ਲਕੀਰ ਦੇ ਫਕੀਰ ਦਾ ਸਟੋਰ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਜੰਗਲ ਦਾ ਬਾਦਸ਼ਾਹ ਮੰਨਿਆ ਜਾਂਦਾ ਸ਼ੇਰ ਸਾਰਾ ਦਿਨ ਹੀ ਮਾਰ-ਧਾੜ ਨਹੀਂ ਕਰਦਾ ਰਹਿੰਦਾ। ਉਸ ਦੇ ਮਨ-ਚਿੱਤ ਵਿਚ ਵੀ ਕੁਦਰਤ ਨੇ ਕੋਈ ਵਿਧੀ-ਵਿਧਾਨ ਵਸਾਇਆ ਹੋਇਆ ਹੈ। ਸ਼ਿਕਾਰੀਆਂ ਬਾਰੇ ਲਿਖੀ ਹੋਈ ਇਕ ਕਿਤਾਬ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੇਰ ਅਕਸਰ ਦਿਨ ਦਾ ਸਮਾਂ ਆਪਣੀ ਗੁਫ਼ਾ ਵਿਚ ਸੌਂ ਕੇ ਬਤੀਤ ਕਰਦਾ ਹੈ। ਸ਼ਾਮ ਪੈਂਦਿਆਂ ਉਹ ਗੁਫ਼ਾ ‘ਚੋਂ ਬਾਹਰ ਆ ਕੇ ਸੁਸਤੀ ਦੇ ਮੈੜ ਭੰਨਦਿਆਂ ਭਬਕਾਰ ਮਾਰਦਾ ਹੈ। ਅਸਲ ਵਿਚ ਇਹ ਉਹਦੇ ਵੱਲੋਂ ਵਜਾਇਆ ‘ਖ਼ਤਰੇ ਦਾ ਸਾਇਰਨ’ ਹੀ ਹੁੰਦਾ ਹੈ। ਭਬਕਾਰਦਾ ਹੋਇਆ ਉਹ ਜੰਗਲੀ ਜਾਨਵਰਾਂ ਨੂੰ ‘ਵਾਰਨਿੰਗ’ ਹੀ ਦੇ ਰਿਹਾ ਹੁੰਦਾ ਹੈ ਕਿ ਫਿਰ ਨਾ ਕਿਹੋ ਦੱਸਿਆ ਨਹੀਂ, ਮੈਂ ਹੁਣ ਆਉਣ ਲੱਗਾ ਜੇ; ਹੋਸ਼ਿਆਰ ਖ਼ਬਰਦਾਰ!! ਇਸ ਤੋਂ ਬਾਅਦ ਫਿਰ ਵੀ ਜਿਹੜਾ ਕੋਈ ਜਨਵਰ ਦੁੜੰਗੇ ਮਾਰਦਾ ਫਿਰਦਾ ਹੋਵੇ, ਉਹ ਸਮਝੋ ਮੌਤ ਨੂੰ ਮਾਸੀ ਹੀ ਕਹਿ ਰਿਹਾ ਹੁੰਦਾ ਹੈ। ਉਸ ਨੂੰ ਢਿੱਡ ‘ਚ ਪਾਉਣ ਲਈ ਸ਼ੇਰ ਦਾ ਪੂਰਾ ਹੱਕ ਬਣ ਜਾਂਦਾ ਹੈ।
ਕਹਿੰਦੇ ਨੇ, ਪੂਰੇ ਜੰਗਲ-ਬੇਲੇ ਵਿਚ ਨਗਾਰੇ ਵਾਂਗ ਗੂੰਜਦੀ ਸ਼ੇਰ ਦੀ ਭੁੱਬ ਸੁਣ ਕੇ ਲਗਭਗ ਸਾਰੇ ਜਨੌਰ ਆਪੋ-ਆਪਣੇ ਘੁਰਨਿਆਂ ਵਿਚ ਜਾ ਵੜਦੇ ਹਨ। ਕਿਸਮਤ ਮਾਰੇ ਇਕਾ-ਦੁੱਕਾ ਹੀ ਬਾਹਰ ਰਹਿ ਜਾਂਦੇ ਹੋਣਗੇ। ਇਸ ਜੰਗਲੀ ਜ਼ਾਬਤੇ ਦੇ ਉਲਟ ‘ਮਨੁੱਖੀ ਜੰਗਲ’ ਭਾਵ ਸਾਡੇ ਸਮਾਜ ਦਾ ਅਜੀਬ ਵਰਤਾਰਾ ਹੈ। ਇਥੇ ਸ਼ਿਕਾਰ ਕਰਨ ਵਾਲੇ ਸ਼ਾਮਾਂ ਨੂੰ ਨਹੀਂ ਉਡੀਕਦੇ। ਜਦ ਦਾਅ ਲੱਗਿਆ, ਉਦੋਂ ਹੀ ਝਪਟ ਪੈਂਦੇ ਹਨ। ਸ਼ਿਕਾਰ ਬਣਨ ਵਾਲਿਆਂ ਦੇ ਕੰਨਾਂ ਵਿਚ ਭਾਵੇਂ ਕਿਸੇ ਆਦਮਖੋਰ ਦੀ ਆਮਦ ਦਾ ਨਗਾਰਾ ਵੱਜਦਾ ਪਿਆ ਹੋਵੇ, ਪਰ ਉਸ ਦੀ ਖੁਰਾਕ ਬਣਨ ਵਾਲੇ ਚਾਈਂ ਚਾਈਂ ਉਹਦੇ ਵੱਲ ਭੱਜੇ ਜਾਂਦੇ ਹਨ। ਉਨ੍ਹਾਂ ਨੂੰ ਚਮੜੀ ਲੁਹਾਉਣ ਦਾ ਚਾਅ ਚੜ੍ਹ ਜਾਂਦਾ ਹੈ। ਮਿਸਾਲ ਵਜੋਂ ਕਈ ਦ੍ਰਿਸ਼ਟਾਂਤ ਦਿਖਾਏ ਜਾ ਸਕਦੇ ਹਨ, ਪਰ ਇਥੇ ਇਕ ਪੱਖ ਹੀ ਵਿਚਾਰ ਲਈਏ।
ਧਰਮ ਕਰਮ ਦੀ ਛੱਤਰ ਛਾਇਆ ਹੇਠ ਵਿਚਰਦੇ ਸੰਤ ਬਾਬਿਆਂ ਵੱਲ ਹੀ ਦੇਖ ਲਉ, ਜਿਨ੍ਹਾਂ ਦੀ ਗਿਣਤੀ ਆਕਾਸ਼ ਵਿਚਲੇ ਤਾਰਿਆਂ ਵਾਂਗ ਅਣਗਿਣਤ ਹੋ ਚੁੱਕੀ ਹੈ। ਵੱਡੇ ਵੱਡੇ ਢੌਂਗੀ ਬਾਬਿਆਂ ਦੇ ਢੋਲ ਦੇ ਪੋਲ ਰੋਜ਼ ਖੁੱਲ੍ਹਦੇ ਰਹਿੰਦੇ ਹਨ, ਜੰਗਲ ਦੇ ਸ਼ੇਰ ਦੀ ਭਬਕਾਰ ਵਾਂਗ ਪੂਰੇ ਸਮਾਜ ਵਿਚ ਇਨ੍ਹਾਂ ਦੇ ਕਾਰਨਾਮਿਆਂ ਦੀ ਗੂੰਜ ਪੈਂਦੀ ਹੈ, ਸਭ ਕੁਝ ਸੁਣਦਿਆਂ ਪੜ੍ਹਦਿਆਂ ਲੋਕੀਂ ਇਨ੍ਹਾਂ ਮੋਹਰੇ ਦੁੜੰਗੇ ਮਾਰਦੇ ਹੁੱਬ ਹੁੱਬ ਜਾਂਦੇ ਹਨ। ਐਸੀ ਹਾਲਤ ਵਿਚ ਕਸੂਰਵਾਰ ਇਨ੍ਹਾਂ ਨੂੰ ਨਿਗਲਣ ਵਾਲੇ ਨਹੀਂ, ਸਗੋਂ ਖ਼ਤਰੇ ਦਾ ਸਾਇਰਨ ਵੱਜਣ ਦੇ ਬਾਵਜੂਦ ਭੁੱਖੇ ਬਘਿਆੜਾਂ ਮੋਹਰੇ ਵਿਛ ਵਿਛ ਪੈਣ ਵਾਲੇ ਖੁਦ ਗੁਨਾਹਗਾਰ ਮੰਨੇ ਜਾਣੇ ਚਾਹੀਦੇ ਹਨ। ਇਸ ਕਿਸਮ ਦੇ ਅੰਧ-ਵਿਸ਼ਵਾਸੀ ਅਤੇ ਬੁੱਧੀ ਦੇ ਵੈਰੀ ਲੋਕਾਂ ਦਾ ਨਮੂਨਾ ਦਿਖਾਉਣ ਲਈ ਇਕ ਵਾਕਿਆਤ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ।
ਦੋ ਕੁ ਦੁਹਾਕੇ ਪੁਰਾਣੀ ਗੱਲ ਹੈ। ਮੇਰੇ ਇਕ ਜਾਣਕਾਰ ਨੇ ਸੇਵਾ ਮੁਕਤੀ ਤੋਂ ਬਾਅਦ ਆਪਣੇ ਪਿੰਡ ਦੇ ਲਾਗਲੇ ਸ਼ਹਿਰ ਵਿਚ ਸਰੀਆ-ਸੀਮੈਂਟ ਸਟੋਰ ਖੋਲ੍ਹਣ ਦੀ ਤਿਆਰੀ ਕਰ ਲਈ। ਵਾਜਬ ਜਿਹੇ ਕਿਰਾਏ ‘ਤੇ ਬਾਜ਼ਾਰ ਵਿਚ ਦੁਕਾਨ ਵੀ ਥਾਂ ਸਿਰ ਹੀ ਮਿਲ ਗਈ। ਸਾਫ਼ ਸਫਾਈ ਕਰ ਕੇ ਉਸ ਨੇ ਸੀਮੈਂਟ ਦੇ ਥੋੜ੍ਹੇ ਜਿਹੇ ਬੋਰੇ ਵੀ ਸੁਟਵਾ ਲਏ। ਇਕ ਦਿਨ ਮੈਨੂੰ ਉਸ ਨੇ ਸੁਨੇਹਾ ਭੇਜਿਆ ਕਿ ਪਰਸੋਂ ਨੂੰ ਫਲਾਣੇ ਸੰਤਾਂ ਦੇ ਡੇਰੇ ਚੱਲਣਾ ਹੈ, ਸੰਤਾਂ ਨੂੰ ਪੁੱਛ ਕੇ ਸੀਮੈਂਟ ਸਟੋਰ ਦਾ ਨਾਂ ਰੱਖਣਾ ਹੈ। ਖਰੋੜ ਪਾਉਣ ਦੇ ਇਲਜ਼ਾਮ ਤੋਂ ਡਰਦਿਆਂ ਮੈਂ ਨਰਮ ਰੁਖ ‘ਚ ਕਿਹਾ ਕਿ ਸੰਤਾਂ ਦਾ ਸੀਮੈਂਟ ਨਾਲ ਕੀ ਸਬੰਧ ਹੋਇਆ? ਆਪਾਂ ਸਲਾਹ ਕਰ ਕੇ ਆਪੇ ਹੀ ਕੋਈ ਢੁਕਵਾਂ ਜਿਹਾ ਨਾਂ ਰੱਖ ਲੈਂਦੇ ਹਾਂ। “ਓ ਨਹੀਂ ਨਹੀਂ, ਮਹਾਂਪੁਰਸ਼ਾਂ ਦਾ ਅਸ਼ੀਰਵਾਦ ਲੈ ਆਵਾਂਗੇ ਨਾਲੇ।” ਕਹਿੰਦਿਆਂ ਉਸ ਨੇ ਮੈਨੂੰ ਨਾਲੇ ਜਾਣ ਲਈ ਤਿਆਰ ਕਰ ਲਿਆ।
