ਮਾਰਕੁਏਜ਼ ਗੈਬਰੀਅਲ ਗਾਰਸ਼ੀਆ: ਦਸਤਖਤਾਂ ਦਾ ਮੁੱਲ

ਜਗਜੀਤ ਸਿੰਘ ਸੇਖੋਂ
ਕੋਲੰਬੀਆ ਦੀ ਰਾਜਧਾਨੀ ਬਗੋਤਾ ਵਿਚ ਲੱਗੇ ਕੌਮਾਂਤਰੀ ਪੁਸਤਕ ਮੇਲੇ ਵਿਚੋਂ ਚੋਰੀ ਹੋਈ ਕੋਲੰਬੀਆ ਦੇ ਚੋਟੀ ਦੇ ਲੇਖਕ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਦੇ ਸੰਸਾਰ ਪ੍ਰਸਿੱਧ ਨਾਵਲ Ḕਵੰਨ ਹੰਡਰਡ ਯੀਅਰਸ ਆਫ਼ ਸੌਲੀਟਿਊਡḔ ਦੀ ਪਹਿਲੇ ਅਡੀਸ਼ਨ ਦੀ ਕਾਪੀ ਆਖ਼ਰਕਾਰ ਲੱਭ ਲਈ ਗਈ। ਮਾਰਕੁਏਜ਼ ਦੇ ਦਸਤਖਤਾਂ ਵਾਲੀ ਇਹ ਕਾਪੀ ਕਿਸੇ ਨੇ ਮੇਲੇ ਦੌਰਾਨ ਬੁੱਕ-ਰੈਕ ਵਿਚੋਂ ਚੋਰੀ ਕਰ ਲਈ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਕਿਤਾਬ ਦੀ ਕੀਮਤ 60 ਹਜ਼ਾਰ ਡਾਲਰ ਲਗਾਈ ਗਈ ਹੈ।
ਦਰਅਸਲ ਇਸ ਕਿਤਾਬ ਦੇ ਮਾਲਕ ਅਲਵਾਰੋ ਕੈਸਤੀਲੋ ਲਈ ਇਹ ਕਿਤਾਬ ਅਨਮੋਲ ਹੈ। ਅਲਵਾਰੋ ਦੁਰਲੱਭ ਕਿਤਾਬਾਂ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਨੇ ਇਹ ਕਿਤਾਬ ਉਰੂਗੁਏ ਦੀ ਰਾਜਧਾਨੀ ਮੋਨਤੇਵੀਦੀਓ ਤੋਂ 2006 ਵਿਚ ਖਰੀਦੀ ਸੀ। ਮਗਰੋਂ ਉਸ ਨੇ 1967 ਵਿਚ ਛਪੀ ਇਸ ਕਿਤਾਬ ਉਤੇ ਮਾਰਕੁਏਜ਼ ਤੋਂ ਦਸਤਖ਼ਤ ਕਰਵਾ ਲਏ ਸਨ। ਪਿਛੋਂ ਉਸ ਨੂੰ ਇਹ ਕਿਤਾਬ ਇੰਨੀ ਜ਼ਿਆਦਾ ਚੰਗੀ ਲੱਗੀ ਕਿ ਉਸ ਨੇ ਇਸ ਨੂੰ ਅਗਾਂਹ ਵੇਚਿਆ ਨਹੀਂ, ਸਗੋਂ ਆਪਣੇ ਕੋਲ ਰੱਖ ਲਿਆ। ਪਿਛਲੇ ਸਾਲ 17 ਅਪਰੈਲ ਨੂੰ ਮਾਰਕੁਏਜ਼ ਦੀ ਮੌਤ ਤੋਂ ਬਾਅਦ ਉਸ ਦੀਆਂ ਕਿਤਾਬਾਂ ਦੇ ਮੁੱਲ ਬਹੁਤ ਵਧ ਗਏ। ਸਿੱਟੇ ਵਜੋਂ ਕੈਸਤੀਲੋ ਨੇ ਯਾਦ ਵਜੋਂ ਇਹ ਕਿਤਾਬ ਸਦਾ-ਸਦਾ ਲਈ ਆਪਣੇ ਕੋਲ ਰੱਖਣ ਦਾ ਫੈਸਲਾ ਕਰ ਲਿਆ। ਇਸ ਕਿਤਾਬ ਉਤੇ ਮਾਰਕੁਏਜ਼ ਨੇ ਲਿਖਿਆ ਸੀ, ਪੁਰਾਣੀਆਂ ਕਿਤਾਬਾਂ ਦੇ ਕਾਰੋਬਾਰੀ ਅਲਵਾਰੋ ਕੈਸਤੀਲੋ ਲਈ, ਸਦਾ-ਸਦਾ ਲਈ ਯਾਦ। ਤੁਹਾਡਾ ਦੋਸਤ, ਗੈਬੋ।
ਕੈਸਤੀਲੋ ਮੁਤਾਬਕ ਉਹਦੇ ਲਈ ਮਾਰਕੁਏਜ਼ ਦੇ ਇਹ ਸ਼ਬਦ ਅਨਮੋਲ ਹਨ। ਇਸੇ ਕਰ ਕੇ ਉਸ ਨੂੰ ਕਿਤਾਬ ਚੋਰੀ ਹੋਣ ਦਾ ਸਭ ਤੋਂ ਵੱਧ ਦੁੱਖ ਹੋਇਆ ਸੀ। ਮਾਰਕੁਏਜ਼ ਦਾ ਜਨਮ 6 ਮਾਰਚ 1927 ਨੂੰ ਹੋਇਆ ਸੀ ਅਤੇ 1982 ਨੂੰ ਉਸ ਨੂੰ ਸਾਹਿਤ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਸ ਦੇ ਨਾਵਲ Ḕਵੰਨ ਹੰਡਰਡ ਯੀਅਰਜ਼ ਆਫ ਸੌਲੀਟਿਊਡḔ ਨੇ ਸੰਸਾਰ ਭਰ ਵਿਚ ਧੁੰਮਾਂ ਪਾ ਦਿੱਤੀਆਂ ਸਨ। ਮਾਰਕੁਏਜ਼ ਨੇ ਇਸ ਤੋਂ ਇਲਾਵਾ ਇਨ ਈਵਲ ਆਰ, ਔਟਮ ਆਫ ਦਿ ਪੈਟਰੀਆਰਕ, ਲਵ ਇਨ ਦਿ ਟਾਈਮ ਆਫ ਕੌਲਰਾ, ਜਨਰਲ ਇਨ ਹਿਜ਼ ਲੈਵੀਰਿੰਥ, ਆਫ ਲਵ ਐਂਡ ਅਦਰ ਡੈਮਨਜ਼, ਲੀਫ ਸਟੌਰਮ, ਨੌ ਵਨ ਰਾਈਟਜ਼ ਟੂ ਦਿ ਕਰਨਲ, ਮੈਮਰੀਜ਼ ਆਫ ਮਾਈ ਮੈਲੇਨਕਲੀ ਵ੍ਹੋਰਜ਼ ਆਦਿ ਨਾਵਲ ਲਿਖੇ। ਉਹਨੇ ਕਹਾਣੀਆਂ ਅਤੇ ਨਸਰ (ਵਾਰਤਕ) ਦੀਆਂ ਤਕਰੀਬਨ ਇਕ ਦਰਜਨ ਕਿਤਾਬਾਂ ਦੀ ਰਚਨਾ ਕੀਤੀ। ਆਪਣੀਆਂ ਰਚਨਾਵਾਂ ਵਿਚ ਯਾਦਾਂ ਨੂੰ ਉਹਨੇ ਬਹੁਤ ਅਹਿਮੀਅਤ ਦਿੱਤੀ ਹੈ। ਉਹਨੇ ਲਿਖਿਆ ਹੈ ਕਿ ਜੀਵਨ ਉਹ ਨਹੀਂ ਜੋ ਜੀਵਿਆ ਹੁੰਦਾ ਹੈ, ਬਲਕਿ ਉਹ ਹੈ ਜੋ ਸਾਡੀਆਂ ਯਾਦਾਂ ਵਿਚ ਸਾਂਭਿਆ ਪਿਆ ਹੁੰਦਾ ਹੈ। ਯਾਦਾਂ ਆਤਮਾ ਦੀ ਆਵਾਜ਼ ਹਨ। ਇਹ ਬੰਦੇ ਨੂੰ ਜਦੋਂ ਮੱਤ ਦਿੰਦੀਆਂ ਹਨ ਤਾਂ ਆਤਮ ਹੋ ਨਿਬੜਦੀਆਂ ਨੇ।
ਖੌਰੇ ਇਸੇ ਕਰ ਕੇ ਹੀ ਕੈਸਤੀਲੋ ਦਸਤਖਤਾਂ ਵਾਲੀ ਕਿਤਾਬ ਬਾਰੇ ਇੰਨਾ ਭਾਵੁਕ ਹੋ ਗਿਆ ਸੀ। ਉਹ ਅਸਲ ਵਿਚ ਇਸ ਕਿਤਾਬ ਨੂੰ ਮਾਰਕੁਏਜ਼ ਦੀ ਯਾਦ ਵਜੋਂ ਸਾਂਭਣਾ ਚਾਹੁੰਦਾ ਹੈ। ਉਸ ਦੱਸਦਾ ਹੈ ਕਿ 2 ਮਈ ਨੂੰ ਜਦੋਂ ਇਹ ਕਿਤਾਬ ਚੋਰੀ ਹੋਈ ਤਾਂ ਇਹ ਦਿਨ ਉਸ ਦੀ ਜ਼ਿੰਦਗੀ ਦਾ ਸਭ ਤੋਂ ਉਦਾਸ ਦਿਨ ਸੀ। ਉਸ ਨੇ ਇਹ ਕਿਤਾਬ ਲੱਭਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ। ਕੈਸਤੀਲੋ ਦੱਸਦਾ ਹੈ ਕਿ 1967 ਵਿਚ ਛਪੀ Ḕਵੰਨ ਹੰਡਰਡ ਯੀਅਰਜ਼ ਆਫ ਸੌਲੀਟਿਊਡḔ ਦੀਆਂ ਸਿਰਫ 8 ਹਜ਼ਾਰ ਕਾਪੀਆਂ ਛਪੀਆਂ ਸਨ। ਉਸ ਨੂੰ ਮਾਣ ਹੈ ਕਿ ਮਾਰਕੁਏਜ਼ ਦੇ ਦਸਤਖਤਾਂ ਵਾਲੀ ਇਕ ਕਾਪੀ ਉਹਦੇ ਕੋਲ ਹੈ। ਕੈਸਤੀਲੋ ਹੁੱਬ ਕੇ ਕਹਿੰਦਾ ਹੈ, “ਹੁਣ ਇਹ ਕਿਤਾਬ ਇਕੱਲੇ ਉਸ ਦੀ ਮਲਕੀਅਤ ਨਹੀਂ, ਸਗੋਂ ਉਸ ਦੇ ਦੇਸ਼ ਦਾ ਸਰਮਾਇਆ ਹੈ।”
_____________________
ਦਿੱਲੀ ਵਿਚ ਮਾਰਕੁਏਜ਼ ਦੀ ਮਹਿਫਿਲ
ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਦੇ ਪ੍ਰਸਿੱਧ ਨਾਵਲ ‘ਕਰੋਨੀਕਲ ਆਫ ਏ ਡੈੱਥ ਫੋਰਟੋਲਡ’ ਉਤੇ ਆਧਾਰਤ ਨਾਟਕ ਨਵੀਂ ਦਿੱਲੀ ਵਿਚ ਖੇਡਿਆ ਗਿਆ। ਇਹ ਨਾਟਕ ਮੰਜਰੀ ਕੌਲ ਅਤੇ ਪ੍ਰੋਮਨਾ ਸੇਨਗੁਪਤਾ ਵਲੋਂ ਤਿਆਰ ਕੀਤਾ ਗਿਆ ਸੀ। ਮਾਰਕੁਏਜ਼ ਦੇ ਇਸ ਨਾਵਲ ਉਤੇ ਪਹਿਲਾਂ ਫਿਲਮ ਵੀ ਬਣ ਚੁੱਕੀ ਹੈ। ਇਸ ਨਾਵਲ ‘ਤੇ ਆਧਾਰਤ ਨਾਟਕ ਸੰਸਾਰ ਭਰ ਵਿਚ ਕਈ ਥਾਂਈਂ ਖੇਡਿਆ ਜਾ ਚੁਕਾ ਹੈ।
ਇਸ ਨਾਵਲ ਦੀ ਕਹਾਣੀ ਇਹ ਹੈ ਕਿ ਨੌਜਵਾਨ ਦਾ ਕਤਲ ਹੋ ਜਾਂਦਾ ਹੈ, ਇਸ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮਾਰਕੁਏਜ਼ ਨੇ ਸਮਾਜਕ ਕਦਰਾਂ-ਕੀਮਤਾਂ ਅਤੇ ਰਿਸ਼ਤਿਆਂ ਦੀ ਗੱਲ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤੀ ਹੈ। ਦਰਅਸਲ ਵਿਆਹ ਤੋਂ ਪਹਿਲਾਂ ਹੀ ਲਾੜੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਹੋਣ ਵਾਲੀ ਪਤਨੀ ਦਾ ਕੁਆਰਪਨ ਭੰਗ ਹੋ ਚੁੱਕਾ ਹੈ। ਸਿੱਟੇ ਵਜੋਂ ਕੁੜੀ ਨੂੰ ਘਰ ਬੈਠਣਾ ਪੈ ਜਾਂਦਾ ਹੈ ਅਤੇ ਕੁੜੀ ਵਲੋਂ ਪ੍ਰੇਮੀ ਦਾ ਨਾਂ ਦੱਸਣ ਤੋਂ ਬਾਅਦ ਉਸ ਦੇ ਭਰਾ ਨੌਜਵਾਨ ਦਾ ਕਤਲ ਕਰ ਦਿੰਦੇ ਹਨ।