ਨੇਪਾਲ: ਭੂਚਾਲ ਕਾਰਨ 80 ਲੱਖ ਲੋਕ ਹੋਏ ਘਰੋਂ ਬੇਘਰ

ਕਾਠਮੰਡੂ: ਨੇਪਾਲ ਵਿਚ ਆਇਆ ਭਿਆਨਕ ਭੂਚਾਲ ਪੀੜਤ ਲੋਕਾਂ ਨੂੰ ਅਜਿਹੇ ਦਰਦਨਾਕ ਤੇ ਕਦੇ ਨਾ ਭਰਨ ਵਾਲੇ ਜ਼ਖ਼ਮ ਦੇ ਗਿਆ ਹੈ ਕਿ ਪੀੜਤਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਤਬਾਹੀ ਦੇ ਜ਼ਖਮਾਂ ਦੀ ਚੀਸ ਮਹਿਸੂਸ ਕਰਦੀਆਂ ਰਹਿਣਗੀਆਂ।

ਨੇਪਾਲ ਵਿਚ ਭੂਚਾਲ ਨਾਲ 80 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਸ ਕੁਦਰਤੀ ਆਫਤ ਵਿਚ ਤਕਰੀਬਨ ਇਕ ਲੱਖ 60 ਹਜ਼ਾਰ ਘਰ ਢਹਿ-ਢੇਰੀ ਹੋ ਚੁੱਕੇ ਹਨ। ਭੂਚਾਲ ਨਾਲ ਨੇਪਾਲ ਵਿਚ ਹੋਇਆ ਮਾਲੀ ਨੁਕਸਾਨ ਸਾਲ 1934 ਦੇ ਭਿਆਨਕ ਭੂਚਾਲ ਨਾਲੋਂ ਵੀ ਦੁੱਗਣਾ ਹੈ। ਨੇਪਾਲ ਦੇ ਗੋਰਖਾ ਤੇ ਸਿੰਧੂਪਾਲਚੌਕ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ 90 ਫ਼ੀਸਦੀ ਤੋਂ ਵੱਧ ਮਕਾਨ ਢਹਿ-ਢੇਰੀ ਹੋ ਚੁੱਕੇ ਹਨ। ਇਹ ਅੰਕੜੇ ਸੰਯੁਕਤ ਰਾਸ਼ਟਰ ਦੀ ਏਜੰਸੀ ਓæਸੀæਐਚæਏæ (ਆਫਿਸ ਫਾਰ ਦਿ ਕੋਆਰਡੀਨੇਸ਼ਨ ਆਫ ਹਿਊਮਨੀਟੇਰੀਅਨ ਅਫੇਏਰਜ਼) ਦੀ ਸਥਿਤੀ ਰਿਪੋਰਟ ਤੋਂ ਪਤਾ ਲੱਗੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭੂਚਾਲ ਨਾਲ 1,60,786 ਘਰ ਪੂਰੀ ਤਰ੍ਹਾਂ ਤਬਾਹ ਹੋਏ ਹਨ, ਜਦੋਂਕਿ 1,43,642 ਮਕਾਨਾਂ ਦਾ ਨੁਕਸਾਨ ਥੋੜਾ ਘੱਟ ਹੋਇਆ ਹੈ। ਸਰਕਾਰ ਦਾ ਅਨੁਮਾਨ ਹੈ ਕਿ ਤਬਾਹ ਹੋਣ ਵਾਲੇ ਮਕਾਨਾਂ ਦੀ ਗਿਣਤੀ ਪੰਜ ਲੱਖ ਤੱਕ ਹੋ ਸਕਦੀ ਹੈ। ਪਿਛਲੀ 25 ਅਪਰੈਲ ਨੂੰ ਆਏ 7æ9 ਤੀਬਰਤਾ ਵਾਲੇ ਭੂਚਾਲ ਨੇ ਨੇਪਾਲ ਨੂੰ ਜੜ੍ਹਾਂ ਤੋਂ ਹਿਲਾ ਦਿੱਤਾ ਹੈ। ਇਸ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 80 ਕਿਲੋਮੀਟਰ ਉਤਰ-ਪੱਛਮ ਵੱਲ ਸੀ। ਇਸ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ 7500 ਨੂੰ ਪਹੁੰਚ ਗਈ ਹੈ ਤੇ ਤਕਰੀਬਨ 14 ਹਜ਼ਾਰ 123 ਵਿਅਕਤੀ ਜ਼ਖ਼ਮੀ ਹੋਏ ਹਨ।
ਪ੍ਰਭਾਵਿਤ ਜ਼ਿਲ੍ਹਿਆਂ ਵਿਚੋਂ ਸਿੰਧੂਪਾਲਚੌਕ ਵਿਚ ਮ੍ਰਿਤਕਾਂ ਦੀ ਗਿਣਤੀ 2000 ਨੂੰ ਪਹੁੰਚ ਗਈ ਹੈ ਤੇ ਗੋਰਖਾ ਵਿਚ ਸੈਂਕੜੇ ਮੌਤਾਂ ਹੋਈਆਂ ਹਨ। ਰਿਪੋਰਟ ਅਨੁਸਾਰ ਨੇਪਾਲ ਵਿਚ ਰਾਹਤ ਕਾਰਜਾਂ ਲਈ 41æ5 ਕਰੋੜ ਡਾਲਰ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਸਾਲ 1934 ਵਿਚ ਵੀ ਨੇਪਾਲ ਵਿਚ ਭਿਆਨਕ ਭੂਚਾਲ ਆਇਆ ਸੀ ਪਰ ਇਸ ਵਾਰ ਭੂਚਾਲ ਨੇ ਉਸ ਤੋਂ ਵੀ ਵੱਧ ਤਬਾਹੀ ਮਚਾਈ ਹੈ। ਭਾਰਤ ਸਣੇ ਹੋਰ ਮੁਲਕ ਨੇਪਾਲ ਵਿਚ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ। ਭੁਚਾਲ ਤੋਂ ਨੌਂ ਦਿਨ ਬਾਅਦ ਰਾਹਤ ਕਾਰਜਾਂ ਵਿਚ ਲੱਗੇ ਕਰਮਚਾਰੀਆਂ ਨੇ ਇਕ ਔਰਤ ਤੇ ਦੋ ਵਿਅਕਤੀਆਂ ਨੂੰ ਮਲਬੇ ਹੇਠੋਂ ਜਿਊਂਦੇ ਕੱਢਿਆ। ਰਾਹਤ ਟੀਮਾਂ ਨੇ ਨੇਪਾਲ ਦੇ ਨੁਵਾਕੋਟ ਦੇ ਕਿਸਤਾਂਗ ਪਿੰਡ ਵਿਚ 168 ਘੰਟਿਆਂ ਬਾਅਦ 105 ਸਾਲਾ ਬਜ਼ੁਰਗ ਨੂੰ ਮਲਬੇ ਵਿਚੋਂ ਜ਼ਿੰਦਾ ਬਾਹਰ ਕੱਢਿਆ ਗਿਆ ਜੋ ਬਿਲਕੁਲ ਤੰਦਰੁਸਤ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਾਹਤ ਟੀਮਾਂ ਨੇ ਇਸ ਆਫਤ ਤੋਂ 22 ਘੰਟੇ ਪਿੱਛੋਂ ਇਕ ਚਾਰ ਮਹੀਨਿਆਂ ਦੇ ਬੱਚੇ ਨੂੰ ਜ਼ਿੰਦਾ ਕੱਢਿਆ ਸੀ। ਭੂਚਾਲ ਵਿਚ ਹੁਣ ਤੱਕ 7300 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਓਥੇ ਢਹਿ ਢੇਰੀ ਹੋਈਆਂ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਵਿਚੋਂ ਲਾਸ਼ਾਂ ਕੱਢਣ ਦਾ ਕੰਮ ਅਜੇ ਕਈ ਦਿਨ ਹੋਰ ਜਾਰੀ ਰਹੇਗਾ।
_________________________________
90 ਫੀਸਦੀ ਵਿਰਾਸਤ ਤਬਾਹ
ਕਾਠਮੰਡੂ: ਨੇਪਾਲ ਵਿਚ ਆਏ ਭੂਚਾਲ ਕਾਰਨ ਕਠਮੰਡੂ, ਲਲਿਤਪੁਰ ਤੇ ਭਗਤਪੁਰ ਦੀਆਂ 90 ਫੀਸਦੀ ਪ੍ਰਾਚੀਨ ਵਿਰਾਸਤਾਂ ਤਬਾਹ ਹੋ ਗਈਆਂ ਹਨ ਜਿਨ੍ਹਾਂ ਦੇ ਨਿਰਮਾਣ ਲਈ 10 ਸਾਲ ਦਾ ਸਮਾਂ ਲੱਗੇਗਾ। ਕਠਮੰਡੂ ਦਾ ਬਸੰਤਪੁਰ ਦਰਬਾਰ ਤੇ ਨੌਂ ਮੰਜ਼ਿਲਾ ਧਰਾਹਰਾ ਟਾਵਰ ਨਸ਼ਟ ਹੋ ਗਿਆ ਹੈ ਜਦਕਿ ਪਸ਼ੂਪਤੀਨਾਥ ਮੰਦਿਰ ਦਾ ਪਰਿਸਰ ਤੇ ਹੋਰ ਖੇਤਰਾਂ ਦੇ ਕਈ ਧਾਰਮਿਕ ਸਥਾਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਠਮੰਡੂ, ਲਲਿਤਪੁਰ ਤੇ ਭਗਤਪੁਰ ਵਿਚ ਪੁਰਾਣੇ ਸਮਾਰਕ, ਮੰਦਿਰ ਤੇ ਪ੍ਰਾਚੀਨ ਸਥਾਨ ਜਾਂ ਤਾਂ ਨਸ਼ਟ ਹੋ ਗਏ ਜਾਂ ਉਨ੍ਹਾਂ ਨੂੰ ਅੰਸ਼ਿਕ ਰੂਪ ਵਿਚ ਨੁਕਸਾਨ ਪੁੱਜਾ ਹੈ।
_____________________________________
ਅਜੇ ਵੀ ਦੱਬੀਆਂ ਪਈਆਂ ਨੇ ਸੈਂਕੜੇ ਲਾਸ਼ਾਂ
ਭੂਚਾਲ ਦੇ ਵਧੇਰੇ ਨੁਕਸਾਨ ਵਾਲੇ ਇਲਾਕਿਆਂ ਵਿਚ ਅਜੇ ਵੀ ਸੈਂਕੜੇ ਲਾਸ਼ਾਂ ਮਲਬੇ ਹੇਠਾਂ ਦੱਬੀਆਂ ਪਈਆਂ ਹਨ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਅਜੇ ਕਈ ਦਿਨ ਹੋਰ ਲੱਗ ਜਾਣਗੇ। ਇਸ ਤਰ੍ਹਾਂ ਮੌਤਾਂ ਦੀ ਗਿਣਤੀ ਪਹਿਲਾਂ ਲਾਈਆਂ ਜਾ ਰਹੀਆਂ ਅਟਕਲਾਂ ਤੋਂ ਕਿਤੇ ਵੱਧ ਹੋ ਸਕਦੀ ਹੈ। ਸਿੰਧੂਪੁਲ ਚੌਕ ਇਲਾਕੇ ਵਿਚ ਹੁਣ ਤੱਕ 1600 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਰਾਜਧਾਨੀ ਕਾਠਮੰਡੂ ਤੇ ਸ਼ਹਿਰ ਦੇ ਨਾਲ ਲੱਗਦੇ ਬਾਹਰੀ ਇਲਾਕਿਆਂ ਵਿਚ 1100 ਤੋਂ ਵੱਧ ਮੌਤਾਂ, ਨੋਵਾਕੋਟ ਇਲਾਕੇ ਵਿਚ ਲਗਪਗ 800, ਗੋਰਖਾ ਇਲਾਕੇ ਵਿਚ 630 ਤੇ ਧਾਦਿੰਗ ਇਲਾਕੇ ਵਿਚ 490 ਮੌਤਾਂ ਦੀ ਪੁਸ਼ਟੀ ਸਰਕਾਰੀ ਤੌਰ ਉਤੇ ਕੀਤੀ ਗਈ ਹੈ। ਮਲਬੇ ਹੇਠੋਂ ਰਾਹਤ ਟੀਮਾਂ ਵੱਲੋਂ ਕੱਢੀਆਂ ਸੈਂਕੜੇ ਲਾਸ਼ਾਂ ਅਜੇ ਤੱਕ ਬੇਪਛਾਣ ਪਈਆਂ ਹਨ ਜਿਨ੍ਹਾਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਜਾਵੇਗਾ।
_______________________________________
ਕਰੋੜਪਤੀ ਬਣ ਗਏ ਰੋੜਪਤੀ
ਭੂਚਾਲ ਨੇ ਸਕਿੰਟਾਂ ਵਿਚ ਹੀ ਲੋਕਾਂ ਦੀ ਜ਼ਿੰਦਗੀ ਨੂੰ ਅਜਿਹਾ ਪੁੱਠਾ ਗੇੜਾ ਦੇ ਦਿੱਤਾ ਕਿ ਕੁਝ ਪਲ ਪਹਿਲਾਂ ਤੱਕ ਚਕਾਚੌਂਧ ਦੀ ਖੁਸ਼ਹਾਲ ਜ਼ਿੰਦਗੀ ਜਿਊਣ ਵਾਲੇ ਤੇ ਆਲੀਸ਼ਾਨ ਇਮਾਰਤਾਂ ਵਿਚ ਰਹਿਣ ਵਾਲੇ ਹਜ਼ਾਰਾਂ ਲੋਕ ਕਰੋੜਪਤੀ ਤੋਂ ਰੋੜਪਤੀ ਬਣ ਕੇ ਸੜਕਾਂ ‘ਤੇ ਆ ਗਏ। ਭੂਚਾਲ ਨੇ ਅਜਿਹੀ ਤਬਾਹੀ ਮਚਾਈ ਹੈ ਜਿਸ ਨਾਲ ਹੋਟਲਾਂ, ਕਾਰੋਬਾਰੀ ਅਦਾਰਿਆਂ, ਧਾਰਮਿਕ ਅਸਥਾਨਾਂ, ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਉਥੇ ਛੋਟੇ-ਛੋਟੇ ਰੈਣ ਬਸੇਰਿਆਂ ਤੇ ਕਈ ਵਿਦਿਅਕ ਅਦਾਰਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ।