‘ਹਵਾ ਮੇਂ ਉੜਤਾ ਜਾਏæææ’ ਵਿਚ ਕਾਨਾ ਸਿੰਘ ਨੇ ਚੜ੍ਹਦੀ ਉਮਰ ਵਿਚ ਉਡਦੇ ਮਨ ਦੀ ਬਾਤ ਉਡੂੰ-ਉਡੂੰ ਕਰਦੀ ਨੇ ਸੁਣਾਈ ਹੈ। ਚਾਅ ਤਾਂ ਮਾਨੋ ਇਸ ਵਿਚੋਂ ਉਛਲ-ਉਛਲ ਪੈਂਦਾ ਹੈ।
ਇਸ ਵਿਚ ਦਿਲ ਵਿਚੋਂ ਉਠ ਤੇ ਉਡ ਰਹੀਆਂ ਉਮੰਗਾਂ ਤਾਂ ਹੈਨ ਹੀ, ਨਾਲ ਹੀ ਸਬਕ ਦੀਆਂ ਤੰਦਾਂ ਦੀ ਤਾਣੀ ਵੀ ਤਣੀ ਹੋਈ ਹੈ। ਇਸ ਲੇਖ ਵਿਚ ਮਾਵਾਂ ਅਤੇ ਧੀਆਂ ਦੇ ਸਾਂਝੇ ਫਿਕਰਾਂ ਨੂੰ ਜ਼ੁਬਾਨ ਮਿਲੀ ਹੈ। -ਸੰਪਾਦਕ
ਕਾਨਾ ਸਿੰਘ
ਅੱਠਵੀਂ ਜਮਾਤ ਤੇ ਰੇਲ ਰਾਹੀਂ ਸ਼ਾਹਦਰੇ ਤੋਂ ਦਿੱਲੀ ਦਾ ਸਫ਼ਰ। ਉਨ੍ਹਾਂ ਦਿਨਾਂ ਵਿਚ ਆਕਾਸ਼ਵਾਣੀ ਤੋਂ ਅਕਸਰ ਹੀ ਗੀਤ ਸੁਣਨ ਨੂੰ ਮਿਲਦਾ:
ਹਵਾ ਮੇਂ ਉੜਤਾ ਜਾਏ
ਮੇਰਾ ਲਾਲ ਦੁਪੱਟਾ ਮਲਮਲ ਕਾ
ਹੋ ਜੀ, ਹੋ ਜੀæææ
‘ਹਵਾ ਮੇਂ ਉੜਤਾ ਜਾਏ’ ਵਾਲੀ ਫਿਲਮ ਤਾਂ ਕੀ, ਮੈਂ ਕੋਈ ਹੋਰ ਫਿਲਮ ਵੀ ਅਜੇ ਤਕ ਨਹੀਂ ਸੀ ਵੇਖੀ ਹੋਈ, ਪਰ ਹਵਾ ਵਿਚ ਦੁਪੱਟਾ ਉਡਾਣ ਲਈ ਰੂਹ ਜ਼ਰੂਰ ਉਡੂੰ-ਉਡੂੰ ਕਰ ਰਹੀ ਸੀ।
ਜ਼ਿੱਦ ਕਰ ਕੇ ਮੈਂ ਮਨਾ ਹੀ ਲਿਆ ਮਾਂ ਨੂੰ ਲਾਲ ਸਾਟਨ ਦੀ ਕਮੀਜ਼ ਅਤੇ ਸ਼ਨੂੰਨ ਦੇ ਦੁਪੱਟੇ ਲਈ। ਸਲਵਾਰ ਉਦੋਂ ਚਿੱਟੀ ਹੀ ਪਾਈਦੀ ਸੀ, ਕੜਕੜ ਕਰਦੀ, ਲੱਠੇ ਦੀ।
ਘਰੋਂ ਬਾਹਰ ਪੈਰ ਪੁੱਟਦਿਆਂ ਹੀ ਸਿਰ ਕੱਜਿਆ-ਨੂਟਿਆ ਹੋਵੇ, ਮਾਂ ਦਾ ਹੁਕਮ ਸੀ। ਜੇ ਰਾਹ ਵਿਚ ਕਦੇ ਸਿਰੋਂ ਚੁੰਨੀ ਲੱਥ ਜਾਵੇ ਜਾਂ ਜਾਣ-ਬੁੱਝ ਕੇ ਖਿਸਕਣ ਦਿੱਤੀ ਹੋਵੇ, ਤੇ ਮਾਂ ਨੂੰ ਖ਼ਬਰ ਹੋ ਜਾਵੇ ਤਾਂ ਬਹੁਤ ਝਿੜਕਾਂ ਪੈਂਦੀਆਂ। ਸਕੂਲ ਵਿਚ ਅਜੇ ਵਰਦੀ ਲਾਗੂ ਨਹੀਂ ਸੀ ਹੋਈ। ਦਿੱਲੀ ਦੇ ਸਥਾਨਕ ਪਰਿਵਾਰਾਂ ਦੀਆਂ ਅਮੀਰ ਕੁੜੀਆਂ ਅਤੇ ਪੱਛਮੀ ਪੰਜਾਬ ਤੋਂ ਆ ਵੱਸੇ ਚਾਂਦਨੀ ਚੌਕ, ਦਰਿਆਗੰਜ ਜਾਂ ਕਸ਼ਮੀਰੀ ਗੇਟ ਦੇ ਰੱਜੇ-ਪੁੱਜੇ ਘਰਾਂ ਦੀਆਂ ਜਮਾਤਣਾਂ ਦੇ ਰੰਗ ਬਰੰਗੇ, ਮਹਿੰਗੇ ਤੇ ਚਮਕੀਲੇ ਲਿਬਾਸਾਂ ਸਾਹਵੇਂ ਮੈਨੂੰ ਆਪਣਾ ਸਾਦਾ ਸੂਤੀ ਸੂਟ ਅਤੇ ਢੱਕੇ ਹੋਏ ਸਿਰ ਵਿਚ ਇਕ ਗੁੱਤ ਵਾਲਾ ਤੁੱਛ ਜਿਹਾ ਵਜੂਦ ਬੜਾ ਉਦਾਸ ਕਰਦਾ। ਕਈ ਵੇਰਾਂ ਮੈਂ ਗੱਡੀ ਦੇ ਜ਼ਨਾਨੇ ਡੱਬੇ ਵਿਚ ਵੜਦਿਆਂ ਹੀ ਟੌਇਲੈਟ ਵਿਚ ਜਾ ਕੇ ਇਕ ਦੀ ਥਾਂ ਦੋ ਗੁੱਤਾਂ ਕਰ ਕੇ ਤੇ ਅੱਖਾਂ ਵਿਚ ਕੱਜਲ ਦੀ ਧਾਰ ਪਾ ਕੇ ਚੰਗੀ ਤਰ੍ਹਾਂ ਸਿਰ ਢੱਕ ਕੇ ਰੱਖਦੀ, ਤੇ ਸਟੇਸ਼ਨ ਤੋਂ ਸਕੂਲ ਤੱਕ ਵੀ ਸਿਰ ਢੱਕਿਆ ਹੀ ਰੱਖਦੀ ਤਾਂ ਜੁ ਪਿਤਾ ਜੀ ਜਾਂ ਵੀਰ ਜੀ ਵੇਖ ਨਾ ਲੈਣ, ਕਿਉਂਕਿ ਉਨ੍ਹਾਂ ਦੇ ਸਫ਼ਰ ਦਾ ਵੀ ਉਹੀ ਵੇਲਾ ਹੁੰਦਾ ਸੀ, ਕਦੇ ਉਹੀ ਤੇ ਕਦੇ ਅਗਲੀ ਪਿਛਲੀ ਸ਼ਟਲ ਗੱਡੀ।
ਬਰਸਾਤ ਦਾ ਮੌਸਮ ਅਤੇ ਸ਼ਪਾਸ਼ਪ ਹਵਾ ਦੇ ਫਰਾਟੇ। ਗੱਡੀ ਤੇਜ਼ ਰਫ਼ਤਾਰ ਨਾਲ ਜਮੁਨਾ ਨਦੀ ਦਾ ਪੁਲ ਪਾਰ ਕਰ ਰਹੀ ਸੀ ਤੇ ਮੈਂ ਖੜ੍ਹੀ ਹੋਈ ਸਾਂ ਜ਼ਨਾਨੇ ਡੱਬੇ ਦੇ ਬੂਹੇ ਵਿਚ। ਨਵੀਂ-ਨਕੋਰ ਲਾਲ ਕਰੇਬ ਦੀ ਕਮੀਜ਼ ਅਤੇ ਲਾਲ ਹੀ ਚੁੰਨੀ ਸ਼ਨੂੰਨ ਦੀ।
ਚੁੰਨੀ ਦਾ ਲੜ ਉਡਾਂਦੀ-ਫਰਫਰਾਂਦੀ ਮੈਂ ਗੁਣਗੁਣਾਉਣ ਲੱਗੀ, ਮੌਜ ਵਿਚ:
ਹਵਾ ਮੇਂ ਉਡਤਾ ਜਾਏ
ਮੇਰਾ ਲਾਲ ਦੁਪੱਟਾ ਮਲਮਲ ਕਾæææ æææ
ਪਤਾ ਹੀ ਨਾ ਲੱਗਾ ਤੇ ਦੁਪੱਟਾ ਉਡ ਗਿਆ। ਅੱਖ ਪਲਕਾਰੇ ਵਿਚ ਹੀ।
ਹੁਣ ਕੀ ਕਰਾਂ? ਕੀਕੂੰ ਨਿਕਲਾਂਗੀ ਗੱਡੀਓਂ ਬਾਹਰ, ਸਟੇਸ਼ਨ ਉਤੇ, ਚੁੰਨੀ ਬਗੈਰ? ਕੀਕੂੰ ਪਾਰ ਕਰਾਂਗੀ ਸਟੇਸ਼ਨ ਤੋਂ ਗਾਂਧੀ ਗਰਾਊਂਡ ਅਤੇ ਫਿਰ ਚਾਂਦਨੀ ਚੌਕ ਅਰ ਦਰੀਬੇ ਦੀ ਭੀੜ ਦਾ ਭਵਸਾਗਰ?
ਰੋਜ਼ ਹੀ ਤਾਂ ਮਿਲਦੇ ਸਨ ਰਾਹ ਵਿਚ ਚਾਚਾ ਜੀ, ਗੁਰਦੁਆਰਾ ਸੀਸ ਗੰਜ ਤੋਂ ਬਾਹਰ ਅਤੇ ਹੋਰ ਵੀ ਕਿੰਨੇ ਸਾਰੇ ਵਾਕਿਫ਼ ਤੇ ਰਿਸ਼ਤੇਦਾਰ ਵੀ। ਗੁਰਦੁਆਰਾ ਸੀਸ ਗੰਜ ਕੋਲੋਂ ਲੰਘਦਿਆਂ ਜੇ ਸਾਡੀ ਟੋਲੀ ਦੀ ਕਿਸੇ ਕੁੜੀ ਦੀ ਚੁੰਨੀ ਸਿਰੋਂ ਲੱਥੀ ਹੁੰਦੀ ਤਾਂ ਚਿਮਟਾ ਖੜਕਾਂਦਾ ਨਿਹੰਗ ਸਿੰਘ ਮਗਰ ਪੈ ਜਾਂਦਾ, ‘ਬੀਬੀ ਸਿਰ ‘ਤੇ ਪੱਲਾ ਲੈ, ਬੀਬੀ ਸਿਰ ‘ਤੇ ਪੱਲਾ ਲੈ’ ਕਰਦਾ।
ਸਿਰੋਂ ਲੱਥੀ ਤਾਂ ਛੋੜੋ, ਹੁਣ ਤਾਂ ਮੇਰੇ ਗਲ ਵਿਚ ਵੀ ਚੁੰਨੀ ਨਹੀਂ ਸੀ ਰਹੀ। ਹੁਣ ਕੀ ਕਰਾਂ? ਪਸੀਨੇ ਛੁੱਟ ਗਏ ਮੇਰੇ। ਕੱਪੋ ਤਾਂ ਖੂਨ ਨਹੀਂæææ।
