ਦਹਿਸ਼ਤ ਦਾ ਦੂਜਾ ਨਾਂ ਹੈ ਬਾਦਲਾਂ ਦੀ ਔਰਬਿਟ

ਚੰਡੀਗੜ੍ਹ: ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਦੀਆਂ ਬੱਸਾਂ ਦੀ ਪੰਜਾਬ ਵਿਚ ਦਹਿਸ਼ਤ ਹੈ। ਮੋਗਾ ਕਾਂਡ ਤੋਂ ਪਹਿਲਾਂ ਵੀ ਇਨ੍ਹਾਂ ਬੱਸਾਂ ਦੇ ਕਰਿੰਦੇ ਕਿਸੇ ਨਾ ਕਿਸੇ ਕਾਰਨ ਸਵਾਰੀਆਂ ਜਾਂ ਹੋਰ ਕੰਪਨੀਆਂ ਦੇ ਬੱਸ ਡਰਾਈਵਰਾਂ ਨਾਲ ਉਲਝਦੇ ਆਏ ਹਨ ਪਰ ਪੁਲਿਸ ਸਬੂਤ ਹੋਣ ਦੇ ਬਾਵਜੂਦ ਇਸ ਕੰਪਨੀ ਖਿਲਾਫ ਕਾਰਵਾਈ ਤੋਂ ਟਲਦੀ ਰਹੀ ਹੈ।

ਕਈ ਮੌਕਿਆਂ ਉਤੇ ਔਰਬਿਟ ਮੁਲਾਜ਼ਮਾਂ ਵੱਲੋਂ ਲੋਕਾਂ ਨਾਲ ਕੁੱਟਮਾਰ ਕਰਨ ਜਾਂ ਕਿਸੇ ਦੀ ਗੱਡੀ ਨੂੰ ਟੱਕਰ ਮਾਰਨ ਉਪਰੰਤ ਵੀ ਪੁਲਿਸ ਨੇ ਔਰਬਿਟ ਮੁਲਾਜ਼ਮਾਂ ਦਾ ਹੀ ਪੱਖ ਪੂਰਿਆ। ਔਰਬਿਟ ਬੱਸਾਂ ਵਿਚ ਡਰਾਈਵਰ ਤੇ ਕੰਡਕਟਰ ਤੋਂ ਇਲਾਵਾ ਚਾਰ-ਪੰਜ ਬਹੁਬਲੀ ਹੁੰਦੇ ਹਨ ਜਿਹੜੇ ਸਵਾਰੀਆਂ ਨੂੰ ਕੁਸਕਣ ਨਹੀਂ ਦਿੰਦੇ। ਪਿਛਲੇ ਸਾਲ 21 ਅਪਰੈਲ ਨੂੰ ਇਕ ਘਟਨਾ ਵਿਚ ਔਰਬਿਟ ਬੱਸ ਦੇ ਕਰਿੰਦਿਆਂ ਨੇ ਕਪੂਰਥਲਾ ਤੋਂ ਬਠਿੰਡਾ ਜਾਣ ਵਾਲੀ ਪੈਪਸੂ ਰੋਡਵੇਜ਼ ਦੀ ਬੱਸ ਨੂੰ ਜਲੰਧਰ ਦੇ ਪੀæਏæਪੀæ ਚੌਂਕ ਵਿਚ ਆ ਕੇ ਘੇਰ ਲਿਆ ਸੀ। ਪੈਪਸੂ ਰੋਡਵੇਜ਼ ਦੀ ਬੱਸ ਵਿਚ ਬੈਠੀਆਂ ਸਾਰੀਆਂ ਸਵਾਰੀਆਂ ਨੂੰ ਧੱਕੇ ਨਾਲ ਲਾਹ ਕੇ ਔਰਬਿਟ ਬੱਸ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ ਸੀ। ਪੀæਆਰæਟੀæਸੀæ ਦੇ ਡਰਾਈਵਰ ਤੇ ਕੰਡਕਟਰ ਨੇ ਜਦੋਂ ਇਸ ਧੱਕੇਸ਼ਾਹੀ ਵਿਰੁੱਧ ਪੁਲਿਸ ਕੰਟਰੋਲ ਰੂਮ ਵਿਚ ਫੋਨ ਕੀਤਾ ਤਾਂ ਕੋਈ ਵੀ ਪੁਲਿਸ ਵਾਲਾ ਉਨ੍ਹਾਂ ਦੀ ਮਦਦ ਲਈ ਨਹੀਂ ਸੀ ਪਹੁੰਚਿਆ।
