ਫਿਲਮਾਂ ਬਾਰੇ ਇਹ ਲੇਖ ਲੜੀ ਇਸ ਅੰਕ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਕੁਲਦੀਪ ਕੌਰ ਨੇ ਫਿਲਮਾਂ ਅਤੇ ਵੱਖ-ਵੱਖ ਦੌਰਾਂ ਦੇ ਸਮਾਜਕ-ਆਰਥਿਕ ਤੇ ਹੋਰ ਮਸਲਿਆਂ ਨੂੰ ਆਪਣੇ ਇਨ੍ਹਾਂ ਲੇਖਾਂ ਵਿਚ ਪਰੋਇਆ ਹੈ। ਅੱਜ ਕੱਲ੍ਹ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚæਡੀ ਕਰ ਰਹੇ ਹਨ।
-ਸੰਪਾਦਕ
ਕੁਲਦੀਪ ਕੌਰ
ਫੋਨ: 91-98554-04330
ਅਰੰਭ ਤੋਂ ਹੀ ਭਾਰਤੀ ਸਿਨੇਮਾ ਦਾ ਬਿਰਤਾਂਤ ਹਾਲੀਵੁੱਡ ਅਤੇ ਬ੍ਰਿਟਿਸ਼ ਸਿਨੇਮਾ ਤੋਂ ਪ੍ਰਭਾਵਿਤ ਰਿਹਾ ਹੈ। ਇਸ ਦੇ ਬਾਵਜੂਦ ਵਿਸ਼ਾ-ਵਸਤੂ ਪੱਖੋਂ ਇਤਿਹਾਸ-ਮਿਥਿਹਾਸ, ਸਮਾਜਕ ਹਾਲਾਤ ਅਤੇ ਰਾਸ਼ਟਰਵਾਦ ਭਾਰਤੀ ਫਿਲਮਸਾਜ਼ਾਂ ਉਤੇ ਵੱਡੇ ਪੱਧਰ ‘ਤੇ ਅਸਰ-ਅੰਦਾਜ਼ ਹੋਏ। 1913 ਵਿਚ ਬਣੀ ਫਿਲਮ ‘ਰਾਜਾ ਹਰੀਸ਼ਚੰਦਰ’ ਜਿੱਥੇ ਮਾਨਵੀ ਮੁੱਲਾਂ ਅਤੇ ਭਾਰਤੀ ਦਰਸ਼ਨ-ਸ਼ਾਸਤਰ ਦੀ ਕਥਾ ਸੁਣਾਉਣ ਦਾ ਹੀਲਾ ਬਣੀ, ਉਥੇ 1925 ਵਿਚ ਬਾਬੂ ਰਾਉ ਪੇਂਟਰ ਦੀ ਫਿਲਮ ‘ਸਾਵਕਾਰੀ ਪਾਸ਼’ ਨੇ ਸਿਨੇਮਾ ਤੇ ਸਮਾਜ ਦੇ ਆਪਸੀ ਸਬੰਧਾਂ ਨੂੰ ਨਵੇਂ ਸਿਰਿਉਂ ਪਰਿਭਾਸ਼ਿਤ ਕੀਤਾ। ਇਸ ਫਿਲਮ ਵਿਚ ਬ੍ਰਿਟਿਸ਼ ਸਾਮਰਾਜਵਾਦ ਦੀਆਂ ਨੀਤੀਆਂ ਦੇ ਪਿਛੋਕੜ ਵਿਚ ਜੀ ਰਹੇ ਮਿਹਨਤੀ ਕਿਸਾਨਾਂ ਦੀ ਤ੍ਰਾਸਦੀ ਬਿਆਨ ਕੀਤੀ ਗਈ ਸੀ। ਇਸ ਫਿਲਮ ਨੇ ਪਹਿਲੀ ਵਾਰ ਕੈਮਰੇ ਦਾ ਵਿਸ਼ਾ ਉਸ ਵਰਗ ਨੂੰ ਬਣਾਇਆ ਜੋ ਟੈਕਸਾਂ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੀ ਦੂਹਰੀ-ਤੀਹਰੀ ਮਾਰ ਝੱਲ ਰਿਹਾ ਸੀ। ਇਸੇ ਸਮੇਂ ਦੌਰਾਨ ਬੰਗਲਾ ਨਾਵਲਕਾਰ ਸ਼ਰਤਚੰਦਰ ਚੈਟਰਜੀ ਦੇ ਨਾਵਲ ‘ਦੇਵਦਾਸ’ ਉਤੇ ਇਸੇ ਨਾਮ ਹੇਠ ਬਣੀ ਫਿਲਮ ਨੇ ਸਾਹਿਤਕ ਕਿਰਤਾਂ ‘ਤੇ ਆਧਾਰਿਤ ਫਿਲਮਾਂ ਬਣਾਉਣ ਲਈ ਰਾਹ ਖੋਲ੍ਹਿਆ। ਇਸ ਦੌਰ ਵਿਚ ਭਾਵੇਂ ਬੇਹੱਦ ਸਤਹੀ ਜਿਹੀਆਂ ਫਿਲਮਾਂ ਜਿਵੇਂ ‘ਸਿਨੇਮਾ ਕੁਈਨ’, ‘ਬੰਬਈ ਕੀ ਮੋਹਣੀ’, ‘ਬੁਲਬਲੇ ਪਰੀਸਤਾਨ’ ਵੀ ਬਣ ਰਹੀਆਂ ਸਨ, ਇਸ ਦੇ ਬਾਵਜੂਦ ਇਸ ਸਮਰੱਥ ਕਲਾ ਨੂੰ ਸਮਾਜਕ ਸਰੋਕਾਰਾਂ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਜੋੜਨ ਦਾ ਤਰੱਦਦ ਵੀ ਹੋ ਰਿਹਾ ਸੀ।
1932 ਵਿਚ ਵੀæ ਸ਼ਾਂਤਾਰਾਮ ਨੇ ‘ਪ੍ਰਭਾਤ ਸਟੂਡੀਉ’ ਦੇ ਬੈਨਰ ਥੱਲੇ ‘ਅਯੁੱਧਿਆ ਕਾ ਰਾਜਾ’ ਫਿਲਮ ਬਣਾਈ। ਇਹ ਸਮਾਂ ਕੌਮੀ ਪੁਨਰ-ਜਾਗਰਨ ਅਤੇ ਬ੍ਰਿਟਿਸ਼ ਸਰਕਾਰ ਖਿਲਾਫ ਤਿੱਖੇ ਰੰਜ਼ ਦਾ ਦੌਰ ਸੀ। ਕੌਮੀ ਪੁਨਰ-ਜਾਗਰਨ ਦਾ ਸਭ ਤੋਂ ਮਹੱਤਵਪੂਰਨ ਭਾਗ ਸੀ ਸਭਿਆਚਾਰ ਤੇ ਕਲਾ ਦੇ ਪੱਧਰ ‘ਤੇ ਰਵਾਇਤੀ ਆਦਰਸ਼ਾਂ ਤੇ ਮੁੱਲਾਂ ਨੂੰ ਤਤਕਾਲੀ ਹਾਲਾਤ ਅਨੁਸਾਰ ਨਵੇਂ ਸਿਰਿਉਂ ਘੜਨਾ। ਇਸੇ ਕਾਰਨ ਇਸ ਦੌਰ ਦੀਆਂ ਫਿਲਮਾਂ (ਭਗਤ ਪਹਿਲਾਦ, ਸੰਤ ਤੁਕਾਰਾਮ, ਰਾਜਰਾਣੀ ਮੀਰਾ, ਸੰਤ ਤੁਲਸੀਦਾਸ, ਭਗਤ ਕਬੀਰ) ਵਿਚ ਇਨ੍ਹਾਂ ਸਾਧੂ ਸੰਤਾਂ ਨੂੰ ਚਮਤਕਾਰੀ ਕਿਰਦਾਰਾਂ ਦੀ ਥਾਂ ਤਿਆਗ, ਸੇਵਾ, ਭਾਈਚਾਰਕ ਸਾਂਝ, ਸਦਭਾਵਨਾ, ਮਾਨਵੀ ਮੁੱਲਾਂ ਅਤੇ ਸਮਾਜਕ ਆਦਰਸ਼ਾਂ ਦੇ ਰੋਲ-ਮਾਡਲਾਂ ਵਜੋਂ ਪਰਦੇ ‘ਤੇ ਸਿਰਜਿਆ ਗਿਆ। ਰਾਸ਼ਟਰ ਪ੍ਰੇਮ ਅਤੇ ਭਾਰਤੀਪੁਣੇ ਦੀ ਭਾਵਨਾ ਨਾਲ ਓਤ-ਪੋਤ ਫਿਲਮਾਂ (ਜਿਵੇਂ ‘ਸਿਕੰਦਰ’ ਜਿਸ ਵਿਚ ਮੁੱਖ ਭੂਮਿਕਾ ਪ੍ਰਿਥਵੀਰਾਜ ਕਪੂਰ ਨੇ ਅਦਾ ਕੀਤੀ ਤੇ ‘ਸੋਹਰਾਬ ਮੋਦੀ’) ਵੀ ਬਣ ਰਹੀਆਂ ਸਨ ਜਿਨ੍ਹਾਂ ਵਿਚ ਵਿਦੇਸ਼ੀ ਹਕੂਮਤ ਦੇ ਡਰ, ਜ਼ੁਲਮ ਅਤੇ ਸਮਾਜਕ ਵਧੀਕੀਆਂ ਨੂੰ ਇਤਿਹਾਸਕ ਤੱਥਾਂ ਤੇ ਕਿਰਦਾਰਾਂ ਦੇ ਉਹਲੇ ਵਿਚ ਪੇਸ਼ ਕੀਤਾ ਗਿਆ ਸੀ। 1934 ਵਿਚ ‘ਚੰਦੀਦਾਸ’ ਜਿਸ ਦਾ ਨਿਰਮਾਣ ਕਲਕੱਤਾ ਦੀ ‘ਨਿਊ ਥਿਏਟਰਜ਼’ ਕੰਪਨੀ ਨੇ ਕੀਤਾ ਸੀ, ਵਿਚ ਪਹਿਲੀ ਵਾਰ ਭਾਰਤੀ ਸਮਾਜ ਨੂੰ ਅੰਦਰੋਂ ਖੋਖਲਾ ਕਰ ਰਹੇ ਜਾਤੀ ਪ੍ਰਬੰਧ ਉਤੇ ਵਾਰ ਕੀਤਾ ਗਿਆ। ਮਹਾਤਮਾ ਗਾਂਧੀ ਦੇ ਛੂਆਛਾਤ ਵਿਰੋਧੀ ਅੰਦੋਲਨ ਦਾ ਅਸਰ ਕਬੂਲਦਿਆਂ 1935 ਵਿਚ ਦੇਵਕੀ ਬੋਸ ਨੇ ਇਸੇ ਸਮੱਸਿਆ ਦੇ ਅਣਛੋਹੇ ਪਹਿਲੂ ‘ਇਨਕਲਾਬ’ ਰਾਹੀਂ ਪਰਦੇ ‘ਤੇ ਸਾਕਾਰ ਕੀਤੇ। ਉਸ ਸਮੇਂ ਦੇ ਭਾਰਤੀ ਸਮਾਜ ਵਿਚ ਧਾਰਮਿਕ ਪਰੰਪਰਾਵਾਂ ਨੂੰ ਨਵੇਂ ਸਿਰਿਉਂ ਸੋਚਣ ਅਤੇ ਧਰਮ ਨੂੰ ਸਮਾਜ ਸੁਧਾਰ ਵਰਗੇ ਵੱਡੇ ਉਦੇਸ਼ ਨਾਲ ਜੋੜ ਕੇ ਸਮਝਣ ਦਾ ਰੁਝਾਨ ਚੱਲ ਰਿਹਾ ਸੀ, ਨਾਲ ਹੀ ਵਿਗਿਆਨਕ ਤੇ ਤਰਕ ਆਧਾਰਿਤ ਮੁੱਲਾਂ ਤੇ ਵਿਚਾਰਧਾਰਾ ਨਾਲ ਇਨ੍ਹਾਂ ਦਾ ਸਿੱਧਾ ਟਕਰਾਉ ਵੀ ਸਪਸ਼ਟ ਹੋ ਰਿਹਾ ਸੀ। ਭਾਰਤੀ ਨੌਜਵਾਨਾਂ ਦਾ ਵੱਡਾ ਵਰਗ ਨਸ਼ਿਆਂ, ਬੇਰੁਜ਼ਗਾਰੀ ਅਤੇ ਧਾਰਮਿਕ ਕੱਟੜਤਾ ਤੋਂ ਆਵਾਜ਼ਾਰ ਹੋ ਕੇ ‘ਆਜ਼ਾਦੀ’ ਲਈ ਮੁਲਕ ਦੇ ਸਿਆਸੀ ਆਗੂਆਂ ‘ਤੇ ਟੇਕ ਲਗਾਈ ਬੈਠਾ ਸੀ। ਵੀæ ਸ਼ਾਂਤਾਰਾਮ, ਬਾਬੂ ਰਾਉ ਪੇਂਟਰ, ਧੀਰੇਨ ਗਾਂਗੁਲੀ, ਪੀæਸੀæ ਬਰੂਆ, ਦੇਵਕੀ ਬੋਸ, ਸੇਠ ਦਵਾਰਕਾ ਦਾਸ, ਬੀæਐਨæ ਸਰਕਾਰ, ਸੋਹਰਾਬ ਮੋਦੀ ਅਤੇ ਨਿਤਿਨ ਬੋਸ ਵਰਗੇ ਨੌਜਵਾਨ ਫਿਲਮਸਾਜ਼ ਇਸੇ ਨੌਜਵਾਨੀ ਦੇ ਨੁਮਾਇੰਦਿਆਂ ਵਜੋਂ ਉਭਰ ਕੇ ਸਾਹਮਣੇ ਆਏ।
ਹਿਮਾਂਸ਼ੂ ਰਾਏ ਅਤੇ ਦੇਵਿਕਾ ਰਾਣੀ ਨੇ ‘ਬੰਬੇ ਟਾਕੀਜ਼’ ਦੇ ਬੈਨਰ ਥੱਲੇ ‘ਅਛੂਤ ਕੰਨਿਆ’ ਬਣਾ ਕੇ ਛੂਆਛਾਤ ਦੀ ਸਮੱਸਿਆ ਨੂੰ ਆਲਮੀ ਦਰਸ਼ਕਾਂ ਦੀ ਨਜ਼ਰ ਕੀਤਾ। 1936 ਵਿਚ ਮੋਹਣ ਭਵਨਾਨੀ ਨੇ ਬੇਰੁਜ਼ਗਾਰੀ ਨੂੰ ਕੇਂਦਰ ਵਿਚ ਰੱਖਦਿਆਂ ‘ਜਾਗਰਨ’ ਬਣਾਈ। ਵੀæ ਸ਼ਾਂਤਾਰਾਮ ਦੀਆਂ ਫਿਲਮਾਂ ‘ਆਦਮੀ’ ਅਤੇ ‘ਦੁਨੀਆ ਨਾ ਮਾਨੇ’ ਖੂਬਸੂਰਤ ਕਥਾ-ਬੁਣਤਰ ਅਤੇ ਸੰਵੇਦਨਸ਼ੀਲ ਪੇਸ਼ਕਾਰੀ ਲਈ ਆਲਮੀ ਪੱਧਰ ‘ਤੇ ਸਲਾਹੀਆਂ ਗਈਆਂ। ਇਨ੍ਹਾਂ ਫਿਲਮਾਂ ਦੀ ਖ਼ਾਸੀਅਤ ਸਮਾਜਕ ਕੁਰੀਤੀਆਂ ਦੀ ਜੜ੍ਹ ਵਿਚ ਪਈਆਂ ਗੈਰ-ਮਨੁੱਖੀ ਮਿੱਥਾਂ, ਧਾਰਨਾਵਾਂ ਅਤੇ ਵਿਤਕਰਿਆਂ ਵੱਲ ਦਰਸ਼ਕਾਂ ਦਾ ਧਿਆਨ ਖਿੱਚਣਾ ਸੀ, ਉਨ੍ਹਾਂ ਨੂੰ ਇਨ੍ਹਾਂ ਦੇ ਸੰਭਾਵੀ ਹੱਲਾਂ ਸਬੰਧੀ ਸੋਚਣ ਲਈ ਪ੍ਰੇਰਿਤ ਕਰਨਾ ਸੀ।
ਧਰਮ ਅਤੇ ਸਾਮਰਾਜਵਾਦ ਦਾ ਗਠਜੋੜ ਕਿਵੇਂ ਕੰਮ ਕਰਦਾ ਹੈ, ਇਸ ਦੀ ਮਿਸਾਲ 1935 ਵਿਚ ਵੀæ ਸ਼ਾਂਤਰਾਮ ਦੁਆਰਾ ਆਪਣੀ ਕੰਪਨੀ ‘ਪ੍ਰਭਾਤ ਸਟੂਡੀਉ’ ਦੇ ਬੈਨਰ ਥੱਲੇ ਬਣਾਈ ‘ਧਰਮਾਤਮਾ’ ਉਤੇ ਬ੍ਰਿਟਿਸ਼ ਸਰਕਾਰ ਦੁਆਰਾ ਲਾਈ ਸੈਂਸਰਸ਼ਿਪ ਹੈ। ਫਿਲਮ ਰਾਹੀਂ ਸ਼ਾਂਤਾਰਾਮ ਨੇ ਧਾਰਮਿਕ ਰੂੜੀਵਾਦ ਨੂੰ ਗੁਲਾਮ ਜ਼ਿਹਨੀਅਤ ਦਾ ਚਿੰਨ੍ਹ ਦੱਸਦਿਆਂ ਮੂਲਵਾਦ ‘ਤੇ ਟਿੱਪਣੀ ਕੀਤੀ। ਫਿਲਮਸਾਜ਼ ਮਹਿਬੂਬ ਖਾਨ ਨੂੰ ਉਨ੍ਹਾਂ ਦੀਆਂ ਫਿਲਮਾਂ ਵਿਚਲੀਆਂ ਰਾਸ਼ਟਰਵਾਦੀ ਭਾਵਨਾਵਾਂ ਅਤੇ ਔਰਤਾਂ ਦੇ ਸਮਾਜਕ ਹਾਲਾਤ ਨੂੰ ਚਣੌਤੀ ਭਰਪੂਰ ਕਿਰਦਾਰਾਂ ਰਾਹੀਂ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ। ਉਹਨੇ 1937 ਵਿਚ ‘ਜਾਗੀਰਦਾਰ’ ਬਣਾ ਕੇ ਸਾਮੰਤਵਾਦ ਤੇ ਜਗੀਰੂ ਸਮਾਜਕ ਸੰਸਥਾਵਾਂ ਦੀ ਤਤਕਾਲੀਨ ਹਾਲਤ ਨੂੰ ਪਰਦੇ ‘ਤੇ ਸਾਕਾਰ ਕਰਨ ਦੇ ਨਾਲ-ਨਾਲ 1940 ਵਿਚ ‘ਔਰਤ’ ਰਾਹੀਂ ਸਿਆਸੀ, ਸਮਾਜਕ, ਆਰਥਿਕ ਅਤੇ ਧਾਰਮਿਕ ਸ਼ੋਸ਼ਣ ਦੇ ਅੰਤਰ-ਸਬੰਧਾਂ ਦੀ ਨਵੀਂ ਵਿਆਖਿਆ ਕੀਤੀ। 1934 ਵਿਚ ਹਿੰਦੀ ਲੇਖਕ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ‘ਤੇ ਬਣੀ ਫਿਲਮ ‘(ਮਿੱਲ) ਮਜ਼ਦੂਰ’ ਨੇ ਭਾਰਤੀ ਸਮਾਜ ਦੇ ਵੱਡੇ ਤਬਕੇ ਦੇ ਹਾਲਾਤ ‘ਤੇ ਕੈਮਰਾ ਫੋਕਸ ਕੀਤਾ। 1940 ਵਿਚ ਬਣੀ ਫਿਲਮ ‘ਅਪਨੀ ਨਗਰੀਆ ਕੀ ਕਥਾ’ ਦੀ ਪਟਕਥਾ ਪ੍ਰਸਿੱਧ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਨੇ ਲਿਖੀ ਸੀ।
ਇਹ ਦੌਰ ਭਾਵੇਂ ਸਿਆਸੀ ਅਤੇ ਸਾਹਿਤਕ ਤੌਰ ‘ਤੇ ਉਥਲ-ਪੁਥਲ ਵਾਲਾ ਸੀ, ਪਰ ਇਸ ਦੇ ਬਾਵਜੂਦ ਸਿਨੇਮਾ ਵਿਚ ਵੱਡੀ ਪੱਧਰ ‘ਤੇ ਅਜਿਹੀਆਂ ਫਿਲਮਾਂ ਵੀ ਧੜਾਧੜ ਬਣ ਰਹੀਆਂ ਸਨ ਜਿਹੜੀਆਂ ਨਾ ਸਿਰਫ ਸੁਹਜ ਤੇ ਕਲਾ ਪੱਖੋਂ ਕੋਰੀਆ ਸਨ ਸਗੋਂ ਉਸ ਸਮੇਂ ਦੀਆਂ ਹਕੀਕਤਾਂ ਤੋਂ ਵੀ ਕੋਹਾਂ ਦੂਰ ਸਨ। ਇਨ੍ਹਾਂ ਵਿਚ ਜ਼ਾਲਿਮ ਜਵਾਨੀ, ਪੀਆ ਪਿਆਰੇ, ਫ਼ੈਸ਼ਨੇਬਲ, ਦੋ ਦੀਵਾਨੇ, ਜਵਾਲਾ ਫਿਲਮਾਂ ਸ਼ਾਮਲ ਹਨ। ਇਕ ਮਹੱਤਵਪੂਰਨ ਦਰਸ਼ਕ ਵਰਗ, ਨਾਦੀਆ ਦੀਆਂ ਫਿਲਮਾਂ ਦਾ ਵੀ ਸੀ। ਇਨ੍ਹਾਂ ਵਿਚ ਹੰਟਰਵਾਲੀ, ਡੈਕਨ ਕੁਈਨ, ਮਿਸ ਫਰੰਟੀਅਰ ਮੇਲ ਆਦਿ ਫਿਲਮਾਂ ਸਨ। ਇਨ੍ਹਾਂ ਫਿਲਮਾਂ ਵਿਚ ਨਾਇਕਾ ਘੋੜਿਆਂ ‘ਤੇ ਤਲਵਾਰਬਾਜ਼ੀ ਕਰਦਿਆਂ ਮਰਦਾਂ ਨਾਲ ਦੋ-ਦੋ ਹੱਥ ਤਾਂ ਕਰ ਰਹੀ ਹੈ, ਦੂਜੇ ਪਾਸੇ ਯਥਾਰਥਵਾਦੀ ਸਿਨੇਮਾ ਅਤੇ ਸਮਾਜਕ ਸੰਸਥਾਵਾਂ ਵਿਚ ਔਰਤ ਦੀ ਦੁਰਦਸ਼ਾ ਜੱਗ-ਜ਼ਾਹਿਰ ਸੀ। ਸਤੀ ਪ੍ਰਥਾ, ਬਾਲ ਵਿਆਹ, ਪਰਦਾ ਪ੍ਰਥਾ, ਵਿਧਵਾਵਾਂ ਦੇ ਪੁਨਰ-ਵਿਆਹ ‘ਤੇ ਪਾਬੰਦੀ ਵਰਗੀਆਂ ਕੁਰੀਤੀਆਂ ਤੋਂ ਬਿਨਾਂ ਔਰਤਾਂ ਸਿਆਸੀ ਤੇ ਆਰਥਿਕ ਅਦਾਰਿਆਂ ਦੀ ਸੱਤਾ ਵਿਚੋਂ ਵੀ ਤਕਰੀਬਨ ਗੈਰ-ਹਾਜ਼ਰ ਸਨ, ਪਰ ਵਾਡੀਆ ਬ੍ਰਦਰਜ਼ ਦੁਆਰਾ ਫੈਂਟਸੀ ਤੇ ਸਟੰਟਾਂ ਨਾਲ ਭਰੀਆਂ ਫਿਲਮਾਂ ਵੱਖਰਾ ਹੀ ਭਰਮ ਸਿਰਜਦੀਆਂ ਸਨ।
(ਚਲਦਾ)