ਮੇਰੇ ਸੁਪਨੇ

ਲਖਬੀਰ ਸਿੰਘ ਮਾਂਗਟ
ਫੋਨ: 929-235-4702
ਸੁਪਨਿਆਂ ਦੀ ਵਿਆਖਿਆ ਅਕਸਰ ਹੀ ਵਾਪਰਨ ਵਾਲੀਆਂ ਘਟਨਾਵਾਂ ਨਾਲ ਕੀਤੀ ਜਾਂਦੀ ਹੈ। ਪਰ ਮੇਰੇ ਨਾਲ ਪਿਛਲੇ ਕੁੱਝ ਸਮੇਂ ਤੋਂ ਅਜੀਬ ਜਿਹਾ ਵਰਤਾਰਾ ਹੋ ਰਿਹਾ ਹੈ। ਮੈਨੂੰ ਹੋ ਚੁੱਕੀਆਂ, ਵੇਲਾ ਵਿਹਾ ਗਈਆਂ, ਇਥੋਂ ਤੱਕ ਕੇ ਮੇਰੇ ਜਨਮ ਤੋਂ ਪਹਿਲਾਂ ਦੀਆਂ ਬਾਤਾਂ ਵੀ ਮੇਰੇ ਸੁਪਨਿਆਂ ਵਿਚ ਪ੍ਰਗਟ ਹੋ ਰਹੀਆਂ ਹਨ। ਕਿਉਂ? ਮੈਂ ਨਹੀਂ ਜਾਣਦਾ।

ਇਹ ਕੰਮ ਤੁਹਾਡੇ ਤੇ ਛੱਡਿਆ, ਛੱਡਣਾ ਹੀ ਪੈਣਾ ਹੈ ਕਿਉਂ ਜੁ ਤੁਸੀਂ ਹੀ ਅਸਲ ਵਿਆਖਿਆਕਾਰ ਹੋ। ਲਓ ਇਹ ਸੁਪਨਾ ਪੜ੍ਹੋ:
ਫਾਈਲ ਕਿੱਥੇ ਹੈ
ਮੈਨੂੰ ਅਜੇ ਇਸ ਧਰਤੀ ਦੇ ਰੱਬ (ਧਰਮਰਾਜ/ਯਮਰਾਜ) ਜੀ ਕੋਲ ਸੁੱਟੇ ਗਏ ਨੂੰ ਛੇ ਕੁ ਮਹੀਨੇ ਹੀ ਹੋਏ ਸਨ ਕਿ ਮੈਨੂੰ ਦਰਬਾਰ ਵਿਚ ਹਾਜਰ ਹੋਣ ਦਾ ਹੁਕਮ ਹੋ ਗਿਆ। ਮੈਂ ਹਾਜਰ ਹੋ ਗਿਆ ਪਰ ਰੱਬ ਜੀ ਨਰਾਜ ਹੋ ਗਏ। ਉਹ ਬੋਲੇ ਕੁਝ ਨਹੀਂ ਪਰ ਉਨ੍ਹਾਂ ਦਾ ਚਿਹਰਾ ਦੱਸ ਰਿਹਾ ਸੀ ਜਿਵੇਂ ਆਖ ਰਹੇ ਹੋਣ, ਕਿਹਾ ਮੂਰਖ ਹੈ? ਡੰਗਰਾਂ ਵਾਂਗ ਆ ਕੇ ਖੜ੍ਹ ਗਿਐ। ਦਰਬਾਨ ਨੇ ਮੇਰੇ ਕੰਨ ਵਿਚ ਫੂਕ ਮਾਰੀ ਕਿ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਦੇ ਆਦਰ ਕਰਨ ਵਾਲੇ ਸ਼ਬਦ ਆਖਦੇ ਹੋਏ ਝੁਕੋ। ਪਰ ਮੈਂ ਚੁੱਪ-ਚਾਪ ਖੜ੍ਹਾ ਰਿਹਾ ਕਿਉਂਕਿ ਇਸ ਗੁਸਤਾਖੀ ਕਰਕੇ ਹੀ ਮੈਨੂੰ ਸਜਾ ਦੇ ਤੌਰ ਤੇ ਮੇਰੇ ਪਹਿਲੇ ਗ੍ਰਹਿ ਦੇ ਰੱਬ ਜੀ ਦੇ ਹੁਕਮ ‘ਤੇ ਇਥੇ ਬਦਲ ਦਿਤਾ ਗਿਆ ਸੀ। ਮੈਂ ਮੁੜ ਸਜਾ ਦਾ ਭਾਗੀ ਨਹੀਂ ਸੀ ਬਣਨਾ ਚਾਹੁੰਦਾ। ਮੈਨੂੰ ਘਸੁੰਨਵੱਟਾ ਬਣਿਆ ਵੇਖ, ਰੱਬ ਜੀ ਹੁਣ ਗੁੱਸੇ ਵਿਚ ਗਰਜੇ, ਇਸ ਦੀ ਜੀਵਨ ਫਾਈਲ ਪੇਸ਼ ਕੀਤੀ ਜਾਵੇ। ਚਿਤ੍ਰਗੁਪਤ ਜੀ ਨੇ ਨਿਗ੍ਹਾ ਘੁੰਮਾਈ ਪਰ ਮੇਰੀ ਫਾਈਲ ਕਿਤੇ ਨਾ ਮਿਲੀ। ਦਰਬਾਨ ਖਾਲੀ ਹੱਥ ਮੁੜ ਆਇਆ।
ਕਿੱਥੋਂ ਆਇਆਂ? ਰੱਬ ਜੀ ਨੇ ਕੁੱਝ ਅਚੰਭੇ ਜਿਹੇ ਨਾਲ ਪੁੱਛਿਆ।
ਪਤਾ ਨਹੀਂ। ਮੇਰੇ ਕਹਿਣ ਦੀ ਦੇਰ ਸੀ ਕਿ ਬ੍ਰਹਮਾ ਜੀ ਨੇ ਨਿਗ੍ਹਾ ਘੁੰਮਾਈ ਤੇ ਦੱਸਿਆ ਕਿ ਸੂਰਜ ਗ੍ਰਹਿ ਤੋਂ ਆਇਆ ਹੈ।
ਫਾਈਲ ਕਿੱਥੇ ਹੈ? ਰੱਬ ਜੀ ਦਾ ਅਗਲਾ ਸੁਆਲ ਸੀ।
ਰਸਤੇ ਵਿਚ ਸੱਤ ਗ੍ਰਹਿ ਆਏ ਤਦ ਤੱਕ ਤਾਂ ਮੇਰੇ ਨਾਲ ਹੀ ਬੰਨ੍ਹੀ ਹੋਈ ਸੀ।
ਆਪਣੀ ਫਾਈਲ ਨਹੀਂ ਸੰਭਾਲ ਸਕਦਾ। ਇਹ ਵਾਕ ਉਚੀ ਦੇਣੀ ਕਿਹਾ ਪਰ ਅਗਲਾ ਮੂੰਹ ਵਿਚ ਹੀ, ਮੇਰੇ ਦਰਬਾਰ ‘ਤੇ ਸ਼ਕ ਕਰਦੈਂ! ਕਹਿੰਦਿਆਂ ਉਨ੍ਹਾਂ ਹੁਕਮ ਸੁਣਾਇਆ,
ਇਹ ਇਥੇ ਦੇ ਯੋਗ ਨਹੀਂ, ਇਸ ਨੂੰ ਧਰਤੀ ‘ਤੇ ਭੇਜ ਦਿਉ, ਆਪੇ ਆਪਣੀ ਫਾਈਲ ਲਭਦਾ ਫਿਰੇਗਾ ।
