ਕੁਦਰਤ ਤੇ ਸਰਕਾਰਾਂ ਨੇ ਬੇਵੱਸ ਕੀਤੇ ਕਿਸਾਨ

ਚੰਡੀਗੜ੍ਹ: ਬੇਮੌਸਮੇ ਮੀਂਹ ਕਾਰਨ ਹੋਏ ਨੁਕਸਾਨ ਪਿੱਛੋਂ ਹੁਣ ਮੰਡੀਆਂ ਵਿਚ ਸਰਕਾਰ ਦੀ ਬੇਰੁਖ਼ੀ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਦਿੱਤਾ ਹੈ। ਫਸਲਾਂ ਦੀ ਬੇਕਦਰੀ ਨਾ ਸਹਾਰਦੇ ਹੋਏ ਪਿਛਲੇ ਤਿੰਨ ਹਫਤਿਆਂ ਦੌਰਾਨ ਹਰਿਆਣਾ ਤੇ ਪੰਜਾਬ ਵਿਚ ਵਿਚ ਤਕਰੀਬਨ 45 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

ਰਾਜਸਥਾਨ ਦੇ ਕਿਸਾਨ ਗਜੇਂਦਰ ਸਿੰਘ ਵੱਲੋਂ ਦਿੱਲੀ ਵਿਚ ਖੁਦਕੁਸ਼ੀ ਕਰਨ ਤੋਂ ਬਾਅਦ ਭਾਵੇਂ ਇਹ ਮੁੱਦਾ ਪਹਿਲੀ ਵਾਰ ਕੌਮੀ ਮੁੱਦੇ ਵਜੋਂ ਉੱਭਰਿਆ ਹੈ ਪਰ ਸਰਕਾਰੀ ਨੀਤੀਆਂ ਅਜੇ ਵੀ ਕਾਸਨ ਦੇ ਪੱਖ ਵਿਚ ਨਹੀਂ।
ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਉਤੇ ਬਹੁਤ ਹੀ ਘੱਟ ਮਾਤਰਾ ਵਿਚ ਕਣਕ ਖਰੀਦੀ ਜਾ ਰਹੀ ਹੈ। ਭਾਰਤੀ ਖੁਰਾਕ ਨਿਗਮ ਸਮੇਤ ਪੰਜਾਬ ਦੀਆਂ ਕੁਝ ਏਜੰਸੀਆਂ ਦੇ ਜ਼ਿੰਮੇ ਕਣਕ ਦੀ ਖਰੀਦ ਕਰਨਾ ਹੈ ਪਰ ਕਣਕ ਦੇ ਦਾਣੇ ਨੁਕਸਾਨੇ ਜਾਣ ਤੇ ਕੇਂਦਰ ਵੱਲੋਂ ਸਪਸ਼ਟ ਹਦਾਇਤਾਂ ਨਾ ਦੇਣ ਕਾਰਨ ਇਹ ਅੰਬਾਰ ਵੱਡੇ ਹੁੰਦੇ ਜਾ ਰਹੇ ਹਨ। ਤੰਗ ਆ ਕੇ ਕਿਸਾਨਾਂ ਨੂੰ ਮੁਜ਼ਾਹਰੇ ਕਰਨੇ ਤੇ ਧਰਨੇ ਲਗਾਉਣੇ ਪੈ ਰਹੇ ਹਨ। ਸਰਕਾਰ ਵੱਲੋਂ ਮੁਆਵਜ਼ੇ ਦੇ ਦਾਅਵੇ ਵੀ ਨੁਕਸਾਨ ਦੀ ਭਰਪਾਈ ਨਹੀਂ ਕਰ ਰਹੇ। ਕੇਂਦਰ ਸਰਕਾਰ ਕਿਸਾਨਾਂ ਨੂੰ ਰਾਹਤ ਦੀ ਥਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਕਾਰਪੋਰੇਟ ਨੂੰ ਤਾਂ ਪਿਛਲੇ ਦਸ ਸਾਲਾਂ ਵਿਚ 42 ਲੱਖ ਕਰੋੜ ਰੁਪਏ ਨਿਵੇਸ਼ ਦੇ ਨਾਮ ‘ਤੇ ਸਬਸਿਡੀ ਦਿੱਤੀ ਜਾ ਚੁੱਕੀ ਹੈ ਪਰ ਕਿਸਾਨਾਂ ਬਾਰੇ ਅਜਿਹੀ ਪਹਿਲ ਤੋਂ ਪਾਸਾ ਵੱਟਿਆ ਜਾ ਰਿਹਾ ਹੈ।
ਦੇਸ਼ ਵਿਚ 1995 ਤੋਂ ਬਾਅਦ ਦੋ ਲੱਖ 97 ਹਜ਼ਾਰ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਪਰ ਇਸ ਸਮੱਸਿਆ ਦੇ ਹੱਲ ਲਈ ਅੱਜ ਵੀ ਕੋਈ ਢੁਕਵੀਂ ਨੀਤੀ ਨਹੀਂ ਬਣਾਈ ਗਈ। ਪੰਜਾਬ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ ਵਿਚ ਕਟੌਤੀ ਦੀ ਭਰਪਾਈ ਦਾ ਐਲਾਨ ਤਾਂ ਕਰ ਦਿੱਤਾ ਪਰ ਅਜੇ ਤੱਕ ਕੋਈ ਫਾਰਮੂਲਾ ਤੈਅ ਨਹੀਂ ਕੀਤਾ, ਜਿਸ ਕਾਰਨ ਖਰੀਦੀ ਕਣਕ ਦੀ ਅਦਾਇਗੀ ਦਾ ਵੀ ਸੰਕਟ ਪੈਦਾ ਹੋ ਗਿਆ ਹੈ। ਅਦਾਇਗੀ ਬਾਰੇ ਵੀ ਅਜੇ ਤੱਕ ਇਹ ਫੈਸਲਾ ਨਹੀਂ ਹੋ ਸਕਿਆ ਕਿ ਕਣਕ ਦਾ ਚੈੱਕ ਕੀ 1439 ਰੁਪਏ ਦੇ ਹਿਸਾਬ ਨਾਲ ਕੱਟਿਆ ਜਾਵੇ ਜਾਂ ਘੱਟੋ ਘੱਟ ਸਮਰਥਨ ਮੁੱਲ ਦੇ ਮੁਤਾਬਕ 1450 ਰੁਪਏ ਦੇ ਚੈੱਕ ਹੀ ਦਿੱਤੇ ਜਾਣ। ਕਿਸਾਨ ਨੂੰ ਇਸ ਘਾਟੇ ਦੀ ਭਰਪਾਈ ਦਾ ਫਾਰਮੂਲਾ ਬਣਾਉਣ ਤੋਂ ਪਹਿਲਾਂ ਹੀ ਕੀਤਾ ਐਲਾਨ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।
