ਗੁਰਬਚਨ ਸਿੰਘ ਭੁੱਲਰ
ਬੇਮਕਾਨੇ ਕਾਰੋਬਾਰੀਆਂ ਅਤੇ ਮੁਲਾਜ਼ਮਾਂ ਦੀ ਰਿਹਾਇਸ਼ੀ ਲੋੜ ਸਦਕਾ, ਖਾਸ ਕਰਕੇ ਵੱਡੇ ਸ਼ਹਿਰਾਂ ਵਿਚ, ਅਨੇਕ ਮਕਾਨ-ਮਾਲਕਾਂ ਵਾਸਤੇ ਮਕਾਨ ਦਾ ਕਿਰਾਇਆ ਕਮਾਈ ਦਾ ਚੰਗਾ ਸਾਧਨ ਬਣਿਆ ਹੋਇਆ ਹੈ। ਮੈਂ ਆਪਣੇ ਆਲੇ-ਦੁਆਲੇ ਕਈ ਲੋਕ ਦੇਖਦਾ ਹਾਂ ਜੋ ਹੋਰ ਕਿਸੇ ਕਮਾਈ ਤੋਂ ਬਿਨਾਂ ਆਪਣੇ ਮਕਾਨ ਦੇ ਕਿਰਾਏ ਨਾਲ ਹੀ ਵਧੀਆ ਜੀਵਨ ਲੰਘਾ ਰਹੇ ਹਨ।
ਪਰ ਇਸ ਸਬੰਧ ਵਿਚ ਇਕ ਸਮੱਸਿਆ ਨੇ ਵੀ ਗੰਭੀਰ ਰੂਪ ਧਾਰਿਆ ਹੋਇਆ ਹੈ। ਕਈ ਕਿਰਾਏਦਾਰ ਚਿਰਾਂ ਮਗਰੋਂ ਵੀ ਪਹਿਲਾਂ ਕਿਰਾਇਆ ਵਧਾਉਣ ਤੋਂ ਇਨਕਾਰ ਕਰਦੇ ਹਨ, ਫੇਰ ਮਕਾਨ ਖਾਲੀ ਕਰਨੋਂ ਨਾਂਹ ਕਰ ਦਿੰਦੇ ਹਨ। ਗੱਲ ਕਚਹਿਰੀ ਪਹੁੰਚ ਜਾਂਦੀ ਹੈ ਤਾਂ ਉਹ ਆਖਦੇ ਹਨ, “ਹੁਣ ਤਾਂ ਅਦਾਲਤ ਹੀ ਫ਼ੈਸਲਾ ਕਰੇਗੀ” ਅਤੇ ਪਹਿਲਾਂ ਵਾਲਾ ਕਿਰਾਇਆ ਦੇਣਾ ਵੀ ਬੰਦ ਕਰ ਦਿੰਦੇ ਹਨ। ਅਦਾਲਤਾਂ ਵਿਚ ਮੁਕੱਦਮਾ-ਦਰ-ਮੁਕੱਦਮਾ ਅਤੇ ਅਪੀਲ-ਦਰ-ਅਪੀਲ, ਗੱਲ ਸਾਲਾਂ ਤੇ ਦਹਾਕਿਆਂ ਤੱਕ ਲਟਕਦੀ ਰਹਿੰਦੀ ਹੈ। ਮਕਾਨ-ਮਾਲਕ ਕੁੜ੍ਹਦਾ ਰਹਿੰਦਾ ਹੈ ਤੇ ਕਿਰਾਏਦਾਰ ਉਹਦੀ ਛਾਤੀ ਉਤੇ ਡੰਡ-ਬੈਠਕਾਂ ਕਢਦਾ ਰਹਿੰਦਾ ਹੈ। ਇਸ ਕਰਕੇ ਮਕਾਨ-ਮਾਲਕ ਅਤੇ ਕਿਰਾਏਦਾਰ ਦੀ ਬੇਵਿਸਾਹੀ ਤੇ ਖਿੱਚੋਤਾਣ ਸ਼ਹਿਰੀ ਜੀਵਨ ਦੀ ਇਕ ਭਖਵੀਂ ਸਮੱਸਿਆ ਹੈ।