ਲਾਲ ਦੁਪੱਟਾ ਕੀ ਉਡਿਆ, ਉਹ ਤਾਂ ਮੇਰੀ ਰੂਹ ਹੀ ਉਡਾ ਕੇ ਲੈ ਗਿਆ ਜਿਵੇਂ।
ਗੱਡੀ ਦੀ ਚਾਲ ਮੱਧਮ ਹੋਈ ਹੀ ਸੀ ਕਿ ਮੈਂ ਕੁੱਦ ਪਈ ਦਿੱਲੀ ਦੇ ਪਲੇਟਫਾਰਮ ਉਤੇ। ਦੌੜਨ ਲੱਗੀ ਵਾਹੋ-ਦਾਹੀ ਅੱਗੇ-ਅੱਗੇ, ਇੰਜਨ ਵੱਲ। ਪਲੇਟਫਾਰਮ ਮੁੱਕਦਿਆਂ ਹੀ ਰੇਲ ਦੀ ਪਟੜੀ ਨਾਲ ਤੁਰਦੀ ਤੁਰਦੀ ਅੱਗੇ ਜਾ ਕੇ ਲਹਿ ਗਈ। ਸੜਕ ਪਾਰ ਕੀਤੀ।
ਨਾਵਲਟੀ ਸਿਨਮੇ ਦੇ ਕੋਲ ਕਰ ਕੇ ਅੰਦਰ ਨੂੰ ਮੁੜਦੀ ਗਲੀ ਵਿਚ ਸੀ ਘਰ, ਸ਼ੀਲਾ ਸਕਸੈਨਾ ਦਾ। ਸ਼ਾਇਦ ਰੰਗ ਮਹੱਲ ਸੀ ਉਸ ਗਲੀ ਦਾ ਨਾਂ। ਸ਼ੀਲਾ ਮੇਰੀ ਜਮਾਤਣ ਸੀ। ਉਨ੍ਹਾਂ ਦੇ ਘਰ ਦਾ ਮਾਹੌਲ ਖੁੱਲ੍ਹਾ-ਡੁੱਲ੍ਹਾ ਸੀ। ਸ਼ੀਲਾ ਧੋਤੀ ਪਾਉਂਦੀ ਸੀ ਤੇ ਕਦੇ ਕਦੇ ਕੁੜਤੀ ਨਾਲ ਸ਼ਰਾਰਾ ਵੀ। ਸਿਰ ਢਕਣਾ ਉਸ ਲਈ ਜ਼ਰੂਰੀ ਨਹੀਂ ਸੀ। ਕਲਾ ਤੇ ਸੰਗੀਤ ਦਾ ਪ੍ਰੇਮੀ ਸੀ ਉਹ ਪਰਿਵਾਰ, ਤੇ ਮੈਂ ਉਸ ਪਰਿਵਾਰ ਦੀ ਚਹੇਤੀ। ਦਗੜ-ਦਗੜ ਚੜ੍ਹ ਗਈ ਮੈਂ ਪੌੜੀਆਂ ਅਤੇ ਫੁੱਟ-ਫੁੱਟ ਕੇ ਰੋ ਪਈ ਸ਼ੀਲਾ ਦੀ ਅੰਮਾ ਦੇ ਗਲ ਲੱਗ ਕੇ।
“ਚੁੰਨਰੀ ਸਿਰਫ਼ ਸਿਰ ਕਾ ਔੜ੍ਹਨ ਹੀ ਨਹੀਂ ਹੋਤੀ ਬਿਟੀਆ। ਯੇਹ ਨਸੀਬ ਹੋਤਾ ਹੈ ਹਮਾਰੇ ਵਰਤਮਾਨ ਕਾ। ਖੂਬ ਜਸ਼ਨ ਮਨਾਓ ‘ਅੱਬ ਕੇ ਪਲ ਕਾ’ ਔਰ ਜੀ ਭਰ ਕੇ ਉੜਾਓ ‘ਖੁਸ਼ੀਓਂ ਕਾ ਪੱਲੂ’ ਪਰ ਦੇਖਨਾ ਇਸਕੀ ਕੰਨੀ ਕਭੀ ਛੂਟ ਨਾ ਪਾਏ। ਭੀਂਚ ਕੇ ਪਕੜੇ ਰਹਿਨਾ ਇਸੇ ਜ਼ਬਤ ਕੀ ਮੁੱਠੀ ਮੇਂ।” ਸ਼ੀਲਾ ਦੀ ਮਾਂ ਨੇ ਦਿਲਾਸੇ ਦੇ ਨਾਲ ਨਸੀਹਤ ਵੀ ਦਿੱਤੀ ਅਤੇ ਸਕੂਲੋਂ ਨਾਗਾ ਕਰਨ ਦੀ ਇਜਾਜ਼ਤ ਦੇ ਨਾਲ-ਨਾਲ ਨਵੀਂ ਚੁੰਨੀ ਖਰੀਦਣ ਲਈ ਪੈਸੇ ਵੀ।
ਸ਼ੀਲਾ ਦੀ ਚੁੰਨੀ ਨਾਲ ਸਿਰ ਕੱਜ ਕੇ ਮੈਂ ਉਸ ਨਾਲ ਨਵੀਂ ਸੜਕ ਦੇ ਬਾਜ਼ਾਰ ਵਿਚੋਂ ਨਵੀਂ ਚੁੰਨੀ ਖਰੀਦੀ ਲਾਲ ਸ਼ਨੂੰਨ ਦੀ, ਹੂ-ਬ-ਹੂ ਉਹੋ ਜਿਹੀ ਤੇ ਫਿਰ ਉਧਰੋਂ ਹੀ ਚਾਵੜੀ ਬਾਜ਼ਾਰ ਵਲੋਂ ਹੁੰਦੀਆਂ ਅਸੀਂ ਜਾ ਵੜੀਆਂ ਪਰਦਾ ਬਾਗ਼ ਵਿਚ।
ਜਾਮਾ ਮਸਜਿਦ ਦੇ ਲਗਭਗ ਸਮਾਨਾਂਤਰ ਬਸਤੀ ਦਰਿਆਗੰਜ ਦੇ ਸ਼ੁਰੂ ਵਿਚ ਹੀ ਸਥਿਤ ਹੈ ਪਰਦਾ ਬਾਗ਼। ਇਹ ਬਾਗ਼ ਕੇਵਲ ਤੇ ਕੇਵਲ ਇਸਤਰੀਆਂ ਦੀ ਹੀ ਸੈਰਗਾਹ ਹੈ।
ਸੁਣਦੇ ਸਾਂ ਕਿ ਪਰਦਾ ਬਾਗ਼ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਦਾ ਹੈ। ਬਾਗ਼ ਵਿਚ ਪੁਰਾਣੀ ਦਿੱਲੀ ਦੀਆਂ ਪਰਦਾ-ਨਸ਼ੀਨ ਔਰਤਾਂ ਨਿਧੜਕ ਸੈਰ ਕਰਦੀਆਂ ਦਿਸਦੀਆਂ। ਅੰਦਰ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਦੇ ਬੁਰਕੇ ਲਹਿ ਜਾਂਦੇ। ਵੰਗਿਆਰੀਆਂ ਤੋਂ ਵੰਗਾਂ ਚੜ੍ਹਾਂਦੀਆਂ, ਪੀਂਘਾਂ ਝੂਟਦੀਆਂ। ਹਰ ਉਮਰ ਦੀਆਂ ਬਾਂਕੀਆਂ ਰੰਨਾਂ ਦੀਆਂ ਟੋਲੀਆਂ ਹੱਸਦੀਆਂ-ਖੇਡਦੀਆਂ, ਚੋਹਲ ਕਰਦੀਆਂ, ਪਾਨ ਚਬਾਂਦੀਆਂ ਦਿਸਦੀਆਂ। ਕੋਈ ਮਹਿੰਦੀ ਲਗਵਾ ਰਹੀ ਹੁੰਦੀ ਤੇ ਕੋਈ ਸਿਲਾਈ ਕਢਾਈ ਜਾਂ ਬੁਣਾਈ ਕਰਦੀ।
ਕਿਧਰੇ ਕੁਰਾਨ ਸ਼ਰੀਫ਼ ਦੀ ਜਮਾਤ ਲੱਗੀ ਹੁੰਦੀ ਤੇ ਕਿਧਰੇ ਸੰਗੀਤ ਦੀ। ਬਾਗ਼ ਵਿਚ ਇਕ ਵਰਦੀਬੱਧ ਸਿਪਾਹੀ ਵੀ ਫਿਰ ਰਿਹਾ ਹੁੰਦਾ ਜਿਸ ਦੇ ਮੋਢੇ ‘ਤੇ ਬਿੱਲਾ ਲੱਗਿਆ ਹੁੰਦਾ ‘ਮੇਰੇ ਲਾਇਕ ਕੋਈ ਸੇਵਾ’ ਦਾ। ਬਾਗ਼ ਦੇ ਅੰਦਰ ਵੀ ਭਾਵੇਂ ਫਲਾਂ ਅਤੇ ਮਿੱਠੀਆਂ-ਲੂਣੀਆਂ ਗਜ਼ਾਵਾਂ ਦੀਆਂ ਢੇਰੀਆਂ ਲਾਈ ਤੀਵੀਆਂ ਬੈਠੀਆਂ ਹੁੰਦੀਆਂ, ਪਰ ਉਸ ਸੇਵਾਦਾਰ ਰਾਹੀਂ ਬੀਬੀਆਂ ਤੇ ਬੇਗ਼ਮਾਂ ਬਾਹਰੋਂ ਵੀ ਮਨਚਾਹੀਆਂ ਵਸਤਾਂ ਮੰਗਵਾ ਸਕਦੀਆਂ ਸਨ।
ਪਰਦਾ ਬਾਗ਼ ਵਿਚ ਲਗਦੇ ਤੀਜ ਦੇ ਮੇਲੇ ਦਾ ਜੁਆਬ ਨਹੀਂ। ਥਾਂ ਥਾਂ ਚੂੜੀਆਂ, ਛਾਪਾਂ-ਛੱਲੇ, ਹਾਰ-ਗਾਨੀਆਂ, ਮਹਿੰਦੀ ਤੇ ਸ਼ਿੰਗਾਰ ਦੀਆਂ ਵਸਤਾਂ ਵੇਚ ਰਹੀਆਂ ਚੂੜੀਦਾਰ ਤੇ ਘੱਗਰੇਦਾਰ ਔਰਤਾਂ।
ਪਤਾ ਨਹੀਂ ਕਿੱਥੋਂ ਤਕ ਸੱਚ ਹੈ, ਪਰ ਸ਼ੀਲਾ ਦੀ ਅੰਮਾ ਦੱਸਦੀ ਹੁੰਦੀ ਸੀ ਕਿ ਅਕਬਰ ਬਾਦਸ਼ਾਹ ਆਪ ਵੀ, ਸਣੇ ਆਪਣੇ ਅਹਿਲਕਾਰ ਮਿੱਤਰਾਂ ਦੇ, ਪਾਲਕੀਆਂ ਵਿਚੋਂ ਬੁਰਕਾ-ਨਸ਼ੀਨ ਔਰਤਾਂ ਦੇ ਵੇਸ ਵਿਚ ਨਿਕਲ ਕੇ ਪਰਦਾ ਬਾਗ਼ ਦੇ ਹੁਸਨ ਮੇਲੇ ਦੇ ਨਜ਼ਾਰੇ ਵੇਖਣ ਆਉਂਦਾ ਸੀ।
