ਪ੍ਰੋਫੈਸਰ ਬਲਕਾਰ ਸਿੰਘ
ਫੋਨ: 91-93163-01328
ਫਿਲਮ ‘ਨਾਨਕ ਸ਼ਾਹ ਫਕੀਰ’ ਭਾਵੇਂ ਇਸ ਦੇ ਨਿਰਮਾਤਾ ਹਰਵਿੰਦਰ ਸਿੰਘ ਸਿੱਕਾ ਨੇ ਦੇਸ਼-ਵਿਦੇਸ਼ ਵਿਚ ਸਿਨੇਮਿਆਂ ਤੋਂ ਉਤਰਵਾ ਦਿਤੀ ਹੈ ਪਰ ਇਸ ਬਾਰੇ ਚਰਚਾ ਅਜੇ ਵੀ ਜਾਰੀ ਹੈ।
ਪੰਜਾਬੀ ਫਿਲਮਾਂ ਪ੍ਰਤੀ ਪੰਜਾਬੀਆਂ ਦੇ ਸੁਭਾ ਨੂੰ ਲੈ ਕੇ ਲਿਖੀ ਗਈ ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਦੀ ਸੰਪਾਦਕੀ (19 ਅਪਰੈਲ) ਨਾਲ ਕਲਾ, ਕਲਾ-ਤਕਨਾਲੋਜੀ ਅਤੇ ਪੰਜਾਬੀ ਕਲਾਕਾਰਾਂ ਪ੍ਰਤੀ ਪੰਜਾਬੀਆਂ ਦੀ ਬੇਰੁਖੀ ‘ਤੇ ਟਿਪਣੀ ਹੋ ਗਈ ਹੈ ਅਤੇ ‘ਨਾਨਕ ਸ਼ਾਹ ਫਕੀਰ’ ਫਿਲਮ ਨਾਲ ਜੋ ਹੋ ਰਿਹਾ ਹੈ, ਉਸ ਵਲ ਵੀ ਇਸ਼ਾਰਾ ਹੋ ਗਿਆ ਹੈ। ਸਿੱਖਾਂ ਨੂੰ ਇਹ ਕੌਣ ਦੱਸੇਗਾ ਕਿ ਸਿੱਖ-ਬੇਰੁਖੀ ਨੂੰ ਸਿੱਖ-ਨਾਬਰੀ ਸਮਝਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ।
ਫਿਲਮ ਬਾਰੇ ਜਿਸ ਤਰ੍ਹਾਂ ਦਾ ਵਿਰੋਧ ਅੰਬਾਲੇ ਤੱਕ ਦੇ ਸਿੱਖਾਂ ਵਿਚੋਂ ਵੀ ਇਕ ਖਾਸ ਮਾਨਸਿਕਤਾ ਵਾਲੇ ਸਿੱਖਾਂ ਵਲੋਂ ਹੋਇਆ, ਉਸ ਨੇ ਮੇਰੀ ਫਿਲਮ ਪ੍ਰਤੀ ਉਤਸੁਕਤਾ ਇਥੋਂ ਤੱਕ ਵਧਾ ਦਿੱਤੀ ਕਿ ਜਿੰਨਾ ਮੈਥੋਂ ਫਿਲਮ ਨੂੰ ਦੂਰ ਕਰਨ ਦਾ ਯਤਨ ਹੁੰਦਾ ਗਿਆ, ਉਨਾਂ ਹੀ ਮੈਂ ਬਿਨਾਂ ਦੇਖੇ ਹੀ ਫਿਲਮ ਦੇ ਨੇੜੇ ਹੁੰਦਾ ਗਿਆ। ਮੈਂ ਅੰਦਾਜ਼ਾ ਲਾ ਲਿਆ ਕਿ ਜੇ ਮੇਰਾ ਇਹ ਹਾਲ ਹੈ ਤਾਂ ਬਾਕੀ ਸਿੱਖਾਂ ਦਾ ਵੀ ਇਹੋ ਜਿਹਾ ਹੀ ਹੋਵੇਗਾ? ਇਹ ਆਪਣੇ ਆਪ ਵਿਚ ਮਸਲਾ ਹੈ ਕਿ ਜੋ ਮਸਲਾ ਨਹੀਂ, ਉਹੋ ਹੀ ਮਸਲਾ ਹੋ ਜਾਵੇ। ਅਮਰੀਕਾ ਤੋਂ ਪ੍ਰੋæ ਆਈæਜੇæ ਸਿੰਘ ਨੇ ‘ਦੀ ਟ੍ਰਿਬਿਊਨ’, ਚੰਡੀਗੜ੍ਹ (15 ਅਪਰੈਲ) ਰਾਹੀਂ ਮਸਲੇ ਨੂੰ ਮਸਲੇ ਵਾਂਗ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਸਾਨੂੰ ਗੁਰੂ ਸਾਹਿਬ ਦੀ ਫੋਟੋ ਉਤੇ ਕੋਈ ਇਤਰਾਜ਼ ਨਹੀਂ, ਪਰ ਗੁਰੂ ਸਾਹਿਬ ਦੀ ਫੋਟੋ ਖਿੱਚਣ ਉਤੇ ਇਤਰਾਜ਼ ਹੈ? ਇਕ ਹੋਰ ਲੇਖ ‘ਹਿੰਦੁਸਤਾਨ ਟਾਈਮਜ਼’ (18 ਅਪਰੈਲ) ਵਿਚ ਛਪਿਆ ਅਤੇ ਅਮਨਦੀਪ ਸੰਧੂ ਨੂੰ ਲੱਗਿਆ ਕਿ ਫਿਲਮ ‘ਤੇ ਰੋਕ ਤਾਂ ਕੋਈ ਹੱਲ ਨਹੀਂ ਹੋ ਸਕਦਾ ਕਿਉਂਕਿ ਰੋਕ ਨਾਲ ਫਿਲਮ ਪ੍ਰਤੀ ਉਤਸੁਕਤਾ ਹੋਰ ਵਧੇਗੀ ਅਤੇ ਵਧੀ ਹੋਈ ਉਤਸੁਕਤਾ ਨੂੰ ਫਿਲਮ ਵੇਖਣ ਤੋਂ ਰੋਕੇਗਾ ਕੌਣ? ਇਹ ਗੱਲ ਚੰਗੀ ਹੈ ਕਿ ਹਰਿੰਦਰ ਸਿੰਘ ਸਿੱਕਾ ਦੀ ਫਿਲਮ ਬਾਰੇ ਚਰਚਾ ਤਾਂ ਤੁਰੀ ਹੈ ਕਿਉਂਕਿ ਬਹੁਤੀਆਂ ਪੰਜਾਬੀ ਫਿਲਮਾਂ ਤਾਂ ਅਣਗੌਲੀਆਂ ਹੀ ਜਾਂਦੀਆਂ ਰਹੀਆਂ ਹਨ। ਇਸ ਚਰਚਾ ਨੂੰ ‘ਕਿਛੁ ਕਹੀਐ ਕਿਛੁ ਸੁਣੀਐ’ ਦੀ ਭਾਵਨਾ ਨਾਲ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਆਪਣੀ ਗੱਲ ਪ੍ਰੋæ ਪੂਰਨ ਸਿੰਘ ਦੀ ਇਸ ਟੂਕ ਨਾਲ ਸ਼ੁਰੂ ਕਰਾਂਗਾ ਕਿ ਸਮਝ ਤੋਂ ਕੰਮ ਨਹੀਂ ਲਵਾਂਗੇ ਤਾਂ ਪੈਰ-ਕੁਹਾੜੀ ਨਹੀਂ, ਕੁਹਾੜੀ ਉਤੇ ਪੈਰ ਮਾਰ ਰਹੇ ਹੋਵਾਂਗੇ- ‘ਮੈਂ ਖਾਲਸਾ ਜੀ ਨੂੰ ਕਹਿਣਾ ਚਾਹੁੰਦਾ ਹਾਂ, ਆਪਣਾ ‘ਤੇਜ ਤੇ ਤਬਾ’ ‘ਤੀਬਰਤਾ’ (ੀਨਟeਨਸਟੇ), ਹਾਂ ਇਹੋ ਰੂਹਾਨੀਅਤ (ਸਪਰਿਟੁਅਲਟੇ), ਇਹਨੂੰ ਸਤਿਗੁਰੂ ਦੇ ਦੱਸੇ ਰਾਹ ਪਾਓ, ਨਹੀਂ ਤਾਂ ਇਹੋ ਓਹ ਕਟਾਰ ਹੋ ਜਾਸੀ ਜੇਹੜੀ ਆਪਣੇ ਪੈਰੀਂ ਹੀ ਨਾ ਆ ਵੱਜੇ।’
ਇਸ ਦੇ ਵਿਸਥਾਰ ਵਿਚ ਜਾਏ ਬਿਨਾ ਇਸ ਬਹੁਤ ਪੁਰਾਣੀ ਅਤੇ ਕਿਸੇ ਹੋਰ ਪ੍ਰਸੰਗ ਵਿਚ ਵਡੇਰਿਆਂ ਦੀ ਟਿਪਣੀ ਤੋਂ ਚਾਹੀਏ ਤਾਂ ਲਾਹਾ ਲਿਆ ਜਾ ਸਕਦਾ ਹੈ।
ਜਿਨ੍ਹਾਂ ਚੋਣਵੇਂ ਸਿੱਖਾਂ ਨੂੰ ਸਿੱਕਾ ਨੇ ਇੰਗਲੈਂਡ ਵਿਚ ਫਿਲਮ ਦਿਖਾਈ ਉਨ੍ਹਾਂ ਵਿਚੋਂ ਇਕ ਜਾਗੇ ਹੋਏ ਸਿੱਖ ਦਾ ਕਹਿਣਾ ਸੀ ਕਿ ਫਿਲਮ ਦੀ ਗੰਭੀਰਤਾ ਨੂੰ ਗੰਭੀਰ ਹੋ ਕੇ ਹੀ ਸਮਝਿਆ ਜਾ ਸਕਦਾ ਹੈ। ਫਿਲਮ ‘ਤੇ ਰੋਕ ਦਾ ਮੀਡੀਆ ਦੇ ਇਸ ਸੂਖਮ-ਯੁੱਗ ਵਿਚ ਕੋਈ ਥਾਂ ਹੀ ਨਹੀਂ ਹੈ ਕਿਉਂਕਿ ਫਿਲਮ ਤਾਂ ਮੋਬਾਈਲਾਂ ‘ਤੇ ਆਮ ਹੀ ਦੇਖੀ ਜਾ ਰਹੀ ਹੈ। ਜੋ ਦੇਖਦਾ ਹੈ, ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਦੂਰ ਦਿਸਹੱਦੇ ‘ਤੇ ਉਹ ਚੋਲਾ-ਬਿੰਬ ਖਿੱਚ ਪਾਉਂਦਾ ਹੈ, ਜਿਸ ਵੱਲ ਵੇਖਣ ਵਾਲਿਆਂ ਦੀ ਉਤਸੁਕਤਾ ਉਛਲ-ਉਛਲ ਪੈਣ ਲੱਗ ਪੈਂਦੀ ਹੈ। ਫਿਲਮ ਵਿਚ ਇਹ ਖਿਆਲ ਰੱਖਿਆ ਗਿਆ ਹੈ ਕਿ ਉਤਸੁਕਤਾ ਗੁਰੂ ਨਾਨਕ ਦੇਵ ਜੀ ਦਾ ਹੋ ਜਾਣ ਦੀ ਹੈ। ਇਹੋ ਤਾਂ ਸਿੱਖ ਮੁੱਢ ਤੋਂ ਚਾਹੁੰਦੇ ਆ ਰਹੇ ਹਨ। ਜੇ ਫਿਲਮ ਰਾਹੀਂ ਇਸ ਸੰਦੇਸ਼ ਨੂੰ ਕੇਂਦਰੀਅਤਾ ਪ੍ਰਾਪਤ ਹੋ ਗਈ ਹੈ ਤਾਂ ਇਤਰਾਜ਼ ਕਿਸ ਗੱਲ ‘ਤੇ ਹੈ?