ਪੰਜਾਬੀ ਦੇ ਵੱਡੇ ਸਾਹਿਤਕਾਰ ਦੇਵਿੰਦਰ ਸਤਿਆਰਥੀ ਫ਼ਕੀਰ ਤੇ ਰਮਤੇ ਜੋਗੀ ਸਨ। ਪਿੱਛਾ ਉਨ੍ਹਾਂ ਦਾ ਸਾਡੇ ਨੇੜੇ ਦੇ ਪਿੰਡ ਭਦੌੜ ਦਾ ਸੀ। ਚਾਰੇ ਕੂਟਾਂ ਭੌਂ ਕੇ ਟਿਕਣ ਦੇ ਇਰਾਦੇ ਨਾਲ ਦਿੱਲੀ ਆਏ ਤਾਂ ਉਨ੍ਹਾਂ ਨਾਲੋਂ ਵੱਧ ਉਨ੍ਹਾਂ ਦੀ ਚਿੰਤਾ ਦੋਸਤਾਂ-ਮਿੱਤਰਾਂ ਨੂੰ ਹੋਈ। ਦਿੱਲੀ ਵਿਚ ਛੱਤ-ਵਿਹੂਣੇ ਹੋਣਾ ਬਹੁਤ ਮੁਸ਼ਕਿਲ ਸਮਝਦਿਆਂ ਕੁਝ ਸ਼ੁਭ-ਚਿੰਤਕਾਂ ਨੇ ਧੱਕ-ਧਕਾ ਕੇ ਸਤਿਆਰਥੀ ਨਾਂ ਦੇ ਆਜ਼ਾਦ ਪੰਛੀ ਨੂੰ ਭਾਰਤ ਸਰਕਾਰ ਦੇ ਹਿੰਦੀ ਰਸਾਲੇ ‘ਆਜ ਕਲ੍ਹ’ ਦਾ ਸੰਪਾਦਕ ਲੁਆ ਦਿੱਤਾ। ਜੇਬ ਤਾਂ ਖਾਸੀ ਸੌਖੀ ਹੋ ਗਈ ਪਰ ਨੌਕਰੀ ਦਾ ਸੰਗਲ ਭਾਰੀ ਵੀ ਲਗਦਾ ਤੇ ਚੁਭਦਾ ਵੀ। ਦੋਸਤਾਂ ਨੇ ਸਮਝਾਇਆ, “ਜੇ ਦਿੱਲੀ ਟਿਕਣ ਦਾ ਫ਼ੈਸਲਾ ਕਰ ਲਿਆ ਹੈ, ਪਹਿਲਾਂ ਸਿਰ ਦੀ ਛੱਤ ਦਾ ਪ੍ਰਬੰਧ ਕਰ ਲਵੋ, ਨੌਕਰੀ ਦੇ ਪਿੰਜਰੇ ਵਿਚੋਂ ਨਿੱਕਲ ਕੇ ਖੁੱਲ੍ਹੀਆਂ ਉਡਾਰੀਆਂ ਲਾਉਣ ਬਾਰੇ ਫੇਰ ਸੋਚਣਾ। ਜੇ ਤੁਸੀਂ ਇਕੱਲੇ ਹੁੰਦੇ, ਗੱਲ ਹੋਰ ਸੀ, ਪਤਨੀ ਹੈ, ਬੱਚੀਆਂ ਹਨ। ਫੇਰ ਤੁਸੀਂ ਜਿਥੇ ਮਰਜ਼ੀ ਅਵਾਰਾਗਰਦੀ ਕਰਨੀ, ਘੱਟੋ-ਘੱਟ ਬੀਵੀ-ਬੱਚੀਆਂ ਦੇ ਸਿਰ ਉਤੇ ਛੱਤ ਤਾਂ ਹੋਵੇ!”
ਦਲੀਲ ਸਤਿਆਰਥੀ ਜੀ ਨੂੰ ਵੀ ਜਚ ਗਈ। ਲੋਕ ਮਾਤਾ ਨੂੰ ਛੋਟਾ-ਮੋਟਾ ਮਕਾਨ ਬਣਾ ਦੇਈਏ, ਇਹ ਨੌਕਰੀ ਦਾ ਕੁਝ ਸਮੇਂ ਦਾ ਸੰਗਲ ਉਮਰ ਭਰ ਦੀ ਆਜ਼ਾਦੀ ਦੇ ਸਕਦਾ ਹੈ। ਉਨ੍ਹਾਂ ਨੇ ਪਿੰਜਰੇ ਵਿਚ ਖੰਭ ਫੜਫੜਾਉਣੇ ਛੱਡ ਦਿੱਤੇ। ਔਖੇ-ਸੌਖੇ ਸੰਪਾਦਕੀ ਨਿਭਾਉਣ ਲੱਗੇ। ਪੰਜਾਬੀ ਸਾਹਿਤ ਤੇ ਸਾਹਿਤਕਾਰਾਂ ਦੇ ਮਿਹਰਬਾਨ ਮਹਿੰਦਰ ਸਿੰਘ ਰੰਧਾਵਾ ਦੇ ਦਿਲ ਵਿਚ ਇਨ੍ਹਾਂ ਦੀ ਬੜੀ ਕਦਰ ਸੀ, ਖਾਸ ਕਰਕੇ ਇਨ੍ਹਾਂ ਦੇ ਲੋਕ-ਸਾਹਿਤ ਸਬੰਧੀ ਕੀਤੇ ਬੁਨਿਆਦੀ ਤੇ ਵਡਮੁੱਲੇ ਕਾਰਜ ਕਰਕੇ। ਉਹ ਦਿੱਲੀ ਦੇ ਡਿਵੈਲਪਮੈਂਟ ਕਮਿਸ਼ਨਰ ਸਨ। ਉਨ੍ਹਾਂ ਨੇ ਪਲਾਟ ਦੇਣ ਦੀ ਗੱਲ ਕੀਤੀ ਤਾਂ ਸਤਿਆਰਥੀ ਜੀ ਬੋਲੇ, “ਹੌਜ਼ਖਾਸ ਵਿਚ ਦੇ ਦਿਉ, ਜਿਥੇ ਅੰਮ੍ਰਿਤਾ, ਭਾਪਾ ਜੀ ਤੇ ਦੁੱਗਲ ਨੂੰ ਦਿੱਤੇ ਨੇ। ਸਾਹਿਤਕ ਗੁਆਂਢ ਹੋ ਜਾਵੇ!” ਪਰ ਉਥੇ ਕੋਈ ਅਜਿਹਾ ਪਲਾਟ ਰਹਿ ਨਹੀਂ ਸੀ ਗਿਆ ਜੋ ਦਿੱਤਾ ਜਾ ਸਕੇ। ਇਉਂ ਕਰੋਲਬਾਗ਼ ਵਾਲਾ ਪਲਾਟ ਇਨ੍ਹਾਂ ਦੇ ਨਾਂ ਹੋ ਗਿਆ। ਇਕ-ਮੰਜ਼ਲਾ ਮਕਾਨ ਛੱਤਿਆ ਤੇ ਟਿਕਣ ਦਾ ਪ੍ਰਬੰਧ ਕਰ ਲਿਆ। ਨੌਕਰੀ ਦਾ ਸੰਗਲ ਸੀ ਤਾਂ ਚਾਂਦੀ ਦਾ, ਪਰ ਘਰ ਬਣੇ ਤੋਂ ਫੇਰ ਚੁਭਣ ਲੱਗਿਆ। ਦੋਸਤਾਂ ਦੇ ਵਰਜਦਿਆਂ ਵੀ ਸੰਗਲ ਲਾਹ ਸੁੱਟਿਆ, ਹੰਭੇ ਹੋਏ ਗਿੱਟਿਆਂ ਦੀ ਮਾਲਸ਼ ਕੀਤੀ ਤੇ ਫੇਰ ਸਾਹਿਤਕ ਰਾਹਾਂ ਦੇ ਅਵਾਰਾ ਪਾਂਧੀ ਹੋ ਗਏ।
ਬੱਚੀਆਂ ਵਿਆਹੀਆਂ ਗਈਆਂ ਤਾਂ ਸੋਚਿਆ, ਮੈਨੂੰ ਤੇ ਲੋਕ ਮਾਤਾ ਨੂੰ ਤਾਂ ਇਕ ਕਮਰਾ ਬਹੁਤ ਹੈ, ਕਿਉਂ ਨਾ ਦੂਜਾ ਕਮਰਾ ਕਿਰਾਏ ‘ਤੇ ਦੇ ਕੇ ਰੇਡੀਓ, ਕਵੀ ਦਰਬਾਰਾਂ ਤੇ ਰਸਾਲਿਆਂ-ਪੁਸਤਕਾਂ ਤੋਂ ਆਉਂਦੇ ਪੈਸਿਆਂ ਦੀ ਝਾਕ ਦੇ ਬੰਧਨ ਤੋਂ ਵੀ ਮੁਕਤ ਹੋ ਜਾਈਏ। ਇਉਂ ਮਕਾਨ ਵਿਚ ਪੂਰਨ ਸਿੰਘ ਨਾਂ ਦੇ ਕਿਰਾਏਦਾਰ ਦਾ ਦਾਖ਼ਲਾ ਹੋਇਆ। ਕਿਰਾਇਆ ਵਗ਼ੈਰਾ ਤੈਅ ਹੋ ਗਿਆ। ਸਤਿਆਰਥੀ ਜੀ ਬੋਲੇ, “ਭਾਈ ਪੂਰਨ ਸਿੰਘ, ਮੇਰੀ ਇਕ ਸ਼ਰਤ ਹੈ, ਮੇਰਾ ਵਿਸ਼ਵਾਸ ਕਦੀ ਨਾ ਤੋੜੀਂ। ਜਦੋਂ ਕੋਈ ਵਿਸ਼ਵਾਸਘਾਤ ਕਰਦਾ ਹੈ, ਦਿਲ ਨੂੰ ਦਰਦ ਹੁੰਦਾ ਹੈ!” ਉਹਨੇ ਹੱਥ ਜੋੜੇ, “ਤੁਸੀਂ ਫ਼ਕੀਰ ਹੋ ਪਹੁੰਚੇ ਹੋਏ। ਸਤਿਆਰਥੀ ਜੀ, ਵਚਨ ਦਿੱਤਾ, ਤੁਹਾਡਾ ਭਰੋਸਾ ਕਦੀ ਨਹੀਂ ਤੋੜਨਾ!”
ਮਹੀਨਾ ਲੰਘ ਗਿਆ। ਪੂਰਨ ਸਿੰਘ ਅਗਲੇ ਮਹੀਨੇ ਦਾ ਕਿਰਾਇਆ ਦੇਣ ਲੱਗਿਆ ਤਾਂ ਲੋਕ ਮਾਤਾ ਨੂੰ ਬੁਲਾ ਕੇ ਬੋਲੇ, “ਭਾਈ ਪੂਰਨ ਸਿੰਘ, ਕਿਰਾਇਆ ਇਨ੍ਹਾਂ ਨੂੰ ਦਿਆ ਕਰਨਾ।” ਤੇ ਫੇਰ ਲੋਕ ਮਾਤਾ ਵੱਲ ਮੂੰਹ ਕੀਤਾ, “ਹੁਣ ਮੈਨੂੰ ਮਾਇਆ ਦੇ ਝਮੇਲਿਆਂ ਤੋਂ ਮੁਕਤ ਕਰੋ। ਤੁਸੀਂ ਇਨ੍ਹਾਂ ਤੋਂ ਕਿਰਾਇਆ ਲਓ ਤੇ ਘਰ ਚਲਾਓ।” ਦੋ ਕੁ ਸਾਲ ਬੀਤੇ। ਸਤਿਆਰਥੀ ਜੀ ਨੇ ਕੁਝ ਲਭਦਿਆਂ ਅਲਮਾਰੀ ਖੋਲ੍ਹੀ। ਨੋਟ ਪਏ ਸਨ। ਗਿਣੇ ਤੋਂ ਕੁਝ ਸਮਝ ਨਾ ਆਈ ਤਾਂ ਲੋਕ ਮਾਤਾ ਨੂੰ ਪੁੱਛਿਆ। ਪਤਾ ਲੱਗਿਆ, ਇਹ ਮਹੀਨੇ ਦਾ ਕਿਰਾਇਆ ਸੀ। ਪਰ ਇਹ ਤਾਂ ਤੈਅ ਹੋਏ ਤੋਂ ਵੱਧ ਸੀ? ਲੋਕ ਮਾਤਾ ਨੇ ਦੱਸਿਆ, “ਹੁਣ ਕਿਰਾਇਆ ਏਨਾ ਹੀ ਆਉਂਦਾ ਹੈ।” ਜਾ ਕੇ ਉਲਾਂਭਾ ਦਿੱਤਾ, “ਭਾਈ ਪੂਰਨ ਸਿਆਂ, ਮੈਂ ਤਾਂ ਤੈਨੂੰ ਕਿਰਾਇਆ ਵਧਾਉਣ ਲਈ ਨਹੀਂ ਸੀ ਆਖਿਆ!” ਉਹ ਮੁਸਕਰਾਇਆ, “ਮਹਾਂਪੁਰਸ਼ੋ, ਦਿੱਲੀ ਵਿਚ ਮਾਲਕ ਹਰ ਸਾਲ ਕਿਰਾਏ ਦਾ ਵਾਧਾ ਭਾਲਦੇ ਨੇ। ਤੁਸੀਂ ਨਹੀਂ ਕਿਹਾ ਤਾਂ ਮੈਨੂੰ ਵੀ ਕੁਝ ਸੋਚਣਾ ਤਾਂ ਚਾਹੀਦਾ ਹੈ ਕਿ ਨਹੀਂ?”
ਫੋਨ ਅਜੇ ਹੱਥ-ਹੱਥ ਤਾਂ ਕੀ, ਘਰ-ਘਰ ਵੀ ਨਹੀਂ ਸਨ ਹੋਏ। ਪੂਰਨ ਸਿੰਘ ਦੇ ਘਰ ਫੋਨ ਸੀ। ਉਹਦੇ ਆਉਣ ਤੋਂ ਕੁਝ ਦਿਨ ਮਗਰੋਂ ਸਤਿਆਰਥੀ ਜੀ ਨੇ ਪੁੱਛਿਆ, “ਭਾਈ ਪੂਰਨ ਸਿੰਘ, ਜੇ ਮੈਂ ਕਿਸੇ ਮਿੱਤਰ ਦੇ ਮੰਗੇ ਤੋਂ ਤੇਰਾ ਫੋਨ ਨੰਬਰ ਦੇ ਦੇਵਾਂ…।” ਉਹਨੇ ਗੱਲ ਕੱਟੀ, “ਇਹਨੂੰ ਮੇਰਾ ਫੋਨ ਨਾ ਕਹੋ ਜੀ, ਇਹਨੂੰ ਆਪਣਾ ਹੀ ਸਮਝੋ!”
ਸਤਿਆਰਥੀ ਜੀ ਵਾਸਤੇ ਤਾਂ ਦਿੱਲੀ ਨਾਂ ਦਾ ਸਾਰਾ ਪਿੰਡ ਹੀ ਮਿੱਤਰਾਂ ਦਾ ਸੀ! ਫੋਨ ਆਉਣ ਲੱਗੇ। ਸਭ ਜਾਣਦੇ ਸਨ, ਦਿਨੇਂ ਤਾਂ ਉਹ ਘਰ ਹੀ ਨਹੀਂ ਹੁੰਦੇ। ਪਤਾ ਨਹੀਂ, ਖਰੜੇ, ਰਸਾਲੇ ਤੇ ਕਿਤਾਬਾਂ ਕੱਛੇ ਮਾਰ ਕੇ ਕਿਹੜੀ ਸੜਕ ਦੇ ਕਿਨਾਰੇ-ਕਿਨਾਰੇ ਤੁਰੇ ਜਾਂਦੇ ਹੋਣ ਜਾਂ ਕਿਹੜੇ ਪਾਰਕ ਵਿਚ ਬੈਠੇ ਕਿਸੇ ਭੋਲ਼ੇ ਪੰਛੀ ਨੂੰ ਕਾਬੂ ਕਰ ਕੇ ਖਰੜਾ ਸੁਣਾ ਰਹੇ ਹੋਣ। ਇਸ ਲਈ ਫੋਨ ਸਵੇਰ ਤੇ ਸ਼ਾਮ ਦੇ ਰੁਝੇਵਿਆਂ ਵਾਲੇ ਸਮੇਂ ਆਉਂਦੇ। ਉਨ੍ਹਾਂ ਦੇ ਕਈ ਪਰਦੇਸੀ ਸ਼ਰਧਾਲੂ ਤਾਂ ਭਾਰਤੀ ਸਮੇਂ ਦਾ ਖ਼ਿਆਲ ਨਾ ਕਰਦਿਆਂ ਰਾਤ ਪਈ ਤੋਂ ਵੀ ਘੰਟੀ ਵਜਾ ਦਿੰਦੇ। ਪਰ ਅਸ਼ਕੇ ਪੂਰਨ ਸਿੰਘ ਦੇ, ਮੇਰਾ ਨਿੱਜੀ ਅਨੁਭਵ ਹੈ, ਉਹ ਹਰ ਕਿਸੇ ਨੂੰ ਬੜੇ ਆਦਰ ਨਾਲ, ਬੜੀ ਮਿੱਠੀ ਜ਼ਬਾਨ ਨਾਲ ਬੋਲਦਾ ਤੇ ਸਤਿਆਰਥੀ ਜੀ ਨੂੰ ਦੂਰੋਂ ਆਵਾਜ਼ ਦੇਣ ਦੀ ਥਾਂ ਚੱਲ ਕੇ ਬੁਲਾਉਣ ਜਾਂਦਾ। ਜੇ ਉਹ ਘਰ ਨਾ ਹੁੰਦੇ, ਉਹ ਫੋਨ ਕਰਨ ਵਾਲੇ ਨੂੰ ਆਪ ਇਹ ਨਹੀਂ ਸੀ ਕਹਿੰਦਾ। ਕਿਤੇ ਅਗਲਾ ਇਹ ਨਾ ਸਮਝੇ ਕਿ ਬੁਲਾਉਣ ਦਾ ਮਾਰਿਆ ਟਰਕਾਉਂਦਾ ਹੈ। ਅਜਿਹੇ ਮੌਕੇ ਉਹ ਲੋਕ ਮਾਤਾ ਨੂੰ ਆਖਦਾ, ਤੁਸੀਂ ਆਪ ਆ ਕੇ ਦੱਸੋ ਜੀ ਕਿ ਸਤਿਆਰਥੀ ਜੀ ਘਰ ਨਹੀਂ।
ਕਾਲਾ ਚੁਰਾਸੀ ਆ ਗਿਆ। ਪੂਰਨ ਸਿੰਘ ਡਰਿਆ। ਸਤਿਆਰਥੀ ਜੀ ਨੂੰ ਪਹਿਲਾਂ ਤਾਂ ਚਿੰਤਾ ਹੋਈ, ਫੇਰ ਦ੍ਰਿੜ੍ਹ ਆਵਾਜ਼ ਵਿਚ ਬੋਲੇ, “ਭਾਈ ਪੂਰਨ ਸਿੰਘਾ, ਡਰ ਨਾ, ਮੈਂ ਜੋ ਹਾਂ!” ਉਨ੍ਹਾਂ ਨੇ ਬਾਹਰਲੇ ਫਾਟਕ ਨੂੰ ਅੰਦਰੋਂ ਜਿੰਦਾ ਲਾ ਦਿੱਤਾ। ਵੱਡੀ ਸੜਕ ਦੇ ਟੈਕਸੀ ਸਟੈਂਡ ਤੋਂ ਗੁੰਡੇ ਕੁਝ ਹੋਰਾਂ ਨੂੰ ਲੈ ਕੇ ਆ ਧਮਕੇ, “ਤੁਹਾਡਾ ਜੋ ਸਰਦਾਰ ਕਿਰਾਏਦਾਰ ਹੈ, ਬਾਹਰ ਕੱਢੋ ਉਹਨੂੰ।” ਸਤਿਆਰਥੀ ਜੀ ਸਹਿਜ ਨਾਲ ਬੋਲੇ, “ਕਿਉਂ ਬਈ ਕੀ ਕੰਮ ਹੈ ਉਹਦੇ ਤੱਕ?” ਉਨ੍ਹਾਂ ਦਾ ਜਵਾਬ ਸੁਣ ਕੇ ਬੋਲੇ, “ਪਰ ਉਹਨੂੰ ਮਾਰਨ ਵਾਸਤੇ ਤਾਂ ਪਹਿਲਾਂ ਮੈਨੂੰ ਮਾਰਨਾ ਪਊ, ਮਾਰ ਕੇ ਮੇਰੀ ਲਾਸ਼ ਉਤੋਂ ਲੰਘਣਾ ਪਊ!”
ਭੀੜ ਨੇ ਟਾਇਰ ਤੇ ਪੀਪੀ ਦਿਖਾਈ, “ਜਿਉਂਦੇ ਨੂੰ ਫੂਕਾਂਗੇ।” ਉਹ ਬੋਲੇ, “ਘਰ ਫੂਕਣਾ ਪਊ ਮੇਰਾ, ਉਹਨੂੰ ਫੂਕਣ ਵਾਸਤੇ!” ਸਤਿਆਰਥੀ ਜੀ ਦੀ ਦ੍ਰਿੜ੍ਹਤਾ ਦੇਖ ਕੇ ਗੁੰਡਿਆਂ ਨੂੰ ਮੁੜਨਾ ਪਿਆ।
ਪੂਰਨ ਸਿੰਘ ਦੀ ਧੀ ਦਾ ਵਿਆਹ ਹੋਇਆ ਤਾਂ ਸਤਿਆਰਥੀ ਜੀ ਨੇ ਘਰ ਦੇ ਬਜ਼ੁਰਗ ਵਾਲੀਆਂ ਸਾਰੀਆਂ ਰਸਮਾਂ ਤਾਂ ਨਿਭਾਈਆਂ ਹੀ, ਓਵੇਂ ਹੀ ਬੁੱਕ ਭਰ-ਭਰ ਅੱਥਰੂ ਵੀ ਰੋਏ ਜਿਵੇਂ ਆਪਣੀਆਂ ਧੀਆਂ ਨੂੰ ਵਿਦਾ ਕਰਦਿਆਂ ਰੋਏ ਸਨ। ਉਹਦੇ ਹੱਥ ਫੜ ਕੇ ਕਹਿੰਦੇ, “ਜਦੋਂ ਮੈਂ ਗੋਦੀ ਚੁਕਦਾ, ਐਹਨਾਂ ਨਿੱਕੇ ਨਿੱਕੇ ਕੂਲ਼ੇ ਕੂਲ਼ੇ ਹੱਥਾਂ ਨਾਲ ਮੇਰੀ ਦਾੜ੍ਹੀ ਪਲੋਸਦੀ ਹੁੰਦੀ ਸੀ, ਮੇਰੀ ਦਾੜ੍ਹੀ ਨਾਲ ਖੇਡਦੀ ਹੁੰਦੀ ਸੀ!” ਸਤਿਆਰਥੀ ਜੀ ਨੂੰ ਮਿਲਣ ਆਉਂਦੇ ਕਈਆਂ ਦੇ ਪਿਤਾ ਜੀ ਕਹਿਣ ਤੋਂ ਪ੍ਰੇਰਨਾ ਲੈ ਕੇ ਹੁਣ ਤੱਕ ਪੂਰਨ ਸਿੰਘ ਵੀ ਉਨ੍ਹਾਂ ਨੂੰ ਪਿਤਾ ਜੀ ਹੀ ਕਹਿਣ ਲੱਗ ਪਿਆ ਸੀ।
ਸਤਿਆਰਥੀ ਜੀ ਤੇ ਲੋਕ ਮਾਤਾ ਸਰੀਰਕ ਪੱਖੋਂ ਢਲ ਚੱਲੇ ਤਾਂ ਧੀਆਂ ਨੂੰ ਕਿਹਾ, “ਸਾਡੇ ਮਗਰੋਂ ਵੀ ਆਉਂਗੀਆਂ ਹੀ, ਉਤੇ ਮੰਜ਼ਲਾਂ ਛੱਤ ਕੇ ਸਾਡੇ ਕੋਲ ਆ ਰਹੋ। ਹੁਣ ਸਾਨੂੰ ਸਹਾਰੇ ਦੀ ਲੋੜ ਹੈ।” ਪੂਰਨ ਸਿੰਘ ਦੂਰਦਰਸ਼ੀ ਦੁਨੀਆਂਦਾਰ ਸੀ। ਉਹਨੇ ਬੇਨਤੀ ਕੀਤੀ, “ਉਸਾਰੀ ਦੀ ਨਿਗਰਾਨੀ ਕਰਨ ਵਾਲੇ ਆਪਣਿਆਂ ਨੂੰ ਹੇਠ ਬੈਠਣ-ਉਠਣ ਵਾਸਤੇ ਜਗ੍ਹਾ ਚਾਹੀਦੀ ਹੋਵੇਗੀ। ਪਿਤਾ ਜੀ, ਮੈਂ ਹੁਣ ਜਾਣ ਦੀ ਆਗਿਆ ਚਾਹੁੰਦਾ ਹਾਂ।” ਉਨ੍ਹਾਂ ਨੇ ਸਿਰ ਮਾਰਿਆ, “ਨਹੀਂ, ਭਾਈ ਪੂਰਨ ਸਿਆਂ, ਮੇਰੇ ਜਿਉਂਦੇ-ਜੀਅ ਤੂੰ ਏਸ ਘਰੋਂ ਨਹੀਂ ਜਾ ਸਕਦਾ। ਪਹਿਲਾਂ ਮੇਰੀ ਅਰਥੀ ਉਠੂ, ਫੇਰ ਤੂੰ ਏਸ ਘਰੋਂ ਜਾਏਂਗਾ!” ਕੁਝ ਹਫ਼ਤਿਆਂ ਮਗਰੋਂ ਜਦੋਂ ਇੱਟਾਂ ਦਾ ਟਰੱਕ ਆ ਲੱਥਾ, ਪੂਰਨ ਸਿੰਘ ਨੇ ਚੁੱਪਚਾਪ ਸਾਮਾਨ ਬੰਨ੍ਹਣਾ ਸ਼ੁਰੂ ਕਰ ਦਿੱਤਾ। ਸਤਿਆਰਥੀ ਜੀ ਨੇ ਹਿਲਜੁਲ ਦੇਖੀ ਤਾਂ ਅੱਖਾਂ ਭਰ ਕੇ ਬੋਲੇ, “ਭਾਈ ਪੂਰਨ ਸਿਆਂ, ਅਜੇ ਮੇਰੀ ਅਰਥੀ ਤਾਂ ਉਠੀ ਨਹੀਂ!”