ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ ਕਉ ਆਪੇ ਦੇਇ ਬੁਝਾਇ

ਡਾæ ਗੁਰਨਾਮ ਕੌਰ, ਕੈਨੇਡਾ
ਸੋਲਵੀਂ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਉਨ੍ਹਾਂ ਮਨੁੱਖਾਂ ਦੀ ਗੱਲ ਕਰਦੇ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਆਪ ਸੁਮੱਤ ਦਿੰਦਾ ਹੈ, ਸੋਝੀ ਬਖਸ਼ਦਾ ਹੈ ਅਤੇ ਉਹ ਸਦਾ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਦੇ ਹਨ।

ਅਕਾਲ ਪੁਰਖ ਦਾ ਜਸ ਗਾਇਨ ਕੀਤਿਆਂ ਮਨੁੱਖ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਮਨ ਪਵਿੱਤਰ ਹੋ ਜਾਂਦਾ ਹੈ। ਜਿਹੜੇ ਗੁਰੂ ਦੇ ਸਿੱਖ ਅਰਥਾਤ ਗੁਰੂ ਦੀ ਸਿੱਖਿਆ ‘ਤੇ ਚਲਦਿਆਂ ਪਰਮਾਤਮਾ ਦੇ ਗੁਣ ਹਰ ਰੋਜ਼ ਗਾਉਂਦੇ ਹਨ, ਉਨ੍ਹਾਂ ਨੂੰ ਮਨ-ਇੱਛਤ ਫਲ ਪ੍ਰਾਪਤ ਹੋ ਜਾਂਦਾ ਹੈ। ਜਿਹੜੇ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਦੇ ਹਨ ਉਨ੍ਹਾਂ ਦਾ ਚਿਹਰਾ ਸੁਹਣਾ ਹੋ ਜਾਂਦਾ ਹੈ (ਕਿਉਂਕਿ ਮੁਖੜਾ ਸ਼ਾਂਤ ਅਤੇ ਖਿੜਿਆ ਹੁੰਦਾ ਹੈ)। ਗੁਰੂ ਅਮਰਦਾਸ ਸਾਹਿਬ ਅਕਾਲ ਪੁਰਖ ਅੱਗੇ ਅਜਿਹੇ ਮਨੁੱਖਾਂ ਦੀ ਸੰਗਤ ਲਈ ਅਰਦਾਸ ਕਰਦੇ ਹਨ ਤਾਂ ਕਿ ਅਜਿਹੀ ਸੰਗਤ ਸਦਕਾ ਉਨ੍ਹਾਂ ਦੇ ਹਿਰਦੇ ਅੰਦਰ ਵੀ ਵਾਹਿਗੁਰੂ ਦੀ ਸਿਫਤ-ਸਾਲਾਹ ਵਾਸ ਕਰੇ ਅਤੇ ਮੁੱਖ ਤੋਂ ਉਸ ਦੇ ਗੁਣਾਂ ਦਾ ਗਾਇਨ ਕਰਨ। ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਅਜਿਹੇ ਭਗਤ ਜਨਾਂ ਅੱਗੇ ਉਹ ਆਪਣਾ ਤਨ ਅਤੇ ਮਨ- ਦੋਵੇਂ ਭੇਟ ਕਰਦੇ ਹਨ ਜਿਹੜੇ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਦੇ ਹਨ,
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ ਕਉ ਆਪੇ ਦੇਇ ਬੁਝਾਇ॥
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ॥
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ॥
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ ਕੈ ਸੰਗਿ ਮਿਲਾਇ॥
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ ਕਉ ਦੇਉ॥੧॥ (ਪੰਨਾ ੫੧੫)
ਅਗਲੇ ਸਲੋਕ ਵਿਚ ਉਸ ਅਕਾਲ ਪੁਰਖ ਦੀ ਸਿਫਤ-ਸਾਲਾਹ ਦੇ ਜ਼ਿਕਰ ਦਾ ਵਰਣਨ ਜਾਰੀ ਰੱਖਦਿਆਂ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਜਿਸ ਦਾ ਨਾਮ ਸਭ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਉਸ ਦੀ ਸਿਫਤ-ਸਾਲਾਹ ਉਸ ਦਾ ਸਰੂਪ ਹੈ। ਜਿਸ ਜਿਸ ਮਨੁੱਖ ਨੇ ਉਸ ਦਾ ਸਿਮਰਨ ਕੀਤਾ ਹੈ, ਉਸ ਨੇ ਹੀ ਅੰਮ੍ਰਿਤ-ਫਲ ਪ੍ਰਾਪਤ ਕੀਤਾ ਹੈ ਅਤੇ ਗੁਰੂ ਸਾਹਿਬ ਅਜਿਹੇ ਗੁਰਮੁਖਾਂ ਦੇ ਸਦਕੇ ਜਾਂਦੇ ਹਨ। ਉਸ ਅਕਾਲ ਪੁਰਖ ਦੀ ਸਿਫਤ-ਸਾਲਾਹ ਉਸ ਦਾ ਸਰੂਪ ਹੈ, ਜਿਸ ਨੂੰ ਅਕਾਲ ਪੁਰਖ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਉਹ ਇਸ ਨੂੰ ਵਰਤਦਾ ਹੈ। ਉਹ ਸਿਫਤ-ਸਾਲਾਹ ਦਾ ਮਾਲਕ ਅਕਾਲ ਪੁਰਖ ਜਲ ਵਿਚ, ਥਲ ਉਤੇ ਹਰ ਥਾਂ ਵਿਆਪਕ ਹੈ ਅਤੇ ਗੁਰੂ ਦੇ ਸਨਮੁਖ ਹੋ ਕੇ ਹੀ ਅਰਥਾਤ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਉਹ ਮਿਲ ਪੈਂਦਾ ਹੈ। ਗੁਰੂ ਸਾਹਿਬ ਗੁਰੂ ਦੇ ਸਿੱਖਾਂ ਨੂੰ ਉਸ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਨ ਦੀ ਪ੍ਰੇਰਨਾ ਕਰਦੇ ਹਨ ਕਿਉਂਕਿ ਅਕਾਲ ਪੁਰਖ ਦੀ ਸਿਫਤ-ਸਾਲਾਹ ਪੂਰੇ ਗੁਰੂ ਨੂੰ ਚੰਗੀ ਲਗਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੇ ਮਨੁੱਖ ਇੱਕ ਮਨ ਅਤੇ ਇੱਕ ਚਿੱਤ ਨਾਲ ਅਰਥਾਤ ਇਕਾਗਰ ਮਨ ਹੋ ਕੇ ਉਸ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਦੇ ਹਨ, ਉਨ੍ਹਾਂ ਨੂੰ ਫਿਰ ਮੌਤ ਦੇ ਜਮਾਂ ਦਾ ਡਰ ਨਹੀਂ ਰਹਿੰਦਾ,
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ॥
ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ॥
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ॥
ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ॥
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ॥
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ॥੨॥ (ਪੰਨਾ ੫੧੫)
ਅੱਗੇ ਪਉੜੀ ਵਿਚ ਉਸ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਦਿਆਂ ਦੱਸਿਆ ਗਿਆ ਹੈ ਕਿ ਉਹ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਅਤੇ ਗੁਰੂ ਦੀ ਬਾਣੀ ਉਸ ਅਕਾਲ ਪੁਰਖ ਦੀ ਵਡਿਆਈ ਹੈ ਅਰਥਾਤ ਉਸ ਦੇ ਗੁਣਾਂ ਦਾ ਗਾਇਨ ਹੈ। ਗੁਰੂ ਦੇ ਰਾਹੀਂ ਹੀ ਉਸ ਅਕਾਲ ਪੁਰਖ ਨਾਲ ਜਾਣ-ਪਛਾਣ ਹੁੰਦੀ ਹੈ ਅਤੇ ਸਦਾ ਕਾਇਮ ਰਹਿਣ ਵਾਲੀ ਅਡੋਲ ਅਵਸਥਾ ਵਿਚ ਟਿਕ ਸਕੀਦਾ ਹੈ। ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਹੈ, ਉਹ ਮਾਇਆ ਦੇ ਨਸ਼ੇ ਵਿਚ ਸੌਂਦੇ ਨਹੀਂ ਬਲਕਿ ਹਰ ਸਮੇਂ ਸੁਚੇਤ ਰਹਿੰਦੇ ਹਨ ਅਤੇ ਉਨ੍ਹਾਂ ਦੀ ਜੀਵਨ-ਰਾਤ ਸੁਚੇਤ ਅਵਸਥਾ ਵਿਚ ਬੀਤਦੀ ਹੈ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਹੈ, ਉਹ ਜੀਵ ਪੁੰਨ ਹਨ। ਗੁਰੂ ਤੋਂ ਬਿਨਾਂ ਕੋਈ ਵੀ ਉਸ ਅਕਾਲ ਪੁਰਖ ਤੱਕ ਨਹੀਂ ਪਹੁੰਚ ਸਕਦਾ, ਉਸ ਨੂੰ ਮਿਲ ਨਹੀਂ ਸਕਦਾ। ਅਗਿਆਨੀ ਲੋਕ ਮਾਇਆ-ਮੋਹ ਵਿਚ ਫਸ ਕੇ ਖਪਦੇ ਰਹਿੰਦੇ ਹਨ, ਖੁਆਰ ਹੁੰਦੇ ਹਨ,
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ॥
ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ॥
ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ॥
ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ॥
ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ॥੧੭॥ (ਪੰਨਾ ੫੧੫)
ਅਗਲੇ ਸਲੋਕ ਵਿਚ ਵੀ ਉਸ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਨ ਦੀ ਗੱਲ ਕੀਤੀ ਗਈ ਹੈ ਜਿਸ ਦਾ ਕੋਈ ਆਕਾਰ ਨਹੀਂ ਹੈ, ਜਿਸ ਦੇ ਬਰਾਬਰ ਦੀ ਕੋਈ ਹੋਰ ਹਸਤੀ ਨਹੀਂ ਹੈ, ਜੋ ਅਗਮ ਹੈ ਅਰਥਾਤ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜੋ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਉਸ ਦੀ ਬਾਣੀ, ਉਸ ਦੀ ਸਿਫਤ-ਸਾਲਾਹ ਹੀ ਉਸ ਦਾ ਸਰੂਪ ਹੈ। ਉਸ ਅਕਾਲ ਪੁਰਖ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਜੋ ਕੁਝ ਵੀ ਹੋ ਰਿਹਾ ਹੈ, ਸਭ ਦਾ ਕਰਤਾ ਉਹ ਆਪ ਹੀ ਹੈ। ਉਸ ਦੇ ਨਾਮ ਤੋਂ ਮਨੁੱਖਾਂ ਨੂੰ ਆਤਮਕ ਜੀਵਨ ਮਿਲਦਾ ਹੈ ਜਿਸ ਨੂੰ ਕੋਈ ਵਿਰਲਾ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਪ੍ਰਾਪਤ ਕਰਦਾ ਹੈ। ਉਸ ਦੇ ਨਾਮ ਦੀ ਦਾਤ, ਉਸ ਦੇ ਗੁਣ ਗਾਉਣ ਦੀ ਦਾਤ ਕਿਸੇ ਉਸ ਵਿਰਲੇ ਮਨੁੱਖ ਨੂੰ ਮਿਲਦੀ ਹੈ ਜਿਸ ‘ਤੇ ਉਹ ਮਿਹਰ ਕਰਕੇ ਉਸ ਨੂੰ ਆਪ ਇਹ ਦਾਤ ਬਖਸ਼ਿਸ਼ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ, ਉਸ ਨੂੰ ਸਿਫਤ-ਸਾਲਾਹ ਦੀ ਇਹ ਦਾਤ ਮਿਲਦੀ ਹੈ ਅਤੇ ਉਹ ਦਿਨ-ਰਾਤ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ,
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ॥
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ॥
ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ॥
ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ॥੧॥ (ਪੰਨਾ ੫੧੫-੧੬)
ਅਗਲੇ ਸਲੋਕ ਵਿਚ ਦਸਿਆ ਗਿਆ ਹੈ ਕਿ ਸਤਿਗੁਰੂ ਦੀ ਦੱਸੀ ਹੋਈ ਸੇਵਾ ਤੋਂ ਬਿਨਾਂ ਮਨ ਨੂੰ ਸਕੂਨ ਨਹੀਂ ਮਿਲਦਾ ਅਤੇ ਇਹ ਸਕੂਨ ਅਥਵਾ ਸ਼ਾਂਤੀ ਸਤਿਗੁਰੂ ਤੋਂ ਬਿਨਾਂ ਕਿਸੇ ਦੂਸਰੀ ਥਾਂ ‘ਤੇ ਪ੍ਰਾਪਤ ਨਹੀਂ ਹੁੰਦੀ। ਮਨੁੱਖ ਦਾ ਮਨ ਤਾਂ ਪਰਮਾਤਮ-ਪ੍ਰਾਪਤੀ ਲਈ ਬਹੁਤ ਕਰਦਾ ਹੈ, ਪਰ ਮਨ ਭਾਵੇਂ ਕਿੰਨੀ ਵੀ ਤਾਂਘ ਕਿਉਂ ਨਾ ਕਰੇ, ਉਸ ਦੀ ਮਿਹਰ ਤੋਂ ਬਿਨਾ ਅਕਾਲ ਪੁਰਖ ਨੂੰ ਨਹੀਂ ਪਾ ਸਕੀਦਾ। ਜਿਨ੍ਹਾਂ ਮਨੁੱਖਾ ਦੇ ਮਨ ਵਿਚ ਲੋਭ/ਲਾਲਚ ਵਰਗੇ ਔਗੁਣ ਹੁੰਦੇ ਹਨ, ਉਹ ਮਾਇਆ ਦੇ ਮੋਹ ਵਿਚ ਫਸ ਕੇ ਪ੍ਰੇਸ਼ਾਨੀ ਸਹੇੜ ਲੈਂਦੇ ਹਨ। ਉਨ੍ਹਾਂ ਦਾ ਜਨਮ ਅਤੇ ਮਰਨ ਦਾ ਚੱਕਰ ਖਤਮ ਨਹੀਂ ਹੁੰਦਾ, ਉਹ ਵਾਰ ਵਾਰ ਜਨਮ ਲੈਂਦੇ ਤੇ ਮਰਦੇ ਹਨ; ਅਤੇ ਹਉਮੈ ਕਾਰਨ ਦੁੱਖ ਭੋਗਦੇ ਹਨ (ਗੁਰਮਤਿ ਅਨੁਸਾਰ ਹਉਮੈ ਮਨੁੱਖ ਦੀ ਪਰਮਾਤਮਾ ਤੋਂ ਵਿਥ ਬਣਾਈ ਰੱਖਦੀ ਹੈ ਜਿਸ ਕਾਰਨ ਮਨੁੱਖ ਪਰਮ ਪਦ ਦੀ ਪ੍ਰਾਪਤੀ ਨਹੀਂ ਕਰਦਾ ਅਤੇ ਜਨਮ-ਮਰਨ ਵਿਚ ਪਿਆ ਰਹਿੰਦਾ ਹੈ)। ਹਉਮੈ ਦੇ ਵਿਪਰੀਤ ਜਿਹੜੇ ਮਨੁੱਖ ਆਪਣਾ ਮਨ ਪਰਮਾਤਮਾ ਨਾਲ ਜੋੜ ਲੈਂਦੇ ਹਨ, ਜਿਨ੍ਹਾਂ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਇੱਕਸੁਰ ਹੋ ਜਾਂਦੀ ਹੈ, ਉਹ ਪਰਮਾਤਮਾ ਦੇ ਮਿਲਾਪ ਤੋਂ ਖਾਲੀ ਨਹੀਂ ਰਹਿੰਦੇ। ਉਨ੍ਹਾਂ ਨੂੰ ਜਮ ਦਾ ਸੱਦਾ ਨਹੀਂ ਪੈਂਦਾ। ਅਰਥਾਤ ਉਨ੍ਹਾਂ ਦੇ ਮਨ ਵਿਚੋਂ ਮੌਤ ਦਾ ਭੈ ਦੂਰ ਹੋ ਜਾਂਦਾ ਹੈ ਇਸ ਲਈ ਉਨ੍ਹਾਂ ਨੂੰ ਇਹ ਦੁੱਖ ਨਹੀਂ ਸਹਿਣਾ ਪੈਂਦਾ। ਗੁਰੂ ਮਹਾਰਾਜ ਕਹਿੰਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ, ਉਹ ਬਚ ਜਾਂਦੇ ਹਨ ਅਤੇ ਸੱਚੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ,
ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ॥
ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ॥
ਜਿਨ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ॥
ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ॥
ਜਿਨ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ॥
ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ॥
ਨਾਨਕ ਗੁਰਮੁਖਿ ਉਬਰੈ ਸਚੈ ਸਬਦਿ ਸਮਾਹਿ॥੨॥ (ਪੰਨਾ ੫੧੬)
ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਨ ਵਾਲੇ ਅਰਥਾਤ ਅਕਾਲ ਪੁਰਖ ਦੇ ਢਾਡੀ ਦੀ ਕੀ ਪਛਾਣ ਹੈ, ਇਸ ਦਾ ਜ਼ਿਕਰ ਇਸ ਅਗਲੀ ਪਉੜੀ ਵਿਚ ਕੀਤਾ ਗਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਅਕਾਲ ਪੁਰਖ ਦੇ ਗੁਣਾਂ ਦਾ ਅਸਲੀ ਗਾਇਨ ਕਰਨ ਵਾਲਾ ਉਹ ਮਨੁੱਖ ਹੈ ਜਿਹੜਾ ਆਪਣੇ ਮਾਲਕ ਸੱਚੇ ਵਾਹਿਗੁਰੂ ਨਾਲ ਦਿਲ ਤੋਂ ਪ੍ਰੇਮ ਪਾਉਂਦਾ ਹੈ। ਉਹ ਮਨੁੱਖ ਉਸ ਮਾਲਕ ਪ੍ਰਭੂ ਦੀ ਸੱਚੀ ਸਿਫਤ-ਸਾਲਾਹ ਕਰਦਾ ਹੈ ਜਿਹੜਾ ਉਸ ਦੀ ਹਜ਼ੂਰੀ ਵਿਚ ਟਿਕ ਕੇ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਰਾਹੀਂ ਉਸ ਅਕਾਲ ਪੁਰਖ ਦੇ ਗੁਣਾਂ ‘ਤੇ ਵਿਚਾਰ ਕਰਦਾ ਹੈ। ਜਿਵੇਂ ਜਿਵੇਂ ਉਹ ਆਪਣੇ ਅੰਦਰ ਅਕਾਲ ਪੁਰਖ ਨੂੰ ਵਸਾਉਂਦਾ ਹੈ, ਉਸ ਦਾ ਮਨ ਅਕਾਲ ਪੁਰਖ ਦੇ ਦਰਵਾਜ਼ੇ ਨਾਲ, ਉਸ ਦੇ ਚਰਨਾਂ ਨਾਲ ਜੁੜਦਾ ਜਾਂਦਾ ਹੈ। ਉਸ ਅਕਾਲ ਪੁਰਖ ਨਾਲ ਪਿਆਰ ਪਾਉਣ ਨਾਲ ਉਹ ਅਗਲਾ ਮਹਿਲ ਅਰਥਾਤ ਬਹੁਤ ਉਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਅਕਾਲ ਪੁਰਖ ਦਾ ਢਾਢੀ ਭਾਵ ਉਸ ਦੀ ਸਿਫਤ-ਸਾਲਾਹ ਕਰਨ ਵਾਲਾ ਅਕਾਲ ਪੁਰਖ ਦੀ ਇਹੀ ਸੇਵਾ ਕਰਦਾ ਹੈ ਕਿ ਉਹ ਹਰ ਸਮੇਂ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਅਕਾਲ ਪੁਰਖ ਉਸ ਨੂੰ ਇਸ ਭਵ-ਸਾਗਰ ਤੋਂ ਪਾਰ ਲੰਘਾ ਦਿੰਦਾ ਹੈ,