ਪਰਸੋਂ ਆ ਗਈ। ਅਸੀਂ ਚਾਰ ਜਣੇ ਸੰਤਾਂ ਦੇ ਡੇਰੇ ਚਲੇ ਗਏ। ਅੱਗੇ ਸੰਤ ਜੀ ਡੇਰੇ ‘ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਕੁਝ ਹਦਾਇਤਾਂ ਦੇ ਰਹੇ ਸਨ। ਅਸੀਂ ਦੋ ਜਣੇ ਤਾਂ ਸੰਤਾਂ ਨੂੰ ‘ਸੁੱਕ-ਮ-ਸੁੱਕੀ’ ਫਤਿਹ ਬੁਲਾ ਕੇ ਲਾਗੇ ਵਿਛੀ ਦਰੀ ‘ਤੇ ਬਹਿ ਗਏ; ਦੂਜੇ ਦੋਹਾਂ ਨੇ ਸੰਤ ਜੀ ਦੇ ਪੈਰੀਂ ਹੱਥ ਲਾਇਆ। ਸਟੋਰ ਦਾ ਨਾਂ ਪੁੱਛਣ ਵਾਲੇ ਨੇ ਸੌ ਸੌ ਦੇ ਦੋ ਨੋਟ ਵੀ ਭੇਟ ਕੀਤੇ।
“ਕਿੱਦਾਂ ਆਏ ਓਂ ਭਾਈ ਗੁਰਮੁਖੋ?” ਸੰਤਾਂ ਨੇ ਇਹ ਸਵਾਲ ਤਾਂ ਭਾਵੇਂ ਸਾਨੂੰ ਚੌਹਾਂ ਨੂੰ ਕੀਤਾ ਸੀ ਪਰ ਉਨ੍ਹਾਂ ਆਪਣੀ ਨਜ਼ਰ ਪੈਰੀਂ ਪੈਣ ਵਾਲਿਆਂ ‘ਤੇ ਹੀ ਕੇਂਦ੍ਰਿਤ ਰੱਖੀ। ਸੰਤਾਂ ਅੱਗੇ ਆਪਣਾ ਪ੍ਰਯੋਜਨ ਰੱਖਦਿਆਂ ਮੇਰੇ ਦੋਸਤ ਨੇ ਮਹਾਂਪੁਰਸ਼ਾਂ ਦੇ ‘ਦਰਸ਼ਨਾਂ ਦੀ ਇੱਛਾ’ ਵੀ ਨਾਲੇ ਜੋੜ ਦਿੱਤੀ। ਆਪਣੇ ਸੇਵਕ ਦਾ ਸਵਾਲ ਸੁਣ ਕੇ ਸੰਤ ਥੋੜ੍ਹਾ ਜਿਹਾ ਮੁਸਕਰਾਇਆ! ‘ਜ਼ਰੂਰ ਸੋਚਦਾ ਹੋਣੈ ਕਿ ਇਹ ਕਿੱਡਾ ਕੁ ਭਾਰਾ ਕੰਮ ਸੀ ਜਿਹੜੇ ਚਾਰ ਜਣੇ ਪੁੱਛਣ ਆਏ ਐ।’
“ਗੁਰੂ ਨਾਨਕ ਪਾਤਸ਼ਾਹ ਦੇ ਨਾਮ ‘ਤੇ ਰੱਖ ਲੈਣਾ ਸੀ ਦੁਕਾਨ ਦਾ ਨਾਂ?” ਸੰਤ ਜੀ ਨੇ ਫਰਮਾਇਆ।
