ਮੋਗੇ ਵਾਲੇ ਕਾਂਡ ਨੇ ਪੰਜਾਬ ਹੀ ਨਹੀਂ, ਸਮੁੱਚੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੇ ਕੋਈ ਨਹੀਂ ਹਿੱਲਿਆ ਤਾਂ ਉਹ ਪੰਜਾਬ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ-ਧਰਤਾ ਅਤੇ ਆਗੂ ਹਨ। ਪੰਜਾਬ ਵਿਚ ਉਪਰੋਥਲੀ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ ਜਿਨ੍ਹਾਂ ਦਾ ਸਿੱਧਾ ਜਾਂ ਅਸਿੱਧਾ ਸਬੰਧ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਜੁੜਦਾ ਹੈ, ਪਰ
ਸੂਬੇ ਵਿਚ ਲੋਕ ਲਹਿਰ ਸਿੱਥਲ ਪਈ ਹੋਣ ਕਰ ਕੇ ਇਹ ਆਗੂ ਆਖਰਕਾਰ ਮਸਲੇ ਉਤੇ ਮਿੱਟੀ ਪਾਉਣ ਵਿਚ ਸਫਲ ਰਹਿੰਦੇ ਰਹੇ ਹਨ। ਮੋਗਾ ਕਾਂਡ ਦੇ ਸਿਲਸਿਲੇ ਵਿਚ ਵੀ ਅਜਿਹਾ ਹੀ ਹੋਇਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਆਸੀ ਚਤੁਰਾਈ ਨਾਲ ਇਸ ਮਸਲੇ ਨੂੰ ਦਬਾਉਣ ਦਾ ਯਤਨ ਕੀਤਾ ਹੈ। ਇਸੇ ਸਿਲਸਿਲੇ ਵਿਚ ਸਾਡੇ ਕਾਲਮਨਵੀਸ ਦਲਜੀਤ ਅਮੀ ਨੇ ਇਕ ਖੁੱਲ੍ਹਾ ਖਤ ਮੁੱਖ ਮੰਤਰੀ ਦੇ ਨਾਂ ਲਿਖਿਆ ਹੈ ਜਿਸ ਵਿਚ ਉਨ੍ਹਾਂ ਮਸਲਿਆਂ ਅਤੇ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਨ੍ਹਾਂ ਕਾਰਨ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਸ ਵਿਚ ਉਨ੍ਹਾਂ ਤੱਥਾਂ ਦੀ ਸ਼ਨਾਖਤ ਵੀ ਕੀਤੀ ਗਈ ਹੈ ਜਿਨ੍ਹਾਂ ਆਸਰੇ ਇਹ ਆਗੂ ਆਮ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਿਚ ਅਕਸਰ ਹੀ ਕਾਮਯਾਬ ਹੋ ਜਾਂਦੇ ਹਨ। -ਸੰਪਾਦਕ
ਦਲਜੀਤ ਅਮੀ
ਫੋਨ: +91-97811-21873
ਇਹ ਖੁੱਲ੍ਹਾ ਖ਼ਤ ਨਾਮ ਅਤੇ ਅਹੁਦਿਆਂ ਨੂੰ ਲੱਗਣ ਵਾਲੇ ਅਗੇਤਰਾਂ ਅਤੇ ਪਛੇਤਰਾਂ ਤੋਂ ਸਚੇਤ ਗੁਰੇਜ਼ ਨਾਲ ਸ਼ੁਰੂ ਕਰਨ ਦਾ ਮਕਸਦ ਸਪਸ਼ਟ ਕਰ ਕੇ ਗੱਲ ਸ਼ੁਰੂ ਕਰਾਂਗਾ। ਤੁਹਾਡੇ ਸੁਭਾਅ ਜਾਂ ਕਾਰਜ ਸ਼ੈਲੀ ਨਾਲ ਜੁੜ ਕੇ Ḕਕਾਕਾ’, Ḕਸਰਦਾਰ ਜੀ’, Ḕਬੀਬੀ’ ਅਤੇ Ḕਸਾਹਿਬ’ ਵਰਗੇ ਸੰਬੋਧਨ ਆਪਣੇ ਅਰਥ ਗੁਆ ਦਿੰਦੇ ਹਨ। ਇਹ ਤੁਹਾਡੇ ਨਾਲ ਗੱਲ ਕਰਨ ਵਾਲੇ/ਵਾਲੀ ਨੂੰ ਚੁੱਪ ਕਰਵਾਉਣ ਦੀ ਮਸ਼ਕ ਤੱਕ ਮਹਿਦੂਦ ਹੋ ਜਾਂਦੇ ਹਨ। ਜੇ ਇਹ ਸੰਬੋਧਨ ਬੇਮਾਅਨੇ ਹਨ ਤਾਂ ਇਹ ਖ਼ਤ ਕੌਣ ਲਿਖ ਰਿਹਾ ਹੈ? ਕਿਸ ਨੂੰ ਲਿਖ ਰਿਹਾ ਹੈ? ਇਹ ਖ਼ਤ ਕੋਈ ਪੰਜਾਬੀ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ ਰਿਹਾ ਹੈ। ਪੰਜਾਬੀ ਪਛਾਣ ਬਾਰੇ ਹੋਈ ਸਿਆਸਤ ਤੋਂ ਨਿਖੇੜ ਕੇ ਕਹਿਣਾ ਜ਼ਰੂਰੀ ਹੈ ਕਿ ਇਹ ਖ਼ਤ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬੀ ਹੋਣ ਜਾਂ ਨਾ ਹੋਣ ਨੂੰ ਮੁਖ਼ਾਤਬ ਨਹੀਂ ਹੈ। ਇਹ ਸਿੱਖ ਸਿਆਸਤ ਦੇ ਇਸ ਮਿਹਣੇ ਨੂੰ ਵੀ ਮੁਖ਼ਾਤਬ ਨਹੀਂ ਹੈ ਕਿ ਤੁਹਾਡੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ Ḕਸਿੱਖ ਨਹੀਂ ਸਗੋਂ ਪੰਜਾਬੀ’ ਹੈ। ਤੁਹਾਡੇ ਸਿੱਖ ਜਾਂ ਪੰਜਾਬੀ ਹੋਣ ਦੇ ਦਾਅਵੇ ਨਾਲ ਤੁਹਾਡੀ ਕਾਰਗੁਜ਼ਾਰੀ ਵਿਚ ਕੋਈ ਫ਼ਰਕ ਨਹੀਂ ਪੈਂਦਾ। ਇਸ ਕਾਰਨ ਜੋ ਸੁਆਲ ਤੁਹਾਡੇ ਸਿੱਖ ਹੋਣ ਉਤੇ ਹਨ, ਉਹ ਪੰਜਾਬੀ ਹੋਣ ‘ਤੇ ਵੀ ਕਾਇਮ ਹਨ।
ਪੰਜਾਬੀ ਹੋਣ ਦਾ ਮਤਲਬ ਸਮੁੱਚੇ ਪੰਜਾਬੀ ਆਲਮ ਤੋਂ ਹੈ ਜੋ ਪੂਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ। ਪੰਜਾਬ ਦੀਆਂ ਹੱਦਾਂ-ਸਰਹੱਦਾਂ ਦੀ ਬਹਿਸ ਵਿਚ ਪਏ ਬਿਨਾਂ ਇਹ ਉਸ ਪਛਾਣ ਦਾ ਮਸਲਾ ਹੈ ਜੋ ਪੰਜਾਬੀ ਬੰਦੇ ਨੇ ਇਸ ਖ਼ਿੱਤੇ ਵਿਚ ਰਹਿ ਕੇ ਆਲਮ ਦੇ ਹਿੱਸੇ ਵਜੋਂ ਕਮਾਈ ਹੈ। ਇਸ ਵੇਲੇ ਤੁਸੀਂ ਪੰਜਾਬ ਦੇ ਇਕ ਹਿੱਸੇ ਦੇ ਮੁੱਖ ਮੰਤਰੀ ਹੋ ਜਿਸ ਨਾਤੇ ਤੁਹਾਨੂੰ ਖ਼ਤ ਲਿਖ ਰਿਹਾ ਹਾਂ। ਇਹ ਇਕ ਪੰਜਾਬੀ ਸ਼ਹਿਰੀ ਦਾ ਮੁੱਖ ਮੰਤਰੀ ਦੇ ਨਾਮ ਖ਼ਤ ਹੈ ਜਿਸ ਵਿਚ ਤੁਹਾਡੇ ਸੁਭਾਅ ਵਾਲੇ ਕਿਸੇ ਸੰਬੋਧਨ ਦੀ ਕੋਈ ਥਾਂ ਨਹੀਂ ਹੈ।
ਖ਼ਤ ਲਿਖਣ ਦਾ ਕਾਰਨ ਮੋਗਾ ਲਾਗੇ ਚਲਦੀ ਬੱਸ ਵਿਚੋਂ ਇਕ ਕੁੜੀ ਨੂੰ ਬਾਹਰ ਸੁੱਟ ਕੇ ਕੀਤਾ ਗਿਆ ਕਤਲ ਹੈ। ਮਕਤੂਲ ਦੀ ਮਾਂ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਈ ਹੈ। ਅਖ਼ਬਾਰਾਂ-ਟੈਲੀਵਿਜ਼ਨ ਅਤੇ ਤੁਹਾਡੀ ਸਰਕਾਰ ਦੇ ਨੁਮਾਇੰਦਿਆਂ ਦੇ ਬਿਆਨਾਂ ਮੁਤਾਬਕ ਮਕਤੂਲ ਨਾਬਾਲਗ਼ ਕੁੜੀ ਸੀ ਜੋ ਆਪਣੀ ਮਾਂ ਅਤੇ ਭਰਾ ਨਾਲ ਸਫ਼ਰ ਕਰ ਰਹੀ ਸੀ। ਪਹਿਲਾਂ ਮਕਤੂਲ ਦੀ ਮਾਂ ਨਾਲ ਕਿਰਾਏ-ਬਕਾਏ ਪਿੱਛੇ ਕਹਾ-ਸੁਣੀ ਹੋਈ ਅਤੇ ਬਾਅਦ ਵਿਚ ਬਸ ਮੁਲਾਜ਼ਮਾਂ ਨੇ ਆਪਣੀ ਜਾਣ-ਪਛਾਣ ਦੇ ਹੋਰ ਬੰਦੇ ਨਾਲ ਮਿਲ ਕੇ ਮਾਂ-ਧੀ ਨਾਲ ਬਦਸਲੂਕੀ ਕੀਤੀ। ਦੋਵਾਂ ਨੂੰ ਬੱਸ ਤੋਂ ਬਾਹਰ ਧੱਕਾ ਦੇ ਦਿੱਤਾ ਗਿਆ। ਧੀ ਦੀ ਲਾਸ਼ ਹਸਪਤਾਲ ਪੁੱਜੀ ਅਤੇ ਮਾਂ ਇਲਾਜ ਲਈ ਦਾਖ਼ਲ ਕੀਤੀ ਗਈ। ਇਹ ਵਾਰਦਾਤ ਦਿਨ-ਦਿਹਾੜੇ ਹੋਈ। ਇਸ ਖ਼ਤ ਵਿਚ ਸਿਰਫ਼ ਇਸ ਕਤਲ, ਇਰਾਦਾ ਕਤਲ ਅਤੇ ਛੇੜਛਾੜ ਪਿਛੇ ਕੰਮ ਕਰਦੀ ਸੋਚ ਨੂੰ ਮੁਖ਼ਾਤਬ ਹੋਣ ਦਾ ਉਪਰਾਲਾ ਹੈ ਜਿਸ ਦਾ ਤੁਹਾਡੇ ਨਾਲ ਸਿੱਧਾ ਰਾਬਤਾ ਬਣਦਾ ਹੈ।
