ਬਲਜੀਤ ਬਾਸੀ
ਨਹੀਂ ਜੀ, ਮੈਂ ਤੁਹਾਨੂੰ ਕੋਈ ਗੱਪ ਨਹੀਂ ਸੁਣਾਉਣ ਲੱਗਾ, ਇਹ ਤਾਂ ਮੇਰਾ ਖਿਆਲ ਹੈ, ਤੁਸੀਂ ਪਹਿਲਾਂ ਹੀ ਬਹੁਤ ਸੁਣੀਆਂ ਹੋਣਗੀਆਂ। ਗੱਪ ਸੁਣਾਉਣ ਤੋਂ ਮੇਰਾ ਭਾਵ ਹੈ ਗੱਪ ਸ਼ਬਦ ਬਾਰੇ ਕੁਝ ਜਾਣਕਾਰੀ ਦੇਣਾ।
ਮਨਘੜਤ, ਝੂਠੇ ਅਤੇ ਫੜਾਂ ਨਾਲ ਭਰੇ ਕਥਨ ਨੂੰ ਗੱਪ ਆਖਿਆ ਜਾਂਦਾ ਹੈ। ਤੁਸੀਂ ਕਈ ਅਜਿਹੇ ਲਤੀਫੇ ਪੜ੍ਹੇ-ਸੁਣੇ ਹੋਣਗੇ ਜਿਨ੍ਹਾਂ ਵਿਚ ਮਨੋਰੰਜਨ ਵਜੋਂ ਗੱਪੀਆਂ ਦੀਆਂ ਉਲ-ਜਲੂਲ ਤੇ ਅਤਿਕਥਨੀ ਭਰਪੂਰ ਗੱਪਾਂ ਭਰੀਆਂ ਹੁੰਦੀਆਂ ਹਨ ਪਰ ਹਕੀਕਤ ਵਿਚ ਕੋਈ ਅਜਿਹੀਆਂ ਗੱਪਾਂ ਨਹੀਂ ਮਾਰਦਾ। ਗੱਪ ਮਾਰਨ ਵਾਲੇ ਨੂੰ ਗੱਪੀ ਕਿਹਾ ਜਾਂਦਾ ਹੈ। ਬੁਹੁਤ ਸਾਰੇ ਨੇਤਾ ਆਦਤਨ ਜਨਤਾ ਨੂੰ ਸਬਜ਼ ਬਾਗ ਦਿਖਾਉਂਦੇ ਰਹਿੰਦੇ ਹਨ ਪਰ ਅਮਲ ਵਿਚ ਕੁਝ ਨਹੀਂ ਕਰਦੇ। ਅਜਿਹੇ ਨੇਤਾਵਾਂ ਨੂੰ ਲੋਕ ਗੱਪੀ ਆਖਦੇ ਹਨ। ਐਪਰ ਗੱਪ-ਸ਼ੱਪ ਸ਼ਬਦ ਵਿਚ ਝੂਠ ਭਰੀਆਂ ਫੜਾਂ ਦਾ ਬਹੁਤਾ ਭਾਵ ਨਹੀਂ ਹੈ। ਗੱਪ-ਸ਼ੱਪ ਆਮ ਤੌਰ ਤੇ ਵਿਹਲਾ ਵਕਤ ਬਿਤਾਉਣ ਲਈ ਕੀਤੀਆਂ ਜਾਂਦੀਆਂ ਇਧਰ-ਉਧਰ ਦੀਆਂ ਗੱਲਾਂ ਹੀ ਹਨ। ਚੌਪਾਲਾਂ, ਸੱਥਾਂ ਤੇ ਹੱਟੀਆਂ ਤੇ ਗੱਪਬਾਜ਼ ਗੱਪ-ਸ਼ੱਪ ਦਾ ਬਾਜ਼ਾਰ ਖੂਬ ਗਰਮ ਰਖਦੇ ਹਨ। ਕਈ ਵਿਦਿਆਰਥੀ ਜਾਣਦੇ ਹੁੰਦੇ ਹਨ ਕਿ ਪ੍ਰੀਖਿਅਕ ਪਰਚਿਆਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਦੇ, ਕੇਵਲ ਭਰੇ ਹੋਏ ਸਫਿਆਂ ਦੀ ਗਿਣਤੀ ਦੇਖ ਕੇ ਨੰਬਰ ਲਾ ਦਿੰਦੇ ਹਨ। ਇਸ ਲਈ ਉਹ ਸਫੇ ਕਾਲੇ ਕਰਨ ਦੇ ਇਰਾਦੇ ਨਾਲ ਵਿਸ਼ੇ ਤੋਂ ਬਾਹਰੀਆਂ ਫ਼ਜ਼ੂਲ ਗੱਲਾਂ ਲਿਖ ਦਿੰਦੇ ਹਨ ਜਿਸ ਨੂੰ ਉਹ ਗੱਪਾਂ ਮਾਰਨੀਆਂ ਆਖਦੇ ਹਨ। ਕਈ ਸੁਭਾਗੇ ਅਜਿਹੀਆਂ ਗੱਪਾਂ ਦੇ ਵੀ ਖੂਬ ਨੰਬਰ ਲੈ ਲੈਂਦੇ ਹਨ ਤੇ ਜ਼ਿੰਦਗੀ ਭਰ ਗੱਪਾਂ ਦਾ ਹੀ ਖੱਟਿਆ ਖਾਂਦੇ ਹਨ।
ਪੰਜਾਬੀ ਵਿਕੀਪੀਡੀਆ ਨੇ ਗੱਪ ਦੇ ਇੰਦਰਾਜ ਅਧੀਨ ਸ਼ੁਰੂ ਵਿਚ ਲਿਖਿਆ ਹੈ, “ਗੱਪ ਕੋਈ ਸਾਹਿਤ ਰੂਪ ਨਹੀਂ” ਪਰ ਥੋੜਾ ਅੱਗੇ ਜਾ ਕੇ ਲਿਖ ਦਿੱਤਾ ਹੈ ਕਿ ਗੱਪ ਦਾ ਸੁਧਰਿਆ ਰੂਪ ਜਦੋਂ ਸਾਹਿਤ ਵਿਚ ਵਰਤ ਹੋਣ ਲਗਦਾ ਹੈ ਤਾਂ ਉਸ ਨੂੰ ਅਸੀਂ ਕਾਲਪਨਿਕ ਰਚਨਾਵਾਂ ਦੀ ਸਾਕਾਰ ਹੋਂਦ ਦੇ ਸਰੂਪ ਵਿਚੋਂ ਪਛਾਣ ਸਕਦੇ ਹਾਂ ਕਿਉਂਕਿ ਗੱਪ ਵੀ ਤਾਂ ਕਿਸੇ ਨਾ ਕਿਸੇ ਰੂਪ ਵਿਚ ਕਲਪਨਾ ਉਪਰ ਹੀ ਆਧਾਰਿਤ ਹੁੰਦੀ ਹੈ। ਸਾਰਾ ਕਥਨ ਕੁਝ ਧੁੰਦਲਾ ਜਿਹਾ ਹੈ ਪਰ ਅਸੀਂ ਇਸ ਵਿਚੋਂ ਅਰਥ ਲਭਣ ਦੀ ਕੋਸ਼ਿਸ਼ ਕਰਦੇ ਹਾਂ।
ਭਾਵੇਂ ਕੁਝ ਵਿਦਵਾਨਾਂ ਨੇ ਗੱਪ ਨੂੰ ਕਲਪਨਾ ਦੇ ਧਾਤੂ ਕਲਪ ਅਤੇ ਕੁਝ ਹੋਰਾਂ ਨੇ ਫਾਰਸੀ ਗੁਫਤ (ਗੁਫਤਗੂ ਵਾਲਾ) ਤੋਂ ਵਿਉਤਪਤ ਹੋਇਆ ਦੱਸਿਆ ਹੈ ਪਰ ਮੇਰੀ ਜਾਚੇ ਗੱਪ ਸ਼ਬਦ ‘ਗਲਪ’ ਦਾ ਸੁੰਗੜਿਆ ਰੂਪ ਹੈ ਅਰਥਾਤ ਇਸ ਵਿਚੋਂ ‘ਲ’ ਧੁਨੀ ਅਲੋਪ ਹੋ ਗਈ ਹੈ। ਬਹੁਤਿਆਂ ਨੂੰ ਪਤਾ ਹੀ ਹੋਵੇਗਾ ਕਿ ਗਲਪ ਫਿਕਸ਼ਨ ਨੂੰ ਕਹਿੰਦੇ ਹਨ। ਉਂਜ ਫਿਕਸ਼ਨ ਜਾਂ ਗਲਪ ਸਾਹਿਤਿਕ ਵੀ ਹੋ ਸਕਦੀ ਹੈ ਤੇ ਗੈਰ-ਸਾਹਿਤਿਕ ਵੀ। ਸਾਹਿਤਿਕ ਗਲਪ ਵਿਚ ਮੋਟੇ ਤੌਰ ‘ਤੇ ਕਹਾਣੀ ਅਤੇ ਨਾਵਲ ਆ ਜਾਂਦੇ ਹਨ। ਫਿਕਸ਼ਨ ਦੀ ਤਰ੍ਹਾਂ ਗਲਪ ਦਾ ਮਤਲਬ ਹੁੰਦਾ ਹੈ, ਮਨਘੜਤ ਜਾਂ ਬਣਾਈ ਹੋਈ ਗੱਲ। ਚਿਹਰੇ ਦੀ ਲਾਲੀ ਨੂੰ ਹੁਸਨ ਅਤੇ ਚੰਗੀ ਸਿਹਤ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਸਾਡੇ ਗੁਆਂਢ ਇਕ ਅਧਖੜ ਔਰਤ ਸੀ ਜਿਸ ਨੂੰ ਆਪਣੀ ਸੁੰਦਰਤਾ ‘ਤੇ ਬਹੁਤ ਮਾਣ ਸੀ। ਉਹ ਅਕਸਰ ਹੀ ਦੱਸਿਆ ਕਰਦੀ ਕਿ ਜਵਾਨੀ ਵਿਚ ਉਸ ਦੀਆਂ “ਗੱਲ੍ਹਾਂ ‘ਚੋਂ ਖੂਨ ਦੀ ਤਤੀਰੀ ਨਿਕਲ ਕੇ ਅਹੁ ਜਾਂਦੀ ਸੀ”। ਹੋਰ,”ਇਕ ਦਿਨ ਮੇਰੀ ਸੁਥਣ ਵਿਚ ਕਿਰਲੀ ਵੜ ਗਈ, ਉਹ ਸੱਤ ਦਿਨ ਉਥੇ ਹੀ ਰਹੀ।” ਇਹ ਦੋਵੇਂ ਕਥਨ ਗੱਪ ਹਨ ਜੋ ਗਲਪ ਕਲਾ ਨੂੰ ਜਾ ਛੂਹੰਦੇ ਹਨ। “ਬੁੱਲ੍ਹਿਆ ਵਾਰੇ ਜਾਈਏ ਉਨ੍ਹਾਂ ਤੋਂ, ਜਿਹੜੇ ਮਾਰਨ ਗੱਪ ਸੜੱਪ । ਕਉਡੀ ਲੱਭੀ ਦੇਣ ਚਾ, ਤੇ ਬੁਗ਼ਚਾ ਘਊ-ਘੱਪ।” ਗਲਪ ਰਚਨਾ ਭਾਵੇਂ ਕਲਪਨਾ ਅਧਾਰਤ ਹੁੰਦੀ ਹੈ ਪਰ ਸਾਹਿਤ ਦੇ ਪਾਰਖੂ ਦੱਸਦੇ ਹਨ ਕਿ ਇਸ ਵਿਚ ਤੱਥ ਭਾਵੇਂ ਕਪੋਲ ਕਲਪਨਾ ਹੁੰਦੇ ਹਨ ਪਰ ਸਮਾਜਕ ਸੱਚ ਦਾ ਭਰਪੂਰ ਸਮਾਵੇਸ਼ ਹੁੰਦਾ ਹੈ।
ਗਲਪ ਸ਼ਬਦ ਸੰਸਕ੍ਰਿਤ ਵਿਚ ਨਹੀਂ ਮਿਲਦਾ ਤੇ ਪੰਜਾਬੀ ਵਿਚ ਵੀ ਇਸ ਨੂੰ ਅਪਨਾਇਆਂ ਬਹੁਤਾ ਚਿਰ ਨਹੀਂ ਹੋਇਆ ਲਗਦਾ। ਸ਼ਾਇਦ ਸਾਹਿਤ ਦੇ ਸਮਾਲੋਚਕਾਂ ਨੇ ਹੀ ਇਸ ਨੂੰ ਹਿੰਦੀ ‘ਚੋਂ ਪੰਜਾਬੀ ਵਿਚ ਲਿਆਂਦਾ। ਗਲਪ ਅੱਗੋਂ ਸੰਸਕ੍ਰਿਤ ‘ਜਲਪ’ ਦਾ ਵਿਉਤਪਤ ਰੂਪ ਹੈ। ਇਹ ਸ਼ਬਦ ਪੰਜਾਬੀ ਵਿਚ ਨਹੀਂ ਮਿਲਦਾ। ਸੰਸਕ੍ਰਿਤ ‘ਜਲਪ’ ਦਾ ਅਰਥ ਹੁੰਦਾ ਹੈ ਬਕਬਕ, ਬਕਵਾਸ। Ḕਮਹਾਨ ਕੋਸ਼Ḕ ਵਿਚ ਇਹ ਸ਼ਬਦ ਅਜਿਹੇ ਅਰਥਾਂ ਵਿਚ ਮਿਲਦਾ ਹੈ ਪਰ ਪੰਜਾਬੀ ਵਿਚ ਕਿਥੇ ਵਰਤਿਆ ਗਿਆ ਹੈ, ਕੁਝ ਨਹੀਂ ਦੱਸਿਆ ਗਿਆ।
ਬਹੁਤ ਗੱਪਾਂ ਮਾਰਨ ਵਾਲੇ ਨੂੰ ਗਪੌੜ ਆਖਿਆ ਜਾਂਦਾ ਹੈ, ਕਈ ਵਾਰੀ ਤਾਂ ਉਸ ਨੂੰ ‘ਗਪੌੜ ਸੰਖ’ ਦੀ ਉਪਾਧੀ ਵੀ ਬਖਸ਼ ਦਿਤੀ ਜਾਂਦੀ ਹੈ। ਗਪੌੜ ਤਾਂ ਹੋਇਆ Ḕਗਪੌੜ ਸੰਖḔ ਕੀ ਹੋਇਆ? ਇਸ ਬਾਰੇ ਇਕ ਕਹਾਣੀ ਹੈ ਜਿਸ ਦੇ ਕਈ ਰੁਪਾਂਤਰ ਹਨ। ਚਲੋ ਇਕ ਪੇਸ਼ ਕਰਦੇ ਹਾਂ। ਬਹੁਤ ਚਿਰਾਂ ਦੀ ਗੱਲ ਹੈ ਕਿ ਇਕ ਗਰੀਬ ਬ੍ਰਾਹਮਣ ਭਿਖਿਆ ਮੰਗ ਕੇ ਗੁਜ਼ਾਰਾ ਕਰਦਾ ਸੀ ਪਰ ਵੱਡਾ ਪਰਿਵਾਰ ਹੋਣ ਕਾਰਨ ਪੂਰੀ ਨਹੀਂ ਸੀ ਪੈਂਦੀ। ਕਿਸੇ ਨੇ ਦੱਸਿਆ ਕਿ ਜੇ ਖਵਾਜੇ ਨੂੰ ਧਿਆਇਆ ਜਾਵੇ ਤਾਂ ਉਹ ਪ੍ਰਸੰਨ ਹੋ ਕੇ ਉਸ ਦੀ ਗਰੀਬੀ ਦੂਰ ਕਰ ਸਕਦਾ ਹੈ। ਉਹ ਸਮੁੰਦਰ ਕੰਢੇ ਜਾ ਕੇ ਖਵਾਜੇ ਦੀ ਭਗਤੀ ਕਰਨ ਲੱਗਾ। ਖਵਾਜੇ ਨੇ ਪੰਡਿਤ ਦੀ ਸੁਣੀ ਤੇ ਪ੍ਰਤੱਖ ਦਰਸ਼ਨ ਦੇ ਕੇ ਵਰ ਮੰਗਣ ਲਈ ਕਿਹਾ। ਬ੍ਰਾਹਮਣ ਨੇ ਹੱਥ ਜੋੜ ਕੇ ਕਿਹਾ,”ਗਰੀਬ ਨਿਵਾਜ਼ ਮੈਂ ਬਹੁਤ ਗਰੀਬ ਹਾਂ। ਸਾਰਾ ਦਿਨ ਕੰਮ ਕਰਕੇ ਵੀ ਵੱਡੇ ਟੱਬਰ ਦਾ ਢਿਡ ਨਹੀਂ ਭਰ ਸਕਦਾ। ਮੇਰੀ ਸਮੱਸਿਆ ਦਾ ਹੱਲ ਕਰੋ।” ਖਵਾਜੇ ਨੇ ਸਮੁੰਦਰ ਵਿਚ ਚੁਭੀ ਮਾਰ ਕੇ ਇਕ ਸੰਖ ਕਢ ਲਿਆਂਦਾ । ਇਹ ਸੰਖ ਉਸ ਨੂੰ ਦਿੰਦੇ ਹੋਏ ਬੋਲਿਆ,”ਇਸ ਨੂੰ ਲੈ ਜਾ। ਰੋਜ਼ ਇਸ਼ਨਾਨ ਅਤੇ ਪੂਜਾ ਪਾਠ ਕਰਕੇ ਇਸ ਸੰਖ ਤੋਂ ਜੋ ਮੰਗੋਗੇ, ਮਿਲੇਗਾ।” ਬ੍ਰਾਹਮਣ ਖੁਸ਼ ਹੋ ਕੇ ਘਰ ਨੂੰ ਚਲ ਪਿਆ ਪਰ ਰਾਹ ਵਿਚ ਹਨੇਰਾ ਪੈਣ ਕਾਰਨ ਰਾਤ ਕੱਟਣ ਲਈ ਇਕ ਬਾਣੀਏ ਦੇ ਘਰ ਠਹਿਰ ਗਿਆ। ਸਾæਮ ਨੂੰ ਉਸ ਨੇ ਇਸ਼ਨਾਨ ਉਪਰੰਤ ਪੂਜਾ ਕਰਕੇ ਸੰਖ ਤੋਂ ਭੋਜਨ ਦੀ ਮੰਗ ਕੀਤੀ। ਸੰਖ ਨੇ ਉਸ ਅੱਗੇ ਛੱਤੀ ਪਦਾਰਥ ਲਿਆ ਰੱਖੇ। ਇਹ ਦੇਖ ਕੇ ਬਾਣੀਏ ਦੇ ਮਨ ਵਿਚ ਖੋਟ ਆ ਗਿਆ। ਬ੍ਰਾਹਮਣ ਦੇ ਸੁੱਤੇ ਪਿਆਂ ਉਸ ਨੇ ਸੰਖ ਬਦਲ ਦਿੱਤਾ।
ਘਰ ਪਹੁੰਚ ਕੇ ਜਦ ਬ੍ਰਾਹਮਣ ਨੇ ਆਪਣੇ ਪਰਿਵਾਰ ਨੂੰ ਸੰਖ ਦਾ ਚਮਤਕਾਰ ਦਿਖਾਉਣਾ ਚਾਹਿਆ ਤਾਂ ਨਿਰਾਸ਼ਾ ਹੀ ਪੱਲੇ ਪਈ। ਉਹ ਦੌੜਿਆ-ਦੌੜਿਆ ਬਾਣੀਏ ਕੋਲ ਪੁੱਜਾ। ਬਾਣੀਏ ਨੇ ਉਸ ਨੂੰ ਸੁਝਾਇਆ ਕਿ ਜ਼ਰੂਰ ਖਵਾਜਾ ਖਿਜ਼ਰ ਤੇਰੇ ਨਾਲ ਕਿਸੇ ਗੱਲੋਂ ਨਰਾਜ਼ ਹੋ ਗਿਆ ਹੋਵੇਗਾ। ਗੱਲ ਕੀ ਪੰਡਿਤ ਜੀ ਨੇ ਸਮੁੰਦਰ ਕੰਢੇ ਜਾ ਕੇ ਫਿਰ ਖਵਾਜੇ ਦੀ ਹੋਰ ਜ਼ੋਰ-ਸ਼ੋਰ ਨਾਲ ਭਗਤੀ ਸ਼ੁਰੂ ਕਰ ਦਿੱਤੀ। ਖਵਾਜਾ ਜੀ ਨੇ ਆਪਣੇ ਭਗਤ ਦੀ ਸੁਣੀ ਤੇ ਪ੍ਰਗਟ ਹੋ ਗਏ। ਬ੍ਰਾਹਮਣ ਨੇ ਸਾਰੀ ਵਿਥਿਆ ਸੁਣਾ ਦਿੱਤੀ। ਇਸ ਵਾਰ ਖਵਾਜੇ ਨੇ ਉਸ ਨੂੰ ਪੋਟਲੀ ਵਿਚ ਬੰਦ ਸੰਖ ਦਿੱਤਾ ਤੇ ਸਮਝਾਇਆ ਕਿ ਇਸ ਤੋਂ ਜੋ ਮੰਗੋਗੇ, ਦੂਣਾ ਮਿਲੇਗਾ। ਨਾਲ ਹਦਾਇਤ ਕੀਤੀ ਕਿ ਘਰ ਪਹੁੰਚਣ ਤੋਂ ਪਹਿਲਾਂ ਇਸ ਨੂੰ ਪੋਟਲੀ ‘ਚੋਂ ਨਹੀਂ ਕਢਣਾ। ਸੰਜੋਗਵਸ ਰਾਤ ਫਿਰ ਉਸ ਬਾਣੀਏ ਕੋਲ ਹੀ ਠਹਿਰਨਾ ਪਿਆ। ਬਾਣੀਏ ਦੇ ਪੁਛਣ ਤੇ ਉਸ ਨੇ ਨਵੇਂ ਸੰਖ ਨੂੰ ਘਰ ਪਹੁੰਚਣ ਤੋਂ ਪਹਿਲਾਂ ਨਾ ਖੋਲ੍ਹਣ ਤੇ ਦੂਣਾ ਮਿਲਣ ਵਾਲੀ ਗੱਲ ਦੱਸੀ। ਲਾਲਚੀ ਬਾਣੀਏ ਨੇ ਰਾਤ ਪਈ ਪਹਿਲਾਂ ਵਾਲੀ ਹਰਕਤ ਹੀ ਦੁਹਰਾਈ ਪਰ ਇਸ ਵਾਰੀ ਉਸ ਦੀ ਪੋਟਲੀ ਵਿਚ ਪਹਿਲਾਂ ਵਾਲਾ ਸੰਖ ਪਾ ਦਿੱਤਾ। ਦੂਸਰੇ ਦਿਨ ਸਵੇਰੇ ਹੁੱਬੇ ਹੋਏ ਬਾਣੀਏ ਨੇ ਸਾਰੀਆਂ ਰਸਮੀ ਕਾਰਵਾਈਆਂ ਕਰਕੇ ਸੰਖ ਅੱਗੇ ਆਪਣੀਆਂ ਮੰਗਾਂ ਦੀ ਸੂਚੀ ਪੇਸ਼ ਕਰ ਦਿੱਤੀ:
