ਮੈਂ ਅਯਨਘੋਸ਼ ਨਹੀਂ

ਸੁਖਜੀਤ ਮਾਛੀਵਾੜਾ ਦੀ ਇਹ ਕਹਾਣੀ ਮਾਨਵੀ ਰਿਸ਼ਤਿਆਂ ਦੀਆਂ ਕਈ ਪਰਤਾਂ ਖੋਲ੍ਹਦੀ ਹੈ। ਇਕ ਪਾਸੇ ਇਹ ਕਹਾਣੀ ਮਰਦ-ਔਰਤ ਦੇ ਗੁੰਝਲਦਾਰ ਰਿਸ਼ਤੇ ਦੀ ਗਾਥਾ ਹੈ, ਦੂਜੇ ਪਾਸੇ ਪੀੜੀ ਪਾੜੇ ਦੀ, ਤੀਜੇ ਪਾਸੇ ਅਮੀਰਾਂ ਨਾਲ ਰਿਸ਼ਤਾ ਜੋੜਨ ਦੀ ਮੱਧਵਰਗੀ ਸੋਚ ਅਤੇ ਅਖੌਤੀ ਅਮੀਰ ਤੇ ਉਚੇ ਵਰਗ ਦੀ ਦੂਜੇ ਨੂੰ ਆਪਣੇ ਮਤਲਬ ਲਈ ਵਰਤਣ ਦੀ ਪਹੁੰਚ ਦੀ ਅਤੇ ਇਸ ਤੋਂ ਵੀ ਅਗੇਰੇ ਬੰਦੇ ਦੇ ਅੰਦਰਲੇ ਚੰਗੇਰੇਪਣ ਅਤੇ ਬਾਹਰਲੇ ਪਲੀਤ ਮਹੌਲ ਵਿਚਾਲੇ ਟਕਰਾਓ ਦੀ ਵਾਰਤਾ ਹੈ।

ਪ੍ਰਥਮ ਪੁਰਖ ਵਿਚ ਲਿਖੀ ਇਸ ਕਹਾਣੀ ਦਾ ਨਾਇਕ ਇਨ੍ਹਾਂ ਸਾਰੀਆਂ ਸਥਿਤੀਆਂ ਦਾ ਸਾਹਮਣਾ ਕਰਦਾ ਹੈ। ਪਹਿਲਾਂ ਉਹ ਆਪਣੇ ਪਿਤਾ ਦੀ ਮੱਧਵਰਗੀ ਸੋਚ ਦਾ ਸ਼ਿਕਾਰ ਹੁੰਦਾ ਹੈ ਅਤੇ ਫਿਰ ਅਖੌਤੀ ਅਮੀਰ ਵਰਗ ਦੀ ਦੂਜੇ ਨੂੰ ਹੀਣ ਸਮਝਣ ਦੀ ਪਹੁੰਚ ਦਾ। ਉਸ ਦੇ ਅੰਦਰਲਾ ਪਾਕ ਮਨੁੱਖ ਉਸ ਨੂੰ ਚੰਗੇਰਾ ਬਣਨ ਲਈ ਪ੍ਰੇਰਦਾ ਹੈ, ਉਂਜ ਕਦੀ-ਕਦੀ ਉਸ ਦੇ ਅੰਦਰਲਾ ਤਰਕਸ਼ੀਲ ਮਨੁਖ ਸਿਰ ਉਠਾਉਂਦਾ ਹੈ, “ਨਰਮ ਤੇ ਸਾਊ ਬੰਦੇ ਨੂੰ ਹਰ ਕੋਈ ਦਬਾਉਂਦਾ ਚਲਿਆ ਜਾਂਦਾ|” ਕਹਾਣੀ ਵਿਚਲਾ ਵਿਦਵਾਨ ਨਾਂ ਦਾ ਪਾਤਰ ਅਸਲ ਵਿਚ ਕਹਾਣੀ ਦੇ ਨਾਇਕ ਡਾæ ਹਰਿੰਦਰ ਸਿੰਘ ਰਾਏ ਦੇ ਅੰਦਰਲਾ ਤਰਕਸ਼ੀਲ ਮਨੁਖ ਹੀ ਤਾਂ ਹੈ। ਉਹ ਲੰਮਾ ਸਮਾਂ ਇਕ ਭਲੇ ਮਨੁਖ ਦੀ ਸੋਚ ਨਾਲ ਆਪਣਾ ਅੰਦਰਲਾ ਦਬਾਈ ਰਖਦਾ ਹੈ ਪਰ ਅਖੀਰ ਉਸ ਦਾ ਕੜ ਪਾਟ ਜਾਂਦਾ ਹੈ। ਬਸ ਇਹੋ ਕਹਾਣੀ ਦਾ ਸਿਖਰ ਹੈ। -ਸੰਪਾਦਕ

ਸੁਖਜੀਤ ਮਾਛੀਵਾੜਾ
ਫੋਨ: 91-99887-30005
“ਡਾਕਟਰ ਸਾਹਿਬ ਬੰਦਾ ਕੋਈ ਮਹਾਨ ਨਹੀਂ ਹੁੰਦਾ, ਮਹਾਨ ਤਾਂ ਚੁਣੌਤੀਆਂ ਹੁੰਦੀਆਂ ਨੇæææ|”
ਮੈਂ ਹਾਂ ‘ਚ ਸਿਰ ਹਿਲਾਉਂਦਾ ਸੋਚਦਾਂ ਕਿ ਇਹ ਵਿਚਾਰ ਏਹਨੇ ਕਿੱਥੋਂ ਲਿਆ ਹੋਊ| ਇਹੀ ਕੰਮ ਐ ਇਹਦਾ, ਕਿਤੋਂ ਵੀ ਪੜ੍ਹੇ-ਸੁਣੇ ਕੁਝ, ਰੱਟਾ ਲਾ ਲੈਂਦਾ, ਦੂਜੇ ‘ਤੇ ਰੋਅਬ ਪਾਉਣ ਲਈ| ਕੋਲ ਬੈਠੇ ਮਰੀਜ਼ਾਂ ਦੇ ਚਿਹਰੇ ਵੀ ਘੋਖਦੈ ਕਿ ਉਹਦੀ ਵਿਦਵਤਾ ਦਾ ਕੀ ਅਸਰ ਹੋਇਐ| ਮੈਂ ਇਹਦਾ ਨਾਂ ਵਿਦਵਾਨ ਰੱਖਿਆ ਹੋਇਐ| ਸ਼ੁਕਰ ਹੈ ਅੱਜ ਬਹੁਤਾ ਸਿਰ ਨਹੀਂ ਖਾਧਾ, ਚਲਾ ਗਿਆ| ਪਰ ਸਿਰ ਨੇ ਤਾਂ ਖਾਧਾ ਹੀ ਜਾਣਾ, ਆਹ ਬੈਠੇ ਨੇ ਮਰੀਜ਼, ਜਿਹੜੇ ਜਾਣਦੇ ਨੇ ਕਿ ਮੈਂ ਐਮæਬੀæਬੀæਐਸ਼ ਹਾਂ, ਮਸ਼ਹੂਰ ਐਮæਡੀæ, ‘ਸੀਰਤ ਹਸਪਤਾਲ’ ਚਲਾਉਨਾਂ, ਪਰ ਸਮਝਾਉਣੋਂ ਇਹ ਵੀ ਨਹੀਂ ਹਟਦੇ| ਕਿਸੇ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੰਦੇ| ਬੋਲਦੇ ਬਹੁਤਾ, ਦੱਸਦੇ ਘੱਟ ਤੇ ਲੁਕਾਉਂਦੇ ਜ਼ਿਆਦਾ ਨੇ| ਜ਼ਾਹਰ ਇੰਜ ਕਰਦੇ ਨੇ ਜਿਵੇਂ ਸਾਰੀ ਡਾਕਟਰੀ ਜਾਣਦੇ ਹੋਣ। ਗੁੱਸਾ ਆਉਂਦੈ, ਫਿਰ ਸੋਚੀਦੈ, ਛੱਡ ਮਨਾ ਕੀਹਦੇ-ਕੀਹਦੇ ਨਾਲ ਮੱਥਾ ਮਾਰੇਂਗਾ। ਦਰਅਸਲ ਮੈਂ ਹੀ ਮਿਸ ਫਿੱਟ ਹਾਂ ਇੱਥੇ| ਖਾਸਾ ਚਿਰ ਪਹਿਲਾਂ ਪਹਾੜਾਂ ਤੋਂ ਦੇਵਦਾਰ ਦਾ ਪੌਦਾ ਲਿਆ ਕੇ ਇੱਥੇ ਲਾ ਲਿਆ, ਸਾਂਭ-ਸੰਭਾਲ ਕਰਕੇ ਉਹ ਸੁੱਕਿਆ ਤਾਂ ਨਹੀਂ ਪਰ ਤੁਰਿਆ ਵੀ ਨਹੀਂ| ਓਪਰੀ ਮਿੱਟੀ ‘ਚ ਮੌਲਣਾ ਸੰਭਵ ਨਹੀਂ ਹੁੰਦਾ|
ਮੈਂ ਤਾਂ ਮੈਡੀਕਲ ‘ਚ ਦਾਖਲਾ ਹੀ ਨਹੀਂ ਸਾਂ ਲੈਣਾ ਚਾਹੁੰਦਾ ਪਰ ਹੈਡਮਾਸਟਰ ਬਾਪ ਨੇ ਸਖ਼ਤੀ ਦੇ ਐਹੋ ਜਿਹੇ ਖੋਪੇ ਚਾੜ੍ਹੇ ਕਿ ਇਧਰ-ਓਧਰ ਦੇਖਣ ਹੀ ਨਹੀਂ ਦਿੱਤਾ| ਬੰਦਾ ਤਾਂ ਸਿਰਫ ਬਾਪ ਬਣਿਆ ਹੀ ਮਾਣ ਨਹੀਂ ਹੁੰਦਾ ਤੇ ਮਾਸਟਰ ਬਾਪ! ਫਿਰ ਹੈਡਮਾਸਟਰ! ਤੌਬਾ। ਸਕੂਲ ‘ਚ ਉਨ੍ਹਾਂ ਦੇ ਹੁਕਮ ਅਨੁਸਾਰ ‘ਹੈਡ ਸਰ’ ਆਖਣ ਦੀ ਆਦਤ ਨੇ ਘਰ ‘ਚ ਵੀ ਪਾਪਾ ਜਾਂ ਡੈਡੀ ਨਾ ਕਹਿਣ ਦਿੱਤਾ| ਪਿੰਡ ਸਾਡਾ ਹਿਮਾਚਲ ਦੀ ਹੱਦ ਦੇ ਨਾਲ ਲੱਗਦੈ| ਪਹਾੜਾਂ ਦੇ ਪੈਰਾਂ ‘ਚ, ਬੇਹੱਦ ਖੂਬਸੂਰਤ, ਸਾਊ ਤੇ ਚੰਗੇ ਲੋਕਾਂ ਵਾਲਾ| ਕਿਸੇ ਵੀ ਵੱਡੇ ਸ਼ਹਿਰ ਤੋਂ ਦੂਰ| ਮੇਰਾ ਜੀਅ ਖੇਤਾਂ ‘ਚ ਸੀ, ਫਸਲਾਂ ‘ਚ, ਖੇਤੀ ਕਰਨ ਤੇ ਖ਼ਾਸ ਤੌਰ ‘ਤੇ ਬੂਟੇ ਲਾਉਣ ‘ਚ, ਪਰ ਹੈਡ ਸਰ ਨੇ ਸਕੂਲ, ਕਾਲਜ, ਹੋਮਵਰਕ, ਓਵਰ ਟਾਈਮ, ਟਿਊਸ਼ਨਾਂ-ਇੰਨੀ ਕਰੜਾਈ ਕੀਤੀ ਕਿ ਨਾ ਚਾਹੁੰਦੇ ਹੋਏ ਵੀ ਮੈਂ ਐਮæਡੀæ ਹੋ ਗਿਆ| ਡਾਕਟਰੀ ਦੀ ਪੜ੍ਹਾਈ ਵੇਲੇ ਪਿੰਡੋਂ ਆ ਕੇ ਸ਼ਹਿਰ ਰਿਹਾ ਤਾਂ ਹੈਡ ਸਰ ਵਾਗੂੰ ਮੇਰੀ ਨਿਗਰਾਨੀ ਉਨ੍ਹਾਂ ਦੇ ਦੋਸਤ ਐਮæਐਸ਼ ਗਰੇਵਾਲ ਨੇ ਕੀਤੀ| ਗਰੇਵਾਲ ਸਾਹਿਬ ਨੇ ਭਲਿਆਂ ਵੇਲਿਆਂ ‘ਚ ਡਾਕਟਰੀ ਕਰਕੇ ਹਸਪਤਾਲ ਬਣਾ ਲਿਆ ਸੀ, ਆਪਣੀ ਇੱਕੋ ਇੱਕ ਬੇਟੀ ਦੇ ਨਾਂ ‘ਤੇ ‘ਸੀਰਤ ਹਸਪਤਾਲ।’
ਹੈਡ ਸਰ ਨਾਲ ਰਲ ਕੇ ਮੈਨੂੰ ਡਾਕਟਰੀ ‘ਚ ਫਸਾਉਣ ਵਾਲੇ ਡਾæ ਗਰੇਵਾਲ ਦੇ ਸਾਰਾ ਜੋਰ ਲਾਉਣ ‘ਤੇ ਵੀ ਉਨ੍ਹਾਂ ਦੀ ਬੇਟੀ ਸੀਰਤ ਨੇ ਡਾਕਟਰੀ ਨਹੀਂ ਕੀਤੀ ਪਰ ਉਹ ਉਸ ਦੀ ਤਾਰੀਫ਼ ਬਹੁਤ ਕਰਦੇ| ਜਦੋਂ ਵੀ ਮੈਂ ਉਨ੍ਹਾਂ ਦੇ ਘਰ ਜਾਂਦਾ, ਕਹਿੰਦੇ, “ਸ਼ੀ ਇਜ਼ ਵੈਰੀ ਇੰਨਟੈਲੀਜੈਂਟ, ਬੇਸ਼ੱਕ ਡਾਕਟਰੀ ਨਹੀਂ ਕੀਤੀ ਇਸ ਨੇ ਪਰ ਕਹਿੰਦੀ ਐ, ‘ਦੇਖਣਾ ਪਾਪਾ ਮੈਂ ਏਨੀਆਂ ਐਮæਏæ, ਪੀ ਐਚæ ਡੀ ਵਰਗੀਆਂ ਡਿਗਰੀਆਂ ਕਰਾਂਗੀ ਕਿ ਤੁਸੀਂ ਆਪਣੀ ‘ਡਾਕਟਰ ਬੇਟੀ’ ਸੀਰਤ ਗਰੇਵਾਲ ‘ਤੇ ਮਾਣ ਕਰਦੇ ਨਹੀਂ ਥੱਕੋਗੇ|”
ਉਦੋਂ ਮੇਰਾ ਐਮæਬੀæਬੀæਐਸ਼ ਅਤੇ ਸੀਰਤ ਦਾ ਬੀæਏæ ‘ਚ ਆਖਰੀ ਸਾਲ ਸੀ ਪਰ ਹੈਡ ਸਰ ਦੇ ਦਬਾਅ ਜਾਂ ਪੇਂਡੂ ਹੋਣ ਕਰਕੇ ਮੈਂ ਇਹਦੇ ਨਾਲ ਗੱਲ ਵੀ ਨਾ ਕਰ ਪਾਉਂਦਾ| ਇਹ ਦੁਨੀਆਂ ਭਰ ਦੀਆਂ ਗੱਲਾਂ ਕਰਦੀ| ਮੈਨੂੰ ਕੁਛ ਨਾ ਔੜਦਾ| ਉਤੋਂ ਸੋਹਣੀ ਵੀ ਬਹੁਤ| ਹੈਡ ਸਰ ਵਾਗੂੰ, ਡਾæ ਗਰੇਵਾਲ ਦੇ ਨਾਲ-ਨਾਲ ਜਿਵੇਂ ਸੀਰਤ ਗਰੇਵਾਲ ਦਾ ਵੀ ਮੇਰੇ ‘ਤੇ ਛੱਪਾ ਪੈ ਗਿਆ ਹੋਵੇ|
ਮੈਂ ਐਮæਡੀæ ਕਰਕੇ ਆਇਆ ਤਾਂ ਸੀਰਤ ਪੀ ਐਚæ ਡੀ ਸ਼ੁਰੂ ਕਰ ਰਹੀ ਸੀ| ਇੱਕ ਦਿਨ ਹੈਡ ਸਰ ਕਹਿਣ ਲੱਗੇ, “ਗੱਲ ਸੁਣੋ ਡਾਕਟਰæææ|” ਹੁਣ ਉਹ ਮੈਨੂੰ ਡਾਕਟਰ ਹੀ ਆਖਦੇ, ਮੇਰੇ ਨਾਲ-ਨਾਲ ਬੀਜੀ ਨੂੰ ਵੀ ਓਪਰਾ ਲੱਗਦਾ| ਮੈਂ ਸਾਵਧਾਨ ਹੋਇਆ ਤਾਂ ਉਨ੍ਹਾਂ ਕਿਹਾ, “ਮੈਂ ਤੇ ਗਰੇਵਾਲ ਨੇ ਫੈਸਲਾ ਕੀਤਾ ਕਿ ਤੇਰੀ ਤੇ ਸੀਰਤ ਦੀ ਮੈਰਿਜ ਕਰ ਦਈਏ, ਓ ਕੇ|” ਹਰ ਗੱਲ ਉਨ੍ਹਾਂ ਪੁੱਛਣੀ ਨਹੀ ਦੱਸਣੀ ਹੁੰਦੀ ਤੇ ਮੈਂ ‘ਯੈਸ ਸਰ’ ਆਖਣਾ ਹੁੰਦਾ ਪਰ ਇਸ ਗੱਲ ਦੀ ਮੈਨੂੰ ਖੁਸ਼ੀ ਹੋਈ ਕਿਉਂਕਿ ਸੀਰਤ ਮੈਨੂੰ ਚੰਗੀ ਲਗਦੀ ਸੀ| ਉਂਜ ਹੈਡ ਸਰ ਨੇ ਸੋਚਿਆ ਸੀ, “ਕੱਲੀ ‘ਕੱਲੀ ਕੁੜੀ ਐ ਨੌਕਰੀ ਦੇ ਨਾਲ-ਨਾਲ ਡਾæ ਗਰੇਵਾਲ ਦਾ ਜਮਿਆ-ਜਮਾਇਆ ਕੰਮ ਮਿਲ ਜਾਣਾ|”
ਡਾæ ਗਰੇਵਾਲ ਸੋਚਦਾ, “ਕੱਲਾ ਮੁੰਡੈ, ਸਾਊ ਪਰਿਵਾਰ ਐ, ਇੰਨਾ ਪੜ੍ਹ ਕੇ ਪਿੰਡ ‘ਚ ਤਾਂ ਰਹਿੰਦਾ ਨਹੀਂ, ਸ਼ਹਿਰ ‘ਚ ਰਹੂ ਸਾਡੇ ਕੋਲ|” ਬੀਜੀ ਨੇ ਜ਼ਰੂਰ ਉਦਾਸੀ ਜਿਹੀ ਨਾਲ ਹੱਸ ਕੇ ਕਿਹਾ, “ਅਸੀਂ ਕੁੜੀ ਨਹੀਂ, ਉਨ੍ਹਾਂ ਮੁੰਡਾ ਵਿਆਹ ਕੇ ਲੈ ਜਾਣਾ|” ਹੈਡ ਸਰ ਉਵੇਂ ਬੋਲੇ ਜਿਵੇਂ ਸਕੂਲ ‘ਚ ਬੋਲਦੇ, “ਸਿਆਣੀ ਬਣ, ਮੁੰਡੇ ਦੇ ਫਿਊਚਰ ਬਾਰੇ ਸੋਚ, ਪੇਂਡੂਆਂ ਵਾਲਾ ਕਮਲ ਨਾ ਕੁੱਟ|” ਫਿਰ ਜਿਵੇਂ-ਜਿਵੇਂ ਉਹ ਤੇ ਗਰੇਵਾਲ ਚਾਹੁੰਦੇ ਗਏ, ਉਵੇਂ-ਉਵੇਂ ਹੁੰਦਾ ਗਿਆ। ਆਖ਼ਰ ਮੈਂ ਡਾæ ਗਰੇਵਾਲ ਦੀ ਆਪਣੀ ਬੇਟੀ ਲਈ ਬਣਾਈ ਕੋਠੀ ‘ਚ ਪਹੁੰਚ ਗਿਆ, ਜਿਸ ਦੇ ਗੇਟ ਤੇ ‘ਸੀਰਤ ਗਰੇਵਾਲ’ ਦਾ ਪੱਥਰ ਲੱਗਾ ਹੋਇਐ, ਇਹੋ ਜਿਹਾ ਪੱਥਰ ਹੀ ਸੀਰਤ ਹਸਪਤਾਲ ਦੇ ਗੇਟ ‘ਤੇ ਹੈ, ਜਿੱਥੇ ਮੈਂ ਡਾæ ਗਰੇਵਾਲ ਦੇ ਨਾਲ ਵਾਲੇ ਕਮਰੇ ‘ਚ ਬੈਠਦਾਂ|
“ਡਾਕਟਰ ਸਾਹਿਬ ਵਿਆਹ ਨਾਂ ਦੀ ਸੰਸਥਾ ਗਲ ਸੜ ਚੁੱਕੀ ਹੈ| ਹੁਣ ਤਾਂ ਆਪਾਂ ਇਹਦੀ ਲਾਸ਼ ਚੁੱਕੀ ਫਿਰਦੈ ਆਂ|” ਵਿਦਵਾਨ ਫਿਰ ਆ ਗਿਆ ਹੈ| ਇਹ ਖਾਸੀਅਤ ਵੀ ਹੈ ਇਸ ਦੀ, ਜਦੋਂ ਮੈਂ ਜਿਸ ਹਾਲਤ ਨਾਲ ਘੁਲ ਰਿਹਾ ਹੋਵਾਂ ਉਦੋਂ ਉਹੋ ਜਿਹਾ ਵਿਚਾਰ ਲੈ ਕੇ ਆਊ, ਐਨ ਢੁੱਕਵਾਂ| ਤ੍ਰਬਕ ਜਾਂਦਾ ਹਾਂ, ਕਿਤੇ ਇਹਨੂੰ ਕੋਈ ਭਿਣਕ ਤਾਂ ਨਹੀਂ ਪੈ ਗਈ| ਉਹਦੇ ਜਾਣ ਪਿਛੋਂ ਮੈਂ ਸੋਚਿਆ, “ਗੱਲ ਤਾਂ ਸੱਚੀ ਐ, ਬਹੁਤੇ ਵਿਆਹ ਹੁਣ ਧੂਹ-ਘੜੀਸ ਈ ਨੇ| ਬਹੁਤ ਲੋਕ ਆਉਂਦੇ ਨੇ ਮੇਰੇ ਕੋਲ, ਟੈਨਸ਼ਨ ਅਤੇ ਡਿਪਰੈਸ਼ਨ ਵਾਲੇ। ਬਹੁਤੇ ਲੋਕਾਂ ਦੀ ਸਮੱਸਿਆ ਪਤੀ ਤੇ ਪਤਨੀਆਂ ਈ ਨੇ| ਦਵਾਈ ਦੇ ਨਾਲ-ਨਾਲ ਇਨ੍ਹਾਂ ਦੇ ਮਨਾਂ ਦਾ ਇਲਾਜ ਮੈਂ ਗੱਲਾਂ-ਬਾਤਾਂ ਨਾਲ ਵੀ ਕਰਦਾਂ| ਕਈਆਂ ਨੂੰ ਠੀਕ ਕੀਤੈ| ਬੜੀ ਖੁਸ਼ੀ ਮਿਲਦੀ ਐ, ਜਦੋਂ ਕਹਿੰਦੇ ਨੇ, “ਡਾਕਟਰ ਸਾਹਿਬ ਤੁਸੀ ਸਾਡਾ ਘਰ ਵਸਦਾ ਰੱਖ ਲਿਆ|”
“ਪਰ ਮੇਰਾ ਉਜੜ ਰਿਹੈ!” ਇਹ ਸੋਚ ਕੇ ਰੋਣ ਹਾਕਾ ਹੋ ਜਾਨਾਂ ਕਿ ਆਪਣੇ ਘਰ ਨੂੰ ਬਚਾਉਣ ਲਈ ਕੀ-ਕੀ ਨਹੀਂ ਕੀਤਾ ਮੈਂ? ਲੋਕਾਂ ‘ਚ ਮੇਰੇ ਬਾਰੇ ਮਸ਼ਹੂਰ ਐ ਕਿ ਡਾਕਟਰ ਬਹੁਤ ਵੱਡਾ ਮਨੋ-ਵਿਗਿਆਨੀ ਐ| ਮਨ ਦੀਆਂ ਜਾਣ ਲੈਂਦੈ ਪਰ ਸੀਰਤ ਨੂੰ ਨਹੀਂ ਜਾਣ ਸਕਿਆ ਮੈਂ| ਮੈਨੂੰ ਲੱਗਦਾ ਸੀ ਜਿਵੇਂ ਮੈਂ ਉਹਨੂੰ ਟੁੱਟ ਕੇ ਚਾਹੁੰਨਾਂ, ਉਹ ਵੀ ਉਨਾ ਹੀ ਕਰਦੀ ਐ ਮੇਰਾ, ਪਰ ਨਹੀਂæææ|
ਸ਼ੁਰੂ-ਸ਼ੁਰੂ ‘ਚ ਤਾਂ ਏਸ ਪਾਸੇ ਧਿਆਨ ਹੀ ਨਾ ਗਿਆ| ਮੇਰੀ ਜ਼ਿੰਦਗੀ ‘ਚ ਆਉਣ ਵਾਲੀ ਪਹਿਲੀ ਕੁੜੀ ਸੀ ਇਹ, ਬੇਹੱਦ ਸੋਹਣੀ-ਸੁਨੱਖੀ, ਸਮਾਰਟ| ਮੈਂ ਹਾਬੜਿਆਂ ਵਾਗੂੰ ਇਹਦੇ ‘ਚ ਗੁਆਚਿਆ ਰਿਹਾ| ਏਹਦੇ ਟੋਏ-ਟਿਬੇ ਇੰਨੇ ਜ਼ੋਰਦਾਰ ਸਨ ਕਿ ਮੈਂ ਏਹਦੇ ਮਨ ਤੱਕ ਪਹੁੰਚ ਹੀ ਨਾ ਸਕਿਆ| ਇਹ ਜੋ ਕਹਿੰਦੀ, ਉਹੀ ਕਰਦਾ| ਦਾਬਾ ਤਾਂ ਏਹਦਾ ਮੇਰੇ ਉਤੇ ਵਿਆਹ ਤੋਂ ਪਹਿਲਾਂ ਹੀ ਪੈ ਗਿਆ ਸੀ| ਵਿਆਹ ਪਿੱਛੋਂ ਤਾਂ ਏਹਦਾ ਗੁਲਾਮ ਹੁੰਦਾਂ ਗਿਆ| ਏਹਨੇ ਆਪਣੇ ਨਾਂ ਨਾਲੋਂ ਗਰੇਵਾਲ ਲਾਹੁਣ ਤੋਂ ਨਾਂਹ ਕਰ ਦਿੱਤੀ, ਕਹਿੰਦੀ, “ਮੈਂ ਮਿਸਿਜ਼ ਸੀਰਤ ਰਾਏ ਨਹੀਂ ਲਿਖਣਾ, ਸਗੋਂ ਤੁਸੀ ਵੀ ‘ਰਾਏ’ ਨਾ ਲਿਖਿਆ ਕਰੋ|”
ਮੈਂ ਕਿਹਾ, “ਠੀਕ ਐ।” ਜਦੋਂ ਮੈਂ ਕਾਰਨ ਵੀ ਨਾ ਪੁੱਛਿਆ ਤਾਂ ਇਹ ਆਪੇ ਦੱਸਣ ਲੱਗੀ, “ਬੁਰਾ ਨਾ ਮਨਾਇਓ, ਹੈਗੇ ਤਾਂ ਤੁਸੀਂ ਜੱਟ ਓਂ ਪਰ ਸਾਡੇ ਇੱਕ-ਦੋ ਪ੍ਰੋਫ਼ੈਸਰ ਰਾਏ ਨੇ, ਦੋ-ਤਿੰਨ ਅਫ਼ਸਰਾਂ ਬਾਰੇ ਵੀ ਪੜ੍ਹਿਆ ਜਿਹੜੇ ਆਪਣਾ ਗੋਤ ਰਾਏ ਲਿਖਦੇ ਨੇ, ਉਹ ਸਾਰੇ ‘ਦੂਏ’ ਨੇ, ਸਮਝੇ? ਮੇਰੀ ਫਰੈਂਡ ਸੇਖੋਂ ਵੀ ਪੁੱਛਦੀ ਸੀ, ਬਈ ਰਾਏ ਜੱਟਾਂ ਦਾ ਗੋਤ ਐ! ਸੋ ਐਂਵੇ ‘ਡਾਊਟ’ ਜਿਹਾ ਰਹਿੰਦਾ|”
ਉਦੋਂ ਮੈਨੂੰ ਇੰਨੀ ਸਫਾਈ ਦੀ ਵੀ ਲੋੜ ਨਹੀਂ ਸੀ| ਮੇਰੇ ਲਈ ਇੰਨਾ ਹੀ ਬਹੁਤ ਸੀ ਕਿ ਸੀਰਤ ਨੇ ਕਿਹੈ| ਏਹਨੇ ਦੂਜਾ ਫੈਸਲਾ ਸੁਣਾਇਆ, “ਆਪਾ ਨੂੰ ਤਿੰਨ-ਚਾਰ ਸਾਲ ਇਸ਼ੂ ਨਹੀਂ ਚਾਹੀਦਾ|”
ਮੈਂ ਕਿਹਾ, “ਠੀਕ ਐ|”
ਮੇਰੀ ਸੱਸ ਨੇ ਕਹਿਣਾ, “ਪਹਿਲਾ ਏਹਨੂੰ ਪਿਉ ਨੇ ਸਿਰ ਚੜ੍ਹਾਇਆ, ਹੁਣ ਕਾਕਾ ਤੂੰ ਚੜ੍ਹਾਈ ਜਾਨੈਂ, ਔਖਾ ਹੋਵੇਂਗਾ|” ਮੈਂ ਹੱਸ ਛੱਡਦਾ| ਉਦੋਂ ਪਿਆਰ ‘ਚ ਮਹਾਨ ਬਣਨ ਦਾ ਭੂਤ ਸਵਾਰ ਸੀ ਮੇਰੇ ‘ਤੇ| ਏਸ ਰਿਸ਼ਤੇ ‘ਚ ਅੱਖਾਂ ਮੀਟ ਕੇ ਵਿਸ਼ਵਾਸ ਕਰਨ ਦਾ ਜਨੂੰਨ, ਨਹੀ ਸਾਂ ਜਾਣਦਾ ਕਿ ਇਹ ਅੰਧ ਵਿਸ਼ਵਾਸ ਮਹਾਨ ਬਣਨ ਵੱਲ ਨਹੀਂ, ਝੁੱਡੂ ਬਣਨ ਵੱਲ ਪਹਿਲਾ ਕਦਮ ਹੁੰਦੈ| ਏਹਨੇ ਆਪਣੇ ਸਰ ਨੂੰ ਮਿਲਣ ਜਾਣਾ ਹੁੰਦਾ, ਮੈਂ ਸੌ ਕੰਮ ਛੱਡ ਕੇ ਲੈ ਕੇ ਜਾਂਦਾ| ਏਹਨੇ ਬੜਾ ਜ਼ੋਰ ਦੇਣਾ, “ਆਓ ਤੁਸੀਂ ਵੀ ਮਿਲ ਲਵੋ ਸਰ ਨੂੰ, ਦੇਖੋ ਤਾਂ ਸਹੀ ਸਰ ਨੂੰ ਮਿਲ ਕੇ, ਬੜੇ ਜੀਨੀਅਸ ਨੇæææ|”
ਆਪਣੇ ਸਰ ਬਾਰੇ ਇਹ ਇੰਜ ਸਰਧਾ ਨਾਲ ਗੱਲਾਂ ਕਰਦੀ, ਜਿਵੇਂ ਨਵਾਂ ਬਣਿਆ ਚੇਲਾ ਗੁਰੂ ਬਾਰੇ ਕਰਦੈ| ਪਰ ਮੇਰੀ ਉਹੀ ਮਹਾਨ ਬਣਨ ਦੀ ਇੱਛਾ ਕਿ ਏਹਦੇ ਜੀਵਨ ‘ਚ ਉਕਾ ਦਖ਼ਲ ਨਹੀਂ ਦੇਣਾ, ਮੇਰੀ ਕਿਸੇ ਹਰਕਤ ਤੋਂ ਏਹਨੂੰ ਇਹ ਨਾ ਲੱਗੇ ਕਿ ਮੈਂ ਸ਼ੱਕ ਕਰਦਾਂ। ਆਖਣਾਂ, “ਕੋਈ ਨਹੀਂ ਸੀਰਤ, ਤੂੰ ਅਰਾਮ ਨਾਲ ਕੰਮ ਕਰ, ਦੱਸ ਲੈਣ ਕਦੋਂ ਆਂਵਾਂ?” ਏਹਨੇ ਕਹਿਣਾ, “ਦੋ ਘੰਟੇ ਤੱਕ|” ਤਾਂ ਮੈਂ ਹਸਪਤਾਲ ਆ ਕੇ ਮਰੀਜ਼ ਘੱਟ ਤੇ ਘੜੀ ਵੱਧ ਦੇਖਣੀ| ਠੀਕ ਦੋ ਘੰਟੇ ਬਾਅਦ ਸਰ ਦੇ ਦਰ ‘ਤੇ ਜਾ ਹਾਜ਼ਰ ਹੋਣਾ| ਜੇ ਕਦੇ ਸੱਸ ਨੇ ਸੀਰਤ ਨੂੰ ਘੂਰਨਾ ਕਿ ਕੀ ਸਰ-ਸਰ ਲਾਈ ਐ, ਕਦੇ ਘਰ ਵਾਲੇ ਦਾ ਵੀ ਖਿਆਲ ਕਰ ਲਿਆ ਕਰ ਜਾਂ ਵਿਦਵਾਨ ਨੇ ਮੁਹਾਵਰਾ ਬੋਲ ਦੇਣਾ ‘ਮੱਝ ਨੂੰ ਗਾਹ ਤੇ ਤੀਵੀਂ ਨੂੰ ਰਾਹ ਮਾਰ ਜਾਂਦਾ’ ਤਾਂ ਸ਼ੱਕ ਦੇ ਨਾਗ ਨੇ ਫਨ ਚੁਕਣਾ, ਫਿਰ ਮਨ ਦੀ ਤਸੱਲੀ ਵਾਸਤੇ ਵਿਦਵਾਨ ਦਾ ਹੋਰ ਕਥਨ ਢੂੰਡ ਕੇ ਮੂਹਰੇ ਲਿਆਉਣਾ ਤੇ ਸੀਰਤ ਨੂੰ ਮਿਲਦਿਆਂ, ਜਿਸਮਾਂ ਦੇ ਮੇਲ ‘ਚ ਸ਼ੱਕ ਦੇ ਨਾਗ ਦਾ ਫਨ ਕੁਚਲਿਆ ਜਾਣਾ| ਪਰ ਜਿਸ ਦਿਨ ਸੀਰਤ ਨੇ ਦੱਸਿਆ ਕਿ ਸਰ ਇਨ੍ਹਾਂ ਦਾ ਟੂਰ ਲਿਜਾਣਾ ਚਾਹੁੰਦੇ ਨੇ, ‘ਹਫ਼ਤੇ ਭਰ ਦਾ ਸੁਣ ਕੇ’ ਸਹਿ ਨਾ ਹੋਇਆ| ਪਹਿਲੀ ਵਾਰ ਸੀਰਤ ਤੋਂ ਬਿਨ੍ਹਾਂ ਇਕ ਹਫ਼ਤਾ ਰਹਿਣਾ, ਡੋਬ ਜਿਹਾ ਪਿਆ| ‘ਮੈਂ ਕਿਹਾ, “ਮੈਂ ਤਾਂ ਨਾਲ ਹੀ ਜਾਊਂ|”
