ਮੋਗਾ ਕਾਂਡ ਨਾਲ ਚਰਚਿਤ ਹੋਈ ਦਰਦਨਾਕ ਘਟਨਾ ਨੇ ਸਾਡੇ ਸਮਿਆਂ ਦਾ ਉਹ ਦੁਖਾਂਤ ਸਾਹਮਣੇ ਲਿਆਂਦਾ ਹੈ ਜਿਹੜਾ ਪੰਜਾਬ ਅੰਦਰ ਪਿਛਲੇ ਸਮੇਂ ਤੋਂ ਲਗਾਤਾਰ ਪਲ ਰਿਹਾ ਸੀ। ਇਸ ਘਟਨਾ ਨੇ ਸਭ ਤੋਂ ਵੱਡਾ ਸਵਾਲ ਤਾਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਉਤੇ ਲਾਇਆ ਹੈ ਜਿਸ ਦਾ ਆਪਣਾ ਬੜਾ ਸ਼ਾਨਾਂਮੱਤਾ ਇਤਿਹਾਸ ਹੈ।
ਇਸ ਇਤਿਹਾਸ ਵਿਚ ਮਜ਼ਲੂਮਾਂ ਦੇ ਹੱਕ ਵਿਚ ਡਟ ਖੜ੍ਹਨ ਵਾਲੀ ਰੀਤ ਦੀ ਇਕ ਪੂਰੀ ਦੀ ਪੂਰੀ ਲੜੀ ਜੁੜੀ ਹੋਈ ਹੈ ਜੋ ਔਖੇ ਸਮਿਆਂ ਵਿਚ ਵੀ ਕਦੀ ਨਹੀਂ ਸੀ ਟੁੱਟੀ। ਮੋਗਾ ਕਾਂਡ ਨਾਲ ਇਤਿਹਾਸ ਦੀ ਇਸ ਰੀਤ ਦੇ ਟੋਟੇ-ਟੋਟੇ ਹੋ ਗਏ ਹਨ। ਇਸ ਕਾਂਡ ਵਿਚ ਜਿਸ ਔਰਬਿਟ ਕੰਪਨੀ ਦਾ ਨਾਂ ਵੱਜਿਆ ਹੈ, ਉਹ ਇਸ ਮਹਾਨ ਜਥੇਬੰਦੀ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੈ। ਇਸ ਪ੍ਰਸੰਗ ਵਿਚ ਪਹਿਲਾ ਨੁਕਤਾ ਇਹੀ ਉਭਰਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਸਾਹਮਣੇ ਆਈ ਸਾਰੀ ਕਾਰਕਰਦਗੀ ਵੀ ਇਹੀ ਦੱਸਦੀ ਹੈ ਕਿ ਇਹ ਸ਼ਖਸ ਅਕਾਲੀ ਦਲ ਦੇ ਪ੍ਰਧਾਨ ਨਾਲੋਂ ਕਾਰੋਬਾਰੀ ਵਧੇਰੇ ਹੈ। ਸੂਬੇ ਦਾ ਹਰ ਵੱਡਾ ਕਾਰੋਬਾਰ ਹੌਲੀ-ਹੌਲੀ ਇਸ ਪ੍ਰਧਾਨ ਦੇ ਝੋਲੇ ਵਿਚ ਚਲਾ ਗਿਆ ਹੈ ਤੇ ਅੱਜ ਵੀ ਜਾ ਰਿਹਾ ਹੈ। ਅਸਲ ‘ਚ ਸਾਰੀਆਂ ਸਮੱਸਿਆਵਾਂ ਦੀਆਂ ਜੜ੍ਹਾਂ ਇਸੇ ਇਕ ਨੁਕਤੇ ਅੰਦਰ ਸਮੋਈਆਂ ਹੋਈਆਂ ਹਨ। ਇਸ ਦੀ ਗਵਾਹੀ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਜਿਸ ਦਿਨ ਤੋਂ ਔਰਬਿਟ ਬੱਸਾਂ ਆਰਜ਼ੀ ਤੌਰ ‘ਤੇ ਸੜਕ ਤੋਂ ਲਾਹੀਆਂ ਗਈਆਂ ਹਨ, ਸਰਕਾਰੀ ਬੱਸਾਂ ਦੀ ਆਮਦਨ ਵਿਚ ਬੇਅੰਤ ਵਾਧਾ ਹੋਇਆ ਹੈ ਜੋ ਲਗਾਤਾਰ ਘਾਟੇ ਵਿਚ ਚੱਲ ਰਹੀਆਂ ਹਨ। ਔਰਬਿਟ ਕੰਪਨੀ ਦੀਆਂ ਇਹ ਉਹੀ ਬੱਸਾਂ ਹਨ ਜਿਹੜੀਆਂ ਤੇਜ਼ ਰਫਤਾਰੀ ਕਾਰਨ ਕਈ ਘਰਾਂ ਦੇ ਚਿਰਾਗ ਬੁਝਾ ਚੁੱਕੀਆਂ ਹਨ, ਪਰ ਹਾਲਾਤ ਦੀ ਸਿਤਮਜ਼ਰੀਫੀ ਇਹ ਹੈ ਕਿ ਇਸ ਸਬੰਧੀ ਕਿਤੇ ਕੋਈ ਕੇਸ ਦਰਜ ਨਹੀਂ ਹੋਇਆ। ਜੇ ਕਿਤੇ ਲੋਕਾਂ ਦੇ ਦਬਾਅ ਕਾਰਨ ਅਜਿਹਾ ਹੋਇਆ ਵੀ ਹੈ ਤਾਂ ਕਾਰਵਾਈ ਨਹੀਂ ਹੋਈ। ਪਿਛਲੇ ਸਮੇਂ ਦੌਰਾਨ ਸੂਬੇ ਵਿਚ ਬੁਰਛਾਗਰਦੀ ਦੀਆਂ ਜਿੰਨੀਆਂ ਵੱਡੀਆਂ ਵਾਰਦਾਤਾਂ ਹੋਈਆਂ ਹਨ, ਉਨ੍ਹਾਂ ਵਿਚੋਂ ਬਹੁਤੀਆਂ ਦਾ ਸਿੱਧਾ ਜਾਂ ਅਸਿੱਧਾ ਸਬੰਧ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨਾਲ ਹੀ ਜੁੜਦਾ ਰਿਹਾ ਹੈ। ਇਸ ਸਿਲਸਿਲੇ ਵਿਚ ਬਿਨਾਂ ਸ਼ੱਕ ਕੁਝ ਪੇਸ਼ਬੰਦੀਆਂ ਸੰਭਵ ਸਨ ਅਤੇ ਹਰ ਹੀਲੇ ਕਰਨੀਆਂ ਬਣਦੀਆਂ ਸਨ, ਪਰ ਸੱਤਾਧਾਰੀਆਂ ਨੇ ਹਰ ਵਾਰ ਵਿਉਂਤਬੰਦੀਆਂ ਕੁਝ ਇਸ ਤਰ੍ਹਾਂ ਕੀਤੀਆਂ ਕਿ ਹਰ ਘਟਨਾ ਉਤੇ ਕੁਝ ਦਿਨ ਰੌਲਾ ਪੈਣ ਪਿਛੋਂ ਪਰਦਾ ਪੈਂਦਾ ਗਿਆ। ਬੁਰਛਾਗਰਦੀਆਂ ਦੀਆਂ ਇਹੀ ਉਹ ਲੜੀਆਂ ਸਨ, ਜਿਨ੍ਹਾਂ ਕਰ ਕੇ ਹੌਲੀ-ਹੌਲੀ ਮਾਮਲਾ ਮੋਗਾ ਕਾਂਡ ਤੱਕ ਜਾ ਅੱਪੜਿਆ ਹੈ ਅਤੇ ਆਮ ਬੰਦੇ ਦੀ ਹਾਲਤ ਚੌਰਾਹੇ ਵਿਚ ਖੜ੍ਹਨ ਵਰਗੀ ਹੋ ਕੇ ਰਹਿ ਗਈ ਹੈ।
ਇਸ ਦੁਖਾਂਤ ਤੋਂ ਤੁਰੰਤ ਬਾਅਦ ਜ਼ਿੰਮੇਵਾਰ ਹਸਤੀਆਂ ਦੀਆਂ ਜਿਹੜੀਆਂ ਕੁਝ ਗੱਲਾਂ ਸਾਹਮਣੇ ਆਈਆਂ, ਉਸ ਤੋਂ ਵੀ ਇਸ ਬੁਰਛਾਗਰਦੀ ਦੀ ਹੀ ਸੂਹ ਪੈਂਦੀ ਹੈ। ਪਹਿਲੀ ਸੱਟੇ ਤਾਂ ਕੇਂਦਰ ਸਰਕਾਰ ਵਿਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੱਸ ਦੀ ਮਾਲਕੀ ਤੋਂ ਪਾਸਾ ਵੱਟਣ ਦਾ ਯਤਨ ਕੀਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਬੱਸਾਂ ਦਾ ਜ਼ਿਕਰ ਆਉਣ ‘ਤੇ ਰਟਿਆ-ਰਟਾਇਆ ਜਵਾਬ ਹੀ ਦਿੱਤਾ ਕਿ ਉਨ੍ਹਾਂ ਦੀ ਤਾਂ ਇਸ ਬੱਸ ਕੰਪਨੀ ਅਤੇ ਸੁਖਬੀਰ ਸਿੰਘ ਬਾਦਲ ਦੇ ਹੋਰ ਕਾਰੋਬਾਰ ਵਿਚ ਕਦੀ ਕੋਈ ਦਿਲਚਦਸਪੀ ਨਹੀਂ ਰਹੀ ਹੈ। ਦੇਖਦਿਆਂ-ਦੇਖਦਿਆਂ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ ਅਤੇ ਫਿਰ ਸੂਬੇ ਦਾ ਉਪ ਮੁੱਖ ਮੰਤਰੀ ਥਾਪ ਦਿੱਤਾ ਗਿਆ, ਤੇ ਉਸ ਨੇ ਕੁਝ ਕੁ ਸਾਲਾਂ ਵਿਚ ਸੂਬੇ ਦੇ ਹਰ ਵੱਡੇ ਕਾਰੋਬਾਰ ਉਤੇ ਕਬਜ਼ਾ ਵੀ ਕਰ ਲਿਆ ਹੈ, ਫਿਰ ਵੀ ਮੁੱਖ ਮੰਤਰੀ ਨੂੰ ਆਪਣੇ ਪੁੱਤਰ ਦੇ ਕਾਰੋਬਾਰ ਵਿਚ ਕਦੀ ਕੋਈ ਦਿਲਚਸਪੀ ਨਹੀਂ ਰਹੀ ਹੈ! ਇਹ ਗੱਲ ਹੁਣ ਉਕਾ ਹੀ ਵੱਖਰੀ ਹੈ ਕਿ ਇਸ ਕਾਰੋਬਾਰ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਹਰ ਵਿਰੋਧੀ ਹਾਲਤ ਦੇ ਬਾਵਜੂਦ ਪੀੜਤ ਪਰਿਵਾਰ ਨੂੰ ਮਿਲ ਕੇ ਉਸ ਨੂੰ ਖਰੀਦ ਵੀ ਲਿਆ ਹੈ। ਉਂਜ, ਇਸ ਮਾਮਲੇ ‘ਤੇ ਥੁੜ੍ਹਾਂ ਮਾਰੇ ਇਸ ਪਰਿਵਾਰ ਨਾਲ ਕਿਸੇ ਨੂੰ ਕੋਈ ਗਿਲਾ ਨਹੀਂ ਹੋਣਾ ਚਾਹੀਦਾ। ਹੁਣ ਜਦੋਂ ਪੰਜਾਬ ਦੇ ਬਹੁਤੇ ਲੋਕ ਆਪੋ-ਆਪਣੀ ਜ਼ਮੀਰ ਸੰਦੂਕਾਂ ਅੰਦਰ ਰੱਖ ਕੇ ਵਿਕਣੇ ਲੱਗੇ ਹੋਏ ਹਨ, ਤਾਂ ਕਿਸੇ ਨੂੰ ਇਸ ਪਰਿਵਾਰ ਨਾਲ ਕੀ ਗਿਲਾ ਹੋ ਸਕਦਾ ਹੈ, ਪਰ ਇਸ ਸਾਰੇ ਸਿਲਸਿਲੇ ਵਿਚ ਇਕ ਗੱਲ ਆਖਰਕਾਰ ਨਿੱਤਰ ਆਈ ਹੈ ਕਿ ਇਸ ਘਟਨਾ ਵਿਚ ਮੌਤ ਉਸ ਨੰਨ੍ਹੀ ਜਾਨ ਦੀ ਨਹੀਂ ਹੋਈ ਹੈ, ਸਗੋਂ ਪੰਜਾਬ ਦੀ ਜ਼ਮੀਰ ਦੀ ਹੋਈ ਹੈ। ਬਾਦਲਾਂ ਦੀ ਇਹ ਬੁਰਛਾਗਰਦੀ ਅਤੇ ਚੜ੍ਹਾਈ ਇਸ ਕਰ ਕੇ ਹੀ ਸੰਭਵ ਹੋਈ ਹੈ ਕਿਉਂਕਿ ਇਨ੍ਹਾਂ ਨੂੰ ਪੰਜਾਬ ਦਾ ਹਰ ਪਿੜ ਖਾਲੀ ਮਿਲਿਆ ਹੈ ਅਤੇ ਅਗਲੇ ਇਸ ਖਾਲੀ ਪਿੜ ਵਿਚ ਲਗਾਤਾਰ ਜਿੱਤਦੇ ਚਲੇ ਗਏ ਹਨ। ਹੋਰ ਧਿਰਾਂ ਦੀ ਨਾ-ਅਹਿਲੀਅਤ ਵੀ ਇਸ ਸਮੁੱਚੇ ਮੁੱਦੇ ਨਾਲ ਡੂੰਘੀ ਜੁੜੀ ਹੋਈ ਹੈ। ਹੁਣ ਸਵਾਲ ਇਹੀ ਹੈ ਕਿ ਜੇ ਬਾਦਲ ਆਪਣਾ ਰਾਹ ਬਣਾਉਣ ਲਈ ਵਿਉਂਤ-ਦਰ-ਵਿਉਂਤ ਘੜ ਸਕਦੇ ਹਨ ਤਾਂ ਦੂਜੀਆਂ ਧਿਰਾਂ ਨੂੰ ਇਸ ਪਿੜ ਵਿਚ ਨਿਤਰਨ ਤੋਂ ਕੌਣ ਰੋਕਦਾ ਹੈ? ਅਸਲ ਵਿਚ ਬਾਦਲਾਂ ਦੀ ਜਿੱਤ-ਦਰ-ਜਿੱਤ ਵਿਚ ਦੂਜੀਆਂ ਧਿਰਾਂ ਦੀਆਂ ਹਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿੰਨੀ ਦੇਰ ਤੱਕ ਇਸ ਨੁਕਤੇ ਨੂੰ ਸਮਝਿਆ ਅਤੇ ਸੁਲਝਾਇਆ ਨਹੀਂ ਜਾਂਦਾ, ਬਾਦਲ ਆਪਣੀਆਂ ਬੱਸਾਂ ਵਾਂਗ ਇਸੇ ਤਰ੍ਹਾਂ ਦਨਦਨਾਉਂਦੇ ਰਹਿਣਗੇ। ਪੰਜਾਬੀ ਦੇ ਮਿਸਾਲੀ ਕਵੀ ਪ੍ਰੋæ ਪੂਰਨ ਸਿੰਘ ਨੇ ਕਦੀ ਵਜਦ ਵਿਚ ਆ ਕੇ ਕਿਹਾ ਸੀ ਕਿ ‘ਪੰਜਾਬ ਜੀਂਦਾ ਗੁਰਾਂ ਦੇ ਨਾਂ ਤੇ’; ਉਸ ਦੇ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਇਸੇ ਪੰਜਾਬ ਨੇ ਜੀਣ ਖਾਤਰ ਬਾਦਲਾਂ ਦੇ ਦਰਬਾਰ ਵਿਚ ਇਉਂ ਹੱਥ ਜੋੜ ਕੇ ਖੜ੍ਹ ਜਾਣਾ ਹੈ।