ਪੰਜਾਬ ਸਰਕਾਰ ਵੱਲੋਂ ਔਰਬਿਟ ਬੱਸਾਂ ਨੂੰ ਅੱਡਿਆਂ ਉਤੇ ਸਵਾਰੀਆਂ ਚੁੱਕਣ ਲਈ ਖੁੱਲ੍ਹਾ ਸਮਾਂ ਦਿੱਤਾ ਜਾਂਦਾ ਹੈ। ਬੱਸ ਅੱਡੇ ਉਤੇ ਕੋਈ ਵੀ ਬੱਸ ਇੰਨਾ ਸਮਾਂ ਨਹੀਂ ਖੜ੍ਹਦੀ ਜਿੰਨਾਂ ਸਮਾਂ ਔਰਬਿਟ ਬੱਸਾਂ ਨੂੰ ਮਿਲਦਾ ਹੈ। ਨਤੀਜੇ ਵਜੋਂ ਪੀæਆਰæਟੀæਸੀæ ਤੇ ਹੋਰ ਪ੍ਰਾਈਵੇਟ ਬੱਸਾਂ ਨੂੰ ਵੱਡੀ ਮਾਰ ਝੱਲਣੀ ਪੈਂਦੀ ਹੈ ਤੇ ਵੀæਆਈæਪੀæ ਬੱਸਾਂ ਭਰ ਕੇ ਚੱਲਦੀਆਂ ਹਨ। ਰਿਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਵੱਲੋਂ ਬਣਾਏ ਟਾਈਮ ਟੇਬਲ ਦੀ ਮਿਆਦ 31 ਦਸੰਬਰ 2012 ਨੂੰ ਲੰਘ ਚੁੱਕੀ ਹੈ ਪਰ ਹਾਲੇ ਵੀ ਉਹੀ ਟਾਈਮ ਟੇਬਲ ਚੱਲ ਰਿਹਾ ਹੈ। ਔਰਬਿਟ ਤੇ ਡੱਬਵਾਲੀ ਬੱਸ ਕੰਪਨੀ ਦੇ ਲੁਧਿਆਣਾ, ਜਲੰਧਰ ਤੇ ਸੰਗਰੂਰ ਲਈ ਤਕਰੀਬਨ 34 ਰੂਟ ਬਠਿੰਡਾ ਤੋਂ ਚੱਲਦੇ ਹਨ, ਪਟਿਆਲਾ, ਚੰਡੀਗੜ੍ਹ ਰੂਟ ਵੱਖਰੇ ਹਨ।
ਔਰਬਿਟ ਬੱਸ ਕੰਪਨੀ ਨੂੰ ਹਮੇਸ਼ਾਂ ਸਰਕਾਰੀ ਛੱਤਰੀ ਦੀ ਛਾਂ ਰਹੀ ਹੈ। ਇਸ ਬੱਸ ਕੰਪਨੀ ਦੀ ਬਠਿੰਡਾ ਵਿਚ ਵੱਡੀ ਵਰਕਸ਼ਾਪ ਬਣੀ ਹੋਈ ਹੈ, ਜਿਥੇ ਪੁਲਿਸ ਦਾ ਕਾਫੀ ਲੰਮਾ ਸਮਾਂ ਪਹਿਰਾ ਵੀ ਰਿਹਾ ਹੈ। ਜ਼ਿਲ੍ਹਾ ਪੁਲਿਸ ਨੇ ਵਰਕਸ਼ਾਪ ਦੀ ਸੁਰੱਖਿਆ ਲਈ ਅੱਠ ਸਿਪਾਹੀ ਤੇ ਦੋ ਹੌਲਦਾਰਾਂ ਤਾਇਨਾਤ ਕੀਤੀ ਹੋਏ ਸਨ। ਹੁਣ ਪੁਲਿਸ ਨੇ ਇਹ ਸੁਰੱਖਿਆ ਗਾਰਦ ਵਾਪਸ ਬੁਲਾ ਲਈ ਹੈ। ਪਤਾ ਲੱਗਿਆ ਹੈ ਕਿ ਪ੍ਰਾਈਵੇਟ ਸੁਰੱਖਿਆ ਪਹਿਰਾ ਲਗਾਇਆ ਹੋਇਆ ਹੈ। ਵੇਰਵਿਆਂ ਅਨੁਸਾਰ ਪੀæਆਰæਟੀæਸੀæ ਵੱਲੋਂ ਬਠਿੰਡਾ ਦੇ ਬੱਸ ਅੱਡੇ ਵਿਚ ਔਰਬਿਟ ਕੰਪਨੀ ਨੂੰ ਇਕ ਪ੍ਰਾਈਵੇਟ ਕੈਬਿਨ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪੰਜਾਬ ਵਿਚ ਜਦੋਂ ਵੀ ਹਿੰਸਾ ਹੋਈ ਤਾਂ ਪੁਲਿਸ ਨੇ ਸਭ ਤੋਂ ਪਹਿਲਾਂ ਇਸ ਬੱਸ ਕੰਪਨੀ ਦੀਆਂ ਬੱਸਾਂ ਦੀ ਹਿਫ਼ਾਜ਼ਤ ਕੀਤੀ। ਇਕ ਵਾਰ ਭਾਜਪਾ ਵਰਕਰਾਂ ਨੇ ਗੁੱਸੇ ਵਿਚ ਆ ਕੇ ਬਠਿੰਡਾ ਦੇ ਬੱਸ ਅੱਡੇ ਦੇ ਬਾਹਰ ਔਰਬਿਟ ਬੱਸ ਭੰਨ ਦਿੱਤੀ ਸੀ। ਡੇਰਾ ਸਿਰਸਾ ਦੇ ਵਿਵਾਦ ਸਮੇਂ ਮੋਗਾ ਤੇ ਤਪਾ ਵਿਚ ਔਰਬਿਟ ਕੰਪਨੀ ਦੀ ਬੱਸ ਭੰਨ ਦਿੱਤੀ ਗਈ ਸੀ। ਉਦੋਂ ਮੁਹਾਲੀ, ਬਰਨਾਲਾ ਤੇ ਬਠਿੰਡਾ ਦੀ ਪੁਲਿਸ ਲਾਈਨ ਵਿਚ ਔਰਬਿਟ ਬੱਸਾਂ ਨੂੰ ਪੁਲਿਸ ਪਹਿਰੇ ਹੇਠ ਰੱਖਿਆ ਸੀ। ਡੇਰਾ ਸਿਰਸਾ ਵਿਵਾਦ ਸਮੇਂ ਪੰਜਾਬ ਵਿਚ 33 ਸਰਕਾਰੀ ਬੱਸਾਂ ਤੇ 32 ਪ੍ਰਾਈਵੇਟ ਬੱਸਾਂ ਸਾੜੀਆਂ ਗਈਆਂ ਸਨ। ਇਸ ਤੋਂ ਇਲਾਵਾ 57 ਪ੍ਰਾਈਵੇਟ ਹੋਰ ਵਾਹਨ ਸਾੜੇ ਗਏ ਸਨ। ਉਦੋਂ ਤਿੰਨ ਦਿਨ ਇਸ ਕੰਪਨੀ ਦੀਆਂ ਬੱਸਾਂ ਚੱਲੀਆਂ ਹੀ ਨਹੀਂ ਸਨ। ਇਕ ਵਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਔਰਬਿਟ ਬੱਸਾਂ ਘੇਰਨ ਦਾ ਐਲਾਨ ਕੀਤਾ ਸੀ ਤਾਂ ਉਦੋਂ ਪੰਜਾਬ ਪੁਲਿਸ ਨੇ ਹਰ ਔਰਬਿਟ ਬੱਸ ਨਾਲ ਰੂਟ ਉਤੇ ਦੋ ਦੋ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ।
________________________________________
ਨਿੱਜੀ ਬੱਸਾਂ ਲਈ ਕੋਈ ਨਿਯਮ ਨਹੀਂ
