ਬਠਿੰਡਾ: ਗਦਰੀ ਸ਼ਹੀਦਾਂ ਦੇ ਸ਼ਤਾਬਦੀ ਵਰ੍ਹੇ ਮੌਕੇ ਸ਼ਰਧਾਂਜਲੀ ਵਜੋਂ ਸ਼ਹੀਦਾਂ ਦੇ ਜੀਵਨ ਤੇ ਉਦੇਸ਼ਾਂ ਬਾਰੇ ਸਾਹਿਤ ਛਾਪ ਕੇ ਘਰ-ਘਰ ਪਹੁੰਚਾਉਣ ਦੀ ਥਾਂ ਪੰਜਾਬ ਸਰਕਾਰ ਨੇ ਆਪਣਾ ਸੁਨੇਹਾ ‘ਗਦਰ ਸਪੈਸ਼ਲ’ ਸ਼ਰਾਬ ਦੀ ਗੱਡੀ ਚਾੜ੍ਹ ਦਿੱਤਾ ਹੈ।
ਸੂਬਾ ਸਰਕਾਰ ਨੇ ਐਤਕੀਂ ਸ਼ਰਾਬ ਦੇ ‘ਗਦਰ ਸਪੈਸ਼ਲ’ ਬਰਾਂਡ ਨੂੰ ਮੁੜ ਪ੍ਰਵਾਨਗੀ ਦੇ ਦਿੱਤੀ ਹੈ। ਪੂਰੇ ਵਿਸ਼ਵ ਵਿਚ ਸਾਲ 2015 ਨੂੰ ਗਦਰ ਸ਼ਹੀਦਾਂ ਦੇ ਸ਼ਤਾਬਦੀ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ।
ਵੇਰਵਿਆਂ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਪੰਜਾਬ ਨੇ 27 ਮਾਰਚ 2015 ਨੂੰ ਮੈਸਰਜ਼ ਪਟਿਆਲਾ ਡਿਸਟਿਲਰਜ਼ੀ ਦੇ ਗਦਰ ਸਪੈਸ਼ਲ ਬਰਾਂਡ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਸਰਕਾਰ ਨੇ ਪਿਛਲੇ ਵਰ੍ਹੇ ਵੀ ਇਸ ਬਰਾਂਡ ਨੂੰ ਹਰੀ ਝੰਡੀ ਦਿੱਤੀ ਸੀ ਪਰ ਬਾਅਦ ਵਿਚ ਸਰਕਾਰ ਨੇ ਆਪਣੀ ਗਲਤੀ ਅਗਲੇ ਵਰ੍ਹੇ ਸੁਧਾਰਨ ਦੀ ਗੱਲ ਵੀ ਆਖੀ ਸੀ।
ਸਰਕਾਰ ਦੀ ਇਸ ਕਾਰਵਾਈ ਨਾਲ ਜਿਥੇ ਦੇਸ਼ ਦੇ ਸ਼ਾਨਾਂਮੱਤੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੀ ਪਵਿੱਤਰਤਾ ਭੰਗ ਹੋਈ ਹੈ, ਉਥੇ ਲੋਕ ਲਹਿਰਾਂ ਨਾਲ ਜੁੜੇ ਲੋਕਾਂ ਤੇ ਬੁੱਧੀਜੀਵੀਆਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਪੰਜਾਬੀਆਂ ਵਲੋਂ ਚਲਾਈ ਗਈ ਗਦਰ ਲਹਿਰ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇਕੱਲੇ ਸਾਲ 1915 ਵਿਚ ਕਰੀਬ 120 ਗਦਰੀ ਸੂਰਬੀਰਾਂ ਨੂੰ ਬ੍ਰਿਟਿਸ਼ ਸਰਕਾਰ ਵਲੋਂ ਫਾਂਸੀ ਉਤੇ ਲਟਕਾ ਦਿੱਤਾ ਗਿਆ ਸੀ। ਇਨ੍ਹਾਂ ਸੁਤੰਤਰਤਾ ਸੰਗਰਾਮੀਆਂ ਦੀ ਯਾਦ ਵਿਚ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਵਿਚ ਵੀ ਇਹ ਸਾਲ ‘ਗਦਰ ਸ਼ਤਾਬਦੀ’ ਵਰ੍ਹੇ ਦੇ ਤੌਰ ਉਤੇ ਮਨਾਇਆ ਜਾ ਰਿਹਾ ਹੈ। ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਇਸ ਵਰ੍ਹੇ ਗਦਰ ਲਹਿਰ ਤੇ ਉਸ ਦੇ ਸੰਗਰਾਮੀ ਯੋਧਿਆਂ ਬਾਰੇ ਜ਼ਿਲ੍ਹਾ ਤੇ ਸੂਬਾ ਪੱਧਰ ‘ਤੇ ਯਾਦਗਾਰੀ ਸਮਾਗਮ ਕਰਦੀ ਪਰ ਉਸ ਨੇ ਉਲਟਾ ਸ਼ਰਾਬ ਦੇ ਇਕ ਬਰਾਂਡ ਲਈ ‘ਗਦਰ ਸਪੈਸ਼ਲ’ ਨਾਂ ਰੱਖਣ ਦੀ ਮਨਜ਼ੂਰੀ ਦੇ ਕੇ ਸੰਵੇਦਨਹੀਣਤਾ ਦਾ ਸਬੂਤ ਪੇਸ਼ ਕਰ ਦਿੱਤਾ ਹੈ।
ਨਾ ਸਿਰਫ ਪੰਜਾਬ ਬਲਕਿ ਸਮੁੱਚੇ ਮੁਲਕ ਵਿਚ ਮੁਨਾਫ਼ਾਖੋਰ ਕਾਰੋਬਾਰੀਆਂ ਵਲੋਂ ਆਪਣੇ ਉਤਪਾਦਾਂ ਨੂੰ ਹਰਮਨਪਿਆਰੇ ਬਣਾਉਣ ਤੇ ਵਿਕਰੀ ਵਧਾਉਣ ਲਈ ਅਕਸਰ ਹੀ ਲੋਕ ਵਿਰਸੇ ਨਾਲ ਸਬੰਧਤ ਨਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਧਾਰਮਿਕ ਤੇ ਸਮਾਜਿਕ ਰਹਿਬਰਾਂ ਦੇ ਨਾਂ ਉਤੇ ਵਪਾਰਕ ਕਾਰੋਬਾਰਾਂ ਦੇ ਨਾਂ ਇਸੇ ਰੁਝਾਨ ਦਾ ਪ੍ਰਤੀਕ ਹਨ। ਸੂਬੇ ਵਿਚ ਸ਼ਰਾਬ ਨੂੰ ਲੋਕਪ੍ਰਿਅ ਬਣਾਉਣ ਲਈ ਸਿਰਫ ‘ਘਦਰ ਸਪੈਸ਼ਲ’ ਬਰਾਂਡ ਨਾਂ ਦੀ ਹੀ ਵਰਤੋਂ ਨਹੀਂ ਕੀਤੀ ਜਾ ਰਹੀ ਬਲਕਿ ਪੰਜਾਬਣ ਰਸਭਰੀ, ਹੀਰ ਸੌਂਫੀ, ਰਾਂਝਾ ਸੌਂਫੀ, ਪੰਜਾਬ ਗੁਲਾਬ, ਮਾਲਵਾ ਨੰਬਰ 1 ਤੇ ਦੁਆਬਾ ਰਸਭਰੀ ਆਦਿ ਕਈ ਹੋਰ ਨਾਂ ਵੀ ਵਰਤੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵਲੋਂ ਇਤਿਹਾਸਕ ਵਿਰਸੇ ਨਾਲ ਸਬੰਧਤ ਸੰਸਥਾਵਾਂ ਦੇ ਨਾਵਾਂ ਉਤੇ ਨਵੀਆਂ ਸੰਸਥਾਵਾਂ ਰਜਿਸਟਰਡ ਕੀਤੇ ਜਾਣ ਤੋਂ ਤਾਂ ਨਾਂਹ-ਨੁੱਕਰ ਕੀਤੀ ਜਾਂਦੀ ਹੈ ਪਰ ਸ਼ਰਾਬ ਦੇ ਬਰਾਂਡਾਂ ਦੇ ਨਾਂ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਦੀ ਇਹ ਪਹੁੰਚ ਜਿਥੇ ਸਾਡੇ ਇਤਿਹਾਸਕ ਤੇ ਸੱਭਿਆਚਾਰਕ ਵਿਰਸੇ ਪ੍ਰਤੀ ਅਣਦੇਖੀ ਦਾ ਸਪਸ਼ਟ ਸਬੂਤ ਹੈ, ਉਥੇ ਸ਼ਰਾਬ ਦੇ ਕਾਰੋਬਾਰੀਆਂ ਦੇ ਸਿਆਸੀ ਅਸਰ-ਰਸੂਖ ਸਾਹਮਣੇ ਗੋਡੇ ਟੇਕਣ ਦਾ ਵੀ ਸੰਕੇਤ ਹੈ।
_____________________________________
ਸਰਕਾਰ ਦੇ ਫੈਸਲੇ ਦਾ ਵਿਆਪਕ ਵਿਰੋਧ
ਜਲੰਧਰ: ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਵਲੋਂ ਸ਼ਰਾਬ ਦੇ ‘ਗਦਰ ਸਪੈਸ਼ਲ’ ਬਰਾਂਡ ਨੂੰ ਪ੍ਰਵਾਨਗੀ ਦਾ ਵੱਡੇ ਪੱਧਰ ‘ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਕੁੱਲ ਦੁਨੀਆਂ ਵਿਚ ਵਸਦੇ ਭਾਰਤੀ ਆਪਣੇ ਮੁਲਕ ਦੀ ਆਜ਼ਾਦੀ ਦੀ ਤਵਾਰੀਖ਼ ਵਿਚ ਨਵਾਂ ਸਫਾ ਜੋੜਨ ਵਾਲੀ ਗਦਰ ਲਹਿਰ ਦੇ ਸ਼ਹੀਦਾਂ ਦੀ ਸ਼ਤਾਬਦੀ ਮਨਾ ਰਹੇ ਹਨ, ਉਸ ਮੌਕੇ ਪੰਜਾਬ ਸਰਕਾਰ ਵਲੋਂ ਸ਼ਰਾਬ ਦਾ ‘ਗਦਰ ਸਪੈਸ਼ਲ’ ਬਰਾਂਡ ਜਾਰੀ ਕਰਨਾ ਅਮਰ ਸ਼ਹੀਦਾਂ ਦੀਆਂ ਸ਼ਹਾਦਤਾਂ ਦੀ ਤੌਹੀਨ ਹੈ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਪ੍ਰਤੀਕਰਮ ਸੀ ਕਿ ਪੂਰਾ ਵਿਸ਼ਵ ਗਦਰ ਸ਼ਹੀਦਾਂ ਨੂੰ ਇਸ ਸ਼ਤਾਬਦੀ ਮੌਕੇ ਪ੍ਰਣਾਮ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਗਦਰ ਸਪੈਸ਼ਲ ਬਰਾਂਡ ਜਾਰੀ ਕਰਕੇ ਸ਼ਹਾਦਤ ਦੇ ਜਸ਼ਨ ਮਨਾ ਰਹੀ ਹੈ।