ਗਿਆਨ, ਬੌਧਿਕਤਾ ਤੇ ਵਿਸ਼ਾਲਤਾ

ਡਾæ ਕੁਲਦੀਪ ਸਿੰਘ
ਦੁਨੀਆਂ ਦੇ ਇਤਿਹਾਸ ਵਿਚ ਵੱਖ-ਵੱਖ ਖਿੱਤਿਆਂ ਵਿਚ ਬੌਧਿਕ ਕੇਂਦਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਨ੍ਹਾਂ ਕੇਂਦਰਾਂ ਨੂੰ ਵਿਕਸਤ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਵਿਦਵਾਨਾਂ ਦੀ ਬੌਧਿਕ ਸ਼ਕਤੀ ਨੂੰ ਸਮਾਜ ਦੇ ਨਿਰਮਾਣ ਲਈ ਵਿਕਸਤ ਕਰਨ ਹਿੱਤ ਉਚੇਰੇ ਉਪਰਾਲੇ ਕੀਤੇ। ਇਨ੍ਹਾਂ ਵਿਚ ਯੂਨੀਵਰਸਿਟੀਆਂ ਤੋਂ ਲੈ ਕੇ ਖੋਜ ਦੇ ਮਹੱਤਵਪੂਰਨ ਕੇਂਦਰ ਆਉਂਦੇ ਹਨ।

ਯੂਨੀਵਰਸਿਟੀਆਂ ਅਸਲ ਵਿਚ ਵਿਚਾਰਾਂ ਦੇ ਉਹ ਕੇਂਦਰ ਹਨ, ਜਿੱਥੇ ਬੌਧਿਕ ਪੱਧਰ ਦਾ ਮੰਥਨ ਹੁੰਦਾ ਹੈ ਅਤੇ ਭਵਿੱਖ ਦੇ ਨਵੇਂ ਦਿਸਹੱਦੇ ਤੇ ਰਸਤਿਆਂ ਲਈ ਨਵੀਆਂ ਲੀਹਾਂ ਭੰਨੀਆਂ ਜਾਂਦੀਆਂ ਹਨ। ਅਜੋਕੇ ਸਮਿਆਂ ਵਿਚ ਮੁੜ ਉਚੇਰੀ ਸਿੱਖਿਆ ਦੇ ਅਦਾਰਿਆਂ ਨੂੰ ਆਪਣੀ ਸਮਾਜਕ ਜ਼ਿੰਮੇਵਾਰੀ ਨਿਭਾਉਣ ਵੱਲ ਪਹਿਲਕਦਮੀ ਕਰਨੀ ਚਾਹੀਦੀ ਹੈ ਜਿਸ ਨਾਲ ਅਜੋਕੀ ਗਿਆਨ ਦੀ ਦੁਨੀਆਂ ਵਿਚ ਆਪਣੇ ਆਪ ਨੂੰ ਖੜ੍ਹਾ ਕੀਤਾ ਜਾ ਸਕੇ ਅਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਅਗਾਂਹ ਵਿਕਸਤ ਕਰਨ ਲਈ ਵਿਚਾਰਾਂ ਦੇ ਪੱਧਰ Ḕਤੇ ਨਵੀਂ ਰੋਸ਼ਨੀ ਦਿੱਤੀ ਜਾ ਸਕੇ।