ਸ੍ਰੀ ਮੁਕਤਸਰ ਸਾਹਿਬ: ਮੋਗਾ ਬੱਸ ਕਾਂਡ ਨੇ ਬਹੁ-ਗਿਣਤੀ ਨਿੱਜੀ ਬੱਸ ਕੰਪਨੀਆਂ ਵੱਲੋਂ ਨੇਮਾਂ ਦੀ ਕੀਤੀ ਜਾਂਦੀ ਉਲੰਘਣਾ ਨੂੰ ਨੰਗਿਆਂ ਕਰ ਦਿੱਤਾ ਹੈ। ਨਿੱਜੀ ਕੰਪਨੀਆਂ ਦੀਆਂ ਬੱਸਾਂ ਵੱਲੋਂ ਦਿੱਤੀਆਂ ਜਾਂਦੀਆਂ ਟਿਕਟਾਂ ਉਪਰ ਨਾ ਤਾਂ ਬੱਸ ਕੰਪਨੀ ਦਾ ਨਾਮ ਤੇ ਨਾ ਹੀ ਰੂਟ ਦਾ ਕੋਈ ਵੇਰਵਾ ਹੁੰਦਾ ਹੈ। ਟਿਕਟ ਉਪਰ ਸਿਰਫ ਪੈਸੇ ਹੀ ਲਿਖੇ ਹੁੰਦੇ ਹਨ। ਕਈ ਟਿਕਟਾਂ ਉਪਰ ਤਾਂ ਪੈਸੇ ਵੀ ਕੰਡਕਟਰ ਪੈੱਨ ਨਾਲ ਹੀ ਲਿਖ ਦਿੰਦਾ ਹੈ। ਹਾਲਾਂ ਕਿ ਪੰਜਾਬ ਰੋਡਵੇਜ਼ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਮਸ਼ੀਨੀ ਟਿਕਟਾਂ ਉਪਰ ਬੱਸ ਦਾ ਨੰਬਰ, ਡਰਾਈਵਰ ਤੇ ਕੰਡਕਟਰ ਦਾ ਨੰਬਰ, ਰੂਟ, ਸਮਾਂ, ਸਥਾਨ ਤੇ ਪੈਸਿਆਂ ਦਾ ਪੂਰਾ ਵੇਰਵਾ ਹੁੰਦਾ ਹੈ ਪਰ ਨਿੱਜੀ ਬੱਸਾਂ ਉਪਰ ਅਜਿਹਾ ਕੁਝ ਨਹੀਂ ਹੁੰਦਾ। ਇਸ ਕਾਰਨ ਜਿਥੇ ਨੇਮਾਂ ਦੀ ਉਲਘੰਣਾ ਹੁੰਦੀ ਹੈ ਉਥੇ ਸਵਾਰੀਆਂ ਨੂੰ ਆਪਣਾ ਕੋਈ ਕਲੇਮ ਲੈਣਾ ਤੇ ਖਪਤਕਾਰ ਹੱਕ ਹਾਸਲ ਕਰਨਾ ਵੀ ਅਸੰਭਵ ਹੋ ਜਾਂਦਾ ਹੈ।
____________________________________________
ਔਰਬਿਟ ਦੇ ‘ਕਾਰਨਾਮੇ’
-12 ਅਪਰੈਲ 2015 ਨੂੰ ਧੂਰੀ ਦਾ ਗਗਨ (17) ਮੋਟਰਸਾਈਕਲ ਉਤੇ ਧੂਰੀ ਤੋਂ ਸੰਗਰੂਰ ਆ ਰਿਹਾ ਸੀ। ਔਰਬਿਟ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ
-27 ਫਰਵਰੀ 2014 ਨੂੰ ਬਰਨਾਲਾ ਵਿਚ ਔਰਬਿਟ ਬੱਸ ਨੇ ਔਰਤ ਨੂੰ ਦਰੜ ਦਿੱਤਾ ਜਿਸ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਬੱਸ ਨੂੰ ਅੱਗ ਲਾ ਦਿੱਤਾ।
-31 ਮਾਰਚ 2014 ਨੂੰ ਤਪਾ ਮੰਡੀ ਵਿਚ ਸਕੂਟਰ ‘ਤੇ ਜਾ ਰਹੇ ਵਪਾਰੀ ਨੂੰ ਗਲਤ ਪਾਸਿਓਂ ਟੱਕਰ ਮਾਰੀ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।
-ਰਾਜਪੁਰਾ ਰੋਡ ‘ਤੇ ਇਸੇ ਕੰਪਨੀ ਦੀ ਬੱਸ ਨੇ ਇਕ ਵਿਅਕਤੀ ਨੂੰ ਟੱਕਰ ਮਾਰੀ। ਕੇਸ ਦਰਜ ਕਰਵਾਉਣ ਲਈ ਪਰਿਵਾਰ ਨੂੰ ਲੰਬਾ ਸਮਾਂ ਸੰਘਰਸ਼ ਕਰਨਾ ਪਿਆ।
-ਔਰਬਿਟ ਬੱਸ ਨੇ ਢਾਈ ਸਾਲ ਪਹਿਲਾਂ ਅਰਬਨ ਅਸਟੇਟ ਫੇਸ-1 ਦੇ ਰਵੀ ਤੇ ਸੋਨੂੰ ਦੋ ਭਰਾਵਾਂ ਨੂੰ ਟੱਕਰ ਮਾਰੀ ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ।
-28 ਅਪਰੈਲ ਦੀ ਰਾਤ ਰੋਡਵੇਜ਼ ਬੱਸ ਅੱਡੇ ਦੇ ਸਾਹਮਣੇ ਔਰਬਿਟ ਬੱਸ ਦੇ ਸਟਾਫ ਨੇ ਰੋਡਵੇਜ਼ ਬੱਸ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ। ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਗਿਆ।
-20 ਮਾਰਚ ਨੂੰ ਫੋਕਲ ਪੁਆਇੰਟ ‘ਤੇ ਬਾਇਕ ਸਵਾਰ ਨੌਜਵਾਨ ਨੂੰ ਗਲਤ ਪਾਸਿਓਂ ਆ ਰਹੀ ਬੱਸ ਨੇ ਟੱਕਰ ਮਾਰੀ।
-2 ਅਪਰੈਲ 2014 ਨੂੰ ਸਵਾਰੀਆਂ ਨੂੰ ਲੈ ਕੇ ਹੋਏ ਝਗੜੇ ਵਿਚ ਪੀæਆਰæਟੀæਸੀæ ਡਰਾਈਵਰਾਂ ਨੇ ਔਰਬਿਟ ਟਰਾਂਸਪੋਰਟ ਦੇ ਡਰਾਈਵਰ ਤੇ ਕੰਡਕਟਰ ‘ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ ਤੇ ਨਾਅਰੇਬਾਜ਼ੀ ਕੀਤੀ ਸੀ।