ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨਾਲ ਅਣਦੇਖੀ ਵਾਲੇ ਰਵੱਈਏ ਲਈ ਕੇਂਦਰ ਵਿਚ ਭਾਈਵਾਲਾਂ ਦੀ ਸਰਕਾਰ ਨੂੰ ਵੰਗਾਰਿਆ ਹੈ। ਨਵੀਂ ਦਿੱਲੀ ਵਿਚ ਹੋਈ ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿਚ ਮੁੱਖ ਮੰਤਰੀ ਨੇ ਪਹਿਲੀ ਵਾਰ ਭਾਈਵਾਲਾਂ ਨਾਲ ਸਾਰੀ ਲਿਹਾਜ਼ਦਾਰੀ ਭੁੱਲ, ਭਾਜਪਾ ਦੀ ਅਗਵਾਈ ਵਾਲੀ ਨਰੇਂਦਰ ਮੋਦੀ ਸਰਕਾਰ ਦੀਆਂ ਨੀਤੀਆਂ ‘ਤੇ ਖੜਕੇ-ਦੜਕੇ ਨਾਲ ਕਿੰਤੂ-ਪ੍ਰੰਤੂ ਕੀਤਾ ਹੈ।
ਇਸ ਮੀਟਿੰਗ ਤੋਂ ਅਗਲੇ ਹੀ ਦਿਨ ਸ਼ ਬਾਦਲ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨਾਲ ਉਨ੍ਹਾਂ ਦੀ ਦਿੱਲੀ ਵਿਚਲੀ ਰਿਹਾਇਸ਼ ‘ਤੇ ਕੀਤੀ ਮੁਲਾਕਾਤ ਨੂੰ ਵੀ ਭਾਜਪਾ ਲਈ ਸਖਤ ਸੁਨੇਹਾ ਮੰਨਿਆ ਜਾ ਰਿਹਾ ਹੈ। ਸ਼ ਬਾਦਲ ਨੇ ਸੂਬੇ ਦੇ ਬੁਨਿਆਦੀ ਮੁੱਦਿਆਂ ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਪਾਣੀਆਂ ਦੀ ਵੰਡ ਸਮੇਤ ਗੁਆਂਢੀ ਸੂਬਿਆਂ ਤੋਂ ਹੁੰਦੀ ਨਸ਼ਿਆਂ ਦੀ ਸਮਗਲਿੰਗ ਬਾਰੇ ਮੋਦੀ ਸਰਕਾਰ ਦੀ ਨੀਤੀ ‘ਤੇ ਖਾਸੀ ਨਰਾਜ਼ਗੀ ਜਤਾਉਂਦੇ ਹੋਏ ਕਹਿ ਦਿੱਤਾ ਕਿ ਉਹ ਇਥੇ ਲੋਕਾਂ ਦੇ ‘ਮਨ ਕੀ ਬਾਤ’ ਕਰਨ ਆਏ ਹਨ।
ਪਿਛਲੇ ਦਸ ਮਹੀਨਿਆਂ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿੱਤੀ, ਧਾਰਮਿਕ, ਕਿਸਾਨੀ ਤੇ ਹੋਰ ਕਿਸੇ ਵੀ ਪੱਖੋਂ ਪੱਲਾ ਨਹੀਂ ਫੜਾਇਆ। ਇਥੋਂ ਤੱਕ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਵਿਸ਼ੇਸ਼ ਰਾਹਤ ਪੈਕੇਜ ਦੀਆਂ ਭੇਜੀਆਂ ਤਜਵੀਜ਼ਾਂ ਨੂੰ ਬੇਰੰਗ ਮੋੜ ਦਿੱਤਾ। ਕੇਂਦਰ ਦੇ ਇਹ ਫੈਸਲੇ ਅਕਾਲੀ ਸਰਕਾਰ ਲਈ ਨਮੋਸ਼ੀ ਬਣ ਰਹੇ ਸਨ। ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿਚ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕੇਂਦਰ ਵਿਚ ਉਨ੍ਹਾਂ ਦੇ ਭਾਈਵਾਲਾਂ ਦੀ ਸਰਕਾਰ ਆਈ ਤਾਂ ਪੰਜਾਬ ਵਿਚ ਟਰੱਕ ਭਰ-ਭਰ ਪੈਸੇ ਦੇ ਆਉਣਗੇ ਪਰ ਮੋਦੀ ਸਰਕਾਰ ਨੇ ਦਸ ਮਹੀਨੇ ਬੀਤਣ ਦੇ ਬਾਅਦ ਵੀ ਸੂਬੇ ਨੂੰ ਅਣਦੇਖਾ ਕਰੀ ਰੱਖਿਆ ਹੈ। ਇਥੋਂ ਤੱਕ ਕਿ ਕੇਂਦਰ ਵੱਲੋਂ ਲਏ ਤਾਜ਼ਾ ਫੈਸਲੇ ਆਰਥਿਕ ਤੰਗੀ ਵਿਚ ਘਿਰੀ ਪੰਜਾਬ ਸਰਕਾਰ ਨੂੰ ਕਾਫੀ ਮਹਿੰਗੇ ਪੈ ਰਹੇ ਹਨ। ਕੇਂਦਰ ਸਰਕਾਰ ਨੇ ਮਾਲੀ ਤੰਗੀ ਵਾਲੇ ਵਰਗ ਵਿਚੋਂ ਪੰਜਾਬ ਨੂੰ ਬਾਹਰ ਕਰ ਕੇ ਵੱਡਾ ਧੱਕਾ ਦਿੱਤਾ ਸੀ। ਇਸ ਤੋਂ ਇਲਾਵਾ ਐਫ਼ਸੀæਆਈæ ਵੱਲੋਂ ਸੂਬੇ ਵਿਚੋਂ ਕਣਕ ਦੀ ਖ਼ਰੀਦ 50 ਫ਼ੀਸਦੀ ਘਟਾਉਣ ਤੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਵਰਗੇ ਕੇਂਦਰੀ ਫੈਸਲਿਆਂ ਦਾ ਬਾਦਲ ਸਰਕਾਰ ਨੂੰ ਜਵਾਬ ਦੇਣਾ ਔਖਾ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਸਟੇਟ ਤੇ ਸੈਕਟਰ ਆਧਾਰਤ ਦਿੱਤੀਆਂ ਜਾਂਦੀਆਂ ਗ੍ਰਾਂਟਾਂ ਵਿਚੋਂ ਹੀ ਪੰਜਾਬ ਨੂੰ 700 ਕਰੋੜ ਰੁਪਏ ਘੱਟ ਮਿਲਣੇ ਹਨ। ਪੰਜਾਬ ਵੱਲੋਂ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜ ਸਾਲ ਲਈ ਸੱਤ ਹਜ਼ਾਰ ਕਰੋੜ ਰੁਪਏ ਦੀ ਯੋਜਨਾ ਬਣਾਉਣ ਦੀ ਮੰਗ ਵੀ ਨਜ਼ਰਅੰਦਾਜ਼ ਕਰ ਦਿੱਤੀ ਗਈ। ਬਾਦਲ ਸਰਕਾਰ ਪੰਥਕ ਮੁੱਦਿਆਂ ‘ਤੇ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਨੂੰ ਨਿਸ਼ਾਨਾ ਬਣਾਉਂਦੀ ਰਹੀ ਸੀ ਪਰ ਭਾਈਵਾਲਾਂ ਨੇ ਵੀ ਇਨ੍ਹਾਂ ਮੁੱਦਿਆਂ ਨੂੰ ਵਿਸਾਰ ਦਿੱਤਾ। ਸ਼ ਬਾਦਲ ਨੇ ਮੋਦੀ ਸਰਕਾਰ ਨਾਲ ਇਹ ਗਿਲਾ ਕਰਦਿਆਂ ਆਖ ਦਿੱਤਾ ਕਿ ਸਿੱਖਾਂ ਨੂੰ ਉਨ੍ਹਾਂ ਪਾਸੋਂ ਬਹੁਤ ਵੱਡੀਆਂ ਉਮੀਦਾਂ ਹਨ, ਪਰ ਇਸ ਪਾਸੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਇਹ ਆਖ ਭਾਜਪਾ ਲੀਡਰਸ਼ਿਪ ਅੱਗੇ ਵੱਡੀ ਚੁਣੌਤੀ ਸੁੱਟੀ ਕਿ ਸਿੱਖ ਪੰਥ ਤੇ ਕਿਸਾਨ ਨਾਲ ਹੁੰਦਾ ਵਿਤਕਰਾ ਦੂਰ ਕਰਨਾ ਕੌਮੀ ਹਿੱਤ ਵਿਚ ਵੱਡਾ ਮਸਲਾ ਹੈ।
___________________________________________
ਬਹੁਮਤ ਪਿੱਛੋਂ ਹੌਸਲੇ ਹੋਏ ਬੁਲੰਦ?
ਸਿਆਸੀ ਮਾਹਿਰ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਲੀ ਵਿਚ ਪਹਿਲੀ ਵਾਰ ਮੋਦੀ ਸਰਕਾਰ ਦੀਆਂ ਪੰਜਾਬ ਬਾਰੇ ਨੀਤੀਆਂ ਦੇ ਕੀਤੇ ਵਿਰੋਧ ਨੂੰ ਹਾਲ ਹੀ ਵਿਚ ਹੋਈ ਧੂਰੀ ਉਪ ਚੋਣ ਵਿਚ ਅਕਾਲੀਆਂ ਦੀ ਬਿਹਤਰ ਕਾਰਗੁਜ਼ਾਰੀ ਮੰਨ ਰਹੇ ਹਨ। ਇਨ੍ਹਾਂ ਚੋਣਾਂ ਵਿਚ ਜਿੱਤ ਨਾਲ ਅਕਾਲੀ ਦਲ ਨੇ 117 ਸੀਟਾਂ ਵਾਲੀ ਪੰਜਾਬ ਵਿਧਾਨ ਸਭਾ ਵਿਚ 59 ਸੀਟਾਂ ਨਾਲ ਬਹੁਮਤ ਹਾਸਲ ਕਰ ਲਿਆ ਹੈ ਜਦਕਿ ਇਸ ਤੋਂ ਪਹਿਲਾਂ ਅਕਾਲੀ ਦਲ ਕੋਲ 58 ਵਿਧਾਇਕ ਸਨ ਤੇ ਉਸ ਨੂੰ ਭਾਜਪਾ ਦੇ ਸਹਾਰੇ ਦੀ ਲੋੜ ਸੀ। ਇਸ ਚੋਣ ਨੇ ਅਕਾਲੀਆਂ ਨੂੰ ਭਾਜਪਾ ਦੇ ਚੁੰਗਲ ਵਿਚੋਂ ਆਜ਼ਾਦ ਕਰ ਦਿੱਤਾ ਹੈ।