“ਮਾ’ਰਾਜ ਇਸ ਨਾਂ ਵਾਲਾ ਇਕ ਹਾਰਡਵੇਅਰ ਸਟੋਰ ਪਹਿਲੋਂ ਈ ਉਸ ਬਾਜ਼ਾਰ ਵਿਚ ਚੱਲ ਰਿਹਾ ਹੈ।” ਹੱਥ ਜੋੜੀ ਬੈਠੇ ਮੇਰੇ ਦੋਸਤ ਨੇ ਅਰਜ਼ ਗੁਜ਼ਾਰੀ।
“ਫਿਰ ਦਸਵੇਂ ਗੁਰੂ ਜੀ ਦੇ ਨਾਂ ‘ਤੇ ਰੱਖ ਲਉ?” ਸੰਤਾਂ ਨੇ ਦੂਜਾ ਸੁਝਾਅ ਦਿੱਤਾ।
“ਦਸਮੇਸ਼ ਜਨਰਲ ਸਟੋਰ ਤਾਂ ਬਿਲਕੁਲ ਸਾਡੇ ਨਾਲ ਹੀ ਖੁੱਲ੍ਹਿਆ ਹੋਇਐ।” ਇਹ ਜਵਾਬ ਸੁਣ ਕੇ ਸੰਤ ਜ਼ਰਾ ਝੁੰਜਲਾ ਗਿਆ।
“ਫਿਰ ਭਾਈ ਐਂ ਕਰੋæææ!” ਸੰਤ ਜੀ ਨੇ ਹਾਲੇ ਅਧੂਰਾ ਵਾਕ ਹੀ ਉਚਾਰਿਆ ਸੀ ਕਿ ਕਾਹਲੇ ਪੈਰੀਂ ਤੁਰਦਾ ਆਇਆ ਇੱਕ ਸਿੱਧੜ ਜਿਹਾ ਸੇਵਾਦਾਰ ਚਮ ਚਮ ਕਰਦੀ ਕੁਟੀਆ (ਸੰਤ ਦਾ ਰਿਹਾਇਸ਼ੀ ਕਮਰਾ) ਵੱਲ ਇਸ਼ਾਰਾ ਕਰ ਕੇ ਹੌਲੀ ਜਿਹੀ ਬੋਲਿਆ, “ਜੀ ਬਰਨਾਲੇ ਆਲੇ ਬੀਬੀ ਜੀ ਆਏ ਐæææਉਹ ਕਹਿੰਦੇæææ!”
ਚਲਾਕ ਸੰਤ ਨੇ ‘ਉਨ੍ਹਾਂ ਨੂੰ ਚਾਹ ਛਕਾਉæææਚਾਹ ਛਕਾਉ’ ਦਾ ਰੌਲਾ ਜਿਹਾ ਪਾ ਕੇ ਸੇਵਾਦਾਰ ਦਾ ਫਿਕਰਾ ਪੂਰਾ ਨਾ ਹੋਣ ਦਿੱਤਾ। ਮੁਮਕਿਨ ਹੈ ਜਿਸ ਦਾ ਅਗਲਾ ਹਿੱਸਾ ‘ਉਹ ਕਹਿੰਦੇ ਐ ਸੰਤਾਂ ਨੂੰ ਬੁਲਾ ਲਿਆ’ ਜਾਂæææ’ਸੰਤਾਂ ਨੂੰ ਦੱਸ ਕੇ ਆ’ ਹੀ ਹੋਵੇਗਾ।
