ਪੰਜਾਬੀਆਂ ਨੂੰ ਪਿਆ ਹਥਿਆਰਾਂ ਦਾ ਸ਼ੌਕ

ਚੰਡੀਗੜ੍ਹ: ਹਥਿਆਰ ਰੱਖਣ ਦਾ ਸ਼ੌਕ ਪੰਜਾਬੀਆਂ ਦੇ ਸਿਰ ਚੜ੍ਹ ਬੋਲਣ ਲੱਗਾ ਹੈ। ਪਿਛਲੇ ਕੁਝ ਹੀ ਸਾਲਾਂ ਦੌਰਾਨ ਪੰਜਾਬ ਵਿਚ ਨਾ ਸਿਰਫ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਸਗੋਂ ਇਨ੍ਹਾਂ ਹਥਿਆਰਾਂ ਨਾਲ ਲਗਾਤਾਰ ਹੋ ਰਹੇ ਜੁਰਮ ਆਉਣ ਵਾਲੇ ਸਮੇਂ ਲਈ ਵੱਡੇ ਖਤਰੇ ਦਾ ਸੰਕੇਤ ਵੀ ਦੇ ਰਹੇ ਹਨ।

ਅਜਿਹਾ ਪੰਜਾਬ ਦੇ ਕਿਸੇ ਇਕ ਜ਼ਿਲ੍ਹੇ ਜਾਂ ਬਲਾਕ ਵਿਚ ਨਹੀਂ ਸਗੋਂ ਚਾਰੇ ਪਾਸੇ ਨੌਜਵਾਨ ਵਰਗ ਨੂੰ ਵੰਨ-ਸੁਵੰਨੇ ਹਥਿਆਰ ਰੱਖਣ ਦਾ ਜਨੂਨ ਸਵਾਰ ਹੋਇਆ ਪਿਆ ਹੈ ਜਿਸ ਦੇ ਚੱਲਦਿਆਂ ਰੋਜ਼ਾਨਾ ਹੀ ਜ਼ਿਲ੍ਹਾ ਮੈਜਿਸਟਰੇਟਾਂ ਦੇ ਦਫਤਰਾਂ ਵਿਚ ਅਸਲਾ ਲੈਣ ਵਾਲੀਆਂ ਫਾਈਲਾਂ ਦੇ ਢੇਰ ਲੱਗ ਰਹੇ ਹਨ।
ਪੰਜਾਬ ਵਿਚ ਤਕਰੀਬਨ ਦੋ ਸਾਲ ਪਹਿਲਾਂ ਤੱਕ ਜਾਰੀ ਕੀਤੇ ਅਸਲਾ ਲਾਇਸੰਸਾਂ ਦੀ ਗਿਣਤੀ ਸਵਾ ਤਿੰਨ ਲੱਖ ਸੀ, ਜੋ ਵਧ ਕੇ ਚਾਰ ਲੱਖ ਤੱਕ ਪਹੁੰਚ ਚੁੱਕੀ ਹੈ।
ਵਿਧਾਨ ਸਭਾ ਚੋਣਾਂ ਤੋ ਪਹਿਲਾਂ ਦੇ ਵੇਰਵਿਆਂ ਮੁਤਾਬਕ ਸੂਬੇ ਵਿਚ 3 ਲੱਖ 24 ਹਜ਼ਾਰ ਅਸਲਾ ਲਾਇਸੰਸ ਸਨ ਜਿਨ੍ਹਾਂ ਵਿਚੋਂ ਗੁਰਦਾਸਪੁਰ ਅੰਦਰ 35,794; ਬਠਿੰਡਾ ਵਿਚ 35,152; ਲੁਧਿਆਣਾ ਵਿਚ 26,726; ਮੋਗਾ ਅੰਦਰ 25,801; ਅੰਮ੍ਰਿਤਸਰ ਵਿਚ 22,500; ਹੁਸ਼ਿਆਰਪੁਰ ਵਿਚ 21,503; ਫਿਰੋਜ਼ਪੁਰ ਵਿਚ 17,332; ਮੁਕਤਸਰ ਵਿਚ 17,120; ਜਲੰਧਰ 24,365; ਪਟਿਆਲਾ ਵਿਚ 24,361; ਸੰਗਰੂਰ ਵਿਚ 15,917 ਅਤੇ ਤਰਨਤਾਰਨ ਵਿਚ 13,700 ਲਾਇਸੰਸੀ ਹਥਿਆਰ ਸਨ। ਜਾਣਕਾਰੀ ਮੁਤਾਬਕ ਨੌਜਵਾਨ ਵਰਗ ਅਸਲਾ ਲਾਇਸੰਸ ਬਣਾਉਣ ਵਿਚ ਸਭ ਤੋਂ ਜ਼ਿਆਦਾ ਉਤਾਵਲਾ ਨਜ਼ਰ ਆ ਰਿਹਾ ਹੈ। ਜਿਨ੍ਹਾਂ ਵਲੋਂ ਧੜਾਧੜ ਆਪਣੀਆਂ ਫਾਈਲਾਂ ਜਮ੍ਹਾ ਕਰਵਾਉਣ ਲਈ ਸਿਆਸੀ ਪਹੁੰਚ ਅਪਨਾਉਣ ਦੇ ਇਲਾਵਾ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਦੇਸ਼ ਵਿਚ ਕਰੀਬ ਪੌਣੇ 700 ਵਿਚੋਂ 325 ਜ਼ਿਲ੍ਹਿਆਂ ਅੰਦਰ 19,80,000 ਅਸਲਾ ਲਾਇਸੰਸ ਜਾਰੀ ਹੋਏ ਸਨ। ਇਸ ਵਿਚੋਂ ਦੇਸ਼ ਦੀ ਤਕਰੀਬਨ ਸਾਢੇ 16 ਫ਼ੀਸਦੀ ਆਬਾਦੀ ਵਾਲੇ ਉਤਰ ਪ੍ਰਦੇਸ਼ ਵਿਚ ਕਰੀਬ 11 ਲੱਖ 23 ਹਜ਼ਾਰ ਅਸਲਾ ਲਾਇਸੰਸ ਦਿੱਤੇ ਗਏ ਸਨ। ਦਿੱਲੀ ਵਿਚ ਨਵੰਬਰ 2012 ਤੱਕ 60,314 ਲੋਕਾਂ ਕੋਲ ਲਾਇਸੰਸੀ ਹਥਿਆਰ ਸਨ। ਇਹ ਗਿਣਤੀ ਵਧ ਕੇ ਹੁਣ 70 ਹਜ਼ਾਰ ਤੱਕ ਪਹੁੰਚ ਚੁੱਕੀ ਹੈ। ਹਰਿਆਣਾ ਵਿਚ ਕਰੀਬ ਡੇਢ ਲੱਖ, ਨਾਗਾਲੈਂਡ ਵਿਚ 58 ਹਜ਼ਾਰ, ਗੁਜਰਾਤ ਵਿਚ 45 ਹਜ਼ਾਰ, ਮੇਘਾਲਿਆ ਵਿਚ 13 ਹਜ਼ਾਰ ਲਾਇਸੰਸੀ ਹਥਿਆਰ ਹਨ। ਹਰੇਕ ਸੂਬੇ ਵਿਚ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਤਹਿਤ ਅਸਲਾ ਬਣਾਉਣ ਵਾਲੀ ਫੈਕਟਰੀ ਆਈæਓæਐਫ਼ ਨੇ ਪਿਛਲੇ ਸਾਲ ਤਕਰੀਬਨ 50 ਹਜ਼ਾਰ ਪਿਸਤੌਲ ਤੇ ਰਿਵਾਲਵਰ ਵੇਚੇ ਹਨ ਜਦੋਂ ਕਿ ਪਿਛਲੇ ਦਹਾਕੇ ਦੌਰਾਨ ਇਹ ਗਿਣਤੀ ਸਿਰਫ 20 ਹਜ਼ਾਰ ਸਾਲਾਨਾ ਤੱਕ ਹੀ ਸੀ। ਲਾਇਸੰਸੀ ਹਥਿਆਰ ਲੈਣ ਵਾਲੇ ਬਿਨੈਕਾਰਾਂ ਵਿਚ ਮਹਿਲਾਵਾਂ ਦੀ ਗਿਣਤੀ ਕਾਫੀ ਵਧੀ ਹੈ। ਪਿਛਲੇ ਸਮੇਂ ਸੂਬੇ ਅੰਦਰ ਕਰੀਬ 35 ਹਜ਼ਾਰ ਮਹਿਲਾਵਾਂ ਕੋਲ ਲਾਇਸੰਸੀ ਹਥਿਆਰ ਸਨ ਤੇ ਹੁਣ ਵੀ ਵੱਖ-ਵੱਖ ਦਫਤਰਾਂ ਵਿਚ ਮਹਿਲਾਵਾਂ ਵਲੋਂ ਅਸਲਾ ਲਾਇਸੰਸ ਲੈਣ ਲਈ ਦਿੱਤੀਆਂ ਗਈਆਂ ਸੈਂਕੜੇ ਅਰਜ਼ੀਆਂ ਵਿਚਾਰ ਅਧੀਨ ਹਨ।
______________________________
‘ਸਟੇਟਸ ਸਿੰਬਲ’ ਬਣੇ ਮਾਰੂ ਹਥਿਆਰ
ਸਰਕਾਰ ਵਲੋਂ ਲੋਕਾਂ ਨੂੰ ਸਵੈ ਰੱਖਿਆ ਲਈ ਹਥਿਆਰ ਦਿੱਤੇ ਜਾਂਦੇ ਹਨ ਪਰ ਪੰਜਾਬ ਵਿਚ ਇਹ ‘ਸਟੇਟਸ ਸਿੰਬਲ’ ਬਣਦੇ ਜਾ ਰਹੇ ਹਨ। ਇਸ ਮੌਕੇ ਪੰਜਾਬ ਅੰਦਰ ਡਬਲ ਬੈਰਲ ਗੰਨ, ਪਿਸਟਲ ਤੇ ਰਿਵਾਲਵਰ ਦਾ ਜਨੂਨ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਜਿਸ ਉਤੇ ਕਰੀਬ 50 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਖਰਚ ਕਰਕੇ ਲੋਕਾਂ ਵਲੋਂ ਆਪਣੇ ਸ਼ੌਕ ਪੂਰੇ ਕੀਤੇ ਜਾ ਰਹੇ ਹਨ। ਪੰਜਾਬ ਵਿਚ ਬੰਦੂਕਾਂ ਦੀ ਥਾਂ ਹੁਣ ਰਿਵਾਲਵਰਾਂ ਤੇ ਪਿਸਟਲਾਂ ਨੇ ਲੈ ਲਈ ਹੈ। ਸਿੰਗਲ ਨਾਲੀ ਵਾਲੀ ਬੰਦੂਕ ਦੀ ਵਿਕਰੀ ਤਾਂ ਬਿਲਕੁਲ ਹੀ ਬੰਦ ਹੋ ਚੁੱਕੀ ਹੈ। ਅਸਲਾ ਧਾਰਕ ਖ਼ੁਦ ਕਾਨਪੁਰ ਜਾਂ ਫਿਰ ਕਲਕੱਤਾ ਜਾ ਕੇ ਅਸਲਾ ਖਰੀਦ ਕਰਦਾ ਹੈ। ਗੰਨ ਹਾਊਸ ਮਾਲਕਾਂ ਦਾ ਕਹਿਣਾ ਹੈ ਕਿ ਗੰਨ ਹਾਊਸ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ।