ਗਿਆਨ ਸਿੰਘ ਬਿਲਗਾ
ਨਾਮਧਾਰੀ ਕੂਕਾ ਸੰਪਰਦਾ ਦੇ ਚੌਥੇ ਮੁਖੀ ਸਤਿਗੁਰੂ ਜਗਜੀਤ ਸਿੰਘ ਤਕਰੀਬਨ 92 ਸਾਲ ਦੀ ਉਮਰ ਭੋਗ ਕੇ ਦੇਸ਼-ਭਗਤੀ, ਭਜਨ-ਬੰਦਗੀ, ਲੋਕ ਹਿੱਤੂ ਸਮਾਜਕ ਕਾਰਜ ਤੇ ਸੰਪਰਦਾ ਦੀ ਅਗਵਾਈ ਕਰਦਿਆਂ 3 ਦਸੰਬਰ 2012 ਨੂੰ ਅਪੋਲੋ ਨਾਮਧਾਰੀ ਹਸਪਤਾਲ, ਲੁਧਿਆਣਾ ਵਿਖੇ ਪ੍ਰਲੋਕ ਗਮਨ ਕਰ ਗਏ। ਉਨ੍ਹਾਂ ਦਾ ਜਨਮ 20 ਨਵੰਬਰ 1920 ਨੂੰ ਭੈਣੀ ਸਾਹਿਬ (ਜ਼ਿਲ੍ਹਾ ਲੁਧਿਆਣਾ) ਵਿਖੇ ਸਤਿਗੁਰੂ ਪ੍ਰਤਾਪ ਸਿੰਘ ਦੇ ਘਰ ਬੀਬੀ ਭੁਪਿੰਦਰ ਕੌਰ ਦੀ ਕੁੱਖੋਂ ਹੋਇਆ ਸੀ। ਸਤਿਗੁਰੂ ਜਗਜੀਤ ਸਿੰਘ ਦੇ ਪ੍ਰਲੋਕ ਗਮਨ ਦੀ ਸੋਗੀ ਖ਼ਬਰ ਸੁਣਦਿਆਂ ਹੀ ਦੇਸ-ਪਰਦੇਸ, ਜਿਥੇ ਵੀ ਨਾਮਧਾਰੀ ਸੰਗਤ ਵੱਸਦੀ ਹੈ ਤੇ ਪੰਜਾਬ ਦੇ ਆਮ ਜਨ-ਸਾਧਾਰਨ ਵਿਚ ਅਫ਼ਸੋਸ ਤੇ ਦੁੱਖ ਦੀ ਲਹਿਰ ਦੌੜ ਗਈ। ਇੰਡੋ-ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਤੇ ਨਾਮਧਾਰੀ ਸੰਗਤ, ਬੇਏਰੀਆ ਸਮੁੱਚੇ ਸੰਸਾਰ ਦੀ ਨਾਮਧਾਰੀ ਸੰਗਤ ਦੇ ਇਸ ਦੁੱਖ ਵਿਚ ਸ਼ਰੀਕ ਹੈ।
ਭਾਰਤੀ ਉਪ-ਮਹਾਂਦੀਪ ਦੀ ਅੰਗਰੇਜ਼ ਸਾਮਰਾਜ ਤੋਂ ਮੁਕਤੀ ਦੇ ਸੰਘਰਸ਼ ਵਿਚ ਨਾਮਧਾਰੀ ਕੂਕਾ ਲਹਿਰ ਦਾ ਉਘੜਵਾਂ ਹਿੱਸਾ ਹੈ ਜਿਸ ਵਿਚ ਬਾਬਾ ਰਾਮ ਸਿੰਘ ਦੀ ਅਗਵਾਈ ਹੇਠ ਮਲੇਰਕੋਟਲਾ, ਲੁਧਿਆਣਾ ਤੇ ਅੰਮ੍ਰਿਤਸਰ ਵਿਚ ਕੁੱਲ 90 ਕੂਕਿਆਂ ਨੇ ਜਾਨਾਂ ਵਾਰੀਆਂ, ਹੱਸ-ਹੱਸ ਫਾਂਸੀ ਚੜ੍ਹੇ, ਮਲੇਰਕੋਟਲੇ ਤੋਪਾਂ ਨਾਲ ਤੂੰਬਾ-ਤੂੰਬਾ ਕੀਤੇ ਗਏ। ਸਿਵਲ ਨਾ-ਫਰਮਾਨੀ ਦੀ ਲਹਿਰ ਚਲਾਈ। ਅੰਗਰੇਜ਼ੀ ਸਰਕਾਰ ਦੇ ਵਿੱਦਿਆ, ਡਾਕ, ਅਦਾਲਤਾਂ ਤੇ ਵਿੱਤੀ ਅਦਾਰਿਆਂ ਦਾ ਬਾਈਕਟ ਕੀਤਾ। ਜੇæਡਬਲਯੂæ ਮੈਕਨੈਬ (ਕਮਿਸ਼ਨਰ ਅੰਬਾਲਾ ਡਿਵੀਜ਼ਨ) ਲਿਖਦਾ ਹੈ, “ਗੁਰੂ ਰਾਮ ਸਿੰਘ ਭਾਵੇਂ ਗੁਰੂ ਨਾਨਕ ਦੇ ਧਰਮ ਪ੍ਰਚਾਰ ਦਾ ਆਗੂ ਲਗਦਾ ਹੈ ਪਰ ਅਸਲ ਰੂਪ ਵਿਚ ਇਸ ਨੇ ਗੁਰੂ ਗੋਬਿੰਦ ਸਿੰਘ ਵਰਗੇ ਯੋਧੇ ਦਾ ਰੂਪ ਧਾਰਨ ਕਰ ਲਿਆ ਹੈ।” ਉਹ ਹੋਰ ਲਿਖਦਾ ਹੈ, “ਇਹ ਸਦਾਚਾਰਕ ਜਾਂ ਧਾਰਮਿਕ ਉਥਾਨ ਦੀ ਹੀ ਲਹਿਰ ਨਹੀਂ, ਸਗੋਂ ਅੰਗਰੇਜ਼ ਰਾਜ ਦਾ ਭਾਰਤ ਵਿਚੋਂ ਭੋਗ ਪਾਉਣ ਦੀ ਸਿਆਸੀ ਲਹਿਰ ਹੈ। ਮੈਂ ਇਸ ਲਹਿਰ ਦਾ ਬਿਨਾਂ ਕਿਸੇ ਲੰਮੇਰੀ ਅਦਾਲਤੀ ਪ੍ਰਕਿਰਿਆ ਦੇ, ਛੇਤੀ ਤੋਂ ਛੇਤੀ ਸਖ਼ਤੀ ਨਾਲ ਖਾਤਮਾ ਕਰ ਦੇਣਾ ਚਾਹੁੰਦਾ ਹਾਂ।”
ਬਾਬਾ ਰਾਮ ਸਿੰਘ (ਜਨਮ 1816 ਤੋਂ 1885) ਤੋਂ ਬਾਅਦ ਅਗਲੇਰੇ ਮੁਖੀਆਂ ਬਾਬਾ ਹਰੀ ਸਿੰਘ (1819-1906), ਸਤਿਗੁਰੂ ਪ੍ਰਤਾਪ ਸਿੰਘ (1890 ਤੋਂ 1959) ਅਤੇ ਸਤਿਗੁਰੂ ਜਗਜੀਤ ਸਿੰਘ (1920 ਤੋਂ 2012) ਨੇ ਵੀ ਉਨ੍ਹਾਂ ਵੱਲੋਂ ਚਲਾਏ ਮਾਰਗ ‘ਤੇ ਚੱਲਦਿਆਂ ਉਨ੍ਹਾਂ ਦਾ ਅਨੁਸਰਨ ਕੀਤਾ। ਹੁਣ ਅਗਲੇ ਮੁਖੀ ਉਦੈ ਸਿੰਘ ਦਾ ਵੀ ਇਹੀ ਨਿਹਚਾ ਹੈ।
ਸਤਿਗੁਰੂ ਜਗਜੀਤ ਸਿੰਘ ਨੇ ਚਾਰ ਸਾਲ ਦੀ ਉਮਰ ਵਿਚ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਭਾਸ਼ਾ ਦਾ ਮੁੱਢਲਾ ਗਿਆਨ ਅਤੇ ਸੰਗੀਤ ਵਿੱਦਿਆ ਪਿਤਾ ਪ੍ਰਤਾਪ ਸਿੰਘ ਅਤੇ ਉਸਤਾਦ ਹਰਨਾਮ ਸਿੰਘ ਚਵਿੰਡਾ ਪਾਸੋਂ ਪ੍ਰਾਪਤ ਕੀਤੇ। ਨਾਲ ਹੀ ਗੁਰਮਿਤ ਵਿੱਦਿਆਲਾ, ਭੈਣੀ ਸਾਹਿਬ ਜੋ ਆਸ਼ਰਮ ਦੀ ਤਰਜ਼ ‘ਤੇ ਅੱਜ ਵੀ ਚੱਲ ਰਿਹਾ ਹੈ, ਤੋਂ ਪਸ਼ੂ-ਪਾਲਣ, ਸ਼ੁੱਧ ਗੁਰਬਾਣੀ ਉਚਾਰਨ ਅਤੇ ਕੀਰਤਨ ਕਰਨ ਦੀ ਨਾਮਧਾਰੀ ਪੱਧਤੀ ਦਾ ਵੀ ਗਿਆਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਆਪ ਨੂੰ ਕਬੱਡੀ, ਫੁੱਟਬਾਲ, ਖਿੱਦੋ-ਖੂੰਡੀ, ਗੱਤਕਾ, ਤੈਰਾਕੀ ਤੇ ਘੋੜਸਵਾਰੀ ਦਾ ਵੀ ਸ਼ੌਕ ਸੀ। ਜਵਾਨੀ ਵਿਚ ਪੈਰ ਧਰਦਿਆਂ ਹੀ ਉਨ੍ਹਾਂ ਨੇ ਧਾਰਮਿਕ, ਸਮਾਜਕ ਅਤੇ ਸਿਆਸੀ ਸਰਗਰਮੀਆਂ ਜੋ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਨ, ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸੇ ਲਈ ਉਨ੍ਹਾਂ ਨੂੰ ਵੱਡੇ ਬਾਬਾ ਦੇ ਤੌਰ ‘ਤੇ ਬੁਲਾਇਆ ਜਾਣ ਲੱਗਾ। ਦੇਸ਼ ਦੀ ਆਜ਼ਾਦੀ ਤੇ ਗੁਰਦੁਆਰਾ ਸੁਧਾਰ ਲਈ ਚੱਲੀ ਹਰ ਲਹਿਰ ਵਿਚ ਨਾਮਧਾਰੀ ਕੂਕਾ ਲਹਿਰ ਨੇ ਸਰਗਰਮੀ ਨਾਲ ਹਿੱਸਾ ਲਿਆ। ਇਹ ਭਾਵੇਂ ਕਾਂਗਰਸ ਪਾਰਟੀ ਦਾ ਲਾਹੌਰ ਸੈਸ਼ਨ, ਜਿਸ ਵਿਚ ਪੂਰਨ ਆਜ਼ਾਦੀ ਦਾ ਮਤਾ ਪਾਸ ਹੋਇਆ ਸੀ ਜਾਂ ਕੋਈ ਹੋਰ ਸਰਗਰਮੀ, 400 ਨਾਮਧਾਰੀ ਘੋੜਿਆਂ ‘ਤੇ ਸਵਾਰ ਹੋ ਕੇ ਉਸ ‘ਚ ਸ਼ਾਮਲ ਹੋਏ ਸਨ। ਨਨਕਾਣਾ ਸਾਹਿਬ ਦੇ ਖੂਨੀ ਸਾਕੇ ਵਿਚ 15 ਨਾਮਧਾਰੀ ਕੂਕਿਆਂ ਨੇ ਆਪਣੀਆਂ ਜਾਨਾਂ ਵਾਰੀਆਂ। 