ਖ਼ਤ ਦਾ ਉਪਰੋਕਤ ਹਿੱਸਾ ਪੜ੍ਹ ਕੇ ਤੁਹਾਡੀ ਸਹਿਜ ਸੁਭਾਅ ਟਿੱਪਣੀ ਹੋਵੇਗੀ ਕਿ ਮਕਤੂਲ ਦੇ ਪਰਿਵਾਰ ਨੂੰ ਮੁਆਵਜ਼ਾ ਦੇ ਦਿੱਤਾ ਗਿਆ ਹੈ ਅਤੇ ਨੌਕਰੀ ਦਾ ਵਾਅਦਾ ਕਰ ਦਿੱਤਾ ਗਿਆ ਹੈ। ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸਾਰੀ ਕਾਰਵਾਈ ਬਹੁਤ ਫੁਰਤੀ ਅਤੇ ਸੁਹਿਰਦਤਾ ਨਾਲ ਕੀਤੀ ਗਈ ਹੈ। ਇਸ ਕਤਲ ਤੋਂ ਬਾਅਦ ਕੋਈ ਸ਼ੱਕ ਨਹੀਂ ਸੀ ਕਿ ਤੁਸੀਂ ਆਪਣੇ ਵਜ਼ੀਰਾਂ, ਅਫ਼ਸਰਾਂ ਅਤੇ ਸਿਆਸੀ ਚਾਕਰਾਂ ਦੀਆਂ ਪਲਟਣਾਂ ਨਾਲ ਇਸ ਕਾਰੇ ਦੀ ਸਖ਼ਤ ਨਿਖੇਧੀ ਕਰੋਗੇ। ਤੁਹਾਡੀ ਹੁਣ ਤੱਕ ਦੀ ਕਾਰਗੁਜ਼ਾਰੀ ਗਵਾਹ ਸੀ ਕਿ ਤੁਸੀਂ ਮੁਆਵਜ਼ੇ ਅਤੇ ਰੋਜ਼ਗਾਰ ਵਰਗੇ ਮਾਮਲਿਆਂ ਵਿਚ ਆਪਣੇ Ḕਸੰਗਤ ਦਰਸ਼ਨੀ’ ਅਖ਼ਤਿਆਰੀ ਖ਼ਾਤੇ ਦੀ ਵਰਤੋਂ ਕਰੋਗੇ। ਇਹ ਪਤਾ ਹੋਣ ਲਈ ਵੀ ਵਿਦਵਾਨ ਹੋਣ ਦੀ ਲੋੜ ਨਹੀਂ ਸੀ ਕਿ ਇਸ ਮਾਮਲੇ ਵਿਚ ਪੁਲਿਸ ਫੁਰਤੀ ਨਾਲ Ḕਸਖ਼ਤ ਕਾਰਵਾਈ’ ਕਰੇਗੀ। ਜੇ ਤੁਹਾਡੀ Ḕਸੰਜੀਦਗੀ’ ਬਾਬਤ ਕੋਈ ਸ਼ੱਕ ਨਹੀਂ ਸੀ ਤਾਂ ਇਹ ਖ਼ਤ ਲਿਖਣ ਦੀ ਕੀ ਲੋੜ ਰਹਿ ਜਾਂਦੀ ਹੈ? ਤੁਸੀਂ ਇਹ ਵੀ ਪੁੱਛ ਸਕਦੇ ਹੋ ਕਿ ਜੇ ਮਕਤੂਲ ਦਾ ਪਰਿਵਾਰ ਸਮਝੌਤਾ ਕਰ ਚੁੱਕਿਆ ਹੈ ਤਾਂ ਫਿਰ ਇਹ Ḕਮਿੱਟੀ ਫਰੋਲਣ’ ਦਾ ਕੀ ਮਤਲਬ? ਤੁਹਾਡਾ ਲੋਕ ਸੰਪਰਕ ਮਹਿਕਮਾ ਇਸ ਖ਼ਤ ਨੂੰ ਸਿਆਸੀ ਕਹਿ ਕੇ ਰੱਦ ਕਰ ਦੇਣ ਲਈ ਤਿਆਰ ਹੈ, ਜਾਂ ਸ਼ਾਇਦ ਉਨ੍ਹਾਂ ਨੂੰ ਰੱਦ ਕਰਨ ਦੀ ਜ਼ਰੂਰਤ ਤੱਕ ਨਾ ਜਾਪੇ। ਇਹ ਦੋਵੇਂ ਮਾਮਲੇ ਇਸੇ ਥਾਂ ਸਾਫ਼ ਕਰ ਦੇਣੇ ਜ਼ਰੂਰੀ ਹਨ। ਪਹਿਲਾਂ ਤਾਂ ਇਹ ਖ਼ਤ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਸ਼ਹਿਰੀ ਵਜੋਂ ਲਿਖਿਆ ਜਾ ਰਿਹਾ ਹੈ। ਮਕਤੂਲ ਦੀ ਪਛਾਣ ਵਿਚ ਸ਼ਹਿਰੀ ਹੋਣਾ ਸ਼ਾਮਿਲ ਸੀ। ਇਹ ਉਸ ਦੇ ਮਾਪਿਆਂ ਦੀ ਪਛਾਣ ਦਾ ਵੀ ਹਿੱਸਾ ਹੈ। ਇਸ ਤਰ੍ਹਾਂ ਇਹ ਇਕ ਸ਼ਹਿਰੀ ਦਾ ਮਕਤੂਲ ਸ਼ਹਿਰੀ ਬਾਰੇ ਮੁੱਖ ਮੰਤਰੀ ਨੂੰ ਲਿਖਿਆ ਖ਼ਤ ਹੈ। ਸਿਆਸਤ ਵਾਲਾ ਦੂਜਾ ਪੱਖ ਇਸੇ ਪਛਾਣ ਨਾਲ ਸਾਫ਼ ਹੋ ਜਾਂਦਾ ਹੈ। ਸ਼ਹਿਰੀ ਹੋਣਾ ਸਿਆਸੀ ਪਛਾਣ ਹੈ, ਸੋ ਸ਼ਹਿਰੀ ਵਜੋਂ ਮੁੱਖ ਮੰਤਰੀ ਨਾਲ ਸਿਰਫ਼ ਸਿਆਸੀ ਰਿਸ਼ਤਾ ਹੁੰਦਾ ਹੈ ਅਤੇ ਹਰ ਗੱਲਬਾਤ ਸਿਆਸੀ ਹੁੰਦੀ ਹੈ। ਇਸ ਲਈ ਇਹ ਖ਼ਤ ਸਿਆਸੀ ਹੈ।
ਮੌਜੂਦਾ ਵਾਰਦਾਤ ਵਿਚ ਸ਼ਾਮਿਲ ਬੱਸ ਦੀ ਮਲਕੀਅਤ ਤੋਂ ਲੈ ਕੇ ਮੁਲਜ਼ਮਾਂ ਦੀ ਸੋਚ ਤਕ ਅਹਿਮ ਮਸਲੇ ਹਨ। ਤੁਹਾਡੀ ਸਰਕਾਰ ਦੇ Ḕਹਕੀਕੀ ਅਗਵਾਨ’ ਤੁਹਾਡੇ ਆਪਣੇ ਫਰਜੰਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਉਹ ਗ੍ਰਹਿ ਮੰਤਰੀ ਵੀ ਹਨ। ਇਨ੍ਹਾਂ ਹੀ ਬੱਸਾਂ ਨੂੰ ਤੁਹਾਡੀ ਸਿਆਸੀ ਧਿਰ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਕਰਦੀ ਹੈ। ਤੁਸੀਂ ਤਾਂ ਸਾਫ਼ ਕਰ ਦਿੱਤਾ ਹੈ ਕਿ ਤੁਹਾਡਾ ਬੱਸਾਂ ਦੇ ਕਾਰੋਬਾਰ ਨਾਲ ਕੋਈ ਰਿਸ਼ਤਾ ਨਹੀਂ ਹੈ। ਇਸ ਬਿਆਨ ਨੂੰ ਦੂਜੀਆਂ ਸਿਆਸੀ ਧਿਰਾਂ ਭਾਵੇਂ ਤੁਹਾਡਾ ਮਚਲਾਪਣ ਕਰਾਰ ਦਿੰਦੀਆਂ ਹਨ ਪਰ ਇਕ ਸ਼ਹਿਰੀ ਕੋਲ ਅਜਿਹਾ ਇਲਜ਼ਾਮ ਲਾਉਣ ਦੀ ਕੋਈ ਬੁਨਿਆਦ ਨਹੀਂ ਹੈ। ਇਹ ਸੁਆਲ ਤਾਂ ਪੁੱਛ ਲੈਣਾ ਵਾਜਿਬ ਹੀ ਹੈ ਕਿ ਤੁਹਾਡੇ ਫਰਜੰਦ ਦੀ ਇਸ ਕਾਰੋਬਾਰ ਵਿਚ ਇੰਨੀ ਤਰੱਕੀ ਦਾ ਰਾਜ਼ ਕੀ ਹੈ? ਪੰਜਾਬ ਦੀਆਂ ਸਰਕਾਰੀ ਬੱਸਾਂ ਲਗਾਤਾਰ ਘਾਟੇ ਵਿਚ ਹਨ ਅਤੇ ਤੁਹਾਡੇ ਫਰਜੰਦ ਦੀਆਂ ਮੁਨਾਫ਼ਾ ਕਮਾ ਰਹੀਆਂ ਹਨ। ਕੀ ਤੁਹਾਡਾ ਭਾਰਤ ਦੇ ਸਭ ਤੋਂ ਤਜਰਬੇਕਾਰ ਮੁੱਖ ਮੰਤਰੀ ਹੋਣ ਦਾ ਰੁਤਬਾ ਆਪਣੇ ਹੀ ਫਰਜੰਦ ਦੀਆਂ ਉਦਮੀ ਪਹਿਲਕਦਮੀਆਂ ਸਾਹਮਣੇ ਬੌਣਾ ਸਾਬਤ ਹੋਇਆ ਹੈ? ਹਰ ਕੰਮ ਨੂੰ ਜਾਰੀ ਰੱਖਣ ਲਈ ਨਵੇਂ ਖ਼ੂਨ ਦੀ ਲੋੜ ਹੁੰਦੀ ਹੈ। ਤੁਸੀਂ ਵੀ ਆਪਣੀ ਸਰਕਾਰ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਨਵਾਂ ਅਤੇ ਆਪਣਾ ਖ਼ੂਨ ਪਹਿਲਾਂ ਸਿਆਸਤ ਅਤੇ ਬਾਅਦ ਵਿਚ ਸਰਕਾਰ ਦੇ ਲੇਖੇ ਲਾਇਆ ਹੈ। ਤੁਹਾਡਾ ਭਤੀਜਾ ਭਾਵੇਂ ਵਕਤੀ ਕਾਮਯਾਬੀ ਤੋਂ ਬਾਅਦ ਵੱਖ ਹੋ ਗਿਆ ਹੈ ਪਰ ਤੁਹਾਡਾ ਫਰਜੰਦ ਤੁਹਾਡੀ ਮਜ਼ਬੂਤ ਬਾਂਹ ਬਣਿਆ ਹੋਇਆ ਹੈ। ਇਸ ਕੰਮ ਵਿਚ ਤੁਹਾਡੀ ਨੂੰਹ, ਜਵਾਈ ਅਤੇ ਹੋਰ ਦੂਰ-ਨੇੜਲੀ ਰਿਸ਼ਤੇਦਾਰੀ ਦੇ ਨਾਲ-ਨਾਲ ਨੌਕਰੀਆਂ ਵੇਲੇ ਵਫ਼ਾਦਾਰੀਆਂ ਪਾਲਣ ਵਾਲੀ ਅਫ਼ਸਰਸ਼ਾਹੀ ਦਾ ਯੋਗਦਾਨ ਲਾਸਾਨੀ ਹੈ। ਹੁਣ ਸੁਆਲ ਇਹ ਹੈ ਕਿ ਜੇ ਤੁਹਾਡੇ ਫਰਜੰਦ ਦੀਆਂ ਉਦਮੀ ਪਹਿਲਕਦਮੀਆਂ ਨਾਲ ਸਰਕਾਰ ਘਾਟੇ ਵਿਚ ਅਤੇ ਨਿੱਜੀ ਕਾਰੋਬਾਰ ਮੁਨਾਫ਼ੇ ਵਿਚ ਕਿਵੇਂ ਜਾ ਰਿਹਾ ਹੈ? ਕੀ ਤੁਸੀਂ ਉਸ ਨੂੰ ਨਿੱਜੀ ਕਾਰੋਬਾਰ ਵਾਂਗ ਸਰਕਾਰੀ ਕੰਮ ਵਿਚ ਬਣਦੀ ਖੁੱਲ੍ਹ ਨਹੀਂ ਦਿੰਦੇ ਜਾਂ ਇਸੇ ਖੁੱਲ੍ਹ ਕਾਰਨ ਉਸ ਦੀਆਂ ਬੱਸਾਂ ਨੂੰ ਸਵਾਰੀਆਂ ਦੇ ਖੁੱਲ੍ਹੇ ਗੱਫ਼ੇ ਮਿਲ ਰਹੇ ਹਨ। ਇਹ ਵੱਡੇ ਮਸਲੇ ਹਨ ਜਿਨ੍ਹਾਂ ਦੇ ਵਹੀ-ਖ਼ਾਤੇ ਕਦੇ ਇਤਿਹਾਸ ਫਰੋਲੇਗਾ, ਪਰ ਇਸ ਖ਼ਤ ਲਈ ਸਿਰਫ਼ ਬੱਸਾਂ ਦੀ ਮਲਕੀਅਤ ਅਹਿਮ ਹੈ।
ਤੁਸੀਂ ਸਾਫ਼ ਕਰ ਦਿੱਤਾ ਹੈ ਕਿ ਤੁਹਾਡਾ ਇਨ੍ਹਾਂ ਬੱਸਾਂ ਦੇ ਕਾਰੋਬਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸੇ ਤਰਜ਼ ਉਤੇ ਤੁਹਾਡੇ ਫਰਜੰਦ ਦਾ ਇਸ ਵਾਰਦਾਤ ਨਾਲ ਕੋਈ ਰਿਸ਼ਤਾ ਨਹੀਂ ਹੈ। ਤੁਸੀਂ ਭਾਵੇਂ ਕਿਤਾਬਾਂ ਪੜ੍ਹਨ ਜਾਂ ਪੜ੍ਹਨ ਦੇਣ ਵਿਚ ਯਕੀਨ ਨਹੀਂ ਕਰਦੇ, ਪਰ ਕੁਝ ਗੱਲਾਂ ਦੀ ਗਵਾਹੀ ਨਾਲ ਹੀ ਮਸਲੇ ਦੀਆਂ ਰਮਜ਼ਾਂ ਖੁੱਲ੍ਹਣੀਆਂ ਹਨ। ਤੁਹਾਡੀ ਸਰਕਾਰ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੁਖੀ ਪਰਿਵਾਰ ਨੂੰ ਮੁਆਵਜ਼ਾ ਦੇ ਦਿੱਤਾ ਹੈ। ਜਦੋਂ ਦਿੱਲੀ ਵਿਚ ਦਸੰਬਰ 2012 ਵਾਲੀ ਵਾਰਦਾਤ ਤੋਂ ਬਾਅਦ ਸਰਕਾਰ ਖ਼ਿਲਾਫ਼ ਮੁਜ਼ਾਹਰੇ ਹੋ ਰਹੇ ਸਨ ਤਾਂ ਕੀ ਤੁਸੀਂ ਉਸ ਮਾਮਲੇ ਵਿਚ ਵੀ ਇੰਜ ਹੀ ਸੋਚਦੇ ਸੀ? ਜੇ ਤੁਹਾਡੀ ਸੋਚ ਵਿਚ ਇਨੀ ਹੀ ਨਿਰੰਤਰਤਾ ਹੈ ਤਾਂ ਜਸਟਿਸ ਵਰਮਾ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਹੋਈ ਕਾਨੂੰਨੀ ਸੋਧ ਅਤੇ ਹੁਣ ਤੱਕ ਜਾਰੀ ਬਹਿਸ ਤਾਂ ਬੇਮਾਅਨਾ ਹੋਈ। ਉਸ ਮੁਕੇਸ਼ ਸਿੰਘ ਦਾ ਸਰਕਾਰ ਨਾਲ ਕੋਈ ਰਿਸ਼ਤਾ ਤੱਕ ਨਹੀਂ ਸੀ, ਪਰ ਲੋਕ ਸਮਾਜਕ ਸੋਚ ਅਤੇ ਸਰਕਾਰੀ ਕਾਰਗੁਜ਼ਾਰੀ ਵਿਚ ਬਿਹਤਰੀ ਨਾਲ ਜੋੜ ਕੇ ਔਰਤਾਂ ਦੀ ਸੁਰੱਖਿਆ ਅਤੇ ਮਾਣ-ਸਤਿਕਾਰ ਦੇ ਮਸਲਿਆਂ ਨੂੰ ਦੇਖਦੇ ਸਨ। ਇਹ ਮੁਕੇਸ਼ ਸਿੰਘ ਵੀ ਅਜੀਬ ਬੰਦਾ ਹੈ ਕਿ ਬਲਾਤਕਾਰੀ-ਕਾਤਲ ਹੋਣ ਦੇ ਬਾਵਜੂਦ ਹਰ ਬਹਿਸ ਵਿਚ ਆ ਜਾਂਦਾ ਹੈ। ਬਹੁਤ ਸਾਰੇ ਸ਼ਹਿਰੀ ਮੰਨਦੇ ਹਨ ਕਿ ਉਸ ਨੂੰ ਸੁਣਿਆ ਜਾਣਾ ਚਾਹੀਦਾ ਹੈ। ਉਸ ਦੀਆਂ ਗੱਲਾਂ ਵਿਚੋਂ ਸਾਡੇ ਸਮਾਜ ਦੀ ਔਰਤ ਵਿਰੋਧੀ ਸੋਚ ਦੀ ਨਿਸ਼ਾਨਦੇਹੀ ਹੁੰਦੀ ਹੈ। ਤੁਹਾਡੀ ਭਾਈਵਾਲ ਕੇਂਦਰੀ ਸਰਕਾਰ ਉਸ ਫ਼ਿਲਮ ਉਤੇ ਪਾਬੰਦੀ ਲਗਾ ਚੁੱਕੀ ਹੈ, ਜਿਸ ਵਿਚ ਮੁਕੇਸ਼ ਕੁਮਾਰ ਬਲਾਤਕਾਰ ਕਰਨ ਦੀ ਦਲੀਲ ਬਰੀਕੀ ਨਾਲ ਸਮਝਾਉਂਦਾ ਹੈ। ਤੁਸੀਂ ਆਪਣੇ ਸਿਆਸੀ ਜੀਵਨ ਵਿਚ ਵਫ਼ਾਦਾਰੀਆਂ ਨੂੰ ਬਹੁਤ ਤਰਜੀਹ ਦਿੱਤੀ ਹੈ। ਤੁਹਾਡੇ ਇਸੇ ਗੁਣ ਕਾਰਨ ਇਹ ਮੰਨਣਾ ਸੌਖਾ ਹੈ ਕਿ ਤੁਸੀਂ ਉਸ ਪਾਬੰਦੀ ਨਾਲ ਸਹਿਮਤ ਹੋ।
ਮੋਗੇ ਕਤਲ ਹੋਣ ਵਾਲੀ ਕੁੜੀ ਨੂੰ ਪੰਜਾਬ ਵਿਚ ਛਪਦੇ ਜ਼ਿਆਦਾਤਰ ਅਖ਼ਬਾਰਾਂ ਅਤੇ ਨਸ਼ਰ ਹੁੰਦੇ ਚੈਨਲਾਂ ਨੇ ਦੂਜੀ ਨਿਰਭੈ ਦਾ ਦਰਜਾ ਦਿੱਤਾ ਹੈ। ਆਪਾਂ ਇਸ ਗੱਲ ਵਿਚ ਨਹੀਂ ਪੈਣਾ ਕਿ ਕਤਲ ਹੋਏ ਜੀਅ ਨੂੰ ਨਿਰਭੈ ਕਹਿ ਕੇ ਕੌਣ ਕਿਸ ਦੀ ਵਡਿਆਈ ਕਰਦਾ ਹੈ। ਉਂਜ ਆਪਾਂ ਪੱਤਰਕਾਰਾਂ ਦੀ ਇਸ ਦੋਗ਼ਲੀ ਸਮਝ ਬਾਬਤ ਵੀ ਗੱਲ ਨਹੀਂ ਕਰਨੀ ਕਿ ਸਲੀਕੇ ਦੇ ਨਾਂ ਉਤੇ ਦਿੱਲੀ ਵਾਲੀ ਕੁੜੀ ਦਾ ਨਾਂ ਗੁਪਤ ਰੱਖਿਆ ਜਾਵੇ ਅਤੇ ਮੋਗੇ ਵਾਲੀ ਬੀਬੀ ਦਾ ਨਾਂ ਨਸ਼ਰ ਕਰਨ ਵਿਚ ਕੋਈ ਗੁਰੇਜ਼ ਨਾ ਕੀਤਾ ਜਾਵੇ। ਜੇ ਪੱਤਰਕਾਰ ਕਿਸੇ ਸਲੀਕੇ ਵਿਚ ਨਹੀਂ ਰਹਿੰਦੇ ਤਾਂ ਸਰਕਾਰ ਵਿਚਾਰੀ ਕੀ ਕਰ ਸਕਦੀ ਹੈ? ਕੁਝ ਪੱਤਰਕਾਰਾਂ ਦੀ ਤਾਂ ਮਜਬੂਰੀ ਹੈ ਕਿ ਸਿਆਸੀ ਧਿਰਾਂ ਅਤੇ ਜਥੇਬੰਦੀਆਂ ਦੇ ਬਿਆਨਾਂ ਵਿਚ ਨਾਂ ਲਿਖਿਆ ਹੁੰਦਾ ਹੈ ਜਿਸ ਕਾਰਨ ਛਾਪਣਾ ਮਜਬੂਰੀ ਹੋ ਜਾਂਦਾ ਹੈ।
ਖ਼ੈਰ, ਇਹ ਪੱਤਰਕਾਰ ਤਾਂ ਹਰ ਮਾਮਲੇ ਉਤੇ ਸਨਸਨੀ ਪੈਦਾ ਕਰ ਦਿੰਦੇ ਹਨ ਅਤੇ ਮੁੱਦਾ ਲੀਹੋਂ ਲਾਹ ਦਿੰਦੇ ਹਨ। ਆਪਾਂ ਤਾਂ ਗੱਲ ਇਹ ਕਰਨੀ ਸੀ ਕਿ ਲਗਾਤਾਰ ਅਧਿਐਨ ਕਰਨ ਵਾਲੇ ਵਿਦਵਾਨ ਸਾਬਤ ਕਰਦੇ ਹਨ ਕਿ ਔਰਤ ਖ਼ਿਲਾਫ਼ ਹਿੰਸਾ ਸਮਾਜਕ ਸੋਚ ਦਾ ਹਿੱਸਾ ਹੈ। ਤੁਸੀਂ ਆਦਤਨ ਕਹਿ ਸਕਦੇ ਹੋ ਕਿ ਸਮਾਜਕ ਸੋਚ ਦਾ ਸਰਕਾਰ ਕੀ ਕਰ ਸਕਦੀ ਹੈ? ਉਂਜ ਇਨ੍ਹਾਂ ਮਾਮਲਿਆਂ ਵਿਚ ਤੁਸੀਂ ਉਨ੍ਹਾਂ ਹੁਸ਼ਿਆਰ ਸਿਆਸਤਦਾਨਾਂ ਵਿਚ ਸ਼ੁਮਾਰ ਹੋ ਜਿਹੜੇ ਸਰਕਾਰੀ ਮਹਿਕਮਿਆਂ ਅਤੇ ਆਪਣਿਆਂ ਦੇ ਨਿੱਜੀ ਕਾਰੋਬਾਰ ਵਿਚ ਕੋਈ ਫ਼ਰਕ ਨਹੀਂ ਕਰਦੇ, ਪਰ ਸਮਾਜਕ ਸੋਚ ਅਤੇ ਸਿਆਸੀ ਘੇਰੇ ਵਿਚ ਨਿਖੇੜਾ ਬਾਰੀਕੀ ਨਾਲ ਕਰ ਲੈਂਦੇ ਹਨ। ਤੁਹਾਡੀ ਇਸ ਤਾਰੀਫ਼ ਖ਼ਿਲਾਫ਼ ਹਿਮਾਕਤ ਕਰਦਿਆਂ ਇਹ ਕਹਿਣਾ ਬਣਦਾ ਹੈ ਕਿ ਸਮਾਜਕ ਸੋਚ ਵਿਚੋਂ ਨਿਕਲਦੀ ਹਰ ਊਚ-ਨੀਚ, ਬੇਇਨਸਾਫ਼ੀ ਅਤੇ ਵਧੀਕੀ ਸਿਆਸਤ ਦੇ ਘੇਰੇ ਵਿਚ ਆਉਂਦੀ ਹੈ।