ਇਹ ਕਹਿੰਦੀ, “ਅਲਾਊਡ ਨਹੀਂ,” ਮੈਂ ਕਿਹਾ, ‘ਮੈਂ ਵੱਖਰੇ ਹੋਟਲ ‘ਚ ਰਹਿ ਲਊਂ,’
ਇਹ ਕਹੇ, “ਇਹ ਨਹੀਂ ਹੋਣਾ|” ਮੈਂ ਬੜਾ ਡਿਸਟਰਬ ਹੋਇਆ ਪਰ ਟੂਰ ਤੇ ਜਾਣ ਵਾਲੇ ਦਿਨ ਇਹਨੇ ਉਦਾਸ ਹੋ ਕੇ ਕਿਹਾ ਕਿ ਮੈਂ ਨਹੀਂ ਜਾ ਰਹੀ| ਮੈਂ ਖੁਸ਼ ਹੋਇਆ ਪਰ ਇਹਦੀ ਉਦਾਸੀ ਦੇਖ ਅਗਲੇ ਹੀ ਪਲ ਮੇਰੇ ਅੰਦਰਲਾ ‘ਮਹਾਨ ਬੰਦਾ’ ਜਾਗ ਪਿਆ, ਮੈਨੂੰ ਬੁਰਾ ਲੱਗਿਆ ਕਿ ਮੈਂ ਇਹਨੂੰ ਪਿੰਜਰੇ ‘ਚ ਪਾ ਰਿਹਾਂ| ਮੈਂ ਕਿਹਾ, “ਨਹੀਂ-ਨਹੀਂ ਸੀਰਤ ਤੂੰ ਜ਼ਰੂਰ ਜਾਹ, ਮੈਂ ਰਹਿ ਲਵਾਂਗਾ ਔਖਾ-ਸੌਖਾ, ਮੈਨੂੰ ਤੇਰੀ ਖੁਸ਼ੀ ਪਿਆਰੀ ਐ|” ਇਹਨੇ ਮੇਰੇ ਵੱਲ ਇੰਜ ਵੇਖਿਆ ਜਿਵੇਂ ਮੈਂ ਦੁਨੀਆਂ ਦਾ ਆਖ਼ਰੀ ਝੁੱਡੂ ਹੋਵਾਂ ਤੇ ਠੰਡਾ ਸਾਹ ਭਰ ਕੇ ਬੋਲੀ,’ “ਸਰ ਨਹੀ ਜਾ ਰਹੇ, ਮੈਡਮ ਟੂਰ ਲਿਜਾ ਰਹੇ ਨੇ, ਅਸੀਂ ਸਰ ਨੂੰ ਬਹੁਤ ਮਨਾਇਆ ਪਰ ਉਹ ਮੰਨੇ ਨਹੀਂ| ਮੈਂ ਕਿਹਾ, “ਫਿਰ ਮੈਂ ਵੀ ਨਹੀ ਜਾਣਾ|”
ਜ਼ਹਿਰ ਵਰਗੇ ਲੱਗੇ ਇਹਦੇ ਬੋਲ, ਧੁਰ ਅੰਦਰ ਜਿਵੇਂ ਕੁਝ ਟੁਟਿਆ ਹੋਵੇ ਕੜੱਕ ਕਰਕੇ| ਇਹਨੇ ਮੇਰਾ ਸੱਚਾ ਝੂਠਾ ਮਾਣ ਵੀ ਨਾ ਰਖਿਆ| ਪਹਿਲੀ ਵਾਰ ਬੁਰੀ ਲੱਗੀ ਸੀਰਤ। ਪਹਿਲੀ ਵਾਰ ਹਸਪਤਾਲ ਦਾ ਬਹਾਨਾ ਬਣਾ ਕੇ ਘਰੋਂ ਨਿਕਲਿਆ, ਇਹ ਸੋਚ ਕੇ ਕਿ ਸੀਰਤ ਨੂੰ ਕੁਛ ਚੰਗਾ-ਮਾੜਾ ਨਾ ਕਹਿ ਹੋ ਜਾਵੇ| ਸੜਕਾਂ ਤੇ ਆਵਾਗੌਣ ਗੱਡੀ ਭਜਾਉਂਦਾ ਰਿਹਾ| ਫਿਰ ਯੂਨੀਵਰਸਿਟੀ ਚਲਾ ਗਿਆ, ਪਤਾ ਨਹੀਂ ਕੀ ਸੋਚ ਕੇ ਇਹਦੇ ਸਰ ਦੇ ਦਰਾਂ ਮੂਹਰੇ ਗੱਡੀ ਜਾ ਖੜ੍ਹਾਈ, ਪਰ ਅੰਦਰ ਜਾਂਦਾ-ਜਾਂਦਾ ਮੁੜ ਆਇਆ| ਘਰ ਪਹੁੰਚਿਆ ਤਾਂ ਸੀਰਤ ਪਰੇਸ਼ਾਨ ਸੀ, ‘ਕਿੱਥੇ ਚਲ ਗਏ ਸੀ? ਪਤਾ ਕਿੰਨਾ ਚਿਰ ਹੋ ਗਿਆæææਤੁਹਾਡਾ ਫੋਨ ਵੀ ਬੰਦæææਹਸਪਤਾਲ ਹੈ ਨਹੀਂ ਸੀ ਤੁਸੀਂæææ|”
ਕਈ ਸੁਆਲ ਲਗਾਤਾਰ| ਇਹਨੂੰ ਪਰੇਸ਼ਾਨ ਦੇਖ ਮੇਰਾ ‘ਮਹਾਨਤਾ ਚੈਨਲ’ ਚਲ ਪਿਆ। ਸੀਰਤ ਕਿੰਨੀ ਸੱਚੀ ਐ ਸਾਫ਼ ਤੇ ਸਪੱਸ਼ਟ, ਜੇ ਇਹਦੇ ਮਨ ‘ਚ ਮੈਲ ਹੁੰਦੀ ਤਾਂ ਸਰ ਵਾਲਾ ਸੱਚ ਨਾ ਦੱਸਦੀ, ਝੂਠ ਬੋਲ ਕੇ ਮੈਨੂੰ ਖੁਸ਼ ਕਰ ਦਿੰਦੀ| ਮੈਂ ਸੱਚੀਂ ਝੁੱਡੂ ਆਂ| ਇਹਨੂੰ ਮੇਰਾ ਕਿੰਨਾ ਫ਼ਿਕਰ ਐ| ਮੈਂ ਸਭ ਕੁਝ ਭੁੱਲ ਇਹਨੂੰ ਕਲਾਵੇ ‘ਚ ਲੈ ਲਿਆ, “ਸੀਰਤ ਆਪਾਂ ਕਿਤੇ ਘੁੰਮਣ ਚਲੀਏ?”
ਮੈਂ ਕੱਲ ਪੁੱਛਿਆ ਤਾਂ ਅਣਮੰਨੀ ਜਿਹੀ ਬੋਲੀ, “ਤੁਹਾਡੇ ਮਰੀਜ਼ਾਂ ਦਾ ਕੀ ਬਣੂੰ?”
“ਮੈਂ ਕੱਲ ਦਾ ਦਿਨ ਲਾ ਕੇ ਸੈਟਿੰਗ ਕਰ ਦੇਨਾਂ, ਚਲ ਕਿਤੇ ਹਫ਼ਤਾ ਕੁ ਲਾ ਆਉਨੇ ਆਂ।” ਮੈਂ ਉਤਸ਼ਾਹ ਵਿਚ ਆ ਗਿਆ ਪਰ ਇਹ ਉਦਾਸ ਹੋ ਗਈ। ਬੋਲੀ, “ਕਲ ਨੂੰ ਸਰ ਨੂੰ ਪੁਛਾਂਗੀ”
ਸਰ ਨੂੰ ਕਿਉਂ? ਮੇਰੇ ਸਮਝ ਨਾ ਆਇਆ ਪਰ ਮੈਂ ਕਿਹਾ, “ਚਲ ਹੁਣ ਪੁੱਛ ਆਉਂਦੇ ਆਂ ਤੇਰੇ ਸਰ ਨੂੰ|” ਉਹਨੇ ਇਕ ਦਮ ਮੇਰੇ ਵੱਲ ਦੇਖਿਆ, ਚਿਹਰੇ ਤੇ ਚਮਕ ਆਈ ਪਰ ਅਗਲੇ ਛਿਣ ਮੱਥੇ ਤੇ ਤਿਊੜੀ ਪਾ ਕਹਿਣ ਲੱਗੀ, “ਹੁਣੇ?æææਮੇਰੇ ਸਰ?æææਮਤਲਬ ਕੀ ਐ ਤੁਹਾਡਾ?”
ਮੈਂ ਯਈਂ ਯਈਂ ਕਰਨ ਲੱਗਾ|
“ਨਹੀਂ, ਤੁਸੀ ਕੀ ਸਮਝਦੇ ਓ ਕਿ ਮੇਰਾ ਸਰ ਨਾਲ ਕੀ ਰਿਲੇਸ਼ਨ ਐ?” ਮੈਂ ਘਬਰਾ ਗਿਆ, ‘ਨੋ-ਨੋ ਸੀਰਤ’ ਮੇਰਾ ਇਹ ਮਤਲਬ ਨਹੀਂ, ਦਰਅਸਲ ਮੇਰਾ ਜੀਅ ਕਰਦਾ ਸੀ ਸਰ ਨੂੰ ਮਿਲਣ ਨੂੰ, ਮੈਂ ਗਿਆ ਵੀ ਸੀ ਹੁਣੇæææ।” ਘਬਰਾਹਟ ਵਿਚ ਮੈਂ ਹੋਰ ਹੀ ਚੰਦ ਚਾੜ੍ਹ ਬੈਠਾ|
ਸੀਰਤ ਉਠ ਕੇ ਖੜ੍ਹੀ ਹੋ ਗਈ, “ਕੀਅæææਤੁਸੀਂ ਸਰ ਕੋਲ ਗਏ ਸੀ?”
“ਨਹੀਂ-ਨਹੀਂ, ਮੈਂ ਤਾਂæææ|” ਮੈਥੋਂ ਨਾ ਝੂਠ ਬੋਲਿਆ ਜਾਵੇ ਨਾ ਸੱਚ| ਉਹ ਮੇਰੇ ਵੱਲ ਇਉਂ ਦੇਖ ਰਹੀ ਸੀ ਜਿਵੇਂ ਕੱਚੇ ਨੂੰ ਖਾ ਜਾਣਾ ਹੋਵੇ| ਮੈਂ ਬੈਡ ਦੀ ਨੁਕਰੇ ਇਉਂ ਓਕੜੂ ਹੋਇਆ ਬੈਠਾ ਸਾਂ ਜਿਵੇਂ ਕਦੇ ਹੈਡ ਸਰ ਸਾਹਮਣੇ ਬੈਠਦਾ ਸਾਂ, ਡਰ ਕੇ| ਲੱਗਿਆ, ਉਹ ਮੈਨੂੰ ਕੰਨ ਫੜ੍ਹਨ ਲਈ ਕਹੇਗੀ ਤੇ ਮੈਂ ਮੁਰਗਾ ਬਣ ਜਾਵਾਂਗਾ ਪਰ ਓਹਨੇ ਨਾਲ ਦੇ ਕਮਰੇ ਵਿਚ ਵੜ੍ਹ ਕੇ ਕੁੰਡੀ ਲਾ ਲਈ| ਕਿੰਨਾ ਚਿਰ ਤਾਂ ਮੈਂ ਓਵੇਂ ਬੈਠਾ ਰਿਹਾ ਭਮੱਤਰਿਆ ਜਿਹਾ, ਫਿਰ ਉਠ ਕੇ ਦਰਵਾਜ਼ਾ ਖੜਕਾਉਣ ਲੱਗਾ| ਨਾਲੇ ਸਫਾਈਆਂ ਦੇਵਾਂ, ਮੈਂ ਕੀ ਕਹਿ ਰਿਹਾਂ? ਪਤਾ ਮੈਨੂੰ ਵੀ ਨਹੀਂ ਸੀ ਲਗ ਰਿਹਾ| ਪਤਾ ਤਾ, ਤਾਂ ਲੱਗਦਾ ਜੇ ਮੈਨੂੰ ਆਪਣੀ ਗ਼ਲਤੀ ਦਾ ਪਤਾ ਹੁੰਦਾ| ਅਚਾਨਕ ਬੈਡ ‘ਤੇ ਪਿਆ ਸੀਰਤ ਦਾ ਫੋਨ ਵੱਜਣ ਲੱਗਾ, ‘ਤੁਮ ਦਿਨ ਕੋ ਕਹੋ ਰਾਤ, ਹਮ ਰਾਤ ਕਹੇਂਗੇæææ| ਅੱਜ ਤੱਕ ਮੈਂ ਸਮਝਦਾ ਸਾਂ ਕਿ ਇਹ ਬੋਲ ਮੇਰੇ ਲਈ ਨੇ, ਪਰ ਅੱਜ ਅੰਦਰ ਕਿਤੇ ਦੂਰ ਜਿਵੇਂ ਬਿਜਲੀ ਜਿਹੀ ਲਿਸ਼ਕੀ, ‘ਨਹੀਂ ਏਹ ਮੇਰੇ ਲਈ ਨਹੀਂ|’ ਮਨ ‘ਚ ਏਹ ਵੀ ਆਇਆ ਕਿ ਇਹਦਾ ਫੋਨ ਚੈਕ ਕਰਾਂ, ਨਹੀਂ ਤਾਂ ਅੱਜ ਤੱਕ ਮੈਂ ਇਹਦੇ ਪਰਸ ਤੇ ਫੋਨ ਨੂੰ ਹੱਥ ਵੀ ਨਹੀਂ ਲਾਇਆ| ਇਹ ਬਾਥਰੂਮ ‘ਚ ਹੋਵੇ ਇਹਦਾ ਫੋਨ ਵੱਜ-ਵੱਜ ਕਮਲਾ ਹੋ ਜਾਵੇ, ਮੈਂ ਦੇਖਦਾ ਤੱਕ ਨਾ| ਉਦੋਂ ਵੀ ਜਦੋਂ ਇਹ ਕਿੰਨਾ-ਕਿੰਨਾ ਚਿਰ ਫੋਨ ਤੇ ਗੱਲਾਂ ਕਰਦੀ ਹੱਸ-ਹੱਸ, ਫੁਸ-ਫਸਾ ਕੇ, ਤਾਂ ਮੈਂ ਐਨੀ ਦੂਰੀ ਬਣਾ ਲੈਂਦਾ ਕਿ ਕੁਝ ਨਾ ਸੁਣੇ|
ਸੀਰਤ ਭੱਜ ਕੇ ਅੰਦਰੋਂ ਨਿਕਲੀ, ਝਪਟਣ ਵਾਗੂੰ ਫੋਨ ਚੁਕਿਆ, ਮੇਰੇ ਮਨ ‘ਚ ਆਇਆ ਕਿ ਮੈਂ ਕੰਨ ਫੜ੍ਹ ਕੇ ਊਠਕ-ਬੈਠਕ ਕਰਨ ਲਗ ਪਵਾਂ, ਪਰ ਓਹਨੇ ਐਨੀ ਉਚੀ, ‘ਹੈਂ’ ਕੀਅæææ? ਕਿਹਾ ਕਿ ਮੈਂ ਵੀ ਤ੍ਰਬਕ ਗਿਆ|
“ਹੈਂਅ, ਕਿਥੇ ਓ ਤੁਸੀਂ? ਅਗਜੈਕਟ ਲੋਕੇਸ਼ਨ ਦੱਸ਼ææ|”
ਨਾਲ ਹੀ ਮੈਨੂੰ ਸਿੱਧੀ ਹੋਈ, “ਗੱਡੀ ਕੱਢੋ ਹਰੀ ਅੱਪ” ਮੈਂ ਚਾਬੀ ਵੱਲ ਔਹਲਿਆ ਤਾਂ ਫੋਨ ‘ਤੇ ਸੁਣਿਆ, “ਯੂ ਬਿੱਚ” ਮੇਰੀ ਜਾਨ ਲੈਣੀ ਆ ਤੂੰ’æææਓਫ!” ਓਹਨੇ ਸੁਖ ਦਾ ਸਾਹ ਲੈਂਦਿਆਂ ਮੈਨੂੰ ਕਿਹਾ, “ਰਹਿਣ ਦਿਓ ਕੁਝ ਨਹੀਂ ਹੋਇਆ|” ਫਿਰ ਆਪੇ ਦੱਸਣ ਲੱਗੀ, “ਸੇਖੋਂ ਦਾ ਫੋਨ ਸੀ, ਪਹਿਲਾਂ ਕਹਿੰਦੀ ਅਸੀਂ ਸਰ ਨੂੰ ਮਨਾ ਕੇ ਲੈ ਆਈਆਂ, ਸਰ ਸਾਡੇ ਨਾਲ ਨੇ ਟੂਰ ‘ਤੇ। ਮੁੜ ਕਹਿੰਦੀ, ‘ਮੈਂ ਤਾਂ ਤੈਨੂੰ ਟੀਜ਼ ਕਰਦੀ ਸੀ|”
ਫਿਰ ਉਹਨੇ ਕੋਈ ਨੰਬਰ ਮਿਲਾਇਆ, ਸ਼ਾਇਦ ਸਰ ਦਾ, ਬੰਦ ਸੀ| ਦੋ ਤਿੰਨ ਹੋਰ ਮਿਲਾਏ ਪਰ ਗੱਲ ਨਾ ਹੋਈ| ਦੇਖ ਰਿਹਾਂ ਸਾਂ, ਉਹ ਬਹੁਤ ਬੇਚੈਨ ਐ, ਉਲਝੀ ਹੋਈ, ਪਰੇਸ਼ਾਨ| ਪਰ ਅੱਜ ਮੈਂ ‘ਮਹਾਨਤਾ ਚੈਨਲ’ ਧੱਕੇ ਨਾਲ ਬੰਦ ਕਰੀ ਰੱਖਿਆ| ਉਂਜ ਜਾਣ ਗਿਆ ਸਾਂ ਕਿ ਉਹ ਸਰ ਦਾ ਟੂਰ ‘ਤੇ ਜਾਣਾ ਕਨਫਰਮ ਕਰਨਾ ਚਾਹੁੰਦੀ ਐ, ਜੇ ਸਰ ਟੂਰ ‘ਤੇ ਹੁੰਦਾ ਤਾਂ ਉਹ ਜ਼ਰੂਰ ਹੁਣੇ ਉਥੇ ਪਹੁੰਚਦੀ| ਇਸ ਵੇਲੇ ਗੱਡੀ ਲੈ ਕੇ ਜਾਣਾ ਵੀ ਮੈਨੂੰ ਪੈਂਦਾ, ਡਰਾਈਵਰ ਤਾਂ ਰਾਤੀਂ ਆਪਣੇ ਘਰ ਚਲੇ ਜਾਂਦਾ|
ਅਗਲੇ ਦਿਨ ਇਹਨੇ ਰੱਜ ਕੇ ਝੱਲ ਖਿਲਾਰਿਆ| ਸਵੇਰੇ-ਸਾਜਰੇ ਉਠ, ਆਪਣੀ ਮਾਂ ਨੂੰ ਬੁਲਾ ਖਾਣੇ ਤਿਆਰ ਕਰਾਉਂਦੀ ਰਹੀ| ਜਦੋਂ ਮੈਂ ਉਠਿਆ, ਰਸੋਈ ‘ਚੋਂ ਮਹਿਕਾਂ ਆਉਣ, ਨਾਲ ਹੀ ਮੈਨੂੰ ਸੱਸ ਦੀ ਬੁੜ-ਬੁੜ ਵੀ ਸੁਣਾਈ ਦਿੱਤੀ। ਸਮਝ ਗਿਆ, ਇਹ ਸਾਰਾ ਕੁਝ ਮੇਰੇ ਲਈ ਨਹੀਂ, ਸਰ ਲਈ ਬਣ ਰਿਹਾ| ਅੱਗੇ ਮੈਂ ਇਹਨੂੰ ਯੂਨੀਵਰਸਿਟੀ ਛੱਡ ਕੇ ਹਸਪਤਾਲ ਜਾਂਦਾ, ਅੱਜ ਇਹਨੇ ਹੁਕਮ ਚਾੜ੍ਹਿਆ, ‘ਡਰਾਈਵਰ ਤੁਹਾਨੂੰ ਪਹਿਲਾਂ ਛੱਡ ਆਉਂਦੈ, ਮੈਂ ਯੂਨੀਵਰਸਿਟੀ ਪ੍ਰੋਜੈਕਟ ਦਾ ਸਮਾਨ ਲੈ ਕੇ ਜਾਣਾ|’
ਜਾਣਦਾ ਸਾਂ ਇਹਦੇ ਪ੍ਰੋਜੈਕਟ ਬਾਰੇ, ਲਿਟਰੈਚਰ ਦੀ ਪੀæਐਚæਡੀ ‘ਚ ਕਿਹੜਾ ਪ੍ਰੋਜੈਕਟ? ਸੱਸ ਸਾਡੇ ਮੂੰਹਾਂ ਵਲ ਵੇਖਦੀ, ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਚੁੱਪ ਹੀ ਰਹੀ। ਮੈਨੂੰ ਪਿੱਠ ਪਿੱਛੇ ਉਹਦਾ ਹਉਕਾ ਸੁਣਿਆ, ਜਿਵੇਂ ਕਹਿੰਦੀ ਹੋਵੇ, ‘ਇਹ ਵਿਚਾਰਾ ਪੇਂਡੂ ਭੋਲਾ ਪੰਛੀ ਕਿਥੇ ਆ ਫਸਿਆ|’ ਅੱਜ ਮੈਨੂੰ ਡਰਾਈਵਰ ਵੀ ਕੁਝ ਕਹਿਣ-ਕਹਿਣ ਕਰਦਾ ਜਾਪਿਆ ਪਰ ਕਿਹਾ ਤਾਂ ਓਹਨੇ ਬੱਸ ਐਨਾ ਹੀ, “ਡਾæਸਾਹਿਬ ਮੈਂ ਥੋਡੇ ਮੂੰਹ ਨੂੰ ਗੱਡੀ ਘਰ ਲੈ ਆਇਆ|” ਤੇ ਚਾਬੀਆਂ ਫੜਾ ‘ਸਾਸਰੀ ਕਾਲ’ ਬੁਲਾ ਗਿਆ|
ਇਹ ਜਦੋਂ ਸਰ ਲਈ ਤਿਆਰ ਕੀਤਾ ਟਿਫ਼ਨ ਲੈ ਕੇ ਚਾਅ ਨਾਲ ਯੂਨੀਵਰਸਿਟੀ ਪਹੁੰਚੀ ਤਾਂ ਸਰ ਸੱਚੀਂ ਹੀ ਟੂਰ ਵਾਲਿਆਂ ਦੇ ਨਾਲ ਸੀ, ਇਹਦੇ ਤਾਂ ਤਨ-ਮਨ ਨੂੰ ਅੱਗ ਲੱਗ ਗਈ| ਸੇਖੋਂ ਦੀ ਐਨੀ ਜੁਅੱਰਤ| ਉਹਨੂੰ ਫੋਨ ‘ਤੇ ਬੁਰਾ-ਭਲਾ ਕਹਿਣ ਲੱਗੀ| ਉਹਨੇ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਉਹਨੂੰ ਤਾਂ ਸਰ ਨੇ ਕਿਹਾ ਸੀ, ਬਈ ਸੀਰਤ ਨੂੰ ਨਹੀਂ ਦੱਸਣਾ| ਇਹ ਹੋਰ ਮੱਚ ਗਈ| ਡਰਾਈਵਰ ਨੂੰ ਲੈ ਕੇ ਉਨ੍ਹਾਂ ਦੇ ਪਿੱਛੇ ਨਿੱਕਲ ਤੁਰੀ| ਪਰ ਸਰ ਨੇ, ਮੈਡਮ ਨੇ ਜਾਂ ਕੁੜੀਆਂ ਨੇ, ਪਤਾ ਨਹੀਂ ਕੀਹਨੇ ਕੀ ਚਕਰੀ ਘੁਮਾਈ ਕਿ ਇਹ ਟੱਕਰਾਂ ਮਾਰ-ਮਾਰ ਹੰਭ ਗਈ ਪਰ ਇਹਨੂੰ ਟੂਰ ਨਾ ਮਿਲਿਆ| ਪਤਾ ਨਹੀਂ ਕਿੱਥੇ-ਕਿੱਥੇ ਧੱਕੇ ਖਾ ਕੇ ਇਹ ਘਰ ਵੜੀ| ਰਾਹ ‘ਚ ਕਿਤੇ ਭੁੱਖਣ-ਭਾਣੇ ਡਰਾਈਵਰ ਨੇ ਕੁਝ ਖਾਣ ਲਈ ਕਿਹਾ ਤਾਂ ਓਹਦੇ ਗਲ ਪੈ ਗਈ, ‘ਇਕ ਦਿਨ ਨਾਲ ਜਾਨ ਨਹੀਂ ਨਿਕਲਦੀ ਤੇਰੀ’| ਏਨੇ ਸਮੇਂ ‘ਚ ਇਨੇ ਮੈਨੂੰ ਇਕ ਮੈਸੇਜ਼ ਕੀਤਾ ‘ਮੈਂ ਠੀਕ ਹਾਂ ਦੇਰ ਨਾਲ ਆਵਾਂਗੀ|’
ਉਹ ਹਫ਼ਤਾ ਇਹ ਆਪ ਤਾਂ ਅੰਗਿਆਰਾਂ ‘ਤੇ ਰਹੀ ਹੀ, ਨਾਲ ਮੈਨੂੰ ਵੀ ਭੁੰਨਿਆ| ਉਂਜ ਮੈਂ ਤਾਂ ਹੁਣ ਤੱਕ ਹੀ ਭੁੱਜ ਰਿਹਾਂ ਪਰ ਸੀਅ ਨਹੀਂ ਕੀਤੀ| ਕੀ ਦਸਾਂ! ਮੇਰੇ ਏਸੇ ਸੁਭਾਅ ਨੇ ਤਾਂ ਇੱਥੋਂ ਤੱਕ ਪੁਚਾਇਐ| ਵਿਦਵਾਨ ਕਹਿੰਦੈ, “ਨਰਮ ਤੇ ਸਾਉਂ ਬੰਦੇ ਨੂੰ ਹਰ ਕੋਈ ਦਬਾਉਂਦਾ ਚਲਿਆ ਜਾਂਦਾ|”
ਹਫ਼ਤੇ ਪਿਛੋਂ ਇਹ ਮੈਨੂੰ ਅੱਧੀ ਰਾਤੀਂ ਜਗਾ ਕੇ ਕਹਿਣ ਲੱਗੀ, “ਪਤਾ ਲਗਿਐ, ਸਰ ਹੁਣੇ ਪਹੁੰਚੇ ਨੇ ਯੂਨੀਵਰਸਿਟੀ, ਮਿਲਣ ਜਾਣੈ|” ਇਹਨੂੰ ਸਾਹ ਜਿਹਾ ਚੜ੍ਹਿਆ ਪਿਆ ਸੀ। ਮਨ ‘ਚ ਆਇਆ, ‘ਏਹ ਮੈਨੂੰ ਸਮਝਦੀ ਕੀ ਐ, ਸਵੇਰੇ ਦਿਨ ਨਹੀਂ ਚੜ੍ਹਨਾ, ਹੁਣੇ ਕੀ ਅੱਗ ਲਗੀ ਐ, ਸਰ ਮੇਰੇ ਬਾਰੇ ਕੀ ਸੋਚੂ, ਬਈ ਬੂਜੜ ਸਾਲਾ ਲੈ ਕੇ ਤੁਰ ਪੈਂਦਾæææ|’ ਇਹੋ ਜਿਹਾ ਕੁਝ ਸੋਚਦੇ ਨੇ ਪਤਾ ਹੀ ਨਾ ਲਗਾ ਕਦੋਂ ਅੱਖਾਂ ਤੇ ਛਿੱਟੇ ਮਾਰ ਗੱਡੀ ਗੈਰਿਜ ਚੋਂ ਕੱਢ ਲਈ| ਰਾਹ ‘ਚ ਫੈਸਲਾ ਕੀਤਾ ਕਿ ਅੱਜ ਇਹਦੇ ਨਾਲ ਹੀ ਜਾਊਂ ਅੰਦਰ, ਦੇਖਾਂ ਤਾਂ ਸਹੀ ਕਿਵੇਂ ਮਿਲਦੀ ਐ ਸਰ ਨੂੰ?| ਪਰ ਸਰ ਦੇ ਦਰਾਂ ਤੇ ਪਹੁੰਚ ਕੇ ਇਹ ਬੋਲੀ, “ਤੁਸੀਂ ਰੁਕੋ, ਮੈਂ ਦੇਖ ਲਵਾਂ ਸਰ ਆਰਾਮ ਨਾ ਕਰਦੇ ਹੋਣ|”
ਮੇਰੇ ਗੱਡੀ ਮੋੜਦੇ ਨੂੰ ਇਹ ਮੁੜ ਵੀ ਆਈ| ਖੁਸ਼ ਵੀ ਸੀ ਤੇ ਉਦਾਸ ਵੀ| ਆਪਣੇ ਆਪ ਬੋਲੀ ਜਾ ਰਹੀ ਸੀ, “ਸਰ ਬੜੇ ਖੁਸ਼ ਹੋਏ, ਕਹਿੰਦੇ ਮੈਂ ਥੱਕਿਆ ਹੋਇਆਂ, ਰੈਸਟ ਕਰਨੀ ਐਂ, ਕਲ ਮਿਲਾਂਗੇ|” ਇਹੋ ਜਿਹੇ ਵੇਲੇ ਡਾਕਟਰੀ ‘ਚ ਪੜ੍ਹਿਆ ਮਨੋ ਵਿਗਿਆਨ ਬੜਾ ਤੰਗ ਕਰਦੈ| ਸਮਝ ਗਿਆ, ਇਹ ਕੀ ਕਹਿਣਾ ਤੇ ਕੀ ਲੁਕਾਉਣਾ ਚਾਹੁੰਦੀ ਹੈ|
ਹੁੰਗਾਰਾ ਭਰਦਿਆਂ ਗੱਡੀ ਤੋਰ ਲੈਂਦਾ ਹਾਂ ਕਿ ਇਹ ਅਚਾਨਕ ਕਹਿ ਉਠਦੀ ਹੈ, “ਰੋਕੋ-ਰੋਕੋ, ਮੈਨੂੰ ਤਾਂ ਭੁਲ ਹੀ ਗਿਆ ਸੀ, ਸਰ ਵਾਸਤੇ ਪੈਕਟ ਲਿਆਈ ਸੀ|” ਮੈਂ ਤਿਰਛੀ ਨਿਗ੍ਹਾ ਨਾਲ ਸਿਗਰਟਾਂ ਦਾ ਪੈਕਟ ਦੇਖ ਲੈਂਦਾ ਹਾਂ| ਅੰਦਰ ਇਕ ਕਾਤੀ ਜਿਹੀ ਫਿਰੀ ਐ, ਪਰ ਮੁਸ਼ਕਰਾ ਪੈਂਦਾ ਹਾਂ| ਮੇਰਾ ਸਿਗਰਟ ਪੀਣ ਨੂੰ ਬੜਾ ਜੀਅ ਕਰਦਾ। ਇਕ ਵਾਰੀ ਮੈਂ ਮਨ ਦੀ ਗੱਲ ਸੀਰਤ ਨੂੰ ਦੱਸੀ ਤਾਂ ਇਹ ਖੌਰੂ ਪਾਉਣ ਲੱਗੀ| ਸਿੱਖ ਵਾਸਤੇ ਸਿਗਰਟ ਕਿੰਨੀ ਮਾੜੀ ਤੇ ਸ਼ਰਮਨਾਕ ਐ, ਇਹਨੇ ਭਿਅੰਕਰ ਭਾਸ਼ਨ ਦਿੱਤਾ| ਆਪਣੇ ਮਾਂ ਬਾਪ ਦੇ ਅੰਮ੍ਰਿਤਧਾਰੀ ਹੋਣ ਦਾ ਦਬਕਾ ਵੀ ਮਾਰਿਆ| ਇਹਨੂੰ ਸਿਗਰਟ ਤੋਂ ਕਿੰਨੀ ਨਫ਼ਰਤ ਐ, ਉਹਦੇ ਬਾਰੇ ਹੱਥ ਮੂੰਹ ਬਣਾ, ਨੱਕ ਬੁੱਲ ਮਾਰ-ਮਾਰ ਦਸਦੀ ਰਹੀ, ਪਰ ਅੱਜ ਸਰ ਵਾਸਤੇ ਕਿਵੇਂ ਚਾਅ ਨਾਲ ਉਹਦਾ ਮਨ ਪਸੰਦ ਬਰਾਂਡ ਚੁੱਕੀ ਫਿਰਦੀ ਐ|
ਉਹ ਜਿਵੇਂ ਨੱਸਦੀ ਅੰਦਰ ਗਈ ਸੀ ਉਵੇਂ ਪਰਤ ਆਈ| ਆਉਂਦੀ ਸ਼ੁਰੂ ਹੋ ਗਈ, “ਸਰ ਸੱਚ ਮੁੱਚ ਜੀਨੀਅਸ ਨੇæææਆਉਟ ਆਫ ਵਰਲਡ ਐਂਡ ਡਾਉਨ ਟੂ ਅਰਥæææਆਲ ਯੂਨੀਵਰਸਿਟੀ ਦਾ ਧੁਰਾ ਨੇ ਉਹæææਗੌਰਮਿੰਟ ਚਲਾਉਣ ਵਾਲੇ ਵੀ ਉਨ੍ਹਾਂ ਤੋਂ ਅਡਵਾਈਜ਼ ਲੈਂਦੇ ਨੇæææਤੁਸੀਂ ਕਦੇ ਉਨ੍ਹਾਂ ਦਾ ਔਰਾ ਦੇਖੋæææਬਿਲਕੁਲ ਅਵਤਾਰੀ ਪੁਰਸ਼ਾਂ ਵਰਗਾæææਜਦੋਂ ਪੜ੍ਹਾਉਂਦੇ ਨੇ, ਏਨੇ ਟਿਉਨ-ਅੱਪ ਹੁੰਦੇ ਨੇ ਕਿ ਬੱਸ਼ææ|” ਉਹ ਗੁਆਚੀ ਜਿਹੀ ਕਹਿ ਰਹੀ ਹੈ, “ਬੱਸ ਜਿਵੇਂ ਕ੍ਰਿਸ਼ਨ ਬੰਸਰੀ ਵਜਾਉਂਦੇ ਹੋਣ ਤੇ ਸਟੂਡੈਂਟæææਹੋਰਾਂ ਦਾ ਤਾਂ ਪਤਾ ਨਹੀਂ ਪਰ ਮੈਨੂੰ ਫੀਲ ਹੁੰਦੈ ਕਿ ਜਿਵੇਂ ਮੈਂ ਰਾਧਾ ਹੋਵਾਂæææ!”
ਕੁੱਝ ਦੇਰ ਰੁਕ ਕੇ ਫੇਰ ਕਹਿੰਦੀ ਹੈ, “ਸੱਚੀ ਸਾਡੇ ਰਿਸ਼ਤੇ ਤੇ ਸ਼ੱਕ ਨਾ ਕਰਿਓ ਕਦੇ ਵੀ, ਬਹੁਤ ਪਾਕ ਤੇ ਪਵਿੱਤਰ ਹੈ ਸਾਡਾ ਰਿਸ਼ਤਾæææ|” ਜਾਣਦਾਂ, ਸਭ ਕਾਮ ਦੇ ਰੰਗ ਨੇ| ਉਹ ਅਜੇ ਵੀ ਕੁੱਝ ਨਾ ਕੁੱਝ ਕਹੀ ਜਾ ਰਹੀ ਏ ਸਰ ਬਾਰੇ| ਸਭ ਸਮਝਦਾਂ, ਮੈਂ ਇਹਦੀ ਪਹੁੰਚ ਵਿਚ ਹਾਂ ਪ੍ਰਾਪਤ ਹੋਈ ਵਸਤੂ ਤੇ ਸਰ ਅਪ੍ਰਾਪਤ, ਹੋਰ ਮੇਰੇ ਤੇ ਸਰ ‘ਚ ਕੋਈ ਬਹੁਤਾ ਫਰਕ ਨਹੀਂ| ਵਿਦਵਾਨ ਬੋਲਣ ਲੱਗਾ, “ਕ੍ਰਿਸ਼ਨ ਵੀ ਤਾਂ ਇਹੀ ਸੀ ਅਪਹੁੰਚ, ਅਪ੍ਰਾਪਤæææ”
ਫੇਰ ਵਿਦਵਾਨ ਮੈਨੂੰ ਸਿੱਧਾ ਹੋਇਆ, ਕੁੱਝ ਵਿਅੰਗ ਨਾਲ, “ਡਾæ ਸਾਹਿਬ ਤੁਸੀਂ ਅਯਨਘੋਸ਼ ਬਾਰੇ ਜਾਣਦੇ ਓ? ਤੁਹਾਨੂੰ ਜ਼ਰੂਰ ਜਾਣਨਾ ਚਾਹੀਦੈ|” ਪਰ ਮੈਂ ਸਰ ਬਾਰੇ ਸੋਚ ਰਿਹਾ ਸੀ ਕਿ ਸਰ ਵੀ ਕੀ ਚੀਜ ਐ, ਏਹ ਅੱਧੀ ਰਾਤੀਂ ਉਸਨੂੰ ਮਿਲਣ ਆਈ ਪਰ ਉਹਨੇ ਭੋਰਾ ਨੀ ਗੌਲਿਆ| ਏਹੀ ਕਮਾਲ ਐ ਓਹਦਾ, ਤਾਂ ਹੀ ਤਾਂ ਸੀਰਤ ਵਰਗੀਆਂ ਕਿੰਨੀਆ ਹੀ ਉਹਦੇ ਪਿਛੇ ਪਾਗਲ ਹੋਈਆਂ ਫਿਰਦੀਆਂ ਨੇ| ‘ਅਟੈਚ ਐਂਡ ਡੀ-ਅਟੈਚ,’ ਸਭ ਸਮਝਦਾਂ, ਹੋਰ ਕਿਸੇ ਗੱਲ ‘ਚ ਸਰ ਨਾਲੋਂ ਘੱਟ ਨਹੀਂ ਮੈਂ, ਭੋਰਾ ਵੱਧ ਈ ਹੋਉਂਗਾ| ਵੈਸੇ ਤੀਵੀਂ ਦੇ ਮਾਮਲੇ ਵਿਚ ਹਰੇਕ ਬੰਦਾ ਫੰਨੇ ਖ਼ਾਂ ਬਣਦੈ, ਪਰਦਾ ਸਾਡੇ ਕੋਲ ਵੀ ਰੱਖਣਗੇ, ਡਾਕਟਰਾਂ ਕੋਲ ਵੀ, ਪਰ ਅਸੀ ਸਮਝ ਜਾਨੇ ਆਂ ਜਦੋਂ ਅਗਲਾ ਆਖਦਾ, “ਡਾਕਟਰ ਸਾਹਿਬ ਕੋਈ ਵਧੀਆ ਜਿਹੀ ਦਵਾਈ ਦਿਓ, ਜ਼ਰਾ ਟੈਨਸ਼ਨ ਜਿਹੀ ਕਰਕੇæææਊਂ ਸਰੀਰ ਤਾਂ ਜੀ ਪੂਰਾ ਫਿੱਟ ਐæææ|” ਪਰ ਮੈਂ ਜਾਣਦਾਂ ਕਿ ਤੀਵੀਂ ਤੋਂ ਹਰ ਬੰਦਾ ਡਰਦੈ, ਜੇ ਨਾ ਡਰਦਾ ਹੋਵੇ ਤਾਂ ‘ਤਾਕਤ ਦੇ ਬਾਦਸ਼ਾਹਾਂ’ ਦੀ ਮਸ਼ਹੂਰੀ ਨਾਲ ਅਖ਼ਬਾਰਾਂ ਤੇ ਕੰਧਾਂ ਨਾ ਭਰੀਆਂ ਹੋਣ| ਚੱਤੋ ਪਹਿਰ ਦਿਮਾਗ ‘ਚ ਏਹੀ ਚੱਲਦੈ ਕਿ ਤੀਵੀਂ ਦੀ ਬੱਸ ਕਰਾਉਣੀ ਐ, ਪਰ ਭੋਲੇ ਲੋਕ ਇਹ ਨਹੀਂ ਜਾਣਦੇ ਕਿ ਜੇ ਏਹਦੀ ਬੱਸ ਕਰਾ ਸਕਦੇ ਤਾਂ ਇਹ ਕੋਠੇ ‘ਤੇ ਨਾ ਬੈਠਦੀ| ਜਿੱਥੇ ਹਰ ਕੋਈ ਦਾਰੂ, ਫੀਮ ਤੇ ਹੋਰ ਸਵਾਹ ਖੇਹ ਦੀਆਂ ਗੋਲੀਆਂ ਕੈਪਸੂਲ ਖਾ ਕੇ, ਤੀਵੀਂ ਦੀ ਬੱਸ ਕਰਾਉਣ ਗਿਆ ਆਪਣੀ ਕਰਾ ਕੇ ਮੁੜ ਆਉਂਦੈ| ਇਹ ਤਾਂ ਔਰਤ ਹੀ ਬੰਦੇ ਦਾ ਪਰਦਾ ਕੱਜੀ ਰੱਖੇæææ|
ਜਾਣਦਾ ਮੈਂ ਬਹੁਤ ਕੁਝ ਆਂ ਪਰ ਮੇਰੇ ਦਿਮਾਗ ‘ਤੇ ਵੀ ਇਹ ਹੀ ਭਾਰੂ ਰਹਿੰਦੈ ਕਿ ਸੀਰਤ ਨੂੰ ਵੱਧ ਤੋਂ ਵੱਧ ਸੁੱਖ ਕਿਵੇਂ ਦੇਵਾਂ? ਆਪਣੇ ਆਪ ਦਾ ਖਿਆਲ ਨਹੀ ਕਰਦਾ| ਬੱਸ ਡੁੱਲ੍ਹ ਜਾਨਾ ਪੂਰੇ ਦਾ ਪੂਰਾ| ਸਰ ਤਵਾਜ਼ਨ ਬਣਾ ਕੇ ਰੱਖਦਾ| ਸੀਰਤ ਸਮਝਦੀ ਐ ਕਿ ਸਰ ਉਹਦਾ, ਪਰ ਉਹ ਕਿਸੇ ਦਾ ਵੀ ਨਹੀਂ| ਇਹ ਸਾਰਾ ਕੁਝ ਕਿਵੇਂ ਕਰਦੈ ਉਹ, ਇਹ ਮੈਂ ਜਾਣਦਾਂ ਪਰ ਮੈਥੋਂ ਹੁੰਦਾ ਨਹੀਂ| ਹਾਂ, ਇਹ ਵੀ ਪਤੈ ਮੈਨੂੰ ਕਿ ਸਾਨੂੰ ਆਪਣੇ ਗੁਣਾਂ-ਦੋਸ਼ਾਂ ਬਾਰੇ ਸੋਝੀ ਨਹੀ ਹੁੰਦੀ| ਵਿਦਵਾਨ ਫੇਰ ਚੱਕਰ ਮਾਰ ਗਿਆ ਹੈ, ਦੂਜਿਆਂ ਦੀ ਖਬਰ ਰੱਖਣਾ ਵਾਲਾ ਆਪਣੇ ਬਾਰੇ ਬੇ-ਖਬਰ ਹੁੰਦਾ ਹੈ| ਮੈਂ ਇਹ ਵੀ ਜਾਣਦਾਂ ਕਿ ਸਮੇਂ ਨੇ ਮੈਨੂੰ ਆਪਣੇ ਆਪ ਨੂੰ ਵਿਥ ‘ਤੇ ਖਲੋਂ ਕੇ ਤੱਕਣਾ ਸਿੱਖਾ ਦਿੱਤੈ| ਏਸੇ ਲਈ ਜਾਣਦਾਂ ਕਿ ਕੋਈ ਐਸੀ ਕਮੀ ਨਹੀ ਮੇਰੇ ‘ਚ ਬਈ ਸੀਰਤ ਨੂੰ ਸਰ ਕੋਲ ਜਾਣਾ ਪਵੇ|
ਪਰ ਵਿਦਵਾਨ ਆਖਦੈ ‘ਔਰਤ ਨੂੰ ਸਮਝਣਾ ਸੰਭਵ ਨਹੀਂ ਡਾਕਟਰ ਸਾਹਿਬ, ਕਦੇ-ਕਦੇ ਤਾਂ ਲੱਗਦੈ, ਦ੍ਰੋਪਦੀ ਇਸਤਰੀਤਵ ਦਾ ਸ਼ਿਖਰ ਹੈ, ਗਹਿਰੀ ਤੇ ਵਿਸ਼ਾਲ| ਜਿਹੜੀ ਪੰਜ-ਪਤੀ ਨਹੀਂ ਆਪਣੇ ਪਤੀ ‘ਚ ਪੰਜ ਗੁਣ ਚਾਹੁੰਦੀ ਹੈ| ਯੂਧਿਸ਼ਟਰ ਵਰਗਾ ਸੱਚਾ-ਸੁੱਚਾ, ਭੀਮ ਵਰਗਾ ਉਚਾ-ਲੰਮਾ ਪਤਨੀ ਦੇ ਬਣਾਏ ਖਾਣੇ ਨੂੰ ਖੁਸ਼ ਹੋ ਕੇ ਖਾਣ ਵਾਲਾ, ਅਰਜ਼ਨ ਵਰਗਾ ਹੁਨਰੀ, ਯੁੱਧ ਵਿੱਦਿਆ ‘ਚ ਮਾਹਿਰ; ਨਕੁਲ ਵਰਗਾ ਖੂਬਸੂਰਤ ਤੇ ਸਹਿਦੇਵ ਵਰਗਾ ਵਿਦਵਾਨ, ਗੱਲਾਂ ਬਾਤਾਂ ‘ਚ ਨਿਪੁੰਨ| ਅਜਿਹੀ ਔਰਤ ਦੀ ਸੰਤੁਸ਼ਟੀ ਸਿਰਫ ਕਾਮ ਭੋਗ ਨਾਲ ਨਹੀਂ ਹੁੰਦੀ| ਅੱਜ ਤਾਂ ਵਿਦਵਾਨ ਕਥਾ ਹੀ ਛੋਹ ਕੇ ਬੈਠ ਗਿਆ| ਹੁਣ ਉਹਨੂੰ ਕੀ ਦੱਸੇ ਬੰਦਾ ਕਿ ਸੀਰਤ ਦ੍ਰੋਪਦੀ ਨਹੀਂ|
ਕਈ ਵਾਰ ਮੈਂ ਸੋਚਦਾਂ ਕਿ ਏਹਨੇ ਮੇਰੇ ਨਾਲ ਵਿਆਹ ਹੀ ਕਿਉਂ ਕਰਵਾਇਆ? ਫੇਰ ਸੋਚਦਾਂ ਕਿ ਇਹਨੂੰ ਪੜ੍ਹਿਆ ਲਿਖਿਆ ਸਟੇਟਸ ਵਾਲਾ ਝੁੱਡੂ ਚਾਹੀਦਾ ਸੀ| ਉਹ ਮੈਂ ਮਿਲ ਗਿਆ, ਪਰਫੈਕਟ| ਵਿਦਵਾਨ ਦੇ ਕਹਿਣ ਵਾਗੂੰ ‘ਅਯਨਘੋਸ਼’| ਅੱਜ ਜਾਂਦਾ-ਜਾਂਦਾ ਵਿਦਵਾਨ ‘ਅਯਨਘੋਸ਼’ ਬਾਰੇ ਵੀ ਦੱਸ ਗਿਆ। ਸੁਣ ਕੇ ਆਪਣੇ ਆਪ ‘ਤੇ ਸ਼ਰਮ ਆਈ ਤੇ ਗੁੱਸਾ ਵੀ| ਅਜਿਹੇ ਵੇਲੇ ਮੈਂ ਦੇਵਦਾਰ ਦੇ ਪੌਦੇ ਕੋਲ ਜਾ ਬੈਠਦਾਂ, ਲਾਅਨ ਵਿਚ| ਇੱਥੇ ਮੈਂ ਆਪਣੇ ਸ਼ੌਕ ਲਈ ਦੇਸੀ ਗੁਲਾਬ ਤੇ ਰਾਤ-ਰਾਣੀ ਵਰਗੇ ਬੂਟੇ ਲਾਏ ਸਨ-ਖੁਸਬੂਆਂ ਵੰਡਣ ਵਾਲੇ| ਪਰ ਇੱਕ ਦਿਨ ਸੀਰਤ ਨੇ ਯੂਨੀਵਰਸਿਟੀ ‘ਚੋਂ ਮਾਲੀ ਬੁਲਾ ਕੇ ਉਹ ਸਾਰੇ ਪੁੱਟਾ ਦਿੱਤੇ ਤੇ ਉਨ੍ਹਾਂ ਦੀ ਥਾਵੇਂ ਅੰਗਰੇਜ਼ੀ ਦੇ ਨਾਮਾਂ ਵਾਲੇ ‘ਕਾਰਨੇਸ਼ਨ’ ਲਗਵਾ ਦਿੱਤੇ, ਸਾਰੇ ਦੇ ਸਾਰੇ ਮਹਿਕ-ਵਿਹੂਣੇ| ਦੇਵਦਾਰ ਵੀ ਮੇਰੇ ਵਾਗੂੰ ਇਨ੍ਹਾਂ ‘ਚ ਘਿਰਿਆ-ਘਿਰਿਆ ਮਹਿਸੂਸ ਕਰਦੈ| ਅੰਤਾਂ ਦਾ ਦੁੱਖੀ ਹੋਇਆ ਮੈਂ ਉਸ ਕੋਲ ਆ ਬੈਠਦਾ ਹਾਂ| ਉਂਜ ਸਰ ਕਿਹੋ ਜਿਹਾ ਵੀ ਹੋਵੇ ਪਰ ਮੇਰੇ ਵਰਗਾ ਮੋਹ ਖੋਰਾ ਬੰਦਾ ਸੀਰਤ ਨੂੰ ਕਿਤੇ ਨਹੀਂ ਮਿਲ ਸਕਦਾ| ਅੱਤ ਦਾ ਪਿਆਰ ਕਰਨ ਵਾਲਾ| ਇਹ ਕਿਉਂ ਨਹੀਂ ਸਮਝਦੀ ਕਿ ਅਜਿਹਾ ਬੰਦਾ ਨਫ਼ਰਤ ਵੀ ਅੱਤ ਦੀ ਕਰਦਾ| ਪਰ ਵਿਦਵਾਨ ਕਹਿੰਦੈ, ‘ਏਹ ਯੁੱਗ ਅੱਤਾਂ ਦਾ ਯੁੱਗ ਨਹੀਂ ਹੈ| ਥੋੜੇ-ਥੋੜੇ ਦਾ ਯੁੱਗ ਹੈ, ਥੋੜਾ-ਥੋੜਾ ਪਿਆਰ, ਥੋੜਾ-ਥੋੜਾ ਗੁੱਸਾ, ਥੋੜਾ-ਥੋੜਾ ਨੇੜ ਲਗਾਅ, ਥੋੜੀ-ਥੋੜੀ ਦੂਰੀ| ਉਲਾਰ ਹੋਣ ਦਾ ਯੁੱਗ ਨਹੀਂ ਹੈ|’
ਇਹ ਸਾਰਾ ਕੁਝ ਤਾਂ ਮੈਂ ਮਰੀਜ਼ਾਂ ਨੂੰ ਸਮਝਾਉਂਦਾ, ਪਰ ਮੈਂ ਆਪ ਨਹੀਂ ਸਮਝਦਾ| ਦੁਖੀ ਤਾਂ ਇਸ ਗੱਲੋਂ ਵੀ ਹੁੰਦਾ ਹਾਂ ਕਿ ਮੈਂ ਜਾਣਦਾ ਤਾਂ ਬਹੁਤ ਹਾਂ ਪਰ ਮੇਰੀਆਂ ਸਿਆਣਪਾਂ ਨੇ ਸਵਾਰਿਆ ਕੁੱਝ ਨਹੀਂ| ਹੁਣ ਤਾਂ ਕਦੇ-ਕਦੇ ਲੱਗਦੈ ਕਿ ਸਭ ਲੋਟ ਆਏ ਦੀਆਂ ਗੱਲਾਂ ਨੇ, ਬੰਦੇ ਦੇ ਵੱਸ ਕੁਝ ਨਹੀਂ ਹੁੰਦਾ|
ਅਗਲੇ ਦਿਨ ਸੀਰਤ ਫਿਰ ਸਾਜਰੇ ਉਠੀ। ਮਾਂ ਨੂੰ ਬੁਲਾਇਆ, ਸਰ ਭਗਵਾਨ ਲਈ ਭੋਗ ਤਿਆਰ ਕੀਤੇ ਤੇ ਯੂਨੀਵਰਸਿਟੀ ਚਲੀ ਗਈ| ਉਹਨੇ ਸਾਰਾ ਦਿਨ ਮੇਰੇ ਨਾਲ ਗੱਲ ਨਾ ਕੀਤੀ ਤੇ ਨਾ ਹੀ ਮੈਂ ਫੋਨ ਕੀਤਾ| ਮੈਂ ਦੇਰ ਨਾਲ ਘਰ ਪਰਤਿਆ| ਬੈਡਰੂਮ ‘ਚ ਆਇਆ, ਸੀਰਤ ਘੂਕ ਸੁੱਤੀ ਪਈ ਐ, ਸਰ ਨੂੰ ਮਿਲ ਕੇ ਆਈ ਸੰਤੁਸ਼ਟ| ਐਦਾਂ ਕਦੇ ਨਹੀ ਸੌਂਦੀ ਏਹ| ਇਹਦੀ ਨੀਂਦ ਬੜੀ ਪਤਲੀ ਐ, ਜ਼ਰਾ ਜਿੰਨੇ ਖੜਕੇ ਨਾਲ ਖੁੱਲ੍ਹ ਜਾਂਦੀ ਐ| ਗੂੜੀ ਨੀਂਦ ਮੇਰੇ ਬੀਜ਼ੀ ਸੌਂਦੇ ਨੇ, ਪਹਿਲਾਂ ਤੋਂ ਹੀ ਨਿਸਚਿੰਤ, ਬੇਖ਼ਬਰ, ਲੱਤਾਂ ਬਾਹਾਂ ਖਿੱਲਰੀਆਂ ਹੋਈਆਂ| ਹੈਡ ਸਰ ਨੇ ਲੜਨਾ, ‘ਤੈਨੂੰ ਉਤੇ ਕੱਪੜਾ ਲੈਣ ਦੀ ਵੀ ਸੁਰਤ ਨਹੀਂ ਹੁੰਦੀ’| ਸੀਰਤ ਬਹੁਤ ਧਿਆਨ ਰੱਖਦੀ ਐ, ਚਾਰੇ-ਪਾਸੇ ਕੁੰਜ ਕੇ ਮੂੰਹ ਸਿਰ ਵਲੇਟ ਕੇ ਸੌਂਦੀ ਐ| ਉਂਗਲ ਵੀ ਨੰਗੀ ਨਹੀਂ ਹੋਣ ਦਿੰਦੀ, ਫਿਰ ਵੀ ਨੀਂਦ ਇਹਦੀ ਗਹਿਰੀ ਨਹੀਂ, ਕੋਈ ਖੜਕਾ ਨਾ ਵੀ ਹੋਵੇ ਤਾਂ ਕਿਸੇ ਸੁਪਨੇ ਨਾਲ ਹੀ ਜਾਗ ਕੇ ਬੈਠ ਜਾਂਦੀ ਐ| ਮੈਂ ਇਹਦਾ ਮਨੋਵਿਗਿਆਨ ਸਮਝਦਾਂ| ਪਾਪਾ ਵੱਲੋਂ ਮਿਲੀ ਖੁੱਲ, ਪਰ ਨਾਲ ਹੀ ਆਪਣੇ ਵੱਡੇ ਲੋਕ, ਗਰੇਵਾਲ ਜੱਟ ਹੋਣ ਦਾ ਅਤੇ ਇੱਜਤ ਦਾ ਵਾਰ-ਵਾਰ ਦੁਹਰਾਅ ਤੇ ਮਾਂ ਦੀਆਂ ਬੇਹੱਦ ਸਮਝਾਂਉਣੀਆਂ ਵਰਗੇ ਮਾਹੌਲ ‘ਚ, ਜੁਆਨ ਹੋਈਆਂ ਕੁੜੀਆਂ ਇਸ਼ਕ ਕਰਦੀਆਂ ਨੇ ਪਰ ਚੋਰੀ ਛੁਪੇ| ਬਦਨਾਮੀ ਨਹੀਂ ਹੋਣ ਦਿੰਦੀਆਂ| ਹਰ ਗੱਲ ‘ਚ ਲੁਕੋ, ਪਰਦੇ ਦਰ ਪਰਦੇ| ਦਿਖਾਉਣਾ ਇਹ ਕਿ ਕੁਝ ਵੀ ਨਹੀਂ ਲੁਕਾਇਆ, ਸਭ ਕੁਝ ਸਾਫ਼ ਹੈ| ਵੱਡੇ ਸੱਚ ਲੁਕਾਉਣ ਲਈ ਛੋਟੇ-ਛੋਟੇ ਸੱਚ ਉਜਾਗਰ ਕਰਦੇ ਰਹਿਣਾ| ਦੱਸਣਾ ਤੇ ਦਿਖਾਉਣਾ ਕਿ ਉਹ ਖੁੱਲੀ ਕਿਤਾਬ ਹੈ ਪਰ ਵਿਦਵਾਨ ਕਹਿੰਦੈ, ‘ਅਜਿਹੀਆਂ ਖੁੱਲੀਆਂ ਕਿਤਾਬਾਂ ਦੇ ਵਾਕ ਪੜ੍ਹ ਤਾਂ ਸਾਰੇ ਲੈਂਦੇ ਨੇ, ਸਮਝਦਾ ਉਹੀ ਐ ਜਿਹਨੂੰ ‘ਬਿਟਵੀਨ ਦਾ ਲਾਇਨ’ ਪੜ੍ਹਨਾ ਆ ਜਾਵੇ|’
ਮਲਕ ਦੇਣੇ ਉਠਦਾ ਹਾਂ, ਦੱਬੇ ਪੈਰੀਂ ਛੱਤ ਉਪਰ ਆ ਜਾਂਦਾ ਹਾਂ| ਸ਼ਹਿਰ ‘ਚ ਚੰਦਰਮਾ ਓਨਾ ਨਿਰਮਲ ਤੇ ਸ਼ੀਤਲ ਜਿਹਾ ਨਹੀਂ ਲਗਦਾ, ਜਿੰਨਾ ਸਾਡੇ ਪਿੰਡ ਦਿਆਂ ਖੇਤਾਂ ‘ਚੋਂ ਲਗਦੈ| ਆਪਣੇ ਪਿੰਡ ਯਾਦ ਆਉਂਦਿਆਂ ਹੀ ਉਹੀ ਖਿਆਲ ਫਿਰ ਭਾਰੂ ਹੋ ਜਾਂਦੈ ਕਿ ਜੇਕਰ ਡਾਕਟਰੀ ਹੀ ਕਰਨੀ ਹੈ ਤਾਂ ਆਪਣੇ ਲੋਕਾਂ ‘ਚ ਕਿਉਂ ਨਹੀਂ। ਏਥੇ ਸ਼ਹਿਰ ‘ਚ ਤਾਂ ਸੈਂਕੜੇ ਐਮæਡੀæਨੇ, ਮੇਰੇ ਪਿੰਡਾਂ ‘ਚ ਦੂਰ-ਦੂਰ ਤੱਕ ਇਕ ਵੀ ਨਹੀਂ| ਚੰਦਰਮਾ ਵੱਲ ਵੇਖਦਾਂ, ਬੀਜੀ ਬਹੁਤ ਯਾਦ ਆਏ ਨੇ| ਯਾਦ ਤਾਂ ਹੈਡ ਸਰ ਵੀ ਆਉਂਦੇ ਨੇ ਪਰ ਕੁਝ ਤਲਖ਼ੀ ਨਾਲ, ਮੈਨੂੰ ਦਾਅ ਤੇ ਲਾ ਕੇ ਖੇਡੀ ਬਾਜ਼ੀ ਵਿਚ ਉਹ ਜਿੱਤ ਜਰੂਰ ਗਏ ਪਰ ਮੇਰਾ ਹਾਲ ਇਕ ਵਾਰੀ ਵੀ ਨਹੀਂ ਪੁਛਿਆ| ਕਦੇ ਦਸਿਆ ਮੈਂ ਵੀ ਨਹੀਂ| ਉਹ ਜਿੰਨੀ ਵਾਰ ਵੀ ਆਏ ਪਹਿਲਾਂ ਨਾਲੋਂ ਵੱਧ ਤਸੱਲੀ ਨਾਲ ਵਾਪਸ ਗਏ ਕਿ ਡਾਕਟਰ ਚੰਗਾ ਨਾਮਾ ਬਣਾ ਰਿਹਾ| ਬੀਜੀ ਝਿਜਕਦੇ ਜਿਹੇ, ਮੇਰੀ ਸੱਸ ਨੂੰ ਇਸ਼ਾਰਿਆਂ ‘ਚ ਬੱਚੇ ਬਾਰੇ ਪੁਛਦੇ। ਸੱਸ ਜੋ ਬਹੁਤ ਕੁਝ ਜਾਣਦੀ ਐ, ਗੋਲ-ਮੋਲ ਗੱਲ ਕਰ ਜਾਂਦੀ| ਵਿਦਵਾਨ ਕਹਿੰਦੈ, ‘ਇਹ ਤੇ ਇਨ੍ਹਾਂ ਤੋਂ ਪਹਿਲੀਆਂ ਔਰਤਾਂ ਨੇ ਸਾਡੇ ਪੁਰਖਿਆਂ ਹੱਥੋਂ ਬੜੇ ਜ਼ੁਲਮ ਸਹੇ ਤੇ ਦੁੱਖ ਉਠਾਏ ਨੇ, ਪਰ ਆਹ ਯੁੱਗ ਅੱਜ ਦੀ ਔਰਤ ਤੋਂ ਸਾਡੇ ਦੁੱਖ ਸਹਿਣ ਦਾ ਯੁੱਗ ਹੈ| ਅੱਜ ਦੀਆਂ ਔਰਤਾਂ ਸਾਡੇ ਪੁਰਖਿਆਂ ਦੇ ਬਦਲੇ ਸਾਥੋਂ ਲੈਣਗੀਆਂ|’ ਮੁਸ਼ਕਰਾ ਪੈਂਦਾ ਹਾਂ, ਠੀਕ ਐ ਇਉਂ ਤਾਂ ਇਉਂ ਹੀ ਸਹੀ| ਪੁਰਖਿਆਂ ਦੀ ਵਿਰਾਸਤ ਸੰਭਾਲੀ ਐ ਤਾਂ ਸਜ਼ਾ ਵੀ ਸਹੀ|
ਮੈਨੂੰ ਤਾਂ ਹੈਡ ਸਰ ਨੇ ਪਹਿਲਾਂ ਹੀ ਵੱਡੀ ਸਜ਼ਾ ਦਿੱਤੀ ਐ, ਆਪਣੇ ਪਿੰਡ, ਘਰ, ਖੇਤਾਂ, ਮਾਂ ਅਤੇ ਯਾਰਾਂ ਬੇਲੀਆਂ ਤੋਂ ਦੂਰ| ਉਤੋਂ ਪੇਂਡੂ ਸਮਝੇ ਜਾਣ ਦੀ ਸਜ਼ਾ| ਹੁਣ ਤਾਂ ਮੈਂ ਕਵਰ ਕਰ ਗਿਆ, ਪਹਿਲਾਂ ਤਾਂ ਕੱਪੜੇ ਜੁੱਤੀਆਂ ਤੋਂ ਲੈ ਕੇ ਅੰਗਰੇਜੀ ਬੋਲਣ ਵੇਲੇ ਵੀ ਈਡੀਅਟ ਕਹਾਉਣਾ, ਉਹ ਵੀ ਆਪਣੀ ਪਤਨੀ ਕੋਲੋਂ! ਕਹਿੰਦੀ ਤਾਂ ਬੜਾ ਲੁਕਾ ਕੇ ਸਲੀਕੇ ਨਾਲ ਪਰ ਸੂਲ ਵਾਂਗੂੰ ਚੁਭ ਜਾਂਦਾ|
ਹੈਡ ਸਰ ਦੀ ਦਿੱਤੀ ਸਜ਼ਾ ਤਾਂ ਸਹਿ ਰਿਹਾਂ ਹੋਰ ਵੀ ਸਹਿ ਲਵਾਂਗਾ, ਔਰਤ ਤਾਂ ਉਹੀ ਕੁਝ ਮੋੜ ਰਹੀ ਐ ਜੋ ਅਸੀਂ ਸਦੀਆਂ ਤੋਂ ਉਹਨੂੰ ਦਿੰਦੇ ਆਏ ਆਂ, ‘ਸਹਿ ਲਵਾਂਗੇ-ਸਹਿ ਲਵਾਂਗੇ’ ਚੁਟਕੀ ਵਜਾਉਂਦਾਂ ਗੁਣ-ਗੁਣਾਉਂਦਾ ਹਾਂ| ਚਾਨਣੀ ਦਾ ਅਸਰ ਹੋ ਰਿਹਾ ਸ਼ਾਇਦ, ਪੂਰੇ ਚੰਨ ਦੀ ਰਾਤ ਐ| ਅਚਾਨਕ ਸਰ ਯਾਦ ਆ ਜਾਂਦੈ| ਚੁਟਕੀ ਬੰਦ ਤੇ ਹਾਂ ਵਿਚ ਹਿਲਦਾ ਸਿਰ ਆਪਣੇ ਆਪ ਨਾਂਹ ‘ਚ ਹਿਲਣ ਲੱਗ ਜਾਂਦਾ ਹੈ, ‘ਨਹੀਂ ਸਰ ਨਹੀਂæææਸਰ ਨਹੀਂ ਸਹਿ ਹੁੰਦਾ| ਸਾਲੇ ਦਾ ਫਾਹਾ ਵੱਢਣ ਨੂੰ ਮਿੰਟ ਵੀ ਨਹੀਂ ਲਾਉਣਾ ਮੈਂ, ਡਾਕਟਰ ਆਂ ਆਖ਼ਰ, ਪੋਸਟ ਮਾਰਟਮ ਵਿਚ ਕੁਝ ਨੀ ਆਉਣਾ| ਅਗਲੇ ਪਲ ਵਿਦਵਾਨ ਸੁਣਾਈ ਦਿੰਦੈ, ‘ਸਭਿਆਚਾਰਕ ਸੂਝ ਕਤਲ ਕਰਨ ‘ਚ ਨਹੀਂ, ਕੀਲਣ ‘ਚ ਹੈ|’ ਕੀਹਨੂੰ, ਸਰ ਨੂੰ? ਨਹੀਂ, ਸੀਰਤ ਨੂੰ| ਕਤਲ ਦਾ ਖਿਆਲ ਛੱਡ ਦੇਨਾਂ| ਛੱਡਣਾ ਹੀ ਸੀ, ਇਹ ਨਹੀਂ ਤਾਂ ਕੋਈ ਹੋਰ ਬਹਾਨਾ ਲੱਭ ਲੈਂਦਾ, ਐਨਾ ਦਲੇਰ ਨਹੀਂ ਮੈਂ| ਹੈਰਾਨ ਹਾਂ! ਐਨਾ ਮਾੜਾ ਕਿਵੇਂ ਸੋਚ ਗਿਆ, ਇਹ ਵੀ ਪੂਰੇ ਚੰਨ ਕਰਕੇ ਨਾ ਹੋਵੇ, ਨਹੀਂ ਤਾ ਜ਼ਿੰਦਗੀ ਦੇਣ ਵਾਲੇ ਹੱਥ ਕਿਸੇ ਨੂੰ ਮੌਤ ਨਹੀ ਦੇ ਸਕਦੇ| ਖੁਦ ਨਾਲ ਹੀ ਪਲ ਵਿਚ ਤੋਲਾ, ਪਲ ਵਿਚ ਮਾਸਾ ਹੋਈ ਜਾ ਰਿਹਾਂ| ਕਿੰਨਾ ਅੱਪ-ਸੈਟ ਤੇ ਦੁਖੀ ਕਰ ਦਿੱਤੈ ਸਰ ਨੇ| ਨਹੀਂ ਸਰ ਨੇ ਨਹੀਂ, ਸੀਰਤ ਨੇ, ਬਜ਼ੁਰਗਾਂ ਦੀ ਗੱਲ ਨਾ ਮੰਨ ਕੇ ਦੁਖ ਪਾਇਐ| ਉਹ ਕਹਿੰਦੇ ਕਿ ਤੀਵੀਂ ਨੂੰ ਤਾਂ ਆਉਂਦੀ ਨੂੰ ਜੁਆਕਾਂ ‘ਚ ਉਲਝਾ ਦੇਵੇ ਤੇ ਮੈਂ ਸੀਰਤ ਦੀ ਮੰਨ ਕੇ ਚਲਿਆ ਸਾਂ ‘ਮਹਾਨ ਬਣਨ’| ‘ਮਹਾਨ ਬੰਦੇ ਨੂੰ ਦੁੱਖ ਸਹਿਣੇ ਹੀ ਪੈਂਦੇ ਨੇ’ ਵਿਦਵਾਨ ਖੱਚਰਾ ਹਾਸਾ ਹੱਸਦੈ| ਹੋਰ ਦੁਖੀ ਹੋ ਜਾਨਾਂ, ਇਹ ਸੋਚ ਕੇ ਵੀ ਕਿ ਸੀਰਤ ਆਰਾਮ ਨਾਲ ਸੁੱਤੀ ਪਈ ਐ| ਸਾਰਾ ਦਿਨ ਪਤਾ ਨਹੀਂ ਕੀ-ਕੀ ਕਰਦੀ ਰਹੀ ਹੋਊ ਸਰ ਨਾਲ, ਬੱਸ ਹੁਣ ਹੋਰ ਨਹੀਂ, ਦੋ ਸਾਲ ਹੋਣ ਲਗੇ ਨੇ, ਹੁਣ ਬੱਚਾ ਹੋਣਾ ਹੀ ਚਾਹੀਦੈ| ਬੱਚਾ ਹੀ ਸੀਰਤ ਨੂੰ ਬੰਨ੍ਹੇਗਾ| ਪਰੈਗਨੈਂਟ ਹੋਈ ਸੀਰਤ ਮੈਨੂੰ ਘਰ ਦੀ ਚਾਰ-ਦੀਵਾਰੀ ਵਿਚ ਫਿਰਦੀ ਦਿਸਦੀ ਐ|
ਵਿਦਵਾਨ ਨੇ ਫੇਰ ਹੱਡ ‘ਤੇ ਆ ਲਾਈ ਐ, ‘ਬੱਚਾ ਤਾਂ ‘ਔਰਤ ਉਸੇ ਦਾ ਜੰਮਣਾ ਚਾਹੁੰਦੀ ਐ ਜੀਹਨੂੰ ਪਿਆਰ ਕਰਦੀ ਹੋਵੇ|’
ਹੱਤ ਤੇਰੀ, ਵਿਦਵਾਨ ਵੀ ਜਾਨ ਲੈ ਕੇ ਛੱਡੂ| ਕੀ ਮਤਲਬ ਐ ਏਹਦਾ? ਫੇਰ ਵਿਆਹ, ਲਾਵਾਂ, ਗੁਰੂ ਗ੍ਰੰਥ ਸਾਹਿਬ, ਮਰਿਆਦਾ ਕੋਈ ਅਰਥ ਨਹੀਂ? ਨਹੀਂ ਐਨਾ ਵੀ ਬੇੜਾ ਨਹੀ ਗਰਕਿਆ| ਕਾਹਲੀ ‘ਚ ਪੌੜੀਆਂ ਵੱਲ ਔਹਲਦਾਂ, ਹੁਣੇ ਜਗਾਉਂਨਾ ਸੀਰਤ ਨੂੰ, ਹੁਣੇ ਪੁਛਦਾਂ| ਰੁਕ ਜਾਨਾਂ, ਸਿਆਣਾ-ਬਿਆਣਾ ਹੋ ਕੇ ਕੀ ਕਰ ਰਿਹਾਂ| ਜਿੰਦਗੀ ਦੇ ਐਡੇ ਵੱਡੇ ਫੈਸਲੇ ਗੁੱਸੇ ਵਿਚ ਨਹੀਂ ਲਈਦੇ| ਉਂਜ ਵੀ ਇਹ ਰਾਤ ਦਾ ਉਹ ਪਹਿਰ ਐ, ਜੀਹਦੇ ਵਿਚ ਬਹੁਤੇ ਕਰਾਈਮ ਹੁੰਦੇ ਨੇ| ਨਹੀਂ ਹੁਣ ਨਹੀਂ, ਸਵੇਰੇ, ਸ਼ਾਂਤੀ ਨਾਲ, ਸਵੇਰੇ ਹਰ ਹਾਲ ‘ਚ, ਬੱਸ ਹੁਣ ਹੋਰ ਨਹੀਂ ਬਣਿਆ ਜਾਂਦਾ ਅਯਨਘੋਸ਼|
ਇਹ ਹੋਰ ਸਵੇਰਾਂ ਵਰਗੀ ਸਵੇਰ ਹੈ, ਸ਼ਾਂਤ! ਪਰ ਮੇਰੇ ਲਈ ਆਮ ਨਾਲੋਂ ਵੱਖਰੀ| ਮੈਂ ਬਹੁਤ ਕੁਝ ਭੁੱਲਣ ਦਾ ਮਨ ਬਣਾ ਲਿਐ| ਸੀਰਤ ਲਈ ਆਪ ਚਾਹ ਬਣਾ ਕੇ ਲਿਆਇਆਂ| ਉਹਨੂੰ ਪਿਆਰ ਨਾਲ ਜਗਾਇਆ| ਚਾਹ ਪੀਂਦਿਆਂ ਉਹਦੀ ਸਿਹਤ ਦਾ ਹਾਲ ਪੁੱਛਿਆ| ਨਿੱਕੀਆਂ-ਨਿੱਕੀਆਂ ਗੱਲਾਂ ਕੀਤੀਆਂ| ਆਖ਼ਰ ਪਿਆਰ ਨਾਲ ਕਿਹਾ, “ਸੀਰਤ ਇਹ ਘਰ ਹੁਣ ਬੱਚੇ ਬਿਨਾਂ ਸੁੰਨਾ-ਸੁੰਨਾ ਲੱਗਦੈ”|
“ਹੂੰਅ, ਫੇਰæææ|” ਉਹ ਏਵੇਂ ਹੀ ਮੇਰੀਆਂ ਗੱਲਾਂ ਸੁਣਦੀ ਐ, ਬੇਧਿਆਨੀ ਨਾਲ| ਪਰ ਅੱਜ ਮੈਂ ਉਹਦਾ ਪੂਰਾ ਧਿਆਨ ਚਾਹੁੰਨਾ, “ਵੇਖ ਸੀਰਤ ਆਪਣੇ ਪੇਰੈਂਟਸ ਨੂੰ ਹੀ ਨਹੀਂ, ਹੁਣ ਆਪਾਂ ਨੂੰ ਵੀ ਬੱਚੇ ਦੀ ਲੋੜ ਐ|”
“ਬੱਚਾ ਤਾਂ ਸਰ ਵਰਗਾ ਹੋਵੇ|” ਉਹ ਪਤਾ ਨਹੀਂ ਕਿਥੇ ਗੁਆਚੀ ਹੋਈ ਐ|
“ਕੀਅæææ|” ਮੈਂ ਪਹਿਲੀ ਵਾਰ ਐਨੀ ਉਚੀ ਬੋਲਿਆਂ|
ਉਹ ਤ੍ਰਬਕੀ, “ਮੇਰਾ ਮਤਲਬ ਐ ਜੀਨੀਅਸ਼ææ|”
“ਤੇਰਾ ਮਤਲਬ ਐ, ਮੈਂ ਕੁਝ ਨਹੀਂ|”
“ਤੁਸੀਂ ਆਪਣੀ ਜਗ੍ਹਾ ਸਰ ਆਪਣੀ ਜਗ੍ਹਾ|” ਉਹ ਪੁਰਾਣੇ ਰੌਂਅ ‘ਚ ਬੋਲੀ|
“ਸਰ ਸਾਲਾæææ|”
“ਸ਼ਟ-ਅੱਪæææ|”, ਮੇਰੀ ਗੱਲ ਮੂੰਹ ‘ਚ ਹੀ ਰਹਿ ਗਈ| ਉਹ ਵੀ ਗੁੱਸੇ ‘ਚ ਆ ਗਈ, “ਕਿਹੈ ਨਾ ਉਹ ਮੇਰੇ ਭਗਵਾਨ ਨੇ, ਉਨ੍ਹਾਂ ਬਾਰੇ ਕੋਈ ਗੱਲ ਨਹੀਂ, ਸਮਝੇæææ|”
ਉਹ ਉਠੀ ਤੇ ਬਾਥਰੂਮ ਚਲੀ ਗਈ, ਜਿਵੇਂ ਗੱਲ ਮੁੱਕ ਗਈ ਹੋਵੇ| ਮੇਰਾ ਕੰਧਾਂ ‘ਚ ਟੱਕਰਾਂ ਮਾਰਨ ਨੂੰ ਜੀਅ ਕੀਤਾ| ਸਾਰੀ ਮਹਾਨਤਾ, ਸਹਿ ਜਾਣ ਦਾ ਮਾਦਾ, ਮੁਆਫ਼ ਕਰ ਦੇਣ ਦੀ ਭਾਵਨਾ, ਸਭ ਕੁਝ ਉਡ ਪੁੱਡ ਗਿਆ| ਸਾਰੀ ਵਿਦਵਤਾ ਤੇ ਗਿਆਨ ਜਿਵੇਂ ਮੁਹੱਬਤ ਦੇ ਵੇਗ ਵੇਲੇ ਧਰਿਆ-ਧਰਾਇਆ ਰਹਿ ਜਾਂਦਾ, ਓਵੇਂ ਹੀ ਨਫ਼ਰਤ ਨੇ ਕੀਤਾ|
ਬਾਹਰ ਗਿਆ, ਕਹੀ ਲੱਭ ਗਈ ਤੇ ਬੋਰੀ ਵੀ| ਇਸ ਬੋਰੀ ‘ਚ ਬੀਜੀ ਮੇਰੇ ਲਈ ਗੰਨੇ ਲੈ ਕੇ ਆਏ ਸਨ| ਅੱਜ ਸਮਝ ਆਈ ਕਿ ਉਦੋਂ ਇਹ ਮੈਂ ਕਿਉਂ ਸਾਂਭ ਲਈ ਸੀ| ਕਹੀ ਅਤੇ ਬੋਰੀ ਹੀ ਕਿਉਂ, ਆਹ ਬੈਲਟਾਂ ਵਾਲੀ ਖਾਸ ਕੁਰਸੀ, ਸਰਜੀਕਲ ਨਾਈਫ਼, ਵਿਸਕੀ ਦੀ ਬੋਤਲ, ਸਿਗਰਟਾਂ ਅਤੇ ਲਾਈਟਰ ਲਿਆ-ਲਿਆ ਕੇ ਕਦੋਂ ਸਟੋਰ ‘ਚ ਸਾਂਭੇ? ਅੱਜ ਸਮਝ ਲੱਗੀ ਕਿ ਦੋ ਸਾਲਾਂ ਤੋਂ ਕਿੰਨਾ ਦੁਖੀ ਸਾਂ ਮੈਂ|
ਸਮਾਨ ਸੈਟ ਕੀਤਾ, ਦੇਰ ਤੋਂ ਛੱਡਿਆ ਕੁੜਤਾ ਪਜਾਮਾ ਪਾਇਆ, ਪੁਰਾਣੇ ਸਟਾਈਲ ‘ਚ ਪੱਗ ਬੰਨ੍ਹੀ ਅਤੇ ਬੋਤਲ ਫੜ੍ਹ ਰਸੋਈ ‘ਚ ਜਾ ਵੜਿਆ| ਅਜਿਹਾ ਕੁੱਝ ਪਹਿਲਾਂ ਕਦੇ ਨਹੀਂ ਸੀ ਕੀਤਾ ਮੈਂ| ਪਤਾ ਨਹੀਂ ਅੱਜ ਮੇਰੇ ਅੰਦਰ ਕੌਣ ਵੜ੍ਹ ਬੈਠਾ ਸੀ ਜਾਂ ਚਿਰਾਂ ਤੋਂ ਸੁੱਤਾ ਪਿਆ ਜਾਗ ਉਠਿਆ ਸੀ| ਦਾਰੂ ਤੇ ਪਾਣੀ ਦਾ ਅੱਧੋ-ਅੱਧ ਗਲਾਸ ਭਰ ਕੇ ਵੱਡਾ ਘੁੱਟ ਭਰਿਆ, ਉਥੂ ਆ ਗਿਆ, ਘੁੱਟ ਸਿੰਕ ‘ਚ ਡੋਲਣਾ ਪਿਆ, “ਫਿੱਟੇ ਮੂੰਹ, ਤੂੰ ਨਹੀ ਸਾਲਿਆ ਕੁੱਝ ਕਰ ਸਕਦਾ”| ਅੰਦਰਲਾ ਬੋਲਿਆ| ਖਿੱਝ ਕੇ ਗਲਾਸ ਨੂੰ ਮੂੰਹ ਲਾਇਆ, ਇੱਕੋ ਝੀਕ ‘ਚ ਅੰਦਰ ਸੁੱਟਿਆ, ਧੁੜਧੜੀ ਆ ਗਈ ਪਰ ਇੱਕ ਗਲਾਸ ਹੋਰ ਭਰ ਲਿਆ| ਕਚੀਚੀ ਲੈ, ਅੱਖਾਂ ਮੀਚ, ਉਹ ਵੀ ਅੰਦਰ ਸਿੱਟ ਲਿਆ| ਜੀਅ ਕੱਚਾ ਹੋਇਆ, ਛੇਤੀ ਨਾਲ ਮਰਤਬਾਨ ‘ਚੋਂ ਅੰਬ ਦਾ ਅਚਾਰ ਕੱਢ ਚੂਸਣ ਲੱਗਾ| ਫਿਰ ਕੁੱਝ ਯਾਦ ਆਉਣ ‘ਤੇ ਅਚਾਰ ਸੁੱਟ, ਜੇਬ ਚੋਂ ਸਿਗਰਟ ਕੱਢ ਕੇ ਸੁਲਗਾਈ। ਅੰਦਰ ਤਾਂ ਨਾ ਖਿੱਚ ਹੋਇਆ ਪਰ ਮੂੰਹ ਚੋ ਧੂੰਏ ਦੇ ਬੰਬੇ ਕੱਢਦਾ, ਹੱਥ ‘ਚ ਬੋਤਲ ਫੜ੍ਹੀ ਬਾਹਰ ਆਇਆ| ਸੀਰਤ ਯੂਨੀਵਰਸਿਟੀ ਜਾਣ ਲਈ ਤਿਆਰ ਹੋ ਰਹੀ ਸੀ| ਮੇਰੇ ਵੱਲ ਦੇਖ ਉਹ ਜਿਵੇਂ ਸਕਤੇ ‘ਚ ਆ ਗਈ ਹੋਵੇ| ਅਵਾਕ, ਮੇਰੇ ਵੱਲ ਦੇਖ ਰਹੀ ਸੀ|
“ਨਾ ਤੂੰ ਫਿਰ ਉਹਦਾ ਨਿਆਣਾ ਜੰਮੇਗੀ? ਉਸ ਕੁੱਤੇ ਸਾਲੇ ਸਰ ਦਾæææ|”
ਮੈਂ ਧੂੰਏ ਦੇ ਨਾਲ-ਨਾਲ ਅੱਗ ਕੱਢੀ|
“ਤੁਸੀæææਏਹ ਕੀæææਅੱਗੇ ਨਾ ਪਿੱਛੇæææਫਾਰ ਗਾਡ ਸੇਕæææਕੀ ਸੀਨ ਕ੍ਰੀਏਟæææ?” ਪਰ ਮੈਂ ਉਸ ਦੀ ਮਿਣਮਿਣ ਨਾ ਸੁਣੀਂ|
ਸਟੀਰੀਓ ਤੇ ਉਚੀ ਆਵਾਜ ‘ਚ ਜਿਹੜਾ ਮਿਊਜਕ ਲਾ ਕੇ ਉਹ ਵਾਹਯਾਤ ਡਾਂਸ ਕਰਕੇ ਮੈਨੂੰ ਦੁੱਖੀ ਕਰਦੀ ਸੀ, ਉਹੀ, ਠਦੂੰ ਵੀ ਉਚੀ ਲਾ ਕੇ ਮੈਂ ਬੀਟ ਦੀ ਧਮਕ ਤੇ ਜ਼ੋਰ-ਜ਼ੋਰ ਨਾਲ ਪੈਰ ਪਟਕਦਾ ਉਹਦੇ ਵੱਲ ਵਧਿਆ| ਹਾਂਅæææਤੂੰ ਫਿਰ ਓਸ ਭੈਣæææਦਾ ਬੱਚਾ ਜੰਮੇਗੀæææਹੈਂਅ?”
ਉਹ ਅੰਦਰੋਂ ਡਰੀ ਪਰ ਮੈਨੂੰ ਜਰਕਾਉਣ ਲਈ ਉਚੀ ਬੋਲੀ, “ਖਬਰਦਾਰ ਜੇ ਸਰ ਨੂੰ ਵਿਚ ਲਿਆਂਦਾ|”
“ਉਹ ਭੈਣ ਦਾ ਖਸਮ ਗਿਆ ਕਦੋਂ ਐ ਵਿਚੋਂæææ? ਉਹਨੂੰ ਤਾਂ ਬਾਅਦ ‘ਚ ਦੇਖੂੰ ਪਹਿਲਾਂ ਤੇਰੀ ਭੈਣæææ|”
“ਨੌਂਨਸ਼ੈਂਸ, ਦਿਖਾ’ਤਾ ਆਪਣਾ ਬਲੱਡੀ ਬੈਕਵਰਡ ਅਸਲਾ” ਉਹ ਪੂਰੀ ਨਫਰਤ ਨਾਲ ਬੋਲੀ|
ਮੈਂ ਬੋਤਲ ਮੂੰਹ ਨੂੰ ਲਾਈ, ਮਸਾਂ ਹੀ ਦੋ ਘੁੱਟ ਭਰ ਹੋਏ, ਮੈਂ ਉਥੂ ਤਾਂ ਰੋਕ ਲਿਆ ਪਰ ਗੁੱਸਾ ਵਰੋਲੇ ਵਾਂਗ ਚੜ੍ਹਿਆ ਸਿਰ ਨੂੰ| ਬੋਤਲ ਪਾਸੇ ਰੱਖ ਮੈਂ ਉਹਨੂੰ ਵਾਲਾਂ ਤੋਂ ਜਾ ਫੜਿਆ| ਕੰਘੀ ਹੱਥੋਂ ਖੋਹ ਕੇ ਪਰ੍ਹੇ ਵਗਾਹ ਮਾਰੀ, “ਹੂੰæææਮੈਂ ਬੈਕਵਰਡ, ਪੇਂਡੂ, ਜਾਹਲ੍ਹ ਤੇ ਤੁਸੀਂæææ|” ਗੁੱਸੇ ‘ਚ ਮੈਨੂੰ ਢੁੱਕਵਾਂ ਸ਼ਬਦ ਨਾ ਅਹੁੜਿਆ,” ਤੇ ਤੁਸੀਂ ਭੈਣ ਦਿਉ ਯਾਰੋ ਪਖੰਡੀਓ, ਸਾਲਿਓ ਵੱਡੇ ਸ਼ਹਿਰੀਓæææਓਸ ਖਸਮ ਲਈ ਸਿਗਰਟਾਂ ਤੇ ਮੇਰੇ ਲਈ ਲੈਕਚਰ, ਸਾਲਿਓ ਗੁਰੂਆਂ ਨੂੰ ਵੀ ਆਪਣੇ ਮਤਲਬ ਲਈ ਵਰਤਦੇ ਓæææਥੋਡੀ ਭੈਣ ਦੀæææ|” ਸਿਗਰਟ ਦੇ ਕਸ਼ ਖਿੱਚ ਧੂੰਆਂ ਉਹਦੇ ਮੂੰਹ ‘ਤੇ ਮਾਰਦਾ ਮੈਂ ਸ਼ਬਦਾਂ ਨੂੰ ਚੱਬ-ਚੱਬ ਕੇ ਬੋਲਿਆ|
“ਬਾਸਟਰਡ ਛੱਡ ਮੈਨੂੰ,” ਉਹ ਗੁੱਸੇ ‘ਚ ਚੀਕ ਰਹੀ ਸੀ|
ਪਰ ਮੈਂ ਉਹਨੂੰ ਵਾਲਾਂ ਤੋਂ ਖਿੱਚ, ਕੁਰਸੀ ਤੇ ਸੁੱਟ, ਬੈਲਟਾਂ ਨਾਲ ਨਰੜ ਦਿੱਤਾ| ਚੀਕਦੀ ਤੇ ਗਾਲ੍ਹਾਂ ਕੱਢਦੀ ਦੇ ਵੱਟ ਕੇ ਚਪੇੜ ਮਾਰੀ, “ਤੇਰੀ ਭੈਣ ਦੀæææਭੌਂਂਕਦੀ ਐਂ ਕੁੱਤੀਏæææ|”
ਉਹਨੂੰ ਜਿਵੇਂ ਹੁਣ ਸਮਝ ਆਈ ਹੋਵੇ, ਉਹ ਹੈਰਾਨ-ਪ੍ਰੇਸ਼ਾਨ ਤੇ ਸੁੰਨ ਹੋ ਕੇ ਅੱਖਾਂ ਪਾੜ੍ਹ-ਪਾੜ੍ਹ ਮੇਰੇ ਵੱਲ ਦੇਖਣ ਲੱਗੀ ਕਿ ਇਹ ਉਹੀ ਬੰਦੈ?
“ਕਿਉਂ, ਲੱਗਿਆ ਦੁੱਖ ਹੁਣ, ਲੱਗਿਆ ਨਾæææਏਵੇਂæææਏਵੇਂ ਲੱਗਦਾ ਸੀ, ਐਥੇ, ਐਥੇæææ|” ਮੈਂ ਹਿੱਕ ਤੇ ਜ਼ੋਰ-ਜ਼ੋਰ ਨਾਲ ਹੱਥ ਮਾਰਨ ਲੱਗਾ, ਦਿਲ ਦੇ ਉਤੇ। “ਦੋ ਸਾਲ਼ææਨਹੀਂ ਦੋ ਸਾਲ ਨਹੀਂæææਦੋ ਯੁੱਗ ਲਹੂ ਪੀਤਾ ਤੂੰ ਮੇਰਾæææਮੇਰਾ ਕਾਲਜਾ ਭੁੰਨ-ਭੁੰਨ ਖਾਧਾ ਤੂੰ ਡੈਣੇæææ|”
ਮੈਂ ਆਪਣੇ ਗਲਮੇ ਨੂੰ ਦੋਵੇਂ ਹੱਥ ਪਾ ਜ਼ੋਰ ਨਾਲ ਕੁੜਤਾ ਖਿੱਚਿਆ, ਤੜੱਕ-ਤੜੱਕ ਬਟਨ ਟੁੱਟੇ ਤੇ ਕੁੜਤਾ ਧੁੰਨੀ ਤੋਂ ਥੱਲੇ ਤੱਕ ਪਾਟਦਾ ਚਲੇ ਗਿਆ। “ਆਹ ਦੇਖ, ਦੇਖ ਚੀਰ ਕੇ ਦਿਖਾਵਾਂ, ਕਿੰਨੇ ਟੁਕੜੇ ਕੀਤੇ ਨੇ ਤੈਂ ਮੇਰੇ ਦਿਲ ਦੇæææ|” ਮੈਂ ਸਰਜੀਕਲ ਚਾਕੂ ਨਾਲ ਛਾਤੀ ਤੇ ਚਾਰ ਪੰਜ ਚੀਰੇ ਦਿੱਤੇ, “ਆਹ ਦੇਖ, ਆਹ ਦੇਖ਼ææ” ਕਹਿੰਦਿਆਂ। ਪਰ ਉਹਨੇ ਪਹਿਲੇ ਚੀਰੇ ‘ਤੇ ਹੀ ਜ਼ੋਰ ਨਾਲ ਚੀਖ ਕੇ ਅੱਖਾਂ ਬੰਦ ਕਰ ਲਈਆਂ ਤੇ ਏਧਰ-ਓਧਰ ਸਿਰ ਮਾਰਦੀ ਕਹਿਣ ਲੱਗੀ, “ਨੋ-ਨੋ ਪਲੀਜ਼ ਸਟੋਪ ਇੱਟæææ!”
ਖ਼ੂਨ ਬਹੁਤ ਨਿਕਲਿਆ ਪਰ ਇਹ ਡਾਕਟਰ ਦੇ ਸਧੇ ਹੋਏ ਹੱਥ ਸਨ ਕਿ ਡੂੰਘਾ ਫੱਟ ਇੱਕ ਵੀ ਨਹੀਂ ਸੀ| ਆਪਣਾ ਲਹੂ ਦੇਖ ਗੁੱਸੇ ਦੇ ਨਾਲ-ਨਾਲ ਮੈਂ ਰੌਮਾਂਚਿਤ ਵੀ ਹੋ ਉਠਿਆ, ‘ਅੱਖਾਂ ਖੋਲ੍ਹ ਰਾਧਾ ਤੈਨੂੰ ਦਿਖਾਵਾਂ ਦੁੱਖ ਕੀ ਹੁੰਦੈ, ਹੁਣੇ ਅੱਖਾਂ ਮੀਚ ਲਈਆਂ? ਅਜੇ ਤਾਂ ਇੱਕ-ਇੱਕ ਪਲ ਦਾ ਹਿਸਾਬ ਦੇਣੈ ਤੂੰ, ਹੋਰ ਖ਼ੂਨ ਪੀæææ|’ ਮੈਂ ਬਾਂਹ ਉਤੇ ਚੀਰੇ ਦਿੱਤੇ ਤੇ ਬਾਂਹ ਉਹਦੇ ਮੂੰਹ ਨੂੰ ਲਾ ਦਿੱਤੀ, “ਲੈ ਹੋਰ ਪੀ, ਚੁੜੇਲੇæææਪੀ ਮੇਰਾ ਲਹੂæææਹੋਰ ਪੀæææ|”
ਕੱਸ ਕੇ ਬੰਨ੍ਹੀ ਹੋਈ ਉਹ ਜਿੰਨਾਂ ਕੁ ਹਿੱਲ ਸਕਦੀ ਸੀ, ਉਨੀ ਕੁ ਛਟਪਟਾਈ ਤੇ ਰੋਂਦੀ ਹੋਈ ਬੋਲੀ, “ਸਟਾਪ ਇੱਟ ਪਲੀਜ਼, ਬੰਦ ਕਰ ਇਹ, ਪਲੀਜ਼ ਹਰਿੰਦਰæææ|”
“ਹਰਿੰਦਰ ਸਿੰਘ ਰਾਏæææ|” ਮੇਰਾ ਗੁੱਸਾ ਇੱਕਦਮ ਵਧਿਆ, “ਸਾਲਿਓ ਤੁਸੀਂ ਗਰੇਵਾਲ ਹੀ ਵੱਡੇ ਜੱਟ ਹੁੰਨੇ ਓæææਤੇ ਅਸੀ ਰਾਏ, ਦੂਏ”æææ|” ਉਹਦੀਆਂ ਅੱਖਾਂ ਨੀਵੀਆਂ ਹੋ ਗਈਆਂ। ਮੈਂ ਕਿਹਾ, “ਹੋਰ ਸੁਣ, ਦੂਏ, ਤੀਏ ਦਾ ਤਾਂ ਪਤਾ ਨਹੀਂ ਪਰ ਮੇਰੇ ਬਾਰੇ ਜੇ ਤੇਰੇ ਮਨ ‘ਚ ਹੋਵੇ ਨਾ ਕਿ ਮੈਂ ਤੇਰੀ ਪ੍ਰਾਪਟੀ ਦੀ ਝੇਪ ‘ਚ ਨਹੀਂ ਬੋਲਿਆ ਤਾਂ ਦਿਲੋਂ ਕੱਢ ਦੇ, ਮੇਰੇ ਪਿਉ ਹੈਡ ਸਰ ਦਾ ਹੋਊ ਕੋਈ ਲਾਲਚ, ਪਰ ਮੈਂ ਧਾਰ ਨਹੀਂ ਮਾਰਦਾ ਇਹੋ ਜਿਹੀ ਪ੍ਰਾਪਟੀ ‘ਤੇæææ|”
“ਫੇਰ ਏਨਾ ਚਿਰ ਚੁੱਪ ਕਿਉਂ ਸੀ”? ਉਹ ਵਿਅੰਗ ਨਾਲ ਇੰਜ ਬੋਲੀ ਜਿਵੇਂ ਕੋਈ ਪੱਛ ਲਾ-ਲਾ ਲੂਣ ਮਲੇ|
“ਚੁੱਪ ਸੀ ਇੱਜ਼ਤ ਕਰਕੇ, ਪਿਆਰ ਕਰਕੇ ਜਿਹਦੇ ਬਾਰੇ ਤੂੰ ਕੁੱਛ ਵੀ ਨਹੀਂ ਜਾਣਦੀ ਪਰ ਮੈਂ ਸਿਰਫ ਤੈਨੂੰ ਪਿਆਰ ਕੀਤਾ ਤੇ ਸਿਰਫ ਤੇਰੇ ਲਈæææ|” ਮੇਰਾ ਮਨ ਭਰ ਗਿਆ ਪਰ ਉਹਦੇ ਸਾਹਮਣੇ ਰੋਣਾ ਨਹੀਂ ਸਾਂ ਚਾਹੁੰਦਾ ਇਸ ਲਈ ਚੁੱਪ ਕਰ ਗਿਆ|
“ਤੇ ਮੈਂæææਮੈਂ ਵੀ ਤਾਂ ਤੇਰੇ ਬਿਨਾæææ|”
“ਤੇ ਉਹ ਸਰ?” ਮੈਂ ਸੰਭਲ ਗਿਆ|
“ਸਰ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂæææ” ਉਹ ਢੈਲ੍ਹੀ ਪਈ|
“ਹਾਂ ਹਾਂ ਰਾਧਾ-ਕ੍ਰਿਸ਼ਨæææਓਂ, ਥੋਡਾ ਬਹਿਜੇ ਬੇੜਾ ਕਾਮ ਦੇ ਕੀੜਿਓ, ਸਾਲਿਓ ਪਖੰਡੀਓæææ|” ਮੈਂ ਮੁੜ ਤੱਤਾ ਹੋ ਗਿਆ, ਅੱਗੋ ਉਹ ਵੀ ਉਚੀ ਬੋਲੀ,
“ਮੈਨੂੰ ਸਫਾਈ ਦੇਣ ਦੀ ਲੋੜ ਨਹੀਂæææਹਾਂ ਹੈਗੇ ਨੇ ਉਹ ਕ੍ਰਿਸ਼ਨ, ਮੇਰੇ ਗੁਰੂ ਵੀ ਤੇ ਸਖਾ ਵੀæææਹਾਂ ਮੈਂ ਹੈਗੀ ਆਂ ਰਾਧਾæææ।”
“ਤਾਂ ਫਿਰ ਮੇਰੀ ਵੀ ਸੁਣ, ਉਹ ਸਰ ਤੇਰਾ, ਉਹ ਹੋਊਗਾ ਕ੍ਰਿਸ਼ਨ ਤੇ ਤੂੰ ਹੋਏਂਗੀ ਰਾਧਾ, ਪਰ ਮੈਂ ਅਯਨਘੋਸ਼ ਨਹੀਂ|”
“ਅਯਨਘੋਸ਼æææ?” ਉਹ ਹੈਰਾਨੀ ਨਾਲ ਬੋਲੀ, “ਇਹ ਅਯਨਘੋਸ਼ ਕੌਣ ਐ?”
“ਏਹੀ ਤਾਂ ਦੁੱਖ ਆ ਕਿ ਰਾਧਾ ਵੀ ਨਹੀਂ ਜਾਣਦੀ ਬਈ ਅਯਨਘੋਸ਼ ਕੌਣ ਆæææ? ਅਯਨਘੋਸ਼! ਰਾਧਾ ਦਾ ਪਤੀ, ਐਨਾ ਵਿਚਾਰਾæææ|”
“ਰਾਧਾ ਦਾ ਪਤੀ ਵੀ ਸੀæææ?” ਉਹ ਹੈਰਾਨੀ ਦੇ ਸਿਖ਼ਰ ‘ਤੇ ਸੀ|
“ਸੀ ਨਹੀ, ਹੁਣ ਵੀ ਨੇ, ਬਥੇਰੇ ਨੇ ਵਿਚਾਰੇ ਅਯਨਘੋਸ਼æææ|”
ਮੈਂ ਕਿਹਾ ਤਾਂ ਉਹ ਵਿਅੰਗ ਨਾਲ ਬੋਲੀ, “ਜਦੋਂ ਪਤਨੀ ਦੀ ਕਮਾਈ ਖਾਣੀ ਆਂ, ਉਹਦੇ ਰਾਹੀਂ ਤਰੱਕੀ ਲੈਣੀ ਆਂ, ਤਾਂ ਅਯਨਘੋਸ਼ ਬਣਨਾ ਈ ਪਊæææਮੈਂ ਵੀ ਬਥੇਰਿਆਂ ਨੂੰ ਜਾਣਦੀ ਆਂ ਜਿਹੜੇ ਵਿਚਾਰੇ ਨਹੀਂ, ਜਾਣ ਬੁੱਝ ਕੇ ਅਯਨਘੋਸ਼ ਬਣੇ ਹੋਏ ਨੇæææ|”
“ਪਰ ਮੈਂ ਨਹੀਂæææਮੈਂ ਨਹੀਂ ਉਨ੍ਹਾਂ ਕੰਜਰਾਂ ਚੋਂææ|” ਮੈਂ ਚੀਕ ਉਠਦਾ ਹਾਂ, “ਹਾਏ ਓਏ ਹੈਡ-ਸਰ ਤੂੰ ਕਿਹੜੇ ਯੁੱਗ ਦਾ ਬਦਲਾ ਲੈ ਲਿਆ ਓਏæææਕਿਥੇ ਫਸਾ’ਤਾ ਓਏ, ਇਨ੍ਹਾਂ ਕੁੱਤੇ ਲੋਕਾਂ ‘ਚæææ| ਮੈਂ ਗੁੱਸੇ ਤੇ ਦੁੱਖ ਨਾਲ ਪਾਗਲ ਹੋ ਰਿਹਾਂ| ਸੀਰਤ ਬੇਹੱਦ ਡਰੀ ਹੋਈ, “ਪਲੀਜ਼-ਪਲੀਜ਼æææਬੱਸ ਕਰ ਹਰਿੰਦਰæææਬੱਸ” ਕਹਿੰਦੀ ਰੋ ਰਹੀ ਹੈ|
ਆਖਰ ਮੈਂ ਰੁਕ ਜਾਨਾ, ਅੱਖਾਂ ਪੂੰਝ ਦਿੰਨਾ, ਕੁਰਸੀ ਕੋਲ ਜਾ ਬੈਲਟਾਂ ਖੋਲ੍ਹ ਕੇ ਆਖਦਾਂ, “ਆਹ ਲੈ ਸੀਰਤ ਗਰੇਵਾਲ, ਮੈਂ ਤੈਨੂੰ ਸਦਾ ਲਈ ਮੁਕਤ ਕਰਦਾਂæææਜਾਹæææਜੋ ਜੀ ਆਵੇ ਕਰæææਮੈਂ ਚੱਲਿਆਂ ਇੱਥੋਂ|”
“ਕਿਥੇæææ?” ਉਹ ਆਪਣਾ ਚਿਹਰਾ ਪੂੰਝਦੀ ਹੈਰਾਨੀ ਨਾਲ ਪੁੱਛਦੀ ਹੈ|
“ਤੇਥੋਂ ਦੂਰæææਓਥੇ ਆਪਣੇ ਲੋਕਾਂ ਵਿਚæææਹਾਂ ਸੱਚæææ|” ਮੁੜ ਮੱਲੋ-ਮੱਲੀ ਮੈਨੂੰ ਗੁੱਸਾ ਚੜ੍ਹਦਾ ਹੈ, “ਸੁਣ, ਡਾਈਵੋਰਸ ਕੋਰਟ ਵਿਚ ਨਹੀਂ ਹੋਵੇਗਾæææਕਿਉਂਕਿ ਮੈਰਿਜ ਕੋਰਟ ਵਿਚ ਨਹੀਂ ਹੋਈæææ|”
ਉਹਨੂੰ ਜਿਵੇਂ ਸਮਝ ਨਾ ਲੱਗੀ ਹੋਵੇ ਉਹ ਹੈਰਾਨੀ ਨਾਲ ਬੋਲੀ, “ਕੀ ਮਤਲਬæææ?”
“ਮਤਲਬ ਇਹ ਕਿ ਜਿੰਨੇ ਲੋਕ ਵਿਆਹ ‘ਤੇ ਆਏ ਸੀ ਉਨ੍ਹਾਂ ਸਾਰਿਆਂ ਨੂੰ ਕੱਠੇ ਕਰੂੰ| ਪ੍ਰਕਾਸ਼ ਹੋਊ ਗੁਰੂ ਗਰੰਥ ਸਾਹਿਬ ਦਾ, ਗਰੰਥੀ ਨੂੰ ਕਹਿ ਕੇ ਕੱਲੀ-ਕੱਲੀ ਲਾਂਵ ਉਧੇੜੂੰæææਕੱਲੀ ਕੱਲੀ, ਸਮਝੀæææ|”
ਉਹ ਅਜੀਬ ਤਰ੍ਹਾਂ ਨਾਲ ਦੇਖ ਰਹੀ ਹੈ, ਮੇਰੇ ਵੱਲ|
ਮੈਂ ਅੰਦਰ ਜਾ ਹੱਥ-ਮੂੰਹ ਧੋ, ਕੱਪੜੇ ਬਦਲ ਆਉਨਾਂ| ਫਿਰ ਕਹੀ ਤੇ ਬੋਰੀ ਫੜ੍ਹ ਬਾਹਰ ਜਾਂਦਾ ਮੁੜ ਗੰਭੀਰਤਾ ਨਾਲ ਆਖਦਾਂ, “ਹੋਰ ਕੋਈ ਆਵੇ ਚਾਹੇ ਨਾ, ਲਾਵਾਂ ਉਧੜੇਨ ਵੇਲੇ, ਤੇਰੇ ਤੇ ਮੇਰੇ ਮਾਂ-ਬਾਪ ਦੇ ਨਾਲ ਤੇਰੇ ਸਰ ਨੂੰ ਜਰੂਰ ਬਿਠਾਊæææ|”
ਬਾਹਰ ਆ, ਲਾਅਨ ਵਿਚੋਂ ਕਹੀ ਨਾਲ ਦੇਵਦਾਰ ਦਾ ਪੌਦਾ ਪੁੱਟ, ਬੋਰੀ ਵਿਚ ਲਪੇਟ, ਪਿੰਡ ਨੂੰ ਤੁਰ ਪੈਂਦਾ ਹਾਂ|