ਸੂਹੀਆ ਕੁੱਤੇ ਕਰਨਗੇ ਜੇਲ੍ਹਾਂ ਵਿਚ ਨਸ਼ਾ ਰੋਕੂ ਮੁਹਿੰਮ ਦੀ ਅਗਵਾਈ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿਚ ਨਸ਼ਿਆਂ ਦੀ ਸਪਲਾਈ ਰੋਕਣ ਲਈ ਹੁਣ ਸੂਹੀਆ ਕੁੱਤਿਆਂ ਦੀ ਮਦਦ ਲਈ ਜਾਵੇਗੀ। ਇਹ ਕੁੱਤੇ ਜੇਲ੍ਹ ਵਿਚ ਕੈਦੀਆਂ ਲਈ ਆਉਣ-ਜਾਣ ਵਾਲੀਆਂ ਚੀਜ਼ਾਂ ‘ਤੇ ਨਜ਼ਰ ਰੱਖਣਗੇ।

ਅੱਠ ਸੂਹੀਆ ਕੁੱਤਿਆਂ ਨੂੰ ਨਸ਼ੇ ਤੇ ਮੋਬਾਈਲ ਫੋਨ ਸੁੰਘਣ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਹੈ। ਇਨ੍ਹਾਂ ਕੁੱਤਿਆਂ ਰਾਹੀਂ ਨਿਰੰਤਰ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੀ ਚੈਕਿੰਗ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਨਸ਼ੇ ਦੇ ਗੁਲਾਮ ਬੰਦੀਆਂ ਵਲੋਂ ਜੇਲ੍ਹਾਂ ਵਿਚ ਨਸ਼ੇ ਮੰਗਵਾਉਣ ਦੇ ਢੰਗ-ਤਰੀਕਿਆਂ ਅੱਗੇ ਪੁਲਿਸ ਵੀ ਬੇਵੱਸ ਹੋ ਗਈ ਹੈ।
ਨਸ਼ੇ ਦੇ ਆਦੀ ਕੈਦੀਆਂ ਦੇ ਰਿਸ਼ਤੇਦਾਰ ਪੁਲਿਸ ਲਈ ਸਿਰਦਰਦੀ ਬਣੇ ਹੋਏ ਹਨ। ਜੇਲ੍ਹ ਵਿਚ ਮੁਲਾਕਾਤਾਂ ਦੌਰਾਨ ਕੋਈ ਭੈਣ ਆਪਣੀ ਗੁੱਤ ਵਿਚ ਹੈਰੋਇਨ ਗੁੰਦ ਕੇ ਤੇ ਕੋਈ ਮਾਂ ਸ਼ਿਮਲਾ ਮਿਰਚ ਵਿਚ ਨਸ਼ਾ ਲੁਕੋ ਕੇ ਮੁਲਾਕਾਤਾਂ ਲਈ ਜਾ ਰਹੀ ਹੈ। ਸਰਕਾਰ ਨੇ ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਮਿਲੇ ਪਿਸਤੌਲ ਤੋਂ ਬਾਅਦ ਨਸ਼ਿਆਂ ਤੇ ਹਥਿਆਰਾਂ ਨੂੰ ਚੈਕ ਕਰਨ ਲਈ ਜਿਥੇ ਕੁੱਤਿਆਂ ਨੂੰ ਤਾਇਨਾਤ ਕੀਤਾ ਹੈ ਉਥੇ ਐਕਸਰੇ ਮਸ਼ੀਨਾਂ, ਜੈਮਰਜ਼, ਮੈਟਲ ਡਿਟੈਕਟਰ ਤੇ ਸੀæਸੀæਟੀæਵੀæ ਕੈਮਰਿਆਂ ਦੀ ਵਰਤੋਂ ਵੀ ਕੀਤੀ ਜਾਵੇਗੀ। ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਵਲੋਂ ਵੰਨ-ਸੁਵੰਨੇ ਢੰਗਾਂ ਨਾਲ ਨਸ਼ੇ ਲਿਜਾਣ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਅੱਜ ਕੱਲ੍ਹ ਨੀਂਦ ਉਡੀ ਪਈ ਹੈ।
ਮਾਡਲ ਜੇਲ੍ਹ ਜਲੰਧਰ ਤੇ ਕਪੂਰਥਲਾ ਵਿਚ ਇਕ ਅੰਗਹੀਣ ਹਵਾਲਾਤੀ ਦੀ ਲੱਕੜ ਦੀ ਲੱਤ ਵਿਚੋਂ 18 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਇਸੇ ਜੇਲ੍ਹ ਵਿਚੋਂ ਹੀ ਇਕ ਹਵਾਲਾਤੀ ਕੋਲੋਂ ਗੱਚਕ ਵਿਚ ਛੁਪਾਏ 1300 ਰੁਪਏ ਬਰਾਮਦ ਕੀਤੇ ਹਨ। ਇਸੇ ਜੇਲ੍ਹ ਵਿਚ ਆਪਣੇ ਪਤੀ ਨਾਲ ਮੁਲਾਕਾਤ ਕਰਨ ਆਈ ਇਕ ਔਰਤ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਦੀ ਸਲਵਾਰ ਦੇ ਖੱਬੇ ਪੌਂਚੇ ਵਿਚੋਂ ਸਿਲਾਈ ਕੀਤੀ ਸੱਤ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਕੋਲੋਂ ਬਰਾਮਦ ਹੋਈ ਮਾਚਿਸ ਦੀ ਡੱਬੀ ਵਿਚੋਂ ਸਮੈਕ ਦੀਆਂ ਚਾਰ ਪੁੜੀਆਂ ਮਿਲੀਆਂ ਹਨ। ਜਲੰਧਰ ਜੇਲ੍ਹ ਦਾ ਇਕ ਕੈਦੀ ਜਦੋਂ ਪੈਰੋਲ ਛੁੱਟੀ ਤੋਂ ਵਾਪਸ ਆਇਆ ਤਾਂ ਤਲਾਸ਼ੀ ਲੈਣ ਉਤੇ ਉਸ ਦੇ ਬੂਟਾਂ ਦੇ ਤਲਿਆਂ ਵਿਚ ਫਿਲਮੀ ਅੰਦਾਜ਼ ਵਿਚ ਲਕੋਈ 35 ਗ੍ਰਾਮ ਹੈਰੋਇਨ ਬਰਾਮਦ ਹੋਈ।
ਲੁਧਿਆਣਾ ਜੇਲ੍ਹ ਦੇ ਇਕ ਹਵਾਲਾਤੀ ਦੇ ਪਜਾਮੇ ਦੇ ਨਾਲੇ ਵਿਚ ਲਕੋਇਆ 1æ27 ਮਿਲੀਗ੍ਰਾਮ ਨਸ਼ੀਲਾ ਪਾਊਡਰ ਮਿਲਿਆ ਹੈ। ਰੌਚਿਕ ਜਾਣਕਾਰੀ ਅਨੁਸਾਰ ਜਲੰਧਰ ਜੇਲ੍ਹ ਵਿਚ ਇਕ ਔਰਤ ਸੇਬਾਂ ਦਾ ਲਿਫਾਫਾ ਲੈ ਕੇ ਕਿਸੇ ਨਾਲ ਮੁਲਾਕਾਤ ਕਰਨ ਆਈ ਸੀ। ਜਦੋਂ ਸੇਬਾਂ ਦੀ ਚੈਕਿੰਗ ਕੀਤੀ ਤਾਂ ਇਕ ਸੇਬ ਵਿਚ ਬੜੇ ਹੀ ਸ਼ਾਤਰ ਢੰਗ ਨਾਲ ਪੈਕ ਕੀਤੀ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਲੁਧਿਆਣਾ ਜੇਲ੍ਹ ਦੇ ਇਕ ਕੈਦੀ ਦੀ ਤਲਾਸ਼ੀ ਦੌਰਾਨ ਦੋ ਹਰੇ ਮਟਰਾਂ ਵਿਚੋਂ ਚਾਰ ਗ੍ਰਾਮ ਚਿੱਟਾ ਬਰਾਮਦ ਹੋਇਆ ਹੈ। ਮਾਡਲ ਜੇਲ੍ਹ ਫਰੀਦਕੋਟ ਦੇ ਇਕ ਹਵਾਲਾਤੀ ਵਲੋਂ ਥੈਲੇ ਦੀਆਂ ਤਣੀਆਂ ਵਿਚ ਲਕੋਇਆ ਨਸ਼ੀਲਾ ਪਦਾਰਥ ਮਿਲਿਆ ਹੈ। ਕੇਂਦਰੀ ਜੇਲ੍ਹ ਪਟਿਆਲਾ ਵਿਚ ਇਕ ਮੁਲਾਕਾਤੀ ਦੀ ਹਵਾਈ ਚੱਪਲ ਵਿਚ ਖਾਨੇ ਬਣਾ ਕੇ ਲਕੋਈ 15 ਗ੍ਰਾਮ ਸਮੈਕ ਮਿਲੀ ਹੈ। ਲੁਧਿਆਣਾ ਜੇਲ੍ਹ ਵਿਚ ਆਪਣੇ ਪੁੱਤਰ ਨਾਲ ਮੁਲਾਕਾਤ ਕਰਨ ਆਈ ਇਕ ਔਰਤ ਵਲੋਂ ਲਿਆਂਦੀ ਸ਼ਿਮਲਾ ਮਿਰਚ ਵਿਚੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਖਾਣ-ਪੀਣ ਦੇ ਸਾਮਾਨ ਰਾਹੀਂ ਜੇਲ੍ਹਾਂ ਵਿਚ ਨਸ਼ੇ ਜਾਣ ਦੀ ਪ੍ਰਵਿਰਤੀ ਨੂੰ ਰੋਕਣ ਲਈ ਉਹ ਜੇਲ੍ਹਾਂ ਵਿਚਲੀਆਂ ਕੰਟੀਨਾਂ ਵਿਚ ਹੀ ਅਜਿਹੇ ਸਾਮਾਨ ਦਾ ਪ੍ਰਬੰਧ ਕਰਨਗੇ।
____________________________
ਜੇਲ੍ਹਾਂ ਵਿਚ ਪੰਜ ਸਾਲਾਂ ਦੌਰਾਨ 556 ਕੈਦੀਆਂ ਦੀ ਮੌਤ
ਲੁਧਿਆਣਾ: ਪੰਜਾਬ ਦੀਆਂ 17 ਜੇਲ੍ਹਾਂ ਵਿਚ ਪਿਛਲੇ ਪੰਜ ਸਾਲਾਂ ਦੌਰਾਨ 556 ਕੈਦੀਆਂ ਤੇ ਹਵਾਲਾਤੀਆਂ ਦੀ ਮੌਤ ਹੋ ਚੁੱਕੀ ਹੈ। ਅੰਮ੍ਰਿਤਸਰ ਜੇਲ੍ਹ ਵਿਚ 154 ਬੰਦੀਆਂ ਦੀ ਮੌਤ ਹੋਈ ਹੈ ਪਰ ਜੇਲ੍ਹ ਪ੍ਰਸ਼ਾਸਨ ਨੇ ਸਾਰੇ ਹੀ ਮਾਮਲਿਆਂ ਵਿਚ ਮੁੱਖ ਕਾਰਨ ਬਿਮਾਰੀ ਹੀ ਦੱਸਿਆ ਹੈ।
ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਤਹਿਤ 17 ਜੇਲ੍ਹਾਂ ਬਾਰੇ 2010 ਤੋਂ ਲੈ ਕੇ ਹੁਣ ਤੱਕ ਦੇ ਅੰਕੜੇ ਪ੍ਰਾਪਤ ਕੀਤੇ ਗਏ ਹਨ। ਪੰਜ ਵਿਭਾਗਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਅੰਮ੍ਰਿਤਸਰ ਵਿਚ 154 ਬੰਦੀਆਂ ਤੇ ਲੁਧਿਆਣਾ ਵਿਚ 70 ਬੰਦੀਆਂ ਦੀ ਬਿਮਾਰੀ ਕਾਰਨ ਮੌਤ ਹੋਈ ਹੈ ਜਦਕਿ ਦੋਵੇਂ ਹੀ ਜੇਲ੍ਹਾਂ ਵਿਚ ਵੱਡੇ ਹਸਪਤਾਲ ਹਨ। ਇਸ ਦੇ ਬਾਵਜੂਦ ਵੱਡੀ ਗਿਣਤੀ ਕੈਦੀਆਂ ਦੀ ਮੌਤ ਕਿਸੇ ਬਿਮਾਰੀ ਨਾਲ ਹੋਣਾ ਹੈਰਾਨੀਜਨਕ ਹੈ।