ਗੁਲਜ਼ਾਰ ਸਿੰਘ ਸੰਧੂ
ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਦੀ ਮੁਸਲਮਾਲਾਂ ਤੇ ਈਸਾਈਆਂ ਪ੍ਰਤੀ ਹੈਂਕੜਬਾਜ਼ੀ ਨੇ ਹਿੰਦੂ ਬਹੁਗਿਣਤੀ ਦੀ ਸੱਜੀ ਬਾਂਹ ਸਮਝਦੇ ਆਏ ਸਿੱਖਾਂ ਨੂੰ ਵੀ ਆਪਣੀ ਹੋਂਦ ਬਾਰੇ ਸੋਚਣ ਲਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਨਾਲ ਸਜੱਰੀ ਮਿਲਣੀ ਨੂੰ ਵੀ ਟਿੱਪਣੀਕਾਰ ਸਰਸਰੀ ਮੁਲਾਕਾਤ ਨਹੀਂ ਮੰਨਦੇ।
ਖਾਸ ਕਰਕੇ ਤਖਤ ਹਜ਼ੂਰ ਸਾਹਿਬ ਦਾ ਪ੍ਰਬੰਧ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਿਛੋਕੜ ਵਾਲੇ ਭਾਜਪਾ ਵਿਧਾਇਕ ਤਾਰਾ ਸਿੰਘ ਦੇ ਹੱਥਾਂ ਵਿਚ ਦਿੱਤੇ ਜਾਣ ਤੋਂ ਪਿੱਛੋਂ। ਹੁਣ ਉਥੋਂ ਦੇ ਪ੍ਰਬੰਧਕੀ ਬੋਰਡ ਵਿਚ ਵੀ ਚੀਫ ਖਾਲਸਾ ਦੀਵਾਨ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਣਦਾ ਹਿੱਸਾ ਘਟਾ ਦਿੱਤਾ ਗਿਆ ਹੈ। ਕੱਲ੍ਹ ਨੂੰ ਪੰਜਾਬ ਦੀ ਵਾਗਡੋਰ ਅਕਾਲੀ ਦਲ ਦੇ ਹੱਥਾਂ ਵਿਚ ਰਹਿੰਦੀ ਹੈ ਜਾਂ ਨਹੀਂ, ਕੇਂਦਰ ਵਿਚ ਕਿਸੇ ਸਿੱਖ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਬਣਨਾ ਸੌਖਾ ਨਹੀਂ ਰਿਹਾ। ਸ਼ਾਇਦ ਗ੍ਰਹਿ ਮੰਤਰੀ ਜਾਂ ਸਪੀਕਰ ਬਣਨਾ ਵੀ ਨਹੀਂ। ਇਸ ਘਟਨਾਕ੍ਰਮ ਵਿਚ ਸ਼ ਬਾਦਲ ਦਾ ਡੋਲਣਾ ਸੁਭਾਵਿਕ ਹੈ।
ਪੰਜਾਬ ਦੀ ਅਜੋਕੀ ਰਾਜਨੀਤਕ ਸਥਿਤੀ ਨੇ ਮੈਨੂੰ ਖਵਾਜਾ ਅਹਿਮਦ ਅੱਬਾਸ ਦੀ ਬੱਤੀ ਸਾਲ ਪਹਿਲਾਂ ਦੀ ਇੱਕ ਲਿਖਤ ਚੇਤੇ ਕਰਵਾ ਦਿੱਤੀ ਹੈ। ਥਾਂ ਦੀ ਥੁੜ ਕਾਰਨ ਮੈਂ ਉਸ ਦਾ ਸਾਰ ਏਸ ਤਰ੍ਹਾਂ ਪੇਸ਼ ਕਰ ਰਿਹਾ ਹਾਂ ਜਿਵੇਂ ਉਹਦੀ ਕਲਮ ਨੇ ਹੀ ਲਿਖਿਆ ਹੋਵੇ,
“ਦੇਸ਼ ਵੰਡ ਤੋਂ ਪਹਿਲਾਂ ਤੇ ਉਸ ਤੋਂ ਦੋ ਦਹਾਕੇ ਪਿੱਛੋਂ ਤੱਕ ਮੇਰਾ ਜਨਮ ਸਥਾਨ ਪਾਨੀਪਤ ਪੰਜਾਬ ਦਾ ਹੀ ਭਾਗ ਸੀ। ਇਕ ਵਾਰੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਪੜ੍ਹਦਿਆਂ ਯੂ ਪੀ ਦੇ ਭਈਆਂ ਨੇ ਚਿੜਾਉਣ ਦੇ ਭਾਵ ਨਾਲ ਮੈਨੂੰ ਪੁੱਛਿਆ, ‘ਮੈਂ ਬੰਦਾ ਹਾਂ ਕਿ ਪੰਜਾਬੀ’ ਤਾਂ ਮੇਰੇ ਮੂੰਹ ਤੋਂ ਸੁਭਾਵਿਕ ਹੀ ਪੰਜਾਬੀ ਨਿਕਲਣ ਤੋਂ ਪਿੱਛੋਂ ਉਹ ਏਨਾ ਖਿੜ-ਖਿੜਾ ਕੇ ਹੱਸੇ ਕਿ ਮੈਨੂੰ ਵੀ ਆਪਣੀ ਗਲਤੀ ਦੀ ਸਮਝ ਪੈ ਗਈ। ਜਦੋਂ ਅਕਾਲੀ ਦਲ ਨੇ ਦਿਨ ਰਾਤ ਇੱਕ ਕਰਕੇ ਪੰਜਾਬੀ ਸੂਬਾ ਲੈ ਲਿਆ ਤਾਂ ਮੈਨੂੰ ਹਰਿਆਣਵੀ ਹੋ ਜਾਣਾ ਹਜ਼ਮ ਨਹੀਂ ਸੀ ਹੋ ਰਿਹਾ। ਨਵੀਂ ਦਿੱਲੀ ਵਿਚ ਇਕ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਬੋਲਦਿਆਂ ਮੈਂ ਆਪਣੇ ਆਪ ਨੂੰ ਪੰਜਾਬੀ ਕਿਹਾ ਤਾਂ ਵਿਗਿਆਨ ਭਵਨ ਦਾ ਕੋਨਾ ਕੋਨਾ ਤਾੜੀਆਂ ਨਾਲ ਗੂੰਜ ਉਠਿਆ। ਮੈਨੂੰ ਇਹ ਗੱਲ ਵੀ ਕੱਲ੍ਹ ਵਾਂਗ ਚੇਤੇ ਹੈ ਕਿ ਜਦੋਂ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਮੁੰਬਈ ਆਏ ਤਾਂ ਉਹ ਕਰੋੜਪਤੀ ਬੋਹਰਾ, ਖੋਜਾ ਤੇ ਮੈਮਨ ਮੁਸਲਮਾਨਾਂ ਦੇ ਸੱਦੇ ਠੁਕਰਾ ਕੇ ਪੰਜਾਬੀ ਅਦਾਕਾਰਾਂ ਦੇ ਖਾਣਾ ਖਾਂਦੇ, ਜਿੱਥੇ ਉਨ੍ਹਾਂ ਨੂੰ ਆਪਣੀ ਪਸੰਦ ਦਾ ਖਾਣਾ ਤੇ ਲਤੀਫੇ ਸੁਣਨ ਨੂੰ ਮਿਲਦੇ, ਉਨ੍ਹਾਂ ਦੀ ਆਪਣੀ ਜ਼ੁਬਾਨ ਵਿਚ। ਇਕ ਪਾਕਿਸਤਾਨੀ ਮੁਸਲਿਮ ਪੱਤਰਕਾਰ ਬਲਰਾਜ ਸਾਹਨੀ ਦੇ ਘਰ ਗਿਆ ਤਾਂ ਪਟਿਆਲਾਸ਼ਾਹੀ ਪੰਜ-ਪੰਜ ਪੈਗ ਲਾਉਣ ਪਿੱਛੋਂ ਉਨ੍ਹਾਂ ਨੂੰ ਖਾਣਾ ਭੁੱਲ ਗਿਆ ਤੇ ਦੋਵੇਂ ਦੁਨੀਆਂ ਭਰ ਦੇ ਪੰਜਾਬੀ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਇੱਕ ਦੂਜੇ ਨੂੰ ਜੱਫੀਆਂ ਪਾਉਣ ਲਗ ਗਏ। ਮੈਂ ਠੰਡੇ-ਤੱਤੇ ਅਨੇਕ ਮੁਲਕ ਵੇਖੇ ਹਨ। ਹਿੰਦੂ-ਮੁਸਲਮ-ਸਿੱਖ ਪੰਜਾਬੀ ਆਪਣੇ ਪੰਜਾਬੀ ਹੋਣ ਦਾ ਮਾਣ ਜਤਾਉਂਦੇ ਨਹੀਂ ਥੱਕਦੇ। ਧਰਤੀ ਅਤੇ ਦਰਿਆਵਾਂ ਦੀ ਵੰਡ ਤੋਂ ਪਿੱਛੋਂ ਉਹ ਹਾਲੀ ਵੀ ਪੰਜਾਂ ਦਰਿਆਵਾਂ ਦੇ ਪੰਜਾਬੀ ਹਨ।”
ਆਪਣੇ ਲੇਖ ਦੇ ਅੰਤ ਵਿਚ ਅੱਬਾਸ ਨੇ ਹਰਿਆਣਵੀ ਹੋ ਜਾਣ ਦੇ ਪ੍ਰਭਾਵ ਨੂੰ ਧੋਣ ਲਈ ਹਰੀ ਕ੍ਰਾਂਤੀ ਦਾ ਸਹਾਰਾ ਲਿਆ ਸੀ। ਇਹ ਲਿਖ ਕੇ ਕਿ ਇਹ ਕ੍ਰਿਸ਼ਮਾ ਕਰਨ ਵਿਚ ਹਰਿਆਣਾ ਦਾ ਵੀ ਓਨਾ ਹੀ ਹੱਥ ਹੈ ਜਿੰਨਾ ਪੰਜਾਬ ਦਾ। ਅੱਬਾਸ ਦੇ ਲੇਖ ਦਾ ਮੇਰੇ ਵੱਲੋਂ ਦਿੱਤਾ ਸਾਰ ਚੰਗਾ ਤਾਂ ਨਹੀਂ ਪਰ ਹੈ ਸੱਚਾ। ਅੰਗਰੇਜ਼ੀ ਰਸਾਲੇ ‘ਬਲਿਟਜ਼’ ਦੇ ਪੁਰਾਣੇ ਪਾਠਕ ਜਾਣਦੇ ਹਨ ਕਿ ਅੱਬਾਸ ਦੇ ਸਪਤਾਹਿਕ ਕਾਲਮ ਵਿਚ ਕਿੰਨੀ ਜਾਨ ਹੁੰਦੀ ਸੀ। ਜੇ ਫੇਰ ਵੀ ਕਿਸੇ ਨੇ ਅੱਬਾਸ ਦੀ ਮੂਲ ਲਿਖਤ ਪੜ੍ਹਨੀ ਹੋਵੇ ਤਾਂ ਉਮਾ ਵਾਸੂਦੇਵ ਵਲੋਂ ਸੰਪਾਦਿਤ ੁੰਰਗe ੀਨਟeਰਨਅਟਿਨਅਲ (ਤਰੰਗ ਅੰਤਰਰਾਸ਼ਟਰੀ) ਦਾ ਪੰਜਾਬ ਅੰਕ 1983 ਵੇਖ ਸਕਦੇ ਹਨ। ਲੇਖ ਦਾ ਨਾਂ ਹੈ ‘ਆਈ ਵਾਜ਼ ਆਲਸੋ ਏ ਪੰਜਾਬੀ’ ਇਸ ਅੰਕ ਵਿਚ ਧਰਮਵੀਰ (ਜੋ 1966-67 ਵਿਚ ਪੰਜਾਬ ਤੇ ਹਰਿਆਣਾ ਦਾ ਗਵਰਨਰ ਸੀ,) ਮੁਲਕ ਰਾਜ ਅਨੰਦ ਤੇ ਡਾæ ਗੋਪਾਲ ਸਿੰਘ (ਦਰਦੀ) ਦੇ ਲੇਖ ਵੀ ਹਨ। ਸਭਨਾਂ ਨੇ ਪੰਜਾਬ ਵਿਚੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨਿਕਲ ਜਾਣ ਉਤੇ ਟਿੱਪਣੀ ਕੀਤੀ ਸੀ। ਭਾਸ਼ਾ ਦਾ ਸਹਾਰਾ ਲੈ ਕੇ ਅਕਾਲੀ ਦੱਲ ਨੇ ਸਿੱਖ ਬਹੁ-ਗਿਣਤੀ ਵਾਲਾ ਸੂਬਾ ਲੈਣ ਵੇਲੇ ਹਿਮਾਚਲ, ਹਰਿਆਣਾ ਤੇ ਦਿੱਲੀ ਦੇ ਸਿੱਖਾਂ ਦੀ ਪਰਵਾਹ ਨਹੀਂ ਸੀ ਕੀਤੀ।
