ਸਤਿਕਾਰ, ਤ੍ਰਿਸਕਾਰ ਤੇ ਗੁਨਾਹਗਾਰ

ਜਿਸ ਖਿੱਤੇ ਵਿਚ ਬਦ-ਅਮਨੀ, ਬਦ-ਇੰਤਜ਼ਾਮੀ ਅਤੇ ਬੁਰਛਾਗਰਦੀ ਇਸ ਕਦਰ ਫੈਲ ਚੁੱਕੀ ਹੋਵੇ ਕਿ ਉਥੇ ਕਾਇਦਾ-ਕਾਨੂੰਨ ਗਾਇਬ ਹੀ ਹੋ ਗਿਆ ਹੋਵੇ ਅਤੇ ‘ਜਿਸ ਦੀ ਲਾਠੀ ਉਸ ਦੀ ਮੱਝ’ ਵਾਲੀ ਕਹਾਵਤ ਦਾ ਚਾਰੇ ਤਰਫ਼ ਬੋਲ-ਬਾਲਾ ਹੋਵੇ, ਉਸ ਨੂੰ ‘ਜੰਗਲ’ ਹੀ ਕਿਹਾ ਜਾ ਸਕਦਾ ਹੈ।

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

ਜੰਗਲ ਪਿਆ ‘ਪਟਾਕਾ’
ਸੁਣਦੇ ਦੋ ਜਣੇ।
ਜਿਨ੍ਹਾਂ ਸੁਣਿਆ ਸੀ
ਉਹ ਦੌੜੇ ਨਹੀਂ,
ਦੌੜ ਪਏ ਦੋ ਹੋਰ ਜਣੇ।
ਜਿਹੜੇ ਦੌੜੇ ਸੀ
ਉਹ ਕੁੱਟੇ ਨਹੀਂ,
ਕੁੱਟੇ ਗਏ ਦੋ ਹੋਰ ਜਣੇæææ।
ਇਸ ‘ਬੁਝਾਰਤ’ ਦੀਆਂ ਦੋ-ਚਾਰ ਸਤਰਾਂ ਤਾਂ ਅੱਗੇ ਹੋਰ ਵੀ ਹਨ, ਪਰ ਮੈਂ ਇਥੇ ਇੰਨੀਆਂ ਕੁ ਇਸ ਕਰ ਕੇ ਲਿਖੀਆਂ ਹਨ ਕਿਉਂਕਿ ਜਿਸ ਦਰਦਨਾਕ ਵਾਕਿਆ ਬਾਬਤ ਇਹ ਲੇਖ ਲਿਖਣ ਜਾ ਰਿਹਾ ਹਾਂ, ਉਸ ਦਾ ਬਿਰਤਾਂਤ ਕਿਸੇ ਹੱਦ ਤੱਕ ਇੰਨੀਆਂ ਕੁ ਸਤਰਾਂ ਨਾਲ ਮਿਲਦਾ-ਜੁਲਦਾ ਪ੍ਰਤੀਤ ਹੁੰਦਾ ਹੈ।
ਜਿਸ ਖਿੱਤੇ ਵਿਚ ਬਦ-ਅਮਨੀ, ਬਦ-ਇੰਤਜ਼ਾਮੀ ਅਤੇ ਬੁਰਛਾਗਰਦੀ ਇਸ ਕਦਰ ਫੈਲ ਚੁੱਕੀ ਹੋਵੇ ਕਿ ਉਥੇ ਕਾਇਦਾ-ਕਾਨੂੰਨ ਗਾਇਬ ਹੀ ਹੋ ਗਿਆ ਹੋਵੇ ਅਤੇ ‘ਜਿਸ ਦੀ ਲਾਠੀ ਉਸ ਦੀ ਮੱਝ’ ਵਾਲੀ ਕਹਾਵਤ ਦਾ ਚਾਰੇ ਤਰਫ਼ ਬੋਲ-ਬਾਲਾ ਹੋਵੇ, ਉਸ ਨੂੰ ‘ਜੰਗਲ’ ਹੀ ਕਿਹਾ ਜਾ ਸਕਦਾ ਹੈ। ਉਸ ਜੰਗਲ ਵਿਚ ਆਏ ਦਿਨ ਕੋਈ ਨਾ ਕੋਈ ‘ਪਟਾਕਾ’ ਪਿਆ ਰਹਿਣਾ ਮੁਮਕਿਨ ਹੀ ਹੈ। ਜ਼ਰਾ ਆਪਣੇ ਪੰਜਾਬ ਵੱਲ ਨਜ਼ਰ ਮਾਰ ਕੇ ਦੇਖੋ। ਜੋ ਕੁਝ ਉਥੇ ਹੋ ਰਿਹਾ ਹੈ, ਉਸ ਨੂੰ ਜੰਗਲ ਆਖਣਾ ਕੋਈ ਅਤਿ-ਕਥਨੀ ਹੈ?
ਪੰਜ ਦਰਿਆਵਾਂ ਦੀ ਜਰਖੇਜ਼ ਧਰਤੀ ਉਤੇ ਦਸ ਗੁਰੂ ਸਾਹਿਬਾਨ ਨੇ ਲਗਾਤਾਰ ਦੋ ਸੌ ਉਨਤਾਲੀ ਵਰ੍ਹੇ ਇਕੋ ਫਲਸਫ਼ੇ ਦਾ ਪ੍ਰਚਾਰ ਕੀਤਾ। ਕਿਰਤ ਵਿਰਤ ਕਰ ਧਰਮ ਦੀ ਹੱਥਹੁ ਦੇ ਕੈ ਭਲਾ ਮਨਾਉਣ ਵਾਲੇ ਨੇਕ ਮਨੁੱਖ ਦੀ ਘਾੜਤ ਘੜਨ ਲਈ ਵੱਖ-ਵੱਖ ਗੁਰੂ ਸਾਹਿਬਾਨ ਨੇ ਬਹੁ-ਮੁੱਲਾ ਯੋਗਦਾਨ ਪਾਇਆ। ਮਨੁੱਖਤਾ ਦੀ ਰਹਿਨੁਮਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਜਿਸ ਤੋਂ ਸੰਦੇਸ਼ ਲੈ ਕੇ ਮਨੁੱਖ ਨੇ ਸੁਹਿਰਦ ਸ਼ਹਿਰੀ ਬਣਨਾ ਸਿੱਖਣਾ ਸੀ। ਗੁਰਬਾਣੀ ਨੇ ਹਰ ਮਨੁੱਖ ਨੂੰ ‘ਇਕ ਓਂਕਾਰ’ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਥਾਂ-ਥਾਂ ਉਤੇ ਮੱਥੇ ਰਗੜਨ ਵਾਲੀ ਭਟਕਣ ਬਿਰਤੀ ਤੋਂ ਸਖਤੀ ਨਾਲ ਵਰਜਿਆ,
ਦੁਬਿਧਾ ਨ ਪੜ੍ਹਉ ਹਰਿ ਬਿਨੁ ਹੋਰੁ ਨ ਪੂਜਉ
ਮੜੈ ਮਸਾਣਿ ਨ ਜਾਈ॥
ਤ੍ਰਿਸਨਾ ਰਾਚਿ ਨ ਪਰ ਘਰ ਜਾਵਾ
ਤ੍ਰਿਸਨਾ ਨਾਮਿ ਬੁਝਾਈ॥ (ਰਾਗ ਧਨਾਸਰੀ, ਅੰਗ 634)
ਜਿਹੜਾ ਗੁਰੂ ਗ੍ਰੰਥ ਸਾਹਿਬ ਆਪਣੇ ਪੈਰੋਕਾਰਾਂ ਨੂੰ ਵੀ ਮੜ੍ਹੀਆਂ-ਮਸਾਣਾਂ ਉਤੇ ਜਾਣ ਤੋਂ ਸਪਸ਼ਟ ਸ਼ਬਦਾਂ ਵਿਚ ਵਰਜਦਾ ਹੋਵੇ, ਨਾਲ ਹੀ ‘ਇਕ ਦਰ’ ਨੂੰ ਛੱਡ ਕੇ ‘ਪਰ ਘਰ’ ਘੁੰਮਣ ਉਤੇ ਪਾਬੰਦੀ ਲਾਉਂਦਾ ਹੋਵੇ, ਉਸ ਗੁਰੂ ਦੇ ਸ਼ਰਧਾਲੂ ਉਸੇ ਗੁਰੂ ਦੇ ਸਰੂਪ ਨੂੰ ਚੁੱਕ ਕੇ ਲੈ ਜਾਣ ਜਠੇਰਿਆਂ ਦੀਆਂ ਕਬਰਾਂ ਉਪਰ! ਅਜਿਹਾ ਅਨਰਥ ਹੋਣਾ ਭਲਾ ‘ਪਟਾਕਾ ਪੈਣ’ ਤੋਂ ਕੋਈ ਘੱਟ ਗੱਲ ਹੈ? ਹਾਂ ਜੀ, ਬਾਣੀ ਪੜ੍ਹ ਕੇ ਵਿਚਾਰਨ ਅਤੇ ਉਹਦੇ ‘ਤੇ ਯਥਾ-ਸ਼ਕਤੀ ਅਮਲ ਕਰਨ ਵਾਲੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਲਈ ਇਹ ਸੱਚਮੁੱਚ ‘ਪਟਾਕਾ’ ਹੀ ਹੈ, ਪਰ ਬੇ-ਆਬਾਦ ਕਬਰਾਂ ਅਤੇ ਮੜ੍ਹੀਆਂ-ਮਸਾਣਾਂ ‘ਤੇ ਗੁਰਬਾਣੀ ਦੇ ਅਖੰਡ ਪਾਠ ਕਰਵਾਉਣ ਵਾਲੇ ਸਿੱਖਾਂ (?) ਨੂੰ ਇਸ ਅਵੱਗਿਆ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਹੀਂ, ਸਗੋਂ ਕਬਰਾਂ-ਮਸਾਣਾਂ ਦੇ ਸ਼ਰਧਾਲੂ ਹੁੰਦੇ ਹਨ।
ਹੁਣ ਜ਼ਰਾ ਉਤਲੀ ਬੁਝਾਰਤ ਦੀਆਂ ਪੰਕਤੀਆਂ ਨੂੰ ਵਿਚਾਰ ਲਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਅਦਾਬ ਅਤੇ ਸੰਦੇਸ਼ ਦੇ ਇਕ ਦਮ ਉਲਟ, ਪੰਜਾਬ ਦੇ ਇਕ ਪਿੰਡ ਵਿਚ ਜਠੇਰਿਆਂ ਦੇ ਮਨਮਤੀ ਥਾਂ ‘ਤੇ ਅਖੰਡ ਪਾਠ ਹੋਣ ਦਾ ਪੂਰੇ ਇਲਾਕੇ ਵਿਚ ਪਟਾਕਾ ਪੈ ਗਿਆ, ਭਾਵ ਰੌਲਾ ਪੈ ਗਿਆ। ‘ਜੰਗਲ’ ਵਿਚ ਇਸ ਅਵੱਗਿਆ ਭਰੇ ਪਟਾਕੇ ਦੀ ਆਵਾਜ਼ ਦੋ ਜਣਿਆਂ ਨੇ ਜ਼ਰੂਰ ਸੁਣੀ ਹੋਵੇਗੀ। ਦੋ ਜਣੇ ਕਿਹੜੇ ਕਿਹੜੇ? ਪਹਿਲਾ ਤਾਂ ਹਲਕੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਿੱਖ ਮਤਿ ਦਾ ਪ੍ਰਚਾਰ-ਪ੍ਰਸਾਰ ਕਰੇ ਅਤੇ ਕਰਾਵੇ। ਉਸ ਦਾ ਫਰਜ਼ ਇਹ ਵੀ ਹੈ ਕਿ ਜਿਥੇ ਕਿਤੇ ਗੁਰੂ ਮਹਾਰਾਜ ਦੇ ਸਤਿਕਾਰ ਪ੍ਰਤੀ ਕੋਈ ਅਣਗਹਿਲੀ ਵਰਤੀ ਜਾ ਰਹੀ ਹੋਵੇ, ਉਹ ਫੌਰਨ ਉਥੇ ਪਹੁੰਚ ਕੇ ਪੰਥਕ ਰਵਾਇਤਾਂ ਮੁਤਾਬਕ ਬਣਦੀ ਕਾਰਵਾਈ ਕਰੇ ਜਾਂ ਕੋਈ ਹੋਰ ਲੋੜੀਂਦਾ ਉਪਰਾਲਾ ਸੋਚੇ।
ਪਟਾਕਾ ਸੁਣਨ ਵਾਲਾ ਦੂਜਾ ਜਣਾ ਜ਼ਰੂਰ ਹੋਵੋਗਾ, ਇਲਾਕੇ ਦਾ ਕੋਈ ਡੇਰੇਦਾਰ ਸੰਤ ਮਹਾਂਪੁਰਸ਼। ਪੰਥ ਪ੍ਰਵਾਣਿਤ ਰਹਿਣ ਮਰਿਆਦਾ ਤੋਂ ਇਨਕਾਰੀ ਹੋ ਕੇ, ਆਪੋ-ਆਪਣੇ ਡੇਰਿਆਂ ਦੀ ਮਰਿਆਦਾ ਨੂੰ ‘ਪੁਰਾਤਨ’ ਕਹਿ ਕੇ ਵਡਿਆਉਣ ਵਾਲੇ ਸਾਧ ਬਾਬੇ ਹਮੇਸ਼ਾ ਇਹ ਦਾਅਵੇ ਕਰਦੇ ਰਹਿੰਦੇ ਨੇ ਕਿ ਗੁਰੂ ਮਹਾਰਾਜ ਦੇ ਅਦਬ ਸਤਿਕਾਰ ਦਾ ਸਭ ਤੋਂ ਵੱਧ ਖਿਆਲ ਉਹ ਹੀ ਰੱਖਦੇ ਹਾਂ। ਆਪਣੇ ਇਸ ਦਾਅਵੇ ਨੂੰ ਹੋਰ ਚਮਕਾਉਣ ਲਿਸ਼ਕਾਉਣ ਹਿੱਤ ਉਹ ਕਈ ਤਰ੍ਹਾਂ ਦੇ ਕਰਮ ਕਾਂਡ ਵੀ ਕਰਦੇ ਰਹਿੰਦੇ ਹਨ।
ਜਠੇਰਿਆਂ ‘ਤੇ ਪਾਠ ਹੋਣ ਵਾਲੀ ਖਬਰ ਦਾ ਪਟਾਕਾ ਇਨ੍ਹਾਂ ਦੋਹਾਂ ਜਣਿਆਂ ਨੇ ਜ਼ਰੂਰ ਸੁਣਿਆ ਹੋਵੇਗਾ, ਪਰ ਇਹ ਪਟਾਕੇ ਵਾਲੀ ਥਾਂ ਨੂੰ ਦੌੜੇ ਨਹੀਂ। ਦੌੜਨਾ ਤਾਂ ਇਕ ਪਾਸੇ, ਸਗੋਂ ਸੁੱਸਰੀ ਵਾਂਗ ਸੌਂ ਗਏ। ਇਨ੍ਹਾਂ ਦੀ ਬਜਾਏ ਦੌੜ ਪਏ ਦੋ ਹੋਰ ਜਣੇ, ਭਾਵ ਸਤਿਕਾਰ ਕਮੇਟੀ ਵਾਲੇ! ਦੌੜੀ-ਦੌੜੀ ਪਹੁੰਚੀ ਸਤਿਕਾਰ ਕਮੇਟੀ ਨੇ ਉਥੇ ਜਾ ਕੇ, ਪੁਲਿਸ ਦੇ ਤਸੀਹਾ ਕੇਂਦਰਾਂ ਵਾਂਗ ਜੋ ਡਾਂਗ ਵਰ੍ਹਾਈ, ਉਸ ਦੀ ਵੀਡੀਓ ਦੇਖ ਕੇ ਦੁਨੀਆਂ ਤ੍ਰਾਹ-ਤ੍ਰਾਹ ਕਰ ਉਠੀ। ਸਤਿਕਾਰ ਕਮੇਟੀ ਵਾਲਿਆਂ ਨੇ ਕੁੱਟਣ ਤੋਂ ਪਹਿਲਾਂ ਜਿਵੇਂ ਪੰਜ ਕੱਕਾਰੀ ਪਾਠੀ ਸਿੰਘਾਂ ਨੂੰ ਉਨ੍ਹਾਂ ਦੀ ਜਾਤ ਪੁੱਛੀ, ਇਸ ਨੁਕਤੇ ਨੇ ਇਸ ਮਾਮਲੇ ਨੂੰ ਜਾਤੀਵਾਦ ਦਾ ਰੰਗ ਵੀ ਚਾੜ੍ਹ ਦਿੱਤਾ।