ਖ਼ੈਰ! ਅੰਮਾ ਨੇ ਅੱਜ ਦਾ ਦਿਨ ਸਾਨੂੰ ਤਫ਼ਰੀਹ ਕਰਨ ਲਈ ਬਖ਼ਸ਼ ਦਿੱਤਾ ਸੀ। ਖ਼ੂਬ ਝੂਟੇ ਲਏ ਅਸਾਂ ਪੀਂਘਾਂ ਦੇ। ਅੰਬ ਚੂਪੇ। ਬਾਗ਼ ਦੀਆਂ ਸਾਰਸਾਂ, ਬਤਖ਼ਾਂ ਨਾਲ ਦੌੜਾਂ ਲਾਈਆਂ। ਬਾਅਦ ਦੁਪਹਿਰ ਸ਼ੀਲਾ ਦੇ ਘਰ ਪਰਤੀਆਂ। ਅੰਮਾਂ ਦੀਆਂ ਬਣਾਈਆਂ ਕਚੌਰੀਆਂ ਤੇ ਖੀਰ ਦਾ ਰੱਜ ਮਾਣਿਆ। ਤਾਸ਼ ਵੀ ਖੇਡੀ ਤੇ ਅੱਡੀ-ਟੱਪਾ ਵੀ।
ਇਹ ਸੀ ਸਾਡਾ ਉਸ ਦਿਨ ਦੀ ਪੜ੍ਹਾਈ ਦਾ ਪ੍ਰੋਗਰਾਮ। ਮੁੜ ਰੋਜ਼ ਵਾਂਗ ਚਾਰ ਵਜੇ ਦੀ ਗੱਡੀ ਮੈਂ ਜਾ ਫੜੀ ਪੁਰਾਣੀ ਦਿੱਲੀ ਦੇ ‘ਟੇਸ਼ਨ ਤੋਂ।
ਗੱਡੀ ਨੇ ਰਫ਼ਤਾਰ ਪਕੜੀ। ਜ਼ਨਾਨੇ ਡੱਬੇ ਦੇ ਬੂਹੇ ਵਿਚ ਖੜੋਤੀ ਹੁਣ ਵੀ ਮੈਂ ਹੇਕ ਲਾ ਰਹੀ ਸਾਂ ਪੂਰੀ ਮੌਜ ਵਿਚ:
ਹਵਾ ਮੇਂ ਉੜਤਾ ਜਾਏ
ਮੇਰਾ ਲਾਲ ਦੁਪੱਟਾ ਮਲਮਲ ਕਾ
ਹੋ ਜੀ, ਹੋ ਜੀæææ
ਹੁਣ ਦੁਪੱਟਾ ਚੰਗੀ ਤਰ੍ਹਾਂ ਵਲ੍ਹੇਟਿਆ ਹੋਇਆ ਸੀ ਗਲ ਦੁਆਲੇ। ਇਕ ਲੜ ਫਰਨ ਫਰਨ ਲਹਿਰਾ ਰਿਹਾ, ਤੇ ਦੂਜੇ ਦੀ ਚੂਕ ਮੇਰੀ ਮੁੱਠੀ ਵਿਚ ਕੱਸੀ ਹੋਈ।
“ਰੱਜ ਕੇ ਮਾਣੋ ‘ਹੁਣ’ ਦੇ ਪਲ ਨੂੰ, ਤੇ ਜੀ ਭਰ ਕੇ ਉਡਾਓ ਖੁਸ਼ੀਆਂ ਦਾ ਪੱਲੂ, ਪਰ ਵੇਖਣਾ ਇਸ ਦੀ ਚੂਕ ਨਾ ਛੁੱਟੇ ਕਦੇ। ਨੱਪੀ ਰਖੋ ਇਸ ਨੂੰ ਜ਼ਬਤ ਦੀ ਮੁੱਠੀ ਵਿਚ।” ਸ਼ੀਲਾ ਦੀ ਮਾਂ ਦੀ ਨਸੀਹਤ ਸਦਾ ਮੇਰੇ ਅੰਗ ਸੰਗ ਰਹੀ।