ਦੁਨੀਆਂ ਦੇ ਪੈਮਾਨੇ Ḕਤੇ ਜਿਸ ਕਿਸਮ ਨਾਲ ਪਿਛਲੇ ਸਮੇਂ ਵਿਚ ਤਬਦੀਲੀਆਂ ਵਾਪਰੀਆਂ ਹਨ, ਉਨ੍ਹਾਂ ਨੇ ਹਰ ਪੱਧਰ Ḕਤੇ ਸੋਚਣ ਦੇ ਢੰਗ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਆਪੋ-ਆਪਣੇ ਦ੍ਰਿਸ਼ਟੀਕੋਣ ਵਿਕਸਤ ਕਰ ਦਿੱਤੇ ਹਨ। ਸਚਾਈ ਇਹ ਹੈ ਕਿ ਅੱਜ ਦੇ ਦੌਰ ਵਿਚ ਜੇ ਕਿਸੇ ਵੀ ਇਨਸਾਨ ਨੂੰ ਕਿਸੇ ਮਸਲੇ ਜਾਂ ਤਬਦੀਲੀ ਸਬੰਧੀ ਪੁੱਛਿਆ ਜਾਵੇ ਤਾਂ ਉਹ ਆਪੋ-ਆਪਣੇ ਢੰਗ ਨਾਲ, ਆਪਣੀ ਸੋਚ ਅਤੇ ਬੋਧ ਮੁਤਾਬਿਕ ਉਸ ਦਾ ਵਿਸ਼ਲੇਸ਼ਣ ਕਰਦਾ ਹੈ। ਹਾਲਾਂਕਿ ਪ੍ਰਸਿੱਧ ਚਿੰਤਕ ਅੰਤੋਨੀਓ ਗਰਾਮਸ਼ੀ ਦਾ ਇਹ ਕਥਨ ਸੀ ਕਿ ਜੇ ਤੁਸੀਂ ਤਬਦੀਲੀ ਚਾਹੁੰਦੇ ਹੋ ਤਾਂ ਵਰਤਮਾਨ ਨੂੰ ਸ਼ਿੱਦਤ ਤੇ ਗੰਭੀਰਤਾ ਨਾਲ ਸਮਝਣਾ ਲਾਜ਼ਮੀ ਹੈ। ਉਸ ਤੋਂ ਪਹਿਲਾਂ ਜਾਰਜ ਔਰਵਿਲ ਨੇ ਕਿਹਾ ਸੀ ਕਿ ਜੋ ਅਤੀਤ Ḕਤੇ ਕੰਟਰੋਲ ਰੱਖਦੇ ਹਨ, ਉਹ ਭਵਿੱਖ Ḕਤੇ ਕਾਬਜ਼ ਹੁੰਦੇ ਹਨ ਅਤੇ ਜੋ ਵਰਤਮਾਨ Ḕਤੇ ਕੰਟਰੋਲ ਰੱਖਦੇ ਹਨ, ਉਹੀ ਇਤਿਹਾਸ ਘੜਦੇ ਹਨ। ਅੱਜ ਦਾ ਸਮਾਂ ਵਰਤਮਾਨ ਨੂੰ ਸਹੀ ਪ੍ਰਸੰਗ ਵਿਚ ਰੱਖ ਕੇ ਸਮਝਣ ਦਾ ਵੀ ਸਮਾਂ ਹੈ। ਪ੍ਰਸਿੱਧ ਵਿਦਵਾਨ ਡੇਵਿਡ ਹਾਰਵੇ ਨੇ ਕਿਹਾ ਸੀ ਕਿ ਨਵ-ਉਦਾਰਵਾਦ ਦੀ ਜੋ ਸ਼ੁਰੂਆਤ ਹੋਈ ਹੈ, ਉਹ 1972 ਤੋਂ ਬਣਦੀ ਹੈ ਕਿਉਂਕਿ ਉਸ ਸਮੇਂ ਪੈਰਿਸ ਤੋਂ ਲੰਡਨ ਤੱਕ ਵਿਚਾਰਾਂ ਦੀ ਆਜ਼ਾਦੀ ਦੀ ਲਹਿਰ ਛਿੜੀ ਜਿਸ ਵਿਚ ਹਰ ਇਕ ਨੇ ਆਪੋ-ਆਪਣੇ ਢੰਗ ਨਾਲ ਆਜ਼ਾਦੀ ਦੀ ਮੰਗ ਕੀਤੀ। ਕਿਸੇ ਨੇ ਕਿਹਾ ਕਿ ਸਾਨੂੰ ਆਪਣੀ ਵੱਖਰੀ ਪਛਾਣ ਚਾਹੀਦੀ ਹੈ।
ਕਿਸੇ ਨੇ ਕਿਹਾ ਕਿ ਸਾਨੂੰ ਆਜ਼ਾਦੀ ਨਾਲ ਪਹਿਨਣ ਪਚਰਨ ਅਤੇ ਬੋਲਣ ਦੀ ਆਜ਼ਾਦੀ ਚਾਹੀਦੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਕਿਸਮ ਦੇ ਨਵੇਂ ਅਨੁਸ਼ਾਸਨ- ਜਿਵੇਂ ਔਰਤਾਂ ਲਈ ਸ਼ਕਤੀਕਰਨ, ਪਰੰਪਰਾਮਈ ਪਰਿਵਾਰਕ ਅਨੁਸ਼ਾਸਨਾਂ ਤੋਂ ਆਜ਼ਾਦੀ, ਸਰਕਾਰ ਦੁਆਰਾ ਚਲਾਏ ਜਾਂਦੇ ਸਰਕਾਰੀ ਤੰਤਰਜਾਲ ਤੋਂ ਆਜ਼ਾਦੀ, ਨਿੱਜੀ ਸਰਮਾਇਆਕਾਰੀ ਅਤੇ ਨਿੱਜੀ ਸੰਚਾਲਨ ਦੀ ਆਜ਼ਾਦੀ ਆਏ। ਇਸ ਕਿਸਮ ਦੀ ਆਜ਼ਾਦੀ ਦੀ ਨਵੀਂ ਵਿਚਾਰਧਾਰਕ ਲਹਿਰ, ਜਿਸ ਦਾ ਕੇਂਦਰ ਬਿੰਦੂ ਯੂਰਪ ਬਣਿਆ, ਦੁਨੀਆਂ ਭਰ ਵਿਚ ਵੱਖ-ਵੱਖ ਸੰਸਥਾਵਾਂ ਵਿਚ ਕੋਈ ਕਿਸੇ ਵਿਚਾਰ ਦੇ ਰੂਪ ਵਿਚ ਕੋਈ ਕਿਸੇ ਇਜ਼ਮ (ਵਾਦ) ਦੇ ਰੂਪ ਵਿਚ ਜਾ ਪਰਵੇਸ਼ ਹੋਈ। ਦੁਨੀਆਂ ਦੀ ਸਭ ਤੋਂ ਵੱਡੀ ਸੰਸਥਾ ਸੰਸਾਰ ਬੈਂਕ ਜੋ ਦੁਨੀਆਂ ਵਿਚ ਸ਼ਰਮਾਏ ਦੇ ਰਿਸ਼ਤੇ ਸਥਾਪਿਤ ਕਰਨ ਦੀ ਮੁੱਖ ਕੜੀ ਹੈ, ਨੇ 1990 ਵਿਚ ਇਕ ਦਸਤਾਵੇਜ਼ ਲਿਆਂਦਾ ਅਤੇ ਵੱਖ-ਵੱਖ ਖੇਤਰਾਂ ਵਿਚ ਸਰਕਾਰਾਂ ਦਾ ਰੋਲ ਘਟਾਉਣ ਦੀ ਵਕਾਲਤ ਸ਼ੁਰੂ ਕਰ ਦਿੱਤੀ। ਇਸ ਨੂੰ ਕਈਆਂ ਨੇ ਸੋਵੀਅਤ ਯੂਨੀਅਨ ਦੇ ਡਿੱਗਣ ਨਾਲ ਜੋੜ ਦਿੱਤਾ ਅਤੇ ਕਈਆਂ ਨੇ ਪੂੰਜੀ ਦੇ ਵਿਸ਼ਵੀਕਰਨ ਦੇ ਵਰਤਾਰੇ ਨਾਲ ਜੋੜ ਦਿੱਤਾ। ਉਸ ਦੌਰ ਤੋਂ ਲੈ ਕੇ ਹੁਣ ਤੱਕ ਦੁਨੀਆਂ ਕਈ ਵਿਸ਼ਵ ਪਿੰਡਾਂ ਦੇ ਨਾਂ ਨਾਲ ਪ੍ਰਚਾਰੀ ਜਾਣ ਲੱਗ ਪਈ ਅਤੇ ਰਾਜਾਂ ਦਾ ਰੋਲ ਘੱਟ ਰੂਪ ਵਿਚ ਰੱਖ ਕੇ ਕਾਰਪੋਰੇਟ ਕਿਸਮ ਦੇ ਅਦਾਰਿਆਂ ਦੇ ਰੋਲ ਨੂੰ ਅੰਕਿਤ ਕੀਤਾ ਗਿਆ। ਅੱਜ ਸਥਿਤੀ ਇਹ ਬਣ ਗਈ ਹੈ ਕਿ ਪਹਿਲਾਂ ਨਾਲੋਂ ਵੀ ਪੇਚੀਦਾ ਮਸਲੇ ਸਾਹਮਣੇ ਆ ਰਹੇ ਹਨ। 2015 ਤੋਂ ਬਾਅਦ ਕਿਸ ਕਿਸਮ ਦੇ ਟੀਚੇ ਮਿੱਥੇ ਜਾਣ, ਇਸ ਕਾਰਜ ਲਈ ਮਿਲੇਨੀਅਮ ਡਿਵੈਲਪਮੈਂਟ ਗੋਲਜ਼ ਪੋਸਟ 2015 ਨੇ ਹੈਰਾਨੀਜਨਕ ਤੱਥ ਸਾਹਮਣੇ ਲਿਆਂਦੇ ਹਨ। ਇਹ ਰਿਪੋਰਟ ਯੂਨੈਸਕੋ ਅਤੇ ਯੂਨੀਸੈਫ ਵੱਲੋਂ ਜਾਰੀ ਕੀਤੀ ਗਈ ਹੈ। ਇਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ 2000 ਤੋਂ ਲੈ 2010 ਤੱਕ ਜਿਹੜੇ ਟੀਚੇ ਮਿਥੇ ਸਨ, ਉਨ੍ਹਾਂ ਵਿਚ ਅਸੀਂ ਬੁਰੀ ਤਰ੍ਹਾਂ ਫੇਲ੍ਹ ਹੋਏ ਹਾਂ। ਅਸੀਂ ਨਾ ਤਾਂ ਗੁਣਵੱਤਾ ਵਾਲੀ ਸਿੱਖਿਆ ਦੇ ਕਰ ਸਕੇ ਹਾਂ, ਨਾ ਗਰੀਬੀ ਘਟਾ ਸਕੇ ਹਾਂ, ਨਾ ਵਾਤਾਵਰਨ ਦੀ ਸੁਰੱਖਿਆ ਕਰ ਸਕੇ ਹਾਂ ਅਤੇ ਨਾ ਹੀ ਬਰਾਬਰੀ ਵਾਲੀ ਮੁੱਲਵਾਨ ਸਿੱਖਿਆ ਦੇ ਕਰ ਸਕੇ ਹਾਂ। ਇਹ ਨਤੀਜਾ ੜ ਿਕੱਢਿਆ ਗਿਆ ਹੈ ਕਿ 25 ਫੀਸਦੀ ਬੱਚੇ ਰਸਤੇ ਵਿਚੋਂ ਹੀ ਸਕੂਲ ਛੱਡ ਜਾਂਦੇ ਹਨ। ਜਿਨ੍ਹਾਂ ਵਿਚੋਂ ਬਹੁ-ਗਿਣਤੀ ਤੀਸਰੀ ਦੁਨੀਆਂ ਦੇ ਦੇਸ਼ਾਂ ਨਾਲ ਸਬੰਧਤ ਬੱਚੇ ਹੁੰਦੇ ਹਨ। ਐਨੂਅਲ ਸਟੇਟਸ ਆਫ਼ ਇੰਸੀਟੀਚਿਊਸ਼ਨਜ਼ ਆਫ਼ ਐਜੂਕੇਸ਼ਨ 2014 ਦੀ ਰਿਪੋਰਟ ਜੋ ਭਾਰਤ ਨਾਲ ਸਬੰਧਤ ਹੈ, ਵਿਚ ਇਹ ਨਤੀਜਾ ਸਾਹਮਣੇ ਆਇਆ ਕਿ ਦੂਸਰੀ ਕਲਾਸ ਦੇ 47 ਫੀਸਦੀ ਵਿਦਿਆਰਥੀਆਂ ਨੂੰ ਸਹੀ ਰੂਪ ਵਿਚ ਆਪਣੀ ਭਾਸ਼ਾ ਵੀ ਨਹੀਂ ਲਿਖਣੀ ਆਉਂਦੀ ਅਤੇ 53 ਫੀਸਦੀ ਨੂੰ ਜੋ ਚੌਥੀ ਕਲਾਸ ਵਿਚ ਪੜ੍ਹਦੇ ਹਨ, ਉਨ੍ਹਾਂ ਨੂੰ ਜਮ੍ਹਾਂ-ਘਟਾਓ ਦੇ ਸਵਾਲ ਵੀ ਨਹੀਂ ਆਉਂਦੇ। ਇਹ ਦੋ ਰਿਪੋਰਟਾਂ ਅਜਿਹੀਆਂ ਹਨ ਜੋ ਦੱਸਦੀਆਂ ਹਨ ਕਿ ਅਸੀਂ ਸਿੱਖਿਆ ਦੇ ਖੇਤਰ ਵਿਚ ਜਿਸ ਸਥਿਤੀ Ḕਤੇ ਖੜ੍ਹੇ ਹਾਂ। ਇਸ ਦੇ ਬੁਨਿਆਦੀ ਕਾਰਨ ਲੱਭਣ ਦੀ ਲੋੜ ਹੈ। ਇਨ੍ਹਾਂ ਕਾਰਨਾਂ ਵਿਚ ਵੱਡਾ ਕਾਰਨ ਜੋ ਲਾਤੀਨੀ ਅਮਰੀਕਾ ਵਿਚ ਵੱਖ-ਵੱਖ ਖੋਜਾਂ ਤੋਂ ਸਾਹਮਣੇ ਆਇਆ, ਇਹ ਹੈ ਕਿ ਜੋ ਮੁਲਕ ਦੁਨੀਆਂ ਦੇ ਅਜੋਕੇ ਵਿਕਾਸ ਦੇ ਮਾਡਲ ਤੋਂ ਵੱਖਰਾ ਮਾਡਲ ਬਣਾ ਕੇ ਚੱਲੇ, ਉਨ੍ਹਾਂ ਆਪਣੀਆਂ ਲੋੜਾਂ ਅਤੇ ਆਪਣੇ ਮੁਲਕ ਦੇ ਸਰੋਤਾਂ ਨੂੰ ਧਿਆਨ ਵਿਚ ਰੱਖ ਕੇ ਆਪਣੀਆਂ ਖੇਤਰੀ ਭਾਸ਼ਾਵਾਂ, ਸਭਿਆਚਾਰਾਂ ਅਤੇ ਪਛਾਣਾਂ ਵਿਚ ਆਪਣਾ ਸਮੁੱਚਾ ਤੰਤਰ ਵਿਕਸਤ ਕੀਤਾ; ਨਾਲ ਹੀ ਗਿਆਨ ਅਤੇ ਸੱਤਾ ਦੇ ਸੁਮੇਲ ਨੂੰ ਆਪਣੇ ਲੋਕਾਂ ਦੇ ਦ੍ਰਿਸ਼ਟੀਕੋਣ ਤੋਂ ਵਿਕਸਤ ਕੀਤਾ।
ਪ੍ਰਸਿੱਧ ਵਿਦਵਾਨ ਮੁਲਗਨ (2006) ਦਾ ਕਹਿਣਾ ਹੈ ਸੱਤਾ ਦੀਆਂ ਖਾਸ ਨਿਸ਼ਾਨੀਆਂ ਸਿਰਫ ਜਾਣੀਆਂ-ਪਛਾਣੀਆਂ ਬੁਰਾਈਆਂ, ਅਤਿਆਚਾਰ, ਘੁਮੰਡ, ਧੋਖਾ ਅਤੇ ਚੋਰੀ ਹੀ ਨਹੀਂ ਹਨ, ਸਗੋਂ ਨਾ ਦਿਖਣ ਵਾਲੀਆਂ ਗੰਭੀਰ ਬੁਰਾਈਆਂ ਵੀ ਹਨ। ਨਕਲ, ਅਸਲ ਉਤੇ ਭਾਰੂ ਹੈ। ਕਦਰਾਂ-ਕੀਮਤਾਂ ਜਾਂ ਆਦਿ ਬਾਰੇ ਖੋਖਲੀ ਭਾਸ਼ਣਬਾਜ਼ੀ ਜਮਹੂਰੀਅਤ ਦੀ ਹਾਰ Ḕਤੇ ਪਰਦਾ ਪਾਉਂਦੀ ਹੈ। ਨੇਤਾਵਾਂ ਦਾ ਵਿਸ਼ਵਾਸ ਹੈ ਕਿ ਸਮੱਸਿਆ ਦਾ ਹੱਲ ਫਿਕਰੇਬਾਜ਼ੀ ਤੋਂ ਲੱਭਿਆ ਜਾ ਸਕਦਾ ਹੈ ਅਤੇ ਸਮਾਂ ਪਾ ਕੇ ਸਮੱਸਿਆ ਆਪਣੇ ਆਪ ਖਤਮ ਹੋ ਜਾਂਦੀ ਹੈ। ਸਭਿਆਚਾਰਾਂ ਦੇ ਆਪਸੀ ਭੇੜ ਸਬੰਧੀ ਪ੍ਰਸਿੱਧ ਵਿਦਵਾਨ ਵਿਲੀਅਮ ਹਟਿੰਗਟਨ ਨੇ ਕਿਹਾ ਕਿ ਸਭਿਆਚਾਰ ਵਿਸ਼ੇਸ਼ ਕਰ ਕੇ ਅਮਰੀਕੀ ਸਭਿਆਚਾਰ, ਦੁਨੀਆਂ Ḕਤੇ ਆਪਣੀ ਇਜ਼ਾਰੇਦਾਰੀ ਸਥਾਪਤ ਕਰਨੀ ਚਾਹੁੰਦਾ ਹੈ। ਉਸ ਦੇ ਉਲਟ ਵੱਖ-ਵੱਖ ਖਿੱਤਿਆਂ ਵਿਚ ਆਪੋ-ਆਪਣੀਆਂ ਪਛਾਣਾਂ ਲਈ ਆਪਣੀਆਂ ਪਰੰਪਰਾਵਾਂ ਦੀ ਹਰ ਪੱਧਰ Ḕਤੇ ਆਪੋ-ਆਪਣੀ ਟਕਰਾਵੀਂ ਸਥਿਤੀ ਆਉਣ ਵਾਲੇ ਸਮੇਂ ਵਿਚ ਬਣੇਗੀ। ਅਜੋਕੇ ਸਮੇਂ ਵਿਚ ਤਬਦੀਲੀ ਲਈ ਨਵੀਂ ਸ਼ੁਰੂਅਤ ਦੀ ਜ਼ਰੂਰਤ ਹੈ। ਇਸ ਕਾਰਜ ਲਈ ਆਲੋਚਨਾਤਮਕ ਦ੍ਰਿਸ਼ਟੀਕੋਣ ਤੋਂ ਗਿਆਨ ਦੇ ਸਵਾਲ, ਫਲਸਫ਼ੇ ਦੇ ਸਵਾਲ, ਇਤਿਹਾਸ ਦੇ ਸਵਾਲ, ਸਮਾਜਕ ਰਾਜਨੀਤਿਕ ਸਿਧਾਂਤ ਦੇ ਸਵਾਲ ਨੂੰ ਅਗਾਂਹ ਲੈ ਕੇ ਆਉਣਾ ਪਵੇਗਾ। ਸਮਾਜ ਅਤੇ ਗਿਆਨ ਪ੍ਰਬੰਧਾਂ ਦੀਆਂ ਸਾਰੀਆਂ ਵੰਨਗੀਆਂ ਨੂੰ ਮੁੜ ਪੜਚੋਲ ਤਹਿਤ ਅਤੇ ਪੁਨਰ ਜਾਂਚ ਤਹਿਤ ਮੁੜ ਪ੍ਰਭਾਸ਼ਿਤ ਕਰਨਾ ਪਵੇਗਾ। ਤੱਥ ਰੂਪ ਵਿਚ ਸਮਾਜ ਦੀ ਸਿਰਜਨਾ ਲਈ ਸਿੱਖਿਆ ਦੀ ਨਵੀਂ ਨੁਹਾਰ ਦੀ ਕਲਪਨਾ ਕਰਨੀ ਪਵੇਗੀ। ਸਮੱਸਿਆ ਦੀ ਬੁਨਿਆਦ ਤੱਕ ਪਹੁੰਚਣਾ ਪਵੇਗਾ। ਜੇ ਸੰਭਵ ਹੋ ਸਕੇ ਤਾਂ ਹਰ ਇਕ ਸਥਾਪਿਤ ਚੀਜ਼ ਦੀ ਬੇਰਹਿਮੀ ਨਾਲ ਆਲੋਚਨਾ ਕਰਨੀ ਪਵੇਗੀ। 16ਵੀਂ ਸਦੀ ਵਿਚ ਫਾਂਸਿਸ ਬੈਕਿਨ ਨੇ ਕਿਹਾ ਸੀ ਕਿ ਗਿਆਨ ਆਪਣੇ ਆਪ ਵਿਚ ਹੀ ਸੱਤਾ ਹੁੰਦਾ ਹੈ। ਅਜੋਕੇ ਦੌਰ ਸਬੰਧੀ ਕਾਰਲ ਪੋਲੈਨੀ ਨੇ (1957) ਵਿਚ ਇਸ਼ਾਰਾ ਕੀਤਾ ਸੀ ਕਿ ਬਾਜ਼ਾਰ ਅਰਥਚਾਰਾ ਸਿਰਫ ਬਾਜ਼ਾਰਮੁਖੀ ਸਮਾਜਾਂ ਵਿਚ ਹੀ ਆਪਣੀ ਹੋਂਦ ਕਾਇਮ ਕਰ ਸਕਦਾ ਹੈ। ਬਾਜ਼ਾਰ ਅਰਥਚਾਰੇ ਵਿਚ ਉਦਯੋਗ, ਕਿਰਤ, ਜ਼ਮੀਨ ਅਤੇ ਪੈਸਾ ਸਾਰਿਆਂ ਦੇ ਤੱਤ ਮੌਜੂਦ ਹੁੰਦੇ ਹਨ ਪਰ ਕਿਰਤ ਅਤੇ ਜ਼ਮੀਨ ਦਾ ਕੇਂਦਰ ਮਨੁੱਖ ਹੁੰਦਾ ਹੈ ਸਾਰੇ ਸਮਾਜ ਦੀ ਹੋਂਦ ਮਨੁੱਖਾਂ ਅਤੇ ਕੁਦਰਤੀ ਵਾਤਾਵਰਨ ਨਾਲ ਹੀ ਸਬੰਧਤ ਹੁੰਦੀ ਹੈ। ਮਨੁੱਖ ਨੂੰ ਬਾਜ਼ਾਰ ਵਿਚਲੇ ਤਾਣੇ-ਬਾਣੇ ਵਿਚ ਸ਼ਾਮਲ ਕਰਨ ਦਾ ਅਰਥ ਹੈ ਸਮਾਜ ਦੇ ਕੇਂਦਰ ਬਿੰਦੂ ਨੂੰ ਬਾਜ਼ਾਰ ਦੇ ਕਾਨੂੰਨਾਂ ਹੇਠ ਲਿਆਉਣਾ। ਹੈਲਨ ਕੈਲਰ ਨੇ ਤਾਂ ਇਥੋਂ ਤੱਕ ਕਿਹਾ ਕਿ ਦੇਸ਼ ਦਾ ਸ਼ਾਸਨ ਅਮੀਰਾਂ ਲਈ, ਕਾਰਪੋਰੇਟ ਘਰਾਣਿਆਂ ਲਈ, ਬੈਂਕਰਾਂ ਲਈ, ਸੱਟੇਬਾਜ਼ਾਂ ਲਈ ਅਤੇ ਕਿਰਤ ਦੀ ਲੁੱਟ ਕਰਨ ਵਾਲਿਆਂ ਲਈ ਹੈ। ਅਜਿਹੀ ਸਥਿਤੀ ਵਿਚੋਂ ਅੱਜ ਜਦੋਂ ਅਸੀਂ ਗੁਜ਼ਰ ਰਹੇ ਹਾਂ, ਉਸ ਸਮੇਂ ਨਵੇਂ ਰੂਪ ਵਿਚ ਮੁੜ ਹਰ ਸਵਾਲ ਨੂੰ ਸੰਬੋਧਤ ਹੋਣ ਦੀ ਲੋੜ ਹੈ। ਪ੍ਰਸਿੱਧ ਸਮਾਜ ਸ਼ਾਸਤਰੀ ਰਾਮਾਚੰਦਰਨ ਗੁਹਾ ਨੇ ਆਪਣੇ ਇਕ ਲੇਖ ਵਿਚ ਦਰਜ ਕੀਤਾ ਹੈ ਕਿ ਹੁਣ ਦੇ ਸਮਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਜਿਹੜੇ ਵੱਖ-ਵੱਖ ਖੇਤਰਾਂ ਵਿਚ ਵਿਦਵਾਨ ਹਨ, ਉਨ੍ਹਾਂ ਨੂੰ ਆਪਣੀਆਂ ਭਾਸ਼ਾਈ ਜ਼ਬਾਨਾਂ ਨਾ ਆਉਣ ਕਾਰਨ ਉਹ ਆਪਣੇ ਲੋਕਾਂ ਲਈ ਆਪਣੇ ਗਿਆਨ ਦਾ ਸਹੀ ਸੰਚਾਰ ਵੀ ਨਹੀਂ ਕਰ ਸਕਦੇ। 1970 ਤੋਂ ਪਹਿਲਾਂ ਵੱਖ-ਵੱਖ ਖੇਤਰਾਂ ਦੇ ਵਿਦਵਾਨ ਆਪਣੀ ਸਮੁੱਚੀ ਬੌਧਿਕ ਸਮਝਦਾਰੀ ਅਤੇ ਪਰੰਪਰਾ ਨੂੰ ਜਨ-ਸਮੂਹ ਵਿਚ ਰੱਖਣ ਦੇ ਸਮਰੱਥ ਸਨ। ਉਹ ਚਾਹੇ ਕਹਾਣੀ ਦੇ ਰੂਪ ਵਿਚ, ਚਾਹੇ ਕਵਿਤਾ ਦੇ ਰੂਪ ਵਿਚ, ਚਾਹੇ ਵਾਰਤਕ ਦੇ ਰੂਪ ਵਿਚ ਅਤੇ ਚਾਹੇ ਗੱਲਬਾਤ ਦੇ ਰੂਪ ਵਿਚ ਰੱਖਦੇ ਸੀ; ਉਨ੍ਹਾਂ ਦੀ ਇਹ ਸਮਝਦਾਰੀ ਸੀ ਕਿ ਜਿਸ ਵੀ ਦੂਸਰੀ ਪੱਧਰ ਦਾ ਗਿਆਨ ਅਸੀਂ ਲਿਆ ਹੈ, ਉਹ ਉਸ ਦਾ ਸੰਚਾਰ ਕਰਨਾ ਆਪਣਾ ਮੂਲ ਧਰਮ ਸਮਝਦੇ ਸਨ।
ਜਦੋਂ ਵੀ ਸਮਾਜ ਕਿਸੇ ਗੰਭੀਰ ਸੰਕਟ ਵਿਚ ਆਇਆ ਹੈ ਤਾਂ ਉਸ ਸਮੇਂ ਦੇ ਵਿਦਵਾਨਾਂ ਨੇ ਯਾਂ ਪਾਲ ਸਾਰਤ੍ਰੇ ਦੀ ਇਸ ਲਾਈਨ ਨੂੰ ਆਪਣੇ ਜ਼ਹਿਨ ਵਿਚ ਵਸਾਇਆ ਹੈ ਕਿ ਹਰ ਸੰਕਟ ਦਾ ਕੋਈ ਨਾ ਕੋਈ ਬਦਲ ਹੁੰਦਾ ਹੈ। ਉਸ ਬਦਲ ਨੂੰ ਸਮਝਣ ਵਾਲੀ ਤੇ ਵੇਖਣ ਵਾਲੀ ਅੱਖ ਚਾਹੀਦੀ ਹੈ। ਅੱਜ ਦੇ ਸਮਿਆਂ ਵਿਚ ਜਿਸ ਪੱਧਰ Ḕਤੇ ਗਿਆਨ ਦੇ ਆਦਾਨ-ਪ੍ਰਦਾਨ ਨੇ ਦੁਨੀਆਂ ਨੂੰ ਨਵੇਂ ਢੰਗ ਨਾਲ ਆਪਣੇ ਕਲਾਵੇ ਵਿਚ ਲਿਆ ਹੈ, ਉਥੇ ਸਮਾਜਕ ਤੌਰ Ḕਤੇ ਪ੍ਰਤੀਬੱਧ ਵਿਦਵਾਨਾਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਮਾਜ ਨੂੰ ਸਹੀ ਪ੍ਰਸੰਗ ਨਾਲ ਸਮਝਣ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਸਮਾਜ ਨੂੰ ਸੰਕਟ ਵਿਚੋਂ ਕੱਢਣ ਲਈ ਹਾਂ-ਪੱਖੀ ਰਸਤੇ ਅਤੇ ਬਦਲ ਵਿਕਸਤ ਕਰਨ ਵਿਚ ਯੋਗਦਾਨ ਪਾਉਣ।