ਸ਼ਾਹ ਵੱਲੋਂ ਪੰਜਾਬ ਦੇ ਭਾਜਪਾ ਆਗੂਆਂ ਨੂੰ ਮੌਕਾ ਸਾਂਭਣ ਦਾ ਸੱਦਾ

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਪਿੱਛੋਂ ਪੰਜਾਬ ਦੇ ਪਲੇਠੇ ਦੌਰੇ ਉਤੇ ਆਏ ਅਮਿਤ ਸ਼ਾਹ ਨੇ ਪੰਜਾਬ ਭਾਜਪਾਈਆਂ ਨੂੰ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਚੱਲ ਰਹੀ ਹਵਾ ਦਾ ਲਾਹਾ ਲੈਣ ਦਾ ਸੱਦਾ ਦਿੱਤਾ ਹੈ।

ਅਮਿਤ ਸ਼ਾਹ ਨੇ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਤੇ ਸੂਬੇ ਦੇ ਭਾਜਪਾ ਆਗੂਆਂ ਦਰਮਿਆਨ ਵਧ ਰਹੀ ਕੁੜੱਤਣ ਦੇ ਮਾਮਲੇ ਦਾ ਸੂਖ਼ਮ ਢੰਗ ਨਾਲ ਜ਼ਿਕਰ ਕਰਦਿਆਂ ਇਸ ਦਾ ਹੱਲ ਪਾਰਟੀ ਆਧਾਰ ਨੂੰ ਮਜ਼ਬੂਤ ਕਰਨਾ ਦੱਸ ਕੇ ਵਰਕਰਾਂ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ। ਸ਼ਾਹ ਨੇ ਪੰਜਾਬ ਭਾਜਪਾਈਆਂ ਨੂੰ ਹੌਸਲਾ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਦੇ ਮਨ ਅੰਦਰਲੇ ਦਰਦ ਨੂੰ ਉਹ ਸਮਝਦੇ ਹਨ ਜੋ ਕਮਲ ਦਾ ਫੁੱਲ ਘਰ-ਘਰ ਪਹੁੰਚਣ ਉਤੇ ਆਪਣੇ ਆਪ ਖਤਮ ਹੋ ਜਾਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਪਾਰਟੀ ਦੇ 23 ਲੱਖ ਪਾਰਟੀ ਮੈਂਬਰ ਬਣੇ ਹਨ। ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੱਕ ਭਾਜਪਾ ਦਾ ਪਸਾਰ ਹੋ ਗਿਆ ਹੈ ਤੇ ਸੂਬੇ ਵਿਚ ਤਿੰਨ ਸੰਸਦੀ ਸੀਟਾਂ ਲੜਨ ਵਾਲੀ ਇਹ ਪਾਰਟੀ ਹੁਣ ਸਾਰੀਆਂ 13 ਸੀਟਾਂ ਤੇ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਉਤੇ ਲੜਨ ਦੇ ਕਾਬਲ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੇ ਸੂਬੇ ਵਿਚ ‘ਆਪਣੇ ਪੈਰਾਂ ਸਿਰ’ ਹੋਣ ਦਾ ਸਮਾਂ ਬਹੁਤ ਛੇਤੀ ਆਉਣ ਵਾਲਾ ਹੈ।
