ਨੀਲਮ ਸੈਣੀ
ਫੋਨ: 510-502-0551
ਪੰਜਾਬੀ ਸਾਹਿਤ ਸਭਾ, ਕੈਲੀਫੋਰਨੀਆ 22 ਵਰ੍ਹੇ ਪੁਰਾਣੀ ਸੰਸਥਾ ਹੈ ਜੋ ਰਜਿਸਟਰ ਸ਼ ਮੁਹਿੰਦਰ ਸਿੰਘ ਘੱਗ ਨੇ ਕਰਵਾਈ ਸੀ। ਸੰਸਥਾ ਵਿਚ ਸਮੇਂ-ਸਮੇਂ ਕਈ ਸਾਹਿਤਕਾਰ ਸ਼ਾਮਿਲ ਹੂੰਦੇ ਰਹੇ ਹਨ ਜਿਨ੍ਹਾਂ ਵਿਚੋਂ ਕਈਆਂ ਦਾ ਕੱਦ-ਕਾਠ ਕਾਫੀ ਉਚਾ ਹੈ।
ਪਿਛਲੇ ਵਰ੍ਹੇ ਨੈਸ਼ਨਲ ਬੁੱਕ ਟਰੱਸਟ ਨੇ ਪਰਵਾਸੀ ਕਹਾਣੀਕਾਰਾਂ ਦਾ ਇਕ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਕੀਤਾ, ਜਿਸ ਦੇ ਸੰਪਾਦਕ ਕਹਾਣੀਕਾਰ ਜਿੰਦਰ ਅਤੇ ਡਾæ ਸਾਹਿਤਕਾਰ ਬਲਦੇਵ ਸਿੰਘ ਬੱਦਨ ਹਨ। ਇਸ ਕਹਾਣੀ ਸੰਗ੍ਰਿਹ ਵਿਚ ਅਮਰੀਕਾ ਦੇ 15 ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਪੁਰਾਣੇ-ਨਵੇਂ ਮੈਂਬਰ ਜਾਂ ਅਹੁਦੇਦਾਰ ਹਨ। ਇਨ੍ਹਾਂ ਵਿਚ ਚਰਨਜੀਤ ਸਿੰਘ ਪਨੂੰ, ਸੁਰਿੰਦਰ ਸੀਰਤ, ਰਾਠੇਸ਼ਵਰ ਸਿੰਘ ਸੂਰਾਪੁਰੀ, ਪ੍ਰੋæ ਹਰਭਜਨ, ਤਾਰਾ ਸਿੰਘ ਸਾਗਰ, ਪਰਵੇਜ਼ ਸੰਧੂ, ਗੁਰਪ੍ਰੀਤ ਧਾਲੀਵਾਲ ਅਤੇ ਨੀਲਮ ਸੈਣੀ ਸ਼ਾਮਿਲ ਹਨ।
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਧਰਮ, ਜਾਤ, ਰੰਗ ਅਤੇ ਲਿੰਗ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਅਜੋਕੇ ਮਰਦ ਪ੍ਰਧਾਨ ਸਮਾਜ ਵਿਚ ਸਾਹਿਤਕ ਸੰਸਥਾਵਾਂ ਵਿਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ ਪਰੰਤੂ ਇਸ ਸਾਹਿਤ ਸਭਾ ਵਿਚ ਮਹਿਲਾ ਲੇਖਕਾਂ ਦੀ ਭਰਵੀਂ ਸ਼ਮੂਲੀਅਤ ਅਤੇ ਉਨ੍ਹਾਂ ਦਾ ਵਖ ਵਖ ਅਹੁਦਿਆਂ ਉਤੇ ਰਹਿਣਾ ਇਸ ਗੱਲ ਵਲ ਸੰਕੇਤ ਹੈ ਕਿ ਇਸ ਸਭਾ ਵਿਚ ਉਨ੍ਹਾਂ ਨੂੰ ਨਾ ਸਿਰਫ ਬਣਦਾ ਮਾਣ ਹੀ ਮਿਲਦਾ ਹੈ ਸਗੋਂ ਹੱਲਾਸ਼ੇਰੀ ਵੀ ਮਿਲਦੀ ਹੈ।
ਇਸ ਸਾਹਿਤ ਸਭਾ ਵਿਚ ਔਰਤਾਂ ਦੀ ਸ਼ਮੂਲੀਅਤ ਕਰਕੇ ਸਭਾ ਦੀ ਹਰ ਮਿਲਣੀ ਵਿਚ ਸਾਹਿਤਕ ਮਾਹੌਲ ਦਾ ਸੁਭਾਅ ਪਰਿਵਾਰਕ ਹੋਣਾ ਸੁਭਾਵਿਕ ਹੈ। ਸਾਲ 1994 ਵਿਚ ਅਮਰੀਕਾ ਨਿਵਾਸੀ ਲਾਜ ਸੈਣੀ ਨਾਲ ਮੇਰਾ ਵਿਆਹ ਹੋਇਆ। ਉਸ ਸਮੇਂ ਮੈਂ ਸਾਹਿਤ ਆਸ਼ਰਮ ਟਾਂਡਾ ਦੀ ਸਭ ਤੋਂ ਛੋਟੀ ਉਮਰ ਦੀ ਸਰਗਰਮ ਮੈਂਬਰ ਸਾਂ। ਜੁਲਾਈ 1997 ਵਿਚ ਅਮਰੀਕਾ ਆਉਣ ਤੋਂ ਪਹਿਲਾਂ ਸਾਹਿਤ ਆਸ਼ਰਮ ਟਾਂਡਾ ਵਲੋਂ ਮੇਰਾ ਪਲੇਠਾ ਕਾਵਿ-ਸੰਗ੍ਰਿਹ Ḕਅਰਜ਼ੋਈḔ ਲੋਕ ਅਰਪਿਤ ਕੀਤਾ ਗਿਆ।
ਅਮਰੀਕਾ ਆ ਕੇ ਰੇਡੀਓ ‘ਗੀਤ-ਸੰਗੀਤ’ ਰਾਹੀਂ ਜਦੋਂ ਸੁਰਜੀਤ ਨਾਲ ਸੰਪਰਕ ਹੋਇਆ ਤਾਂ ਮੇਰੇ ਮਨ ਦੀ ਹਾਲਤ ਪਿਆਸੇ ਨੂੰ ਖੂਹ ਮਿਲਣ ਦੇ ਬਰਾਬਰ ਸੀ। ਅਗਲੇ ਹਫਤੇ ਹੀ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਿਲਪੀਟਸ ਵਿਚ ਮੀਟਿੰਗ ਸੀ। ਮੈਂ ਆਪਣੇ ਪਤੀ ਨਾਲ ਇਸ ਵਿਚ ਸ਼ਾਮਿਲ ਹੋਈ ਤਾਂ ਕਵੀ ਦਰਬਾਰ ਚੱਲ ਰਿਹਾ ਸੀ। ਸੁਰਿੰਦਰ ਸਿੰਘ ਸੀਰਤ ਨੇ ਥੋੜ੍ਹੀ ਦੇਰ ਬਾਅਦ ਹੀ ਮੈਨੂੰ ਮੰਚ ‘ਤੇ ਕਵਿਤਾ ਪੜ੍ਹਨ ਲਈ ਬੁਲਾਇਆ। ਕਵਿਤਾ ਪੜ੍ਹੀ ਤਾਂ ਹਾਲ ਤਾੜੀਆਂ ਨਾਲ ਗੂੰਜ ਉਠਿਆ। ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਉਸ ਦਿਨ ਭਾਰਤ ਤੋਂ ਆਏ ਪ੍ਰਸਿੱਧ ਸਾਹਿਤਕਾਰ ਡਾæ ਜਸਵੰਤ ਸਿੰਘ ਨੇਕੀ (ਮੁੱਖ ਮਹਿਮਾਨ) ਉਠ ਕੇ ਖੜ੍ਹੇ ਹੋ ਗਏ। ਉਨ੍ਹਾਂ ਮੇਰੇ ਸਿਰ ‘ਤੇ ਹੱਥ ਰੱਖਿਆ ਅਤੇ ਮੇਰਾ ਕਾਵਿ-ਸੰਗ੍ਰਿਹ ‘ਅਰਜ਼ੋਈ’ ਮੇਰੇ ਹੱਥੋਂ ਫੜ੍ਹ ਲਿਆ। ਮੇਰਾ ਹੌਸਲਾ ਬੁਲੰਦ ਹੋ ਗਿਆ। ਕੁਝ ਦਿਨਾਂ ਬਾਅਦ ਮੈਨੂੰ ਸੁਰਿੰਦਰ ਸਿੰਘ ਸੀਰਤ ਦਾ ਫੋਨ ਆਇਆ, “ਨੀਲਮ ਜੀ! ਅਸੀਂ ਸਾਲਾਨਾ ਕਾਨਫਰੰਸ ਕਰ ਰਹੇ ਹਾਂ। ਇੰਡੀਆ ਤੋਂ ਡਾæ ਜਗਤਾਰ ਨੇ ਆਉਣਾ ਹੈ। ਮੈਂ ਚਾਹੁੰਦਾ ਹਾਂ ਉਸ ਦਿਨ ਮੁਸ਼ਾਇਰੇ ਦੀ ਸ਼ਮ੍ਹਾਂ ਤੁਸੀਂ ਰੌਸ਼ਨ ਕਰੋ।” ਸਭਾ ਦੀ ਇਕ ਨਵੀਂ ਮੈਂਬਰ ਨੂੰ ਇਹ ਮਾਣ ਮਿਲਣਾ ਵੱਡੀ ਗੱਲ ਸੀ।
ਉਨ੍ਹੀਂ ਦਿਨੀਂ ਸਾਹਿਤਕ ਕੋਇਲ ਦੇ ਨਾਮ ਨਾਲ ਜਾਣੀ ਜਾਂਦੀ ਸਭਾ ਦੀ ਮੈਂਬਰ ਬਖਸ਼ੀਸ ਕੌਰ ਸੰਧੂ ਸੰਸਥਾ ਦੇ ਕਵੀ ਦਰਬਾਰਾਂ ਦਾ ਮੰਚ ਸੰਚਾਲਨ ਕਰਦੀ ਸੀ। ਉਹ ਬੋਲਦੀ ਤਾਂ ਦਰਸ਼ਕ ਸਾਹ ਰੋਕ ਕੇ ਸੁਣਦੇ। ਉਨ੍ਹਾਂ ਕੋਲ ਕੋਈ ਅਹੁਦਾ ਨਾ ਹੋਣ ਦੇ ਬਾਵਜੂਦ ਮੰਚ ਸੰਚਾਲਨ ਦੇਣਾ ਉਨ੍ਹਾਂ ਦੀ ਪ੍ਰਤਿਭਾ ਨੂੰ ਸਲਾਮ ਸੀ। ਉਨ੍ਹਾਂ ਨਾਲ ਜਦ ਵੀ ਫੋਨ ‘ਤੇ ਗੱਲ ਕਰਾਂ ਤਾਂ ਗੱਲ ਹਮੇਸ਼ਾ ਸਾਹਿਤ ਸਭਾ ਤੋਂ ਸ਼ੁਰੂ ਹੋ ਕੇ ਇਥੇ ਹੀ ਖਤਮ ਹੁੰਦੀ ਹੈ।
ਉਦੋਂ ਸੁਰਜੀਤ ਕੌਰ ਸਾਹਿਤ ਸਕੱਤਰ ਸੀ। ਕਾਵਿ-ਸੰਗ੍ਰਿਹ ‘ਸਿਕਸ਼ਤ ਰੰਗ’ ਉਸ ਨੇ ਇਸ ਸਭਾ ਦੇ ਸਾਹਿਤਕ ਰੰਗ ਵਿਚ ਰੰਗ ਹੋ ਕੇ ਹੀ ਲਿਖਿਆ ਜੋ ਬਾਅਦ ਵਿਚ ਸ਼ਾਹ ਮੁਖੀ ਵਿਚ ਵੀ ਪ੍ਰਕਾਸ਼ਿਤ ਹੋਇਆ। ਉਸ ਦੇ ਜੀਵਨ ਸਾਥੀ ਪਿਆਰਾ ਸਿੰਘ ਕੁੱਦੋਵਾਲ ਦੀ ਪ੍ਰਧਾਨਗੀ ਸਮੇਂ ਉਸ ਕੋਲ ਕੋਈ ਅਹੁਦਾ ਨਹੀਂ ਸੀ ਪਰ ਸਭਾ ਦੀਆਂ ਬਹੁਤੀਆਂ ਮੀਟਿੰਗਾਂ ਉਸ ਦੇ ਘਰ ਹੁੰਦੀਆਂ। ਉਸ ਦੀ ਮੇਜ਼ਬਾਨੀ ਦਾ ਆਪਣਾ ਹੀ ਰੰਗ ਹੁੰਦਾ। ਫਿਰ ਉਹ ਟੋਰਾਂਟੋ, ਕੈਨੇਡਾ ਚਲੇ ਗਏ ਪਰ ਉਥੇ ਵੀ ਉਨ੍ਹਾਂ ਦੀ ਕਲਮ ਨਿਰੰਤਰ ਚੱਲ ਰਹੀ ਹੈ। ਉਨ੍ਹਾਂ ਦੇ ਦੋ ਹੋਰ ਕਾਵਿ-ਸੰਗ੍ਰਿਹ ‘ਹੇ ਸਖੀ’ ਅਤੇ ‘ਵਿਸਮਾਦ’ ਛਪ ਚੁਕੇ ਹਨ। ਸੁਰਜੀਤ ਨੇ ਕੈਨੇਡਾ ਦਾ ਸਮੁੱਚਾ ਨਾਰੀ ਕਾਵਿ ‘ਕੂੰਜਾਂ’ ਕਾਵਿ-ਸੰਗ੍ਰਿਹ ਨਾਂ ਹੇਠ ਸੰਪਾਦਿਤ ਕੀਤਾ ਹੈ। ਇੰਟਰਨੈਟ ‘ਤੇ ‘ਸਿਰਜਣਹਾਰੀ’ ਬਲਾਗ ਔਰਤਾਂ ਦੀ ਪ੍ਰਤੀਨਿਧਤਾ ਕਰ ਰਿਹਾ ਹੈ। ਟੋਰਾਂਟੋ ਵਿਚ ਪੁਸਤਕ ਰਿਲੀਜ਼ ਸਮਾਗਮਾਂ ਵਿਚ ਪਰਚਾ ਪੜ੍ਹਨ ਲਈ ਉਸ ਦੀ ਖਾਸ ਚੋਣ ਕੀਤੀ ਜਾਂਦੀ ਹੈ। ‘ਮੇਘਲਾ’ ਵਿਸ਼ੇਸ਼ ਅੰਕ ਉਸ ਦੇ ਨਾਂ ਹੇਠ ਪ੍ਰਕਾਸ਼ਿਤ ਹੋਇਆ ਹੈ। ਉਸ ਦੀ ਕਲਮ ਕਹਾਣੀਆਂ ਵੀ ਸਿਰਜ ਰਹੀ ਹੈ। ਉਹ ਕਹਿੰਦੀ ਥੱਕਦੀ ਨਹੀਂ, “ਮੈਂ ਪੰਜਾਬੀ ਸਾਹਿਤ ਸਭਾ ਵਿਚ ਰਹਿ ਕੇ ਹੀ ਇੰਨੀ ਪ੍ਰਫੁਲਿਤ ਹੋਈ ਹਾਂ।”
ਮਨਜੀਤ ਕੌਰ ਸੇਖੋਂ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਰਹਿ ਚੁਕੀ ਹੈ। ਯੂਬਾ ਸਿਟੀ/ਸੈਕਰਾਮੈਂਟੋ ਅਤੇ ਬੇ-ਏਰੀਆ ਯੂਨਿਟ ਦਾ ਸਬੰਧ ਹਮੇਸ਼ਾ ਗੂੜ੍ਹਾ ਰਿਹਾ ਹੈ। ਤ੍ਰੈ-ਮਾਸਿਕ ਮਿਲਣੀ ਜਾਂ ਕਿਸੇ ਹੋਰ ਵਿਸ਼ੇਸ਼ ਸਮਾਗਮ ਲਈ ਸੱਦਾ ਆਉਂਦਾ ਤਾਂ ਸਾਨੂੰ ਬੇ-ਏਰੀਏ ਵਾਲਿਆਂ ਨੂੰ ਚਾਅ ਚੜ੍ਹ ਜਾਂਦਾ। ਇਹ ਸਮਾਗਮ ਉਸ ਦੇ ਘਰ ਹੀ ਹੁੰਦੇ। ਉਸ ਦਾ ਜੀਵਨ ਸਾਥੀ ਵਰਿੰਦਰ ਸੇਖੋਂ ਅਤੇ ਦੋਵੇਂ ਬੇਟੇ-ਜਸਮਨਵੀਰ ਸਿੰਘ ਸੇਖੋਂ ਤੇ ਕਰਮਵੀਰ ਸਿੰਘ ਸੇਖੋਂ ਸਾਰਾ ਦਿਨ ਆਏ ਸਾਹਿਤਕ ਮਹਿਮਾਨਾਂ ਦੀ ਸੇਵਾ ਕਰਦੇ ਨਾ ਥੱਕਦੇ। ਮਨਜੀਤ ਦੀਆਂ ਲਿਖਤਾਂ ਵਿਚ ਉਸ ਦਾ ਨਾਵਲਿਟ ‘ਘਰ ਪਰਤਦੇ ਰਿਸ਼ਤੇ’, ਤਿੰਨ ਕਹਾਣੀ-ਸੰਗ੍ਰਿਹ ‘ਯਾਦਾਂ ਦੀ ਫੁਲਕਾਰੀ’, ‘ਰਿਸ਼ਤਿਆਂ ਦੇ ਜ਼ਖ਼ਮ’ ਅਤੇ ‘ਰਿਸ਼ਤਿਆਂ ਦੇ ਮੁਕਾਮ’ ਸ਼ਾਮਿਲ ਹਨ। ਇਸ ਤੋਂ ਇਲਾਵਾ ਮਨਜੀਤ ਨੇ ਕਵਿਤਾਵਾਂ ਵੀ ਲਿਖੀਆਂ ਹਨ। ਉਸ ਨੂੰ ਰਿਸ਼ਤਿਆਂ ਦੀ ਲੇਖਿਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਨਜੀਤ ਇਹ ਕਹਿੰਦਿਆਂ ਭਾਵੁਕ ਹੋ ਜਾਂਦੀ ਹੈ, “ਪੰਜਾਬੀ ਸਾਹਿਤ ਸਭਾ ਦੇ ਇਸ ਬੂਟੇ ਨੂੰ ਅਸੀਂ ਆਪਣੇ ਖੂਨ ਪਸੀਨੇ ਨਾਲ ਪਾਲਿਆ ਹੈ।”
ਅਮਰਜੀਤ ਪਨੂੰ ਨੇ ਵੀ ਸਭਾ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਕ ਕਾਨਫਰੰਸ ਦੌਰਾਨ ਕਹਾਣੀਕਾਰਾ ਦਲੀਪ ਕੌਰ ਟਿਵਾਣਾ ਦੀ ਸ਼ਿਰਕਤ ਲਈ ਉਸ ਨੇ ਖਾਸ ਯਤਨ ਕੀਤਾ। ਉਸ ਦੀ ਸਾਹਿਤਕ ਪ੍ਰਾਪਤੀ ਉਸ ਦਾ ਕਹਾਣੀ-ਸੰਗ੍ਰਿਹ ‘ਅਧੂਰੀਆਂ ਕਹਾਣੀਆਂ ਦੇ ਪਾਤਰ’ ਹੈ।
ਨਵਨੀਤ ਕੌਰ ਪਨੂੰ ਨੇ ਸਭਾ ਦੀ ਮੀਤ ਪ੍ਰਧਾਨ ਦੇ ਅਹੁਦੇ ਦੀ ਜਿੰਮੇਵਾਰੀ ਨਿਭਾਈ ਹੈ। ਉਸ ਦੀਆਂ ਸਾਹਿਤਕ ਪ੍ਰਾਪਤੀਆਂ ਵਿਚ ਨਾਵਲ ‘ਏਕਮ ਅਵਾਸ’ ਅਤੇ ਕਾਵਿ-ਸੰਗ੍ਰਿਹ ‘ਇਕਾਂਤ ਦਾ ਦਿਹਾਂਤ’ ਸ਼ਾਮਿਲ ਹਨ। ਉਸ ਦੀਆਂ ਕੁਝ ਕਹਾਣੀਆਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਸਭਾ ਦੀ ਜਨਰਲ ਸਕੱਤਰ ਰਹਿ ਚੁੱਕੀ ਪਰਵੇਜ਼ ਸੰਧੂ ਇਕ ਵਧੀਆ ਕਹਾਣੀਕਾਰ ਹੈ। ਸੰਗੀਤ ਸਿੱਖਿਆ ਦੀ ਮਾਹਿਰ ਜੋਤੀ ਸਿੰਘ ਯੂਬਾ ਸਿਟੀ/ਸੈਕਰਾਮੈਂਟੋ ਇਕਾਈ ਦੀ ਜਨਰਲ ਸਕੱਤਰ ਰਹਿ ਚੁੱਕੀ ਹੈ ਅਤੇ ਹੁਣ ਦਲਵੀਰ ਦਿਲ ਨਿੱਜਰ ਦੇ ਪ੍ਰਧਾਨਗੀ ਕਾਲ ਵਿਚ ਮੀਤ ਪ੍ਰਧਾਨ ਹੈ। ਕਹਾਣੀਕਾਰ ਤਤਿੰਦਰ ਜੋ ਇਸ ਸਭਾ ਨਾਲ ਇਕ ਅਰਸੇ ਤੋਂ ਜੁੜੀ ਹੋਈ ਹੈ, ਖਜ਼ਾਨਚੀ ਰਹਿ ਚੁੱਕੀ ਹੈ। ਤਤਿੰਦਰ ਹਰ ਮਹਿਫਿਲ ਵਿਚ ਨਵੀਂ ਕਹਾਣੀ ਲੈ ਕੇ ਆਉਂਦੀ ਹੈ।
ਜੇ ਮੈਂ ਆਪਣੀ ਗੱਲ ਕਰਾਂ, 1997 ਵਿਚ ਮੈਂ ਇਸ ਸੰਸਥਾ ਦੀ ਮੈਂਬਰ ਬਣੀ ਪਰ ਘਰੇਲੂ ਮਜਬੂਰੀਆਂ ਕਾਰਨ ਮੇਰੀ ਹਾਜ਼ਰੀ ਨਾ-ਮਾਤਰ ਹੁੰਦੀ ਸੀ। ਮੇਰੇ ਮੰਮੀ ਸ੍ਰੀਮਤੀ ਕਮਲਾ ਦੇਵੀ 2004 ਵਿਚ ਇਤਫਾਕਨ ਅਮਰੀਕਾ ਆ ਗਏ। ਉਨ੍ਹਾਂ ਨੇ ਮੈਨੂੰ ਮੁੜ ਸਰਗਰਮ ਕਰਨ ਲਈ ਮੇਰੇ ਨਾਲ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀਆਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਇਸ ਸਾਲ ਹੀ ਸਾਲਾਨਾ ਕਹਾਣੀ ਕਾਨਫਰੰਸ ਆ ਗਈ। ਮੈਂ ਥੋੜ੍ਹਾ ਸੰਕੋਚਦਿਆਂ ਉਸ ਵੇਲੇ ਦੇ ਪ੍ਰਧਾਨ ਪਿਆਰਾ ਸਿੰਘ ਕੁੱਦੋਵਾਲ ਕੋਲੋਂ ਕਵੀ ਦਰਬਾਰ ਦਾ ਮੰਚ ਸੰਚਾਲਨ ਕਰਨ ਦੀ ਆਗਿਆ ਮੰਗੀ। ਉਸ ਨੇ ਬਿਨਾਂ ਕੁਝ ਸੋਚਿਆਂ ਹਾਂ ਕਰ ਦਿੱਤੀ। ਉਸ ਮੰਚ ਸੰਚਾਲਨ ਨੇ ਮੇਰੇ ਅੰਦਰਲੀ ਪ੍ਰਤਿਭਾ ਨੂੰ ਹੱਲਾ-ਸ਼ੇਰੀ ਦਿੱਤੀ। ਫਿਰ ਮੈਨੂੰ ਸਭਾ ਦੀ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਜਿੰਮੇਵਾਰੀ ਲੰਮਾ ਅਰਸਾ ਸੌਂਪੀ ਗਈ।
ਮੇਰੀਆਂ ਸਾਹਿਤਕ ਪ੍ਰਾਪਤੀਆਂ ਵਿਚ ਮੇਰੇ ਦੋ ਕਾਵਿ-ਸੰਗ੍ਰਿਹ ‘ਕਾਨੀ ਦੇ ਘੁੰਗਰੂ’ ਅਤੇ ‘ਹਰਫਾਂ ਦੀ ਡੋਰ’ ਸ਼ਾਮਿਲ ਹਨ। ਸਭਾ ਦੇ ਪ੍ਰਧਾਨ ਰਹਿ ਚੁਕੇ ਤਾਰਾ ਸਿੰਘ ਸਾਗਰ ਨਾਲ ਸਹਿ-ਸੰਪਾਦਿਤ ਅਮਰੀਕੀ ਪੰਜਾਬੀ ਕਾਵਿ-ਸੰਗ੍ਰਿਹ ‘ਉਧਾਰ ਲਏ ਪਰਾਂ ਦੀ ਦਾਸਤਾਨ’ ਨੂੰ ਪੰਜਾਬੀ ਸਾਹਿਤ ਜਗਤ ਵਿਚ ਵਿਲੱਖਣ ਸਥਾਨ ਹਾਸਿਲ ਹੈ। ਸਭਾ ਦੀਆਂ ਮੀਟਿੰਗਾਂ ਵਿਚ ਕਹਾਣੀਆਂ ‘ਤੇ ਹੁੰਦੀ ਉਸਾਰੂ ਆਲੋਚਨਾ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਕਹਾਣੀਆਂ ਲਿਖੀਆਂ। ਪ੍ਰੋæ ਗੁਰਬਖਸ਼ ਸਿੰਘ ਸੱਚਦੇਵ, ਅਮਰਜੀਤ ਦਰਦੀ ਅਤੇ ਪ੍ਰੋæ ਹਰਭਜਨ ਸਿੰਘ ਦਾ ਸੰਪਾਦਿਤ ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਿਹ ‘ਪੰਖ, ਪਿੰਜਰਾ ਤੇ ਪਰਵਾਜ਼’ ਜੋ ਅੱਜ ਕਲ੍ਹ ਪੰਜਾਬੀ ਯੂਨੀਵਰਸਿਟੀ ਦੇ ਬੀæਏæ ਆਨਰਜ਼ ਦੇ ਸਿਲੇਬਸ ਵਿਚ ਸ਼ਾਮਿਲ ਹੈ, ਵਿਚ ਮੇਰੀਆਂ ਦੋ ਕਹਾਣੀਆਂ ‘ਸਿਟੀਜ਼ਨਸ਼ਿਪ’ ਅਤੇ ‘ਡਾਰੋਂ ਵਿਛੜੀ ਕੂੰਜ’ ਸ਼ਾਮਿਲ ਹਨ। ਇਸ ਤੋਂ ਇਲਾਵਾ ਨਵ-ਪ੍ਰਕਾਸ਼ਿਤ ਪੁਸਤਕਾਂ ਬਾਰੇ ਜਾਣ-ਪਹਿਚਾਣ ਲਿਖਣ ਅਤੇ ਬੋਲਣ ਦੀ ਜਿੰਮੇਵਾਰੀ ਵੀ ਮੈਨੂੰ ਸੌਂਪੀ ਜਾਂਦੀ ਹੈ। ਨਵਾਂ ਕਾਵਿ-ਸੰਗ੍ਰਿਹ ਵੀ ਜਲਦ ਆ ਰਿਹਾ ਹੈ। ‘ਲੋਕ ਗੀਤਾਂ’ ਦੀ ਪੁਸਤਕ ਸੰਪਾਦਿਤ ਕਰ ਰਹੀ ਹਾਂ। ਬੋਲਣ ਦੇ ਸੌæਕ ਨੂੰ ਜਨਰਲ ਸਕੱਤਰ ਦੇ ਅਹੁਦੇ ਨੇ ਪੂਰਾ ਹੀ ਨਹੀਂ ਕੀਤਾ ਸਗੋਂ ਇਸ ਨੂੰ ਅੱਗੇ ਵੀ ਤੋਰਿਆ ਹੈ। ‘ਗੋਲਡਨ ਪੰਜਾਬ ਕਲੱਬ’ ਵਲੋਂ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮਾਂ, ਆਲ ਨੈਚੁਰਲ ਫਰਿਜ਼ਨੋ ਵਲੋਂ ‘ਫੁਲਕਾਰੀ ਗਿੱਧਾ’ ਅਤੇ ਪੰਜਾਬੀ ਫੁਲਵਾੜੀ ਕੋਰਪ ਵਲੋਂ ਪਾਈ ਗਈ ਲੋਹੜੀ ਅਤੇ ਅਖਬਾਰ Ḕਪੰਜਾਬ ਟਾਈਮਜ਼Ḕ ਦੇ ਫੰਡ ਰੇਜ਼ਿੰਗ ਦੇ ਮੰਚ ਸੰਚਾਲਨ ਨੇ ਮੇਰੀ ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿਚ ਪਹਿਚਾਣ ਬਣਾਈ ਹੈ। ਇਸ ਦਾ ਸਿਹਰਾ ਵੀ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਨੂੰ ਹੀ ਜਾਂਦਾ ਹੈ ਜੋ ਔਰਤਾਂ ਨੂੰ ਅਹਿਮ ਅਹੁਦਿਆਂ ‘ਤੇ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪ ਕੇ ਉਨ੍ਹਾਂ ਵਿਚ ਇਸ ਕਦਰ ਸਵੈ-ਮਾਣ ਭਰਦੀ ਹੈ ਕਿ ਉਹ ਆਪਣੇ ਆਪ ‘ਤੇ ਮਾਣ ਕਰਦੀਆਂ, ਆਤਮ ਵਿਸ਼ਵਾਸ ਅਤੇ ਦ੍ਰਿੜ ਇਰਾਦੇ ਨਾਲ ਆਪਣੀ ਮੰਜ਼ਿਲ ਪ੍ਰਾਪਤੀ ਲਈ ਯਤਨਸ਼ੀਲ ਰਹਿੰਦੀਆਂ ਹਨ।