ਸੇਵਦਾਰ ਉਥੋਂ ਹਾਲੇ ਤੁਰਨ ਹੀ ਲੱਗਾ ਸੀ ਕਿ ਹਫਲੇ ਹੋਏ ਸੰਤ ਨੇ ਉਸ ਦੀ ਡਿਊਟੀ ਸਾਡੇ ‘ਤੇ ਲਾ ਦਿੱਤੀ, ਅਖੇ ਇਨ੍ਹਾਂ ਸਿੰਘਾਂ ਨੂੰ ਕੁਝ ਛਕਾ! ਆਪ ਉਹ ਦਗੜ ਦਗੜ ਕਰਦਾ ਕੁਟੀਆ ਵੱਲ ਇਉਂ ਤੁਰ ਪਿਆ ਜਿਵੇਂ ਠਾਣੇਦਾਰ ਦੇ ਦਫ਼ਤਰ ਵਿਚ ਕੋਈ ਵੱਡਾ ਅਫ਼ਸਰ ਅਚਾਨਕ ਆ ਗਿਆ ਹੋਵੇ। ਸੰਤ ਜੀ ਨੇ ਸੇਵਾਦਾਰ ਦੀ ਡਿਊਟੀ ਇਸ ਲਈ ‘ਬਦਲ ਦਿੱਤੀ’ ਹੋਵੇਗੀ ਕਿ ਤੂੰ ਇਨ੍ਹਾਂ ਸਿਧਰਿਆਂ ਨੂੰ ਚਾਹ ਛਕਾ, ਬਰਨਾਲੇ ਵਾਲੀ ਬੀਬੀ ਦੀ ‘ਚਾਹ ਦਾ ਇੰਤਜ਼ਾਮ’ ਮੈਂ ਖੁਦ ਕਰਦਾ ਹਾਂ!
ਤੁਰੇ ਜਾਂਦੇ ਨੂੰ ਹੀ ਸਟੋਰ ਦੇ ਨਾਮਕਰਨ ਵਾਲੀ ‘ਪਾਣੀ ‘ਚ ਮਧਾਣੀ’ ਦਾ ਚੇਤਾ ਆ ਗਿਆ। ਤੁਰਿਆ ਜਾਂਦਾ ਹੀ ਉਹ ਹੁਕਮ ਕਰ ਗਿਆ, “ਓ ਭਾਈ ਸੱਜਣਾ, ਆਪਣੇ ਕਿਸੇ ਹਸਮੁਖ ਜਿਹੇ ਨਿਆਣੇ ਦੇ ਨਾਂ ‘ਤੇ ਦੁਕਾਨ ਦਾ ਨਾਮ ਰੱਖ ਲਵੀਂ।”
ਹਮ੍ਹਾਤੜਾਂ ਦਾ ‘ਫਾਹਾ ਵੱਢ ਕੇ’ ਸੰਤ ਬਾਬਾ ਜੀ ਆਪਣੇ ‘ਵੀæਵੀæਆਈæਪੀæ ਕਸਟਮਰ’ ਕੋਲ ਚਲੇ ਗਏ।
ਖ਼ੈਰ! ਅਸੀਂ ਚਾਹ ਦੀਆਂ ਬਾਟੀਆਂ ਪੀ ਕੇ ਵਾਪਸ ਮੁੜ ਪਏ। ਰਾਹ ਵਿਚ ਆਉਂਦਿਆਂ ਪਹਿਲਾਂ ਤਾਂ ਅਸੀਂ ਕੁਟੀਆ ‘ਚ ਆਈ ਬਰਨਾਲੇ ਵਾਲੀ ਬੀਬੀ ਅਤੇ ਉਸ ਦੀ ਆਮਦ ‘ਤੇ ਸੰਤ ਬਾਬਾ ਜੀ ਦੀਆਂ ਅੱਖਾਂ ‘ਚ ਆਈ ਚਮਕ ਬਾਰੇ ਹਾਸ-ਵਿਲਾਸ ਕਰਦੇ ਰਹੇ ਪਰ ਸਾਡਾ ‘ਸਾਧ ਸ਼ਰਧਾਲੂ’ ਮਿੱਤਰ ਇਸ ਗੱਲ ਨੂੰ ਆਮ ਸਹਿਜ ਵਰਤਾਰੇ ਵਜੋਂ ਹੀ ਲੈ ਰਿਹਾ ਸੀ। ਉਹਦੇ ਭਾਅ ਦੀ ਇਹ ਕੋਈ ਖਾਸ ਗੱਲ ਨਹੀਂ ਸੀ।
