ਗੱਜਣਵਾਲਾ ਸੁਖਮਿੰਦਰ (ਚੰਡੀਗੜ੍ਹ)
ਫੋਨ: 91-99151-06449
ਕਈ ਪਿੰਡਾਂ ਵਿਚ ਅਜਿਹੇ ਬੰਦੇ ਹੁੰਦੇ ਨੇ ਜੋ ਜੱਗੋਂ ਤੇਰਵੀਂ ਗੱਲ ਕਰਨ ਵਿਚ ਆਪਣੀ ਨਿਵੇਕਲੀ ਪਛਾਣ ਬਣਾਉਣ ਦੇ ਯਤਨ ਵਿਚ ਹੁੰਦੇ ਹਨ। ਉਨ੍ਹਾਂ ਨੂੰ ਲਗਦੈ ਕੁਝ ਦਿਮਾਗ ਜਿਹਾ ਵਰਤ ਕੇ, ਕੁਝ ਨਵਾਂ ਜਿਹਾ ਕਰਕੇ ਦੁਨੀਆਂ ਨੂੰ ਹਿਲਾ ਦੇਵਾਂਗੇ। ਫੁੱਫੜ ਦੀ ਰਿਸ਼ਤੇਦਾਰੀ ‘ਚੋਂ ਉਨ੍ਹਾਂ ਦਾ ਤਰਨਤਾਰਨੀਆ ਮਝੈਲ ਪ੍ਰਾਹੁਣਾ ਵੀ ਇਕ ਵਾਰੀ ਆਪਣਾ ਦਿਮਾਗ ਵਰਤ ਬੈਠਾ।
ਉਸ ਦਾ ਨਾਂ ਤਾਂ ਸੀ ਭਲਿੰਦਰ ਸਿੰਹੁ (ਫਰਜ਼ੀ ਨਾਮ) ਪਰ ਉਹ Ḕਅਗਾਂਹ ਵਧੂḔ ਅੱਲ ਪੁਆ ਬੈਠਾ। ਸਾਰੇ ਕਹਿਣ ਲੱਗ ਪਏ, ਆ ਗਿਆ ਬਈ ਅਗਾਂਹ ਵਧੂ, ਜਾ ਰਿਹਾ ਬਈ ਅਗਾਂਹ ਵਧੂæææ। ਪਹਿਲਾਂ ਪਹਿਲਾਂ ਤਾਂ ਉਹ ਸੁਣ ਕੇ ਵੱਟ ਜਿਹਾ ਖਾ ਜਾਇਆ ਕਰੇ, ਫੇਰ ਉਹ ਗੁੱਸਾ ਕਰਨੋਂ ਹਟ ਗਿਆ। ਪੜ੍ਹਿਆ ਤਾਂ ਉਹ ਮਰ ਕੇ ਅੱਠ-ਨੌਂ ਜਮਾਤਾਂ ਹੀ ਸੀ ਪਰ ਸੀ ਬਹੁਤ ਵੱਡਾ ਕਿਤਾਬੀ ਕੀੜਾ। ਗੱਲ ਨੂੰ ਉਹ ਅੱਜ ਵੀ ਥੱਲੇ ਨਹੀਂ ਡਿਗਣ ਦਿੰਦਾ, ਬੋਲਦਾ ਹੈ ਤਾਂ ਬੋਲੀ ਹੀ ਜਾਂਦਾ ਹੈ, ਰੁਕਦਾ ਹੀ ਨਹੀਂ। ਮਗਜ਼ ਚੱਟ ਜਾਂਦੈ, ਵਾਰੇ ਹੀ ਨਹੀਂ ਆਉਣ ਦਿੰਦਾ। ਉਸ ਨੇ ਆਪਣੇ ਲੇਖਕ ਤਾਂ ਪੜ੍ਹੇ ਹੀ ਸਨ, ਗੋਰਕੀ, ਟਾਲਸਟਾਏ, ਸ਼ੈਲਕੋਵ, ਵਰਗੇ ਸਾਰੇ ਹੀ ਪੜ੍ਹ ਮਾਰੇ।
ਪਹਿਲਾਂ ਉਹ ਆਂਡੇ ਮੁਰਗੇ ਖਾਣ ਸਮੇਤ ਟਿਕਾ ਕੇ ਨਸ਼ਾ ਕਰਦਾ ਸੀ। ਕੁਝ ਸਾਲਾਂ ਬਾਅਦ ਉਸ ਦੇ ਚਿੱਤ ‘ਚ ਪਤਾ ਨਹੀਂ ਕੀ ਆਈ ਕਿ ਉਹ ਦਾਰੂ-ਦੱਪਾ ਪੂਰੀ ਤਰ੍ਹਾਂ ਛੱਡ ਗਿਆ। ਫੇਰ ਉਸ ਨੇ ਦਾੜ੍ਹੀ-ਮੁੱਛਾਂ ਵਧਾ ਲਈਆਂ। ਘਰੇ ਆਂਡੇ-ਮੀਟ ‘ਤੇ ਪਾਬੰਦੀਆਂ ਲਾ ਦਿਤੀਆਂ ਦਿੱਤੀਆਂ। ਫੇਰ ਉਹ ਧਾਰਮਿਕ ਸਾਹਿਤ ਵੱਲ ਹੋ ਤੁਰਿਆ ਬੇਦ-ਕਤੇਬ ਸਾਰੇ ਪੜ੍ਹ ਮਾਰੇ। ਬਾਬੇ ਰਾਮਦੇਵ ਦਾ ਯੁਗ ਜਿਹਾ ਸ਼ੁਰੂ ਹੋਇਆ ਤਾਂ ਦੋਵੇਂ ਵੇਲੇ ਸਾਹ ਦੀ ਧੌਂਕਣੀ ਜਿਹੀ ਮਾਰਨ ਲੱਗ ਪਿਆ। ਐਸੀ ਤਬਦੀਲੀ ਆਈ ਕਿ ਕਿਸੇ ਨਾਲ ਵੀ ਗੱਲ ਕਰਦਾ ਗ੍ਰੰਥਾਂ ਤੋਂ ਬਾਹਰ ਹੁੰਦਾ ਹੀ ਨਾ। ਘਰ ਦੇ ਸਾਰੇ ਜੀਅ ਦੁਖੀ ਹੋ ਗਏ, ਬਈ ਉਸ ਦਾ ਕੰਮ ਧੰਦੇ ਵੱਲ ਧਿਆਨ ਹੀ ਹੈ ਨ੍ਹੀਂ, ਇਹ ਤਾਂ ਜੁਆਕਾਂ ਨੂੰ ਭੁੱਖੇ ਮਾਰ’ਦੂ।
ਮੋਠੂ ਮਲੰਗਾ! ਫਿਰ ਉਸ ਨੂੰ ਲੱਗਿਆ ਬਈ ਇਥੇ ਤਾਂ ਸਾਰਾ ਕੁਝ ਹੀ ਦੂਸ਼ਿਤ ਹੋ ਚੁੱਕਿਆ ਹੈ, ਪੀਣ ਵਾਲਾ ਪਾਣੀ ਕੰਮ ਦਾ ਨਹੀਂ ਰਿਹਾ, ਦਿਨ-ਬਦਿਨ ਗੰਦਾ ਹੋਈ ਜਾ ਰਿਹੈ। ਦੁਧ ‘ਚ ਉਹ ਸ਼ੁਧਤਾ ਨਹੀਂ। ਪਸ਼ੂਆਂ ਦੀ ਖੁਰਾਕ ‘ਚ ਯੂਰੀਆ। ਸਬਜ਼ੀ ਕੋਈ ਭਰੋਸੇ ਵਾਲੀ ਹੀ ਹੈ ਨਹੀਂ। ਕੱਦੂਆਂ ਦੇ ਟੀਕੇ, ਕਰੇਲੇ ਭਿੰਡੀਆਂ ਸਪਰੇ ਤੋਂ ਬਗੈਰ ਲਗਦੀਆਂ ਹੀ ਨਹੀਂ। ਦੁਆਈ ਭੁੱਕੇ ਬਗੈਰ ਕੋਈ ਫਲ ਫਰੂਟ ਸਿਰੇ ਨਹੀਂ ਚੜ੍ਹਦਾ। ਆਲੂ ਗੋਡਿਆਂ ਦੇ ਵੈਰੀ ਹੋਏ ਪਏ ਨੇ, ਹਵਾ ਜ਼ਹਿਰੀ-ਸਾਹ ਲੈਣਾ ਔਖਾ ਹੋਇਆ ਪਿਆ। ਉਸ ਨੇ ਇਸ ਸਾਰੇ ਬਾਬਤ ਗੰਭੀਰਤਾ ਨਾਲ ਵਿਚਾਰ ਕੇ Ḕਕੁਦਰਤੀ ਖੇਤੀḔ ਦੀਆਂ ਕਿਤਾਬਾਂ ਪੜ੍ਹ ਕੇ ਨਵੀਂ ਕ੍ਰਾਂਤੀ ਲਿਆਉਣ ਦੀ ਠਾਣ ਲਈ। ਉਸ ਨੇ ਭੂਗੋਲਿਕ ਤੇ ਪੌਣ-ਪਾਣੀ ਦੀਆਂ ਸਥਿਤੀਆਂ ਤਾਂ ਵਾਚੀਆਂ ਨਾ। ਨਾ ਹੀ ਸੋਚਿਆ ਕਿ ਪਹਿਲਾਂ ਛੋਟਾ ਜਿਹਾ ਤਜਰਬਾ ਕਰਕੇ ਵੇਖ ਲਿਆ ਜਾਵੇ। ਉਸ ਨੇ ਦ੍ਰਿੜ ਕਰ ਲਿਆ, ਬਈ ਬੱਚਿਆਂ ਦੇ ਉਜਵਲ ਭਵਿੱਖ ਦਾ ਸਵਾਲ ਹੈ ਜੋ ਵੀ ਘਰੇ ਖਾਣ-ਪੀਣ ਵਾਲੀ ਵਸਤੂ ਆਵੇ, ਉਹ ਸ਼ੁੱਧ ਰੂਪ ਵਿਚ ਆਉਣੀ ਚਾਹੀਦੀ ਹੈ, ਦਵਾਈਆਂ ਅਤੇ ਕੈਮੀਕਲਾਂ ਤੋਂ ਮੁਕਤ ਹੋਣੀ ਚਾਹੀਦੀ ਹੈ।
ਤੇ ਉਸ ਨੇ ਜੀ ਪਿਛਲੀ ਵਾਰ ਮਨ ਵਿਚ ਪੱਕਾ ਸੰਕਲਪ ਧਾਰਨ ਕਰ ਲਿਆ, ਬਈ ਕਣਕ ਦੀ ਫਸਲ ਵਿਚ ਕੋਈ ਖਾਦ ਨਹੀਂ ਪਾਉਣੀ, ਕੋਈ ਦੁਆਈ ਨਹੀਂ ਛਿੜਕਣੀ। ਨਾ ਬੀਜਣ ਵੇਲੇ ਤੇ ਨਾ ਮੁੜ ਕੇ ਹੀ ਯੂਰੀਏ ਦਾ ਛੱਟਾ ਦੇਣਾ। ਉਸ ਨੂੰ ਆਪਣੇ ਹਿੱਸੇ ਦੇ ਸਾਢੇ ਕੁ ਤਿੰਨ ਕਿੱਲੇ ਆਉਂਦੇ ਸਨ। ਉਸ ਨੇ ਸਲਫੇਟਾਂ-ਜਿੰਕਾਂ ਦੀ ਥਾਂ ਹਰੀ ਖਾਦ ਨੂੰ ਵਰਤਣਾ ਬਿਹਤਰ ਸਮਝਿਆ। ਉਸ ਨੇ ਆਸ-ਪਾਸ ਦੇ ਖੇਤਾਂ ਨਿਆਂਈਆਂ ਵਿਚ ਜੋ ਘਾਹ-ਘੱਪਾ ਸੀ, ਦਿਹਾੜੀਏ ਲਾ ਕੇ ਇਕੱਠਾ ਕਰਵਾ ਕੇ ਆਪਣੇ ਸਾਰੇ ਖੇਤ ਵਿਚ ਸੁਟਾ ਲਿਆ। ਨੇੜੇ-ਤੇੜੇ ਜਿਥੇ ਬਾਥੂ, ਹਰਮਲ, ਚਲਾਈ, ਮੁਰਕ, ਭੱਖੜਾ ਆਦਿ ਦੀ ਦੱਸ ਪਈ, ਵਢਾ ਕੇ ਆਪਣੀ ਨਿਗਰਾਨੀ ਹੇਠ ਰੜੇ ਵਾਹਣ ਵਿਚ ਖਿਲਾਰ ਲਿਆ। ਗੋਹੇ ਦੀ ਦੇਸੀ ਰੂੜੀ, ਵਾਹਣ ਵਿਚ ਖਿਲਾਰਨ ਦੇ ਹੁਕਮ ਚਾੜ੍ਹ ਦਿੱਤੇ। ਤਵੀਆਂ ਨਾਲ ਕਿਰਾਏ ‘ਤੇ ਪੈਲੀ ਵਹਾ ਕੇ ਮਲਾਈ ਵਰਗੀ ਬਣਾ ਲਈ। ਵਧੀਆ ਕੁਆਲਿਟੀ ਦਾ ਸੀਲ ਬੰਦ ਬੀਜ ਬੀਜਿਆ। ਦਸਾਂ ਕੁ ਦਿਨਾਂ ਪਿਛੋਂ ਵੇਖਿਆ ਤਾਂ ਲੱਗਿਆ ਜਿਸ ਚੀਜ਼ ਨੂੰ ਦਿਸਣਾ ਚਾਹੀਦਾ ਸੀ, ਉਹ ਦਿਸ ਹੀ ਨਹੀਂ ਸੀ ਰਹੀ। ਸਾਰੀ ਪੈਲੀ ਵਿਚ ਨਦੀਨ ਹੀ ਨਦੀਨ, ਹੋਰ ਈ ਕੁਝ ਮੱਛਰ ਗਿਆ ਜਿਵੇਂ ਗੁੱਲੀ ਡੰਡਾ ਬੀਜਿਆ ਹੋਵੇ।
ਕਣਕ ਦੀ ਕਿਤੇ ਕਿਤੇ ਤੂਈ ਦਿਸਦੀ ਸੀ। ਜੋ ਉਗਣ ਲਈ ਬੀਜਿਆ ਸੀ ਉਹ ਉਗਿਆ ਹੀ ਨਾ, ਹੋਰ ਹੀ ਕੁਝ ਸਿਰ ਕੱਢੀ ਬੈਠਾ ਸੀ। ਗੱਲ ਕੀ ਕਿਸਾ-ਕੋਤਾ ਇਹ ਹੋਇਆ ਕਿ ਸਾਰੀ ਪੈਲੀ ਭੱਸ-ਖੇਹ ਨਦੀਨ ਨੂੰ ਸਮਰਪਿਤ ਹੋ ਗਈ। ਫਿਰ ਜਦ ਵਾਢੀ ਵੇਲੇ ਫੁੱਫੜ ਹੁਰਾਂ ਨੂੰ ਪਤਾ ਲੱਗਾ, ਬਈ ਤਰਨਤਾਰਨ ਵਾਲੇ ਪ੍ਰਾਹੁਣੇ ਦੇ ਤਾਂ ਕਣਕ ਦਸ ਸੇਰ ਵੀ ਨਹੀਂ ਹੋਈ। ਉਨ੍ਹਾਂ ਨੂੰ ਫਿਕਰ ਲੱਗ ਗਿਆ ਕਿ ਜੁਆਕ ਕੀ ਖਾਣਗੇ? ਤਾਂ ਉਹ ਦਸ ਬੋਰੀਆਂ ਕਣਕ ਦੀਆਂ ਛੱਡ ਕੇ ਆਏ। ਇਕ ਦਿਨ ਉਸ ਦੀ ਕਿਤੇ ਆਪਣੀ ਘਰਵਾਲੀ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਉਹ ਕਹਿ ਬੈਠੀ, “ਮੇਰੇ ਮਾਪਿਆਂ ਨੇ ਖਾਣ ਜੋਗੀ ਘੱਲ ਕੇ ਬਚਾ ਦਿੱਤਾ, ਨਹੀਂ ਤਾਂ ਤੇਰੀਆਂ ਆਰਗੈਨਿਕ ਖੇਤੀਆਂ ਨੇ ਰੜੇ ਰੱਖ’ਤਾ ਸੀ।” ਤਾਂ ਉਹ ḔਅਗਾਂਹਵਧੂḔ ਅੱਗੋਂ ਬਣਾ ਸੰਵਾਰ ਕੇ ਆਂਹਦਾ, “ਰਿਸ਼ਤੇਦਾਰ ਫਿਰ ਕਿਸ ਵਾਸਤੇ ਹੁੰਦੇ ਆ; ਇਨ੍ਹਾਂ ਦਾ ਅਚਾਰ ਪੌਣਾ ਜੇ ਵੇਲੇ ਸਿਰ ਕੰਮ ਹੀ ਨਾ ਆਏ।”