ਪੰਜਾਬ ਵਿਚ ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ ਅੰਦਾਜ਼ਨ 3æ5 ਹਜ਼ਾਰ ਕਰੋੜ ਰੁਪਏ ਦਾ ਘਾਟਾ ਝੱਲਣਾ ਪਵੇਗਾ। ਫ਼ਸਲ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ 20 ਫ਼ੀਸਦੀ ਤੋਂ ਜ਼ਿਆਦਾ ਘਟਣ ਦੇ ਸੰਕੇਤ ਮਿਲੇ ਹਨ। ਖੇਤੀ ਮਾਹਰਾਂ ਮੁਤਾਬਕ ਸੂਬੇ ਵਿਚ ਐਤਕੀਂ ਕਣਕ ਦਾ ਉਤਪਾਦਨ 150 ਲੱਖ ਮੀਟ੍ਰਿਕ ਟਨ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਬੀਤੇ ਸਾਲ ਇਸ ਫ਼ਸਲ ਦਾ ਉਤਪਾਦਨ 175 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਕ ਸਾਲ ਦੇ ਅੰਦਰ-ਅੰਦਰ ਕਿਸਾਨਾਂ ਨੂੰ ਦੋਹਰੀ ਆਫ਼ਤ ਝੱਲਣੀ ਹੈ ਰਹੀ ਹੈ। ਇਸ ਤੋਂ ਪਹਿਲਾਂ ਘੱਟ ਬਾਰਸ਼ ਕਾਰਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਪਾਲਣ ਲਈ ਜ਼ਿਆਦਾ ਖ਼ਰਚ ਕਰਨਾ ਪਿਆ। ਕੇਂਦਰ ਤੇ ਰਾਜ ਸਰਕਾਰ ਨੇ ਜ਼ਿਆਦਾ ਖ਼ਰਚ ਦੀ ਭਰਪਾਈ ਨਹੀਂ ਸੀ ਕੀਤੀ। ਇਸ ਵਾਰ ਵੀ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਫਾਈਲਾਂ ਤੱਕ ਸੀਮਤ ਹੈ। ਬਾਰਸ਼ਾਂ ਕਾਰਨ ਤੂੜੀ ਘੱਟ ਨਿਕਲਣ ਦਾ ਵੀ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਪੰਜਾਬ ਵਿਚ ਕਣਕ ਦਾ ਔਸਤ ਉਤਪਾਦਨ 20æ4 ਕੁਇੰਟਲ ਪ੍ਰਤੀ ਏਕੜ ਮੰਨਿਆ ਜਾਂਦਾ ਹੈ। ਬੀਤੇ ਸਾਲ ਕਣਕ ਦਾ ਉਤਪਾਦਨ ਆਮ ਨਾਲੋਂ 10 ਫ਼ੀਸਦ ਜ਼ਿਆਦਾ ਰਿਹਾ ਸੀ। ਕਿਸਾਨਾਂ ਨੇ 2014 ਵਿਚ ਪ੍ਰਤੀ ਏਕੜ 22 ਕੁਇੰਟਲ ਤੋਂ ਵਧੇਰੇ ਉਤਪਾਦਨ ਕੀਤਾ ਸੀ। ਪਿਛਲੇ ਸਾਲ ਕਣਕ ਦਾ 175 ਲੱਖ ਮੀਟ੍ਰਿਕ ਟਨ ਉਤਪਾਦਨ ਹੋਇਆ ਸੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਣਕ ਦੀ ਤੁਲਾਈ ਹੋਣ ਤੋਂ ਬਾਅਦ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਉਣ ਲੱਗੇ ਹਨ ਤੇ ਕਣਕ ਦਾ ਉਤਪਾਦਨ 150 ਲੱਖ ਮੀਟ੍ਰਿਕ ਟਨ ਤੋਂ ਹੇਠਾਂ ਰਹਿ ਸਕਦਾ ਹੈ। ਕਣਕ ਦੇ ਉਤਪਾਦਨ ਵਿਚ ਜੇਕਰ ਇੰਨੀ ਜ਼ਿਆਦਾ ਗਿਰਾਵਟ ਆਉਂਦੀ ਹੈ ਤਾਂ ਕਿਸਾਨਾਂ ਨੂੰ 3æ5 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ।