ਗਾਖਲ ਭਰਾਵਾਂ ਦੀ ਫਿਲਮ ਉਡਾਰੀ

ਐਸ਼ ਅਸ਼ੋਕ ਭੌਰਾ
ਤਿੰਨਾਂ ਹਿੰਮਤੀ ਗਾਖਲ ਭਰਾਵਾਂ-ਅਮੋਲਕ ਸਿੰਘ, ਪਲਵਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਕੈਲੀਫੋਰਨੀਆ ਤੋਂ ਆਪਣੇ ਕਾਰੋਬਾਰ ਏæ ਐਂਡ ਆਈæ ਟਰੱਕਿੰਗ, ਮੋਟਲ, ਗੋਲਡ ਜਿੰਮ ਵਿਚ ਸਫਲਤਾ ਦੀ ਪੂਰੀ ਲੀਹ ਖਿੱਚਣ ਤੋਂ ਬਾਅਦ ਫਿਲਮ ਜਗਤ ਵਿਚ ਪੂਰੇ ਜੋਸ਼ੋ-ਖਰੋਸ਼ ਨਾਲ ਉਵੇਂ ਹੀ ਪੈਰ ਧਰਿਆ ਹੈ ਜਿਵੇਂ ਕਿਸੇ ਵਕਤ ਟੀ-ਸੀਰੀਜ਼ ਵਾਲੇ ਗੁਲਸ਼ਨ ਨੇ ਧਰਿਆ ਸੀ।

ਜੁਲਾਈ ਦੇ ਪਹਿਲੇ ਹਫਤੇ ਰਿਲੀਜ਼ ਹੋਣ ਵਾਲੀ ਗਾਖਲ ਬ੍ਰਦਰਜ਼ ਐਂਟਰਟੇਨਮੈਂਟ ਦੀ ਪਲੇਠੀ ਫਿਲਮ Ḕਸੈਕਿੰਡ ਹੈਂਡ ਹਸਬੈਂਡḔ ਬਾਰੇ ਫਿਲਮ ਦੇ ਨਿਰਮਾਤਾ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਨ੍ਹਾਂ ਕੁਝ ਕਰਨ ਅਤੇ ਨਾਲ ਹੀ ਕੁਝ ਖੱਟਣ ਲਈ ਫਿਲਮ ਖੇਤਰ ਵਿਚ ਪੈਰ ਧਰਿਆ ਹੈ। ਟਰੱਕਿੰਗ ਤੇ ਹੋਰ ਵੱਡੇ ਕਾਰੋਬਾਰਾਂ ਦੇ ਨਾਲ-ਨਾਲ ਫਿਲਮ ਇੰਡਸਟਰੀ ਵੱਲ ਮੂੰਹ ਕਰਨ ਬਾਬਤ ਗਾਖਲ ਨੇ ਦੱਸਿਆ ਕਿ ਨਿੱਕੇ ਹੁੰਦਿਆਂ ਸਕੂਲ ਤੇ ਕਾਲਜ ਤੋਂ ਭੱਜ ਕੇ ਧਰਮਿੰਦਰ ਦੀਆਂ ਫਿਲਮਾਂ ਦੇਖਦੇ ਹੁੰਦੇ ਸਾਂ, ਤੇ ਅੱਜ ਧਰਮਿੰਦਰ ਭਾਜੀ ਨੂੰ ਲੈ ਕੇ ਖੁਦ ਅਜਿਹੀ ਫਿਲਮ ਤਿਆਰ ਕਰਨ ਵਿਚ ਸਫਲ ਹੋਏ ਹਾਂ ਜਿਸ ਵਿਚ ਹਾਸਰਸ ਤਾਂ ਹੈ ਹੀ, ਫਿਲਮ ਵਿਚ ਧਰਮਿੰਦਰ ਦਾ ਕਿਰਦਾਰ ਬਹੁਤ ਖੂਬਸੂਰਤ ਹੈ। ਧਰਮਿੰਦਰ ਨੇ ਫਿਲਮ ਦੀ ਕਹਾਣੀ ਨੂੰ ਆਪਣੇ ਰੁਮਾਂਸ ਅੰਦਾਜ਼ ਵਿਚ ਇੰਨਾ ਅੱਗੇ ਖਿਚਿਆ ਹੈ ਕਿ ਯੁੱਗਾਂ ਤੋਂ ਇਸ ਫਿਲਮੀ ਹਸਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਨਵਾਂ ਨਕੋਰ ਧਰਮਿੰਦਰ ਦੇਖਣ ਨੂੰ ਮਿਲੇਗਾ। Ḕਗਾਖਲ ਬ੍ਰਦਰਜ਼ ਐਂਟਰਟੇਨਮੈਂਟḔ ਦੇ ਬੈਨਰ ਹੇਠ ਤਿਆਰ ਹੋਈ Ḕਸੈਕਿੰਡ ਹੈਂਡ ਹਸਬੈਂਡḔ ਫਿਲਮ ਦਾ ਨਿਰਦੇਸ਼ਨ Ḕਜੇਮਸ ਬਾਂਡḔ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਕੀਤਾ ਹੈ। ਸੰਗੀਤ ਬਾਦਸ਼ਾਹ ਦਾ ਹੈ ਅਤੇ ਗਿੱਪੀ ਗਰੇਵਾਲ, ਸੁਨਿਧੀ ਚੌਹਾਨ ਤੇ ਲਾਭ ਜੰਜੂਆ ਨੇ ਗੀਤ ਗਾਏ ਹਨ। ਫਿਲਮ ਦੀ ਕਹਾਣੀ ਖੁਦ ਸਮੀਪ ਕੰਗ ਨੇ ਲਿਖੀ ਹੈ। ਫਿਲਮ Ḕਸੈਕਿੰਡ ਹੈਂਡ ਹਸਬੈਂਡ’ ਬਾਰੇ ਅਮੋਲਕ ਸਿੰਘ ਗਾਖਲ ਨੇ ਦੱਸਿਆ, “ਤਲਾਕ ਤੋਂ ਬਾਅਦ ਮਰਦ ਨੂੰ ਬੱਚਿਆਂ ਤੇ ਪਤਨੀ ਨੂੰ ਕਿਵੇਂ ਖਰਚਾ ਅਦਾ ਕਰਨਾ ਪੈਂਦਾ ਹੈ, ਕੀ ਸਮੱਸਿਆਵਾਂ ਘੇਰਦੀਆਂ ਹਨ ਤੇ ਕੀ ਵਾਪਰਦਾ ਹੈ, ਇਸ ਦਾਸਤਾਂ ਨੂੰ ਫਿਲਮੀ ਅੰਦਾਜ਼, ਪਰ ਪੀੜਾ ਦੀ ਥਾਂ ਰੁਮਾਂਸ ਤੇ ਹਾਸੇ-ਠੱਠੇ ਵਿਚ ਲਪੇਟਣ ਵਿਚ ਸਮੀਪ ਕੰਗ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਜਿਸ ਆਸ ਤੇ ਉਮੀਦ ਨਾਲ ਅਸੀਂ ਫਿਲਮੀ ਦੁਆਰ ਖੋਲ੍ਹੇ ਸਨ, ਉਨ੍ਹਾਂ ਦੁਆਰਾਂ ਅੰਦਰ ਸਾਡੇ ਸਫ਼ਲ ਦਾਖਲੇ ਲਈ ਸਮੀਪ ਕੰਗ ਦੀ ਦਿਨ-ਰਾਤ ਦੀ ਮਿਹਨਤ ਦੇ ਨਾਲ-ਨਾਲ ਧਰਮਿੰਦਰ ਤੇ ਗਿੱਪੀ ਗਰੇਵਾਲ ਨੇ ਵੀ ਆਸ ਤੋਂ ਕਈ ਗੁਣਾਂ ਅੱਗੇ ਜਾ ਕੇ ਨਵਾਂ ਰੰਗ ਉਘਾੜਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੱਖਰੇ ਵਿਸ਼ੇ ‘ਤੇ ਬਣੀ ਇਸ ਫਿਲਮ ਵਿਚ ਬਹੁਤ ਕੁਝ ਦੇਖਣ ਨੂੰ ਮਿਲੇਗਾ ਤੇ ਧਰਮਿੰਦਰ ਦੀ ਅਦਾਕਾਰੀ ਦੇ ਮੁਰੀਦ, ਸਿਨੇਮਾ ਹਾਲ ਵਿਚੋਂ ਬਾਗੋ-ਬਾਗ ਹੋ ਕੇ ਨਿਕਲਣਗੇ।”
ਪੰਜਾਬੀ ਗਾਇਕੀ ਤੇ ਫਿਲਮਾਂ ਤੋਂ ਹਿੰਦੀ ਜਗਤ ਵਿਚ ਗਿੱਪੀ ਗਰੇਵਾਲ ਨੂੰ ਅਭਿਨੇਤਾ ਲੈ ਕੇ ਫਿਲਮ ਬਣਾਉਣ ਦੇ ਰਿਸਕ ਬਾਰੇ ਅਮੋਲਕ ਗਾਖਲ ਆਖਦਾ ਹੈ ਕਿ ਇਸ ਬਾਰੇ ਪਹਿਲਾਂ ਝਿਜਕ ਜਿਹੀ ਤਾਂ ਸੀ, ਪਰ ਗਿੱਪੀ ਨੇ ਜਿਸ ਤਰ੍ਹਾਂ ਜੀਅ-ਜਾਨ ਲਾ ਕੇ ਕੰਮ ਕੀਤਾ, ਉਹਨੇ ਆਸ ਬੰਨ੍ਹਾ ਦਿੱਤੀ ਕਿ ਉਹ ਹਿੰਦੀ ਫਿਲਮ ਜਗਤ ਨੂੰ ਨਵਾਂ ਚਿਹਰਾ ਦੇਣ ਵਿਚ ਸਫਲ ਹੋ ਜਾਣਗੇ।
Ḕਸੈਕਿੰਡ ਹੈਂਡ ਹਸਬੈਂਡḔ ਫਿਲਮ ਵਿਚ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਪਹਿਲੀ ਵਾਰ ਬਤੌਰ ਅਭਿਨੇਤਰੀ ਦਾਖ਼ਲ ਹੋਵੇਗੀ। ਬਾਕੀ ਸਟਾਰ ਕਾਸਟਿੰਗ ਵਿਚ ਧਰਮਿੰਦਰ, ਰਤੀ ਅਗਨੀਹੋਤਰੀ, ਗੀਤਾ ਬਸਰਾ ਤੋਂ ਇਲਾਵਾ ਵਿਜੈ ਰਾਜ ਤੇ ਸੰਜੇ ਮਿਸ਼ਰਾ ਨੇ ਕੰਮ ਕੀਤਾ ਹੈ। ਗਾਖਲ ਅਨੁਸਾਰ ਫਿਲਮ ਭਾਵੇਂ ਪਹਿਲੇ ਤਜਰਬੇ ਕਰ ਕੇ ਥੋੜ੍ਹਾ ਓਵਰਬਜਟ ਹੋ ਗਈ, ਪਰ ਇਸ ਦਾ ਲਾਭ ਇਹ ਹੋਇਆ ਹੈ ਕਿ ਭਵਿੱਖ ਵਿਚ ਉਹ ਹੋਰ ਚੰਗਾ ਕੰਮ ਤਾਂ ਕਰ ਹੀ ਲੈਣਗੇ। ਪੈਸੇ ਪੱਖੋਂ ਉਨ੍ਹਾਂ ਕਿਤੇ ਵੀ ਸਮਝੌਤਾ ਨਹੀਂ ਕੀਤਾ, ਤੇ ਜੇ ḔਧੂਮḔ ਅਤੇ Ḕਵੀਰ ਜ਼ਾਰਾḔ ਵਰਗੀਆਂ ਫਿਲਮਾਂ ਨਾਲ ਜੁੜੇ ਰਹੇ ਮਾਰਕੀਟਿੰਗ ਡਾਇਰੈਕਟਰ ਰਾਹੁਲ ਨੰਦਾ Ḕਸੈਕਿੰਡ ਹੈਂਡ ਹਸਬੈਂਡḔ ਲਈ ਕੰਮ ਕਰ ਰਿਹਾ ਹੈ ਤਾਂ ਟਰੇਲਰ ਸੈਟਰ ਵੀ ਅਤਿ ਤਜਰਬੇਕਾਰ ਰਵੀ ਪੱਡਾ ਹੈ। ਅਮੋਲਕ ਗਾਖਲ ਨੇ ਕਿਹਾ, “ਅਸੀਂ ਪੁੱਤ ਤਾਂ ਜ਼ਿਮੀਂਦਾਰਾਂ ਦੇ ਹੀ ਹਾਂ, ਤੇ ਜ਼ਿਮੀਂਦਾਰਾਂ ਨੂੰ ਖੇਤੀ ਵਿਚ ਆਪਣੇ ਸੰਦ ਬਣਾ ਲੈਣ ਦੀ ਆਦਤ ਹੁੰਦੀ ਹੈ, ਅਸੀਂ ਤਿੰਨਾਂ ਭਰਾਵਾਂ ਨੇ ਵੀ ਇਸ ਫਿਲਮ ਦੇ ਨਿਰਮਾਣ ਨਾਲ ਸਭ ਕੁਝ ਆਪਣਾ ਬਣਾ ਲਿਆ ਹੈ।” ਬਾਂਦਰਾ ਵਿਚ ਘਰ ਤੇ ਦਫਤਰ ਬਣਨ ਨਾਲ ਫਿਲਮਾਂ ਵਾਲੇ ਮੰਨ ਗਏ ਹਨ ਕਿ ਇਹ ਨਿਰਮਾਤਾ ਪੱਕੇ ਪੈਰੀਂ ਹਨ ਤੇ ਇਹੋ ਉਨ੍ਹਾਂ ਦੀ ਪ੍ਰਾਪਤੀ ਹੈ। ਦੋ ਹੋਰ ਹਿੰਦੀ ਫਿਲਮਾਂ ਦੀ ਤਿਆਰੀ ਵੀ ਉਨ੍ਹਾਂ ਅਰੰਭ ਦਿੱਤੀ ਹੈ। ਅਮੋਲਕ ਗਾਖਲ ਨੇ ਕਿਹਾ ਕਿ ਪੰਜਾਬੀ ਫਿਲਮਾਂ ਬਣਾਉਣ ਦਾ ਉਹ ਜਲਦੀ ਖੁਲਾਸਾ ਕਰਨਗੇ।
____________________
ਗੋਵਿੰਦਾ ਦੀ ਧੀ ਪਹਿਲੀ ਵਾਰ ਫਿਲਮੀ ਪਰਦੇ ‘ਤੇ
ਮਸ਼ਹੂਰ ਫਿਲਮ ਅਦਾਕਾਰ ਗੋਵਿੰਦਾ ਦੀ ਧੀ ਟੀਨਾ ਆਹੂਜਾ ਫਿਲਮ Ḕਸੈਕਿੰਡ ਹੈਂਡ ਹਸਬੈਂਡḔ ਵਿਚ ਨਾਇਕਾ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਇਹ ਉਸ ਦੀ ਪਹਿਲੀ ਫਿਲਮ ਹੈ। ਟੀਨਾ ਜਿਸ ਦਾ ਅਸਲੀ ਨਾਂ ਨਰਮਦਾ ਹੈ, ਨੂੰ ਫਿਲਮ ਜਗਤ ਵਿਚ ਉਤਾਰਨ ਲਈ ਕਈ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੇ ਪੇਸ਼ਕਸ਼ਾਂ ਕੀਤੀਆਂ ਸਨ, ਪਰ ਗੋਵਿੰਦਾ ਅਤੇ ਟੀਨਾ ਨੇ ਹਾਂ ਸਿਰਫ ਗਾਖਲ ਭਰਾਵਾਂ ਨੂੰ ਹੀ ਕੀਤੀ। ਟੀਨਾ ਨੇ ਪਹਿਲਾਂ ਫੈਸ਼ਨ ਡਿਜ਼ਾਈਨਿੰਗ ਨੂੰ ਆਪਣੇ ਕੈਰੀਅਰ ਵਜੋਂ ਚੁਣਿਆ ਸੀ ਪਰ ਬਾਅਦ ਵਿਚ ਉਸ ਨੇ ਫਿਲਮੀ ਦੁਨੀਆਂ ਵਿਚ ਪੈਰ ਜਮਾਉਣ ਦਾ ਫੈਸਲਾ ਕਰ ਲਿਆ। ਇਸ ਕਾਰਜ ਲਈ ਉਸ ਨੇ ਬਾਕਾਇਦਾ Ḕਕਿਸ਼ੋਰ ਨਮਿਤ ਕਪੂਰ ਇੰਸਟੀਚਿਊਟḔ ਅਤੇ ਫਿਰ Ḕਲੰਡਨ ਫਿਲਮ ਇੰਸਟੀਚਿਊਟḔ ਤੋਂ ਅਦਾਕਾਰੀ ਦੇ ਗੁਰ ਸਿੱਖੇ ਤੇ ਹੁਣ ਉਹ ਆਪਣੀ ਅਦਾਕਾਰੀ ਅਤੇ ਅਦਾ ਦੇ ਜਲਵੇ ਦਿਖਾਉਣ ਲਈ ਗਾਖਲ ਭਰਾਵਾਂ ਦੀ ਇਸ ਪਲੇਠੀ ਫਿਲਮ ਵਿਚ ਆ ਰਹੀ ਹੈ। ਉਹ ਹੁੱਬ ਕੇ ਦੱਸਦੀ ਹੈ ਕਿ ਇਸ ਫਿਲਮ ਰਾਹੀਂ ਉਸ ਨੂੰ ਧਰਮਿੰਦਰ ਵਰਗੇ ਕੱਦਾਵਰ ਅਦਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।