ਭਾਜਪਾ ਦੀ ਵਿਸਥਾਰ ਮੁਹਿੰਮ ਤੋਂ ਸੰਤੁਸ਼ਟ ਕੌਮੀ ਪ੍ਰਧਾਨ ਨੇ ਦੱਸਿਆ ਕਿ 1950 ਵਿਚ ਦਸ ਮੈਂਬਰਾਂ ਨਾਲ ਸ਼ੁਰੂ ਹੋਇਆ ਜਨ ਸੰਘ ਅੱਜ ਦਸ ਕਰੋੜ ਵਰਕਰਾਂ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਉਨ੍ਹਾਂ ਪੰਜਾਬ ਭਾਜਪਾ ਨੂੰ ਵੀ 23 ਲੱਖ ਮੈਂਬਰ ਬਣਾਉਣ ਉਤੇ ਵਧਾਈ ਦਿੱਤੀ।
ਦੱਸਣਯੋਗ ਹੈ ਕਿ ਚਾਹੇ ਭਾਜਪਾ ਪੰਜਾਬ ਵਿਚ ਅਕਾਲੀ ਦਲ ਨਾਲ ਰਲ ਕੇ ਪ੍ਰਸ਼ਾਸਨ ਚਲਾ ਰਹੀ ਹੈ ਪਰ ਆਪੋ-ਆਪਣੇ ਢੰਗ ਨਾਲ ਦੋਵਾਂ ਦੇ ਸਥਾਨਕ ਆਗੂ ਇਕ-ਦੂਜੇ ਉਤੇ ਦੋਸ਼ ਵੀ ਲਾਉਂਦੇ ਰਹੇ ਹਨ ਤੇ ਕਈ ਵਾਰ ਤਾਂ ਉਨ੍ਹਾਂ ਦੀਆਂ ਖੁੱਲ੍ਹ ਕੇ ਝੜਪਾਂ ਵੀ ਹੁੰਦੀਆਂ ਆਈਆਂ ਹਨ। ਭਾਜਪਾ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਕਰੀ ਬੈਠੇ ਆਗੂ ਅਰੁਣ ਜੇਤਲੀ ਦੀ ਅੰਮ੍ਰਿਤਸਰ ਤੋਂ ਨਮੋਸ਼ੀ ਭਰੀ ਹਾਰ ਨੇ ਤਾਂ ਦੋਵਾਂ ਪਾਰਟੀਆਂ ਦੀ ਆਪਸੀ ਕਸ਼ਮਕਸ਼ ਨੂੰ ਹੋਰ ਵੀ ਵਧਾ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਵੀ ਦੋਵਾਂ ਪਾਰਟੀਆਂ ਦੀ ਪੈਦਾ ਹੋਈ ਆਪਸੀ ਖਟਾਸ ਦਾ ਇਕ ਵੱਡਾ ਕਾਰਨ ਬਣਿਆ ਰਿਹਾ ਸੀ। ਸਥਾਨਕ ਭਾਜਪਾ ਆਗੂ ਅਕਸਰ ਦਿੱਲੀ ਵਿਚ ਬੈਠੇ ਕੌਮੀ ਆਗੂਆਂ ਕੋਲ ਆਪਣੀਆਂ ਸ਼ਿਕਾਇਤਾਂ ਪਹੁੰਚਾਉਂਦੇ ਰਹੇ ਹਨ।
ਭਾਜਪਾ ਦੀ ਪੰਜਾਬ ਇਕਾਈ ਸ੍ਰੀ ਸ਼ਾਹ ਦੇ ਕੌਮੀ ਪ੍ਰਧਾਨ ਬਣਨ ਸਮੇਂ ਤੋਂ ਹੀ ਉਨ੍ਹਾਂ ਦੇ ਦੌਰੇ ਦੀ ਬੇਸਬਰੀ ਨਾਲ ਉਡੀਕ ਕਰਦੀ ਆ ਰਹੀ ਸੀ ਪਰ ਕੁਝ ਕਾਰਨਾਂ ਕਰ ਕੇ ਇਹ ਹੁਣ ਤਕ ਸੰਭਵ ਨਹੀਂ ਸੀ ਹੋ ਸਕਿਆ। ਸੂਬਾ ਇਕਾਈ ਪਹਿਲਾਂ ਸ੍ਰੀ ਸ਼ਾਹ ਦੀ ਅਗਵਾਈ ਵਿਚ ਜਨਵਰੀ ਮਹੀਨੇ ਨਸ਼ਿਆਂ ਵਿਰੁੱਧ ਰੈਲੀ ਕਰ ਕੇ ਸਿਆਸੀ ਲਾਹਾ ਖੱਟਣਾ ਲੋਚਦੀ ਸੀ, ਪਰ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕਾਬਲੇ ਤੇ ਰੈਲੀ ਰੱਖਣ ਦੇ ਮੱਦੇਨਜ਼ਰ ਭਾਜਪਾ ਪ੍ਰਧਾਨ ਨੇ ਆਪਣਾ ਪ੍ਰੋਗਰਾਮ ਬਦਲ ਲਿਆ ਸੀ, ਉਦੋਂ ਭਾਵੇਂ ਪਾਰਟੀ ਨੇ ਇਸ ਦੇ ਹੋਰ ਕਾਰਨ ਵੀ ਦੱਸੇ ਸਨ। ਹੁਣ ਜਦੋਂ ਕਈ ਮਹੀਨਿਆਂ ਦੀ ਉਡੀਕ ਬਾਅਦ ਸ੍ਰੀ ਸ਼ਾਹ ਸ਼ਨਿਚਰਵਾਰ ਨੂੰ ਪੰਜਾਬ ਆਏ ਤਾਂ ਸੂਬੇ ਦੇ ਹਾਲਾਤ ਖੁਸ਼ਗਵਾਰ ਨਾ ਹੋਣ ਕਰ ਕੇ ਉਨ੍ਹਾਂ ਦੇ ਦੌਰੇ ਨੂੰ ਮੀਡੀਆ ਵੱਲੋਂ ਬਹੁਤਾ ਮਹੱਤਵ ਨਹੀਂ ਮਿਲ ਸਕਿਆ।
ਭਾਜਪਾ ਦੀ ਸਿਆਸੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਮਾਲਕੀ ਵਾਲੀ ਔਰਬਿਟ ਬੱਸ ਕੰਪਨੀ ਦੇ ਸਟਾਫ਼ ਵੱਲੋਂ ਦਲਿਤ ਮਾਂ-ਧੀ ਨਾਲ ਛੇੜ-ਛਾੜ ਕਰਨ ਤੇ ਫਿਰ ਧੱਕਾ ਦੇ ਕੇ ਬਾਹਰ ਸੁੱਟਣ ਦੇ ਮੁੱਦੇ ਉਤੇ ਕਸੂਤੇ ਘਿਰੇ ਹੋਏ ਹਨ। ਖ਼ੁਦ ਹੀ ਸਵਾਲਾਂ ਵਿਚ ਘਿਰਿਆ ਸ਼੍ਰੋਮਣੀ ਅਕਾਲੀ ਦਲ ਅਮਿਤ ਸ਼ਾਹ ਦੇ ਪੰਜਾਬ ਦੇ ਪਹਿਲੇ ਦੌਰੇ ਮੌਕੇ ਬਹੁਤਾ ਉਤਸ਼ਾਹ ਨਹੀਂ ਵਿਖਾ ਸਕਿਆ। ਉਨ੍ਹਾਂ ਪਾਰਟੀ ਵਰਕਰਾਂ ਨੂੰ ਲੋਕਾਂ ਦੇ ਦਿਲ ਜਿੱਤਣ ਲਈ ਪੰਜਾਬ ਨੂੰ ਨਸ਼ਾ-ਮੁਕਤ ਸੂਬਾ ਬਣਾਉਣ ਲਈ ਯਤਨਸ਼ੀਲ ਹੋਣ ਲਈ ਕਿਹਾ।
________________________________________
ਮੀਟਿੰਗ ਵਿਚ ਵਧੇਰੇ ਭਾਜਪਾ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਾਕਮ ਧਿਰ ਵੱਲੋਂ ਭਾਜਪਾ ਨੂੰ ਪੂਰਾ ਸਹਿਯੋਗ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਭਾਜਪਾ ਆਗੂ ਘੁਟਣ ਮਹਿਸੂਸ ਕਰਦੇ ਹਨ। ਕੁਝ ਆਗੂਆਂ ਨੇ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਤੋੜ ਵਿਛੋੜਾ ਕਰਨ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਚਰਚਾ ਕੀਤੀ ਗਈ। ਅਮਿਤ ਸ਼ਾਹ ਨੇ ਭਾਜਪਾ ਆਗੂਆਂ ਨੂੰ ਆਖਿਆ ਕਿ ਸੂਬੇ ਵਿਚ ਪਾਰਟੀ ਦਾ ਆਧਾਰ ਵਧੇਰੇ ਮਜ਼ਬੂਤ ਕਰਨ ਨਾਲ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਅਕਾਲੀ ਦਲ ਨਾਲ ਨਾਰਾਜ਼ਗੀਆਂ ਦੂਰ ਕਰਨ ਬਾਰੇ ਉਨ੍ਹਾਂ ਆਖਿਆ ਕਿ ਉਚ ਪੱਧਰੀ ਗੱਲਬਾਤ ਕਰਨ ਸਮੇਂ ਮਾਮਲੇ ਨੂੰ ਹੱਲ ਕਰਨ ਲਈ ਯਤਨ ਕੀਤਾ ਜਾਣਗੇ।