ਜਦੋਂ ਮੋਗੇ ਵਿਚ ਕਤਲ ਹੋਈ ਕੁੜੀ ਨੂੰ ਦੂਜੀ ਨਿਰਭੈ ਕਿਹਾ ਜਾ ਰਿਹਾ ਹੈ ਤਾਂ ਉਸ ਦੇ ਕਾਤਲਾਂ ਦੀ ਕੋਈ ਤੰਦ ਤਾਂ ਮੁਕੇਸ਼ ਸਿੰਘ ਨਾਲ ਮਿਲਦੀ ਹੋ ਸਕਦੀ ਹੈ। ਮੁਕੇਸ਼ ਸਿੰਘ ਨੇ Ḕਇੰਡੀਆ’ਜ਼ ਡੌਟਰḔ ਵਿਚ ਸਾਫ਼ ਕਿਹਾ ਹੈ ਕਿ ਬਲਾਤਕਾਰ ਤੋਂ ਬਾਅਦ ਕੁੜੀ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸ਼ਰਮਸ਼ਾਰ ਹੋ ਕੇ ਚੁੱਪ ਧਾਰ ਲਵੇ। ਮੁਕੇਸ਼ ਬਲਾਤਕਾਰ ਨੂੰ ਕੁੜੀ ਦੇ ਓਪਰੇ ਮਰਦ ਨਾਲ ਕੁਵੇਲੇ ਜਾਣ ਦੀ ਸਜ਼ਾ ਵਜੋਂ ਵੀ ਪੇਸ਼ ਕਰਦਾ ਹੈ। ਇਸ ਤਰ੍ਹਾਂ ਮੁਕੇਸ਼ ਮਰਦ ਪ੍ਰਧਾਨ ਸਮਾਜ ਦੀ ਨੁਮਾਇੰਦਗੀ ਕਰਦਿਆਂ ਬਲਾਤਕਾਰ ਨੂੰ ਜਾਇਜ਼ ਕਰਾਰ ਦਿੰਦਾ ਹੈ। ਮੋਗੇ ਵਾਲੇ ਮਾਮਲੇ ਵਿਚ ਮੁਕੇਸ਼ ਸਿੰਘ ਦੀ ਸੋਚ ਦੇ ਸਾਰੇ ਅੰਸ਼ ਹੋ ਸਕਦੇ ਹਨ, ਪਰ ਇੱਥੇ ਉਹ ਜ਼ਿਆਦਾ ਮੂੰਹਜ਼ੋਰ ਹੈ। ਜੇ ਮੁਕੇਸ਼ ਸਿੰਘ ਦੀ ਦਲੀਲ ਨੂੰ ਸਮਾਜ ਸ਼ਾਸਤਰੀਆਂ ਦੀ ਸਲਾਹ ਕਾਰਨ ਮੰਨ ਲਿਆ ਜਾਵੇ ਤਾਂ ਮੋਗੇ ਵਾਲੀ ਵਾਰਦਾਤ ਨਾਲ ਕੁਝ ਨਵੇਂ ਤੱਥ ਜੁੜ ਗਏ ਹਨ। ਨਾਬਾਲਗ਼ ਕੁੜੀ ਦਿਨ-ਦਿਹਾੜੇ ਆਪਣੀ ਮਾਂ ਅਤੇ ਛੋਟੇ ਭਰਾ ਨਾਲ ਸਵਾਰੀਆਂ ਵਾਲੀ ਬੱਸ ਵਿਚ ਸਫ਼ਰ ਕਰ ਰਹੀ ਸੀ। ਜੇ ਮੁਕੇਸ਼ ਸਿੰਘ ਹੁਰਾਂ ਦੀ ਸੋਚ ਉਤੇ ਮਰਦ ਪ੍ਰਧਾਨਗੀ ਸਵਾਰ ਸੀ ਤਾਂ ਮੋਗੇ ਕਾਤਲਾਂ ਦੀ ਮੂੰਹਜ਼ੋਰੀ ਉਤੇ ਕੀ ਸਵਾਰ ਸੀ? ਮੁਕੇਸ਼ ਸਿੰਘ ਹੋਰੀਂ ਤਾਂ ਤਵੱਕੋ ਕਰਦੇ ਸਨ ਕਿ ਰਾਤ ਦੇ ਹਨੇਰੇ ਵਿਚ ਹੋਈ ਵਧੀਕੀ ਤੋਂ ਬਾਅਦ ਸ਼ਰਮ ਦੀ ਮਾਰੀ ਕੁੜੀ ਮੂੰਹ ਨਹੀਂ ਖੋਲ੍ਹੇਗੀ। ਮੋਗੇ ਤੁਹਾਡੇ ਫਰਜੰਦ ਦੀ ਬੱਸ ਦੇ ਮੁਲਾਜ਼ਮ ਦਿਨ ਦਿਹਾੜੇ ਇਹ ਮੂੰਹਜ਼ੋਰੀ ਕਰਨ ਤੋਂ ਬਾਅਦ ਬਚ ਜਾਣ ਦੀ ਤਵੱਕੋ ਕਿਵੇਂ ਕਰਦੇ ਸਨ? ਉਨ੍ਹਾਂ ਦੀ ਸੋਚ ਨੂੰ ਸਮਝਣਾ ਵੀ ਤਾਂ ਜ਼ਰੂਰੀ ਹੈ।
ਤੁਹਾਡੇ ਫਰਜੰਦ ਦੀਆਂ ਬੱਸਾਂ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਤਾਰ ਲੱਗਦੇ ਹਨ। ਇਹ ਆਵਾਜਾਈ ਦਾ ਹਰ ਨੇਮ ਤੋੜਦੀਆਂ ਹਨ ਅਤੇ ਪੁਲਿਸ ਇਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ। ਉਂਜ ਇਸ ਵਲ ਇਸ਼ਾਰਾ ਇਕ ਵਾਰ ਤੁਸੀਂ ਲੋਕ ਸਭਾ ਹਲਕਾ ਬਠਿੰਡਾ ਵਿਚ ਕੀਤਾ ਸੀ। ਤੁਸੀਂ ਲੋਕਾਂ ਨੂੰ ਕਿਹਾ ਸੀ ਕਿ ਲੋਕ ਸਭਾ ਵਿਚ ਤੁਹਾਡੀ ਨੁਮਾਇੰਦਗੀ ਕਰਨ ਵਾਲੀ ਬੀਬੀ ਦੀ ਗੱਲ ਸੁਖਬੀਰ ਬਾਦਲ ਨਹੀਂ ਮੋੜਦਾ। ਸੁਖਬੀਰ ਬਾਦਲ ਮਜ਼ਾਕ-ਮਜ਼ਾਕ ਵਿਚ ਪੱਤਰਕਾਰਾਂ ਨੂੰ ਸਮਝਾ ਚੁੱਕੇ ਹਨ ਕਿ ਪੁਲਿਸ ਉਨ੍ਹਾਂ ਦਾ ਇਸ਼ਾਰਾ ਸਮਝਦੀ ਹੈ। ਇਨ੍ਹਾਂ ਹਾਲਾਤ ਵਿਚ ਤੁਹਾਡੇ ਫਰਜੰਦ ਦੀਆਂ ਬੱਸਾਂ ਦਾ ਪੰਜਾਬ ਦੀਆਂ ਸੜਕਾਂ ਉਤੇ ਰਾਜ ਹੈ। ਉਨ੍ਹਾਂ ਦੀ ਰਫ਼ਤਾਰ ਦੀ ਮਾਰ ਵਿਚ ਆਇਆ ਬੰਦਾ ਪੁਲਿਸ ਦੇ ਕਾਗ਼ਜ਼ਾਂ ਵਿਚ ਦਰਜ ਹੋਣ ਤੋਂ ਡਰਦਾ ਹੈ। ਤੁਸੀਂ ਚਾਹੇ ਗੁੱਸਾ ਮੰਨਿਓ, ਪਰ ਤੁਹਾਡੇ ਫਰਜੰਦ ਦੀਆਂ ਬੱਸਾਂ ਨੂੰ ਲੋਕ ਬਾਦਲਾਂ ਦੀਆਂ ਬੱਸਾਂ ਕਹਿੰਦੇ ਹਨ। ਪੁਲਿਸ ਵਾਲੇ ਇਨ੍ਹਾਂ ਬੱਸਾਂ ਨਾਲ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਨੂੰ Ḕਬਾਦਲਾਂ’ ਦਾ ਨਾਂ ਲੈ ਕੇ ਸਮਝਾਉਂਦੇ ਹਨ ਕਿ ਕੇਲੇ ਦੇ ਛਿਲਕੇ ਤੋਂ ਤਿਲਕੇ ਦਾ ਅਤੇ Ḕਬਾਦਲਾਂ’ ਦੀਆਂ ਬੱਸਾਂ ਹੇਠਾਂ ਆ ਕੇ ਮਰੇ ਦਾ ਰੋਸਾ ਨਹੀਂ ਕਰੀਦਾ। ਮੈਨੂੰ ਪੱਕਾ ਪਤਾ ਹੈ ਕਿ ਸਰਕਾਰ ਨੇ ਅਜਿਹਾ ਕੋਈ ਹੁਕਮ ਪੁਲਿਸ ਨੂੰ ਨਹੀਂ ਕੀਤਾ, ਪਰ ਤੁਸੀਂ ਤਾਂ ਜਾਣਦੇ ਹੋ ਕਿ ਹੁਕਮ ਤਾਂ ਮੂੰਹ-ਜ਼ੁਬਾਨੀ ਜ਼ਿਆਦਾ ਕਾਰਗਰ ਹੁੰਦੇ ਹਨ। ਉਂਜ ਚਾਕਰਾਂ ਨੂੰ ਮਾਲਕਾਂ ਦੀ ਅੱਖ ਦਾ ਇਸ਼ਾਰਾ ਸਮਝਣ ਦੀ ਆਦਤ ਹੁੰਦੀ ਹੈ। ਇਸ਼ਾਰਾ ਸਮਝਣ ਵਾਲੇ ਤਰੱਕੀਆਂ ਅਤੇ ਚੰਗੇ ਅਹੁਦੇ ਦੀ ਆਸ ਰੱਖਦੇ ਹਨ। ਤੁਸੀਂ ਤਾਂ ਇਸ਼ਾਰਾ ਸਮਝਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਛੁੱਟੀ ਕਰਵਾ ਕੇ ਸਿਆਸੀ ਰੁਤਬਿਆਂ ਨਾਲ ਵੀ ਨਿਵਾਜਦੇ ਹੋ। ਇਸ ਦਲੀਲ ਨੂੰ ਕਿਸੇ ਸਾਬਕਾ ਮੁੱਖ ਸਕੱਤਰ, ਸਾਬਕਾ ਪੁਲਿਸ ਮੁਖੀ ਜਾਂ ਸਾਬਕਾ ਖੇਡ ਨਿਰਦੇਸ਼ਕ ਦੀਆਂ ਸਿਆਸੀ ਸਰਗਰਮੀਆਂ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਹੋਰ ਵੀ ਤਾਂ ਸਰਕਾਰੀ ਅਫ਼ਸਰ ਹਨ ਜਿਨ੍ਹਾਂ ਨੇ ਤੁਹਾਡੇ ਇਸ਼ਾਰੇ ਉਤੇ ਚੋਣਾਂ ਲੜਨ ਲਈ ਨੌਕਰੀਆਂ ਛੱਡੀਆਂ ਹਨ, ਜਾਂ ਆਪਣੀਆਂ ਘਰਵਾਲੀਆਂ ਤੋਂ ਲੈ ਕੇ ਰਿਸ਼ਤੇਦਾਰਾਂ ਨੂੰ ਚੋਣਾਂ ਦੇ ਮੈਦਾਨ ਵਿਚ ਉਤਾਰਿਆ ਹੈ। ਇਨ੍ਹਾਂ ਹਾਲਾਤ ਵਿਚ ਹਰ ਮੁਲਾਜ਼ਮ ਇਸ ਦੌੜ ਵਿਚ ਹੋ ਸਕਦਾ ਹੈ ਕਿ ਤੁਹਾਡੇ ਇਸ਼ਾਰੇ ਸਮਝ ਕੇ ਤਰੱਕੀਆਂ ਦੇ ਬੂਹੇ ਖੋਲ੍ਹੇ ਜਾਣ। ਜਾਹਰ ਹੈ, ਪੁਲਿਸ ਅਤੇ ਆਵਾਜਾਈ ਵਾਲਾ ਮਹਿਕਮਾ ਤੁਹਾਡੇ ਫਰਜੰਦ ਦੀਆਂ ਬੱਸਾਂ ਦੀ ਚੱਤੋ-ਪਹਿਰ ਸੇਵਾ ਵਿਚ ਹਾਜ਼ਰ ਰਹਿੰਦਾ ਹੈ।
ਤੁਹਾਡੇ ਫਰਜੰਦ ਦੇ ਨਾਂ ਉਤੇ ਬੱਸ ਦੇ ਮੁਲਾਜ਼ਮ ਸਰਕਾਰੀ ਮੁਲਾਜ਼ਮਾਂ ਉਤੇ ਚੋਖਾ ਰੋਅਬ ਪਾ ਲੈਂਦੇ ਹਨ। ਦੇਖੋ, ਤੁਸੀਂ ਤਾਂ ਜਾਣਦੇ ਹੋ ਕਿ ਰੋਅਬਦਾਰ ਬੰਦਾ ਜਲਦੀ ਭੁੱਲ ਜਾਂਦਾ ਹੈ ਕਿ ਰੋਅਬ ਉਸ ਦਾ ਨਹੀਂ ਸਗੋਂ ਮਾਲਕਾਂ ਦਾ ਹੈ। ਤੁਸੀਂ ਜਾਣਦੇ ਹੋ ਕਿ ਕਿੰਨੇ ਸਿਆਸਤਦਾਨਾਂ ਅਤੇ ਅਫ਼ਸਰਾਂ ਨੂੰ ਤੁਹਾਨੂੰ ਔਕਾਤ ਯਾਦ ਕਰਵਾਉਣ ਲਈ ਕਾਰਵਾਈਆਂ ਕਰਨੀਆਂ ਪੈਂਦੀਆਂ ਹਨ। ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਗੁਰਚਰਨ ਸਿੰਘ ਟੌਹੜਾ ਆਪਣੀ ਸਰਕਾਰ ਸਮਝ ਬੈਠੇ ਸਨ। ਤੁਹਾਨੂੰ ਦੱਸਣਾ ਪਿਆ ਸੀ ਕਿ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਦੀ ਹੈ! ਤੁਸੀਂ ਭਾਵੇਂ ਇਹ ਕੰਮ ਕੌੜਾ ਘੁੱਟ ਭਰ ਕੇ ਹੀ ਕੀਤਾ ਹੋਵੇ, ਪਰ ਅਜਿਹਾ ਕਈ ਵਾਰ ਕਰਨਾ ਪੈਂਦਾ ਹੈ। ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਖੁਦਕੁਸ਼ੀ ਦਾ ਐਲਾਨ ਤੁਹਾਨੂੰ ਦਿਲ ਉਤੇ ਪੱਥਰ ਰੱਖ ਕੇ ਕਰਨਾ ਪਿਆ ਸੀ। ਇਹ ਬੱਸਾਂ ਦੇ ਮੁਲਾਜ਼ਮਾਂ ਨੂੰ ਭੁਲੇਖਾ ਹੈ ਕਿ ਰੋਅਬ ਉਨ੍ਹਾਂ ਦਾ ਹੈ। ਪੁਲਿਸ ਸਮੇਤ ਸਵਾਰੀਆਂ ਨੂੰ ਨਹੀਂ ਪਤਾ ਕਿ ਕਿਹੜਾ ਮੁਲਾਜ਼ਮ ਤੁਹਾਡੇ ਫਰਜੰਦ ਦੇ ਕਿੰਨਾ ਨੇੜੇ ਹਨ। ਉਹ ਤਾਂ ਤੁਹਾਡੇ ਫਰਜੰਦ ਦੇ ਕਾਰੋਬਾਰ ਦੇ ਹਰ ਮੁਲਾਜ਼ਮ ਨੂੰ ਤੁਹਾਡਾ ਹੀ ਰੂਪ ਮੰਨਦੇ ਹਨ। ਨਤੀਜੇ ਵਜੋਂ ਕਿਰਾਏ-ਬਕਾਏ ਦੇ ਝਗੜੇ ਉਤੇ ਕੁੱਟ-ਮਾਰ ਤੋਂ ਗਾਲੀ-ਗਲੋਚ ਦਾ ਦ੍ਰਿਸ਼ ਤਾਂ ਤੁਸੀਂ ਆਪ ਇਕੋ ਦਿਨ ਵਿਚ ਦੇਖ ਸਕਦੇ ਹੋ। ਉਂਜ ਤੁਸੀਂ ਇਹ ਤਜਰਬਾ ਕਰਨ ਦਾ ਜੋਖਮ ਨਾ ਲਵੋ ਤਾਂ ਚੰਗਾ ਹੈ ਕਿਉਂਕਿ ਜੇ ਤੁਹਾਡੇ ਫਰਜੰਦ ਦੇ ਕਿਸੇ ਮੁਲਾਜ਼ਮ ਨੇ ਮਾੜੀ ਜਿਹੀ ਗੱਲ ਉਤੇ ਕਹਿ ਦੇਣਾ ਹੈ, “ਬਾਦਲ ਵਰਗੀ ਸ਼ਕਲ ਨਾਲ ਤੂੰ ਹੁਣ ਮੁੱਖ ਮੰਤਰੀ ਬਣ ਗਿਐਂ?” ਇਹ ਤੁਹਾਡੇ ਗਰਮ ਖ਼ੂਨ ਵਾਲੇ ਨੌਜਵਾਨ ਵਿਧਾਇਕਾਂ ਨੂੰ ਚੰਗਾ ਨਹੀਂ ਲੱਗਣਾ। ਬੱਸਾਂ ਦੇ ਮੁਲਾਜ਼ਮਾਂ ਦੀ ਸ਼ਾਨ ਸਵਾਰੀਆਂ ਦੀ ਬੇਇੱਜ਼ਤੀ ਕਰਨ ਵਿਚ ਹੈ। ਜੇ ਕੋਈ ਕਸਰ ਰਹਿ ਜਾਵੇ ਤਾਂ ਉਹ ਗੀਤ ਸੁਣਾ ਕੇ ਜਾਂ ਫ਼ਿਲਮਾਂ ਦਿਖਾ ਕੇ ਪੂਰੀ ਕਰ ਦਿੰਦੇ ਹਨ। ਤੁਹਾਡੇ ਫਰਜੰਦ ਦੀਆਂ ਬੱਸਾਂ ਵਿਚ Ḕਨੰਨ੍ਹੀ ਛਾਂ’ ਦੇ ਇਸ਼ਤਿਹਾਰ ਦੇ ਬਿਲਕੁਲ ਲਾਗੇ ਕੁੜੀਆਂ ਛੇੜਨ ਦੀ ਸਿਖਲਾਈ ਦੇਣ ਵਾਲੀ ਫ਼ਿਲਮ ਚੱਲਦੀ ਹੈ। ਇਹ ਤਾਂ ਤੁਸੀਂ ਆਪਣੇ ਕਿਸੇ ਚਾਕਰ ਰਾਹੀਂ ਪਤਾ ਕਰਵਾ ਲੈਣਾ ਕਿ ਕਿਹੜੇ ਗੀਤ ਚਲਦੇ ਹਨ ਅਤੇ ਕਿਹੜੀਆਂ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ।
ਇਨ੍ਹਾਂ ਹਾਲਾਤ ਵਿਚ ਤੁਹਾਡੀਆਂ ਬੱਸਾਂ ਮਤਲਬ ਕਿ ਤੁਹਾਡੇ ਫਰਜੰਦ ਦੀਆਂ ਬੱਸਾਂ ਦੇ ਮੁਲਾਜ਼ਮ ਤੁਹਾਡੇ ਨਾਂ ਉਤੇ ਆਪਣੇ ਕੰਮ ਕਰਵਾ ਲੈਂਦੇ ਹਨ। ਉਂਜ ਬੱਸਾਂ ਦੇ ਕਾਰੋਬਾਰ ਵਿਚ ਜੇ ਮੁਲਾਜ਼ਮ ਜ਼ਿਆਦਾ ਕੁੰਡੀ ਨਾ ਲਾਉਣ ਤਾਂ ਮਾਲਕ ਉਨ੍ਹਾਂ ਦੇ ਹਮਲਾਵਰ ਸੁਭਾਅ ਨੂੰ ਚੰਗਾ ਸਮਝਦੇ ਹਨ। ਮਾਲਕਾਂ ਦਾ ਸਵਾਰੀਆਂ ਉਤੇ ਰੋਅਬ ਮੁਲਾਜ਼ਮਾਂ ਰਾਹੀਂ ਹੀ ਪੈਣਾ ਹੈ। ਇਹ ਤਾਂ ਕਈ ਵਾਰ ਸਰਕਾਰੀ ਮੁਲਾਜ਼ਮਾਂ ਦੀ ਕੁੱਟ-ਮਾਰ ਤੱਕ ਕਰ ਦਿੰਦੇ ਹਨ। ਲਾਹ-ਪਾਹ ਕਰਨ ਲਈ ਤਾਂ ਇਨ੍ਹਾਂ ਨੂੰ ਕਿਸੇ ਕਾਰਨ ਦੀ ਲੋੜ ਤੱਕ ਨਹੀਂ ਪੈਂਦੀ। ਚੀਜ਼ਾਂ ਨੂੰ ਚੋਣਵੇਂ ਰੂਪ ਵਿਚ ਯਾਦ ਰੱਖਣ ਦੇ ਸੁਭਾਅ ਦੇ ਬਾਵਜੂਦ ਤੁਹਾਨੂੰ ਇਹ ਤਾਂ ਯਾਦ ਹੋਵੇਗਾ ਕਿ ਅੰਮ੍ਰਿਤਸਰ ਵਿਚ ਇਕ ਕੁੜੀ ਨਾਲ ਛੇੜਛਾੜ ਕਰਨ ਵਾਲਿਆਂ ਨੇ ਪੁਲਿਸ ਅਫ਼ਸਰ ਬਾਪ ਦਾ ਵਰਦੀ ਵਿਚ ਕਤਲ ਕਰ ਦਿੱਤਾ ਸੀ। ਤੁਸੀਂ ਪੂਰੀ ਦਿਆਨਤਦਾਰੀ ਨਾਲ ਕੁੜੀ ਨੂੰ ਸਰਕਾਰੀ ਨੌਕਰੀ ਦਿੱਤੀ ਸੀ ਅਤੇ ਮੁਆਵਜ਼ਾ ਦਿੱਤਾ ਸੀ। ਮੁਲਜ਼ਮਾਂ ਖ਼ਿਲਾਫ਼ ਫੁਰਤੀ ਨਾਲ ਕਾਰਵਾਈ ਕੀਤੀ ਸੀ। ਉਸ ਤੋਂ ਬਾਅਦ ਲੁਧਿਆਣੇ ਵਿਚ ਇਕ ਹੋਰ ਵੱਡੇ ਪੁਲਿਸ ਅਫ਼ਸਰ ਦੀ ਲੱਤ ਤੋੜ ਦਿੱਤੀ ਗਈ ਸੀ। ਪੁਲਿਸ ਨੇ ਉਸ ਵੇਲੇ ਵੀ ਫੁਰਤੀ ਨਾਲ ਕਾਰਵਾਈ ਕੀਤੀ ਸੀ। ਅਜਿਹੇ ਹੋਰ ਕਈ ਮਾਮਲਿਆਂ ਦੇ ਹਵਾਲੇ ਨਾਲ ਇਹ ਸੁਆਲ ਪੇਸ਼ ਹੁੰਦਾ ਰਿਹਾ ਹੈ ਕਿ ਪੁਲਿਸ ਦੇ ਕੰਮ ਵਿਚ ਸਿਆਸੀ ਦਖ਼ਲਅੰਦਾਜ਼ੀ ਹੁੰਦੀ ਹੈ।
