ਕਾਠਮੰਡੂ: ਨੇਪਾਲ ਵਿਚ ਭੂਚਾਲ ਕਾਰਨ ਹੋਈ ਤਬਾਹੀ ਪਿੱਛੋਂ ਹੁਣ ਹਾਲਾਤ ਹੋਰ ਗੰਭੀਰ ਹੋ ਗਏ ਹਨ। ਜਿਉਂਦੇ ਬਚੇ ਲੋਕਾਂ ਨੂੰ ਹੁਣ ਸਿਰ ਢੱਕਣ ਤੇ ਖਾਣ-ਪੀਣ ਦੇ ਸਾਮਾਨ ਵਰਗੀਆਂ ਬੁਨਿਆਦੀ ਲੋੜਾਂ ਲਈ ਜੂਝਣਾ ਪੈ ਰਿਹਾ ਹੈ। ਨੇਪਾਲ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਪੁੱਜਣ ਲਈ ਰਾਹਤ ਕਰਮੀਆਂ ਤੇ ਕੌਮਾਂਤਰੀ ਮਦਦਗਾਰਾਂ ਨੂੰ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੁਦਰਤੀ ਆਫ਼ਤ ਕਾਰਨ ਦੇਸ਼ ਦੀਆਂ ਸੜਕਾਂ ਵਿਚ ਤਰੇੜਾਂ ਪੈ ਗਈਆਂ ਤੇ ਇਮਾਰਤਾਂ ਦਾ ਨਾਮੋ-ਨਿਸ਼ਾਨ ਮਿਟ ਗਿਆ ਜਿਸ ਕਾਰਨ ਲੋਕ ਠੰਢੀਆਂ ਰਾਤਾਂ ਖੁੱਲ੍ਹੇ ਆਸਮਾਨ ਹੇਠ ਬਿਤਾਉਣ ਲਈ ਮਜਬੂਰ ਹਨ। ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ (ਐਨæਜੀæਆਰæਆਈæ) ਮੁਤਾਬਕ ਨੇਪਾਲ ਤੇ ਭਾਰਤ ਦੇ ਕਈ ਹਿੱਸਿਆਂ ਨੂੰ ਹਿਲਾ ਕੇ ਰੱਖ ਦੇਣ ਵਾਲੇ ਭੂਚਾਲ ਦੇ ਝਟਕੇ ਅਗਲੇ 10-15 ਦਿਨਾਂ ਤੱਕ ਮਹਿਸੂਸ ਕੀਤੇ ਜਾਣਗੇ। ਮੁੜ ਭੂਚਾਲ ਆਉਣ ਦੇ ਡਰ ਕਾਰਨ ਹਜ਼ਾਰਾਂ ਲੋਕ ਆਸਮਾਨ ਹੇਠ ਰਹਿ ਰਹੇ ਹਨ। ਨੇਪਾਲ ਨੇ ਅੰਤਰਰਾਸ਼ਟਰੀ ਭਾਈਚਾਰੇ ਕੋਲ ਮਦਦ ਦੀ ਗੁਹਾਰ ਲਗਾਈ ਹੈ।
ਦੇਸ਼ ਵਿਚ ਭੂਚਾਲ ਕਾਰਨ 80 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। 14 ਲੱਖ ਲੋਕ ਰੋਟੀ ਨੂੰ ਤਰਸ ਰਹੇ ਹਨ। ਰਾਜਧਾਨੀ ਕਾਠਮੰਡੂ ਤੇ ਦੂਰ ਦੇ ਇਲਾਕਿਆਂ ਵਿਚ ਹਾਲੇ ਵੀ ਸੈਂਕੜੇ ਲੋਕ ਮਲਬੇ ਹੇਠ ਦੱਬੇ ਹੋਏ ਹਨ। ਭੂਚਾਲ ਮਗਰੋਂ ਹੁਣ ਤੱਕ 4352 ਲਾਸ਼ਾਂ ਮਿਲ ਚੁੱਕੀਆਂ ਹਨ ਤੇ 8063 ਲੋਕ ਜ਼ਖ਼ਮੀ ਹੋਏ ਹਨ। ਤਕਰੀਬਨ 50 ਹਜ਼ਾਰ ਗਰਭਵਤੀ ਔਰਤਾਂ ਦੇ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਜ਼ਖ਼ਮੀ ਹੋਏ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਹਸਪਤਾਲਾਂ ਦੇ ਅੰਦਰ ਇਲਾਜ ਕਰਵਾਉਣ ਨਾਲੋਂ ਤੰਬੂਆਂ ਵਿਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਕਿਹਾ ਹੈ ਕਿ ਇਸ ਕੁਦਰਤੀ ਆਫਤ ਵਿਚ ਦਸ ਹਜ਼ਾਰ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਕਾਠਮੰਡੂ ਵਿਚ ਲੋਕਾਂ ਨੇ ਖੁੱਲ੍ਹੀਆਂ ਥਾਂਵਾਂ ਮੱਲੀਆਂ ਹੋਈਆਂ ਹਨ ਤੇ ਜਿਥੇ ਵੀ ਥਾਂ ਮਿਲੀ, ਉਥੇ ਹੀ ਲੋਕਾਂ ਨੇ ਟੈਂਟ ਗੱਡ ਲਏ ਹਨ। ਘਰਾਂ ਤੋਂ ਬਾਹਰ ਰਹਿ ਰਹੇ ਲੋਕਾਂ ਨੂੰ ਮੱਛਰਾਂ, ਮੀਂਹ ਤੇ ਪਾਣੀ ਦੀ ਕਿੱਲਤ ਵਰਗੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਭੁਚਾਲ ਵਿਚ ਮ੍ਰਿਤਕਾਂ ਦੀ ਗਿਣਤੀ 1934 ਵਿਚ ਆਏ ਭੁਚਾਲ ਜਿਸ ਵਿਚ 8500 ਵਿਅਕਤੀ ਮਾਰੇ ਗਏ ਸਨ, ਤੋਂ ਵੀ ਵਧ ਸਕਦੀ ਹੈ। ਵਿਦੇਸ਼ੀ ਸਹਾਇਤਾ ਲਈ ਅਪੀਲ ਕਰਦਿਆਂ ਸ੍ਰੀ ਕੋਇਰਾਲਾ ਨੇ ਕਿਹਾ ਕਿ ਨੇਪਾਲ ਨੂੰ ਤੰਬੂਆਂ ਤੇ ਦਵਾਈਆਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਸੌਂ ਰਹੇ ਹਨ ਕਿਉਂਕਿ ਉਨ੍ਹਾਂ ਦੇ ਘਰ ਢਹਿ ਚੁੱਕੇ ਹਨ ਜਾਂ ਉਹ ਭੁਚਾਲ ਤੋਂ ਬਾਅਦ ਆ ਰਹੇ ਝਟਕੇ ਝੱਲਣ ਦੇ ਸਮਰੱਥ ਨਹੀਂ। ਭੁਚਾਲ ਨਾਲ 7000 ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦਾ ਇਲਾਜ ਤੇ ਮੁੜ ਵਸੇਬਾ ਇਕ ਵੱਡੀ ਚੁਣੌਤੀ ਹੈ। ਨੇਪਾਲ ਵਿਚ ਬਚਾਅ ਤੇ ਰਾਹਤ ਕਾਰਜਾਂ ਵਿਚ ਮਦਦ ਲਈ ਨੇਪਾਲ ਵਿਚ ਸਭ ਤੋਂ ਪਹਿਲਾਂ ਪਹੁੰਚੇ ਵਿਦੇਸ਼ੀ ਸੰਗਠਨਾਂ ਵਿਚੋਂ ਇਕ ਭਾਰਤ ਦੀ ਕੌਮੀ ਬਿਪਤਾ ਨਿਪਟਾਊ ਟੀਮ (ਐਨæਡੀæਆਰæਐਫ਼) ਦੇ ਮੁਖੀ ਨੇ ਕਿਹਾ ਕਿ ਲਾਸ਼ਾਂ ਲੱਭਣ ਵਿਚ ਵਕਤ ਲੱਗੇਗਾ। ਕਾਠਮੰਡੂ ਦੀਆਂ ਤੰਗ ਗਲੀਆਂ ਕਾਰਨ ਭਾਰੀ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਸਰਕਾਰ ਨੇ 9 ਜ਼ਿਲ੍ਹਿਆਂ ਨੂੰ ਸਭ ਤੋਂ ਵੱਧ ਪ੍ਰਭਾਵਤ ਐਲਾਨਿਆਂ ਹੈ। ਸਰਕਾਰ ਦਾ ਕਹਿਣਾ ਕਿ ਕੁਲ ਮਿਲਾ ਕੇ 60 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ।
ਕੁਦਰਤੀ ਆਫ਼ਤਾਂ ਬਾਰੇ ਠੋਸ ਪੇਸ਼ੀਨਗੋਈ ਪਹੁੰਚ ਤੋਂ ਬਾਹਰ : ਕੁਦਰਤੀ ਆਫ਼ਤਾਂ ਦੇ ਆਉਣ ਬਾਰੇ ਪੇਸ਼ੀਨਗੋਈ ਬਾਰੇ ਪੂਰੀ ਠੋਸ ਜਾਣਕਾਰੀ ਹਾਲੇ ਵੀ ਵਿਗਿਆਨੀਆਂ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਵੱਲੋਂ ਬੇਮੌਸਮੀ ਬਰਸਾਤ, ਹੜ੍ਹਾਂ, ਔੜ, ਸੁਨਾਮੀ, ਤੂਫ਼ਾਨ ਤੇ ਭੂਚਾਲਾਂ ਆਦਿ ਬਾਰੇ ਪੇਸ਼ੀਨਗੋਈਆਂ ਦੇ ਮੱਦੇਨਜ਼ਰ ਸਰਕਾਰਾਂ ਇਨ੍ਹਾਂ ਦੇ ਕਹਿਰ ਤੋਂ ਬਚਾਅ ਲਈ ਪੁਖ਼ਤਾ ਇੰਤਜ਼ਾਮ ਕਰ ਸਕਦੀਆਂ ਹਨ, ਪਰ ਬਹੁਤੀ ਵਾਰੀ ਅਵੇਸਲਾਪਣ ਹਾਵੀ ਹੋ ਜਾਂਦਾ ਹੈ। ਵਿਗਿਆਨੀਆਂ ਵੱਲੋਂ ਪਿਛਲੇ ਕਈ ਵਰ੍ਹਿਆਂ ਤੋਂ ਹਿਮਾਲਾ ਖੇਤਰ ਵਿਚ ਵਿਕਾਸ ਦੇ ਨਾਂ ਉਤੇ ਉਸਾਰੇ ਜਾ ਰਹੇ ਕੰਕਰੀਟ ਦੇ ਜੰਗਲਾਂ ਨੂੰ ਨਿਯਮਿਤ ਕਰਨ ਲਈ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ ਪਰ ਹਿਮਾਲਿਆਈ ਖਿੱਤੇ ਦੀਆਂ ਸਰਕਾਰਾਂ ਦੇ ਕੰਨ ਉਤੇ ਜੂੰ ਨਹੀਂ ਸਰਕ ਰਹੀ।