ਇਹ ਸੱਚਾਈ ਸਥਾਪਤ ਹੋ ਚੁੱਕੀ ਹੈ ਕਿ ਪ੍ਰਾਪਤ ਸੂਚਨਾ-ਤਕਨਾਲੋਜੀ ਨੂੰ ਵਰਤੇ ਬਿਨਾਂ ਕੋਈ ਵੀ ਸੰਦੇਸ਼, ਭੂਗੋਲਿਕ ਹੱਦਾਂ ਨੂੰ ਪਾਰ ਨਹੀਂ ਕਰ ਸਕਦਾ। ਦਲੀਲ ਵਾਸਤੇ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਸਲਾਮ ਅਤੇ ਈਸਾਈਅਤ ਸੂਚਨਾ-ਤਕਨਾਲੋਜੀ ਤੋਂ ਬਿਨਾਂ ਹੀ ਫੈਲ ਗਏ ਸਨ। ਇਨ੍ਹਾਂ ਦੀ ਰੀਸੇ ਸਿੱਖਾਂ ਵਿਚ ਇਹ ਭਾਵਨਾ ਪਰਵੇਸ਼ ਕਰ ਗਈ ਹੈ ਕਿ ‘ਰਾਜ ਬਿਨਾ ਨਹਿ ਧਰਮ ਚਲਹਿ ਹੈ’। ਏਸੇ ਵਿਚਾਰ ਵਿਚੋਂ ਕੱਢਣ ਦੀ ਕੋਸ਼ਿਸ਼ ਦੇ ਹੱਕ ਵਿਚ ਭੁਗਤਦੀ ਹੈ ਪ੍ਰੋæ ਪੂਰਨ ਸਿੰਘ ਦੀ ਉਪਰੋਕਤ ਟੂਕ। ਪਰ ਮਸਲਾ ਤਾਂ ਇਹ ਹੈ ਕਿ ਫਿਲਮ ਪੰਜਾਬੀ ਸੂਬੇ ਤੋਂ ਬਿਨਾਂ ਸਾਰੀ ਦੁਨੀਆਂ ਵਿਚ ਇਕ ਵਾਰ ਰਿਲੀਜ਼ ਹੋ ਗਈ ਸੀ ਅਤੇ ਇਸ ਨੂੰ ਵੇਖਣ ਵਾਲੇ ਸਿੱਖਾਂ ਨੇ ਕੋਈ ਇਤਰਾਜ਼ ਵੀ ਨਹੀਂ ਕੀਤਾ।
ਇਸ ਨਾਲ ਬਹੁਤ ਸਾਰੇ ਸਵਾਲ ਪੈਦਾ ਹੋ ਗਏ ਹਨ। ਸਵਾਲਾਂ ਵਿਚੋਂ ਸਾਰਿਆਂ ਨਾਲੋਂ ਖਤਰਨਾਕ ਸਵਾਲ ਇਹ ਹੈ ਕਿ ਕੀ ਪੰਜਾਬੀ ਸੂਬੇ ਵਾਲੇ ਸਿੱਖ ਨੌਜਵਾਨ, ਤਾਲਿਬਾਨੀ-ਸ਼ਿਆਸਤ ਵਾਲੇ ਰਾਹ ਤਾਂ ਨਹੀਂ ਪੈ ਰਹੇ? ਪੰਜਾਬ ਦੇ ਪਿੰਡਾਂ ਵਿਚ ਬੈਠੇ ਆਮ ਸਿੱਖ ਨੂੰ, ਜਿਹੜਾ ਅਖਬਾਰ ਨਹੀਂ ਪੜ੍ਹਦਾ, ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ‘ਨਾਨਕ ਸ਼ਾਹ ਫਕੀਰ’ ਨਾਂ ਦੀ ਫਿਲਮ ਦਾ ਕੋਈ ਮਸਲਾ ਵੀ ਹੈ। ਵੈਸੇ ਤਾਂ ਪੇਂਡੂਆ ਦਾ ਇਹ ਨਿਰਛਲ-ਸੁਭਾ ਹਰ ਤਰ੍ਹਾਂ ਦੀ ਸਿਆਸਤ ਨੂੰ ਠੀਕ ਬੈਠਦਾ ਰਿਹਾ ਹੈ ਕਿਉਂਕਿ ਉਸ ਵੱਡੀ ਗਿਣਤੀ ਨੂੰ ਬਹੁਤੀ ਵਾਰ ਇਹ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਵਲੋਂ ਕੋਈ ਪੰਥਕ ਫੈਸਲਾ ਲੈ ਲਿਆ ਗਿਆ ਹੈ।
ਦੁਨੀਆਂ ਭਰ ਵਿਚ ਸਿੱਖਾਂ ਦੇ ਫੈਲ ਜਾਣ ਨਾਲ ਇਹ ਸਵਾਲ ਵੀ ਪੈਦਾ ਹੋ ਗਿਆ ਹੈ ਕਿ ਅੰਬਾਲੇ ਤੱਕ ਰਹਿੰਦੇ ਸਿੱਖਾਂ ਵਲੋਂ ਕੀ ਸਾਰੀ ਦੁਨੀਆਂ ਦੇ ਸਿੱਖਾਂ ਨੂੰ ਵਿਸ਼ਵਾਸ਼ ਵਿਚ ਲਏ ਬਿਨਾ ਕੋਈ ਵੀ ਫੈਸਲਾ ਲਿਆ ਜਾ ਸਕਦਾ ਹੈ? ਇਸ ਫਿਲਮ ‘ਤੇ ਚਰਚਾ ਨੇ ਇਹ ਤੇ ਇਹੋ ਜਿਹੇ ਬਹੁਤ ਸਾਰੇ ਸਵਾਲ ਪੈਦਾ ਕਰ ਦੇਣੇ ਹਨ ਅਤੇ ਇਨ੍ਹਾਂ ਬਾਰੇ ਚਰਚਾ ਵਿਚੋਂ ਸਿੱਖ-ਭਾਈਚਾਰੇ ਦੇ ਭਵਿਖ ਨਾਲ ਜੁੜੇ ਹੋਏ ਉਸਾਰੂ ਹੱਲ ਵੀ ਸਾਹਮਣੇ ਆ ਸਕਦੇ ਹਨ।
ਫਿਲਮ ਜਿਨ੍ਹਾਂ ਨੇ ਵੇਖੀ ਹੈ ਅਤੇ ਹੋਰ ਵੇਖਣਗੇ, ਉਨ੍ਹਾਂ ਦੀਆਂ ਟਿਪਣੀਆਂ ਦੀ ਰੌਸ਼ਨੀ ਵਿਚ ਫਿਲਮ ਨੂੰ ਬਣਾਉਣ ਵਾਲਿਆਂ ਅਤੇ ਫਿਲਮ ਨੂੰ ਰੁਕਵਾਉਣ ਵਾਲਿਆਂ ਦਾ ਸੱਚ ਸਾਹਮਣੇ ਆ ਹੀ ਜਾਣਾ ਹੈ। ਇਥੇ ਤਾਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਵਾਰ-ਵਾਰ ਸਿੱਖਾਂ ਨਾਲ ਜੁੜੀਆਂ ਹੋਈਆਂ ਫਿਲਮਾਂ ਨੂੰ ਲੈ ਕੇ ਝਗੜਾ ਕਿਉਂ ਹੁੰਦਾ ਹੈ? ਝਗੜੇ ਦਾ ਸਬੰਧ ਉਨਾ ਫਿਲਮ ਬਣਾਉਣ ਵਾਲਿਆਂ ਨਾਲ ਨਹੀਂ ਹੁੰਦਾ, ਜਿੰਨਾ ਫਿਲਮ ਦਾ ਵਿਰੋਧ ਕਰਨ ਵਾਲਿਆਂ ਨਾਲ ਹੁੰਦਾ ਹੈ। ਕਾਰਨ ਇਹ ਹੈ ਕਿ ਕੋਈ ਵੀ ਫਿਲਮਕਾਰ ਝਗੜੇ ਵਾਲੀ ਫਿਲਮ ਵਿਚ ਨਿਵੇਸ਼ ਹੀ ਕਿਉਂ ਕਰੇਗਾ? ਕਿਸੇ ਵੀ ਕਾਰਨ ਜਦੋਂ ਫਿਲਮ ਬਾਰੇ ਰੌਲਾ ਪੈਂਦਾ ਹੈ ਤਾਂ ਸੂਬੇ ਦੀ ਸਰਕਾਰ, ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਸਵਾਲ ਉਠਣੇ ਸ਼ੁਰੂ ਹੋ ਜਾਂਦੇ ਹਨ। ਤਿੰਨੇ ਹੀ ਸੰਸਥਾਵਾਂ ਇਸ ਵੇਲੇ ਅਕਾਲੀ ਦਲ ਦੀ ਸਰਕਾਰ ਹੋਣ ਕਰਕੇ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਤਿੰਨਾਂ ਵਿਚੋਂ ਕੋਈ ਧਿਰ ਵੀ ਇਸ ਮਾਮਲੇ ਦੇ ਪੱਕੇ ਹੱਲ ਵਾਲੇ ਰਾਹ ਪੈਣ ਲਈ ਤਿਆਰ ਨਜ਼ਰ ਨਹੀਂ ਆਉਂਦੀ। ਸਾਰਿਆਂ ਨੂੰ ਪਤਾ ਹੈ ਕਿ ਇਹ ਤਕਨੀਕੀ ਮਾਮਲਾ ਹੈ ਅਤੇ ਇਸ ਨੂੰ ਤਕਨੀਕੀ ਪ੍ਰਸੰਗ ਵਿਚ ਹੀ ਸੁਲਝਾਏ ਜਾਣ ਦੀ ਲੋੜ ਹੈ। ਇਸ ਵਾਸਤੇ ਤਕਨੀਕੀ-ਮਾਹਿਰਾਂ ਦੀ ਸਹਾਇਤਾ ਲੈਣੀ ਪਵੇਗੀ। ਸਾਰੀ ਫਿਲਮ-ਇੰਡਸਟਰੀ ਪੰਜਾਬੀਆਂ ਨਾਲ ਭਰੀ ਪਈ ਹੈ ਅਤੇ ਕੋਈ ਵੀ ਪੰਜਾਬੀ ਸਿੱਖ-ਭਾਵਨਾ ਵਿਰੁਧ ਭੁਗਤਣ ਦੀ ਗਲਤੀ ਨਹੀਂ ਕਰਨਾ ਚਾਹੁੰਦਾ। ਫਿਰ ਇਨ੍ਹਾਂ ਵਿਚੋਂ ਕਮੇਟੀ ਬਣਾਉਣ ਦੀ ਥਾਂ ਸ਼੍ਰੋਮਣੀ ਕਮੇਟੀ ਨੂੰ ਹੀ ਅਧਿਕਾਰ ਦੇਣੇ ਜ਼ਰੂਰੀ ਕਿਉਂ ਹਨ? ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਨੁਮਾਇੰਦਿਆਂ ਨੂੰ ਜਦੋਂ ਫਿਲਮ ਵਿਖਾਈ ਗਈ ਸੀ ਤਾਂ ਉਸ ਵੇਲੇ ਤਕਨੀਕੀ-ਮਾਹਿਰਾਂ ਨੂੰ ਨਾਲ ਕਿਉਂ ਨਹੀਂ ਬਿਠਾਇਆ ਗਿਆ?
ਫਿਲਮ ਸ਼ੈਂਸਰ-ਬੋਰਡ ਵਿਚੋਂ ਲੰਘ ਚੁੱਕੀ ਹੈ ਅਤੇ ਸੁਪਰੀਮ ਕੋਰਟ ਫਿਲਮ ਵਿਰੁਧ ਕਾਰਵਾਈ ਕਰਨ ਤੋਂ ਇਨਕਾਰ ਕਰ ਚੁੱਕੀ ਹੈ। ਅਕਾਲੀਆਂ ਦੀ ਭਾਈਵਾਲ ਕੇਂਦਰ ਸਰਕਾਰ ਨੇ ਫਿਲਮ ਨੂੰ ਨਹੀਂ ਰੋਕਿਆ। ਫਿਰ ਪੰਜਾਬ ਸਰਕਾਰ ਨੇ ਕਿਸ ਆਧਾਰ ‘ਤੇ ਦੋ ਮਹੀਨਿਆਂ ਦੀ ਰੋਕ ਲਾਈ ਹੈ? ਅਮਨ-ਕਾਨੂੰਨ ਦੇ ਬਹਾਨੇ ਨਾਲ ਕੀ ਕੀਤਾ ਜਾ ਸਕਦਾ ਹੈ? ਇਸ ਬਾਰੇ ਅਕਾਲੀਆਂ ਨਾਲੋਂ ਵੱਧ ਕੌਣ ਜਾਣਦਾ ਹੈ? ਇਹ ਸਾਰਾ ਕੁਝ ਜੇ ਓਹਲੇ ਵਿਚੋਂ ਹੋ ਗਿਆ ਹੈ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਇਸ ਨਾਲ ਕਿਸ ਨੂੰ ਲਾਭ ਹੋਇਆ ਹੈ ਅਤੇ ਕਿਸ ਨੂੰ ਨੁਕਸਾਨ? ਜੇ ਕਿਸੇ ਨੂੰ ਲਾਭ ਨਹੀਂ ਹੋਇਆ ਤਾਂ ਨੁਕਸਾਨ ਸਹਿਣ ਵਾਲਿਆਂ ਬਾਰੇ ਹਮਦਰਦੀ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਨੁਕਤੇ ਤੇ ਵਿਚਾਰ-ਚਰਚਾ ਰਾਹੀਂ ਵੀ ਪਹੁੰਚਿਆ ਜਾ ਸਕਦਾ ਹੈ।
ਅਕਾਲੀ ਸਰਕਾਰ ਤੋਂ ਤਾਂ ਇਹੀ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸਿੱਖ-ਗੁਰੂਆਂ ਬਾਰੇ ਬਣੀਆਂ ਫਿਲਮਾਂ ਨੂੰ ਜੇ ਰੋਕਣਾ ਪਵੇ ਤਾਂ ਬਹੁਤ ਸੋਚ ਸਮਝ ਕੇ ਰੋਕਿਆ ਜਾਣਾ ਚਾਹੀਦਾ ਹੈ। ਗੁਰੂ ਸਾਹਿਬਾਨ ਬਾਰੇ ਗ਼ਲਤ ਬਿਆਨੀਆਂ ਵਾਲਾ ਬਹੁਤ ਸਾਰਾ ਸਾਹਿਤ ਲਿਖਿਆ ਹੋਇਆ ਪ੍ਰਾਪਤ ਹੈ, ਪਰ ਇਸ ਨਾਲ ਸਿੱਖ ਅਤੇ ਗੁਰੂ ਵਿਚਕਾਰ ਕਦੇ ਵਿਥ ਪੈਦਾ ਨਹੀਂ ਹੋਈ। ਯਕੀਨ ਇਹੀ ਰੱਖਣਾ ਚਾਹੀਦਾ ਹੈ ਕਿ ਫਿਲਮਾਂ ਵੀ ਗੁਰੂ ਅਤੇ ਸਿੱਖ ਵਿਚਕਾਰ ਵਿਥ ਪੈਦਾ ਨਹੀਂ ਕਰ ਸਕਣਗੀਆਂ, ਕਿਉਂਕਿ ਗੁਰੂ ਦਾ ਪਿਆਰ ਸਿੱਖ ਦੇ ਲਹੂ ਵਿਚ ਹੈ। ਸਿੱਖ-ਭਾਈਚਾਰੇ ਦਾ ਹਰ ਤਰ੍ਹਾਂ ਦੇ ਵਿਰੋਧ ਅਤੇ ਆਤੰਕ ਵਿਚ ਵੀ ਸਹਿਜ-ਵਿਗਾਸ ਹੁੰਦਾ ਰਿਹਾ ਹੈ। ਗੁਰੂ ਦੇ ਆਸਰੇ ਨਾਲ ਮੱਲਾਂ ਮਾਰਨ ਵਾਲੇ ਸਿੱਖਾਂ ਨੂੰ ਨਿੱਕੇ-ਨਿੱਕੇ ਬਹਾਨਿਆਂ ਨਾਲ ਡਰਾਉਣਾ ਅਤੇ ਵਿਚਲਿਤ ਨਹੀਂ ਕਰਨਾ ਚਾਹੀਦਾ। ਹਾਂ, ਇਸ ਮਸਲੇ ਤੇ ਸੰਵਾਦ ਰਚਾ ਸਕਦੇ ਹੋਈਏ ਤਾਂ ਉਹ ਗੁਰੂ-ਆਸ਼ੇ ਨੂੰ ਅੱਗੇ ਲੈ ਜਾਣ ਵਿਚ ਸਹਾਈ ਹੋਵੇਗਾ।
*ਸਾਬਕਾ ਮੁਖੀ, ਗੁਰੂ ਗੰ੍ਰਥ ਸਾਹਿਬ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ।