ਮੋਗਾ ਕਾਂਡ: ਬਾਦਲ ਪਰਿਵਾਰ ਦੀ ‘ਲੋਕ ਸੇਵਾ’ ਖਿਲਾਫ ਵਿਆਪਕ ਲਾਮਬੰਦੀ

ਚੰਡੀਗੜ੍ਹ: ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਦੀ ਚੱਲਦੀ ਬੱਸ ਵਿਚ ਛੇੜਛਾੜ ਤੋਂ ਬਾਅਦ ਧੱਕਾ ਮਾਰਨ ਕਾਰਨ ਨਾਬਾਲਗ ਦੀ ਹੋਈ ਮੌਤ ਪਿੱਛੋਂ ਹੁਕਮਰਾਨ ਪਰਿਵਾਰ ਨੂੰ ਸਿਆਸੀ ਪਾਰਟੀਆਂ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਚੁਫੇਰਿਓਂ ਘੇਰ ਲਿਆ ਹੈ।

ਪੰਜਾਬ ਕਾਂਗਰਸ ਨੇ ਮੋਗਾ ਬੱਸ ਕਾਂਡ ਦੇ ਮੁੱਦੇ ਉਤੇ ਅਕਾਲੀ ਭਾਜਪਾ ਸਰਕਾਰ ਵਿਰੁੱਧ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਰੇਲਾਂ ਰੋਕਣ ਤੋਂ ਬਾਅਦ ਸਾਰੀਆਂ ਧਿਰਾਂ ਨੂੰ ਬਾਦਲ ਪਰਿਵਾਰ ਖਿਲਾਫ ਇਕ ਮੰਚ ‘ਤੇ ਖੜ੍ਹੇ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਹੈ। ਕਾਂਗਰਸ ਪਾਰਟੀ ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਨੇ ਮੋਗਾ ਬੱਸ ਕਾਂਡ ਨੂੰ ਲੈ ਕੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ ਤੇ ਮਾਫੀਆ ਹੀ ਸਰਕਾਰ ਚਲਾ ਰਿਹਾ ਹੈ। ਉਨ੍ਹਾਂ ਉਪ ਮੁੱਖ ਮੰਤਰੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋਂ ਬੱਸ ਕੰਪਨੀ ਬਾਰੇ ਅਗਿਆਨਤਾ ਜ਼ਾਹਰ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੰਸਦ ਵਿਚ ਵੀ ਗੂੰਜ ਸੁਣਾਈ ਦਿੱਤੀ ਹੈ। ਕਾਂਗਰਸ, ਆਮ ਆਦਮੀ ਪਾਰਟੀ, ਖੱਬੀਆਂ ਪਾਰਟੀਆਂ ਨੇ ਕੰਪਨੀ ਦੇ ਮਾਲਕ ਵਿਰੁੱਧ ਫੌਜਦਾਰੀ ਕੇਸ ਦਰਜ ਕਰਨ ਉਤੇ ਜ਼ੋਰ ਦਿੱਤਾ ਹੈ। ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਕਾਂਗਰਸ ਵਿਧਾਇਕਾਂ ਦੇ ਧਰਨੇ ਸਮੇਂ ਮੰਗ ਕੀਤੀ ਸੀ ਕਿ ਉਪ ਮੁੱਖ ਮੰਤਰੀ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਜਾਵੇ। ਕਿਸਾਨਾਂ ਤੇ ਔਰਬਿਟ ਕੰਪਨੀ ਦੇ ਮੁੱਦੇ ਉਤੇ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਮੈਦਾਨ ਵਿਚ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਵੀ ਅਕਾਲੀ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੇਕਰ ਸਰਕਾਰ ਦਾ ਇਕ ਕੰਪਨੀ ਦੀਆਂ ਬੱਸਾਂ ਉਤੇ ਕੰਟਰੋਲ ਨਹੀਂ ਹੈ ਤੇ ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਉਤੇ ਸਰਕਾਰ ਦਾ ਕੰਟਰੋਲ ਨਹੀਂ ਹੈ। ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁੰਡਾਗਰਦੀ ਦਾ ਰਾਜ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਕਰੇ।
ਉਧਰ ਲਿਬਰੇਸ਼ਨ ਵੱਲੋਂ ਔਰਬਿਟ ਬੱਸ ਕੰਪਨੀ ਖਿਲਾਫ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਇਸ ਕੰਪਨੀ ਦੀਆਂ ਬੱਸਾਂ ਦਾ ਘਿਰਾਓ ਕੀਤਾ। ਲਿਬਰੇਸ਼ਨ ਆਗੂਆਂ ਦੇ ਇਸ ਘਿਰਾਓ ਦੌਰਾਨ ਪੀæਆਰæਟੀæਸੀ ਤੇ ਹੋਰ ਪ੍ਰਾਈਵੇਟ ਕੰਪਨੀਆਂ ਨੂੰ ਆਉਣ-ਜਾਣ ਦੀ ਖੁੱਲ੍ਹ ਦਿੱਤੀ ਗਈ। ਇਸੇ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਗਾ ਨੇੜੇ ਵਾਪਰੇ ਇਸ ਘਿਨਾਉਣੀ ਘਟਨਾ ਦੇ ਵਿਰੋਧ ਵਿਚ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ-ਪਿੰਡ ਵਿਆਪਕ ਰੋਸ ਰੈਲੀਆਂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਮੰਗ ਕੀਤੀ ਹੈ ਕਿ ਇਸ ਕਤਲ ਕਾਂਡ ਦੇ ਦੋਸ਼ੀਆਂ ਵਿਚ ਆਮ ਦੁਰਘਟਨਾਵਾਂ ਵਾਂਗ ਔਰਬਿਟ ਬੱਸ ਦੇ ਮਾਲਕ ਸੁਖਬੀਰ ਸਿੰਘ ਬਾਦਲ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਔਰਬਿਟ ਬੱਸਾਂ ਦੇ ਸਾਰੇ ਰੂਟ-ਪਰਮਿਟ ਕੈਂਸਲ ਕੀਤੇ ਜਾਣੇ ਚਾਹੀਦੇ ਹਨ ਤੇ ਰੂਟਾਂ ਦੀ ਵਧੀ ਹੋਈ ਗਿਣਤੀ ਦੀ ਸੀæਬੀæਆਈ ਪਾਸੋਂ ਪੜਤਾਲ ਹੋਣੀ ਚਾਹੀਦੀ ਹੈ।
_____________________________________
ਭਾਜਪਾ ਵਲੋਂ ਬਾਦਲਾਂ ਉਤੇ ਗੁੱਝੇ ਹਮਲੇ
ਅੰਮ੍ਰਿਤਸਰ: ਮੋਗਾ ਬੱਸ ਕਾਂਡ ਨੂੰ ਲੈ ਕੇ ਜਿਥੇ ਵਿਰੋਧੀ ਧਿਰਾਂ ਨੇ ਬਾਦਲ ਪਰਿਵਾਰ ਨੂੰ ਘੇਰਿਆ ਹੋਇਆ ਹੈ ਉਥੇ ਅਕਾਲੀ ਦਲ ਦੀ ਭਾਈਵਾਲ ਭਾਜਪਾ ਵੀ ਅਕਾਲੀਆਂ ਨੂੰ ਘੇਰਨ ਵਿਚ ਪਿੱਛੇ ਨਹੀਂ ਹੈ। ਭਾਜਪਾ ਦੀ ਮੁੱਖ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਨੇ ਬਾਦਲ ਪਰਿਵਾਰ ਵੱਲੋਂ ਚਲਾਈ ਜਾ ਰਹੀ ਔਰਬਿਟ ਬੱਸ ਸਰਵਿਸ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਇਸ ਦੀ ਮੁਕੰਮਲ ਜਾਂਚ ਕਰਾਉਣ ਲਈ ਕਿਹਾ ਹੈ। ਬਾਦਲ ਪਰਿਵਾਰ ਨੂੰ ਘੇਰਦਿਆਂ ਉਨ੍ਹਾਂ ਆਖਿਆ ਕਿ ਬੱਸ ਕੰਪਨੀ ਦਾ ਮਾਲਕ ਕੋਈ ਵੀ ਹੋਵੇ ਪਰ ਕਾਨੂੰਨ ਸਾਰਿਆਂ ਲਈ ਇਕ ਸਮਾਨ ਹੈ। ਉਨ੍ਹਾਂ ਦਿੱਲੀ ਵਿਚ ਕਾਰ ਵਿਚ ਛੇੜਖਾਨੀ ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਸਬੰਧਤ ਕੈਬ ਸਰਵਿਸ ਨੂੰ ਮੁਕੰਮਲ ਤੌਰ ਉਤੇ ਬੰਦ ਕਰ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ ਵਿਚ ਵੀ ਹੋਣਾ ਚਾਹੀਦਾ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਡਾæ ਸਿੱਧੂ ਵੱਲੋਂ ਦਿੱਤੇ ਬਿਆਨ ਬਾਰੇ ਆਖਿਆ ਕਿ ਦਿੱਲੀ ਦਾ ਉਬੇਰ ਮਾਮਲਾ ਵੱਖਰਾ ਸੀ ਤੇ ਕਿਸੇ ਇਕ ਥਾਂ ਵਾਪਰੀ ਘਟਨਾ ਕਾਰਨ ਸਮੁੱਚੀ ਸੇਵਾ ਨੂੰ ਬੰਦ ਨਹੀਂ ਕੀਤਾ ਜਾ ਸਕਦਾ।
