ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਦੇ ਸੰਗੀ-ਸਾਥੀ ਭਾਈ ਮਰਦਾਨਾ ਦੇ ਵੰਸ਼ ਵਿਚੋਂ ਰਬਾਬੀ ਭਾਈ ਗੁਲਾਮ ਮੁਹੰਮਦ ਚਾਂਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਭਾਈ ਚਾਂਦ ਦੀ ਦਿਲੀ ਇੱਛਾ ਸੀ ਕਿ ਉਹ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਕੀਰਤਨ ਕਰਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਧਾਰੀ ਹੋਣ ਦੀ ਲਾਈ ਸ਼ਰਤ ਨਾਲ ਉਹ ਆਪਣੀ ਇਹ ਇੱਛਾ ਆਪਣੇ ਨਾਲ ਹੀ ਲੈ ਕੇ ਤੁਰ ਗਏ।
ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਭਾਈ ਚਾਂਦ ਦੀ ਮੌਤ ਤਾਂ ਉਦੋਂ ਹੀ ਹੋ ਗਈ ਸੀ, ਜਦੋਂ ਉਸ ਨੂੰ 2008 ਵਿਚ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਤੋਂ ਇਨਕਾਰ ਹੋ ਗਿਆ ਸੀ। ਉਸ ਨਾਲ ਤਾਂ ਭਾਈ ਮਰਦਾਨਾ ਦੇ ਵੰਸ਼ ਵਿਚੋਂ ਹੋਣ ਦਾ ਲਿਹਾਜ਼ ਵੀ ਨਾ ਕੀਤਾ ਗਿਆ। ਯਾਦ ਰਹੇ, ਸ੍ਰੀ ਦਰਬਾਰ ਸਾਹਿਬ ਵਾਲੇ ਸਰੋਵਰ ਦਾ ਨੀਂਹ ਪੱਥਰ ਚੌਥੇ ਪਾਤਸ਼ਾਹ ਰਾਮਦਾਸ ਨੇ ਸਾਈਂ ਮੀਆਂ ਮੀਰ ਤੋਂ ਰਖਵਾਇਆ ਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਇਸ ਕਰ ਕੇ ਰਖਵਾਏ ਸਨ ਤਾਂ ਕਿ ਹਰ ਕੋਈ ਨਤਮਸਤਕ ਹੋ ਸਕੇ, ਭਾਵ ਸਭ ਲਈ ਇਹ ਕਿਵਾੜ ਖੁੱਲ੍ਹੇ ਰੱਖੇ ਗਏ ਸਨ।
ਭਾਈ ਗੁਲਾਮ ਮੁਹੰਮਦ ਚਾਂਦ ਦਾ ਦੇਹਾਂਤ ਲਾਹੌਰ ਵਿਚ 29 ਅਪਰੈਲ ਨੂੰ ਹੋਇਆ। ਉਹ ਜਦੋਂ ਵੀ ਭਾਰਤ ਆਉਂਦੇ ਸਨ, ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਇੱਛਾ ਪ੍ਰਗਟਾਉਂਦੇ ਹੁੰਦੇ ਸਨ ਅਤੇ ਹਰ ਵਾਰ ਉਨ੍ਹਾਂ ਨੂੰ ਨਾਂਹ ਹੋ ਜਾਂਦੀ। ਸਿੱਖ ਵਿਦਵਾਨਾਂ ਅਤੇ ਗੁਰਮਤਿ ਸੰਗੀਤ ਨਾਲ ਜੁੜੀਆਂ ਸ਼ਖਸੀਅਤਾਂ ਦੀ ਅਪੀਲ ਵੀ ਸ਼੍ਰੋਮਣੀ ਕਮੇਟੀ ਨੂੰ ਸ਼ਰਤ ਨਰਮ ਕਰਨ ਵਿਚ ਮਨਾ ਨਹੀਂ ਸਕੀ। ਭਾਈ ਚਾਂਦ ਨੇ ਇਸ ਲਗਾਤਾਰ ਇਨਕਾਰ ਤੋਂ ਬਾਅਦ ਇਕ ਵਾਰ ਸਵਾਲ ਕੀਤਾ ਸੀ ਕਿ ਉਹਦੇ ਪੁਰਖਿਆਂ ਵਿਚੋਂ ਕਿਹੜਾ ਕੋਈ ਅੰਮ੍ਰਿਤਧਾਰੀ ਸੀ। ਨਾਲੇ ਪਹਿਲਾਂ ਤਾਂ ਕਦੀ ਕਿਸੇ ਨੇ ਇਹ ਸ਼ਰਤ ਨਹੀਂ ਸੀ ਰੱਖੀ ਅਤੇ ਨਾ ਕਿਸੇ ਨੇ ਕੀਰਤਨ ਕਰਨ ਤੋਂ ਰੋਕਿਆ ਸੀ, ਪਰ ਕਿਸੇ ਨੇ ਉਸ ਦੀ ਸੁਣੀ ਨਹੀਂ।
ਭਾਈ ਗੁਲਾਮ ਮੁਹੰਮਦ ਚਾਂਦ ਦਾ ਜਨਮ ਰਾਜਾਸਾਂਸੀ (ਅੰਮ੍ਰਿਤਸਰ) ਵਿਚ 1927 ਵਿਚ ਹੋਇਆ। ਯਾਦ ਰਹੇ, ਭਾਈ ਚਾਂਦ ਸਮਕਾਲੀ ਸੰਗੀਤ ਜਗਤ ਵਿਚ ਗੁਰੂ ਘਰ ਦੀ ਰਬਾਬੀ ਸ਼ਬਦ ਕੀਰਤਨ ਪਰੰਪਰਾ ਵਿਚੋਂ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਭਾਈ ਸੁੰਦਰ ਦੇ ਪੁੱਤਰ ਸਨ। ਭਾਈ ਸੁੰਦਰ ਗੁਰਬਾਣੀ ਦੇ ਵਿਦਵਾਨ ਅਤੇ ਰਾਗਦਾਰੀ ਦੇ ਪ੍ਰਕਾਂਡ ਸੰਗੀਤਕਾਰ ਸਨ। ਉਨ੍ਹਾਂ ਨਾਲ ਰਬਾਬੀ ਭਾਈ ਚਾਂਦ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਜੋੜੀ (ਤਬਲਾ) ਉਤੇ ਸੰਗਤ ਕੀਤੀ। ਉਨ੍ਹਾਂ ਦੇ ਭਤੀਜੇ ਸਨ ਭਾਈ ਗ਼ੁਲਾਮ ਮੁਹੰਮਦ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਭਾਈ ਚਾਂਦ ਨਾਲ ਕਈ ਵਰ੍ਹੇ ਕੀਰਤਨ ਕੀਤਾ। ਭਾਈ ਗ਼ੁਲਾਮ ਮੁਹੰਮਦ ਨੇ ਆਪਣੇ ਪੁਰਖਿਆਂ ਅਤੇ ਭਾਈ ਚਾਂਦ ਦੀ ਕੀਰਤਨ ਪ੍ਰਣਾਲੀ ਨੂੰ ਆਪਣੀ ਗਾਇਕੀ ਵਿਚ ਆਤਮਸਾਤ ਕੀਤਾ ਅਤੇ ਭਾਈ ਚਾਂਦ ਦੇ ਨਾਂ ਨੂੰ ਤਖੱਲਸ ਵਜੋਂ ਅਪਨਾਇਆ।
-ਜਗਜੀਤ ਸਿੰਘ ਸੇਖੋਂ