15 ਅਗਸਤ 1947 ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਵੰਡ ਵੇਲੇ ਪੰਜਾਬੀਆਂ ਦੇ ਹੋਏ ਘਾਣ ਨੂੰ ਠੱਲ੍ਹਣ ਵਿਚ ਅਹਿਮ ਭੁਮਿਕਾ ਨਿਭਾਈ। ਸਤਿਗੁਰੂ ਪ੍ਰਤਾਪ ਸਿੰਘ ਨੂੰ ਵਾਪਰਨ ਵਾਲੀਆਂ ਇਨ੍ਹਾਂ ਦੁਖਦਾਈ ਘਟਨਾਵਾਂ ਦਾ ਅਗਾਊਂ ਗਿਆਨ ਸੀ। ਉਨ੍ਹਾਂ ਪੱਛਮੀ ਪੰਜਾਬ (ਪਾਕਿਸਤਾਨ) ਵਿਚ ਹਿੰਦੂ ਸਿੱਖਾਂ ਨੂੰ ਦਰਿਆ ਰਾਵੀ ਤੋਂ ਪਾਰ ਆ ਜਾਣ ਦਾ ਹੋਕਾ ਦਿੱਤਾ। ਇੱਧਰ ਮੁਸਲਮਾਨ ਘੱਟ ਗਿਣਤੀ ਜੋ ਕਾਫਲਿਆਂ ਰਾਹੀਂ ਪਾਕਿਸਤਾਨ ਜਾ ਰਹੀ ਸੀ, ਦੀ ਜਾਨ-ਮਾਲ ਤੇ ਬਹੂ-ਬੇਟੀਆਂ ਦੀ ਰਾਖੀ ਲਈ ਗੁੰਡਾ ਗਰੋਹਾਂ, ਫਿਰਕਾਪ੍ਰਸਤ ਟੋਲਿਆਂ ਤੋਂ ਜਥੇਬੰਦ ਹੋ ਕੇ ਰਾਖੀ ਕੀਤੀ। ਸਿਰਸਾ ਨੇੜੇ ਜ਼ਮੀਨ ਖਰੀਦੀ ਜੋ ਉਦੋਂ ਰੇਤਲੀ ਤੇ ਕੰਡੇਦਾਰ ਝਾੜ ਹੀ ਸੀ, ਤਾਂ ਕਿ ਉਜੜ ਕੇ ਆਏ ਆਪਣੇ ਸੇਵਕਾਂ ਦੇ ਮੁੜ ਵਸੇਬੇ ਦਾ ਉਥੇ ਪ੍ਰਬੰਧ ਕੀਤਾ ਜਾ ਸਕੇ। ਕਾਂਗਰਸ ਦੇ ਉੱਚ ਦਮਾਲੜੇ ਲੀਡਰਾਂ ਨੂੰ ਮਾਰ ਵੱਢ, ਬਹੂ-ਬੇਟੀਆਂ ਦੀ ਬੇਪਤੀ ਤੇ ਜਾਨ-ਮਾਲ ਦੀ ਸਾੜ ਫੂਕ ਰੋਕਣ ਲਈ ਨਿੱਜੀ ਤੌਰ ‘ਤੇ ਮਿਲੇ।
ਸਤਿਗੁਰੂ ਜਗਜੀਤ ਸਿੰਘ ਭਜਨ ਬੰਦਗੀ ਵਿਚ ਮਸਰੂਫ਼ ਰਹਿੰਦੇ ਸਨ। ਉਨ੍ਹਾਂ ਸਾਰੀਆਂ ਔਕੜਾਂ, ਦੁਸ਼ਵਾਰੀਆਂ ਆਪਣੇ ਸਰੀਰ ‘ਤੇ ਹੰਢਾਈਆਂ। ਆਪਣੇ ਲਈ ਕਦੇ ਵੀ ਸੁੱਖ ਰਹਿਣੇ ਜੀਵਨ ਦੀ ਮੰਗ ਨਹੀਂ ਕੀਤੀ। ਸੰਤ ਤਾਰਨ ਸਿੰਘ ਲਿਖਦੇ ਹਨ, “ਗੁਰੂ ਕਾ ਲੰਗਰ ਤਿਆਰ ਕਰਨ ਲਈ ਸੰਗਤ ਦਾ ਹੱਥ ਵਟਾਉਂਦੇ ਆਪਣੇ-ਆਪ ਨੂੰ ਸੰਗਤ ਤੋਂ ਕਦੇ ਵੀ ਵੱਖਰਾ ਨਹੀਂ ਸਮਝਦੇ ਸਨ। ਹਰ ਇਕ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਸਨ।” ਉਨ੍ਹਾਂ ਦੇ ਪਿਤਾ ਸਤਿਗੁਰੂ ਪ੍ਰਤਾਪ ਸਿੰਘ ਨੇ ਕਿਹਾ ਸੀ, “ਪੁੱਤਰ, ਇਹ ਸਾਰੀ ਜ਼ਮੀਨ-ਜਾਇਦਾਦ, ਧਨ-ਦੌਲਤ ਸੰਗਤ ਦਾ ਹੈ। ਇਸ ਵੱਲ ਭੁੱਲ ਕੇ ਵੀ ਨਜ਼ਰ ਨਹੀਂ ਕਰਨੀ। ਤੁਸੀਂ ਮੇਰੇ ਪੁੱਤਰ ਨਹੀਂ, ਮਿੱਤਰ ਵੀ ਹੋ।” ਅਗਸਤ 1959 ਵਿਚ ਭਾਦੋਂ ਦੇ ਦੀਵਾਨ ਵਿਚ ਸਤਿਗੁਰੂ ਪ੍ਰਤਾਪ ਸਿੰਘ ਨੇ ਸਤਿਗੁਰੂ ਜਗਜੀਤ ਸਿੰਘ ਨੂੰ ਆਪਣੇ ਜਿਉਂਦੇ ਹੀ ਵਿਧੀਬਧ ਢੰਗ ਨਾਲ ਸੰਪਰਦਾ ਦਾ ਮੁਖੀ ਥਾਪ ਦਿੱਤਾ। ਸਤਿਗੁਰੂ ਬਾਬਾ ਰਾਮ ਸਿੰਘ ਦੇ ਸਿੱਖੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਤਾਕੀਦ ਕੀਤੀ। ਦੋ ਮਹੀਨੇ ਬਾਅਦ ਹੀ ਸਤਿਗੁਰੂ ਪ੍ਰਤਾਪ ਸਿੰਘ ਪ੍ਰਲੋਕ ਗਮਨ ਕਰ ਗਏ।
ਜਦੋਂ ਸਤਿਗੁਰੂ ਜਗਜੀਤ ਸਿੰਘ ਨੇ ਕੂਕਾ ਨਾਮਧਾਰੀ ਸੰਗਤ ਦੀ ਵਾਗਡੋਰ ਸੰਭਾਲੀ, ਹਾਲਾਤ ਬੜੇ ਗੰਭੀਰ ਤੇ ਨਾਜ਼ੁਕ ਸਨ। ਅਖੌਤੀ ਰਾਜਸੀ ਆਗੂਆਂ, ਸਮਾਜ ਵਿਰੋਧੀ ਤੱਤਾਂ ਨੇ ਅਦਾਲਤਾਂ ਵਿਚ 22 ਮਨਘੜਤ ਕੇਸ ਦਾਇਰ ਕੀਤੇ ਹੋਏ ਸਨ ਤਾਂ ਜੋ ਕਚਹਿਰੀਆਂ ਦੀ ਲੰਮੇਰੀ ਪ੍ਰਕਿਰਿਆ ਰਾਹੀਂ ਕੂਕਾ ਨਾਮਧਾਰੀ ਸੰਪਰਦਾ ਨੂੰ ਆਪਣੇ ਧਾਰਮਿਕ ਸਮਾਜਕ ਤੇ ਰਾਜਨੀਤਿਕ ਪ੍ਰੋਗਰਾਮਾਂ ਤੋਂ ਕੁਰਾਹੇ ਪਾਇਆ ਜਾ ਸਕੇ। ਅਧੋਗਤੀ ਦੇ ਇਸ ਸਮੇਂ ਵਿਚੋਂ ਨਿਕਲਣ ਲਈ ਉਨ੍ਹਾਂ ਸੰਗਤ ਅੱਗੇ 12 ਨੁਕਾਤੀ ਪ੍ਰੋਗਰਾਮ ਪੇਸ਼ ਕੀਤਾ ਜੋ ਸਰਬਸੰਮਤੀ ਨਾਲ ਪਾਸ ਹੋ ਗਿਆ।
1æ ਕੂਕਾ ਨਾਮਧਾਰੀ ਸੰਪਰਦਾ ਨਾਲ ਦੁਸ਼ਮਣੀ ਰੱਖਣ ਵਾਲਿਆਂ ਵੱਲ ਦੋਸਤੀ ਦਾ ਹੱਥ ਵਧਾਇਆ ਜਾਵੇ।
2æ ਰੁੱਸੇ ਹੋਏ, ਨਾਰਾਜ਼ ਸੰਗਠਨ ਦੇ ਦੋਖੀਆਂ ਦੇ ਗੁੱਸੇ-ਗਿਲੇ ਸੁਣ ਕੇ ਉਨ੍ਹਾਂ ਦਾ ਨਿਬੇੜਾ ਕੀਤਾ ਜਾਵੇ।
3æ ਧਾਰਮਿਕ, ਸਮਾਜਕ ਤੇ ਰਾਜਨੀਤਿਕ ਉਨਤੀ ਦੇ ਕਾਰਜਾਂ ਨੂੰ ਜਥੇਬੰਦਕ ਪਟੜੀ ‘ਤੇ ਲਿਆਂਦਾ ਜਾਵੇ।
4æ ਕੂਕਾ ਸੰਪਰਦਾ ਦੇ ਜਥੇਬੰਦਕ ਢਾਂਚੇ ਦੀ ਨਵੇਂ ਸਿਰਿਉਂ ਉਸਾਰੀ ਕੀਤੀ ਜਾਵੇ, ਅਨੁਸ਼ਾਸਨ ਵੱਲ ਖਾਸ ਧਿਆਨ ਦਿੱਤਾ ਜਾਵੇ।
5æ ਸਤਿਗੁਰੂ ਪ੍ਰਤਾਪ ਸਿੰਘ ਦੇ ਵਿੱਢੇ ਉਨਤੀ ਦੇ ਕਾਰਜਾਂ ਨੂੰ ਅੱਗੇ ਤੋਰਿਆ ਜਾਵੇ ਅਤੇ ਸਮਾਂਬੱਧ ਕਰ ਕੇ ਨੇਪਰੇ ਚਾੜ੍ਹਿਆ ਜਾਵੇ।
6æ ਵਿੱਦਿਆ, ਸਿਹਤ, ਸਮਾਜਕ ਕਾਰਜ, ਸਕੂਲ ਤੇ ਹਸਪਤਾਲ ਆਦਿ ਖੋਲ੍ਹੇ ਜਾਣ।
7æ ਭੈਣੀ ਸਾਹਿਬ ਦੀ ਉਨਤੀ ਤੇ ਦਿਖ ਬਣਾਉਣ ਲਈ ਨਵੇਂ ਕਾਰਜ ਵਿਉਂਤੇ ਜਾਣ।
8æ ਨਾਮ ਬਾਣੀ ਤੇ ਕੀਰਤਨ ਦੀ ਸੰਪਰਦਾ ਦੀ ਪੱਧਤੀ ਨੂੰ ਉਨਤ ਕੀਤਾ ਜਾਵੇ।
9æ ਅਧਿਆਤਮਕ ਸਿੱਖਿਆ ਰਾਹੀਂ ਮਨੁੱਖੀ ਆਚਰਨ ਦੀ ਉਸਾਰੀ ਤੇ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਵਿੱਢੀ ਜਾਵੇ।
10æ ਸਾਹਿਤ, ਗੁਰਮਤਿ, ਸੰਗੀਤ, ਖੇਡਾਂ, ਪਸ਼ੂ-ਧਨ ਦੀ ਰੱਖਿਆ, ਫ਼ਸਲਾਂ ਦੇ ਨਵੇਂ ਬੀਜਾਂ ਨੂੰ ਉਨਤ ਕੀਤਾ ਜਾਵੇ।
11æ ਹੋਰ ਧਰਮਾਂ, ਸੰਸਥਾਵਾਂ ਤੇ ਸੰਪਰਦਾਵਾਂ ਨਾਲ ਵਿਚਾਰ-ਵਟਾਂਦਰੇ ਦੇ ਦਰ ਖੋਲ੍ਹੇ ਜਾਣ।
12æ ਕੂਕਾ ਨਾਮਧਾਰੀ ਪੰਥ ਦਾ ਇਤਿਹਾਸ ਖੋਜ ਆਧਾਰਤ ਲਿਖਵਾਇਆ ਜਾਵੇ, ਪੁਰਾਣੇ ਨੂੰ ਸੰਭਾਲਿਆ ਜਾਵੇ।
ਸਤਿਗੁਰੂ ਜਗਜੀਤ ਸਿੰਘ ਨੇ ਧਾਰਮਿਕ ਏਜੰਡੇ ਨੂੰ ਸਿਰੇ ਚੜ੍ਹਾਉਣ ਹਿੱਤ ਬੈਂਕਾਕ ਵਿਚ ਦੇਹਧਾਰੀ ਗੁਰੂ ਬਾਰੇ ਆਪਣੇ ਵਿਚਾਰ ਰੱਖੇ। 25,000 ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਅਤੇ ਚੰਡੀ ਦੀ ਵਾਰ ਦੇ ਭੋਗ ਪਾਏ ਗਏ। ਨਾਮ ਸਿਮਰਨ ਦੀ ਰੀਤ ਚਲਾ ਕੇ ਹਰ ਨਾਮਧਾਰੀ ਨੂੰ ਘੱਟੋ-ਘੱਟ ਇਕ ਘੰਟਾ ਪ੍ਰਭੂ ਦੀ ਉਸਤਤ ਕਰਨ ਲਈ ਕਿਹਾ। ਆਪ ਨੇ ਤੜਕਸਾਰ ਇਸ਼ਨਾਨ ਕਰਨ ਪਿੱਛੋਂ ‘ਆਸਾ ਦੀ ਵਾਰ’ ਦਾ ਕੀਰਤਨ ਸੁਣਨ ਲਈ ਖੁਦ ਸਵੇਰ ਦੇ ਦੀਵਾਨਾਂ ਵਿਚ ਹਾਜ਼ਰ ਰਹਿਣ ਨੂੰ ਨਿਤਾ-ਪ੍ਰਤੀ ਦੀ ਕਾਰਜ ਸੂਚੀ ਵਿਚ ਸ਼ਾਮਲ ਕੀਤਾ।
ਉਨ੍ਹਾਂ ਖੇਤੀਬਾੜੀ ਦੀ ਉਨਤੀ ਅਤੇ ਵਿਕਾਸ ਲਈ ਸਿਰਸਾ ਤਹਿਸੀਲ (ਹੁਣ ਜਿਲ੍ਹਾ) ਵਿਚ ਜੀਵਨ ਨਗਰ ਨੂੰ ਆਪਣਾ ਕਾਰਜ ਖੇਤਰ ਬਣਾਇਆ। 400 ਏਕੜ ਦੇ ਫਾਰਮ ਨੂੰ ਜੋ ਕੰਡੇਦਾਰ ਝਾੜੀਆਂ ਤੇ ਰੇਤਲਾ ਸੀ, ਵਿਕਸਤ ਕਰ ਕੇ ਪਾਣੀ ਦੀ ਕਿਲਤ ਦੂਰ ਕਰਨ ਹਿੱਤ ਨਵੇਂ ਖੂਹ ਖੁਦਵਾਏ। ਬੇਰ, ਪੀਲੂ, ਚਿੱਬੜ ਆਦਿ ਕੁਦਰਤੀ ਫ਼ਲਾਂ ਤੋਂ ਬਿਨਾਂ ਖੇਤੀਬਾੜੀ ਵਿਭਾਗ ਤੋਂ ਜ਼ਮੀਨ ਦੀ ਪਰਖ ਕਰਵਾ ਕੇ ਸੰਗਤਰਾ, ਨਿੰਬੂ, ਮੁਸੰਮੀ, ਅੰਗਰੂ ਉਗਾਏ। ਰਸਮੀ ਫਸਲਾਂ ਤੋਂ ਹਟ ਕੇ ਬਦਲਵੀਂ ਖੇਤੀ ਕਰ ਕੇ ਸਫ਼ਲ ਕਿਸਾਨ ਹੀ ਸਿੱਧ ਨਹੀਂ ਹੋਏ, ਸਗੋਂ ਇਨ੍ਹਾਂ ਫਸਲਾਂ ਦੇ ਲਾਹੇਬੰਦ ਭਾਅ ਪ੍ਰਾਪਤ ਕਰਨ ਹਿੱਤ ਮੰਡੀਕਰਨ ਦੀ ਸਮੱਸਿਆ ਦਾ ਇਕ ਨਮੂਨੇ ਦਾ ਹੱਲ ਪੇਸ਼ ਕੀਤਾ। ‘ਨਾਮਧਾਰੀ ਵਧੀਆ ਬੀਜ’ ਨਾਉਂ ਦੀ ਕੰਪਨੀ ਬਣਾ ਕੇ ਸਬਜ਼ੀਆਂ ਦੀਆਂ ਉਕਤ ਕਿਸਮਾਂ ਦੀ ਖੇਤੀ ਕੀਤੀ।
ਵਿੱਦਿਆ ਦੀ ਉਨਤੀ ਤੇ ਪਸਾਰ ਲਈ ਅਤੇ ਇਸਤਰੀ ਵਿੱਦਿਆ ਦੇ ਉਥਾਨ ਲਈ ਸਰਬ ਹਿੰਦ ਨਾਮਧਾਰੀ ਵਿੱਦਿਅਕ ਸੰਸਥਾ ਕਾਇਮ ਕੀਤੀ ਜਿਸ ਦੀ ਸਰਪ੍ਰਸਤੀ ਹੇਠ ਸਤਿਗੁਰ ਹਰੀ ਸਿੰਘ ਮਹਾਂ ਵਿਦਿਆਲਾ ਬਣਾਇਆ ਜੋ ਬਾਅਦ ਵਿਚ ਉਚ ਪਾਏ ਦਾ ਕਾਲਜ ਬਣਿਆ। ਅਟਲ ਮਹਾਂਪ੍ਰਤਾਪੀ ਪ੍ਰਤਾਪ ਸਿੰਘ ਕੰਨਿਆ ਮਹਾਂਵਿਦਿਆਲਾ, ਸੰਤ ਨਗਰ; ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਹਾਇਰ ਸੈਕੰਡਰੀ ਸਕੂਲ, ਦਿੱਲੀ; ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ, ਭੈਣੀ ਸਾਹਿਬ; ਨਾਮਧਾਰੀ ਸਕੂਲ, ਮੰਡੀ (ਹਿਮਾਚਲ) ਅਤੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਕੌਮਾਂਤਰੀ ਸਕੂਲ ਖੋਲ੍ਹੇ। ਬੈਂਕਾਕ ਵਾਲੇ ਕੌਮਾਂਤਰੀ ਸਕੂਲ ਵਿਚ ਤੇਰਾਂ ਮੁਲਕਾਂ ਦੇ ਵਿਦਿਆਰਥੀ ਪੜ੍ਹ ਰਹੇ ਹਨ ਤੇ ਉਥੇ ਪੰਜਾਬੀ ਭਾਸ਼ਾ ਪੜ੍ਹਨਾ ਲਾਜ਼ਮੀ ਹੈ। ਵਿਦੇਸ਼ੀਂ ਵਸਦੇ ਪੰਜਾਬੀਆਂ ਲਈ ਪੰਜਾਬੀ ਅਧਿਆਪਕ ਅਤੇ ਹੋਰ ਵਿਦਵਾਨ ਭੇਜ ਕੇ ਪੰਜਾਬੀ ਭਾਸ਼ਾ ਪੜ੍ਹਾਉਣ ਦਾ ਕਾਰਜ ਕੀਤਾ। ਅੰਗਰੇਜ਼ ਸਰਕਾਰ ਵੇਲੇ ਵਿਦੇਸ਼ੀ ਵਿੱਦਿਆ ਦੇ ਬਾਈਕਾਟ ਕਾਰਨ ਵਿੱਦਿਅਕ ਪਛੜੇਵਾਂ ਪ੍ਰਤੀਤ ਹੁੰਦਾ ਸੀ, ਇਸ ਨੂੰ ਦੂਰ ਕਰਨ ਦੇ ਸੁਚਾਰੂ ਯਤਨ ਕੀਤੇ ਗਏ।
1969 ਵਿਚ ਸ੍ਰੀ ਗੁਰੂ ਨਾਨਕ ਦੇਵ ਦਾ 500 ਸਾਲਾ ਜਨਮ ਦਿਹਾੜਾ, 1963 ਵਿਚ ਅੰਨਦ ਕਾਰਜ ਸ਼ਤਾਬਦੀ, 1972 ਵਿਚ ਸਤਿਗੁਰੂ ਪ੍ਰਤਾਪ ਸਿੰਘ ਜਲਾਵਤਨ ਸ਼ਤਾਬਦੀ ਅਤੇ 1999 ਵਿਚ ਖਾਲਸੇ ਦਾ 300 ਸਾਲਾ ਜਨਮ ਦਿਨ ਖੋਜਕਾਰਾਂ, ਸਾਹਿਤ ਪ੍ਰੇਮੀਆਂ ਅਤੇ ਪ੍ਰਸਿੱਧ ਇਤਿਹਾਸਕਾਰਾਂ ਨੂੰ ਸੱਦਾ ਦੇ ਕੇ ਮਨਾਏ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਸੰਪੂਰਨਾ ਨੰਦ ਸੰਸਕ੍ਰਿਤ ਯੂਨੀਵਰਸਿਟੀ, ਬਨਾਰਸ (ਵਾਰਾਣਸੀ) ਵਿਚ ਸਤਿਗੁਰੂ ਰਾਮ ਸਿੰਘ ਦੁਆਰਾ ਸਥਾਪਤ ਕਰਵਾਉਣ ਵਿਚ ਉਨ੍ਹਾਂ ਦਾ ਜ਼ਿਕਰਯੋਗ ਯੋਗਦਾਨ ਸੀ। 15 ਅਕਤੂਬਰ 2000 ਨੂੰ ਭੈਣੀ ਸਾਹਿਬ ਵਿਖੇ ਪੰਜਾਬੀ ਦੇ ਪ੍ਰੋæ ਪ੍ਰੀਤਮ ਸਿੰਘ ਨੂੰ ਸੱਦ ਕੇ ਸਨਮਾਨਿਤ ਕੀਤਾ ਗਿਆ।
ਸਾਜਨ ਤੇ ਰਾਜਨ ਮਿਸ਼ਰਾ ਭਰਾਵਾਂ ਨੂੰ ਕਲਾਸੀਕਲ ਸੰਗੀਤ ਵਿਚ ਪਰਪਕ ਬਣਾਉਣ ਹਿੱਤ ਉਨ੍ਹਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਰਬਾਬ, ਸਿਤਾਰ, ਸਾਰੰਦਾ, ਸੰਤੂਰ ਆਦਿ ਸਾਜ਼ ਵਜਾਉਣ ਦੀ ਸਿਖਲਾਈ ਅਤੇ ਇਨ੍ਹਾਂ ਨਾਲ ਕੀਰਤਨ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਇਥੇ ਸਿੱਖਣ ਆਉਣ ਵਾਲਿਆਂ ਵਿਚ ਡਾਕਟਰ, ਵਕੀਲ, ਅਧਿਆਪਕ, ਇੰਜੀਨੀਅਰਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਭੈਣੀ ਸਾਹਿਬ ਦੇ ਕੀਰਤਨੀ ਜਥੇ ਇਨ੍ਹਾਂ ਸਾਜ਼ਾਂ ਨਾਲ ਦੇਸ਼-ਵਿਦੇਸ਼ ਵਿਚ ਗੁਰੂ ਜਸ ਗਾਇਨ ਕਰਦੇ ਹਨ। ਨੈਰੋਬੀ ਨੇੜੇ ਸਕਿੰਡੋ ਸ਼ਹਿਰ ਵਿਚ ਮੈਨੂੰ ਵੀ ਕੀਰਤਨ ਦਾ ਅਨੰਦ ਮਾਨਣ ਦਾ ਅਵਸਰ ਪ੍ਰਾਪਤ ਹੋਇਆ।
ਸਤਿਗੁਰੂ ਜਗਜੀਤ ਸਿੰਘ ਦੇ ਕਾਰਜਕਾਲ ਦੌਰਾਨ ਭੈਣੀ ਸਾਹਿਬ ਦੀ ਨਵੀਂ ਦਿਖ ਬਣੀ ਅਤੇ ਇਸ ਦੀ ਪੁਰਾਣੀ ਸੰਘਰਸ਼ਮਈ ਦਿਖ ਨੂੰ ਕਾਇਮ ਰੱਖਿਆ ਗਿਆ। ਭੈਣੀ ਸਾਹਿਬ ਵਿਖੇ ਬਿਨਾਂ ਪਿੱਲਰਾਂ ਦੇ ਏਸ਼ੀਆ ਵਿਚ ਸਭ ਤੋਂ ਵੱਡਾ ਦੀਵਾਨ ਹਾਲ ਬਣਿਆ। ਇਥੇ ਹੀ ਰਾਮ ਸਰੋਵਰ ਜਿਸ ਵਿਚੋਂ ਪਾਣੀ ਕੱਢਣ ਦੀ ਲੋੜ ਨਹੀਂ ਪੈਂਦੀ, ਬਣਿਆ। ਇਹ ਬਣਤਾਂ ਵਿਸ਼ਵ ਅਜੂਬੇ ਹੀ ਕਹੇ ਜਾ ਸਕਦੇ ਹਨ।
ਮਲੇਰਕੋਟਲੇ ਵਿਖੇ ਅੰਗਰੇਜ਼ ਰਾਜ ਵੇਲੇ 60 ਮਹਾਨ ਸ਼ਹੀਦਾਂ, ਜਿਨ੍ਹਾਂ ਨੂੰ ਤੋਪਾਂ ਨਾਲ ਚੀਥੜੇ-ਚੀਥੜੇ ਕੀਤਾ ਗਿਆ ਸੀ, ਦੀ ਯਾਦ ਵਿਚ 60 ਮੋਰੀਆਂ ਵਾਲੇ 66 ਫੁੱਟ ਉਚੇ ਖੰਡੇ ਦੀ ਉਸਾਰੀ ਕੀਤੀ ਗਈ। ਰੈਣੀਣ ਵਿਖੇ ਸਤਿਗੁਰੂ ਰਾਮ ਸਿੰਘ ਯਾਦਗਾਰੀ ਸਮਾਰਕ ਵੀ ਬਣਵਾਇਆ ਗਿਆ। ਲੁਧਿਆਣਾ ਤੇ ਅੰਮ੍ਰਿਤਸਰ ਜੇਲ੍ਹਾਂ ਦੇ ਸਾਹਮਣੇ ਸ਼ਹੀਦਾਂ ਦੇ ਸਮਾਰਕ ਬਣਵਾਏ ਗਏ ਹਨ। ਲੁਧਿਆਣਾ ਵਿਖੇ ਸਤਿਗੁਰ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਅਤੇ 300 ਬਿਸਤਰਿਆਂ ਵਾਲੇ ਹਸਪਤਾਲ ਦੀ ਨੀਂਹ 28 ਅਕਤੂਬਰ 2000 ਨੂੰ ਉਨ੍ਹਾਂ ਆਪਣੇ ਕਰ ਕਮਲਾਂ ਨਾਲ ਰੱਖੀ ਸੀ ਜੋ ਅੱਜ ਵੀ ਜਨ ਸਾਧਾਰਨ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰ ਰਹੇ ਹਨ।
ਪ੍ਰਸਿੱਧ ਇਤਿਹਾਸਕਾਰ ਸੁੰਦਰ ਲਾਲ, ਗਦਰ ਪਾਰਟੀ ਦੇ ਸੰਸਥਾਪਕ ਪ੍ਰਧਾਨ ਸੋਹਣ ਸਿੰਘ ਭਕਨਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਰਾ ਰਾਜਿੰਦਰ ਸਿੰਘ, ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ, ਖੁਰਸ਼ੀਦੀ-ਸਾਰਿਆਂ ਨਾਲ ਆਪ ਦੇ ਸਨੇਹ ਭਿੱਜੇ ਨੇੜਲੇ ਸਬੰਧ ਸਨ।
ਇਸਤਰੀਆਂ ਦੇ ਹੱਕਾਂ ਦੀ ਰਾਖੀ ਲਈ ਵਿਸ਼ਵ ਨਾਮਧਾਰੀ ਵਿੱਦਿਅਕ ਜਥੇ (ਇਸਤਰੀ ਵਿੰਗ) ਦੀ ਨੀਂਹ 1981 ਵਿਚ ਰੱਖੀ ਗਈ। ਅੱਜ ਵੀ ਨਿਆਸਰੀਆਂ, ਵਿਧਵਾਵਾਂ, ਨਿਥਾਵੀਆਂ, ਇਸਤਰੀਆਂ ਭੈਣੀ ਸਾਹਿਬ ਵਿਖੇ ਆਸਰਾ ਲੈ ਰਹੀਆਂ ਹਨ।
ਸਤਿਗੁਰੂ ਜਗਜੀਤ ਸਿੰਘ ਨੇ ਨੌਜਵਾਨਾਂ ਲਈ ਖੇਡਾਂ ਦਾ ਵੱਖਰਾ ਪ੍ਰਬੰਧ ਕੀਤਾ। ਚੰਗੀ ਸਿਹਤ ਵਾਲੇ ਨੌਜਵਾਨ ਹੀ ਸਮਾਜ ਦੀ ਸੇਵਾ ਲਈ ਅੱਗੇ ਆ ਸਕਦੇ ਹਨ। ਨਾਮਧਾਰੀ ਹਾਕੀ ਟੀਮ ਨੇ ਜੋ ਵਿਸ਼ਵ ਭਰ ਵਿਚ ਪ੍ਰਸਿੱਧੀ ਹਾਸਲ ਕੀਤੀ, ਸਾਰਾ ਸੰਸਾਰ ਜਾਣਦਾ ਹੈ। ਹੋਰ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ। ਸਾਰੇ ਖਿਡਾਰੀਆਂ ਨੂੰ ਨਾਮਧਾਰੀ ਡਰੈਸ ਜੋ ਖਿਡਾਰੀਆਂ ਲਈ ਸਤਿਗੁਰੂ ਨੇ ਆਪ ਨਿਯਤ ਕੀਤੀ ਸੀ, ਪਹਿਨ ਕੇ ਹੀ ਖੇਡਣ ਦਾ ਹੁਕਮ ਕੀਤਾ।
ਸਿੱਖ ਫਲਸਫੇ ਨੂੰ ਸਹੀ ਅਰਥਾਂ ਵਿਚ ਪ੍ਰਚਾਰਨ ਹਿੱਤ ਡਾæ ਗੁਪਾਲ ਸਿੰਘ ਤੇ ਡਾæ ਰਘਵੀਰ ਸਿੰਘ ਨੂੰ ਨਾਲ ਲੈ ਕੇ ਜਾਪਾਨ ਸਰਬ ਧਰਮ ਕਾਨਫਰੰਸ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਪ੍ਰਸ਼ਨ ਕੀਤਾ ਗਿਆ ਕਿ ਧਰਮ ਕੀ ਹੈ? ਤਾਂ ਉਤਰ ਦਿੱਤਾ, “ਸੱਚ ਹੀ ਧਰਮ ਹੈ।” ਉਨ੍ਹਾਂ ‘ਬੋਲੀਐ ਸੱਚ ਧਰਮ ਝੂਠ ਨ ਬੋਲੀਏ’ ਦੀ ਪੂਰਨ ਵਿਆਖਿਆ ਕੀਤੀ।
ਉਹ ਸੰਸਾਰ ਅਮਨ ਕੌਂਸਲ ਦੀ ਕਾਨਫਰੰਸ ਵਿਚ ਸ਼ਾਮਲ ਹੋਣ ਰੂਸ ਵੀ ਗਏ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਸਾਰੇ ਤਾਂ ਨਾਸਤਕ ਹਨ, ਤਾਂ ਆਪ ਦਾ ਉਤਰ ਸੀ, “ਮੈਨੂੰ ਇਸ ਨਾਲ ਕੋਈ ਵਾਹ-ਵਾਸਤਾ ਨਹੀਂ, ਮੈਂ ਤਾਂ ਬਾਬੇ ਨਾਨਕ ਦਾ ਅਮਨ, ਸਹਿਣਸ਼ੀਲਤਾ ਤੇ ਸਹਿਹੋਂਦ ਦਾ ਸੁਨੇਹਾ ਦੇਣ ਆਇਆ ਹਾਂ।”
ਕੂਕਾ ਲਹਿਰ ਦੇ ਇਤਿਹਾਸ ਦੀ ਖੋਜ ਲਈ ਬੀਬੀ ਸੁਰਿੰਦਰ ਕੌਰ ਖਰਲ ਤੇ ਸ਼ ਸੁਵਰਨ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਇਤਿਹਾਸ ਖੋਜ ਕਮੇਟੀ ‘ਸਤਿਗੁਰੂ ਰਾਮ ਸਿੰਘ ਚਿੰਤਨ ਅਦਾਰਾ’ ਖੋਜ ਦਾ ਕਾਰਜ ਕਰ ਰਹੀ ਹੈ। ਨਾਮਧਾਰੀ ਕਿਤਾਬ ‘ਘਰ ਭੈਣੀ ਸਾਹਿਬ ਤੋਂ ਆਜ਼ਾਦੀ ਦੇ ਸੰਘਰਸ਼’ ਅਤੇ ‘ਕੂਕਾ ਲਹਿਰ’ ਬਾਰੇ ਅਮੁੱਲ ਖੋਜ ਪੁਸਤਕਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। 1920 ਤੋਂ ਸ਼ੁਰੂ ਕੀਤਾ ਪਰਚਾ ‘ਸਤਿਯੁਗ’ ਅੱਜ ਤੱਕ ਪ੍ਰਕਾਸ਼ਤ ਹੋ ਰਿਹਾ ਹੈ।
1965 ਵਿਚ ਹੈਦਰਾਬਾਦ ਵਿਖੇ ਗੌ-ਗਵਰਧਨ ਸਮਿਤੀ ਵੱਲੋਂ ਦੁਧਾਰੂ ਗਊਆਂ ਦੀ ਵਧੀਆ ਕਿਸਮ ਵਿਕਸਤ ਕਰਨ ਹਿੱਤ ‘ਗੋਪਾਲ ਰਤਨ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਮਰਦਾਨਾ ਕੀਰਤਨ ਦਰਬਾਰ ਵੱਲੋਂ ਭਾਈ ਮਰਦਾਨਾ ਐਵਾਰਡ ਆਪ ਦੇ ਹਿੱਸੇ ਆਇਆ। ਹਰਬੱਲਭ ਸੰਗੀਤ ਦਰਬਾਰ ਸੁਸਾਇਟੀ ਵੱਲੋਂ ਪੱਕੇ ਰਾਗਾਂ ਬਾਰੇ ਆਪ ਦੇ ਉਚ ਗਿਆਨ ਦੇ ਧਾਰਨੀ ਹੋਣ ਕਾਰਨ ‘ਸੰਗੀਤ ਅਚਾਰੀਆ’ ਐਵਾਰਡ ਪੇਸ਼ ਕੀਤਾ ਗਿਆ। ਉਸਤਾਦ ਹਾਫਿਜ਼ ਅਲੀ ਗਵਾਲੀਅਰ ਨੇ 1999 ਵਿਚ ਆਪ ਨੂੰ ‘ਸੰਗੀਤ ਮਨੀਸ਼ੀ’ ਦੀ ਉਪਾਧੀ ਦਿੱਤੀ।
ਸਿੱਖ ਧਰਮ ਦੇ ਸਾਰੇ ਤਖ਼ਤਾਂ ਉਤੇ ਉਹ ਆਪਣੇ ਸਾਥੀਆਂ ਸਮੇਤ ਹਾਜ਼ਰ ਹੋ ਕੇ ਨਤਮਸਤਕ ਹੋਏ। ਧਰਮ ਤੇ ਸੱਚੀ-ਸੁੱਚੀ ਸਿਆਸਤ ਦਾ ਪ੍ਰਚਾਰ ਕਰਨ ਹਿੱਤ ਅਨੇਕਾਂ ਦੇਸ਼ਾਂ-ਕੀਨੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਥਾਈਲੈਂਡ, ਸਿੰਘਾਪੁਰ ਦਾ ਦੌਰਾ ਕੀਤਾ। ਇਹ ਮਹਾਨ ਕਰਮਯੋਗੀ ਬਹੁਪੱਖੀ ਸ਼ਖ਼ਸੀਅਤ ਸਤਿਗੁਰੂ ਜਗਜੀਤ ਸਿੰਘ ਸਾਨੂੰ ਸਦਾ-ਸਦਾ ਲਈ ਵਿਛੋੜਾ ਦੇ ਗਏ ਹਨ। ਆਉ, ਉਨ੍ਹਾਂ ਦੇ ਸਮਾਜ ਨੂੰ ਉਚਾ ਚੁੱਕਣ ਸੁੱਖ ਸਮਰਿਧੀ ਲਈ ਕੀਤੇ ਕਾਰਜਾਂ ਅੱਗੇ ਸਿਰ ਝੁਕਾਈਏ।
Leave a Reply