ਵਿਧਾਨ ਸਭਾ ਹਲਕਿਆਂ ਮੁਤਾਬਕ ਥਾਣਿਆਂ ਦੀ ਹੱਦਬੰਦੀ ਕਰਨ ਦੇ ਬਾਵਜੂਦ ਪੁਲਿਸ ਮਹਿਕਮਾ ਲਗਾਤਾਰ ਐਲਾਨ ਕਰਦਾ ਰਿਹਾ ਹੈ ਕਿ ਅਜਿਹਾ ਕੁਝ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਥਾਣੇ ਵਾਲੇ ਹਰ ਕਾਰਵਾਈ ਕਰਨ ਜਾਂ ਨਾ ਕਰਨ ਲਈ ਤੁਹਾਡੇ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੀ ਸਲਾਹ ਲੈਂਦੇ ਹਨ। ਪੁਲਿਸ ਦੇ ਇਨ੍ਹਾਂ ਸਲਾਹਕਾਰਾਂ ਦੀ ਹਾਜ਼ਰੀ ਵਿਚ ਤੁਹਾਡੇ ਫਰਜੰਦ ਦੀਆਂ ਬੱਸਾਂ ਦੇ ਮੁਲਾਜ਼ਮਾਂ ਵਿਰੁਧ ਕਾਰਵਾਈ ਮਹਿਕਮੇ ਦੇ ਵਸੋਂ ਬਾਹਰ ਹੋ ਜਾਂਦੀ ਹੈ। ਇਨ੍ਹਾਂ ਹਾਲਾਤ ਵਿਚ ਤੁਹਾਡੇ ਨਿੱਜੀ ਮੁਲਾਜ਼ਮਾਂ ਦਾ (ਬੱਸਾਂ ਤੋਂ ਬਿਨਾਂ ਵੀ) ਕੋਈ ਕਾਰਾ ਪੁਲਿਸ ਦੇ ਕਾਗ਼ਜ਼ਾਂ ਵਿਚ ਨਹੀਂ ਚੜ੍ਹ ਸਕਦਾ।
ਆਪਣੇ ਆਪ ਨੂੰ ਤੁਹਾਡਾ ਰੂਪ ਸਮਝਣ ਵਾਲਿਆਂ ਵਿਚ ਤੁਹਾਡੇ ਕਾਰੋਬਾਰਾਂ ਦੇ ਮੁਲਾਜ਼ਮਾਂ ਤੋਂ ਬਿਨਾ ਤੁਹਾਡੇ ਸਿਆਸੀ ਕਾਰਕੁਨ ਅਤੇ ਵਫ਼ਾਦਾਰ ਵੀ ਸ਼ਾਮਿਲ ਹਨ। ਇਨ੍ਹਾਂ ਦੀ ਕੀਤੀ ਛੇੜ-ਛਾੜ, ਬਦਸਲੂਕੀ, ਕੁੱਟ-ਮਾਰ ਅਤੇ ਬੇਇੱਜ਼ਤੀ ਕਦੇ ਮਸਲਾ ਬਣਦੀ ਹੀ ਨਹੀਂ। ਆਪਣੇ ਆਪ ਨੂੰ ਤੁਹਾਡਾ ਰੂਪ ਸਮਝਣ ਵਾਲਿਆਂ ਤੋਂ ਮੋਗੇ ਵਿਚ ਗ਼ਲਤੀ ਹੋ ਗਈ। ਤੁਸੀਂ ਅਤੇ ਤੁਹਾਡੀ ਪੁਲਿਸ ਬਦ ਤੋਂ ਬਦਤਰ ਹਾਲਤ ਵਿਚ ਜਿਉਂਦੇ ਜੀਅ ਨਾਲ ਹੋਈ ਹਰ ਵਧੀਕੀ ਨਜ਼ਰਅੰਦਾਜ਼ ਕਰ ਸਕਦੇ ਹੋ ਪਰ ਦਿਨ-ਦਿਹਾੜੇ ਲਾਸ਼ ਨੂੰ ਖੁਰਦ-ਬੁਰਦ ਕਰਨਾ ਮੁਸ਼ਕਿਲ ਹੋ ਗਿਆ। ਇਸੇ ਲਾਸ਼ ਨਾਲ ਤੁਹਾਡੇ ਰਿਸ਼ਤੇ ਦੀ ਸ਼ਨਾਖ਼ਤ ਕਰਨ ਲਈ ਇਹ ਖ਼ਤ ਲਿਖਿਆ ਹੈ। ਬੱਸ ਵਿਚੋਂ ਧੱਕਾ ਮਾਰਨ ਵਾਲਿਆਂ ਅੰਦਰ ਮੁਕੇਸ਼ ਸਿੰਘ ਦੇ ਨਾਲ ਤੁਸੀਂ ਸੀ। ਇਹ ਮੂੰਹਜ਼ੋਰੀ ਤੁਹਾਡੀ ਸਰਪ੍ਰਸਤੀ ਵਿਚ ਹੋਈ ਹੈ। ਮਰਦ ਪ੍ਰਧਾਨ ਸਮਾਜ ਦੀ ਔਰਤ ਵਿਰੋਧੀ ਸੋਚ ਅਤੇ ਮੁਨਾਫ਼ਾਮੁਖੀ ਨਿਜ਼ਾਮ ਦੇ ਨੁਮਾਇੰਦੇ ਵਜੋਂ ਇਹ ਕਤਲ ਤੁਹਾਡੇ ਇਸ਼ਾਰੇ ਨਾਲ ਹੋਇਆ ਹੈ। ਕਾਨੂੰਨੀ ਮੰਚ ਉਤੇ ਤੁਹਾਡੇ ਖ਼ਿਲਾਫ਼ ਕਾਰਵਾਈ ਹੋਵੇ ਜਾਂ ਨਾ ਪਰ ਮਨੁੱਖੀ ਅਤੇ ਸਿਆਸੀ ਮੰਚ ਉਤੇ ਇਹ ਸੁਆਲ ਕਾਇਮ ਰਹੇਗਾ।
ਮੁਆਵਜ਼ੇ ਦੀ ਅਦਾਇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤੁਹਾਡੀ ਇਸੇ ਸੋਚ ਦੀ ਬਾਰੀਕ ਰਮਜ਼ ਹੈ। ਪੰਜਾਬ ਵਿਚ ਔਰਤਾਂ ਖ਼ਿਲਾਫ਼ ਬਹੁ-ਪਰਤੀ ਖ਼ਾਨਾਜੰਗੀ ਦੀ ਉਘੜਵੀਂ ਮਿਸਾਲ ਇਹ ਮੁਆਵਜ਼ਾ ਹੈ। ਤੁਸੀਂ ਜਾਣਦੇ ਹੋ ਕਿ ਵਿਦੇਸ਼ਾਂ ਦੇ ਵੀਜ਼ੇ ਲਾਉਣ ਲਈ ਕੱਚੇ, ਵੱਟੇ ਅਤੇ ਆਰਜ਼ੀ ਵਿਆਹ ਕਰਵਾਉਣ ਵਾਲੇ ਪੰਜਾਬੀ ਲਾਸ਼ਾਂ ਵੇਚ ਸਕਦੇ ਹਨ। ਤੁਸੀਂ ਸਮਝ ਸਕਦੇ ਹੋ ਕਿ ਵਿਦੇਸ਼ਾਂ ਵਿਚ ਪੱਕੇ ਹੋਣ ਲਈ ਧੀਆਂ, ਭੈਣਾਂ ਅਤੇ ਭਾਣਜੀਆਂ ਨਾਲ ਵਿਆਹ ਕਰਵਾਉਣ ਵਾਲੇ ਪੰਜਾਬੀ ਹਰ ਪੱਖੋਂ ਵਿਕਾਊ ਹਨ। ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਕੁੜੀਆਂ ਨੇ ਅੰਗਰੇਜ਼ੀ ਦੇ ਇਮਤਿਹਾਨ ਅਤੇ ਵਿਦੇਸ਼ਾਂ ਦੇ ਸ਼ਹਿਰੀ ਬਣ ਕੇ ਵਿਆਹਾਂ ਵਿਚ ਆਪਣੀਆਂ ਸ਼ਰਤਾਂ ਮੰਨਵਾਈਆਂ ਹਨ ਜਾਂ ਮਾਪਿਆਂ ਦੀਆਂ ਝੋਲੀਆਂ ਭਰੀਆਂ ਹਨ। ਹੁਣ ਕਸੂਰ ਮੁਆਵਜ਼ਾ ਲੈਣ ਵਾਲੇ ਪਿਉ ਦਾ ਨਹੀਂ ਹੈ ਸਗੋਂ ਉਸ ਬੇਗ਼ੈਰਤੇ ਮਾਹੌਲ ਦਾ ਹੈ ਜਿਸ ਦੇ ਸਿਰਜਣਹਾਰਾਂ ਵਿਚ ਤੁਸੀਂ ਮੋਹਰੀ ਹੋ। ਜਦੋਂ ਪੰਜਾਬੀ ਜਿਉਣ ਲਈ ਵਿਦੇਸ਼ ਨੂੰ ਭੱਜਦੇ ਹਨ ਅਤੇ ਮਰਨ ਲਈ ਪੰਜਾਬ ਨੂੰ ਆਉਂਦੇ ਹਨ ਤਾਂ ਤੁਹਾਡਾ ਰਾਜ ਮਜ਼ਬੂਤ ਹੁੰਦਾ ਹੈ। ਉਸ ਮਰਨ ਜੋਗੀ ਦੀ ਲਾਸ਼ ਮਾਪਿਆਂ ਦੀ ਗ਼ਰੀਬੀ ਕੱਟਣ ਦਾ ਸਬੱਬ ਬਣੀ ਹੈ ਅਤੇ ਤੁਹਾਡੀ ਲਿਆਕਤ ਦੀ ਤਸਦੀਕ ਹੋਈ ਹੈ।
ਬੇਰੋਜ਼ਗਾਰੀ ਅਤੇ ਥੁੜਾਂ ਮਾਰੀ ਲੋਕਾਈ ਵਿਚ ਤੁਹਾਡੇ ਲਈ ਮੁਲਾਜ਼ਮ Ḕਵਰਤ ਕੇ ਸੁੱਟਣ ਵਾਲੀ ਸ਼ੈਅ’ ਤੋਂ ਜ਼ਿਆਦਾ ਕੁਝ ਨਹੀਂ ਹਨ। ਉਨ੍ਹਾਂ ਨੂੰ ਤਾਕਤ ਦੇ ਨਸ਼ੇ ਵਿਚ ਆਪੇ ਤੋਂ ਬਾਹਰ ਕਰਨਾ ਅਤੇ ਆਪਣੀ ਪ੍ਰਾਪਤੀ ਵਜੋਂ ਕਤਲ ਕਰਨਾ ਮੌਜੂਦਾ ਸਿਆਸਤ ਦਾ ਹਿੱਸਾ ਹੈ। ਇਸ ਦੀਆਂ ਮਿਸਾਲਾਂ ਸੁੱਖਾ ਕਾਹਲਵਾਂ ਦੇ ਭਾਈਵਾਲਾਂ ਤੋਂ ਲੈ ਕੇ ਉਸ ਦੇ ਕਾਤਲਾਂ ਦੀਆਂ ਢਾਣੀਆਂ ਵਿਚੋਂ ਦਿੱਤੀਆਂ ਜਾ ਸਕਦੀਆਂ ਹਨ। ਇਹੋ ਮੁੰਡੇ ਸਿਆਸਤਦਾਨਾਂ ਲਈ ਰੇਤੇ, ਬਜਰੀ, ਜ਼ਮੀਨ, ਸ਼ਰਾਬ, ਢਾਬਿਆਂ, ਸਕੂਲਾਂ ਅਤੇ ਹਸਪਤਾਲਾਂ ਉਤੇ ਕਬਜ਼ਾ ਕਰਨ ਦਾ ਕੰਮ ਕਰਦੇ ਹਨ। ਇਹੋ ਲਾਸ਼ਾਂ ਬਣ ਕੇ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਹੁੰਦੇ ਹਨ। ਹੁਣ ਤੁਸੀਂ ਇਕ ਪਾਸੇ ਆਪਣੇ ਦਮੜਿਆਂ ਦੇ ਜ਼ੋਰ ਨਾਲ ਲਾਸ਼ ਖਰੀਦ ਲਈ ਹੈ ਅਤੇ ਦੂਜੇ ਪਾਸੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਪ੍ਰਾਪਤੀ ਖੱਟ ਲਈ ਹੈ। ਤੁਹਾਡੇ ਫਰਜੰਦ ਨੇ ਬੱਸਾਂ ਸੜਕਾਂ ਤੋਂ ਉਤਾਰ ਲਈਆਂ ਹਨ ਅਤੇ ਮੁਲਾਜ਼ਮਾਂ ਨੂੰ ਸਲੀਕਾ ਸਿਖਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਸਮਝ ਮੁਤਾਬਕ ਇਹ ਕਤਲ ਸਲੀਕੇ ਦੀ ਘਾਟ ਕਾਰਨ ਨਹੀਂ ਸਗੋਂ ਮੂੰਹਜ਼ੋਰ ਸਮਾਜਕ ਸੋਚ ਅਤੇ ਸਿਆਸੀ ਸਰਪ੍ਰਸਤੀ ਨਾਲ ਹੋਇਆ ਹੈ। ਇਨ੍ਹਾਂ ਹਾਲਾਤ ਵਿਚ ਇਹ ਸਿਆਸੀ ਕਤਲ ਹੈ। ਤੁਸੀਂ ਆਪ ਜਾਣਦੇ ਹੋ ਕਿ ਸਿਆਸੀ ਕਤਲ ਦੇ ਕੀ ਮਾਅਨੇ ਹੁੰਦੇ ਹਨ। ਸਿਆਸੀ ਕਤਲ ਨੂੰ ਸਿਆਸੀ ਪੈਂਤੜੇ ਤੋਂ ਨਾ ਲਿਆ ਜਾਵੇ ਤਾਂ ਸਿਆਸਤ ਦਾ ਆਦਮਖ਼ੋਰ ਖ਼ਾਸਾ ਤਬਦੀਲ ਨਹੀਂ ਹੁੰਦਾ। ਇਸ ਕਤਲ ਉਤੇ ਸਿਆਸਤ ਕਰਨ ਦਾ ਸਿਧਾਂਤਕ ਜਾਂ ਨੈਤਿਕ ਬਲ ਕਾਂਗਰਸ ਵਿਚ ਨਹੀਂ ਹੈ। ਆਮ ਆਦਮੀ ਪਾਰਟੀ ਦੀਆਂ ਸਾਰੀਆਂ ਫਾਂਟਾਂ ਇਸ ਮਾਮਲੇ ਨੂੰ ਜੜ੍ਹੋਂ ਫੜਨ ਦੀ ਥਾਂ Ḕਹਲਾ ਲਾ ਲਾ’ ਸਿਆਸਤ ਤੱਕ ਮਹਿਦੂਦ ਹਨ। ਖੱਬੇ ਪੱਖੀ ਧਿਰਾਂ ਉਤੇ ਖੜੋਤ ਦਿਨੋ-ਦਿਨ ਭਾਰੂ ਹੋ ਰਹੀ ਹੈ। ਇਨ੍ਹਾਂ ਹਾਲਤਾਂ ਵਿਚ ਤੁਹਾਡਾ ਸਿਆਸੀ ਨੁਕਸਾਨ ਭਾਵੇਂ ਜ਼ਿਆਦਾ ਨਾ ਹੋਵੇ ਪਰ ਇਹ ਇਤਿਹਾਸ ਦਾ ਅੰਤਿਮ ਤੱਥ ਨਹੀਂ ਹੋਵੇਗਾ। ਤੁਹਾਡੀ ਸਮਾਜਕ, ਸਿਆਸੀ ਅਤੇ ਆਰਥਿਕ ਖਰੀਦ ਸ਼ਕਤੀ ਦਾ ਮੌਜੂਦਾ ਨਿਜ਼ਾਮ ਨਾਲ ਜਮ੍ਹਾਂ-ਜੋੜ ਇਸ ਵੇਲੇ ਗ਼ਾਲਿਬ ਧਿਰ ਬਣਦਾ ਹੈ ਪਰ ਮਨੁੱਖ ਨੇ ਹਰ ਹਾਲਤ ਵਿਚੋਂ ਜਾਬਰ ਨੂੰ ਨੱਥ ਪਾਉਣ ਦੇ ਸੁਫ਼ਨੇ ਸਦਾ ਕਾਇਮ ਰੱਖੇ ਹਨ।
ਇਸ ਵੇਲੇ ਤੁਹਾਡੇ ਸਿਆਸੀ ਬੁਲਾਰੇ ਇਸ ਕਤਲ ਨੂੰ Ḕਰੱਬ ਦਾ ਭਾਣਾ’ ਮੰਨਣ ਦੀ ਮੱਤ ਦੇ ਰਹੇ ਹਨ। ਉਨ੍ਹਾਂ ਦੇ Ḕਰੱਬ’ ਤੁਸੀਂ ਹੋ ਜੋ ਤਰੱਕੀਆਂ, ਅਹੁਦਿਆਂ ਅਤੇ ਰੁਤਬਿਆਂ ਦੇ ਨਾਲ ਤਮਾਮ ਕਿਸਮ ਦੀਆਂ Ḕਬਖ਼ਸ਼ਿਸ਼ਾਂ’ ਕਰਦੇ ਹੋ। ਇਨ੍ਹਾਂ ਬਖ਼ਸ਼ਿਸ਼ਾਂ ਦੀ ਬਦੌਲਤ ਪੰਜਾਬੀਆਂ ਨੂੰ ਜਿਉਣ ਜੋਗਿਆਂ ਤੋਂ ਮਰਨ ਜੋਗੇ ਕਰਨ ਦੇ ਸਿਆਸੀ ਕਾਰਖ਼ਾਨੇ ਚੱਲਦੇ ਹਨ। ਇਨ੍ਹਾਂ ਕਾਰਖ਼ਾਨਿਆਂ ਦੀ ਬਦੌਲਤ ਤੁਹਾਡਾ ਫਰਜੰਦ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਸੁਫ਼ਨੇ ਵੇਚਦਾ ਹੈ ਅਤੇ Ḕਰਾਜ ਕਰਾਂਗੇ ਪੱਚੀ ਸਾਲ’ ਦੇ ਨਾਅਰੇ ਲਾਉਂਦਾ ਹੈ। ਤੁਹਾਡੀ ਤਸਵੀਰ ਵਾਲੀਆਂ ਐਂਬੂਲੈਂਸਾਂ Ḕਖ਼ੁਸ਼ੀ-ਖ਼ੁਸ਼ੀ’ ਲਾਸ਼ਾਂ ਢੋ ਰਹੀਆਂ ਹਨ। ਤੁਹਾਡੇ ਹੀ ਚੈਨਲ ਉਤੇ ਬਾਦਲ Ḕਰਾਜ ਦੀ ਸੇਵਾ’ ਦੀਆਂ ਕਹਾਣੀਆਂ ਲਗਾਤਾਰ ਦਿਖਾਈਆਂ-ਸੁਣਾਈਆਂ ਜਾ ਰਹੀਆਂ ਹਨ। ਬਾਕੀ ਅਖ਼ਬਾਰ ਅਤੇ ਚੈਨਲ ਭਾਵੇਂ ਤੁਹਾਡੇ ਨਹੀਂ ਹਨ, ਪਰ ਉਨ੍ਹਾਂ ਨੇ ਘੱਟੋ-ਘੱਟ ਸੰਪਾਦਕੀਆਂ ਵਿਚ Ḕਤੁਹਾਡੀ ਰਜਾ ਵਿਚ ਰਾਜ਼ੀ ਰਹਿੰਦਿਆਂ’ ਤੁਹਾਡੀ ਬੱਸ ਨੂੰ Ḕਰਸੂਖ਼ਵਾਨਾਂ’ ਜਾਂ Ḕਸਿਆਸੀ ਅਸਰ’ ਵਾਲਿਆਂ ਦੀ ਮਲਕੀਅਤ ਕਰਾਰ ਦਿੱਤਾ ਹੈ। ਇਹ ਸੁਆਲ ਉਨ੍ਹਾਂ ਨੂੰ ਕਿਸ ਨੇ ਕਿਹੜੇ ਮੰਚ ਤੋਂ ਪੁੱਛਣਾ ਹੈ ਕਿ Ḕਰਸੂਖ਼ਵਾਨ’ ਕਿਸ ਅਹੁਦੇ ਤੱਕ ਹੁੰਦੇ ਹਨ ਅਤੇ ਕਿਸ ਅਹੁਦੇ ਤੋਂ ਬਾਅਦ ਮਲਕੀਅਤ ਸ਼ੁਰੂ ਹੋ ਜਾਂਦੀ ਹੈ? ਰਸੂਖ਼ਵਾਨ ਤਾਂ ਆਪ ਜੀ ਦੇ ਸਰਕਾਰੇ-ਦਰਬਾਰੇ-ਕਾਰੋਬਾਰੇ ਪਹੁੰਚ ਰੱਖਣ ਵਾਲਿਆਂ ਨੂੰ ਕਿਹਾ ਜਾ ਸਕਦਾ ਹੈ। ਤੁਸੀਂ ਰਸੂਖ਼ਵਾਨਾਂ ਦੇ ਪਾਲਣਹਾਰ ਤਾਂ ਹੋ ਸਕਦੇ ਹੋ, ਪਰ ਰੁਤਬਾ ਤਾਂ ਉਚਾ ਹੈ। ਖ਼ੈਰ! ਪੱਤਰਕਾਰੀ ਵਿਚ ਰਸੂਖ਼ਵਾਨ ਹੋਣ ਦਾ ਰੁਝਾਨ ਚੋਖਾ ਹੈ। ਤੁਸੀਂ ਤਾਂ ਆਪ ਜਾਣਦੇ ਹੋ ਕਿ ਤੁਸੀਂ Ḕਪੱਤਰਕਾਰਾਂ’ ਨੂੰ ਆਪਣੇ ਸਰਕਾਰੀ ਅਤੇ ਕਾਰੋਬਾਰੀ ਕੰਮਾਂ ਵਿਚ ਰੋਜ਼ਗਾਰ ਖੁੱਲ੍ਹੇ ਦਿਲ ਨਾਲ ਦਿੱਤਾ ਹੈ। ਤੁਸੀਂ ਕਿਸੇ ਪੱਤਰਕਾਰ ਨੂੰ ਨਾਂ ਲੈ ਕੇ ਬੁਲਾ ਲੈਂਦੇ ਹੋ ਤਾਂ ਇਹ ਪ੍ਰਾਪਤੀ ਹੋ ਨਿਬੜਦੀ ਹੈ। ਨਤੀਜੇ ਵਜੋਂ ਕਦੇ ਪੱਤਰਕਾਰੀ ਕਰਨ ਜਾਂ ਪੜ੍ਹਾਉਣ ਵਾਲਿਆਂ ਦੀ ਕਾਰਗੁਜ਼ਾਰੀ ਵਿਚੋਂ ਪੱਤਰਕਾਰੀ ਅਤੇ ਕਸੀਦਾਕਾਰੀ ਦਾ ਨਿਖੇੜਾ ਕਰਨਾ ਔਖਾ ਹੋ ਜਾਂਦਾ ਹੈ।
ਹੁਣ ਮੋਗੇ ਕਤਲ ਹੋਣ ਵਾਲੀ ਕੁੜੀ ਦੀ ਲਾਸ਼ ਨੇ ਤੁਹਾਡੀਆਂ ਗਿਣਤੀਆਂ-ਮਿਣਤੀਆਂ ਹਿਲਾ ਦਿੱਤੀਆਂ ਹਨ। ਪੱਤਰਕਾਰਾਂ ਨੂੰ ਕੁਝ ਦਿਨਾਂ ਤੱਕ ਛੇੜਛਾੜ ਦੀ ਹਰ ਘਟਨਾ ਖ਼ਬਰਯੋਗ ਲੱਗੇਗੀ। ਤੁਹਾਡੀ ਦਲੀਲ ਇਹੋ ਬਣੇਗੀ ਕਿ ਸਾਡੀ ਬੱਸ ਦੀ ਤਾਂ ਬਦਨਾਮੀ ਹੋਈ ਹੈ ਪਰ ਅਜਿਹਾ ਕੁਝ ਤਾਂ ਹਰ ਥਾਂ ਹੁੰਦਾ ਹੈ। ਇਹ ਤਾਂ ਕੋਈ ਨਹੀਂ ਕਹਿ ਸਕਦਾ ਕਿ ਤੁਹਾਡੀਆਂ ਬੱਸਾਂ ਤੋਂ ਬਾਹਰ ਸਭ ਕੁਝ ਠੀਕ ਹੈ। ਤੁਸੀਂ ਪੰਜਾਬ ਦੇ ਕਿਸ ਹਿੱਸੇ ਵਿਚ ਜਾਂ ਕਿਸ ਕਾਰੋਬਾਰ ਵਿਚ ਅਸਰਅੰਦਾਜ਼ ਨਹੀਂ ਹੋ? ਮਸਲਾ ਤਾਂ ਇਹ ਹੈ ਕਿ ਲਾਸ਼ ਬਣਨ ਤੋਂ ਪਹਿਲਾਂ ਦੀ ਮਾਰ ਖ਼ਬਰ ਦਾ ਰੁਤਬਾ ਨਹੀਂ ਬਣਦੀ। ਸਿਆਸੀ ਧਿਰਾਂ ਸਿਆਸੀ ਵਧੀਕੀਆਂ ਦੀਆਂ ਕਰੂਰਤਾਂ ਨੂੰ ਮੁਖ਼ਾਤਬ ਹੁੰਦੀਆਂ ਹਨ, ਪਰ ਬਾਰੀਕੀ ਨਜ਼ਰਅੰਦਾਜ਼ ਕਰ ਜਾਂਦੀਆਂ ਹਨ। ਆਪਣੇ ਕੱਦ-ਬੁੱਤ ਦੇ ਹਿਸਾਬ ਨਾਲ ਦੂਜੀਆਂ ਧਿਰਾਂ ਦੇ ਆਗੂ ਵੀ ਤਾਂ ਤੁਹਾਡੀ ਜੁੱਤੀ ਵਿਚ ਹੀ ਪੈਰ ਫਸਾਉਣਾ ਚਾਹੁੰਦੇ ਹਨ। ਜਿਵੇਂ ਖੁਦਕੁਸ਼ੀ ਨੂੰ ਕਿਸਾਨ ਸੰਕਟ ਮੰਨਿਆ ਜਾਂਦਾ ਹੈ, ਖੁਦਕੁਸ਼ੀ ਤੋਂ ਪਹਿਲੀ ਹਰ ਜ਼ਲਾਲਤ ਸੰਕਟ ਤੋਂ ਬਾਹਰ ਕਰ ਦਿੱਤੀ ਗਈ ਹੈ। ਹੁਣ ਮੋਗੇ ਵਾਲੀ ਘਟਨਾ ਤੋਂ ਬਾਅਦ ਕਈਆਂ ਨੂੰ ਈਰਖਾ ਹੋਵੇਗੀ ਕਿ ਉਨ੍ਹਾਂ ਦਾ ਕਤਲ ਤੁਹਾਡੀ ਬੱਸ ਵਿਚ ਕਿਉਂ ਨਹੀਂ ਹੋਇਆ? ਇਸ ਬਦਜਨੀ ਵਿਚੋਂ ਨਿਕਲਣ ਲਈ ਸੂਈ ਦੇ ਨੱਕੇ ਵਿਚੋਂ ਨਿਕਲਣ ਦਾ ਇਕ ਮੌਕਾ ਤਾਂ ਹਰ ਕੋਈ ਚਾਹੁੰਦਾ ਹੈ। ਜਿਹੜੇ ਚੱਤੋ-ਪਹਿਰ ਬੈਂਕਾਂ ਵਿਚੋਂ ਪੈਸੇ ਕੱਢਣ ਵਾਲੇ ਖੋਖਿਆਂ ਨੂੰ ਸੰਨ੍ਹ ਲਾਉਂਦੇ ਫੜੇ ਜਾਂਦੇ ਹਨ, ਉਨ੍ਹਾਂ ਤੋਂ ਜਿਉਣ ਦਾ ਲਾਲਚ ਤਿਆਗਿਆ ਨਹੀਂ ਗਿਆ। ਉਹ ਤੁਹਾਡੇ ਵਾਂਗ ਇਸੇ ਫਾਨੀ ਸੰਸਾਰ ਵਿਚ ਸੁੱਖ ਭੋਗਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇਹ ਕੌਣ ਸਮਝਾਵੇ ਕਿ ਸਵਰਗ ਲਈ ਮਰਨਾ ਪੈਂਦਾ ਹੈ। ਤੁਹਾਨੂੰ ਵੀ ਇਹ ਸਵਰਗ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਇਤਿਹਾਸ ਕਾਰਨ ਨਸੀਬ ਹੋਇਆ ਹੈ। ਇਹ ਤਾਂ ਤੁਸੀਂ ਆਪਣੇ ਖ਼ੂਨ ਜਾਂ ਵਫ਼ਾਦਾਰ ਨੂੰ ਆਪ ਯਾਦ ਕਰਵਾਉਂਦੇ ਰਹਿੰਦੇ ਹੋ ਕਿ ਮਲਾਈ ਉਨ੍ਹਾਂ ਦੇ ਹਿੱਸੇ ਆਈ ਹੈ। ਆਪਾਂ ਇਸ ਗੱਲ ਵਿਚ ਨਹੀਂ ਪੈਣਾ ਕਿ ਮਲਾਈ ਖਾਣ ਅਤੇ ਮੂੰਹ ਸਾਫ਼ ਰੱਖਣ ਦੀ ਜਾਚ ਕਿੰਨੀ ਲਾਹੇਵੰਦ ਹੁੰਦੀ ਹੈ। ਇਹ ਸੁਆਲ ਵਾਰ-ਵਾਰ ਪੁੱਛਿਆ ਜਾਂਦਾ ਹੈ ਕਿ ਕੁਰਬਾਨੀਆਂ ਦੇਣ ਅਤੇ ਰਾਜ ਕਰਨ ਵਾਲੇ ਵੱਖ-ਵੱਖ ਕਿਵੇਂ ਹੋ ਜਾਂਦੇ ਹਨ? ਹੁਣ ਤੁਸੀਂ ਸਾਫ਼ ਕਰ ਦਿੱਤਾ ਹੈ ਕਿ ਕੁਰਬਾਨੀਆਂ ਲੈਣ ਤੋਂ ਬਾਅਦ ਹਕੂਮਤਾਂ ਮੁਆਵਜ਼ਾ ਤਾਂ ਦਾਅਵੇਦਾਰਾਂ ਨੂੰ ਹੀ ਦਿੰਦੀਆਂ ਹੁੰਦੀਆਂ ਹਨ। ਇਹ ਮੁਆਵਜ਼ੇ ਕਾਨੂੰਨੀ ਘੇਰਿਆਂ, ਅਖ਼ਤਿਆਰੀ ਖ਼ਾਤਿਆਂ ਅਤੇ ਖ਼ੂਨ ਦੇ ਰਿਸ਼ਤਿਆਂ ਨਾਲ ਤੈਅ ਹੁੰਦੇ ਹਨ।
ਇਹ ਖ਼ਤ ਇਸ ਘੇਰੇ ਤੋਂ ਬਾਹਰਲੀ ਦਾਅਵੇਦਾਰੀ ਬਾਰੇ ਹੈ। ਇਹ ਸ਼ਹਿਰੀ ਦੀ ਮਰਨ ਤੋਂ ਪਹਿਲਾਂ ਦੀ ਜ਼ਿੰਦਗੀ ਦੇ ਹਕੂਕ ਬਾਰੇ ਹੈ। ਇਹ ਪੰਜਾਬੀ ਪਛਾਣ ਵਾਲੇ ਜੀਅ ਦੇ ਮਾਣ-ਸਨਮਾਨ ਨਾਲ ਜਿਉਣ ਦੇ ਮਸਲਿਆਂ ਬਾਰੇ ਹੈ। ਇਹ ਬੰਦੇ ਦੇ ਆਪਣੀ ਰਜਾ ਵਿਚ ਰੱਜ ਕੇ ਜਿਉਣ ਦੇ ਸੁਆਲ ਕਰਨ ਲਈ ਲਿਖਿਆ ਗਿਆ ਹੈ। ਇਹ ਬੰਦੇ ਦੇ ਬੰਦੇ ਨਾਲ ਖ਼ੂਨ ਅਤੇ ਕਾਨੂੰਨ ਦੇ ਘੇਰਿਆਂ ਤੋਂ ਬਾਹਰਲੇ ਰਿਸ਼ਤੇ ਦੀ ਨਿਸ਼ਾਨਦੇਹੀ ਕਰਨ ਲਈ ਲਿਖਿਆ ਗਿਆ ਹੈ। ਇਹ ਦਰਦਮੰਦੀ ਦੇ ਪੰਜਾਬੀਆਂ ਨਾਲ ਰਿਸ਼ਤੇ ਦਾ ਇਤਿਹਾਸ ਯਾਦ ਕਰਨ ਲਈ ਲਿਖਿਆ ਗਿਆ ਹੈ। ਇਹ ਖ਼ਤ ਮੋਗੇ ਵਿਚ ਕਤਲ ਹੋਈ ਸਮਕਾਲੀ ਦੇ ਕਾਤਲਾਂ ਦੀ ਸ਼ਨਾਖ਼ਤ ਕਰਨ ਦਾ ਸਿਆਸੀ ਉਪਰਾਲਾ ਹੈ। ਇਹ ਤਿਲ-ਤਿਲ ਮਰਦੇ ਪੰਜਾਬੀਆਂ ਵਿਚੋਂ ਇਕ ਹੋਣ ਕਾਰਨ ਲਿਖਿਆ ਗਿਆ ਹੈ। ਇਹ ਖ਼ਤ ਸਾਰੇ ਪੰਜਾਬੀਆਂ ਦੀ ਨੁਮਾਇੰਦਗੀ ਨਹੀਂ ਕਰਦਾ। ਅਜਿਹੀ ਨੁਮਾਇੰਦਗੀ ਦਾ ਕੋਈ ਅਖ਼ਤਿਆਰ ਕਿਸੇ ਸ਼ਹਿਰੀ ਕੋਲ ਨਹੀਂ ਹੈ। ਇਹ ਦੱਸਣ ਦਾ ਹਰ ਸ਼ਹਿਰੀ ਨੂੰ ਹੱਕ ਹੈ ਕਿ ਮਰਨ ਜੋਗੇ ਹੋਏ ਪੰਜਾਬੀ ਦੀ ਨਸ-ਨਸ ਵਿਚ ਕਿੰਨੀ ਪੀੜ ਹੁੰਦੀ ਹੈ।
ਹੁਣ ਤੱਕ ਦੇ ਖ਼ਤ ਤੋਂ ਤੁਹਾਨੂੰ ਇਹ ਭੁਲੇਖਾ ਪੈ ਸਕਦਾ ਹੈ ਕਿ ਤੁਹਾਨੂੰ ਮੁੱਖ ਮੰਤਰੀ ਹੋਣ ਕਾਰਨ ਮੰਗ ਪੱਤਰ ਭੇਜਿਆ ਜਾ ਰਿਹਾ ਹੈ। ਦਰਅਸਲ ਇਹ ਮੰਗ ਪੱਤਰ ਨਹੀਂ, ਸਿਆਸੀ ਪਾਲਾਬੰਦੀ ਕਰਨ ਦਾ ਸੁਆਲ ਹੈ। ਤੁਸੀਂ ਆਪਣੇ ਇਤਿਹਾਸ ਦੀ ਨਿਰੰਤਰਤਾ ਵਿਚ ਹੋ। ਮੁੱਖ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਅਤੇ ਇਸ ਅਹੁਦੇ ਦੇ ਦਾਅਵੇਦਾਰ ਇਕੋ ਰੀਤ ਦਾ ਹਿੱਸਾ ਹਨ। ਇਸ ਲਿਹਾਜ਼ ਨਾਲ ਇਹ ਤੁਹਾਡੇ ਇਤਿਹਾਸ ਉਤੇ ਸੁਆਲ ਕਰਨ ਵਾਲਾ ਖ਼ਤ ਹੈ ਕਿ ਤੁਸੀਂ Ḕਰਾਜੇ-ਸ਼ੀਹ ਮੁਕੱਦਮਾਂ’ ਦੀ ਰੀਤ ਅੱਗੇ ਤੋਰੀ ਹੈ। ਇਹ ਖੁੱਲ੍ਹਾ ਖ਼ਤ ਵੀ ਕਿਸੇ ਰੀਤ ਦਾ ਹਿੱਸਾ ਹੈ ਜੋ ਸਿਰਫ਼ ਤੁਹਾਨੂੰ ਨਹੀਂ ਸਗੋਂ ਆਪਣੇ ਆਪ ਨੂੰ ਵੀ ਮੁਖ਼ਾਤਬ ਹੈ। ਜੇ ਕਾਤਲਾਂ ਦੀ ਨਿਸ਼ਾਨਦੇਹੀ ਹੁੰਦੀ ਰਹੇ ਤਾਂ ਦਰਦਮੰਦਾਂ ਦਾ ਜੁੱਟ ਬਣਨ ਦੀ ਆਸ ਕਾਇਮ ਰਹਿੰਦੀ ਹੈ। ਤੁਸੀਂ ਰਾਜਿਆਂ ਦੀ ਰੀਤ ਪਾਲੋ, ਦਿਲੋਂ ਸਰਬਤ ਦੇ ਭਲੇ ਦੀ ਅਰਦਾਸ ਕਰਦੀ ਮਨੁੱਖਤਾ ਕਦੇ ਹਿਸਾਬ ਕਰੇਗੀ। ਕਦੇ ਇਤਿਹਾਸ ਪੰਜਾਬੀਆਂ ਨੂੰ ਮੋਗੇ ਵਿਚ ਕਤਲ ਹੋਈ ਕੁੜੀ ਅਤੇ ਤਿਲ-ਤਿਲ ਮਰਦੇ ਪੰਜਾਬੀਆਂ ਨੂੰ ਮੁਖ਼ਾਤਬ ਹੋਣ ਦਾ ਮੌਕਾ ਦੇਵੇਗਾ ਤਾਂ ਇਹ ਸੁਆਲ ਆਵੇਗਾ ਕਿ ਇਨ੍ਹਾਂ ਦੇ ਹਿੱਸੇ ਦੀ ਜਿਉਣ ਜੋਗੀ ਜ਼ਿੰਦਗੀ ਨੂੰ ਕਿਸ ਨੇ ਡੰਗਿਆ ਹੈ। ਪੰਜਾਬੀਆਂ ਦਾ ਨੁਮਾਇੰਦਾ ਪ੍ਰੋæ ਮੋਹਨ ਸਿੰਘ ਦੱਸ ਗਿਆ ਸੀ ਕਿ ‘ਦੋ ਧੜਿਆਂ ਵਿਚ ਖਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ।’ ਪੰਜਾਬੀਆਂ ਦਾ ਆਲਮੀ ਨੁਮਾਇੰਦਾ ਫ਼ੈਜ਼ ਅਹਿਮਦ ਫ਼ੈਜ਼ ਐਲਾਨ ਵਰਗਾ ਵਰਦਾਨ ਦੇ ਗਿਆ ਹੈ-‘ਲਾਜ਼ਿਮ ਹੈ ਕਿ ਹਮ ਬੀ ਦੇਖੇਂਗੇ।
ਤੁਸੀਂ ਮੁੱਖ ਮੰਤਰੀ ਵਜੋਂ ਸੋਚਣਾ, ਕਦੇ ਕੋਈ ਜੁਆਬ ਮੰਗਣ ਵਾਲੀ ਆ ਸਕਦੀ ਹੈ।
-ਦਲਜੀਤ ਅਮੀ