ਯੂæਪੀæ ਮੁੰਬਈ, ਦਿੱਲੀ ਤੇ ਪਾਣੀਪਤ ਰਹਿ ਰਹੇ ਧਰਮ ਵੀਰ, ਮੁਲਕ ਰਾਜ ਅਨੰਦ, ਗੋਪਾਲ ਸਿੰਘ ਦਰਦੀ ਤੇ ਕੇæ ਅਹਿਮਦ ਅੱਬਾਸ ਗੈਰ ਪੰਜਾਬੀ ਹੋ ਜਾਣ ਤੋਂ ਪਿੱਛੋਂ ਕਿਵੇਂ ਮਹਿਸੂਸ ਕਰਨਗੇ ਉਨ੍ਹਾਂ ਨੇ ਗੌਲਿਆ ਹੀ ਨਹੀਂ। ਅੱਜ ਬਾਦਲ ਸਾਹਿਬ ਦਾ ਮਨਮੋਹਨ ਸਿੰਘ ਦੇ ਘਰ ਜਾ ਕੇ ਮਿਲਣਾ ਤਾਂ ਚਿੜੀਆਂ ਦੇ ਚੁਗ ਜਾਣ ਤੋਂ ਪਿੱਛੋਂ ਖੇਤ ਵਿਚੋਂ ਆਪਣੇ ਲਈ ਨਵੀਂ ਚੋਗ ਲਭਣ ਦਾ ਤਰਲਾ ਮਾਤਰ ਹੀ ਹੈ।
ਨਾਵਲ ‘ਸੰਦਲੀ ਯਾਦਾਂ’: ਮੈਨੂੰ ਇੱਕ ਨਵੀਂ ਨਾਵਲਿਟ ਮਿਲਿਆ ਹੈ, ‘ਸੰਦਲੀ ਯਾਦਾਂ’। ਧੁਰ ਅੰਦਰ ਤੱਕ ਖੁਭੀਆਂ ਯਾਦਾਂ ਨੂੰ ਸੰਦਲੀ ਕਹਿਣ ਤੋਂ ਪਹਿਲਾਂ ਲੇਖਿਕਾ ਸੁਰਿੰਦਰ ਕੌਰ ਨੇ ਇਹ ਰਚਨਾ ਉਸ ਮਾਂ ਨੂੰ ਸਮਰਪਿਤ ਕੀਤੀ ਹੈ ਜੋ ਮਾਂ ਨਾ ਹੋ ਕੇ ਵੀ ਮਾਂ ਨਾਲੋਂ ਵਧ ਕੇ ਸੀ। ਅਸਲ ਵਿਚ ਇਹ ਉਸ ਦੀਦੀ ਦੀ ਕਹਾਣੀ ਹੈ ਜੋ ਦੀਦੀ ਨਾ ਹੋ ਕੇ ਵੀ ਸਕੀ ਨਾਲੋਂ ਵੱਧ ਸੀ। ਕਿਵੇਂ ਉਸ ਦੀਦੀ ਨੇ ਨਾਵਲ ਵਿਚਲੀ ਮੈਂ ਨਾਇਕਾ ਨੂੰ ਕਿਤਾਬਾਂ ਦੀ ਥਾਂ ਮਨੁੱਖੀ ਚਿਹਰੇ ਪੜ੍ਹਨ ਲਾ ਦਿੱਤਾ ਇਸ ਦਾ ਨਿਵੇਕਲਾ ਵਿਸ਼ਾ ਹੈ। ਮਾਨਵੀ ਕੰਧਾਂ ਦੀ ਚਿਣਾਈ ਵਿਚ ਖੂਨ ਤੋਂ ਬਿਨਾ ਵੀ ਕੋਈ ਸੀਮਿੰਟ ਹੁੰਦਾ ਹੈ ਪੜ੍ਹਨ ਲਈ ਸੱਦਾ ਹੈ। ਸੰਦਲੀ ਯਾਦਾਂ (ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ। ਪੰਨੇ 80, ਮੁੱਲ 150 ਰੁਪਏ।) ਲੇਖਿਕਾ ਦੀ ਪਲੇਠੀ ਰਚਨਾ ਸਵਾਗਤ ਮੰਗਦੀ ਹੈ।
ਅੰਤਿਕਾ: (ਮੰਗਤ ‘ਚੰਚਲḔ)
ਸੜਨ ਲਈ ਮਜਬੂਰ ਹੋਵੇ ਨਾ ਕਿਸੇ ਦੀ ਲਾਡਲੀ,
ਹੋ ਸਕੇ ਤਾਂ ਧੀਆਂ ਦੇ ਨਾਂ, ਮਾਣ ਤੇ ਸਤਿਕਾਰ ਲਿਖ।
ਨਫਰਤਾਂ ਦੇ ਸੇਕ ਤੋਂ ਜੇਕਰ ਬਚਾਉਣੈ ਧਰਤ ਨੂੰ,
ਮੋਹ ‘ਚ ਭਿੱਜੇ ਗੀਤ ਲਿਖ, ਤੇ ਸ਼ਬਦ ਠੰਢੇ ਠਾਰ ਲਿਖ।