ਫਿਰ ਮੈਂ ਉਸ ਦੇ ਤਿੰਨ ਨਿਆਣਿਆਂ ਬਾਬਤ ਸੋਚਣ ਲੱਗ ਪਿਆ ਕਿ ਇਹ ਹੁਣ ਆਪਣੇ ਕਿਹੜੇ ਬੱਚੇ ਦੇ ਨਾਂ ‘ਤੇ ਸਟੋਰ ਦਾ ਨਾਮ ਰੱਖੇਗਾ? ‘ਸੰਤਾਂ ਦੇ ਫਰਮਾਨ ਮੁਤਾਬਕ ਤਾਂ ਹਸਮੁਖ ਸੁਭਾਅ ਵਾਲੀ ਇਸ ਦੀ ਵੱਡੀ ਬੇਟੀ ਗੁਰਜੀਤ ਕੌਰ ਹੈ। ਦੂਜੇ ਦੋ ਮੁੰਡਿਆਂ ਵਿਚੋਂ ਇਕ ਬਿੱਕਰ ਸਿੰਹੁ ਦੇ ਮੱਥੇ ਉਪਰ ਸਦਾ ਤਿਊੜੀਆਂ ਪਈਆਂ ਰਹਿੰਦੀਆਂ ਨੇ। ਉਸ ਦੇ ‘ਹਸਮੁਖ’ ਹੋਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਤੀਜਾ ਬੇਟਾ ਹਾਲੇ ਅੰਞਾਣਾ ਹੋਣ ਕਰ ਕੇ ਮੈਨੂੰ ਉਹਦੇ ਸੁਭਾਅ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਬੇਟੀ ਦੇ ਨਾਂ ‘ਤੇ ਗੁਰਜੀਤ ਸੀਮੈਂਟ ਸਟੋਰ ਹੀ ਠੀਕ ਰਹੇਗਾ।
ਉਸੇ ਪਲ ਮੈਨੂੰ ਵਿਚਾਰ ਆਈ ਕਿ ਸਾਡੇ ਸੱਭਿਆਚਾਰ ਵਿਚ ਧੀਆਂ ਨੂੰ ਤਾਂ ‘ਬੇਗਾਨਾ ਧਨ’ ਹੀ ਆਖਿਆ ਜਾਂਦਾ ਹੈ। ਹੋ ਸਕਦਾ ਹੈ, ਇਹ ਕੁੜੀ ਦੇ ਨਾਮ ਨੂੰ ਨਾ ਮੰਨੇ। ਇਸ ਹਾਲਤ ਵਿਚ ਮੈਂ ਉਸ ਦੇ ਛੋਟੇ ਬੇਟੇ ਸੂਰਤ ਸਿੰਘ ਬਾਰੇ ਚਿਤਵਿਆ ਕਿ ਉਸ ਦੀ ਸੂਰਤ ਵੀ ਸੋਹਣੀ  ਹੈ, ਜੇ ਉਸ ਦੇ ਨਾ ‘ਤੇ ਸੂਰਤ ਸੀਮੈਂਟ ਸਟੋਰ ਬਣ ਜਾਏ ਤਾਂ ਇਹ ਥੋੜ੍ਹਾ ਕਾਵਿਕ ਜਿਹਾ ਹੋਣ ਕਰ ਕੇ ਜਚੇਗਾ ਵੀ। ਮਨ ਹੀ ਮਨ ਚਿਤਵੀ ਹੋਈ ਇਹ ਬਣਤ ਮੈਂ ਦੋਸਤ ਅੱਗੇ ਰੱਖਦਿਆਂ ਆਖਿਆ ਕਿ ਸੂਰਤ ਦਾ ਨਾਮ ਵਧੀਆ ਰਹੇਗਾ, ਤਿੰਨ ‘ਸੱਸੇ’ ਅੱਖਰ ਇਕੱਠੇ ਹੋ ਗਏ।
