ਸਿਆਸੀ ਧਿਰਾਂ ਦੀ ਜ਼ਮੀਰ ਨੂੰ ਝੰਜੋੜ ਨਾ ਸਕੀ ਗਜੇਂਦਰ ਦੀ ਕੁਰਬਾਨੀ

ਨਵੀਂ ਦਿੱਲੀ: ਦਿੱਲੀ ਵਿਚ ਆਮ ਆਦਮੀ ਪਾਰਟੀ (ਆਪ) ਦੀ ਰੈਲੀ ਦੌਰਾਨ ਰਾਜਸਥਾਨ ਦੇ ਕਿਸਾਨ ਗਜੇਂਦਰ ਸਿੰਘ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਘਟਨਾ ਵੀ ਸਿਆਸੀ ਪਾਰਟੀਆਂ ਦੀ ਜ਼ਮੀਰ ਨੂੰ ਝੰਜੋੜ ਨਾ ਸਕੀ। ਇਸ ਦਰਦਨਾਕ ਘਟਨਾ ਪਿੱਛੋਂ ਸੰਸਦ ਦੇ ਦੋਹਾਂ ਸਦਨਾਂ ਵਿਚ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਦੀ ਤਰਸਯੋਗ ਹਾਲਤ ਉਤੇ ਦੁਖ ਦਾ ਪ੍ਰਗਟਾਵਾ ਕਰਕੇ ਆਪਣੀ ਜ਼ਿੰਮੇਵਾਰੀ ਮੁਕਾ ਲਈ ਹੈ

ਤੇ ਇਸ ਘਟਨਾ ਦੀ ਜ਼ਿੰਮੇਵਾਰੀ ਇਕ-ਦੂਜੇ ‘ਤੇ ਸੁੱਟਣ ਦਾ ਦੌਰ ਸ਼ੁਰੂ ਹੋ ਗਿਆ ਹੈ। ਕਿਸਾਨ ਗਜੇਂਦਰ ਸਿੰਘ ਵੱਲੋਂ ਫਾਹਾ ਲੈਣ ਦੇ ਬਾਵਜੂਦ ਭਾਸ਼ਣ ਜਾਰੀ ਰੱਖਣ ਲਈ ਜਿਥੇ ‘ਆਪ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੋਇਆ ਹੈ ਉਥੇ ਰਾਜਸਥਾਨ ਸਥਿਤ ਪੀੜਤ ਪਰਿਵਾਰ ਦੇ ਘਰ ਸਾਰੀਆਂ ਸਿਆਸੀ ਧਿਰ ਸਹਾਇਤਾ ਰਾਸ਼ੀ ਦੇ ਚੈਕ ਲੈ ਕੇ ਪੁੱਜ ਰਹੀਆਂ ਹਨ। ਇਸ ਘਟਨਾ ਦੀ ਜਾਂਚ ਨੂੰ ਲੈ ਕੇ ਵੀ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ।
ਨਵੀਂ ਦਿੱਲੀ ਦੇ ਡੀæਐਮæ ਸੰਜੇ ਕੁਮਾਰ ਨੇ ਦਿੱਲੀ ਪੁਲਿਸ ਦੇ ਇਤਰਾਜ਼ਾਂ ਦੇ ਬਾਵਜੂਦ ਮਾਮਲੇ ਦੀ ਮੈਜਿਸਟਰੇਟੀ ਜਾਂਚ ਸ਼ੁਰੂ ਕਰ ਦਿੱਤੀ ਪਰ ਦਿੱਲੀ ਪੁਲਿਸ ਨੇ ਮੁੜ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਪੁਲਿਸ ਤਰਜਮਾਨ ਰਾਜਨ ਭਗਤ ਨੇ ਕਿਹਾ ਕਿ ਦਿੱਲੀ ਪੁਲੀਸ, ਦਿੱਲੀ ਸਰਕਾਰ ਦੇ ਮਾਤਹਿਤ ਨਹੀਂ ਹੈ। ਦਿੱਲੀ ਪੁਲਿਸ ਵੀ ਇਸ ਸੰਦਰਭ ਵਿਚ ਪਿੱਛੇ ਨਹੀਂ ਰਹੀ, ਉਸ ਵੱਲੋਂ ਜੋ ਮੁਕੱਦਮਾ ਦਰਜ ਕੀਤਾ ਗਿਆ ਹੈ, ਉਸ ਵਿਚ ਗਜੇਂਦਰ ਸਿੰਘ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਤੇ ਪੁਲਿਸ ਦੇ ਕੰਮਕਾਜ ਵਿਚ ਵਿਘਨ ਪਾਉਣ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ ਪਰ ਦਿੱਲੀ ਪੁਲਿਸ ਨੇ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਗਫ਼ਲਤ ਦਾ ਕੋਈ ਨੋਟਿਸ ਨਹੀਂ ਲਿਆ, ਜਿਹੜੇ ਉਥੇ ਮੌਜੂਦ ਹੋਣ ਦੇ ਬਾਵਜੂਦ ਹਰਕਤ ਵਿਚ ਨਹੀਂ ਆਏ ਤੇ ਉਹ ਵੀ ਹੋਰ ਤਮਾਸ਼ਬੀਨ ਲੋਕਾਂ ਵਾਂਗ ਤਮਾਸ਼ਾ ਹੀ ਦੇਖਦੇ ਰਹੇ। ਉਧਰ ਭਾਜਪਾ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸਤੀਸ਼ ਉਪਾਧਿਆਏ ਨੇ ਦੋਸ਼ ਲਾਇਆ ਹੈ ਕਿ ‘ਆਪ’ ਦੀ ਰੈਲੀ ਤੋਂ 30 ਗਜ਼ ਦੂਰੀ ‘ਤੇ ਖੁਦਕੁਸ਼ੀ ਦੀ ਇਹ ਘਟਨਾ ਵਾਪਰੀ ਪਰ ‘ਆਪ’ ਆਗੂਆਂ ਨੇ ਰੈਲੀ ਜਾਰੀ ਰੱਖੀ। ਸਿਆਸੀ ਧਿਰਾਂ ਇਸ ਸਾਰੇ ਘਟਨਾਕ੍ਰਮ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਕੇ ਆਪ ਬਚਣ ਦੀ ਕੋਸ਼ਿਸ਼ ਵਿਚ ਜੁਟੀਆਂ ਹਨ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ‘ਆਪ’ ਉਤੇ ਵਰ੍ਹਦਿਆਂ ਕਿਹਾ ਕਿ ਰੈਲੀ ਦੌਰਾਨ ਭੀੜ ਨੇ ਗਜੇਂਦਰ ਸਿੰਘ ਨੂੰ ਤਾੜੀਆਂ ਮਾਰ ਕੇ ਤੇ ਨਾਅਰੇਬਾਜ਼ੀ ਕਰਕੇ ਉਕਸਾਇਆ। ਉਨ੍ਹਾਂ ਪੁਲਿਸ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪੁਲਿਸ ਨੇ ਗਜੇਂਦਰ ਨੂੰ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਸਨ ਪਰ ‘ਆਪ’ ਵਰਕਰਾਂ ਨੇ ਉਨ੍ਹਾਂ ਦੀ ਰਾਹ ਵਿਚ ਅੜਿੱਕੇ ਡਾਹੇ। ਕਾਂਗਰਸ ਆਗੂ ਮਲਿਕਾਅਰਜੁਨ ਖੜਗੇ ਨੇ ਗਜੇਂਦਰ ਖੁਦਕੁਸ਼ੀ ਮਾਮਲੇ ਦੀ ਜੁਡੀਸ਼ਲ ਜਾਂਚ ਮੰਗੀ ਕਿਉਂਕਿ ਦਿੱਲੀ ਪੁਲਿਸ ਖੁਦ ਕਟਹਿਰੇ ਵਿਚ ਹੈ। ਕਾਂਗਰਸ ਦੇ ਰਾਜੀਵ ਸਤਵ ਨੇ ਪੁਲਿਸ ਕਮਿਸ਼ਨਰ ਖ਼ਿਲਾਫ਼ ਜਾਂਚ ਮੰਗੀ। ਕਾਂਗਰਸ ਨੇ ਸਰਕਾਰ ਵੱਲੋਂ ਇਸ ਮਾਮਲੇ ਨੂੰ ਹਲਕੇ ਢੰਗ ਨਾਲ ਲੈਣ ‘ਤੇ ਘੇਰਿਆ ਤੇ ਮੰਗ ਕੀਤੀ ਕਿ ਯੂæਪੀæਏæ ਸਰਕਾਰ ਵਾਂਗ ਮੋਦੀ ਸਰਕਾਰ ਵੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇ। ‘ਆਪ’ ਦੇ ਪੰਜਾਬ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਗਜੇਂਦਰ ਸਿਸਟਮ ਤੋਂ ਨਾਖੁਸ਼ ਸੀ।। ਕਾਂਗਰਸ ਦੇ ਦੀਪੇਂਦਰ ਹੁੱਡਾ, ਬੀæਜੇæਡੀæ ਦੇ ਬੀ ਮਾਹਤਾਬ ਤੇ ਸ਼ਿਵ ਸੈਨਾ ਦੇ ਅਰਵਿੰਦ ਸਾਵੰਤ ਨੇ ਮੀਡੀਆ ਨੂੰ ਵੀ ਕਰੜੇ ਹੱਥੀਂ ਲਿਆ ਤੇ ਉਨ੍ਹਾਂ ਵੱਲੋਂ ਖ਼ਬਰ ਦੀ ਕਵਰੇਜ ਤੱਕ ਭੂਮਿਕਾ ਨਿਭਾਏ ਜਾਣ ਦੀ ਨਿਖੇਧੀ ਕੀਤੀ।
ਰਾਜਧਾਨੀ ਦਿੱਲੀ ਵਿਚ ਵਾਪਰੀ ਇਸ ਘਟਨਾ ਨੇ ਇਕ ਵਾਰ ਫਿਰ ਇਸ ਗੱਲ ਦਾ ਮੁਜ਼ਾਹਰਾ ਕੀਤਾ ਹੈ ਕਿ ਦੇਸ਼ ਭਰ ਵਿਚ ਕਿਸਾਨਾਂ ਦੀ ਆਰਥਿਕ ਤੇ ਮਾਨਸਿਕ ਹਾਲਤ ਕਿੰਨੀ ਗੰਭੀਰ ਹੋ ਚੁੱਕੀ ਹੈ। ਪੰਜਾਬ, ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਆਦਿ ਰਾਜਾਂ ਤੋਂ ਲਗਾਤਾਰ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਜਾਂ ਕਿਸਾਨਾਂ ਦੀਆਂ ਅਸਾਧਾਰਨ ਢੰਗ ਨਾਲ ਦਿਲ ਦੇ ਦੌਰੇ ਪੈਣ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਦੱਸਣਯੋਗ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਵੱਲੋਂ ਜਥੇਬੰਦ ਕੀਤੀ ਰੈਲੀ ਦੌਰਾਨ ਗਲ ਵਿਚ ਸਾਫਾ ਪਾ ਕੇ ਇਸ ਕਿਸਾਨ ਵੱਲੋਂ ਖ਼ੁਦਕੁਸ਼ੀ ਕਰ ਲਈ ਸੀ। ਗਜੇਂਦਰ ਸਿੰਘ ਨਾਂ ਦਾ ਇਹ ਕਿਸਾਨ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਪਿੰਡ ਨਾਂਗਲ ਝਾਪੜਵਾੜਾ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਦੀ 19 ਵਿਘੇ ਜ਼ਮੀਨ ਦੱਸੀ ਜਾਂਦੀ ਹੈ ਤੇ ਇਸ ਪਰਿਵਾਰ ਦੀ 40 ਫ਼ੀਸਦੀ ਫਸਲ ਪਿਛਲੇ ਦਿਨੀਂ ਆਈ ਬੇਮੌਸਮੀ ਬਾਰਿਸ਼ ਕਾਰਨ ਖਰਾਬ ਹੋ ਗਈ ਸੀ ਤੇ ਉਸ ਦੇ ਆਪਣੇ ਪਿਤਾ ਨਾਲ ਵੀ ਮਤਭੇਦ ਚੱਲ ਰਹੇ ਸਨ। ਗਜੇਂਦਰ ਸਿੰਘ ਕਿਸਾਨ ਰੈਲੀ ਨੇੜੇ ਦਰਖਤ ‘ਤੇ ਚੜ੍ਹ ਕੇ ਗਲ ਵਿਚ ਸਾਫਾ ਪਾ ਕੇ ਪਹਿਲਾਂ ਨਾਅਰੇਬਾਜ਼ੀ ਕਰਦਾ ਰਿਹਾ ਤੇ ਫਿਰ ਉਸ ਨੇ ਲਟਕ ਕੇ ਆਪਣੀ ਜਾਨ ਦੇ ਦਿੱਤੀ। ਅੱਠ ਮਿੰਟ ਤੱਕ ਉਸ ਦੀ ਦੇਹ ਦਰੱਖਤ ਨਾਲ ਲਟਕਦੀ ਰਹੀ।