“ਮਹਿਲਾਂ ਵਰਗਾ ਘਰ ਦੇਵੋ”
ਸੰਖ,”ਇਕ ਨਹੀਂ ਦੋ ਲਵੋ”
“ਪਰੀਆਂ ਵਰਗੀ ਪਤਨੀ ਦੇਵੋ”
ਸੰਖ,”ਇਕ ਨਹੀਂ ਦੋ ਲਵੋ।”
“ਗੁਣਾਂ ਭਰਿਆ ਮੁੰਡਾ ਦੇਵੋ”
ਸੰਖ,”ਇਕ ਨਹੀਂ ਦੋ ਲਵੋ।”
Ḕਸੱਤ ਘੋੜਿਆਂ ਵਾਲਾ ਰੱਥ ਦੇਵੋ”
ਸੰਖ,”ਇਕ ਨਹੀਂ ਦੋ ਲਵੋ।”
“ਇਕ ਰਾਜਭਾਗ ਦੇਵੋ”
ਸੰਖ,”ਇਕ ਨਹੀਂ ਦੋ ਲਵੋ।”
ਇਸ ਤਰ੍ਹਾਂ ਸੂਚੀ ਵਧਦੀ ਗਈ। ਆਖਿਰ ਬਾਣੀਆ ਥੱਕ ਗਿਆ ਤੇ ਬੋਲਿਆ,”ਬੱਸ ਹੋਰ ਕੁਝ ਨਹੀਂ ਚਾਹੀਦਾ।” ਕੁਝ ਸਮਾਂ ਬੀਤਿਆ, ਬਾਣੀਆ ਮੰਗੇ ਹੋਏ ਸਮਾਨ ਦੀ ਇੰਤਜ਼ਾਰ ਕਰਨ ਲੱਗਾ। ਪਰ ਜਦ ਕੁਝ ਵੀ ਨਾ ਆਇਆ ਤਾਂ ਦੁਖੀ ਹੋ ਕੇ ਪੁਛਣ ਲੱਗਾ, “ਤੁਸੀਂ ਕੈਸੇ ਸੰਖ ਦਾਤਾ ਹੌ? ਪਹਿਲਾਂ ਵਾਲੇ ਤੋਂ ਤਾਂ ਜੋ ਮੰਗਿਆ ਫੱਟ ਮਿਲ ਗਿਆ ਸੀ।” ਸੰਖ ਹੱਸਦਾ ਹੋਇਆ ਬੋਲਿਆ, “ਮੈਂ ਗਪੌੜ ਸੰਖ ਹਾਂ, ਮੈਂ ਸਿਰਫ ਕਹਿੰਦਾ ਹੀ ਹਾਂ, ਦਿੰਦਾ-ਦੁੰਦਾ ਕੁਝ ਨਹੀਂ।”
ਇਸ ਤਰ੍ਹਾਂ ਗਪੌੜ ਸੰਖ ਉਹ ਹੈ, ਜੋ ਵਾਅਦੇ ਤਾਂ ਉਚੇ ਲੰਮੇ ਕਰਦਾ ਹੈ ਪਰ ਅਮਲੀ ਤੌਰ ਤੇ ਠੁੱਸ ਹੈ। ਦਰਅਸਲ ਇਸ ਕਹਾਣੀ ਦੇ ਸੰਸਕ੍ਰਿਤ ਰੂਪ ਵਿਚ ਸੰਖ ਉਸ ਨੂੰ “ਮੈਂ ਗਪੌੜ ਸੰਖ ਹਾਂ” ਦੀ ਥਾਂ ਤੇ ‘ਅਹਮ ਢਪੋਰ ਸ਼ੰਖਨਮ’ ਕਹਿੰਦਾ ਹੈ। ਪੰਜਾਬੀ ਵਿਚ ਇਸ ‘ਢਪੋਰ’ ਸ਼ਬਦ ਨੂੰ ਗਪੌੜ ਵਜੋਂ ਅਨੁਵਾਦਿਆ ਗਿਆ ਹੈ। ਢਪੋਰ ਦਾ ਅਰਥ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਹੈ, ਜੋ ਕੁਝ ਵੀ ਨਾ ਕਰ ਸਕਦਾ ਹੋਇਆ ਵੀ ਬਹੁਤ ਕੁਝ ਕਰ ਦੇਣ ਦੀਆਂ ਗੱਲਾਂ ਕਰਦਾ ਹੈ। ਢਪੋਰ ਢਬੋਲ ਤੋਂ ਬਣਿਆ ਹੈ ਜਿਸ ਦਾ ਪੂਰਵਰੂਪ ਦ੍ਰਪਵਤ ਹੈ ਜਿਸ ਦਾ ਮਾਅਨਾ ਫੁੱਲਿਆ ਹੋਇਆ ਹੁੰਦਾ ਹੈ। ਇਸ ਤੋਂ ਬਣੇ ਦਰਪ ਸ਼ਬਦ ਦਾ ਅਰਥ ਹੁੰਦਾ ਹੈ ਘਮੰਡ, ਅਭਿਮਾਨ। ਨਾਨਕ ਪ੍ਰਕਾਸ਼ ਵਿਚ ਆਇਆ ਹੈ, “ਪੀਰ ਮੀਰ ਸਿਧ ਦਰਪ ਛਰਨ ਕੋ।” “ਦਰਪ ਕਲਾ ਇਹ ਭਾਤਿ ਉਚਾਰੀ, ਜੋ ਰਾਜਾ ਸਭ ਤ੍ਰਿਆ ਤੁਹਾਰੀ”-ਦਸਮ ਗ੍ਰੰਥ। ਇਸ ਦਾ ਅਰਥ ਕਸਤੂਰੀ ਵਾਲਾ ਮਿਰਗ ਵੀ ਹੁੰਦਾ ਹੈ ਅਰਥਾਤ ਜੋ ਆਪਣੀ ਕਸਤੂਰੀ ਦੇ ਅਭਿਮਾਨ ਵਿਚ ਰਹਿੰਦਾ ਹੈ। ਸੰਖ ਵਿਚੋਂ ਖੋਖਲਾ ਹੁੰਦਾ ਹੈ ਤੇ ਵਿਚਕਾਰੋਂ ਫੁਲਿਆ ਹੋਇਆ। ਇਸ ਲਈ ਇਹ ਨਿਰਾ ਅੰਦਰੋਂ ਅਭਿਮਾਨੀ ਵਿਚੋਂ ਖਾਲੀ ਹੋਣ ਦਾ ਚਿੰਨ੍ਹ ਬਣਿਆ। ਕੁਝ ਇਸ ਤਰ੍ਹਾਂ ਜਿਵੇਂ ਲਿਫਾਫੇਬਾਜ਼ ਜਾਂ ‘ਥੋਥਾ ਚਣਾ ਬਾਜੇ ਘਣਾ।’ ਢਪੋਰ ਸ਼ਬਦ ਦਾ ਪੰਜਾਬੀ ਵਿਚ ਗਪੌੜ ਵਜੋਂ ਅਨੁਵਾਦ ਇਸੇ ਅਰਥ ਵਿਚ ਲਿਆ ਜਾਣਾ ਚਾਹੀਦਾ ਹੈ।