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰਧਾਰਿ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ॥੧੮॥ (ਪੰਨਾ ੫੧੬)
ਇਸ ਸਲੋਕ ਵਿਚ ਦਸਿਆ ਗਿਆ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਕਰਨ ਨਾਲ ਮਨੁੱਖ ਆਦਰ ਅਤੇ ਸਤਿਕਾਰ ਪ੍ਰਾਪਤ ਕਰ ਲੈਂਦਾ ਹੈ। ਗੁਜਰੀ ਜਾਤ ਦੀ ਉਦਾਹਰਣ ਦਿੱਤੀ ਹੈ ਕਿ ਸਮਾਜਿਕ ਤੌਰ ‘ਤੇ ਭਾਵੇਂ ਇਸ ਨੂੰ ਗੰਵਾਰ ਮੰਨਿਆ ਜਾਂਦਾ ਹੈ ਪਰ ਪਰਮਾਤਮਾ ਦੇ ਨਾਮ ਸਿਮਰਨ ਰਾਹੀਂ ਗੁਜਰੀ ਜਾਤ ਵੀ ਸਤਿਕਾਰਯੋਗ ਬਣ ਜਾਂਦੀ ਹੈ ਜਦੋਂ ਉਹ ਨਾਮ ਸਿਮਰਨ ਰਾਹੀਂ ਆਪਣੇ ਪਰਮਾਤਮਾ ਨੂੰ ਪਾ ਲੈਂਦੀ ਹੈ। ਭਾਵ ਅਕਾਲ ਪੁਰਖ ਦਾ ਨਾਮ ਸਿਮਰਨ ਮਨੁੱਖ ਦੀ ਕਾਇਆ ਕਲਪ ਕਰ ਦੇਣ ਦੇ ਸਮਰੱਥ ਹੈ। ਇਸ ਲਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਹਰ ਰੋਜ਼ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਅੰਦਰੋਂ ਹੋਰ ਭੈ ਖਤਮ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਦਾ ਭੈ ਪੈਦਾ ਹੋ ਜਾਂਦਾ ਹੈ ਅਤੇ ਉਹ ਮਨੁੱਖ ਚੰਗੀ ਕੁਲ ਵਾਲਾ ਹੋ ਜਾਂਦਾ ਹੈ। ਅਜਿਹਾ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਪਛਾਣ ਲੈਂਦਾ ਹੈ ਜਿਸ ‘ਤੇ ਗੁਰੂ ਦੇ ਸ਼ਬਦ ਦਾ ਅਨੁਸਾਰੀ ਹੋਣ ‘ਤੇ ਕਰਤਾ ਪੁਰਖ ਆਪ ਮਿਹਰ ਕਰਦਾ ਹੈ (ਉਸ ਦੀ ਮਿਹਰ ਤੋਂ ਬਿਨਾਂ ਪ੍ਰਭੂ-ਪ੍ਰਾਪਤੀ ਸੰਭਵ ਨਹੀਂ ਹੈ)। ਉਸ ਜੀਵ ਇਸਤਰੀ ਨੂੰ ਕੁਚੱਜੀ ਭਾਵ ਅਕਲ-ਵਿਹੂਣੀ ਅਤੇ ਭੈੜੇ ਲੱਛਣਾਂ ਵਾਲੀ ਮੰਨਿਆ ਜਾਂਦਾ ਹੈ ਜਿਸ ਨੂੰ ਉਸ ਦੇ ਆਪਣੇ ਮਾੜੇ ਕਿਰਦਾਰ ਕਰਕੇ ਖਸਮ-ਪ੍ਰਭੂ ਨੇ ਛੱਡ ਦਿੱਤਾ ਹੋਵੇ (ਗੁਰਮੁਖਿ ਗੁਰੂ ਦੀ ਸਿੱਖਿਆ ਰਾਹੀਂ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਦਾ ਹੈ ਅਤੇ ਉਸ ਦਾ ਅਨੁਸਾਰੀ ਹੋ ਕੇ ਚੱਲਦਾ ਹੈ ਅਤੇ ਮਨਮੁਖ ਆਪਣੇ ਮਨ ਦੀ ਮਤਿ ਅਨੁਸਾਰ ਚੱਲਦਾ ਹੈ ਅਤੇ ਔਗੁਣ ਵਿਹਾਜਦਾ ਹੈ)। ਜਦੋਂ ਅਕਾਲ ਪੁਰਖ ਦਾ ਭੈ ਮਨ ਵਿਚ ਵੱਸ ਜਾਂਦਾ ਹੈ ਤਾਂ ਮਨੁੱਖ ਚੰਗੇ ਕੰਮ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ਅਤੇ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਦੇ ਨਾਮ ਸਿਮਰਨ ਰਾਹੀਂ ਅੰਦਰੋਂ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ਤਾਂ ਮਨ ਅੰਦਰ ਰੱਬੀ ਜੋਤਿ ਦਾ ਪ੍ਰਕਾਸ਼ ਹੁੰਦਾ ਹੈ ਅਰਥਾਤ ਮਨੁੱਖ ਆਪਣਾ ਜੋਤਿ ਸਰੂਪ ਹੋਣਾ ਅਨੁਭਵ ਕਰ ਲੈਂਦਾ ਹੈ ਜਿਸ ਨਾਲ ਉਹ ਉਚੀ ਮਤਿ ਦਾ ਮਾਲਕ ਹੋ ਜਾਂਦਾ ਹੈ। ਉਹ ਅਕਾਲ ਪੁਰਖ ਦੇ ਭੈ ਅੰਦਰ ਹੀ ਸਾਰੇ ਕਰਮ ਕਰਦਾ ਹੈ ਅਰਥਾਤ ਉਸ ਦਾ ਉਠਣ-ਬੈਠਣ ਅਤੇ ਕਰਮ ਕਰਨਾ ਸਭ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਇਸ ਰਾਹੀਂ ਉਹ ਇਸ ਸੰਸਾਰ ‘ਤੇ ਸੁਖੀ ਜੀਵਨ ਬਸਰ ਕਰਦਾ ਹੈ, ਸਭ ਤੋਂ ਸ਼ੋਭਾ ਅਤੇ ਵਡਿਆਈ ਖੱਟਦਾ ਹੈ ਅਤੇ ਇਸ ਜੀਵਨ ਤੋਂ ਮੋਖ-ਦੁਆਰ, ਪਰਮਾਤਮਾ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦਾ ਹੈ। ਉਸ ਦੀ ਜੋਤਿ ਨੂੰ ਆਪਣੇ ਅੰਦਰ ਅਨੁਭਵ ਕਰ ਲੈਣ ਨਾਲ ਉਸ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਇਕਸੁਰ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਨਿਰਭੈਅ ਪਰਮਾਤਮਾ ਨੂੰ ਪਾ ਲੈਂਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਸ ‘ਤੇ ਕਰਤਾਰ ਦੀ ਆਪ ਬਖਸ਼ਿਸ਼ ਹੁੰਦੀ ਹੈ, ਉਹ ਉਸ ਅਕਾਲ ਪੁਰਖ ਨੂੰ ਚੰਗਾ ਲਗਦਾ ਹੈ ਅਤੇ ਉਹ ਹੀ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਦਾ ਹੈ,
ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ॥
ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ॥
ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ॥
ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ॥
ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ॥
ਭੈ ਪਇਐ ਮਲੁ ਕਟੀਐ ਨਿਰਮਲੁ ਹੋਵੈ ਸਰੀਰੁ॥
ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ॥
ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ॥
ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ॥
ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ॥
ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ॥੧॥ (ਪੰਨਾ ੫੧੬)