ਨਿੰਮਾ ਡੱਲੇਵਾਲਾ
ਪਿਉ ਦੇ ਹੱਥਾਂ ਦੀ ਸਿਰ ਉਤੇ ਛਤਰ ਛਾਇਆ ਦੁੱਖਾਂ ਦੇ ਹਾੜ੍ਹ ਦੀ ਕੜਕਦੀ ਦੁਪਹਿਰ ਦੀ ਧੁੱਪ ਦਾ ਕਦੇ ਸੇਕ ਨਹੀਂ ਲੱਗਣ ਦਿੰਦੀ ਅਤੇ ਤਕਲੀਫ ਵਾਲੀ ਬਰਸਾਤ ਦੇ ਮੀਂਹ ਦੀ ਵਾਛੜ ਦੀ ਇਕ ਬੂੰਦ ਵੀ ਔਲਾਦ ਤੱਕ ਨਹੀਂ ਅਪੜਨ ਦਿੰਦੀ। ਪਿਉ ਅਜਿਹੇ ਰੁੱਖ ਵਾਂਗ ਹੈ ਜਿਸ ਦੀ ਛਾਂ ਹੇਠਾਂ ਕਦੇ ਦਰਦਾਂ ਵਾਲੀ ਤਲਖਾਈ ਮਹਿਸੂਸ ਨਹੀਂ ਹੁੰਦੀ। ਪਿਉ ਨੂੰ ਬੱਚਿਆਂ ਵੱਲ ਆਉਣ ਵਾਲੀਆਂ ਗਰਮ ਹਵਾਵਾਂ ਰੋਕਣ ਵਾਲੀ ਚੱਟਾਨ ਵੀ ਆਖ ਸਕਦੇ ਹਾਂ। ਪਿਉ ਵਕਤ ਦੀਆਂ ਮਾਰਾਂ ਅਤੇ ਕੋੜੇ ਆਪਣੇ ਪਿੱਡੇ ਉਪਰ ਤਾਂ ਸਹਿ ਸਕਦਾ ਹੈ ਪਰ ਔਲਾਦ ਦੀ ਰੱਤੀ ਭਰ ਪੀੜ ਵੀ ਉਸ ਨੂੰ ਜਰਨੀ ਔਖੀ ਲੱਗਦੀ ਹੈ। ਧੀਆਂ ਪੁੱਤਾਂ ਦੀਆਂ ਅੱਖਾਂ ਵਿਚ ਆਇਆ ਇਕ ਅੱਥਰੂ ਵੀ ਉਸ ਨੂੰ ਸਮੁੰਦਰ ਲੱਗਦਾ ਹੈ। ਬੱਚਿਆਂ ਦੀ ਖੁਸ਼ੀ ਵਿਚੋਂ ਖੁਸ਼ੀਆਂ ਲੱਭਣ ਵਾਲੇ ਪਿਉ ਦੀ ਆਪਣੀ ਜ਼ਿੰਦਗੀ ਜਿਉਣ ਦਾ ਮਕਸਦ ਵੀ ਬੱਚੇ ਹੀ ਬਣ ਜਾਂਦੇ ਹਨ ਜਿਨ੍ਹਾਂ ਦੀਆਂ ਰੀਝਾਂ ਪੂਰੀਆਂ ਕਰਨਾ ਹੀ ਉਸ ਦੀਆਂ ਸਧਰਾਂ ਹੋ ਜਾਂਦੀਆਂ ਹਨ। ਬਾਪ ਖੇਸ ਦੀ ਅਜਿਹੀ ਬੁੱਕਲ ਹੈ ਜਿਸ ਦਾ ਨਿੱਘ ਪੋਹ-ਮਾਘ ਦੀ ਠੰਢ ਨੂੰ ਨੇੜੇ ਫਟਕਣ ਨਹੀਂ ਦਿੰਦਾ। ਪਿਉ ਉਸ ਰੁੱਖ ਦੀਆਂ ਜੜ੍ਹਾਂ ਹਨ ਜਿਸ ਦੇ ਫੁੱਲ ਅਤੇ ਫੁੱਲ ਔਲਾਦ ਹੁੰਦੀ ਹੈ,
ਹੱਥ ਪਿਉ ਦੇ ਛਾਂ ਸਵਰਗਾਂ ਦੀ,
ਇਹੋ ਆਖਣ ਲੋਕ ਸਿਆਣੇ।
ਕਿਥੋਂ ਫਸਲਾਂ ਜੰਮਣਗੇ,
ਜੇ ਪਿਉ ਨਾ ਬੀਜੂ ਦਾਣੇ।
ਪਿਉ ਪਿਹਾਵੇ ਮਾਂ ਪਕਾਵੇ,
ਤਾਈਉਂ ਖਾਣ ਨਿਆਣੇ।
ਪਿਉ ਦੇ ਲਿਆਇਆਂ, ਮਾਂ ਦੇ ਸੀਤਿਆਂ
ਫਿਰ ਕਿਤੇ ਬਣਦੇ ਬਾਣੇ।
ਸਮਝਿਉ ਜੋ ਸਮਝਾਈ ਨਿੰਮੇ,
ਗੱਲ ਗੁੰਝਲਦਾਰ ਨਿਮਾਣੇ।
ਮਾਂ ਅਤੇ ਪਿਉ ਦੋ ਅਲੱਗ ਅਲੱਗ ਅੱਖਰ ਹਨ ਜਿਨ੍ਹਾਂ ਨੂੰ ਇਕੱਠਿਆਂ ਬੋਲਣ ਨਾਲ ਇਕ ਹੋਰ ਸ਼ਬਦ ਹੋਂਦ ਵਿਚ ਆਉਂਦਾ ਹੈ-ਮਾਪੇ। ਇਹ ਅੱਖਰ ਮਾਂ ਅਤੇ ਬਾਪ ਦੋਹਾਂ ਦਾ ਇਕੋ ਰੂਪ ਹੋਣ ਦੀ ਗਵਾਹੀ ਭਰਦਾ ਹੈ। ਇਸ ਮੋਹ ਭਿੱਜੇ ਰਿਸ਼ਤੇ ਵਿਚ ਮਾਂ ਦੇ ਮੁਕਾਬਲੇ ਪਿਉ ਦਾ ਜ਼ਿਕਰ ਘੱਟ ਆਉਂਦਾ ਹੈ। ਸਮੇਂ ਸਮੇਂ ਸਿਰ ਆਏ ਕਲਮਕਾਰਾਂ ਨੇ ਵੀ ਜ਼ਿਆਦਾਤਰ ਮਾਂ ਦੀਆਂ ਸਿਫ਼ਤਾਂ ਦੇ ਹੀ ਪੁਲ ਬੰਨ੍ਹੇ ਹਨ, ਪਿਉ ਦੀ ਗੱਲ ਸਭ ਨੇ ਘੱਟ ਕੀਤੀ ਹੈ। ਕੋਈ ਹੀ ਐਸਾ ਗਾਉਣ ਵਾਲਾ ਹੋਵੇਗਾ ਜਿਸ ਨੇ ਮਾਂ ਦੇ ਮੋਹ ਦੀ ਗੱਲ ਕਰਨ ਵਾਲਾ ਗੀਤ ਨਾ ਗਾਇਆ ਹੋਵੇ ਪਰ ਦੂਜੇ ਪਾਸੇ ਕੋਈ ਹੀ ਐਸਾ ਗਾਇਕ ਹੋਵੇਗਾ ਜਿਸ ਨੇ ਪਿਉ ਦੇ ਪਿਆਰ ਨੂੰ ਦਰਸਾਉਣ ਵਾਲੀ ਗੱਲ ਕੀਤੀ ਹੋਵੇ। ਅਜਿਹਾ ਕਿਉਂ? ਕੀ ਪਿਉ ਨੂੰ ਬੱਚਿਆਂ ਨਾਲ ਮੋਹ ਨਹੀਂ ਹੁੰਦਾ? ਉਸ ਨੂੰ ਬੱਚਿਆਂ ਦੀ ਖੁਸ਼ੀ ਨਹੀਂ ਹੁੰਦੀ? ਮੰਨਿਆ, ਪਿਉ ਦੇ ਪਿਆਰ ਵਿਚ ਛਾਂਟਾ ਰੂਪੀ ਤਿੱਖਾਪਣ ਜ਼ਰੂਰ ਹੁੰਦਾ ਹੈ ਪਰ ਉਸ ਵਿਚ ਵੀ ਤਾਂ ਬੱਚਿਆਂ ਦੀ ਭਲਾਈ ਹੀ ਹੁੰਦੀ ਹੈ। ਉਂਜ ਜਦੋਂ ਕਦੇ ਕੋਈ ਖੁਦ ਪਿਉ ਬਣਦਾ ਹੈ, ਉਦੋਂ ਫਿਰ ਪਿਉ ਦੀ ਕਿਸੇ ਵਕਤ ਪਈ ਡਾਂਟ ਵੀ ਪਿਆਰ ਬਣ ਕੇ ਯਾਦ ਆਉਂਦੀ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈ।
ਪਿਉ ਔਲਾਦ ਦੀਆਂ ਲੋੜਾਂ ਪੂਰੀਆਂ ਕਰਦਾ ਹੀ ਜੀਵਨ ਯਾਤਰਾ ਪੂਰੀ ਕਰ ਜਾਂਦਾ ਹੈ। ਜ਼ਰਾ ਪੁੱਛ ਕੇ ਵੇਖੋ ਉਨ੍ਹਾਂ ਨੂੰ ਜਿਨ੍ਹਾਂ ਦੇ ਸਿਰ ਤੋਂ ਪਿਉ ਦੇ ਹੱਥਾਂ ਦੀ ਛੱਤਰੀ ਉਡ ਗਈ ਹੈ! ਪਿਉ ਦੇ ਮੋਢਿਆਂ ਵਾਲੀ ਜ਼ਿੰਮੇਵਾਰੀ ਵਾਲੀ ਪੰਜਾਲੀ ਇਕ ਵਾਰ ਤਾਂ ਫਰਜ਼ਾਂ ਵਾਲੀਆਂ ਜੰਜ਼ੀਰਾਂ ਬਣ ਜਾਂਦੀ ਹੈ। ਕਈ ਵਾਰ ਬਚਪਨ ਦਰ ਦਰ ਦੀਆਂ ਠੋਕਰਾਂ ਅਤੇ ਜਵਾਨੀ ਜ਼ਿੰਮੇਵਾਰੀਆਂ ਨਿਭਾਉਣ ਦੀ ਲੜਾਈ ਵਿਚ ਹੀ ਗੁਜ਼ਰ ਜਾਂਦੀ ਹੈ। ਜਿਸ ਦਾ ਪਿਉ ਨਹੀਂ, ਉਸ ਦੀ ਤਾਂ ਮਾਂ ਵੀ ਅਧੂਰੀ ਹੋ ਜਾਂਦੀ ਹੈ ਜਿਸ ਨੂੰ ਇਕੱਲੀ ਨੂੰ ਹੀ ਪਹਾੜ ਵਰਗੀ ਜ਼ਿੰਦਗੀ ਨਾਲ ਟਕਰਾਉਣਾ ਪੈਂਦਾ ਹੈ। ਪਿਉ ਬਾਝੋਂ ਭਰੀ ਜਵਾਨੀ ਠੋਕਰਾਂ ਵੱਸ ਪੈ ਜਾਂਦੀ ਹੈ ਜੋ ਮੁੜ ਮੁੜ ਪਿਉ ਦੀ ਯਾਦ ਦਿਲ ਦੇ ਵਿਹੜੇ ਲੈ ਆਉਂਦੀ ਹੈ,
ਦੱਸੋ ਪਿਉ ਦਿਆਂ ਫਰਜ਼ਾਂ ਨੂੰ,
ਕਿਹਨੇ ਕਦੋਂ ਨਿਭਾਇਆ।
ਭਾਵੇਂ ਲੱਖ ਜਿਉਂਦਾ ਹੋਵੇ,
ਮਾਮਾ, ਚਾਚਾ, ਤਾਇਆ।
ਉਦੋਂ ਹੀ ਲੱਗਦਾ ਪਤਾ ਬੇਲੀਉ,
ਇਥੇ ਆਪਣਾ ਕੌਣ ਪਰਾਇਆ।
ਜਦੋਂ ਭੀਖ ਵੀ ਮੰਗਿਆ ਨਾ ਮਿਲਦੀ,
ਕਿਸੇ ਅੱਗੇ ਹੱਥ ਫੈਲਾਇਆ।
ਰੱਬ ਕਰੇ ਕਿਸੇ ਸਿਰ ਤੋਂ ਨਾ,
ਉਠੇ ਪਿਉ ਦੇ ਹੱਥ ਦਾ ਸਾਇਆ।
‘ਕੱਲੀ ਮਾਂ ਨਹੀਂ ਪਿਉ ਵੀ ਨਿੰਮਿਆ।
ਹੈ ਮੋਹ ਮਮਤਾ ਦੀ ਮਾਇਆ।
ਅਗਰ ਮਾਂ ਦੀ ਮਮਤਾ ਵਿਚ ਸੁੱਚਮ ਹੈ ਤਾਂ ਪਿਉ ਦੇ ਫਖ਼ਰ ਵਿਚ ਵੀ ਇਕ ਉਚਮ ਹੈ। ਅਗਰ ਮਾਂ ਬੱਚੇ ਨੂੰ ਲੋਰੀਆਂ ਦੇ ਕੇ ਸੁਲਾਉਂਦੀ ਤੇ ਬੋਲਣਾ ਸਿਖਾਉਂਦੀ ਹੈ ਤਾਂ ਪਿਉ ਵੀ ਬੱਚੇ ਨੂੰ ਉਂਗਲ ਫੜਾ ਕੇ ਤੁਰਨਾ ਸਿਖਾਉਂਦਾ ਹੈ ਤੇ ਮੋਢੇ ‘ਤੇ ਬਿਠਾ ਕੇ ਝੂਟੇ ਦਿੰਦਾ ਹੈ। ਔਲਾਦ ਵੱਡੀ ਹੋ ਕੇ ਭਾਵੇਂ ਲੱਖ ਕਾਰਾਂ ਤੇ ਜਹਾਜ਼ਾਂ ਦੇ ਝੂਟੇ ਲਵੇ ਪਰ ਪਿਉ ਦੀਆਂ ਲੱਤਾਂ ਫੜ ਕੇ ਲਏ ਸੁਹਾਗੇ ਦੇ ਝੂਟੇ ਵੀ ਕਦੇ ਨਹੀਂ ਭੁਲਦੇ। ਉਂਜ, ਕਈ ਵਾਰ ਜਵਾਨ ਪੁੱਤ ਅਤੇ ਪਿਉ ਵਿਚਕਾਰ ਮੱਠੀ ਜਿਹੀ ਸ਼ਰੀਕੇਬਾਜ਼ੀ ਪੈਦਾ ਹੋ ਜਾਂਦੀ ਹੈ। ਇਸ ਨੂੰ ਪੀੜ੍ਹੀ ਦੀ ਸੋਚ ਦਾ ਅੰਤਰ ਕਹਿ ਸਕਦੇ ਹਾਂ। ਇਸ ਦਾ ਇਕ ਕਾਰਨ ਜਿਸ ਤੋਂ ਮੈਂ ਵੀ ਵਾਕਫ ਹਾਂ, ਉਹ ਹੈ ਪੁੱਤ ਦਾ ਵਿਹਲਾ ਤੇ ਨਿਕੰਮਾਪਣ ਜਾਂ ਉਸ ਦੀ ਗਲਤ ਸੰਗਤ। ਇਹ ਗੱਲ ਕਿਸੇ ਵੀ ਪਿਉ ਨੂੰ ਚੰਗੀ ਨਹੀਂ ਲੱਗੇਗੀ।
ਪਿਉ ਤਾਂ ਸਬਰ ਸੰਤੋਖ ਦੀ ਉਹ ਮੂਰਤ ਹੈ ਜਿਸ ਦੀ ਤੁਲਨਾ ਮੰਦਰ ਅੰਦਰ ਪਈ ਮੂਰਤ ਨਾਲ ਕਰ ਸਕਦੇ ਹਾਂ। ਪਿਉ ਆਪਣੇ ਪਜਾਮੇ ਨੂੰ ਲੱਗੀਆਂ ਟਾਕੀਆਂ ਵੀ ਪੁੱਤ ਦੇ ਜੀਨ ਪਾਈ ਵੇਖ ਕੇ ਭੁੱਲ ਜਾਂਦਾ ਹੈ। ਪਿਉ ਸਕੂਲਾਂ-ਕਾਲਜਾਂ ਦੀਆਂ ਫੀਸਾਂ ਭਰਦਾ ਅਤੇ ਕੋਰਸ ਵੀ ਕਰਵਾਉਂਦਾ ਹੈ। ਲੱਖਾਂ ਰੁਪਏ ਲਾ ਕੇ ਵਿਦੇਸ਼ ਵੀ ਘੱਲਦਾ ਹੈ ਪਰ ਕਦੇ ਹਿਸਾਬ ਨਹੀਂ ਮੰਗਦਾ! ਆਪ ਸਾਰੀ ਜ਼ਿੰਦਗੀ ਸਾਇਕਲ ‘ਤੇ ਕੱਢ ਲੈਂਦਾ ਹੈ ਪਰ ਪੁੱਤ ਨੂੰ ਮੋਟਰਸਾਇਕਲ ਜ਼ਰੂਰ ਲੈ ਦਿੰਦਾ ਹੈ। ਆਪ ਤਾਂ ਉਹ ਮੱਛਰਦਾਨੀ ਲਾ ਕੇ ਡੰਗਰਾਂ ਦੇ ਬਾੜੇ (ਹਵੇਲੀ) ਸੌਣਾ ਮਨਜ਼ੂਰ ਕਰ ਲੈਂਦਾ ਪਰ ਪੁੱਤ ਦੀ ਬੈਠਕ ਵਿਚ ਪੱਖਾ ਜ਼ਰੂਰ ਹੁੰਦਾ ਹੈ। ਪਿਉ ਸਾਨੂੰ ਪੁੱਤਾਂ ਵਾਂਗ ਨਹੀਂ, ਰੁੱਖਾਂ ਵਾਂਗ ਪਾਲਦਾ ਹੈ। ਸਾਡੀ ਹਰ ਜ਼ਰੂਰਤ ਦਾ ਖਿਆਲ ਰੱਖਦਾ ਹੈ, ਉਹ ਵੀ ਬਿਨਾਂ ਕਿਸੇ ਲਾਲਚ ਤੋਂ। ਔਲਾਦ ਦੇ ਦੁੱਖ ਦੀ ਤਕਲੀਫ਼ ਮਾਂ ਦੇ ਨੈਣਾਂ ਵਿਚੋਂ ਅੱਥਰੂ ਬਣ ਛਲਕ ਪੈਂਦੀ ਹੈ ਪਰ ਪਿਉ ਉਨ੍ਹਾਂ ਹੰਝੂਆਂ ਨੂੰ ਅੰਦਰੇ-ਅੰਦਰ ਪੀ ਜਾਂਦਾ ਹੈ ਜੋ ਕਿਸੇ ਨੂੰ ਮਹਿਸੂਸ ਨਹੀਂ ਹੁੰਦੇ। ਇਸੇ ਲਈ ਆਖਦਾ ਹਾਂ ਕਿ,
ਮਾਂ ਦੀਆਂ ਪਹਿਲਾਂ ਕਰ ਲਈਆਂ,
ਪਰ ਅੱਜ ਗੱਲ ਪਿਉ ਦੇ ਪੱਖ ਦੀ ਕਰਾਂ।
ਨਾ ਕੁਫਰ ਕੋਈ ਵੀ ਤੋਲਿਆ ਮੈਂ,
ਗੱਲ ਸੋਲਾਂ ਆਨੇ ਸੱਚ ਦੀ ਕਰਾਂ।
ਪਿਉ ਵਾਂਝਾ ਲੋਕੋ ਜਿਸ ਹੱਕ ਤੋਂ,
ਗੱਲ ਉਸੇ ਪਿਉ ਦੇ ਹੱਕ ਦੀ ਕਰਾਂ।
ਮੁੱਲ ਭਾਵੇਂ ਕੌਡੀ ਪਾਵੇ ਕੋਈ,
ਪਰ ਮੈਂ ਤਾਂ ਪੂਰੇ ਲੱਖ ਦੀ ਕਰਾਂ।
ਅੱਜ ਗੱਲ ਪਿਉ ਦੇ ਪੱਖ ਦੀ ਕਰਾਂ।
Leave a Reply