ਚੰਡੀਗੜ੍ਹ: ਪੰਜਾਬ ਵਿਚ ਕਿਸਾਨਾਂ ਵੱਲੋਂ ਆਏ ਦਿਨ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਪਰ ਸੂਬਾ ਸਰਕਾਰ ਦੀ ਖ਼ੁਦਕੁਸ਼ੀ ਰਾਹਤ ਸਕੀਮ ਨੂੰ ਅਜੇ ਤੱਕ ਮਨਜ਼ੂਰੀ ਹੀ ਨਹੀਂ ਮਿਲੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ।
ਇਸ ਬਾਰੇ ਕਾਗਜ਼ੀ ਕਾਰਵਾਈ ਵੀ ਸਰਕਾਰੀ ਦਫ਼ਤਰਾਂ ਦੀ ਭੇਟ ਚੜ੍ਹ ਗਈ ਹੈ। ਸ਼ਾਇਦ ਇਹ ਜੰਤਰ ਮੰਤਰ ਵਿਚ ਮੀਡੀਆ ਸਾਹਮਣੇ ਫਾਹਾ ਲੈਣ ਤੇ ਪੰਜਾਬ ਦੇ ਪਿੰਡ ਵਿਚ ਹੋਈ ਖ਼ੁਦਕੁਸ਼ੀ ਪ੍ਰਤੀ ਸਿਆਸੀ ਨਜ਼ਰੀਏ ਦਾ ਅੰਤਰ ਹੈ। ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਣਕ ਖ਼ਰੀਦ ਦੇ ਸੰਕਟ ਵਿਚੋਂ ਨਿਕਲਣ ਤੋਂ ਬਾਅਦ ਇਸ ਨੀਤੀ ਨੂੰ ਤੁਰੰਤ ਲਾਗੂ ਕਰਵਾਉਣ ਦੀ ਧਰਵਾਸ ਦਿੱਤੀ ਹੈ।
ਸੂਤਰਾਂ ਅਨੁਸਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਹਦਾਇਤ ਉਤੇ ਸੂਬਾ ਸਰਕਾਰ ਨੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾæਜੀæਐਸ਼ ਕਾਲਕਟ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਸੀ। ਕਮੇਟੀ ਨੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਬਾਰੇ ਨੀਤੀ ਦਾ ਖਰੜਾ ਤਿਆਰ ਕਰਨਾ ਸੀ। ਇਹ ਖਰੜਾ ਅਗਸਤ 2014 ਵਿਚ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਗਿਆ। ਰਿਪੋਰਟ ਅਨੁਸਾਰ ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦਿੱਤੇ ਜਾਣੇ ਸਨ। ਇਸ ਵਿਚੋਂ ਪੰਜਾਹ ਹਜ਼ਾਰ ਦੀ ਰਕਮ ਤੁਰੰਤ ਤੇ ਡੇਢ ਲੱਖ ਰੁਪਏ ਬੈਂਕ ਵਿਚ ਰੱਖ ਕੇ ਇਸ ਤੋਂ ਆਇਆ ਵਿਆਜ ਪ੍ਰਤੀ ਮਹੀਨਾ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਲਈ ਦੇਣਾ ਸੀ। ਇਸ ਨੀਤੀ ਦਾ ਖਰੜਾ ਕਾਨੂੰਨੀ ਮਸ਼ੀਰ (ਲੀਗਰ ਰਿਮੈਂਬਰੈਂਸ) ਦੀ ਮਨਜ਼ੂਰੀ ਦੀ ਉਡੀਕ ਵਿਚ ਹੈ।
ਇਸੇ ਦੌਰਾਨ ਖ਼ੁਦਕੁਸ਼ੀਆਂ ਦਾ ਮਾਮਲਾ ਜ਼ਿਆਦਾ ਉਭਰਨ ਤੋਂ ਬਾਅਦ ਮੁੱਖ ਮੰਤਰੀ ਨੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ 2015-16 ਦੇ ਬਜਟ ਵਿਚ ਇਸ ਬਾਰੇ 20 ਕਰੋੜ ਰੁਪਏ ਰੱਖਣ ਦਾ ਐਲਾਨ ਵੀ ਕਰ ਦਿੱਤਾ ਗਿਆ ਪਰ ਇਹ ਸਾਰਾ ਕੁਝ ਅਜੇ ਕਾਗਜ਼ਾਂ ਤੱਕ ਹੀ ਸੀਮਤ ਹੈ। ਕਿਸਾਨਾਂ ਤੱਕ ਰਾਹਤ ਪੁੱਜ ਨਹੀਂ ਰਹੀ, ਕਿਉਂਕਿ ਪਹਿਲਾਂ ਦੋ ਲੱਖ ਵਾਲੀ ਨੀਤੀ ਮਨਜ਼ੂਰ ਹੀ ਨਹੀਂ ਹੋਈ ਤੇ ਹੁਣ ਤਿੰਨ ਲੱਖ ਦੇ ਆਧਾਰ ਉੱਤੇ ਇਸ ਨੂੰ ਸੋਧਿਆ ਜਾਣਾ ਹੈ।
ਸੂਤਰਾਂ ਅਨੁਸਾਰ ਇਸ ਖਰੜੇ ਵਿਚ ਨਿੱਜੀ ਸ਼ਾਹੂਕਾਰਾਂ ਦੇ ਕਰਜ਼ੇ ਨੂੰ ਨਿਯਮਤ ਕਰਨ ਦੀ ਸਿਫ਼ਾਰਸ਼ ਵੀ ਸੀ, ਜਿਸ ਨੂੰ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਕੱਢ ਦਿੱਤਾ ਗਿਆ ਸੀ। ਕਾਲਕਟ ਕਮੇਟੀ ਦੀ ਰਿਪੋਰਟ ਵਿਚ ਸਬੰਧਤ ਪਰਿਵਾਰਾਂ ਦੀ ਖੇਤੀ ਲਈ ਵਿਸ਼ੇਸ਼ ਮਦਦ ਕਰਨ, ਰਾਸ਼ਟਰੀ ਤੇ ਹੋਰ ਸੂਬਾਈ ਸਕੀਮਾਂ ਤਹਿਤ ਕਿਸਾਨ ਪਰਿਵਾਰ ਨੂੰ ਪਹਿਲ ਦੇ ਆਧਾਰ ਉਤੇ ਲਾਭਪਾਤਰੀ ਬਣਾਉਣ ਤੇ ਪੀੜਤ ਪਰਿਵਾਰ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਤੱਕ ਪੜ੍ਹਾਈ ਮੁਫ਼ਤ ਕਰਨ ਵਰਗੀਆਂ ਸਿਫ਼ਾਰਸ਼ਾਂ ਵੀ ਕੀਤੀਆਂ ਗਈਆਂ ਸਨ। ਇਸ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਰਵੇ ਵੀ 2010 ਤੱਕ ਹੀ ਹੋ ਸਕਿਆ ਹੈ। ਅਗਲਾ ਸਰਵੇ ਸਰਕਾਰੀ ਪੈਸੇ ਤੇ ਹਰੀ ਝੰਡੀ ਦੀ ਉਡੀਕ ਵਿਚ ਹੈ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਆਏ ਦਿਨ ਖ਼ੁਦਕੁਸ਼ੀਆਂ ਹੋ ਰਹੀਆਂ ਹਨ ਤੇ ਰਾਹਤ ਸਕੀਮਾਂ ਅਜੇ ਕਾਗਜ਼ੀ ਕਾਰਵਾਈ ਵਿੱਚ ਹੀ ਉਲਝੀਆਂ ਪਈਆਂ ਹਨ। ਇਸ ਮੁੱਦੇ ਉੱਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਪੰਜਾਬ ਦੇ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਹਰ ਪੀੜਤ ਪਰਿਵਾਰ ਨੂੰ ਪੰਜਾਹ ਹਜ਼ਾਰ ਦੇ ਕੇ ਬਾਕੀ ਰਕਮ ਦੇ ਵਿਆਜ ਨਾਲ ਜੇਕਰ ਕਿਸਾਨ ਦੇ ਬੱਚੇ ਪੜ੍ਹ ਜਾਣ ਤਾਂ ਅੱਗੋਂ ਪਰਿਵਾਰ ਦੀ ਹਾਲਤ ਸੁਧਰ ਸਕਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਦਾ ਅਸਲ ਕਾਰਨ ਕਰਜ਼ਾ ਹੁੰਦਾ ਹੈ। ਅਜਿਹੇ ਮਾਮਲਿਆਂ ਵਿਚ ਪਰਿਵਾਰ ਦਾ ਕਮਾਉਣ ਵਾਲਾ ਜੀਅ ਵੀ ਚਲਾ ਜਾਂਦਾ ਹੈ ਤੇ ਪਰਿਵਾਰ ਸਿਰ ਕਰਜ਼ਾ ਵੀ ਉਵੇਂ ਰਹਿ ਜਾਂਦਾ ਹੈ ਤਾਂ ਪਰਿਵਾਰ ਸੰਕਟ ਵਿਚੋਂ ਕਿਵੇਂ ਨਿਕਲ ਸਕਦਾ ਹੈ।