-ਜਤਿੰਦਰ ਪਨੂੰ
ਕਈ ਮੌਕੇ ਇਹੋ ਜਿਹੇ ਆ ਜਾਂਦੇ ਹਨ, ਜਦੋਂ ਸਾਨੂੰ ਲਿਖਣ ਲਈ ਕਿੰਨੀ-ਕਿੰਨੀ ਦੇਰ ਇਹੋ ਜਿਹਾ ਮੁੱਦਾ ਨਹੀਂ ਲੱਭਦਾ, ਜਿਸ ਨੂੰ ਛੋਹਿਆ ਜਾਵੇ। ਅੱਜ ਸਾਡੇ ਲਈ ਏਦਾਂ ਦੀ ਕੋਈ ਮਜਬੂਰੀ ਨਹੀਂ।
ਮੁੱਦਿਆਂ ਦੀ ਏਡੀ ਭਰਮਾਰ ਹੈ ਕਿ ਅਸੀਂ ਕੋਈ ਵੀ ਚੁਣ ਸਕਦੇ ਹਾਂ। ਨਰਿੰਦਰ ਮੋਦੀ ਸਰਕਾਰ ਦਾ ਇੱਕ ਸਾਲ ਮੁੱਕਣ ਤੋਂ ਪਹਿਲਾਂ ਉਸੇ ਪਾਰਟੀ ਦੇ ਸਾਰੀ ਉਮਰ ਦੇ ਸਮਰਥਕ ਪੱਤਰਕਾਰ ਤੇ ਵਾਜਪਾਈ ਸਰਕਾਰ ਵੇਲੇ ਦੇ ਮੰਤਰੀ ਅਰੁਣ ਸ਼ੋਰੀ ਨੇ ਖੁਲਾਸਾ ਕਰ ਦਿੱਤਾ ਹੈ ਕਿ ਇਹ ਸਰਕਾਰ ਭਾਰਤ ਦੇ ਭਾਂਡੇ ਮੂਧੇ ਕਰਨ ਦੇ ਰਾਹ ਪੈ ਚੁੱਕੀ ਹੈ। ਭਾਜਪਾ ਦੇ ਉਮਰ ਭਰ ਦੇ ਸਾਥੀ ਵਕੀਲ ਤੇ ਵਾਜਪਾਈ ਸਰਕਾਰ ਵੇਲੇ ਦੇ ਮੰਤਰੀ ਰਾਮ ਜੇਠਮਲਾਨੀ ਨੇ ਇਹ ਦੋਸ਼ ਮੜ੍ਹ ਦਿੱਤਾ ਹੈ ਕਿ ਵਿਦੇਸ਼ੀ ਬੈਂਕਾਂ ਵਿਚ ਪਿਆ ਕਾਲਾ ਧਨ ਵਾਪਸ ਲਿਆਉਣ ਵਿਚ ਸਭ ਤੋਂ ਵੱਡੀ ਰੁਕਾਵਟ ਮੋਦੀ ਸਰਕਾਰ ਦਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਆਪ ਹੈ। ਯੋਗੀ ਰਾਮਦੇਵ ਦੀ ਪੁੱਤਰ ਜੰਮਣ ਦੀ ਦਵਾਈ ਵੀ ਛੋਟਾ ਮੁੱਦਾ ਨਹੀਂ ਕਿਹਾ ਜਾ ਸਕਦਾ। ਰੌਲਾ ਪੈਣ ਪਿੱਛੋਂ ਉਸ ਨੇ ਕਹਿ ਦਿੱਤਾ ਹੈ ਕਿ ‘ਨਾ ਤਾਂ ਮੈਂ ਪੁੱਤਰ ਜੰਮਣਾ ਹੈ, ਤੇ ਨਾ ਹੀ ਮੋਦੀ ਨੇ।’ ਇਹ ਮੁੱਦਾ ਵੀ ਅਸੀਂ ਪਰੇ ਧੱਕ ਦਿੱਤਾ ਹੈ। ਪੰਜਵੀਂ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੀ ਹਾਲਤ ਸਾਨੂੰ ਸਭ ਤੋਂ ਵੱਡਾ ਮੁੱਦਾ ਲੱਗਦੀ ਹੈ।
ਭਖਦਾ ਮਾਮਲਾ ਮੋਗੇ ਨੇੜੇ ਇੱਕ ਬੱਸ ਵਿਚੋਂ ਇੱਕ ਨਾਬਾਲਗ ਕੁੜੀ ਤੇ ਉਸ ਦੀ ਮਾਂ ਨੂੰ ਬਾਹਰ ਸੁੱਟੇ ਜਾਣ ਦਾ ਹੈ, ਜਿਸ ਵਿਚ ਕੁੜੀ ਮਾਰੀ ਗਈ ਤੇ ਮਾਂ ਹਸਪਤਾਲ ਪਈ ਹੈ। ਜ਼ਰਵਾਣਿਆਂ ਦੀ ਹਿੰਮਤ ਹੈ ਕਿ ਏਦਾਂ ਦੇ ਹਾਲਤ ਵਿਚ ਵੀ ਕੁੜੀ ਦੇ ਬਾਪ ਨੂੰ ਕਿਸੇ ਅਣਦੱਸੀ ਥਾਂ ਲਿਜਾ ਕੇ ਕੋਰੇ ਕਾਗਜ਼ਾਂ ਉਤੇ ਉਸ ਦੇ ਦਸਤਖਤ ਕਰਵਾ ਲਏ ਸਨ ਅਤੇ ਇਹ ਭੁਲੇਖਾ ਪਾਉਣ ਦਾ ਯਤਨ ਕੀਤਾ ਸੀ ਕਿ ਰਾਜ਼ੀਨਾਵਾਂ ਹੋ ਗਿਆ ਹੈ। ਸਾਰਾ ਪੰਜਾਬ ਉਬਲ ਰਿਹਾ ਹੈ। ਉਂਜ ਪੰਜਾਬ ਹੀ ਉਬਲਿਆ ਹੈ, ਦਿੱਲੀ ਨੂੰ ਉਬਾਲਾ ਆਉਣ ਤੋਂ ਇਸ ਲਈ ਰਹਿ ਗਿਆ ਕਿ ਕੇਂਦਰ ਸਰਕਾਰ ਚਲਾ ਰਹੀ ਭਾਜਪਾ ਨਾਲ ਅਕਾਲੀ ਦਲ ਦਾ ਗੱਠਜੋੜ ਹੈ ਤੇ ਵਾਰਦਾਤ ਵਾਲੀ ਬੱਸ ਵੀ ਉਸ ਬਾਦਲ ਪਰਿਵਾਰ ਦੀ ਕੰਪਨੀ ਦੀ ਹੈ, ਜਿਸ ਦੀ ਇੱਕ ਬੀਬੀ ਕੇਂਦਰ ਸਰਕਾਰ ਦੀ ਮੰਤਰੀ ਹੈ। ਅੰਦਰੋਂ ਦੋਵਾਂ ਪਾਰਟੀਆਂ ਦੇ ਸਬੰਧ ਕਿੰਨੇ ਵੀ ਖਿਚਾਅ ਵਾਲੇ ਹੋਣ, ਜਦੋਂ ਤੱਕ ਸਾਂਝ ਚੱਲ ਰਹੀ ਹੈ, ਉਦੋਂ ਤੱਕ ਇਹੋ ਜਿਹੇ ਮਾਮਲਿਆਂ ਵਿਚ ਇੱਕ-ਦੂਸਰੇ ਦੀ ਮਦਦ ਕਰਨੀ ਪੈਣੀ ਹੈ। ਭਾਜਪਾ ਇਸ ਮਜਬੂਰੀ ਵਿਚ ਬਾਦਲ ਸਰਕਾਰ ਤੇ ਬਾਦਲ ਪਰਿਵਾਰ ਦੀ ਢਾਲ ਬਣਨ ਨੂੰ ਤਿਆਰ ਹੋਈ ਪਈ ਹੈ ਤੇ ਉਸ ਦੇ ਲੀਡਰ ਏਨੇ ਸੁਲੱਖਣੇ ਹਨ ਕਿ ਪੀੜਤ ਪਰਿਵਾਰ ਕੋਲ ਅਫਸੋਸ ਕਰਨ ਵੀ ਨਹੀਂ ਕੋਈ ਗਿਆ।
ਇਸ ਗੱਲ ਦਾ ਕੋਈ ਬਹੁਤਾ ਮਤਲਬ ਨਹੀਂ ਕਿ ਕਾਂਗਰਸੀ ਇਸ ਮੁੱਦੇ ਨੂੰ ਕਿੰਨੀ ਸ਼ਿੱਦਤ ਨਾਲ ਚੁੱਕਦੇ ਹਨ ਤੇ ਆਮ ਆਦਮੀ ਪਾਰਟੀ ਕੀ ਕਰਦੀ ਹੈ? ਜਨਤਕ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੀ ਆਪਣਾ ਕੰਮ ਕਰ ਰਹੀ ਹੈ। ਮਤਲਬ ਇਸ ਨਾਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੀ ਕਰ ਰਿਹਾ ਹੈ? ਪ੍ਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਇਸ ਕੁਰਸੀ ਉਤੇ ਹਨ। ਜਿਨ੍ਹਾਂ ਲੋਕਾਂ ਨੇ ਇਸ ਲੀਡਰ ਨੂੰ ਇਸ ਤਰ੍ਹਾਂ ਦਾ ਮਾਣ ਬਖਸ਼ਿਆ ਹੈ, ਉਨ੍ਹਾਂ ਦਾ ਚੇਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਆਉਂਦਾ? ਜਦੋਂ ਲੋਕਾਂ ਨੂੰ ਹੁਣ ਰਾਤੀਂ ਨੀਂਦ ਨਹੀਂ ਆਉਂਦੀ ਤਾਂ ਉਨ੍ਹਾਂ ਦੀ ਇਸ ਪੱਧਰ ਦੀ ਬੇਆਰਾਮੀ ਪੰਜਾਬ ਦੇ ਪੰਜ ਵਾਰੀਆਂ ਦੇ ਮੁੱਖ ਮੰਤਰੀ ਦੀ ਨੀਂਦ ਖਰਾਬ ਕਿਉਂ ਨਹੀਂ ਕਰਦੀ?
ਅਸੀਂ ਮੋਗੇ ਵਾਲੀ ਤਾਜ਼ਾ ਘਟਨਾ ਦੇ ਵੇਰਵੇ ਵਿਚ ਬਹੁਤਾ ਨਹੀਂ ਜਾਣਾ ਚਾਹੁੰਦੇ, ਕਿਉਂਕਿ ਇਸ ਨਾਲ ਸਬੰਧਤ ਕਾਰਵਾਈ ਅਜੇ ਜਨਤਕ ਪੱਧਰ ਉਤੇ ਇਨਸਾਫ ਲੈਣ ਲਈ ਤੇ ਸਰਕਾਰੀ ਪੱਧਰ ਉਤੇ ਵੱਡੇ ਘਰ ਨਾਲ ਵਫਾਦਾਰੀ ਵਾਸਤੇ ਜਾਰੀ ਹੈ। ਉਹ ਕਾਰਵਾਈ ਸਿਰੇ ਲੱਗਣ ਤੱਕ ਘਟਨਾਵਾਂ ਦਾ ਵਹਿਣ ਉਡੀਕਣਾ ਪਵੇਗਾ। ਕੁਝ ਪੁਲਿਸ ਅਫਸਰ ਕਹਿੰਦੇ ਹਨ ਕਿ ਉਹ ਕਾਨੂੰਨ ਦੇ ਮੁਤਾਬਕ ਕਾਰਵਾਈ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਦੀ ਗੱਲ ਕੱਟੇ ਬਗੈਰ ਜਾਣਦੇ ਹਾਂ ਕਿ ਕਾਨੂੰਨੀ ਕਾਰਵਾਈ ਵੀ ਕਈ ਪੱਖਾਂ ਤੋਂ ਪ੍ਰਭਾਵਿਤ ਹੋ ਜਾਂਦੀ ਹੈ। ਲੁਧਿਆਣੇ ਦੇ ਬੈਂਸ ਭਰਾ ਹਾਕਮ ਧਿਰ ਦੇ ਨਾਲ ਹੋਣ ਤਾਂ ਅਦਾਲਤ ਵਿਚੋਂ ਕਿਸੇ ਮੈਜਿਸਟਰੇਟ ਨੂੰ ਧੂਹ ਕੇ ਪਾਰਕਿੰਗ ਵਿਚ ਲਿਆ ਕੇ ਸਾਰੇ ਕੱਪੜੇ ਪਾੜ ਕੇ ਕੁੱਟੀ ਜਾਣ ਤਾਂ ਕਾਰਵਾਈ ਵਿਖਾਵਾ ਬਣ ਕੇ ਰਹਿ ਜਾਂਦੀ ਹੈ, ਪਰ ਜੇ ਹਾਕਮ ਧਿਰ ਤੋਂ ਫਾਸਲਾ ਪਾ ਜਾਣ ਤਾਂ ਰੇਤ ਦੀ ਟਰਾਲੀ ਲੈ ਕੇ ਲੰਘਣ ਪਿੱਛੋਂ ਵੀ ਇਰਾਦਾ-ਕਤਲ ਦਾ ਕੇਸ ਬਣਾਇਆ ਜਾਂਦਾ ਹੈ। ਇਸ ਲਈ ਅਸੀਂ ਮੋਗੇ ਵਾਲੇ ਕੇਸ ਵਿਚ ਕਈ ਗੱਲਾਂ ਹੋਣ ਦਾ ਸ਼ੱਕ ਕਰ ਸਕਦੇ ਹਾਂ, ਉਹ ਹੋ ਵੀ ਸਕਦੀਆਂ ਹਨ ਤੇ ਨਹੀਂ ਵੀ, ਪਰ ਪੰਜਾਬ ਵਿਚ ਜੋ ਕੁਝ ਵਾਪਰਦਾ ਰਿਹਾ ਹੈ, ਅਤੇ ਵਾਪਰ ਰਿਹਾ ਹੈ, ਉਸ ਦੀ ਚਰਚਾ ਹੁਣ ਹਰ ਕੋਈ ਕਰ ਰਿਹਾ ਹੈ।
ਮੁੱਖ ਮੰਤਰੀ ਸ਼ ਬਾਦਲ ਨੂੰ ਇਹ ਗੱਲ ਤਾਂ ਚੇਤੇ ਹੋਵੇਗੀ ਕਿ ਜਦੋਂ ਉਨ੍ਹਾਂ ਪੰਜਾਬ ਦੀ ਕਮਾਨ ਤੀਸਰੀ ਵਾਰ ਸੰਭਾਲੀ ਸੀ, ਉਦੋਂ ਬਰਨਾਲਾ ਜ਼ਿਲੇ ਵਿਚ ਕਿਰਨਜੀਤ ਕਾਂਡ ਵਾਪਰਿਆ ਸੀ। ਆਪਣੇ ਪਿੰਡ ਦੇ ਸਕੂਲ ਤੋਂ ਖੇਤਾਂ ਵਿਚਲੇ ਆਪਣੇ ਘਰ ਤੱਕ ਦਾ ਫਾਸਲਾ ਉਹ ਕੁੜੀ ਪੂਰਾ ਨਹੀਂ ਸੀ ਕਰ ਸਕੀ। ਦਰਿੰਦਿਆਂ ਨੇ ਰਾਹ ਵਿਚ ਮਧੋਲ ਕੇ ਦੱਬ ਦਿੱਤੀ ਤੇ ਕਈ ਦਿਨ ਤੱਕ ਪੁਲਿਸ ਤਲਾਸ਼ ਦੇ ਨਾਂ ਉਤੇ ਤਮਾਸ਼ਾ ਕਰਦੀ ਰਹੀ ਸੀ। ਲਾਸ਼ ਉਸ ਦੀ ਉਦੋਂ ਪੁੱਟ ਕੇ ਕੱਢੀ ਗਈ ਸੀ, ਜਦੋਂ ਲੋਕਾਂ ਦਾ ਉਬਾਲ ਸੰਭਾਲਣਾ ਔਖਾ ਹੋ ਗਿਆ ਸੀ। ਕਈ ਦਿਨ ਚੁੱਪ ਵੱਟੀ ਰੱਖਣ ਪਿੱਛੋਂ ਬਾਦਲ ਸਾਹਿਬ ਉਸ ਕੁੜੀ ਦੇ ਵਿਲਕਦੇ ਬਾਪ ਕੋਲ ਉਦੋਂ ਦੁੱਖ ਸਾਂਝਾ ਕਰਨ ਗਏ ਸਨ, ਜਦੋਂ ਸਾਰਾ ਰੌਲਾ ਠੰਢਾ ਪੈ ਚੁੱਕਾ ਸੀ।
ਬਾਅਦ ਵਿਚ ਕਈ ਹੋਰ ਕਿੱਸੇ ਵੀ ਵਾਪਰਦੇ ਰਹੇ, ਪਰ ਇੱਕ ਕੇਸ ਇਹੋ ਜਿਹਾ ਸੀ, ਜਿਸ ਨੇ ਸਾਰੇ ਪੰਜਾਬ ਦੇ ਲੋਕ ਰੋਹ ਨਾਲ ਭਰ ਦਿੱਤੇ ਸਨ। ਅੰਮ੍ਰਿਤਸਰ ਦੇ ਛੇਹਰਟਾ ਚੌਕ ਵਿਚ ਪੁਲਿਸ ਦੇ ਇੱਕ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ ਗਈ ਸੀ। ਥਾਣੇਦਾਰ ਦਾ ਕਸੂਰ ਸਿਰਫ ਏਨਾ ਸੀ ਕਿ ਉਸ ਦੀ ਧੀ ਨੂੰ ਇੱਕ ਯੂਥ ਅਕਾਲੀ ਵਰਕਰ ਤੰਗ ਕਰਦਾ ਸੀ ਤੇ ਥਾਣੇਦਾਰ ਉਸ ਨੂੰ ਸਮਝਾਉਣ ਆ ਗਿਆ ਸੀ। ਥਾਣੇ ਤੋਂ ਸੌ ਗਜ਼ ਦੂਰ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ ਗਈ। ਕਾਤਲ ਦੇ ਕੋਲ ਜਿਹੜਾ ਹਥਿਆਰ ਸੀ, ਉਸ ਦੇ ਕਾਰਤੂਸ ਮੁੱਕ ਗਏ ਤਾਂ ਘਰੋਂ ਜਾ ਕੇ ਦੂਸਰਾ ਹਥਿਆਰ ਲਿਆ ਕੇ ਗੋਲੀਆਂ ਮਾਰਨ ਲੱਗ ਪਿਆ, ਪਰ ਮਸਾਂ ਸੌ ਗਜ਼ ਦੂਰ ਥਾਣੇ ਵਿਚ ਬੈਠੇ ਪੁਲਿਸ ਵਾਲੇ ਆਪਣੇ ਥਾਣੇਦਾਰ ਭਰਾ ਨੂੰ ਬਚਾਉਣ ਲਈ ਨਹੀਂ ਸਨ ਆਏ। ਯੂਥ ਆਗੂ ਗੋਲੀਆਂ ਮਾਰ ਕੇ ਇੱਕ ਅਕਾਲੀ ਮੰਤਰੀ ਦੇ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਰਿਹਾ ਸੀ। ਪੰਜਾਬ ਵਿਚ ਦੁਹਾਈ ਪੈ ਗਈ ਤਾਂ ਤਿੰਨ ਜ਼ਿਲਿਆਂ ਦੀ ਪੁਲਿਸ ਨੇ ਘੇਰਾ ਪਾ ਕੇ ਉਸ ਬਦਮਾਸ਼ ਨੂੰ ਫੜਿਆ ਸੀ।
ਹਾਲੇ ਬਹੁਤਾ ਚਿਰ ਨਹੀਂ ਹੋਇਆ, ਫਰੀਦਕੋਟ ਜ਼ਿਲੇ ਦੀ ਇੱਕ ਕੁੜੀ ਨੂੰ ਇੱਕ ਯੂਥ ਅਕਾਲੀ ਵਰਕਰ ਦਿਨ-ਦਿਹਾੜੇ ਕਾਰ ਵਿਚ ਪਾ ਕੇ ਲੈ ਗਿਆ ਸੀ। ਲੋਕਾਂ ਦੇ ਦੱਸਣ ਮੁਤਾਬਕ ਕੁਝ ਪੁਲਿਸ ਵਾਲੇ ਵੀ ਉਸ ਮੌਕੇ ਹਾਜ਼ਰ ਸਨ ਤੇ ਏਡੀ ਦੀਦਾ-ਦਲੇਰੀ ਕਰਨ ਵਾਲੇ ਉਸ ਯੂਥ ਆਗੂ ਦੀ ਕਾਰ ਵੀ ਨਾਲੀ ਵਿਚ ਫਸ ਗਈ ਸੀ, ਪਰ ਕਿਸੇ ਨੇ ਰੋਕਣ ਦੀ ਹਿੰਮਤ ਨਹੀਂ ਸੀ ਕੀਤੀ, ਸਗੋਂ ਅਖਬਾਰਾਂ ਦੀਆਂ ਖਬਰਾਂ ਕਹਿੰਦੀਆਂ ਸਨ ਕਿ ਪੰਜਾਬ ਤੋਂ ਨਿਕਲਣ ਤੱਕ ਉਸ ਦੀ ਕਾਰ ਸੁਰੱਖਿਆ ਹੇਠ ਜਾਂਦੀ ਵੇਖੀ ਗਈ ਸੀ। ਕਈ ਦਿਨ ਲੋਕ ਚੌਕਾਂ ਵਿਚ ਬੈਠਦੇ ਰਹੇ ਅਤੇ ਸਰਕਾਰ ਚੁੱਪ ਰਹੀ। ਫਿਰ ਜਦੋਂ ਵੇਖਿਆ ਕਿ ਹਾਲਾਤ ਹੋਰ ਵਿਗੜ ਸਕਦੇ ਹਨ ਤਾਂ ਪਹਿਲੇ ਪੁਲਿਸ ਅਫਸਰ ਪਾਸੇ ਕਰ ਕੇ ਨਵਿਆਂ ਨੂੰ ਅੱਗੇ ਲਾ ਕੇ ਉਸ ਕੁੜੀ ਨੂੰ ਗੋਆ ਵਿਚੋਂ ਬਰਾਮਦ ਕਰ ਕੇ ਲਿਆਂਦਾ ਗਿਆ ਸੀ। ਪੁਲਿਸ ਦੇ ਕੁਝ ਅਫਸਰ ਉਸ ਬਰਾਮਦਗੀ ਪਿੱਛੋਂ ਕੁੜੀ ਦੇ ਮਰਜ਼ੀ ਨਾਲ ਘਰੋਂ ਭੱਜਣ ਦੀਆਂ ਕਹਾਣੀਆਂ ਪਾਉਂਦੇ ਰਹੇ ਸਨ ਤੇ ਜਦੋਂ ਮੁੰਡਾ ਤੇ ਕੁੜੀ ਪੁਲਿਸ ਨੇ ਫੜ ਲਿਆਂਦੇ, ਦੋਸ਼ੀ ਦੀ ਮਦਦ ਕਰਨ ਦਾ ਯਤਨ ਉਦੋਂ ਵੀ ਹੁੰਦਾ ਰਿਹਾ ਸੀ। ਸੱਚ ਉਦੋਂ ਬਾਹਰ ਆਇਆ ਸੀ, ਜਦੋਂ ਜੱਜ ਨੇ ਇਕੱਲੀ ਕੁੜੀ ਤੋਂ ਪੁੱਛਿਆ ਤੇ ਕੁੜੀ ਨੇ ਆਪਣੇ ਮਾਪਿਆਂ ਨਾਲ ਜਾਣ ਦੀ ਹਾਮੀ ਆਪਣੀ ਜ਼ੁਬਾਨ ਤੋਂ ਭਰ ਦਿੱਤੀ ਸੀ।
ਕੁਝ ਸਾਲ ਪਹਿਲਾਂ ਫਿਰੋਜ਼ਪੁਰ ਵਿਚ ਇੱਕ ਬੀਬੀ ਇਹ ਸ਼ਿਕਾਇਤ ਕਰ ਬੈਠੀ ਸੀ ਕਿ ਉਸ ਨਾਲ ਜ਼ੋਰਾਵਰਾਂ ਨੇ ਜ਼ਿਆਦਤੀ ਕੀਤੀ ਹੈ। ਪੁਲਿਸ ਨੇ ਮਦਦ ਨਹੀਂ ਸੀ ਕੀਤੀ। ਉਹ ਅਦਾਲਤ ਵਿਚ ਕੇਸ ਦਰਜ ਕਰਨ ਤੱਕ ਪਹੁੰਚ ਗਈ ਤੇ ਜ਼ੋਰਾਵਰਾਂ ਦੇ ਰੋਕਣ ਦੇ ਬਾਵਜੂਦ ਗਵਾਹੀ ਦੇਣ ਤੋਂ ਪਿੱਛੇ ਨਹੀਂ ਸੀ ਹਟੀ। ਜਿਸ ਦਿਨ ਅਦਾਲਤ ਵਿਚ ਗਵਾਹੀ ਦੇ ਕੇ ਆਈ, ਅੱਧੀ ਰਾਤ ਜ਼ੋਰਾਵਰ ਉਸ ਦੇ ਘਰ ਦੀਆਂ ਕੰਧਾਂ ਟੱਪ ਕੇ ਆਏ ਅਤੇ ਇੱਕ ਲੱਤ ਵੱਢ ਕੇ ਲੈ ਗਏ ਸਨ। ਇਹ ਘਟਨਾ ਉਦੋਂ ਵਾਪਰੀ ਸੀ, ਜਦੋਂ ਉਸ ਜ਼ਿਲੇ ਵਿਚ ਇਹੋ ਜਿਹਾ ਪੁਲਿਸ ਮੁਖੀ ਲੱਗਾ ਹੋਇਆ ਸੀ, ਜਿਸ ਦੇ ਆਪਣੇ ਕਿੱਸੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੋਂ ਜਾਲ੍ਹੀ ਨੋਟਾਂ ਦੀ ਬਰਾਮਦੀ ਤੱਕ ਲਈ ਚਰਚਿਤ ਰਹੇ ਸਨ।
ਹਾਲੇ ਬਹੁਤੇ ਦਿਨ ਨਹੀਂ ਹੋਏ, ਜਦੋਂ ਅੰਮ੍ਰਿਤਸਰ ਵਿਚ ਇੱਕ ਕੇਬਲ ਅਪਰੇਟਰ ਨੇ ਜਾਂਚ ਕਰਨ ਆਏ ਜੱਜਾਂ ਦੇ ਸਾਹਮਣੇ ਖੁਦਕੁਸ਼ੀ ਕਰਨ ਲਈ ਕੁਝ ਖਾ ਲਿਆ ਸੀ। ਜੱਜ ਉਠ ਕੇ ਤੁਰ ਗਏ। ਕੇਬਲ ਅਪਰੇਟਰ ਹਸਪਤਾਲ ਜਾ ਕੇ ਦਮ ਤੋੜ ਗਿਆ ਅਤੇ ਉਸ ਦੀ ਪਤਨੀ ਨੇ ਇਹ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ, ਉਹ ਲਾਸ਼ ਦਾ ਅੰਤਮ ਸੰਸਕਾਰ ਨਹੀਂ ਕਰੇਗੀ। ਜਨਤਕ ਦਬਾਅ ਹੇਠ ਪੁਲਿਸ ਨੂੰ ਕਾਰਵਾਈ ਕਰਨੀ ਪਈ। ਫਿਰ ਦੋਸ਼ੀ ਫੜੇ ਗਏ ਤੇ ਉਸ ਪਿੱਛੋਂ ਸਥਿਤੀ ਬਦਲ ਗਈ। ਖੁਦਕੁਸ਼ੀ ਕਰ ਗਏ ਕੇਬਲ ਅਪਰੇਟਰ ਦੀ ਪਤਨੀ ਅਤੇ ਪੁੱਤਰ ਆਪਣੇ ਪਹਿਲੇ ਬਿਆਨਾਂ ਤੋਂ ਪਲਟ ਗਏ। ਮ੍ਰਿਤਕ ਦੀ ਪਤਨੀ ਨੇ ਲਿਖ ਕੇ ਦੇ ਦਿੱਤਾ ਕਿ ਉਸ ਦੇ ਪਤੀ ਨੂੰ ਕਿਸੇ ਨਾਲ ਨਾਰਾਜ਼ਗੀ ਨਹੀਂ ਸੀ, ਉਹ ਤਾਂ ਜਾਂਚ ਕਰਨ ਆਏ ਜੱਜਾਂ ਸਾਹਮਣੇ ਨਾਟਕ ਹੀ ਕਰਨਾ ਚਾਹੁੰਦਾ ਸੀ। ਮਜ਼ਾਕ ਵਿਚ ਖਾਧੀ ਕਿਸੇ ਚੀਜ਼ ਨਾਲ ਉਸ ਦੀ ਮੌਤ ਹੋ ਗਈ, ਕਿਸੇ ਦਾ ਇਸ ਵਿਚ ਕਸੂਰ ਹੀ ਨਹੀਂ ਸੀ। ਕਹਿੰਦੇ ਹਨ ਕਿ ਇੱਕ ਮਹਿਲਾ ਆਗੂ ਨੇ ਦੋਸ਼ੀਆਂ ਨਾਲ ਕੇਬਲ ਅਪਰੇਟਰ ਦੀ ਵਿਧਵਾ ਦਾ ਦੋ ਕਰੋੜ ਰੁਪਏ ਦਾ ਸੌਦਾ ਕਰਵਾਇਆ ਤੇ ਪੈਸੇ ਦੇ ਲੈਣ-ਦੇਣ ਪਿੱਛੋਂ ਉਹ ਵਿਧਵਾ ਪਹਿਲੇ ਤੋਂ ਉਲਟ ਬਿਆਨ ਦੇ ਕੇ ਸ਼ਹਿਰ ਵਿਚੋਂ ਗਾਇਬ ਹੋ ਗਈ ਹੈ।
ਅਸੀਂ ਨਹੀਂ ਜਾਣਦੇ ਕਿ ਮੋਗੇ ਵਾਲੇ ਮੁਕੱਦਮੇ ਵਿਚ ਮਹਿਲ ਕਲਾਂ ਦੀ ਕਿਰਨਜੀਤ ਅਤੇ ਅੰਮ੍ਰਿਤਸਰ ਦੇ ਕੇਬਲ ਅਪਰੇਟਰ ਵਾਲੀ ਕਹਾਣੀ ਦੁਹਰਾਉਣ ਦਾ ਕਿੰਨਾ ਯਤਨ ਕੀਤਾ ਜਾਵੇਗਾ, ਪਰ ਇਹ ਜਾਣਦੇ ਹਾਂ ਕਿ ਸਾਰੇ ਪੰਜਾਬ ਵਿਚ ਇਸ ਵੇਲੇ ਇੱਕ ਖਾਸ ਤਰ੍ਹਾਂ ਦੀ ਦਹਿਸ਼ਤ ਹੈ। ਸ਼ਰੀਫ ਲੋਕ ਆਪਣੇ ਘਰ ਤੋਂ ਨਿਕਲਦੇ ਡਰਦੇ ਹਨ। ਹਰ ਪਾਸੇ ਜਿੱਦਾਂ ਦੀਆਂ ਧਾੜਾਂ ਫਿਰਦੀਆਂ ਹਨ, ਉਨ੍ਹਾਂ ਦਾ ਇਸ ਰਾਜ ਦੇ ਪੰਜਵੀਂ ਵਾਰੀ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੀ ਨਾ ਹੋਵੇ, ਇਹ ਮੰਨਣਾ ਕਿਸੇ ਲਈ ਵੀ ਔਖਾ ਹੈ। ਏਨਾ ਓਹਲਾ ਮੁੱਖ ਮੰਤਰੀ ਨੂੰ ਨਹੀਂ ਹੋ ਸਕਦਾ। ਬਾਦਲ ਸਾਹਿਬ ਉਸ ਅਕਾਲੀ ਦਲ ਦੇ ਆਗੂ ਹਨ, ਜਿਹੜਾ ਸਿੱਖੀ ਨਾਲ ਆਪਣੀ ਜੜ੍ਹ ਲੱਗੀ ਦੱਸਦਾ ਹੈ। ਇਸ ਕਰ ਕੇ ਬਾਦਲ ਸਾਹਿਬ ਨੂੰ ਗੁਰੂ ਸਾਹਿਬਾਨ ਦੇ ਨਾਲ ਭਾਈ ਗੁਰਦਾਸ ਜੀ ਦਾ ਵੀ ਪਤਾ ਹੋਵੇਗਾ। ਪੰਜਵੇਂ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਦਾ ਕਾਰਜ ਕਰਵਾਇਆ ਸੀ। ਭਾਈ ਗੁਰਦਾਸ ਜੀ ਨੇ ਆਪ ਵੀ ਬਹੁਮੁੱਲੀ ਰਚਨਾ ਕੀਤੀ ਹੋਈ ਹੈ ਅਤੇ ਉਨ੍ਹਾਂ ਦੇ ਇੱਕ ਸਵੱਯੇ ਵਿਚ ਇਹ ਸਵਾਲ ਵੀ ਦਰਜ ਹੈ,
ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ੍ਹ,
ਗੜ੍ਹ ਮੈ ਜੋ ਲੂਟ ਲੀਜੈ, ਕਹੋ, ਕਤ ਜਾਈਐ।
ਇਸ ਦਾ ਅਰਥ ਇਹ ਹੈ ਕਿ ਬਾਹਰੋਂ ਭੱਜ ਕੇ ਜਦੋਂ ਬੰਦਾ ਕਿਲ੍ਹੇ ਵਿਚ ਸ਼ਰਨ ਲਵੇ ਅਤੇ ਫਿਰ ਕਿਲ੍ਹੇ ਵਿਚ ਵੀ ਲੁੱਟਿਆ ਜਾਵੇ ਤਾਂ ਦੱਸੋ, ਲੋਕ ਫਿਰ ਕਿੱਥੇ ਜਾਣ? ਮੁੱਖ ਮੰਤਰੀ ਦੇ ਪਰਿਵਾਰ ਦੀ ਬੱਸ ਵਿਚ ਬੰਦਾ ਇਸ ਯਕੀਨ ਨਾਲ ਚੜ੍ਹੇ ਕਿ ਇਥੇ ਚਿੰਤਾ ਕਰਨ ਦੀ ਲੋੜ ਨਹੀਂ ਅਤੇ ਉਸ ਬੱਸ ਵਿਚ ਏਦਾਂ ਦੇ ਕਿਰਦਾਰ ਵਾਲੇ ਬੰਦੇ ਬਿਠਾਏ ਹੋਣ ਤਾਂ ਲੋਕ ਭਰੋਸਾ ਕਿਸ ਉਤੇ ਕਰਨਗੇ? ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਕਸੂਰ ਕੀ ਹੈ, ਜਿਸ ਦੀ ਸਜ਼ਾ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ? ਸੰਵਿਧਾਨ ਮੁਤਾਬਕ ਅਮਨ-ਕਾਨੂੰਨ ਰਾਜਾਂ ਦੇ ਕੰਮਾਂ ਵਿਚ ਸ਼ਾਮਲ ਹੈ ਅਤੇ ਇਸੇ ਲਈ ਲੋਕ ਹੁਣ ਮੁੱਖ ਮੰਤਰੀ ਤੋਂ ਪੁੱਛਣਾ ਚਾਹੁੰਦੇ ਹਨ ਕਿ ਇਹ ਜੁੱਗ-ਗਰਦੀ ਆਖਰ ਕਦੋਂ ਕੁ ਤੱਕ ਚੱਲਦੀ ਰਹੇਗੀ?