇਲ ‘ਤੇ ਉਸ ਵੇਲੇ ਆਵਾਜਾਈ ਨਹੀਂ ਸੀ ਪਰ ਸਾਹਮਣੇ ਘਰਾਂ ਦੇ ਦਰਵਾਜ਼ੇ ਤੇ ਬਾਰੀਆਂ ਸਨ ਜਿਨ੍ਹਾਂ ਵਿਚੋਂ ਸਭ ਕੁਝ ਦਿਸਦਾ ਸੀ।
ਕੁਝ ਪਲ ਮੈਂ ਸੋਚਦਾ ਰਿਹਾ ਕਿ ਕੀ ਕੀਤਾ ਜਾਵੇ? ਉਹ ਇਕ ਦੂਜੇ ਦੇ ਵਾਲ ਪੁੱਟ ਰਹੇ ਸਨ ਤੇ ਧੂਹ-ਘੜੀਸ ਕਰ ਰਹੇ ਸਨ। ਮੁੰਡਾ ਤਕੜਾ ਸੀ ਤੇ ਕੁੜੀ ਮਾੜੀ ਜਿਸ ਕਰਕੇ ਕੁੜੀ ਵਾਰ ਵਾਰ ਹੇਠਾਂ ਆ ਰਹੀ ਸੀ ਤੇ ਹੇਠੋਂ ਨਿਕਲਣ ਲਈ ਜ਼ੋਰ ਲਾ ਰਹੀ ਸੀ। ਜਾਪਿਆ ਕਿ ਉਹ ਆਪਣੇ ਬਚਾਅ ਲਈ ਜੂਝ ਰਹੀ ਹੈ ਪਰ ਹੈਰਾਨੀ ਸੀ ਕਿ ਨਾ ਉਹ ਚੀਕਾਂ ਮਾਰ ਰਹੀ ਸੀ ਤੇ ਨਾ ਰੌਲਾ ਪਾ ਰਹੀ ਸੀ। ਮੈਨੂੰ ਲੱਗਾ ਕਿ ਉਹ ਇਕ ਦੂਜੇ ਨੂੰ ਜਾਣਦੇ ਹੋਣਗੇ ਤੇ ਹੋ ਸਕਦੈ ‘ਫਰੈਂਡ’ ਵੀ ਹੋਣ ਪਰ ਕਿਸੇ ਗੱਲੋਂ ਵਿਟਰ ਗਏ ਹੋਣ ਤੇ ਮੁੰਡਾ ਕੁੜੀ ਨਾਲ ਵਧੀਕੀ ਕਰਨ ਲੱਗਾ ਹੋਵੇ। ਵਧੀਕੀ ਵੀ ਸਿਰੇ ਦੀ, ਰੇਪ ਕਰਨ ਵਰਗੀ। ਮੇਰੇ ਲਈ ਉਹ ਹਰਕਤਾਂ ਅਸਹਿ ਸਨ। ਕੁੜੀ ਬੇਵੱਸ ਹੋ ਗਈ ਲਗਦੀ ਸੀ। ਮੇਰਾ ਖੂੰਨ ਖੌਲਿਆ ਕਿ ਪਿੱਛੋਂ ਦੀ ਜਾ ਕੇ ਮੁੰਡੇ ਨੂੰ ਗਿੱਚੀਓਂ ਫੜਾਂ ਤੇ ਕੁੜੀ ਨੂੰ ਬਚਾਵਾਂ। ਜਦੇ ਖ਼ਿਆਲ ਆਇਆ ਕਿਤੇ ਨੌਜੁਆਨ ਮੁੰਡਾ ਤੇ ਕੁੜੀ ਦੋਹੇਂ ਹੀ ਮੈਨੂੰ ਨਾ ਪੈ ਜਾਣ! ਆਖਣ ਤੇਰਾ ਸਾਡੇ ਵਿਚਾਲੇ ਕੀ ਕੰਮ? ਮੈਂ ਪਝੰਤਰ ਸਾਲ ਦਾ ਹਾਂ ਉਹ ਪੰਦਰਾਂ ਸੋਲਾਂ ਸਾਲਾਂ ਦੇ। ਹੋ ਸਕਦੈ ਮੈਨੂੰ ਕੁੱਟ ਜਾਣ!
ਮੈਂ ਸ਼ਸ਼ੋਪੰਜ ਵਿਚ ਪਿਆ ਰਿਹਾ। ਪਰ ਅੱਖਾਂ ਅੱਗੇ ਤਾਂ ਕਲਜੁਗ ਵਰਤ ਰਿਹਾ ਸੀ। ਕੁੜੀ ਨੂੰ ਢਾਹ ਕੇ ਉਹਦੀਆਂ ਦੋਹੇਂ ਬਾਹਾਂ ਮੁੰਡੇ ਨੇ ਕਾਬੂ ਕਰ ਲਈਆਂ ਸਨ। ਉਹ ਮੂੰਹ ਨਾਲ ਕੁੜੀ ਦੇ ਚੱਕ ਮਾਰਨ ਲੱਗ ਪਿਆ ਸੀ। ਹੱਥ ਤੇ ਬਾਹਾਂ ਕਾਬੂ ਆਉਣ ਨਾਲ ਕੁੜੀ ਉਹਦੇ ਜੁੰਡੇ ਨਹੀਂ ਸੀ ਪੁੱਟ ਸਕਦੀ। ਮੈਂ ਵੇਖਿਆ ਕਿ ਕੰਨਿਆਂ ਵਿਚਾਰੀ ਹੱਥਲ ਹੋ ਚੁੱਕੀ ਸੀ। ਹੁਣ ਉਸ ਨਾਲ ਕੁਝ ਵੀ ਕੀਤਾ ਜਾ ਸਕਦਾ ਸੀ। ਤਦੇ ਮੈਨੂੰ ਟ੍ਰੇਲ ਉਤੇ ਇਕ ਸਾਈਕਲ ਸਵਾਰ ਆਉਂਦਾ ਦਿਸਿਆ ਪਰ ਉਹ ਸਾਈਕਲ ਚਲਾਉਂਦਾ ਉਨ੍ਹਾਂ ਨੂੰ ਅਣਦੇਖਿਆਂ ਕਰ ਕੇ ਅਗਾਂਹ ਨਿਕਲ ਗਿਆ। ਇਹ ਤਾਂ ਹੱਦ ਹੋ ਗਈ ਸੀ!
ਕੁੜੀ ਛਟਪਟਾ ਰਹੀ ਸੀ ਪਰ ਰੌਲਾ ਫਿਰ ਨਹੀਂ ਸੀ ਪਾ ਰਹੀ। ਹੋ ਸਕਦੈ ਬਦਨਾਮੀ ਤੋਂ ਡਰਦੀ ਹੋਵੇ। ਫਿਰ ਉਸ ਦੇ ਕਪੜੇ ਖਿੱਚੇ ਜਾਣ ਲੱਗੇ। ਮੈਂ ਹੋਰ ਬਰਦਾਸ਼ਤ ਨਾ ਕਰ ਸਕਿਆ ਤੇ ਲਲਕਾਰਾ ਮਾਰਿਆ, “ਖੜ੍ਹ-ਜੋ ਆਇਆ। ਸਟਾਪ ਦਿੱਸ ਨਾਨਸੈਂਸ। ਆਈ ਐਮ ਕਾਲਿੰਗ ਪੁਲਿਸ।” ਮੇਰੇ ਉਚਾ ਬੋਲਣ ਦੀ ਦੇਰ ਸੀ ਕਿ ਕੁੜੀ ਮੁੰਡੇ ਹੇਠੋਂ ਨਿਕਲ ਕੇ ਨੱਠ ਪਈ। ਉਸ ਦਾ ਨੱਠਦੀ ਦਾ ਕੁਝ ਡਿੱਗਿਆ ਜੋ ਮੈਂ ਚੰਗੀ ਤਰ੍ਹਾਂ ਨਾ ਵੇਖ ਸਕਿਆ। ਫਿਰ ਮੁੰਡੇ ਨੇ ਸੜਕ ਉਤੇ ਤਿੰਨ ਚਾਰ ਲੋਟਣੀਆਂ ਲਈਆਂ ਤੇ ਕੁੜੀ ਦੀ ਡਿੱਗੀ ਵਸਤ ਚੁੱਕ ਕੇ ਉਹ ਵੀ ਦੌੜ ਗਿਆ। ਉਨ੍ਹਾਂ ਦੇ ਦੌੜਨ ਤੋਂ ਸਾਫ਼ ਹੋ ਗਿਆ ਕਿ ਉਹ ਸੱਚਮੁੱਚ ਦੋਸ਼ੀ ਸਨ। ਲਲਕਾਰਾ ਮਾਰਨ ਤੋਂ ਪਹਿਲਾਂ ਮੈਂ ਸੋਚਿਆ ਸੀ ਕਿਤੇ ਮੁੰਡਾ ਮੈਨੂੰ ਗਾਲ੍ਹਾਂ ਨਾ ਕੱਢਣ ਲੱਗ ਪਵੇ ਤੇ ਪੁਲਿਸ ਵੀ ਆ ਕੇ ਕਹੇ ਕਿ ਤੂੰ ਕੈਨੇਡਾ ਦੇ ਕਨੂੰਨ ਵਿਚ ਦਖਲ ਕਿਉਂ ਦਿੱਤਾ? ਅਜਿਹਾ ਸੋਚਣ ਦੇ ਬਾਵਜੂਦ ਮੇਰੇ ਅੰਦਰਲਾ ਸਿੰਘ ਭਬਕ ਪਿਆ ਸੀ।
ਮੈਨੂੰ ਸੁਖ ਦਾ ਸਾਹ ਆਇਆ ਕਿ ਮੇਰੇ ਨਿੱਕੇ ਜਿਹੇ ਉਦਮ ਨੇ ਉਸ ਕੁਆਰੀ ਕੰਨਿਆਂ ਦਾ ਸਤ ਭੰਗ ਹੋਣੋਂ ਬਚਾ ਲਿਆ ਜੋ ਸਾਡੇ ਵਿਚੋਂ ਹੀ ਕਿਸੇ ਦੀ ਧੀ ਭੈਣ ਸੀ। ਉਦਣ ਦਾ ਮੈਂ ਸੋਚ ਰਿਹਾਂ ਕਿ ਮੋਗੇ ਤੋਂ ਕੋਟਕਪੂਰੇ ਨੂੰ ਚੱਲੀ ਔਰਬਿਟ ਦੀ ਜਿਸ ਬੱਸ ਵਿਚ ਕਈ ਸਵਾਰੀਆਂ ਬੈਠੀਆਂ ਸਨ ਜੇ ਉਨ੍ਹਾਂ ‘ਚੋਂ ਇਕ ਸਵਾਰੀ ਵੀ ਇਹ ਕਹਿਣ ਦਾ ਹੌਂਸਲਾ ਕਰ ਲੈਂਦੀ ਕਿ ਮਾਂ ਧੀ ਨਾਲ ਇਹ ਕੀ ਕਰਨ ਲੱਗੇ ਹੋ ਤਾਂ ਬਾਕੀ ਸਵਾਰੀਆਂ ਨੇ ਵੀ ਸਾਥ ਦੇ ਦੇਣਾ ਸੀ ਜਿਸ ਨਾਲ ਸੰਭਵ ਸੀ ਮਸੂਮ ਬੱਚੀ ਦੀ ਜਾਨ ਬਚ ਜਾਂਦੀ। ਸਵਾਲ ਹੈ, ਕੀ ਅਜੋਕੇ ਪੰਜਾਬੀਆਂ ਵਿਚ ‘ਸਿੰਘ’ ਸੱਚਮੁੱਚ ਹੀ ਨਹੀਂ ਰਹੇ? ਕੀ ਉਹ ਕਹਾਣੀਆਂ ਸੱਚ ਨਹੀਂ ਹਨ ਕਿ ਪੁਰਾਤਨ ਸਿੰਘ ਨਿਤਾਣਿਆਂ ਦੀਆਂ ਇਜ਼ਤਾਂ ਦੇ ਰਾਖੇ ਸਨ?
ਇਕ ਵੱਡਾ ਸਵਾਲ ਪਰਵਾਸੀ ਪੰਜਾਬੀਆਂ ਸਾਹਮਣੇ ਵੀ ਹੈ। ਪਾਰਕਾਂ ਵਿਚ ਬੈਠੀਆਂ ਬਾਬਿਆਂ ਦੀਆਂ ਢਾਣੀਆਂ ਤੇ ਗੁਰਦਵਾਰਿਆਂ ਦੀਆਂ ਸੰਗਤਾਂ ਤੋਂ ਲੈ ਕੇ ਮੀਡੀਏ ਤਕ ਸਭ ਨਿੱਘਰ ਰਹੇ ਪੰਜਾਬ ਨੂੰ ਤਾਂ ਕੋਸੀ ਜਾਂਦੇ ਹਨ ਪਰ ਉਨ੍ਹਾਂ ਦੇ ਗੁਆਂਢ-ਮੱਥੇ ਜੋ ਕੁਝ ਹੋ ਰਿਹੈ, ਦਰਗੁਜ਼ਰ ਕਰੀ ਜਾਂਦੇ ਹਨ। ਕੀ ਉਨ੍ਹਾਂ ਨੂੰ ਅਲਗਰਜ਼ ਮੁੰਡਿਆਂ ਕੁੜੀਆਂ ਦੀਆਂ ਉਹ ਟੋਲੀਆਂ ਨਹੀਂ ਦਿਸਦੀਆਂ ਜੋ ਪਾਰਕਾਂ, ਟ੍ਰੇਲਾਂ, ਸਕੂਲਾਂ ਲਾਗੇ ਤੇ ਪਲਾਜ਼ਿਆਂ ਵਿਚ ਡਰੱਗਾਂ ਦੇ ਸੂਟੇ ਲਾ ਰਹੀਆਂ ਹਨ। ਇਕ ਦੂਜੇ ਨੂੰ ਧੱਕੇ ਮਾਰ ਰਹੀਆਂ ਤੇ ਰੇਪ ਵਰਗੇ ਕਾਰੇ ਕਰ ਰਹੀਆਂ ਹਨ। ਮੋਟਰ ਸਾਈਕਲਾਂ ਦੀਆਂ ਚੀਕਾਂ ਕਢਾ ਰਹੀਆਂ ਤੇ ਗਾਲ੍ਹਾਂ ਵਰਗੇ ਹਾਰਨ ਵਜਾ ਰਹੀਆਂ ਹਨ। ਬਰੈਂਪਟਨ ਤੇ ਸੱਰੀ ਵਰਗੇ ਬਹੁਗਿਣਤੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿਚ ਨਾ ਨਸ਼ੇ ਪੰਜਾਬ ਤੋਂ ਘੱਟ ਹਨ ਨਾ ਜੁਰਮ। ਇਥੋਂ ਦੇ ਸਕੂਲਾਂ/ਕਾਲਜਾਂ ਦੀਆਂ ਕੁੜੀਆਂ ਤੇ ਮੁੰਡੇ ਸ਼ਰੇਆਮ ਅਸ਼ਲੀਲ ਹਰਕਤਾਂ ਕਰਦੇ ਫਿਰਦੇ ਹਨ। ਕਈਆਂ ਦੇ ਸਿਰਾਂ ਉਤੇ ਜੂੜੇ ਵੀ ਰੱਖੇ ਹੁੰਦੇ ਹਨ, ਪਟਕੇ ਸਜਾਏ ਹੁੰਦੇ ਹਨ ਪਰ ਮੂੰਹਾਂ ‘ਚੋ ਬੱਤੀਆਂ ਦਾ ਧੂੰਆਂ ਕੱਢ ਰਹੇ ਹੁੰਦੇ ਹਨ! ਕਈ ਏਨੇ ਬੇਸ਼ਰਮ ਹਨ ਕਿ ਸਾਰੀ ਟ੍ਰੇਲ ਮੱਲੀ ਖੜ੍ਹੇ ਹੁੰਦੇ ਹਨ। ਬਜ਼ੁਰਗ ਉਨ੍ਹਾਂ ਤੋਂ ਬਚ ਕੇ ਲੰਘਣ ਵਿਚ ਹੀ ਭਲਾ ਸਮਝਦੇ ਹਨ। ਪਰਵਾਸੀ ਵੀਰੋ, ਪੰਜਾਬ ਵਿਚ ਲੱਗੀ ਅੱਗ ਦੀਆਂ ਦੁਹਾਈਆਂ ਹੀ ਨਾ ਪਾਈ ਜਾਓ, ਨੇੜੇ ਲੱਗੀ ਅੱਗ ਵੀ ਬੁਝਾਓ।
-ਅੱਗ ਅੰਨ੍ਹੀ ਹੈ ਪਾਗ਼ਲ ਹੈ ਮੂੰਹਜ਼ੋਰ ਹੈ
ਇਹ ਨਾ ਸੋਚੀਂ ਕਿ ਸੜਦਾ ਕੋਈ ਹੋਰ ਹੈ
ਲਾਂਬੂ ਏਧਰ ਦੀ ਲੰਘੇ ਜਦੋਂ ਦਹਿਕਦੇ
ਖ਼ੌਰੇ ਕਿਨ੍ਹਾਂ ਬਰੂਹਾਂ ‘ਤੇ ਰੁਕ ਜਾਣਗੇ?