ਪੁਨਰ ਜਨਮ: ਗਿਆਨੀ ਜੀ ਅਰਦਾਸ ਦੇ ਖਾਤਮੇ ‘ਤੇ ਸਵਰਗਵਾਸੀ ਦੇ ਪਰਿਵਾਰ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਕਹਿ ਰਹੇ ਸਨ ਕਿ ਹੇ ਸੱਚੇ ਪਾਤਸ਼ਾਹ ਵਿਛੜੀ ਆਤਮਾ ਨੂੰ ਜਨਮ-ਮਰਨ ਤੋਂ ਮੁਕਤ ਕਰੀਂ ਤੇ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੀਂ। ਪਿੰਡ ਦੀ ਹੀ ਕਿਸੇ ਔਰਤ ਦੇ ਪੇਟ ਵਿਚ ਪਏ ਦੇ, ਮੇਰੇ ਸਬੰਧੀ ਹੀ ਕਹੀ ਜਾ ਰਹੇ ਸਨ, ਮੇਰੇ ਕੰਨੀ ਇਹ ਬੋਲ ਪਏ ਤਾਂ ਮੇਰੇ ਤੋਂ ਨਾ ਹੱਸਿਆ ਗਿਆ ਤੇ ਨਾ ਹੀ ਰੋ ਹੋਇਆ। ਤੁਸੀਂ ਇਥੇ ਜਰੂਰ ਸੋਚੋਗੇ ਕਿ ਪੇਟ ਵਿਚ ਪਿਆ ਬੱਚਾ ਕਿਵੇਂ ਸੁਣ ਸਕਦਾ ਹੈ? ਉਹ ਭਾਈ ਜੇ ਪੇਟ ਵਿਚ ਪਿਆ ਅਭਿਮੰਨੂ ਚੱਕਰਵਿਊ ਵਿਚ ਲੜਨ ਦੇ ਤਰੀਕੇ ਸੁਣ ਤੇ ਸਿੱਖ ਸਕਦਾ ਹੈ ਤਾਂ ਮੈਂ ਕਿਉਂ ਨਹੀਂ। ਕੁਝ ਦਿਨ ਪਹਿਲਾਂ ਹੋਈ ਆਪਣੀ ਮੌਤ ਤੋਂ ਬਾਅਦ ਦਾ ਘਟਨਾਕ੍ਰਮ ਮੇਰੇ ਸਾਹਮਣੇ ਘੁੰਮ ਗਿਆ। ਮੇਰਾ ਇਹ ਪੁਨਰਜਨਮ ਇਜ਼ਰਾਈਲ ਫਰਿਸ਼ਤੇ ਦੀ ਗਲਤੀ ਕਾਰਨ ਨਹੀਂ ਸੀ ਹੋਇਆ ਜਿਵੇਂ ਕਿ ਆਮ ਕਹਾਣੀਆਂ ਵਿਚ ਹੁੰਦਾ ਹੈ ਕਿ ਇਜ਼ਰਾਈਲ ਭੁਲੇਖੇ ਨਾਲ ਕਿਸੇ ਹੋਰ ਦੀ ਜਗ੍ਹਾ ਮੈਨੂੰ ਚੁੱਕ ਕੇ ਲੈ ਗਿਆ ਹੋਵੇ। ਨਾ ਹੀ ਮੈਂ ਕੋਈ ਔਤਰਾ ਮਰਿਆ ਸਾਂ ਅਤੇ ਨਾ ਹੀ ਮੇਰੀ ਕੋਈ ਅਜਿਹੀ ਖਾਹਿਸ਼ ਹੀ ਰਹਿੰਦੀ ਸੀ ਕਿ ਮੈਨੂੰ ਦੁਬਾਰਾ ਜਨਮ ਦੇਣਾ ਪੈਂਦਾ। ਹੁਣ ਤੁਸੀਂ ਕਹੋਗੇ ਕਿ ਐਵੇਂ ਗੱਲ ਲਮਕਾਈ ਜਾਂਦਾ, ਸਿੱਧੀ ਨੀ ਦੱਸਦਾ। ਲਓ ਸੁਣੋ:
ਦਰਅਸਲ ਮਸਲਾ ਕੁਝ ਇਸ ਤਰ੍ਹਾਂ ਖੜ੍ਹਾ ਹੋ ਗਿਆ ਕਿ ਜਦੋਂ ਇਜ਼ਰਾਈਲ ਮੈਨੂੰ ਲੈ ਕੇ ਰੱਬ ਦੇ ਦਰਬਾਰ ਵਿਚ ਪੇਸ਼ ਹੋਇਆ ਤੇ ਮੇਰਾ ਵਹੀ-ਖਾਤਾ ਫੋਲਿਆ ਗਿਆ ਤਾਂ ਬਾਕੀ ਸਾਰਾ ਕੁਝ ਤਾਂ ਠੀਕ-ਠਾਕ ਚਲਦਾ ਗਿਆ ਪਰ ਧਰਮ ਦੇ ਖਾਨੇ ‘ਤੇ ਆ ਕੇ ਗੱਲ ਅੜ ਗਈ। ਮੌਤ ਦੇ ਫਰਿਸ਼ਤੇ ਨੇ ਮੈਨੂੰ ਲਿਜਾਣ ਤੋਂ ਪਹਿਲਾਂ ਜਿਹੜਾ ਫਾਰਮ ਭਰਨ ਲਈ ਦਿੱਤਾ ਸੀ ਮੈਂ ਉਸ ਵਿਚ ਧਰਮ ਦੇ ਖਾਨੇ ਵਿਚ ਨੇਕੀ ਭਰ ਦਿੱਤਾ ਸੀ। ਰੱਬ ਨੇ ਮੈਨੂੰ ਸਵਰਗ ਦਾ ਪਾਸ ਫੜਾ ਕੇ ਇਜ਼ਰਾਈਲ ਨੂੰ ਧਰਮਰਾਜ ਕੋਲ ਜਾਣ ਦਾ ਆਦੇਸ਼ ਦੇ ਦਿੱਤਾ। ਮੈਨੂੰ ‘ਨੇਕੀ ਕਰ ਤੇ ਖੂਹ ਵਿਚ ਪਾ’ ਦਾ ਮੁਹਾਵਰਾ ਯਾਦ ਆ ਗਿਆ ਤੇ ਰੱਬ ਦਾ ਧੰਨਵਾਦ ਕੀਤਾ। ਧਰਮਰਾਜ ਦੇ ਸਾਹਮਣੇ ਜਦੋਂ ਮੇਰੇ ਦਾਖਲੇ ਸਬੰਧੀ ਦੱਸਿਆ ਜਾਣ ਲੱਗਿਆ ਤਾਂ ਗੱਲ ਉਸੇ ਖਾਨੇ ‘ਤੇ ਆ ਕੇ ਅੜ ਗਈ। ਚਿਤਰਗੁਪਤ ਨੇ ਇਹ ਆਖ ਕੇ ਮੇਰੀ ਚੂਲ ਕੱਢ ਦਿੱਤੀ ਕਿ ਉਸ ਕੋਲ ਜਿੰਨੇ ਧਰਮ ਦਰਜ ਹਨ, ਉਨ੍ਹਾਂ ਵਿਚ ਇਹ ਨਾਂ ਸ਼ਾਮਲ ਨਹੀਂ ਹੈ। ਧਰਮਰਾਜ ਨੇ ਮੇਰੇ ਪਾਸ ਤੇ ਨਰਕ ਲਿਖ ਕੇ ਮੇਰੇ ਹੱਥ ਫੜਾਇਆ ਤੇ ਇਜ਼ਰਾਈਲ ਨੂੰ ਯਮਰਾਜ ਕੋਲ ਜਾਣ ਲਈ ਆਖ ਦਿੱਤਾ। ਉਥੇ ਵੀ ਉਹੀ ਖਾਨਾ ਅੜ ਗਿਆ। ਇਹ ਤਾਂ ਧਾਰਮਿਕ ਬੰਦਾ ਹੈ। ਨੇਕੀ ਸਾਡਾ ਕੰਮ ਨਹੀਂ, ਧਰਮੀਆਂ ਦਾ ਹੈ। ਮੈਨੂੰ ਇਧਰੋਂ-ਉਧਰ ਲਿਜਾਂਦੇ ਥੱਕੇ ਪਏ ਇਜ਼ਰਾਈਲ ਨੇ ਬੇਨਤੀ ਕੀਤੀ ਕਿ ਜਨਾਬ ਰੱਬ ਨੇ ਤਾਂ ਧਰਮਰਾਜ ਕੋਲ ਭੇਜਿਆ ਸੀ ਪਰ ਉਥੇ ਇਸ ਦਾ ਧਰਮ ਦਰਜ ਨਾ ਹੋਣ ਕਰਕੇ ਧਰਮਰਾਜ ਨੇ ਤੁਹਾਡੇ ਕੋਲ ਭੇਜ ਦਿੱਤਾ। ਤੁਸੀਂ ਮੈਨੂੰ ਫਿਰ ਪਿਛੇ ਨੂੰ ਮੋੜ ਰਹੇ ਓ? ਇਹੋ ਜਿਹੇ ਬੰਦੇ ਲੈ ਕੇ ਮੈਂ ਆਪਣਾ ਕੁਨਬਾ ਬਰਬਾਦ ਕਰਨੈ? ਯਮਰਾਜ ਨੇ ਦੋ ਟੁੱਕ ਗੱਲ ਮੁਕਾ ਦਿੱਤੀ।
ਅੱਕਿਆ ਪਿਆ ਇਜ਼ਰਾਈਲ ਮੈਨੂੰ ਘਸੀਟਦਾ ਹੋਇਆ ਫਿਰ ਰੱਬ ਦੇ ਦਰਬਾਰ ਜਾ ਹਾਜਰ ਹੋਇਆ। ਉਸ ਸਾਰੀ ਵਿਥਿਆ ਰੱਬ ਨੂੰ ਦੱਸੀ। ਨੇਕੀ ਸਬੰਧੀ ਮੇਰੀਆਂ ਦਲੀਲਾਂ ਦਾ ਜਦ ਕੋਈ ਸਿੱਟਾ ਨਾ ਨਿਕਲਿਆ ਤਾਂ ਮੈਂ ਬਥੇਰਾ ਕਿਹਾ ਕਿ ਮਰਨ ਤੋਂ ਬਾਅਦ ਮੇਰਾ ਕੋਈ ਧਰਮ ਨਹੀਂ ਰਿਹਾ ਪਰ ਮੇਰੀ ਕਿਸੇ ਨਾ ਸੁਣੀ। ਰੱਬ ਨੇ ਦੋਵਾਂ ਰਾਜਿਆਂ ਨੂੰ ਬੁਲਾ ਲਿਆ। ਲੰਮੀ ਚੌੜੀ ਬਹਿਸ ਹੋਈ। ਅਨੇਕਾਂ ਗ੍ਰੰਥ ਦਲੀਲਾਂ ਨੂੰ ਮਜਬੂਤ ਕਰਨ ਲਈ ਦੋਨਾਂ ਦੇ ਦਲੀਲਕਾਰਾਂ ਵੱਲੋਂ ਪੇਸ਼ ਕੀਤੇ ਗਏ। ਫੈਸਲਾ ਕਿਸੇ ਤਣ-ਪੱਤਣ ਨਾ ਲੱਗਦਾ ਵੇਖ ਰੱਬ ਨੇ ਹੁਕਮ ਕਰ ਦਿੱਤਾ, “ਇਸ ਦਾ ਪੁਨਰ ਜਨਮ ਕਰ ਦਿੱਤਾ ਜਾਵੇਂ।”
ਜਨਮ ਦਰ ਜਨਮ: ਇਸ ਵਾਰ ਫਿਰ ਰੱਬ ਨੇ ਮੇਰੇ ਇਕ ਹੋਰ ਪੁਨਰ ਜਨਮ ਦੇ ਹੁਕਮ ਕਰ ਦਿਤੇ। ਰੱਬ ਵੀ ਮੇਰੇ ਤੋਂ ਹੁਣ ਖਹਿੜਾ ਛੁਡਾਣਾ ਚਾਹ ਰਿਹਾ ਸੀ। ਉਸ ਨੇ ਦੇਖ ਲਿਆ ਸੀ ਕਿ ਇਸ ਬੰਦੇ ਤੋਂ ਪਰ੍ਹੇ ਹੀ ਰਿਹਾ ਜਾਵੇ ਤਾਂ ਚੰਗਾ ਰਹੂ। ਦੂਸਰਾ ਕੰਮ ਉਸ ਲਈ ਵਧੇਰੇ ਸੌਖਾ ਸੀ ਇਸ ਲਈ ਮੈਨੂੰ ਜਨਮ-ਦਰ-ਜਨਮ ਮਿਲਣ ਲੱਗ ਪਿਆ। ਇਸ ਵਿਚ ਮੇਰਾ ਹੀ ਕਸੂਰ ਨਿਕਲੇਗਾ ਜੇਕਰ ਨਾਰਦ ਦੀ ਗੱਲ ਨੂੰ ਮੰਨ ਲਿਆ ਜਾਵੇ।
ਇਸ ਤੋਂ ਪਹਿਲਾ ਜਨਮ ਲੈਣ ਆਏ ਨੂੰ ਉਸ ਬਥੇਰਾ ਸਮਝਾਇਆ ਸੀ ਕਿ ਜਿਵੇਂ ਚਲਦਾ ਹੈ ਚੱਲੀ ਜਾਣ ਦੇ ਤੇ ਜੋ ਭੀੜ ਕਹਿੰਦੀ ਹੈ, ਉਹੀ ਤੂੰ ਕਹੀ ਚੱਲੀਂ ।
ਪਰ ਮੇਰੀ ਸ਼ੁਰੂ ਦੀ ਵਿਦਿਆ ਤੋਂ ਲੈ ਕੇ ਆਖਰੀ ਕਲਾਸ ਤੱਕ ਮੈਨੂੰ ਇਹ ਹੀ ਪੜ੍ਹਾਇਆ ਗਿਆ ਸੀ ਕਿ ਮੇਰੇ ਮੁਲਕ ਦੇ ਇਕ ਧੋਤੀ ਵਾਲੇ ਮਧਰੇ ਜਿਹੇ ਆਦਮੀ ਨੇ ਸ਼ਾਂਤੀ ਨਾਲ ਹੀ ਮੇਰੇ ਮੁਲਕ ਨੂੰ ਅਜ਼ਾਦ ਕਰਾ ਲਿਆ, ਉਹ ਵੀ ਉਸ ਮੁਲਕ ਤੋਂ ਜਿਸ ਦਾ ਡੰਕਾ ਸਾਰੀ ਦੁਨੀਆਂ ਵਿਚ ਵੱਜਦਾ ਸੀ। ਮੇਰੇ ਮੁਲਕ ਨੇ ਉਸ ਨੂੰ ਬਾਪੂ ਦਾ ਖਿਤਾਬ ਦੇ ਦਿੱਤਾ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਬਾਪੂ ਦਾ ਧਰਮ ਹੀ ਪੁੱਤ ਦਾ ਪਹਿਲਾ ਧਰਮ ਹੁੰਦਾ ਹੈ। ਮੈਂ ਸ਼ਾਂਤੀ ਨੂੰ ਅਪਨਾ ਲਿਆ। ਬਾਵਜੂਦ ਇਸ ਦੇ ਕਿ ਮੈਂ ਇਕ ਕਵੀ ਦਾ ਇਹ ਲਿਖਿਆ ਵੀ ਪੜ੍ਹ ਲਿਆ ਸੀ ਕਿ ਸ਼ਾਂਤੀ ਇਕ ਅਜਿਹਾ ਫਾਹਾ ਹੈ ਜਿਸ ਨਾਲ ਮੁਲਕ ਦੇ ਬਵੰਜਾ ਕਰੋੜ ਲੋਕਾਂ ਨੂੰ ਫਾਹੇ ਲਗਾਇਆ ਜਾ ਸਕਦਾ ਹੈ। ਬਾਵਜੂਦ ਇਸ ਦੇ ਕਿ ਇਕ ਫੀਨੇ ਨੱਕ ਵਾਲੇ ਗੁਆਂਢੀ ਨੇ ਇਹ ਕਿਹਾ ਕਿ ਸੱਤਾ ਬੰਦੂਕ ਦੀ ਨਾਲੀ ਵਿਚੋਂ ਨਿਕਲਦੀ ਹੈ। ਉਸ ਨੇ ਇਹ ਕਰਕੇ ਵੀ ਵਿਖਾਇਆ ਅਤੇ ਮੈਨੂੰ ਵੀ ਸਰਹੱਦ ਤੋਂ ਭਜਾਇਆ, ਮੈਂ ਫਿਰ ਵੀ ਅਹਿੰਸਾ ਵਿਚ ਹੀ ਵਿਸ਼ਵਾਸ਼ ਰੱਖਿਆ। ਮੈਂ ਤਾਂ ਅੱਜ ਤੱਕ ਸ਼ਾਂਤ ਹਾਂ, ਬਾਵਜੂਦ ਇਸ ਦੇ ਕਿ ਮੇਰੇ ਛੋਟੇ ਭਾਈ ਨੇ ਮੇਰਾ ਅੱਧਾ ਸਵਰਗ ਹਥਿਆ ਰੱਖਿਆ ਹੈ। ਮੈਂ ਤਾਂ ਦਿੱਲੀ, ਪੰਜਾਬ ਅਤੇ ਗੋਦਰਾ ਵਿਚ ਵੀ ਸ਼ਾਂਤ ਚਿਤ ਬਣਿਆ ਰਿਹਾ ਤੇ ਹੁਣ ਤੁਸੀਂ ਹੋ ਕਿ ਇਸ ਨੂੰ ਧਰਮ ਮੰਨਣ ਲਈ ਤਿਆਰ ਨਹੀਂ ਹੋ। ਮੈਂ ਆਪਣਾ ਬਿਆਨ ਦੇ ਕੇ ਫਿਰ ਸ਼ਾਂਤ ਚਿਤ ਹੋ ਕੇ ਖੜ੍ਹ ਜਾਂਦਾ ਹਾਂ।
ਮੈਂ ਤਾਂ ਇਸ ਨੂੰ ਫਿਰ ਹੀ ਅੰਦਰ ਆਉਣ ਦੀ ਆਗਿਆ ਦੇ ਸਕਦਾ ਹਾਂ ਜੇਕਰ ਇਹ ਇਸ ਖਾਨੇ ਵਿਚ ਕਿਸੇ ਧਰਮ ਦਾ ਨਾਂ ਭਰੇ। ਧਰਮਰਾਜ ਲੋਹੇ ਦਾ ਥਣ ਬਣ ਗਿਆ ਹੋਇਆ ਸੀ।
ਇਹੋ ਜਿਹੇ ਕੁੱਟ ਖਾਣੇ ਨਿਪੁਸੰਕ ਬੰਦੇ ਲਈ ਮੇਰੇ ਘਰ ਵਿਚ ਕੋਈ ਸਥਾਨ ਨਹੀਂ। ਯਮਰਾਜ ਨੇ ਆਪਣਾ ਫੈਸਲਾ ਦੇ ਦਿਤਾ।
ਰੱਬ ਜੀ ਨੇ ਸੋਚਣ ਲਈ ਦੋ ਕੁ ਪਲ ਲਏ ਤੇ ਹੁਕਮ ਸੁਣਾਇਆ, ਇਸ ਲਈ ਇਹੋ ਚੰਗਾ ਰਹੇਗਾ ਕਿ ਇਸ ਨੂੰ ਜਨਮ ਦਰ ਜਨਮ ਦੇ ਚੱਕਰ ਵਿਚ ਪਾ ਦਿੱਤਾ ਜਾਵੇ। ਮੈਂ ਵਿਦਰੋਹ ਵਿਚ ਨਹੀਂæææਕੂਕਦਾ ਹਾਂ।
ਕਿਥੇ ਗਈ ਤੇਰੀ ਸ਼ਾਂਤੀ! ਤੇਰੇ ਲਈ ਹੁਣ ਇਹ ਕੰਮ ਹੈ ਕਿ ਜਾਹ ਜਿਥੇ ਉਹ ਹੋਵੇ ਉਥੇ ਰਹਿ ਪਵੀਂ, ਰੱਬ ਜੀ ਨੇ ਆਖਿਆ। ਇਹ ਆਖਰੀ ਵਾਕ ਅਜੇ ਤੱਕ ਮੇਰੇ ਸਿਰ ਵਿਚ ਖੌਰੂ ਪਾਈ ਜਾ ਰਿਹਾ ਹੈ।