“ਊਂæææਆਂæææਹੂੰ” ਜਿਹੀ ਕਰਦਿਆਂ ਉਸ ਨੇ ਲਮਕਵਾਂ ਜਵਾਬ ਦਿੱਤਾ, “ਨæææਹੀਂæææਈਂæææਈਂ, ਜੋ ਸੰਤਾਂ ਨੇ ਬਖ਼ਸ਼ਿਸ਼ ਕਰ ਦਿੱਤਾ, ਉਹਦੇ ‘ਚ ਕਾਹਨੂੰ ਅਦਲਾ-ਬਦਲੀ ਕਰਨੀ ਐਂ।”
ਇਹ ਗੱਲ ਸੁਣ ਕੇ ਅਸੀਂ ਤਿੰਨੇ ਜਣੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਦੇਖਣ ਲੱਗੇ ਕਿ ਸੰਤਾਂ ਨੇ ਤਾਂ ਕੋਈ ਇਕ ਨਾਂ ਸੁਝਾਇਆ ਹੀ ਨਹੀਂ ਸੀ; ਉਨ੍ਹਾਂ ਤਾਂ ਕਿਸੇ ਹਸਮੁਖ ਜਿਹੇ ਬੱਚੇ ਦੇ ਨਾਮ ਬਾਰੇ ਕਿਹਾ ਸੀ।
ਲਓ ਜੀ ਕਰ ਲਓ ਗੱਲ! ਉਸ ਅੰਨ੍ਹੇ ਸ਼ਰਧਾਲੂ ਲਾਈਲੱਗ ਨੇ ਸੰਤਾਂ ਦੇ ਆਖੇ ‘ਤੇ ਆਪਣੇ ਕਿਸੇ ਬੱਚੇ ਦੇ ਨਾਂ ‘ਤੇ ਸਟੋਰ ਦਾ ਨਾਮ ਰੱਖਣ ਦੀ ਬਜਾਏ ਸੰਤ ਜੀ ਦੇ ‘ਪਵਿੱਤਰ ਮੁਖਾਰਬਿੰਦ’ ਤੋਂ ਉਚਰੇ ਹੋਏ ਸ਼ਬਦ ‘ਹਸਮੁਖ’ ਨੂੰ ਹੀ ਲੜ ਬੰਨ੍ਹ ਲਿਆ!! ਥੋੜ੍ਹੇ ਦਿਨਾਂ ਬਾਅਦ ਸਟੋਰ ‘ਤੇ ਲਟਕਦੇ ਬੋਰਡ ‘ਤੇ ਲਿਖਿਆ ਗਿਆ ‘ਹਸਮੁਖ ਸੀਮੈਂਟ ਸਟੋਰ’।
ਮੈਂ ਜਦ ਵੀ ਉਸ ਸਟੋਰ ਮੋਹਰਿਉਂ ਲੰਘਦਾ ਹੁੰਦਾ ਸਾਂ ਤਾਂ ਮੇਰਾ ਦਿਲ ਕਰਦਾ ਹੁੰਦਾ ਸੀ ਕਿ ਬੋਰਡ ਉਤੇ ਮੋਟਾ ਕਰ ਕੇ ਲਿਖ ਦਿਆਂ ‘ਲਕੀਰ ਦੇ ਫਕੀਰ ਦਾ ਸਟੋਰ।’

Be the first to comment

Leave a Reply

Your email address will not be published.