ਅੰਮ੍ਰਿਤਧਾਰੀਆਂ ਵਲੋਂ ਆਪਣੇ ਹੀ ਗੁਰ-ਭਾਈਆਂ ਨੂੰ ਬੁਰੀ ਤਰ੍ਹਾਂ ਕੁੱਟਣ ਦੀ ਇਹ ਵੀਡੀਓ ਦੇਖ ਕੇ ਮੈਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਵਾਲੇ ਦਿਨ ਇਕ ਪੰਡਿਤ ਦੀ ਕਹੀ ਗੱਲ ਯਾਦ ਆ ਗਈ। ਮੈਂ ਉਸ ਦਿਨ ਦਿੱਲੀ ਵਿਚ ਸਾਂ ਜਦੋਂ ਸੰਤਾਂ ਦੇ ਕਤਲ ਦੀ ਖਬਰ ਆਈ। ਇਕ ਪੰਜਾਬੀ ਪੰਡਿਤ ਕਹਿੰਦਾ, “ਜਿਸ ਦਿਨ ਸਿੱਖਾਂ ਨੇ ਇੰਦਰਾ ਗਾਂਧੀ ਕਤਲ ਕੀਤੀ, ਮੈਨੂੰ ਭੋਰਾ ਹੈਰਾਨੀ ਨਹੀਂ ਹੋਈ ਕਿਉਂਕਿ ਇਉਂ ਕਰ ਕੇ ਸਿੱਖਾਂ ਨੇ ਆਪਣੀ ਇਤਿਹਾਸਕ ਪਰੰਪਰਾ ਨੂੰ ਹੀ ਦੁਹਰਾਇਆ ਹੈ। ਉਹ ਸ੍ਰੀ ਹਰਿਮੰਦਰ ਸਾਹਿਬ ‘ਤੇ ਚੜ੍ਹ ਕੇ ਆਏ ਹਮਲਾਵਰ ਨਾਲ ਅਜਿਹਾ ਸਲੂਕ ਹੀ ਕਰਦੇ ਆਏ ਹਨ, ਪਰ ਸੰਤ ਲੌਂਗੋਵਾਲ ਦਾ ਕਤਲ ਮੈਨੂੰ ਜਮਾਂ ਹੀ ਅਚੰਭਿਤ ਕਰ ਗਿਆ ਹੈ। ਹੇ ਰੱਬਾ! ਸਿੱਖ ‘ਆਪਣਿਆਂ’ ਨੂੰ ਵੀ ਇੰਨੀ ਹੀ ਸਖ਼ਤ ਸਜ਼ਾ ਦਿੰਦੇ ਨੇ?”
ਛੱਲੀਆਂ ਵਾਂਗ ਕੁੱਟੇ ਜਾ ਰਹੇ ਪਾਠੀਆਂ ਨੂੰ ਆਪਣੇ ਹੀ ਭਰਾਵਾਂ ਮੋਹਰੇ ਘਿਗਿਆ ਕੇ ਮੁਆਫੀਆਂ ਮੰਗਦਿਆਂ, ਹਾੜ੍ਹੇ ਕੱਢਦਿਆਂ ਦੇਖ ਕੇ ਕੋਈ ਸਤਿਕਾਰ ਕਮੇਟੀ ਨੂੰ ਬੁਰਾ ਭਲਾ ਕਹਿ ਰਿਹਾ ਹੈ ਅਤੇ ਉਹ ਅੱਗਿਉਂ ਸਫ਼ਾਈਆਂ ਦਿੰਦੇ ਕਹੀ ਜਾਂਦੇ ਨੇ ਕਿ ‘ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ’। ਜਿੰਨੇ ਮੂੰਹ ਉਨੀਆਂ ਗੱਲਾਂ! ਸੋਸ਼ਲ ਸਾਈਟਾਂ ‘ਤੇ ਇਸ ਮਸਲੇ ਪ੍ਰਤੀ ਬਹੁਤ ਸਾਰੇ ਲੋਕਾਂ ਨੇ ਵੱਖੋ-ਵੱਖਰੇ ਪ੍ਰਤੀਕਰਮ ਦਿੱਤੇ। ਬਹੁਤੀਆਂ ਆਵਾਜ਼ਾਂ ਪਾਠੀ ਸਿੰਘਾਂ ਦੇ ਹੱਕ ਵਿਚ ਹੀ ਆਈਆਂ। ਲੋਕਾਂ ਦਾ ਮੰਨਣਾ ਹੈ ਕਿ ਇਸ ਸਾਰੇ ਵਰਤਾਰੇ ਵਿਚ ਜ਼ਿਆਦਾ ਗੁਨਾਹਗਾਰ ‘ਹੋਰ ਲੋਕ’ ਹਨ, ਪਰ ਗਰੀਬ-ਮਾਰ ਵਿਚਾਰੇ ਪਾਠੀਆਂ ਨਾਲ ਹੋ ਗਈ। ਇਕ-ਦੂਜੇ ‘ਤੇ ਦੋਸ਼ ਲਾਉਂਦਿਆਂ ਬਹੁਤ ਥੋੜ੍ਹੇ ਲੋਕਾਂ ਨੇ ਕਲੇਸ਼ ਦੀ ਜੜ੍ਹ ਫੜਨ ਦਾ ਯਤਨ ਕੀਤਾ।
ਸਭ ਤੋਂ ਵੱਡਾ ਸਵਾਲ, ਸਮੁੱਚੇ ਪੰਜਾਬ ਵਾਸੀਆਂ ਲਈ ਹੈ ਕਿ ਸੰਨ ਸੰਤਾਲੀ ਦੇ ਰਾਜ-ਰੌਲੇ ਮੌਕੇ ਬਣੀਆਂ ‘ਅਮਨ ਕਮੇਟੀਆਂ’ ਵਾਂਗ ਹੁਣ ਸਤਿਕਾਰ ਕਮੇਟੀਆਂ ਬਣਾਉਣ ਦੀ ਨੌਬਤ ਹੀ ਕਿਉਂ ਆਈ? ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਤਾਂ ਹਰ ਪ੍ਰਾਣੀ ਮਾਤਰ ਦਾ ਪਹਿਲਾ ਪਵਿੱਤਰ ਫਰਜ਼ ਹੈ। ਪੰਜਾਬ ਵਿਚ ਕੀ ਅਸੀਂ ਇੰਨੇ ਗਏ-ਗੁਜ਼ਰੇ ਹੋ ਗਏ ਹਾਂ ਕਿ ਸਾਨੂੰ ਉਥੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਤਿਕਾਰ ਕਮੇਟੀਆਂ ਬਣਾਉਣੀਆਂ ਪੈ ਗਈਆਂ। ਕੀ ਹੁਣ ਪੰਜਾਬ ਵਾਸੀ, ਖਾਲਸਾ ਪੰਥ ਦੇ ਇਸ਼ਟ ਦਾ ਸਤਿਕਾਰ ਕਰਨਾ ਸਿੱਖਣ ਲਈ ਕਿਸੇ ਸਤਿਕਾਰ ਕਮੇਟੀ ਕੋਲ ਕਲਾਸਾਂ ਲਾਇਆ ਕਰਨਗੇ?
ਇਮਾਨਦਾਰੀ, ਸਤਿ, ਸਹਿਜ, ਸਾਦਗੀ ਤੇ ਸਬਰ-ਸੰਤੋਖ ਨੂੰ ਛੱਡ ਚੁੱਕੇ ਭੁੱਲੇ-ਭਟਕਿਆਂ ਨੂੰ ਜੀਵਨ ਸੇਧ ਦੇਣ ਵਾਲੀ ਅੰਮ੍ਰਿਤਮਈ ਗੁਰਬਾਣੀ ਦੇ ਜਿੱਥੇ ਸਿਰਫ ‘ਪਾਠ’ ਹੀ ਹੋਣਗੇ (ਉਹ ਵੀ ਕਬਰਾਂ-ਮਾੜ੍ਹੀਆਂ ਉਤੇ), ਉਥੇ ਫਿਰ ਪਟਾਕੇ ਪੈਂਦੇ ਹੀ ਰਹਿਣਗੇ। ਜ਼ਿੰਮੇ ਲੱਗੇ ਫਰਜ਼ਾਂ ਤੋਂ ਮੂੰਹ ਮੋੜਨ ਵਾਲਿਆਂ ਦੇ ਦੇਸ਼ ਵਿਚ ਸਤਿਕਾਰ ਕਮੇਟੀਆਂ ਹੀ ਬਣਨਗੀਆਂ। ਪਟਾਕੇ ਪੈਂਦੇ ਸੁਣੇਗਾ ਕੋਈ ਹੋਰ, ਦੌੜੇਗਾ ਕੋਈ ਹੋਰ, ਕੁੱਟ ਖਾਏਗਾ ਕੋਈ ਹੋਰ ਅਤੇ ਰੋਇਆ ਕਰੇਗਾ ਕੋਈ ਹੋਰ। ਸਤਿਕਾਰ, ਤ੍ਰਿਸਕਾਰ ਦੇ ਵਿਚਕਾਰ ਗੁਨਾਹਗਾਰ ਬਣ ਕੇ ਅਸੀਂ ਗੁਰਬਾਣੀ ਦੇ ਤੱਤ-ਸਾਰ ਤੋਂ ਲਾਂਭੇ ਜਾਂਦੇ ਰਹਾਂਗੇ।
ਅੰਤਿਕਾ: ਸੰਨ 2002 ਵਿਚ ਰਾਹੋਂ ਲਾਗੇ ਦੇ ਇਕ ਪਿੰਡ ਵਿਚੋਂ ਮੈਨੂੰ ਇਕ ਪਾਠੀ ਸਿੰਘ ਵਿਰੁਧ ਸ਼ਿਕਾਇਤ ਆਈ ਕਿ ਉਸ ਨੇ ਇਲਾਕੇ ਦੇ ਸਾਰੇ ਪਾਠੀਆਂ ਵਲੋਂ ਇਨਕਾਰ ਕਰਨ ‘ਤੇ ਦੂਰੋਂ-ਪਾਰੋਂ ਪਾਠੀ ਲਿਆ ਕੇ ਜਠੇਰਿਆਂ ਦੀਆਂ ਮੜ੍ਹੀਆਂ ਉਤੇ ਅਖੰਡ ਪਾਠ ਕੀਤਾ। ਬਾ-ਹੈਸੀਅਤ ਮੈਂਬਰ ਐਸ਼ਜੀæਪੀæਸੀæ ਰਾਹੋਂ, ਭਾਈ ਬਹਾਦਰ ਸਿੰਘ ਭਾਰਟਾ ਦੇ ਦਫ਼ਤਰ ਵਿਚ ਪਾਠੀ ਨਾਲ ਮੁਲਾਕਾਤ ਹੋਈ। ਅੜਬ ਜਿਹੇ ਸੁਭਾਅ ਦਾ ਉਹ ਨੌਜਵਾਨ ਪਾਠੀ ਉਘ ਦੀਆਂ ਪਤਾਲ ਮਾਰੀ ਗਿਆæææ ਫਲਾਣਾ ਪਾਠੀ ਵੀ ਇਥੇ ਪਾਠ ਕਰਦਾ ਰਿਹਾæææਢਿਮਕੇ ਨੇ ਅਰਦਾਸ ਕੀਤੀ ਸੀæææਵਗੈਰਾ ਵਗੈਰਾ। ਆਖਰ ਸ਼ ਭਾਰਟਾ ਦੇ ਸਮਝਾਉਣ ਬਾਅਦ ਉਸ ਨੇ ਲਿਖਤੀ ਮੁਆਫੀਨਾਮਾ ਮੇਰੇ ਹੱਥ ਫੜਾ ਦਿੱਤਾ। ਕੁਝ ਦਿਨਾਂ ਬਾਅਦ ਉਸ ਪਾਠੀ ਸਿੰਘ ਨੇ ਮੇਰੇ ਇਕ ਦੋਸਤ ਕੋਲ ਡੀਂਗ ਮਾਰੀ, “ਮੈਂ ਤਾਂ ਲੱਗਾ ਸੀ ਤੇਰੇ ਜਥੇਦਾਰ ਮਿੱਤਰ ਦੇ ਦੋ ਕੁ ਘਸੁੰਨ ਸੁੱਟਣ, ਪਰ ਉਸ ਨੇ ਆਪੇ ਈ ਮੈਥੋਂ ਮੁਆਫੀ ਮੰਗ ਕੇ ਜਾਨ ਛੁਡਾਈ।”
ਫੂਲ ਕੀ ਪੱਤੀ ਸੇ ਕਟ ਸਕਤਾ ਹੈ ਹੀਰੇ ਕਾ ਜਿਗਰ
ਮਰਦੇ-ਨਾਦਾਨ ਪਰ ਕਲਾਮੇ-ਨਾਜ਼ੁਕ ਬੇ-ਅਸਰ!