ਉਹ ਘੜੀ ਬੜੀ ਸੁਲੱਖਣੀ ਹੋਵੇਗੀ ਜਦੋਂ ਦਿੱਲੀ ਵਿਚ ਜੰਮੇ-ਪਲੇ ਗੁਰਵਿੰਦਰ ਸਿੰਘ ਨੇ ਸਾਹਿਤ ਅਤੇ ਸਿਨੇਮਾ ਦੀ ਭਰਪੂਰ ਪਰਿਕਰਮਾ ਤੋਂ ਬਾਅਦ, ਆਪਣੀਆਂ ਜੜ੍ਹਾਂ ਵੱਲ ਝਾਤੀ ਮਾਰੀ ਹੋਵੇਗੀ। ਜ਼ਿਹਨ ਵਿਚ ਮੌਲ ਰਹੀਆਂ ਇਨ੍ਹਾਂ ਜੜ੍ਹਾਂ ਦੀਆਂ ਤੰਦਾਂ ਪੰਜਾਬ ਨਾਲ ਜੁੜੀਆਂ ਹੋਈਆਂ ਸਨ ਅਤੇ ਇਹੀ ਪੰਜਾਬ ਹੁਣ ‘ਚੌਥੀ ਕੂਟ’ ਦੇ ਰੂਪ ਵਿਚ ਫਰਾਂਸ ਦੇ ਕਾਨ ਆਲਮੀ ਫਿਲਮ ਮੇਲੇ ਦਾ ਬੂਹਾ ਖੜਕਾ ਰਿਹਾ ਹੈ।
ਗੁਰਵਿੰਦਰ ਦੀ ਪੰਜਾਬੀ ਫੀਚਰ ਫਿਲਮ ‘ਚੌਥੀ ਕੂਟ’ ਇਸ ਵਾਰ 86ਵੇਂ ਕਾਨ ਫਿਲਮ ਮੇਲੇ (13 ਤੋਂ 24 ਮਈ) ਵਿਚ ਦਿਖਾਈ ਜਾ ਰਹੀ ਹੈ। ਇਹ ਮਾਣ ਕਿਸੇ ਪੰਜਾਬੀ ਫਿਲਮ ਨੂੰ ਪਹਿਲੀ ਵਾਰ ਮਿਲਿਆ ਹੈ।
ਗੁਰਵਿੰਦਰ ਦੇ ਦਿੱਲੀ ਤੋਂ ਕਾਨ ਤੱਕ ਦੇ ਇਸ ਸਫਰ ਦੇ ਕਈ ਪੜਾਅ ਹਨ, ਪਰ ਇਨ੍ਹਾਂ ਪੜਾਵਾਂ ਵਿਚ ਨਿਰੰਤਰਤਾ ਹੈ। ਇਸ ਨਿਰੰਤਰਤਾ ਵਿਚ ਉਸੇ ਤਰ੍ਹਾਂ ਦਾ ਸਹਿਜ ਝਲਕਾਰੇ ਮਾਰਦਾ ਹੈ ਜਿਹੜਾ ਉਸ ਦੀਆਂ ਆਪਣੀਆਂ ਅਤੇ ਉਸ ਦੇ ਪਸੰਦੀਦਾ ਫਿਲਮਸਾਜ਼ ਮਣੀ ਕੌਲ ਦੀਆਂ ਫਿਲਮਾਂ ਵਿਚ ਅਛੋਪਲੇ ਜਿਹੇ ਆ ਕੇ ਬੈਠਦਾ ਰਿਹਾ ਹੈ। ਤਕਰੀਬਨ ਦੋ ਦਹਾਕੇ ਪਹਿਲਾਂ ਪੁਣੇ ਐਫ਼ਟੀæਆਈæਆਈæ (ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ) ਵਿਚ ਫਿਲਮਾਂ ਬਾਰੇ ਮਿੱਟੀ ਫਰੋਲਣ ਗਏ 22-23 ਵਰ੍ਹਿਆਂ ਦੇ ਇਸ ਨੌਜਵਾਨ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਪਹਿਲੇ ਹੱਲੇ ਸਾਧਾਰਨ ਜਾਪਣ ਵਾਲੀਆਂ ਮਣੀ ਕੌਲ ਦੀਆਂ ਫਿਲਮਾਂ ਨੇ ਉਸ ਦੇ ਜ਼ਿਹਨ ਅੰਦਰ ਡੇਰੇ ਲਾ ਲੈਣੇ ਹਨ ਅਤੇ ਉਸ ਦੇ ਜ਼ਿਹਨ ਦੀ ਘੁੰਡੀ ਇਸੇ ਸਹਿਜ ਤੇ ਸੰਜਮ ਨੇ ਖੋਲ੍ਹਣੀ ਹੈ। ਪੁਣੇ ਵਿਚ ਗੁਰਵਿੰਦਰ ਸਿੰਘ ਨੇ ਜਦੋਂ ਪਹਿਲੀ ਵਾਰ ਮਣੀ ਕੌਲ ਦੀ ਫਿਲਮ ‘ਉਸਕੀ ਰੋਟੀ’ (1969) ਦੇਖੀ ਤਾਂ ਕਿਤੇ ਕੋਈ ਹਿਲਜੁਲ ਨਹੀਂ ਹੋਈ, ਸਗੋਂ ਫਿਲਮ ਦੀ ਧੀਮੀ ਚਾਲ ਨੇ ਉਹਦੇ ਸਬਰ ਨੂੰ ਖ਼ੂਬ ਹੁੱਝਾਂ ਮਾਰੀਆਂ। ਸਾਲ ਬਾਅਦ ਇਹੀ ਫਿਲਮ ਦੁਬਾਰਾ ਦੇਖਣ ਦਾ ਸਬੱਬ ਬਣਿਆ ਤਾਂ ਸਬਰ ਦੂਣ-ਸਵਾਇਆ ਹੋ ਕੇ ਟੱਕਰਿਆ ਅਤੇ ਉਹਦੇ ਧੁਰ ਅੰਦਰ ਕਿਤੇ ਸਾਹਿਤ ਤੇ ਸਿਨੇਮਾ ਦੀਆਂ ਗਲੀਆਂ ਮੋਕਲੀਆਂ ਹੋ ਕੇ ਦਰਿਆ ਵਾਂਗ ਵਗਦੀਆਂ ਮਹਿਸੂਸ ਹੋਈਆਂ। ਉਹਦੀ ਪਲੇਠੀ ਫੀਚਰ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ਜੋ ਨਾਵਲਕਾਰ ਗੁਰਦਿਆਲ ਸਿੰਘ ਦੇ ਇਸੇ ਨਾਂ ਵਾਲੇ ਨਾਵਲ ‘ਤੇ ਆਧਾਰਿਤ ਹੈ, ਦੇਖ ਕੇ ਗੁਰਦਿਆਲ ਸਿੰਘ ਨੇ ਕਿਹਾ ਸੀ ਕਿ ਇਹ ਫਿਲਮ ਦੇਖ ਕੇ ਉਹਨੂੰ ਸਾਹਿਤ ਤੇ ਸਿਨਮੇ ਦਾ ਫਰਕ ਸਮਝ ਆਇਆ ਹੈ। ਉਦੋਂ ਗੁਰਵਿੰਦਰ ਨੂੰ ਲੱਗਾ ਸੀ ਜਿਵੇਂ ਉਹਦਾ ਮੋਢਾ ਰੰਗ-ਬਰੰਗੇ ਫੂੰਦਿਆਂ ਨਾਲ ਸਜ ਗਿਆ ਹੋਵੇ। ਗੁਰਦਿਆਲ ਸਿੰਘ ਦੇ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ਵਿਚ ਜਾਤ ਅਤੇ ਜਮਾਤ ਬੜੀ ਪ੍ਰਚੰਡ ਰੂਪ ਵਿਚ ਉਜਾਗਰ ਹੋਏ ਹਨ ਪਰ ਫਿਲਮ ਦੀ ਚੂਲ ਉਜਾੜੇ ਨਾਲ ਜਾ ਜੁੜਦੀ ਹੈ। ਇਸ ਨਾਵਲ ਅਤੇ ਫਿਲਮ ਕੋਲੋਂ ਖਹਿ ਕੇ ਲੰਘਣ ਪਿੱਛੋਂ ਇਕ ਅਹਿਸਾਸ ਇਹ ਵੀ ਜਾਗਦਾ ਹੈ ਕਿ ‘ਅੰਨ੍ਹੇ ਘੋੜੇ ਦਾ ਦਾਨ’ ਗੁਰਵਿੰਦਰ ਨੇ ਦਿੱਲੀ ਬੈਠ ਕੇ ਚਿਤਵਿਆ ਹੈ। ਦਿੱਲੀ ਬੈਠ ਕੇ ਪੰਜਾਬ ਕਦੇ ਉਹ ਪੰਜਾਬ ਨਹੀਂ ਦਿਸਦਾ ਜੋ ਪੰਜਾਬ ਵਿਚ ਬੈਠਿਆਂ ਨੂੰ ਦਿਸਦਾ ਹੈ। ਸ਼ੁਕਰ ਹੈ ਕਿ ਗੁਰਵਿੰਦਰ ਨੇ ਜੋ ਵੀ ਚਿਤਵਿਆ, ਉਸ ਵਿਚ ਇੰਨੀ ਜਾਨ ਸੀ ਕਿ ਗੱਲ ਪੂਰੀ ਮੜ੍ਹਕ ਨਾਲ ਅੱਗੇ ਤੁਰੀ।
‘ਚੌਥੀ ਕੂਟ’ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੋ ਕਹਾਣੀਆਂ- ‘ਚੌਥੀ ਕੂਟ’ ਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਸੁਮੇਲ ਤੋਂ ਬਣੀ ਹੈ। 1980ਵਿਆਂ ਵਿਚ ਲਹੂ-ਲੁਹਾਣ ਹੋਏ ਪੰਜਾਬ ਬਾਬਤ ਲਿਖੀ ਕਹਾਣੀ ‘ਚੌਥੀ ਕੂਟ’ ਵਿਚ ਦਰਜ ਹੋਈ ਬੇਭਰੋਸਗੀ ਅਤੇ ‘ਮੈਂ ਹੁਣ ਠੀਕ ਠਾਕ ਹਾਂ’ ਦੀ ਬੇਵਸੀ ਨੂੰ ਉਸ ਨੇ ਕੈਮਰੇ ਰਾਹੀਂ ਲੋਕਾਂ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਾਲੇ ਦਿਨਾਂ ਦੌਰਾਨ ਪੰਜਾਬੀ ਜਿਊੜੇ ਨਾਲ ਜੋ ਹੋਈ-ਬੀਤੀ ਅਤੇ ਉਸ ਵਕਤ ਨੇ ਜਿਹੜੀਆਂ ਲਾਸਾਂ ਬੰਦੇ ਦੇ ਜ਼ਿਹਨ ਉਤੇ ਪਾਈਆਂ, ਉਨ੍ਹਾਂ ਦੀਆਂ ਚੀਸਾਂ ਇਸ ਫਿਲਮ ਰਾਹੀਂ ਸੁਣਦੀਆਂ ਹਨ। ਗੁਰਵਿੰਦਰ ਦਸਾਂ ਵਰ੍ਹਿਆਂ ਦਾ ਸੀ ਜਦੋਂ ਹਰਿਮੰਦਰ ਸਾਹਿਬ ਵਾਲਾ ਸਾਕਾ ਹੋਇਆ। ਉਸ ਤੋਂ ਬਾਅਦ ਤਲਵਾਰ ਨਾਲ ਪੰਜਾਬੀ ਜਿਊੜੇ ਦੇ ਜਿਸਮੋ-ਜਾਨ ਉਤੇ ਜਿਹੜਾ ਇਤਿਹਾਸ ਲਿਖਿਆ ਗਿਆ, ਉਸ ਦੀ ਕਹਾਣੀ ਛਿੱਲਤਰਾਂ ਨਾਲ ਭਰੀ ਪਈ ਹੈ। ਦੂਰ-ਨੇੜੇ ਵੱਸਦੇ ਹਰ ਸੰਜੀਦਾ ਜੀਅ ਨੇ ਤਲਵਾਰ ਦੀ ਤਿੱਖੀ ਧਾਰ ਨੂੰ ਆਪੋ-ਆਪਣੇ ਪਿੰਡੇ ‘ਤੇ ਮਹਿਸੂਸ ਕੀਤਾ। ਗੁਰਵਿੰਦਰ ਵੀ ਇਨ੍ਹਾਂ ਵਿਚੋਂ ਇਕ ਸੀ, ਇਸੇ ਕਰ ਕੇ ‘ਚੌਥੀ ਕੂਟ’ ਦੀ ਸਿਰਜਣਾ ਹੋ ਸਕੀ ਹੈ। ਗੁਰਵਿੰਦਰ ਸਿੰਘ ਨੇ ਇਸ ਤੋਂ ਪਹਿਲਾਂ ‘ਪਾਲਾ’ ਅਤੇ ‘ਲੈੱਗਜ਼ ਅਬੱਵ ਮਾਈ ਫੀਟ’ ਵਰਗੀਆਂ ਨਿੱਕੀਆਂ ਫਿਲਮਾਂ ਬਣਾਈਆਂ ਹਨ। ਇਹ ਫਿਲਮਾਂ ਦੇਖ ਕੇ ਲੱਗਦਾ ਸੀ ਕਿ ਕਹਾਣੀ ਤਾਂ ਕਿਤੇ ਅਗਾਂਹ ਦੀ ਸੁਣਾਈ ਜਾ ਰਹੀ ਹੈ। ਹੁਣ ਉਹਨੇ ਆਪਣੇ ਨਵੇਂ ਪ੍ਰਾਜੈਕਟ ਦੀਆਂ ਤੰਦਾਂ ਪਾਉਣੀਆਂ ਵੀ ਅਰੰਭ ਲਈਆਂ ਹਨ। ਉਹਦੀ ਇਹ ਨਵੀਂ ਉਡਾਰੀ ਵੀ ਕਾਨ ਨਾਲੋਂ ਕੋਈ ਘੱਟ ਨਹੀਂ ਹੋਵੇਗੀ, ਇਹ ਯਕੀਨ ਉਹਦੀ ਪਹਿਲੀਆਂ ਕਿਰਤਾਂ ਹੀ ਦਿਵਾਉਂਦੀਆਂ ਹਨ। ਕੱਲ੍ਹ ਤੱਕ ਲੋਕ ਕਾਨ ਫਿਲਮ ਮੇਲੇ ਨੂੰ ਸਿਰੇ ਦੇ ਗਲੈਮਰ ਨਾਲ ਜੋੜ ਕੇ ਦੇਖਦੇ ਸਨ, ਹੁਣ ਪੰਜਾਬ ਅਤੇ ‘ਚੌਥੀ ਕੂਟ’ ਨਾਲ ਜੋੜ ਕੇ ਦੇਖਣਗੇ। ਕਾਨ ਤੋਂ ਪੰਜਾਬ ਤੱਕ ਦਾ ਇਹ ਸਫ਼ਰ ਗੁਰਵਿੰਦਰ ਕਰ ਕੇ ਸੰਭਵ ਹੋਇਆ ਹੈ।
-ਜਸਵੀਰ ਸਮਰ
(ਪੰਜਾਬੀ ਟ੍ਰਿਬਿਊਨ ‘ਚੋਂ ਧੰਨਵਾਦ ਸਹਿਤ)