________________________________________
ਔਰਬਿਟ ਕਾਂਡ ਨਾਲ ਗੂੰਜੀ ਲੋਕ ਸਭਾ
ਨਵੀਂ ਦਿੱਲੀ: ਮੋਗਾ ਕਾਂਡ ਦਾ ਮਾਮਲਾ ਲੋਕ ਸਭਾ ਵਿਚ ਵੀ ਗੂੰਜਿਆ। ਕਾਂਗਰਸ ਨੇ ਜਿਥੇ ਔਰਬਿਟ ਉਤੇ ਪਾਬੰਦੀ ਮੰਗ ਕੀਤੀ ਉਥੇ ਇਸ ਬੱਸ ਕੰਪਨੀ ਵੱਲੋਂ ਕੀਤੀਆਂ ਜਾ ਰਹੀਆਂ ਨਾਜਾਇਜ਼ ਕਾਰਵਾਈਆਂ ਦੀ ਜਾਂਚ ਸਾਂਝੀ ਪਾਰਲੀਮਾਨੀ ਕਮੇਟੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਸਦਨ ਵਿਚ ਕੰਮ ਰੋਕੂ ਮਤਾ ਪੇਸ਼ ਕਰਨ ਦੌਰਾਨ ਮਾਮਲਾ ਚੁੱਕਦਿਆਂ ਔਰਬਿਟ ਉਤੇ ਉਸੇ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਜਿਵੇਂ ਦਿੱਲੀ ਵਿਚ ਉਬੇਰ ਟੈਕਸੀ ਸੇਵਾ ‘ਤੇ ਲਗਾਈ ਗਈ ਹੈ। ਉਨ੍ਹਾਂ ਸਪੀਕਰ ਨੂੰ ਕਿਹਾ ਕਿ ਉਹ ਇਕ ਸਾਂਝੀ ਪਾਰਲੀਮਾਨੀ ਕਮੇਟੀ ਬਣਾ ਕੇ ਪੰਜਾਬ ਭੇਜੀ ਜਾਵੇ ਤੇ ਇਸ ਘਟਨਾ ਦੇ ਨਾਲ-ਨਾਲ ਔਰਬਿਟ ਦੇ ਡਰਾਈਵਰਾਂ ਦੀਆਂ ਅਪਰਾਧਿਕ ਕਾਰਵਾਈਆਂ ਦੀ ਜਾਂਚ ਵੀ ਕਰੇ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦੀਆਂ ਬੱਸਾਂ ਨੇ ਸੜਕਾਂ ਉਤੇ ਦਹਿਸ਼ਤ ਪੈਦਾ ਕੀਤੀ ਹੋਈ ਹੈ।
______________________________________
ਇਸ ਤਰ੍ਹਾਂ ਵਾਪਰੀ ਸੀ ਘਟਨਾæææ
ਪਿੰਡ ਲੰਢੇਕੇ ਦੀ ਛਿੰਦਰ ਕੌਰ ਆਪਣੀ ਧੀ ਅਰਸ਼ਦੀਪ ਕੌਰ ਤੇ ਪੁੱਤਰ ਅਕਾਸ਼ਦੀਪ ਸਿੰਘ ਸਮੇਤ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਬੱਸ ਵਿਚ ਮੋਗੇ ਤੋਂ ਚੜ੍ਹੀ ਸੀ। ਛਿੰਦਰ ਕੌਰ ਮੁਤਾਬਕ ਕੁਝ ਸਮੇਂ ਬਾਅਦ ਕੰਡਕਟਰ ਤੇ ਹੈਲਪਰ ਨੇ ਉਨ੍ਹਾਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਜਦੋਂ ਬੱਸ ਟੌਲ ਪਲਾਜ਼ਾ ਉਤੇ ਰੁਕੀ ਤਾਂ ਕੰਡਕਟਰ ਦਾ ਇਕ ਜਾਣਕਾਰ ਬੱਸ ਵਿਚ ਚੜ੍ਹਿਆ। ਫਿਰ ਤਿੰਨੇ ਉਸ ਦੀ ਧੀ ਨੂੰ ਪ੍ਰੇਸ਼ਾਨ ਕਰਨ ਲੱਗ ਪਏ। ਕੰਡਕਟਰ ਨੇ ਆਪਣੇ ਦੋ ਸਹਿਯੋਗੀਆਂ ਨਾਲ ਪਿੰਡ ਗਿੱਲ ਨੇੜੇ ਮਾਂ-ਧੀ ਨੂੰ ਧੱਕਾ ਮਾਰ ਕੇ ਚਲਦੀ ਬੱਸ ਵਿਚੋਂ ਹੇਠਾਂ ਸੁੱਟ ਦਿੱਤਾ ਜਦ ਕਿ ਉਸ ਦਾ ਪੁੱਤਰ ਅਕਾਸ਼ਦੀਪ ਬੱਸ ਵਿਚ ਹੀ ਸੀ। ਘਟਨਾ ਵੇਲੇ ਬੱਸ ਵਿਚ 10 ਤੋਂ 20 ਤੱਕ ਸਵਾਰੀਆਂ ਸਨ। ਡੀæਜੀæਪੀæ ਸੁਮੇਧ ਸੈਣੀ ਦਾ ਕਹਿਣਾ ਹੈ ਕਿ ਇਹ ਔਰਬਿਟ ਬੱਸ ਕੰਪਨੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੀ ਹੈ, ਪਰ ਉਹ ਇਸ ਘਟਨਾ ਲਈ ਬੱਸ ਕੰਪਨੀ ਮਾਲਕਾਂ ਵਿਰੁੱਧ ਕਾਰਵਾਈ ਨਹੀਂ ਕਰ ਸਕਦੇ।